ParamjitKuthala7ਕੜੀਆਂ ਵਰਗੇ ਛੇ ਭਾਈ ਪਤਾ ਈ ਨੀਂ ਲੱਗਿਆ ਕਦੋਂ ਹੱਥਾਂ ’ਚੋਂ ਰੇਤੇ ਵਾਂਗੂ ਕਿਰਗੇ ...
(3 ਅਪਰੈਲ 2018)

 

ਕੁਝ ਵਰ੍ਹੇ ਪਹਿਲਾਂ ਨੌਕਰੀ ਦੌਰਾਨ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਘਰ ਘਰ ਜਾ ਕੇ ਪਾਲਤੂ ਪਸ਼ੂਆਂ ਦੀ ਗਿਣਤੀ ਕਰਨ ਦੀ ਡਿਊਟੀ ਨਿਭਾਉਂਦਿਆਂ ਜਦੋਂ ਮੇਰੇ ਸਾਥੀ ਕਰਮਚਾਰੀ ਨੇ ਇੱਕ ਘਰ ਦਾ ਟੁੱਟਿਆ ਜਿਹਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਐਨਕਾਂ ਵਾਲੀ ਇੱਕ ਬਜ਼ੁਰਗ ਮਾਈ ਬਾਹਰ ਆਈ‘ਕੌਣ ਆ ਭਾਈ? ਮਾਈ ਨੇ ਪੁੱਛਿਆ

ਬੇਬੇ ਕਿੰਨੇ ਪਸ਼ੂ ਨੇ, ਲਿਖਾ ਦਿਓ।” ਮੇਰਾ ਸਹਾਇਕ ਕਰਮਚਾਰੀ ਬੋਲਿਆ

ਭਾਈ ਆਹ ਇੱਕੋ ਝੋਟੀ ਆ ਬੱਸ, ਅਧਿਆਰੇ ’ਤੇ ਲਈ ਹੋਈ ਆ ਡੈਰੀ ਆਲੇ ਲਾਲਿਆਂ ਦੇ ਮੁੰਡੇ ਤੋਂ” ਮਾਈ ਨੇ ਸੋਟੀ ਦੇ ਸਹਾਰੇ ਗਲੀ ਵਿੱਚ ਪੈਰ ਧਰਦਿਆਂ ਜਵਾਬ ਦਿੱਤਾ

ਇਹ ਮਾਈ ਤਾਂ ਮੇਰੇ ਪਿੰਡੋਂ ਹੀ ਆ।” ਅਪਣੇ ਸਹਾਇਕ ਨੂੰ ਦੱਸਦਿਆਂ ਮੈਂ ਬਜ਼ੁਰਗ ਮਾਈ ਦੇ ਨੇੜੇ ਹੁੰਦਿਆਂ ਕਿਹਾ, “ਭੂਆ, ਤਕੜੀ ਏਂ?

ਮੈਂ ਬਜ਼ੁਰਗ ਮਾਈ ਨੂੰ ਆਪਣੀ ਪਛਾਣ ਦੱਸੀਮੋਟੇ ਸ਼ੀਸ਼ੇ ਵਾਲੀਆਂ ਐਨਕਾਂ ਵਿੱਚੋਂ ਗਹੁ ਨਾਲ ਦੇਖਦਿਆਂ ਉਸ ਨੇ ਮੋਹ ਨਾਲ ਮੇਰਾ ਸਿਰ ਪਲੋਸਿਆ‘ਨਾ ਪੁੱਤ ਚਾਹ ਪੀਤੇ ਬਿਨਾਂ ਨੀ ਜਾਣ ਦੇਣਾ ਮੈਂ

ਅਸੀਂ ਛੋਟੇ ਜਿਹੇ ਵਿਹੜੇ ਵਿੱਚ ਡਾਹੀ ਭੂਆ ਦੀ ਮੰਜੀ ਉੱਪਰ ਬੈਠ ਗਏ“ਭੂਆ, ਚਾਹ ਅਸੀਂ ਨੰਬਰਦਾਰਾਂ ਦੇ ਘਰੋਂ ਹੁਣੇ ਪੀ ਕੇ ਆਏ ਆਂ, ਕਦੇ ਫੇਰ ਆਊਂਗਾ ਚਾਹ ਪੀਣ।” ਮੈਂ ਭੂਆ ਦੇ ਹੱਥੋਂ ਪਤੀਲੀ ਫੜ ਕੇ ਇੱਕੋ ਕਮਰੇ ਦੇ ਧੁਆਂਖੇ ਘਰ ਦੀ ਬਾਹਰਲੀ ਕੰਧ ਨਾਲ ਬਣਾਏ ਚੁੱਲ੍ਹੇ ਕੋਲ ਰੱਖ ਦਿੱਤੀਮੇਰੇ ਪਿੰਡੋਂ ਰਾਏਕੋਟ ਨੇੜਲੇ ਪਿੰਡ ਵਿਆਹੀ ਭੂਆ ਦੇਬੋ ਛੇ ਭਰਾਵਾਂ ਦੀ ਇਕੱਲੀ ਭੈਣ ਸੀਸਾਰੇ ਭਰਾ ਜਿਮੀਂਦਾਰਾਂ ਨਾਲ ਸੀਰੀ ਰਲਦੇ ਅਤੇ ਉਨ੍ਹਾਂ ਦਾ ਪਿਓ ਚੰਨਣ ਸਿਹੁੰ ਚਿੱਟਾ ਸਾਫਾ ਬੰਨ੍ਹ ਕੇ ਮੰਜੇ ’ਤੇ ਬੈਠਾ ਹੁੱਕਾ ਪੀਂਦਾ ਰਹਿੰਦਾਭੂਆ ਦੇ ਕੜੀ ਵਰਗੇ ਭਾਈਆਂ ਤੋਂ ਸਾਰਾ ਵਿਹੜਾ ਤ੍ਰਭਕਦਾ ਸੀਭੂਆ ਦੇਬੋ ਦੇ ਵਿਆਹ ਵੇਲੇ ਮੈਂ ਚੌਥੀ ਪੰਜਵੀਂ ਵਿਚ ਪੜ੍ਹਦਾ ਹੋਣਾਭੂਆ ਦੇਬੋ ਦੀ ਮਾਂ ਨੰਦ ਕੁਰ ਘੋਰ ਗਰੀਬੀ ਨਾਲ ਦੋ ਚਾਰ ਹੁੰਦੀ ਹੋਈ ਮੇਰੀ ਮਾਂ ਨੂੰ ਅਕਸਰ ਕਹਿੰਦੀ, “ਤੇਰੇ ਮੁੰਡਿਆਂ ਨੇ ਪੜ੍ਹ ਕੇ ਕਿਹੜਾ ਪਟਵਾਰੀ ਲੱਗਣਾ, ਚੰਦੇ ਝਿਓਰ ਨਾਲ ਰਲਾ ਦੇ ਭੇਡਾਂ ਚਾਰਨ। ਮੇਰਾ ਛੋਟਾ ਰਲਿਆ, ਸਾਲ ਦੇ ਪੂਰੇ ਇੱਕ ਸੌ ਰੁਪਈਏ ’ਚ। ਚਾਹ ਰੋਟੀ ਵਿੱਚੇ ਆ ਪਰ ਮੇਰੀ ਮਾਂ ਨੇ ਉਸ ਦੀ ਇੱਕ ਨਾ ਸੁਣਨੀ

ਸੀਰੀ ਰਲਦੇ ਦੇਬੋ ਭੂਆ ਦੇ ਭਰਾਵਾਂ ਵਿੱਚੋਂ ਬੱਸ ਤਿੰਨ ਹੀ ਵਿਆਹੇ ਗਏਬਾਕੀ ਤਿੰਨ ਨਸ਼ਿਆਂ ਦੇ ਗੁਲਾਮ ਬਣ ਗਏਮੇਰੇ ਦੇਖਦਿਆਂ ਦੇਖਦਿਆਂ ਹੀ ਉਹ ਸਾਰੇ ਇੱਕ ਇੱਕ ਕਰਕੇ ਜਹਾਨੋਂ ਕੂਚ ਕਰ ਗਏ ਅਤੇ ਵਿਆਹੇ ਹੋਏ ਤਿੰਨੇ ਕਬੀਲਦਾਰੀ ਦੇ ਬੋਝ ਨੇ ਦੱਬ ਲਏ

ਪੁੱਤ, ਇਹ ਆਪਣੀ ਛੋਟੋ ਦਾ ਘਰ ਆਵਿਚਾਰੀ ਦਾ ਪ੍ਰਾਹੁਣਾ ਨੈਣਾ ਦੇਵੀ ਦੇ ਚਾਲੇ ਗਿਆ ਨਹਿਰ ਵਿਚ ਡੁੱਬ ਗਿਆ ਸੀਚਾਰ ਜੁਆਕਾਂ ਨੂੰ ਲੈ ਕੇ ਕਿੱਥੇ ਜਾਂਦੀ ਵਿਚਾਰੀ? ਭੂਆ ਨੇ ਲੰਬਾ ਹੌਕਾ ਭਰਦਿਆਂ ਦੱਸਿਆ“ਤੈਨੂੰ ਪਤਾ ਈ ਆ ਤੇਰੇ ਫੁੱਫੜ ਦੇ ਮੁੱਕਣ ਤੋਂ ਸਾਲ ਕੁ ਮਗਰੋਂ ਆਪਣਾ ਬਿੱਲੂ ਵੀ ਮੋਟਰ ’ਤੇ ਕਰੰਟ ਲੱਗਣ ਨਾਲ ਚਲਿਆ ਗਿਆਦੋਹੇਂ ਜੁਆਕਾਂ ਸਣੇ ਬਹੂ ਪੇਕਿਆਂ ਨੇ ਕਿਤੇ ਹੋਰ ਤੋਰ’ਤੀਬੱਸ, ਪੁੱਤ ਪਿੱਛੇ ਮੇਰਾ ਕਿਹੜਾ ’ਕੱਲੀ ਦਾ ਮਨ ਲਗਦਾ ਤੀਸੋਚਿਆ, ਰੰਡੀ ਹੋਈ ਧੀ ਦਾ ਨਾਲੇ ਵਕਤ ਕੱਟਿਆ ਜਾਊ, ਨਾਲੇ ਮੇਰਾ ਬੁਢਾਪਾਗੁੱਡੀ ਕੱਖ ਲੈਣ ਗਈ ਆ, ਜੁਆਕ ਪੜ੍ਹਨ ਗਏ ਨੇ।’ ਭੂਆ ਨੇ ਸੁੱਕ ਚੁੱਕੀਆਂ ਅੱਖਾਂ ਵਿਚ ਸਿੰਮਿਆ ਪਾਣੀ ਪੂੰਝਦਿਆਂ ਆਪਣੀ ਵਿਥਿਆ ਸੁਣਾ ਦਿੱਤੀ

ਪੇਕਿਆਂ ਦੇ ਘਰ ਭੂਆ ਦੇਬੋ ਘਰ ਦੀ ਮੁਖਤਿਆਰ ਹੁੰਦੀ ਸੀਘਰੇ ਚਾਰ ਪੰਜ ਮੱਝਾਂ ਹੋਣ ਦੇ ਬਾਵਜੂਦ ਉਹ ਵਿਹੜੇ ਦੀਆਂ ਹੋਰ ਕੁੜੀਆਂ ਵਾਂਗ ਕਦੇ ਖੇਤਾਂ ਵਿੱਚੋਂ ਕੱਖ ਲੈਣ ਨਹੀਂ ਸੀ ਗਈਉਸਦੇ ਭਾਈਆਂ ਨੇ ਦੋ ਬਿੱਘੇ ਜਮੀਨ ਠੇਕੇ ’ਤੇ ਲੈ ਕੇ ਚਾਰਾ ਬੀਜਿਆ ਹੁੰਦਾਭੂਆ ਦੇਬੋ ਦਾ ਵਿਆਹ ਫੌਜੀ ਨਾਲ ਹੋਇਆ ਸੀ ਪਰੰਤੂ ਉਹ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਛੁੱਟੀ ਕੱਟਣ ਆਇਆ ਮੁੜ ਕੇ ਡਿਊਟੀ ’ਤੇ ਹੀ ਨਾ ਗਿਆਘਰੇ ਆ ਕੇ ਉਹ ਵੀ ਆਪਣੇ ਪਿਓ ਨਾਲ ਮੱਝਾਂ ਖਰੀਦਣ ਵੇਚਣ ਦੇ ਵਪਾਰ ਵਿਚ ਲੱਗ ਗਿਆਫੁੱਫੜ ਕੇਹਰ ਸਿਹੁੰ ਜਦੋਂ ਰਾਜਦੂਤ ਮੋਟਰ ਸਾਇਕਲ ’ਤੇ ਸਹੁਰੀਂ ਆਉਂਦਾ ਤਾਂ ਲੋਕ ਖੜ੍ਹ ਖੜ੍ਹ ਦੇਖਦੇਅੱਜ ਭੂਆ ਦੇਬੋ ਦੀ ਹਾਲਤ ਵੇਖ ਕੇ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਇਹ ਮੇਰੇ ਪਿੰਡ ਦੀ ਉਹੀ ਕੁੜੀ ਹੈ, ਜਿਸ ਦੀ ਮਾਂ ਉਸ ਨੂੰ ਘਰ ਵਿੱਚੋਂ ਪੈਰ ਬਾਹਰ ਨਹੀਂ ਸੀ ਧਰਨ ਦਿੰਦੀ

“ਪੁੱਤ ਮਾਪਿਆਂ ਦੇ ਘਰ ਬਥੇਰੀ ਸਰਦਾਰੀ ਕੀਤੀ ਸੀਜੇ ਬਰਾਬਰ ਦਾ ਕੋਈ ਭਾਈ ਹੁਣ ਹੁੰਦਾ ਤਾਂ ਆਹ ਹਾਲ ਨਾ ਹੁੰਦੇਕੜੀਆਂ ਵਰਗੇ ਛੇ ਭਾਈ ਪਤਾ ਈ ਨੀਂ ਲੱਗਿਆ ਕਦੋਂ ਹੱਥਾਂ ’ਚੋਂ ਰੇਤੇ ਵਾਂਗੂ ਕਿਰਗੇਮਗਰ ਭਤੀਜੇ ਵੀ ਨਸ਼ਿਆਂ ਨੇ ਖਾ ਲਏ ਭੂਆ ਦੇਬੋ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ

ਸਾਡੇ ਗੱਲਾਂ ਕਰਦਿਆਂ ਹੀ ਭੂਆ ਦੀ ਧੀ ਸਿਰ ’ਤੇ ਕੱਖਾਂ ਦੀ ਪੰਡ ਚੁੱਕੀ ਆ ਗਈ

ਕੁੜੇ ਗੁੱਡੀ, ਤੇਰੇ ਨਾਨਕਿਆਂ ਤੋਂ ਤੇਰਾ ਵੀਰਾ ਆਇਆ।” ਭੂਆ ਨੇ ਮੇਰੇ ਬਾਰੇ ਦੱਸਿਆਭਾਦੋਂ ਦੇ ਮਹੀਨੇ ਪਸ਼ੀਨੋ ਪਸ਼ੀਨਾ ਹੋਈ ਗੁੱਡੀ ਨੂੰ ਮੈਂ ਸਤਿ ਸ੍ਰੀ ਅਕਾਲ ਬੁਲਾਈ

ਬੇਬੇ, ਵੀਰੇ ਹੋਰਾਂ ਨੂੰ ਪਾਣੀ ਧਾਣੀ ਪਲਾਇਆ ਕਿ ਨਹੀਂ?” ਕੁੜੀ ਨੇ ਆਪਣੀ ਮਾਂ ਨੂੰ ਪੁੱਛਿਆਮੇਰੇ ਬਾਰ ਬਾਰ ਮਨ੍ਹਾਂ ਕਰਨ ਦੇ ਵੀ ਗੁੱਡੀ ਨੇ ਘੜੇ ’ਚੋਂ ਪਾਣੀ ਦੇ ਦੋ ਗਿਲਾਸ ਸਾਨੂੰ ਲਿਆ ਫੜਾਏ ਤੇ ਚਾਹ ਬਣਾਉਣ ਲਈ ਚੁੱਲ੍ਹੇ ਵਿਚ ਅੱਗ ਬਾਲਣ ਲੱਗੀਅਪਣੱਤ ਤੇ ਮੋਹ ਅੱਗੇ ਝੁਕਦਿਆਂ ਨਾ ਚਾਹੁੰਦੇ ਵੀ ਚਾਹ ਪੀਣੀ ਪਈ

ਪੁੱਤ, ਜੇ ਤੂੰ ਕਰ ਸਕਦੈਂ ਤਾਂ ਇਹਦੀ ਵਿਚਾਰੀ ਦੀ ਪਿਲਸਣ ਲਵਾ ਦੇ। ਨਾਲੇ ਆਟੇ ਦਾਲ ਦਾ ਕਾਰਡ ਵੀ ਨੀ ਬਣਿਆ ਇਹਦਾ, ਕਈ ਬਾਰੀ ਫਾਰਮ ਭਰੇ ਨੇਵਿਚਾਰੀ ਦੇ ਜੁਆਕ ਪਲ ਜਾਣਗੇ।” ਭੂਆ ਦੇਬੋ ਤੇ ਉਸਦੀ ਵਿਧਵਾ ਧੀ ਦਾ ਹਾਲ ਵੇਖ ਕੇ ਮੇਰਾ ਮਨ ਭਰ ਆਇਆ ਜੇਬ ਵਿੱਚੋਂ ਸੌ ਸੌ ਦੇ ਦੋ ਨੋਟ ਕੱਢ ਕੇ ਮਾਵਾਂ ਧੀਆਂ ਨੂੰ ਫੜਾਉਂਦਿਆਂ ਮੈਂ ਦੋਵਾਂ ਨੂੰ ਪੈਨਸ਼ਨ ਲਵਾਉਣ ਦਾ ਭਰੋਸਾ ਦੇ ਕੇ ਅਗਲੇ ਘਰ ਵੱਲ ਤੁਰ ਪਿਆ

ਦੇਬੋ ਭੂਆ ਦੇ ਪਰਿਵਾਰ ਦਾ ਪਿਛੋਕੜ ਮੇਰੇ ਅੱਗੇ ਘੁੰਮਣ ਲੱਗਿਆਜੇ ਮੇਰੀ ਅਨਪੜ੍ਹ ਮਾਂ ਵੀ ਦੇਬੋ ਭੂਆ ਦੇ ਮਾਪਿਆਂ ਵਾਂਗ ਸਾਨੂੰ ਤਿੰਨਾਂ ਭਰਾਵਾਂ ਨੂੰ ਪੜ੍ਹਾਉਣ ਦੀ ਬਜਾਏ ਚੰਦੇ ਝਿਉਰ ਦੀਆਂ ਭੇਡਾਂ ਚਾਰਨ ਲਾ ਦਿੰਦੀ ਤਾਂ ਅਸੀਂ ਵੀ ਅੱਜ ਨੂੰ ਜਾਂ ਤਾਂ ਇਸ ਜਹਾਨ ਤੋਂ ਕੂਚ ਕਰ ਗਏ ਹੋਣੇ ਸੀ ਜਾਂ ਕਿਸੇ ਜਿਮੀਂਦਾਰ ਦੀਆਂ ਖੁਰਲੀਆਂ ਹੂੰਝਦੇ ਹੁੰਦੇ

*****

(1094)

More articles from this author