“ਮਾਂ ਦੀ ਅਜਿਹੀ ਸ਼ਖਸੀਅਤ ਨੇ ਹੀ ਮੈਥੋਂ ਪਿਤਾ ਜੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਰਾਬ ਵਾਲੇ ਗਿਲਾਸ ਤੁੜਵਾ ਦਿੱਤੇ ...”
(1 ਸਤੰਬਰ 2024)
ਮਾਂ ਦੇ ਭਗਤੀ ਭਾਵ ਵਾਲੇ ਸੁਭਾਅ ਨੇ ਸਾਡੇ ਚਾਰੇ ਭਰਾਵਾਂ ਦੇ ਮਨਾਂ ਵਿੱਚ ਇਹ ਗੱਲ ਪੱਕੀ ਤਰ੍ਹਾਂ ਬਿਠਾ ਰੱਖੀ ਸੀ ਕਿ ਮੀਟ, ਅੰਡਾ ਖਾਣਾ ਤੇ ਸਿਗਰੇਟ, ਸ਼ਰਾਬ ਪੀਣਾ ਚੰਗੀ ਆਦਤ ਨਹੀਂ ਹੁੰਦੀ। ਭਾਵੇਂ ਪਿਤਾ ਜੀ ਇਹ ਸਾਰਾ ਕੁਝ ਖਾਂਦੇ ਪੀਂਦੇ ਸਨ ਪਰ ਪਿਤਾ ਜੀ ਨਾਲੋਂ ਮਾਂ ਦਾ ਸਾਡੇ ਉੱਤੇ ਜ਼ਿਆਦਾ ਪ੍ਰਭਾਵ ਸੀ ਕਿਉਂਕਿ ਉਸ ਵੱਲੋਂ ਕੀਤੀ ਸਾਡੀ ਪਰਵਿਰਸ਼ ਵਿੱਚ ਅਜਿਹੀ ਕਸ਼ਿਸ਼ ਸੀ, ਜਿਸਨੇ ਸਾਨੂੰ ਬਚਪਨ ਵਿੱਚ ਹੀ ਇਹ ਗੱਲ ਸਿਖਾ ਦਿੱਤੀ ਸੀ ਕਿ ਤੁਸੀਂ ਚੰਗੇ ਇਨਸਾਨ ਬਣਨਾ ਹੈ। ਉਸਦੀ ਨਸੀਹਤ ਵਿੱਚ ਇਹੋ ਜਿਹੀ ਪ੍ਰੇਰਨਾ ਸੀ, ਜਿਸਨੇ ਸਾਨੂੰ ਚੰਗੇ ਮਾੜੇ ਵਿੱਚ ਫਰਕ ਸਮਝਣ ਦੀ ਆਦਤ ਪਾ ਦਿੱਤੀ ਸੀ। ਉਸਦੇ ਪਿਤਾ ਜੀ ਨੂੰ ਕਹੇ ਹੋਏ ਇਹ ਸ਼ਬਦ - ਮੈਂ ਤੁਹਾਨੂੰ ਕਹਿ ਕਹਿ ਕੇ ਥੱਕ ਗਈ ਕਿ ਆਪਣੇ ਬੱਚਿਆਂ ਖਾਤਰ ਇਹ ਸਭ ਕੁਝ ਖਾਣਾ ਪੀਣਾ ਛੱਡ ਦਿਓ ਪਰ ਤੁਸੀਂ ਮੇਰੀ ਮੰਨਣੀ ਨਹੀਂ। ਮੈਂ ਆਪਣੇ ਬੱਚਿਆਂ ਨੂੰ ਇਹ ਮਾੜੀ ਆਦਤ ਕਦੇ ਨਹੀਂ ਪੈਣ ਦੇਣੀ - ਸਾਡੇ ਨਾਲ ਨਾਲ ਤੁਰਦੇ ਰਹਿੰਦੇ ਸਨ। ਮਾਂ ਦੀ ਅਜਿਹੀ ਸ਼ਖਸੀਅਤ ਨੇ ਹੀ ਮੈਥੋਂ ਪਿਤਾ ਜੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਰਾਬ ਵਾਲੇ ਗਿਲਾਸ ਤੁੜਵਾ ਦਿੱਤੇ। ਪਿਤਾ ਜੀ ਨੇ ਉਸ ਦਿਨ ਤੋਂ ਇਹ ਸਭ ਕੁਝ ਖਾਣਾ ਪੀਣਾ ਵੀ ਛੱਡ ਦਿੱਤਾ।
ਮੈਂ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ। ਮੈਂ ਨੌਂਵੀਂ ਜਮਾਤ ਤੋਂ ਐੱਨ.ਸੀ.ਸੀ ਰੱਖੀ ਹੋਈ ਸੀ। ਸਾਡੇ ਸਕੂਲ ਦੇ ਐੱਨ.ਸੀ.ਸੀ. ਦੇ ਕੈਡਿਟਾਂ ਦਾ ਸਾਲ ਵਿੱਚ ਇੱਕ ਵਾਰ ਕਿਸੇ ਦੂਰ ਦੇ ਸਥਾਨ ’ਤੇ ਕੈਂਪ ਲਗਦਾ ਹੁੰਦਾ ਸੀ। ਸਾਡੇ ਨਾਲ ਪੜ੍ਹਦੇ ਬੱਚੇ ਕੈਂਪ ਤੋਂ ਆ ਕੇ ਦੱਸਦੇ ਹੁੰਦੇ ਸਨ ਕਿ ਉਸ ਕੈਂਪ ਵਿੱਚ ਸਿੱਖਣ ਨੂੰ ਕਾਫੀ ਕੁਝ ਮਿਲਦਾ ਹੈ ਤੇ ਘੁੰਮਣ ਫਿਰਨ ਦਾ ਮੌਕਾ ਵੀ ਮਿਲਦਾ ਹੈ। ਮੇਰੀ ਬਹੁਤ ਤਮੰਨਾ ਸੀ ਕਿ ਮੈਂ ਉਹ ਐੱਨ.ਸੀ.ਸੀ ਕੈਂਪ ਜ਼ਰੂਰ ਲਗਾਵਾਂ। ਨੌਂਵੀਂ ਜਮਾਤ ਵਿੱਚ ਮੈਂ ਉਹ ਕੈਂਪ ਇਸ ਲਈ ਨਹੀਂ ਲਗਾ ਸਕਿਆ ਕਿਉਂਕਿ ਉਸ ਕੈਂਪ ਵਿੱਚ ਦਸਵੀਂ ਜਮਾਤ ਵਿੱਚ ਪੜ੍ਹਦੇ ਬੱਚਿਆਂ ਨੂੰ ਹੀ ਲਿਜਾਇਆ ਜਾਂਦਾ ਸੀ। ਮੈਨੂੰ ਉਹ ਕੈਂਪ ਲਗਾਉਣ ਦੀ ਇਸ ਲਈ ਵੀ ਤਾਂਘ ਸੀ ਕਿਉਂਕਿ ਮੈਨੂੰ ਕਿਤੇ ਬਾਹਰ ਘੁੰਮਣ ਫਿਰਨ ਦਾ ਮੌਕਾ ਮਿਲਣਾ ਸੀ ਜੋਕਿ ਉਸ ਤੋਂ ਪਹਿਲਾਂ ਕਦੇ ਨਹੀਂ ਸੀ ਮਿਲਿਆ। ਦਸਵੀਂ ਜਮਾਤ ਵਿੱਚ ਜਦੋਂ ਐੱਨ.ਸੀ.ਸੀ ਕੈਂਪ ਵਿੱਚ ਜਾਣ ਲਈ ਬੱਚਿਆਂ ਦੇ ਨਾਂ ਲਿਖੇ ਗਏ ਤਾਂ ਸਭ ਤੋਂ ਪਹਿਲਾਂ ਨਾਂ ਜਾਣ ਲਈ ਮੈਂ ਹੀ ਲਿਖਵਾਇਆ। ਮੈਂ ਘਰ ਆਕੇ ਜਿਉਂ ਹੀ ਦੱਸਿਆ ਕਿ ਸਾਡੇ ਸਕੂਲ ਦਾ ਦਸ ਦਿਨਾਂ ਦਾ ਐੱਨ.ਸੀ. ਸੀ ਦਾ ਕੈਂਪ ਲੱਗ ਰਿਹਾ ਹੈ। ਮੈਂ ਉਸ ਕੈਂਪ ਵਿੱਚ ਜਾਣ ਲਈ ਆਪਣਾ ਨਾਂ ਲਿਖਵਾ ਦਿੱਤਾ ਹੈ, ਮਾਂ ਗੁੱਸੇ ਨਾਲ ਲਾਲ ਪੀਲੀ ਹੋ ਕੇ ਬੋਲੀ, “ਤੂੰ ਕਿਸ ਨੂੰ ਪੁੱਛਕੇ ਕੈਂਪ ’ਤੇ ਜਾਣ ਲਈ ਨਾਂ ਲਿਖਵਾਇਆ ਹੈ?”
ਮਾਂ ਦਾ ਕਹਿਣਾ ਤਾਂ ਪੱਥਰ ਉੱਤੇ ਲਕੀਰ ਸੀ। ਕੈਂਪ ਉੱਤੇ ਜਾਣ ਦੀ ਮੇਰੀ ਸਾਰੀ ਖੁਸ਼ੀ ਅਤੇ ਆਸ ਉਮੀਦ ਖਤਮ ਹੋ ਗਈ। ਮੈਂ ਦੁਕਾਨ ਉੱਤੇ ਜਾ ਕੇ ਪਿਤਾ ਜੀ ਨੂੰ ਕਿਹਾ ਕਿ ਮੈਂ ਐੱਨ.ਸੀ.ਸੀ ਕੈਂਪ ’ਤੇ ਜਾਣਾ ਚਾਹੁੰਦਾ ਹਾਂ ਪਰ ਮਾਂ ਜਾਣ ਤੋਂ ਨਾਂਹ ਕਰਦੀ ਹੈ। ਪਿਤਾ ਜੀ ਨੇ ਸ਼ਾਮ ਨੂੰ ਘਰ ਆਕੇ ਮਾਂ ਨੂੰ ਕਿਹਾ, “ਮੁੰਡਾ ਐੱਨ.ਸੀ.ਸੀ ਕੈਂਪ ਤੇ ਜਾਣਾ ਚਾਹੁੰਦਾ ਹੈ, ਇਸ ਨੂੰ ਬਾਹਰ ਘੁੰਮਣ ਫਿਰਨ ਜਾਣ ਦਾ ਮੌਕਾ ਮਿਲ ਰਿਹਾ ਹੈ। ਤੂੰ ਇਸ ਨੂੰ ਜਾਣ ਤੋਂ ਮਨ੍ਹਾ ਕਿਉਂ ਕਰ ਰਹੀ ਹੈਂ?”
ਮਾਂ ਨੇ ਅੱਗੋਂ ਕਿਹਾ, “ਮੈਨੂੰ ਪਤਾ ਹੈ, ਬੱਚੇ ਇਨ੍ਹਾਂ ਕੈਂਪਾਂ ਵਿੱਚ ਜਾਕੇ ਮੀਟ, ਆਂਡੇ, ਸਿਗਰੇਟਾਂ ਅਤੇ ਸ਼ਰਾਬਾਂ ਖਾਣਾ ਪੀਣਾ ਸਿੱਖ ਜਾਂਦੇ ਹਨ। ਮੈਂ ਆਪਣੇ ਮੁੰਡੇ ਨੂੰ ਇਸ ਕੈਂਪ ਵਿੱਚ ਨਹੀਂ ਭੇਜਣਾ।”
ਪਿਤਾ ਜੀ ਨੇ ਮਾਂ ਨੂੰ ਬਹੁਤ ਸਮਝਾਇਆ। ਮੈਂ ਵੀ ਮਾਂ ਨੂੰ ਕਿਹਾ ਕਿ ਮੈਂ ਕੈਂਪ ਵਿੱਚ ਜਾਕੇ ਨਾ ਤਾਂ ਮੀਟ ਅੰਡਾ ਖਾਵਾਂਗਾ ਤੇ ਨਾ ਸਿਗਰੇਟ ਸ਼ਰਾਬ ਪੀਵਾਂਗਾ ਪਰ ਮਾਂ ਨੇ ਮੇਰੀ ਅਤੇ ਪਿਤਾ ਜੀ ਦੀ ਕੋਈ ਗੱਲ ਨਾ ਮੰਨੀ।
ਮੈਂ ਦੂਜੇ ਦਿਨ ਜਾ ਕੇ ਆਪਣੇ ਅਧਿਆਪਕ ਨੂੰ ਕਹਿਕੇ ਕੈਂਪ ਨੂੰ ਜਾਣ ਵਾਲੇ ਬੱਚਿਆਂ ਵਿੱਚੋਂ ਆਪਣਾ ਨਾਂ ਕਟਵਾ ਦਿੱਤਾ ਤਾਂ ਕਿ ਕਿਸੇ ਹੋਰ ਬੱਚੇ ਨੂੰ ਮੌਕਾ ਮਿਲ ਸਕੇ। ਅਧਿਆਪਕ ਨੇ ਮੈਨੂੰ ਕੈਂਪ ’ਤੇ ਨਾ ਜਾਣ ਦਾ ਕਾਰਨ ਪੁੱਛਿਆ ਪਰ ਮੈਂ ਆਪਣੇ ਨਾ ਜਾਣ ਦਾ ਮਨ ਹੋਣ ਦਾ ਬਹਾਨਾ ਬਣਾ ਦਿੱਤਾ। ਐੱਨ.ਸੀ.ਸੀ. ਅਧਿਆਪਕ ਸਾਡੇ ਹਿਸਾਬ ਅਧਿਆਪਕ ਵੀ ਸਨ। ਉਹ ਸਾਡੀ ਗਲੀ ਵਿੱਚ ਹੀ ਰਹਿੰਦੇ ਸਨ ਤੇ ਸਾਡੀ ਦੁਕਾਨ ਉੱਤੇ ਅਕਸਰ ਹੀ ਸਮਾਨ ਲੈਣ ਵੀ ਆਉਂਦੇ ਰਹਿੰਦੇ ਸਨ। ਸਾਡੇ ਉਹ ਐੱਨ.ਸੀ .ਸੀ ਅਧਿਆਪਕ ਦੂਜੇ ਦਿਨ ਸਮਾਨ ਲੈਣ ਤੋਂ ਬਾਅਦ ਮੇਰੇ ਪਿਤਾ ਜੀ ਨੂੰ ਕਹਿਣ ਲੱਗੇ, “ਲਾਲਾ ਜੀ, ਤੁਹਾਡਾ ਇਹ ਬੱਚਾ ਕੈਂਪ ’ਤੇ ਜਾਣ ਨੂੰ ਕਿਉਂ ਮਨ੍ਹਾਂ ਕਰ ਰਿਹਾ ਹੈ? ਇਹੋ ਜਿਹੇ ਮੌਕੇ ਵਾਰ ਵਾਰ ਨਹੀਂ ਮਿਲਦੇ। ਇਹ ਬੱਚਾ ਕੈਂਪ ਵਿੱਚੋਂ ਬਹੁਤ ਕੁਝ ਸਿੱਖ ਕੇ ਆਵੇਗਾ।”
ਪਿਤਾ ਜੀ ਨੇ ਆਪਣੇ ਘਰ ਦੀ ਗੱਲ ਦੱਸਣ ਤੋਂ ਗੁਰੇਜ਼ ਕਰਦਿਆਂ ਅਧਿਆਪਕ ਨੂੰ ਕਿਹਾ, “ਸਰ, ਇਹ ਆਪ ਹੀ ਨਹੀਂ ਜਾਣਾ ਚਾਹੁੰਦਾ ਕੈਂਪ ’ਤੇ।”
ਅਧਿਆਪਕ ਨੇ ਪਿਤਾ ਜੀ ਦੀਆਂ ਗੱਲਾਂ ਤੋਂ ਅੰਦਾਜ਼ਾ ਲਗਾ ਲਿਆ ਕਿ ਉਹ ਗੱਲ ਨੂੰ ਟਾਲ਼ ਰਹੇ ਹਨ ਪਰ ਉਹ ਬਿਨਾਂ ਕੁਝ ਕਹੇ ਦੁਕਾਨ ਤੋਂ ਚਲੇ ਗਏ। ਪਿਤਾ ਜੀ ਨੇ ਘਰ ਜਾ ਕੇ ਮਾਂ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕਿ ਜ਼ਿਦ ਛੱਡਕੇ ਮੁੰਡੇ ਨੂੰ ਕੈਂਪ ’ਤੇ ਜਾਣ ਦੇ। ਅਧਿਆਪਕ ਦੇ ਕਹਿਣੇ ਦੀ ਗੱਲ ਸੁਣਕੇ ਮਾਂ ਦਾ ਮਨ ਬਦਲ ਗਿਆ। ਉਸਨੇ ਪਿਤਾ ਜੀ ਨੂੰ ਤਾਂ ਕੁਝ ਨਹੀਂ ਕਿਹਾ ਪਰ ਸੌਣ ਲੱਗਿਆਂ ਮਾਂ ਮੈਨੂੰ ਆਪਣੇ ਕਲਾਵੇ ਵਿੱਚ ਲੈ ਕੇ ਕਹਿਣ ਲੱਗੀ, “ਪੁੱਤਰਾ ਮੈਂ ਤਾਂ ਅਨਪੜ੍ਹ ਹਾਂ, ਜੇਕਰ ਇਹ ਕੈਂਪ ਐਨਾ ਹੀ ਚੰਗਾ ਹੈ ਤਾਂ ਫਿਰ ਕੈਂਪ ਲਈ ਆਪਣਾ ਨਾਂ ਲਿਖਵਾ ਦੇ। ਪਰ ਇੱਕ ਗੱਲ ਯਾਦ ਰੱਖੀਂ, ਉੱਥੇ ਜਾ ਕੇ ਮੇਰੀ ਨਸੀਹਤ ਨਾ ਭੁੱਲੀਂ।”
ਮੈਂ ਮਾਂ ਨਾਲ ਵਾਅਦਾ ਕੀਤਾ ਕਿ ਮੈਂ ਕੈਂਪ ਵਿੱਚ ਉਸਦੀ ਨਸੀਹਤ ਨੂੰ ਹਰ ਹਾਲਤ ਵਿੱਚ ਕਾਇਮ ਰੱਖਾਂਗਾ।
ਦੂਜੇ ਦਿਨ ਅਧਿਆਪਕ ਨੇ ਮੈਨੂੰ ਸਾਡੀ ਜਮਾਤ ਦੇ ਪੀਰੀਅਡ ਵਿੱਚ ਬੁਲਾਕੇ ਪੁੱਛਿਆ, ਤੂੰ ਕੈਂਪ ’ਤੇ ਕਿਉਂ ਨਹੀਂ ਜਾਣਾ ਚਾਹੁੰਦਾ? ਮੈਂ ਅਧਿਆਪਕ ਤੋਂ ਡਰਦਿਆਂ ਹੋਇਆਂ ਇੱਕ ਦਮ ਕਹਿ ਦਿੱਤਾ, “ਸਰ, ਮੈਂ ਕੈਂਪ ਤੇ ਜਾਣਾ ਹੈ।”
ਅਧਿਆਪਕ ਨੇ ਮੈਨੂੰ ਸ਼ਾਬਾਸ਼ ਦਿੰਦੇ ਹੋਏ ਕਿਹਾ, “ਜੇਕਰ ਜਾਣਾ ਹੈ ਤਾਂ ਫਿਰ ਤਿਆਰੀ ਕਰ।”
ਮਾਂ ਦੀ ਫਿਰ ਵੀ ਤਸੱਲੀ ਨਾ ਹੋਈ। ਉਹ ਕੈਂਪ ’ਤੇ ਜਾਣ ਤੋਂ ਇੱਕ ਦਿਨ ਪਹਿਲਾਂ ਅਧਿਆਪਕ ਦੇ ਘਰ ਜਾਕੇ ਕਹਿਣ ਲੱਗੀ, “ਮਾਸਟਰ ਜੀ, ਮੁੰਡੇ ਦਾ ਧਿਆਨ ਰੱਖਿਓ, ਇਹ ਕੈਂਪ ਵਿੱਚ ਜਾਕੇ ਮੀਟ ਆਂਡੇ ਨਾ ਖਾਵੇ। ਮੈਂ ਇਸ ਨੂੰ ਤੁਹਾਡੇ ਸਹਾਰੇ ਹੀ ਭੇਜ ਰਹੀ ਹਾਂ।”
ਅਧਿਆਪਕ ਨੇ ਅੱਗੋਂ ਕਿਹਾ, “ਭੈਣ ਜੀ, ਜੇਕਰ ਤੁਸੀਂ ਇਸ ਨੂੰ ਮੇਰੇ ਸਹਾਰੇ ਭੇਜ ਰਹੇ ਹੋ ਤਾਂ ਫਿਰ ਬੇਫ਼ਿਕਰ ਹੋ ਜਾਓ।”
ਮੈਂ ਕੈਂਪ ’ਤੇ ਚਲਾ ਗਿਆ। ਕੈਂਪ ਦਾ ਚੌਥਾ ਦਿਨ ਸੀ। ਸ਼ਾਮ ਦੇ ਸੈਸ਼ਨ ਤੋਂ ਬਾਅਦ ਖਾਣਾ ਲੈਣ ਲਈ ਅਸੀਂ ਕਤਾਰਾਂ ਵਿੱਚ ਖੜ੍ਹੇ ਸਾਂ। ਸਾਡਾ ਅਧਿਆਪਕ ਮੇਰੇ ਕੋਲ ਆਕੇ ਕਹਿਣ ਲੱਗਾ, “ਕਾਕਾ, ਅੱਜ ਮੀਟ ਆਂਡਿਆਂ ਦਾ ਦਿਨ ਹੈ। ਮੈਂ ਖਾਣਾ ਦੇਣ ਵਾਲੇ ਨੂੰ ਕਹਿ ਦਿੱਤਾ ਹੈ, ਉਹ ਤੈਨੂੰ ਮੀਟ ਆਂਡੇ ਦੇ ਦੇਵੇਗਾ।”
ਅਧਿਆਪਕ ਦੀ ਗੱਲ ਸੁਣਕੇ ਮੈਂ ਸੋਚਣ ਲੱਗਾ ਕਿ ਇਹ ਮੈਨੂੰ ਮੀਟ-ਆਂਡੇ ਖਾਣ ਲਈ ਕਹਿ ਰਹੇ ਹਨ। ਮੈਂ ਬਿਨਾਂ ਰੋਟੀ ਲਿਆਂ ਕਤਾਰ ਤੋਂ ਨਿਕਲਕੇ ਆਪਣੇ ਟੈਂਟ ਵਿੱਚ ਪਹੁੰਚ ਗਿਆ। ਅਧਿਆਪਕ ਸਭ ਕੁਝ ਵੇਖ ਰਿਹਾ ਸੀ। ਉਹ ਮੇਰੇ ਮਗਰ ਟੈਂਟ ਵਿੱਚ ਪਹੁੰਚ ਗਿਆ। ਉਸਨੇ ਮੈਨੂੰ ਆਪਣੇ ਕੋਲ ਬਿਠਾਕੇ ਰੋਟੀ ਖਿਲਾਉਂਦੇ ਹੋਏ ਕਿਹਾ, “ਸ਼ਾਬਾਸ਼ ਪੁੱਤਰਾ, ਮੈਂ ਤਾਂ ਇਹ ਵੇਖ ਰਿਹਾ ਸੀ ਕਿ ਤੂੰ ਆਪਣੀ ਮਾਂ ਦੀ ਨਸੀਹਤ ਦਾ ਕਿੰਨਾ ਕੁ ਪਾਲਣ ਕਰਦਾ ਹੈਂ।”
ਮੈਨੂੰ ਕੈਂਪ ਦਾ ਬੈਸਟ ਕੈਡਿਟ ਐਲਾਨਿਆ ਗਿਆ। ਅਧਿਆਪਕ ਨੇ ਸਾਡੇ ਘਰ ਆਕੇ ਸਾਰੀ ਗੱਲ ਮਾਂ ਨੂੰ ਦੱਸੀ ਤੇ ਕਿਹਾ ਕਿ ਤੁਹਾਡੇ ਬੱਚੇ ਨੇ ਤੁਹਾਡੀ ਆਗਿਆ ਦਾ ਪਾਲਣ ਕੀਤਾ ਹੈ। ਅਧਿਆਪਕ ਦੀ ਗੱਲ ਸੁਣਕੇ ਮਾਂ ਦੇ ਧਰਤੀ ਨਾਲ ਪੈਰ ਨਹੀਂ ਸਨ ਲੱਗ ਰਹੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5264)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.