“ਧੀ ਪ੍ਰਿਅੰਕਾ ਨੇ 2021ਵਿੱਚ ਹਾਈ ਕੋਰਟ ਵਿੱਚ ਚੈਲਿੰਜ ਕੀਤਾ ਸੀ, ਜਿਸ ’ਤੇ ਅਜੋਕਾ ਫੈਸਲਾ ...”
(9 ਜਨਵਰੀ 2023)
ਮਹਿਮਾਨ: 194.
ਭਾਰਤ ਵਰਸ਼ ਨੂੰ ਰਿਸ਼ੀਆਂ-ਮੁਨੀਆਂ ਆਦਿ ਦਾ ਦੇਸ਼ ਆਖਿਆ ਜਾਂਦਾ ਹੈ। ਲੱਖਾਂ ਕਰੋੜਾਂ ਦੇਵੀ-ਦੇਵਤਿਆਂ ਦਾ ਵੀ ਜ਼ਿਕਰ ਆਉਂਦਾ ਹੈ। ਬਹੁ-ਭਾਸ਼ੀ ਅਤੇ ਅਨੇਕ ਧਰਮਾਂ ਦੇ ਅਨੁਯਾਈ ਹੋਣ ਕਰਕੇ ਦੇਸ਼ ਵਿੱਚ ਬਾਰਾਂ ਮਹੀਨੇ ਹੀ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਧਰਮ ਬਾਰੇ ਬੇਲੋੜਾ ਰੌਲਾ ਵੀ ਸੁਣਨ ਨੂੰ ਅਕਸਰ ਮਿਲਦਾ ਰਹਿੰਦਾ ਹੈ। ਹਰ ਤਰ੍ਹਾਂ ਦਾ ਇਨਸਾਨ ਇਹ ਸਮਝਦਾ ਹੋਇਆ ਵੀ ਕਿ ਉਸ ਨੇ ਵੀ ਮਾਂ ਰੂਪੀ ਔਰਤ ਤੋਂ ਹੀ ਜਨਮ ਲਿਆ ਹੈ, ਫਿਰ ਵੀ ਦਿਲੋਂ ਔਰਤ ਪੱਖੀ ਹੱਕਾਂ ਦਾ ਅਕਸਰ ਵਿਰੋਧੀ ਹੀ ਬਣਦਾ ਆਇਆ ਹੈ। ਸਭ ਪੰਜਾਬੀ ਜਾਣਦੇ ਹਨ ਕਿ ਪੰਦਰ੍ਹਵੀਂ ਸਦੀ ਵਿੱਚ ਸਿੱਖਾਂ ਦੇ ਪਹਿਲੇ ਗੁਰੂ ਬਾਬੇ ਨਾਨਕ ਨੇ ਇਸਤਰੀ ਜਾਤੀ ਦਾ ਸਤਿਕਾਰ ਇਹ ਕਹਿੰਦਿਆਂ ਕੀਤਾ ਸੀ ਕਿ “ਸੋ ਕਿਉਂ ਮੰਦਾ ਆਖੀਏ, ਜਿਤ ਜੰਮੇ ਰਾਜਾਨ” ਅੱਜ ਦੇ ਦਿਨ ਵੀ ਜਿੰਨਾ ਲੋਕਾਂ ਦਾ ਸਤਿਕਾਰ ਬਾਬੇ ਨਾਨਕ ਬਾਰੇ ਹੈ, ਉਹ ਵੀ ਓਨਾ ਸਤਿਕਾਰ ਔਰਤ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਨਹੀਂ ਦੇ ਸਕੇ। ਉਂਜ ਸਭ ਨੇ ਔਰਤ ਨੂੰ ਮਾਂ ਦੇ ਰੂਪ ਵਿੱਚ, ਭੈਣ ਦੇ ਰੂਪ ਵਿੱਚ, ਦਾਦੀ, ਨਾਨੀ, ਚਾਚੀ, ਤਾਈ, ਮਾਮੀ, ਮਾਸੀ, ਭੂਆ ਅਤੇ ਪਤਨੀ ਦੇ ਰੂਪ ਵਿੱਚ ਅਥਾਹ ਪਿਆਰ ਦਿੱਤਾ ਹੈ। ਪਰ ਜਿੱਥੇ ਆਰਥਕ ਅਧਿਕਾਰਾਂ ਦੀ ਗੱਲ ਆਈ, ਉੱਥੇ ਦਲੇਰੀ ਘੱਟ ਹੀ ਦਿਖਾਈ ਹੈ।
ਲੇਖਕ ਤਾਂ ਕਈ ਵਾਰ ਸੋਚਦਾ ਹੈ ਕਿ ਜੋ ਵਸੀਅਤ ਜ਼ਿਮੀਂਦਾਰਾਂ ਆਦਿ ਪਰਵਾਰਾਂ ਵਿੱਚ ਲਿਖੀ ਜਾਂਦੀ ਹੈ, ਉਸ ਦਾ ਕਾਰਨ ਸ਼ਾਇਦ ਔਰਤ ਹੀ ਹੁੰਦੀ ਹੈ। ਕਾਰਨ ਕਿ ਜਨਮ ਤੋਂ ਹੀ ਲੜਕੀਆਂ ਨੂੰ ਪਰਾਇਆ ਧਨ ਕਹਿਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਵਸੀਅਤ ਲਿਖਣ ਵੇਲੇ ਵਸੀਅਤ ਵਿੱਚ ਆਮ ਕਰਕੇ ਲਿਖਿਆ ਜਾਂਦਾ ਹੈ ਕਿ “ਲੜਕੀਆਂ ਦਾ ਜੋ ਹਿੱਸਾ ਬਣਦਾ ਸੀ, ਉਹ ਮੈਂ ਉਨ੍ਹਾਂ ਦੇ ਵਿਆਹਾਂ ਸਮੇਂ ਖ਼ਰਚ ਦੇ ਰੂਪ ਵਿੱਚ ਦੇ ਚੁੱਕਾ ਹਾਂ। ਇਸ ਕਰਕੇ ਮੈਂ ਆਪਣੀ ਜਾਇਦਾਦ ਲੜਕਿਆਂ ਵਿੱਚ ਇਸ ਤਰ੍ਹਾਂ ਵੰਡ ਰਿਹਾ ਹਾਂ।”
ਹਿੰਦੂ ਵਿਰਾਸਤ ਐਕਟ, ਜਿਸ ਮੁਤਾਬਕ ਮੌਤ ਤੋਂ ਬਾਅਦ ਵਸੀਅਤ ਦੀ ਗੈਰ ਹਾਜ਼ਰੀ ਵਿੱਚ ਧੀਆਂ ਨੂੰ ਬਰਾਬਰ ਹਿੱਸਾ ਮਿਲਣਾ ਸ਼ੁਰੂ ਹੋਇਆ, ਉਸ ਸਮੇਂ ਵੀ ਜਗੀਰੂ ਸੋਚ ਵਾਲੇ ਲੋਕ ਸਵਰਨ ਸਿੰਘ ਵਿਦੇਸ਼ ਮੰਤਰੀ, ਜਿਨ੍ਹਾਂ ਦਾ ਕੋਈ ਪੁੱਤਰ ਨਹੀਂ ਸੀ, ਨੂੰ ਦੋਸ਼ੀ ਮੰਨਦੇ ਸਨ। ਪੁੱਤਰ ਨਾ ਹੋਣ ਕਰਕੇ ਧੀਆਂ ਨੂੰ ਹੱਕ ਮਿਲਿਆ ਹੈ।
ਵੱਖ-ਵੱਖ ਸਮੇਂ ਵੱਖ-ਵੱਖ ਧਾਰਮਿਕ ਆਗੂਆਂ ਦੇ ਕਹਿਣ ਤੋਂ ਬਾਅਦ, ਔਰਤਾਂ ਦੇ ਜਾਗ੍ਰਿਤ ਹੋਣ ਤੋਂ ਬਾਅਦ, ਔਰਤਾਂ ਦੀ ਮੰਗ ਤੋਂ ਬਾਅਦ, ਕੁਝ ਸਿਆਸੀ ਪਾਰਟੀਆਂ ਅਤੇ ਅਵਾਮੀ ਜਥੇਬੰਦੀਆਂ ਦੀ ਮੰਗ ਤੋਂ ਬਾਅਦ, ਅਦਾਲਤੀ ਝਗੜਿਆਂ ਦੀ ਵਧਦੀ ਗਿਣਤੀ ਤੋਂ ਬਾਅਦ, ਔਰਤ ਦੁਆਰਾ ਪੜ੍ਹ-ਲਿਖ ਕੇ ਹਰ ਖੇਤਰ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ, ਸਿਆਸਤ, ਐਜੂਕੇਸ਼ਨ, ਬੈਂਕਾਂ, ਫੌਜ ਅਤੇ ਏਅਰਫੋਰਸ ਆਦਿ ਵਿੱਚ ਨੌਕਰੀ ਕਰਨ, ਵਕੀਲ ਅਤੇ ਜੱਜ ਬਣਨ ਤੋਂ ਬਾਅਦ 2005 ਵਿੱਚ ਇੱਕ ਹੋਰ ਕਾਨੂੰਨ ਧੀਆਂ ਦੇ ਹੱਕ ਵਿੱਚ ਆਇਆ ਸੀ ਕਿ ਲੜਕਿਆਂ ਵਾਂਗ ਧੀਆਂ ਵੀ ਜਨਮ ਸਮੇਂ ਤੋਂ ਹੀ ਬਾਪ ਦੀ ਜਾਇਦਾਦ ਦੀਆਂ ਬਰਾਬਰ ਦੀਆਂ ਮਾਲਕ ਹੋਣਗੀਆਂ। ਇਸ ਕਾਨੂੰਨ ਦਾ ਵੀ ਦੱਬੀ ਜ਼ਬਾਨ ਵਿੱਚ ਕੁਝ ਹਲਕਿਆਂ ਵਿੱਚ ਵਿਰੋਧ ਹੋਇਆ। ਇਸ ਕਾਨੂੰਨ ਦੇ ਆਉਣ ਨਾਲ ਸਮਾਜ ਵਿੱਚ ਹੋਰ ਮਜ਼ਬੂਤੀ ਨਾਲ ਬਰਾਬਰਤਾ ਦਾ ਸੁਨੇਹਾ ਗਿਆ। ਇਹ ਕਾਨੂੰਨ ਜੋ ਆਇਆ, ਇਸ ਨੂੰ ਬਹੁਤ ਚਿਰ ਪਹਿਲਾਂ ਆ ਜਾਣਾ ਚਾਹੀਦਾ ਸੀ। ਸਮਾਜ ਵਿੱਚ ਔਰਤਾਂ ਦੇ ਹੋਰ ਸਿੱਖਿਅਤ ਹੋਣ ਨਾਲ ਅਜਿਹਾ ਹੋਇਆ। ਹੁਣ ਧੀਆਂ ਦੇ ਹੱਕ ਮਾਰੇ ਨਹੀਂ ਜਾਣਗੇ।
ਇੱਕ ਹੋਰ ਗੱਲ ਸੋਚਣ ਵਾਲੀ ਹੈ ਕਿ ਅੱਜ ਤੱਕ ਵਿਆਹੀ ਅਤੇ ਅਣਵਿਆਹੀ ਲੜਕੀ ਵਿੱਚ ਬੜਾ ਫ਼ਰਕ ਕੀਤਾ ਜਾਂਦਾ ਸੀ। ਭਾਵ ਕਈ ਬਣਦੇ ਹੱਕਾਂ ਵਿੱਚੋਂ ਵਿਆਹੀ ਧੀ ਨੂੰ ਦੂਰ ਕਰ ਦਿੱਤਾ ਜਾਂਦਾ ਸੀ, ਜਦ ਕਿ ਅਣਵਿਆਹੀ ਨਾਲ ਅਜਿਹਾ ਨਹੀਂ ਸੀ ਹੁੰਦਾ। ਸਮਝਿਆ ਜਾਂਦਾ ਸੀ ਕਿ ਵਿਆਹ ਤੋਂ ਬਾਅਦ ਲੜਕੀ ਦੇ ਪੇਕਿਆਂ ਘਰੋਂ ਜਿਵੇਂ ਸਾਰੇ ਹੱਕ ਖ਼ਤਮ ਹੋ ਜਾਂਦੇ ਹੋਣ। ਇਸੇ ਕਰਕੇ ਪੇਕਿਆਂ ਦੇ ਹੱਕ ਸੰਬੰਧੀ ਵਿਆਹੀ ਧੀ ਨੂੰ ਸਰਕਾਰੇ-ਦਰਬਾਰੇ ਵੀ ਬਣਦੇ ਹੱਕਾਂ ਦੀ ਖੈਰ ਨਹੀਂ ਸੀ ਪੈਂਦੀ।
ਅਜਿਹੇ ਉਪਰੋਕਤ ਹੱਕਾਂ ਸੰਬੰਧੀ ਬੇਂਗਲੁਰੂ ਦੀ ਹਾਈਕੋਰਟ ਦੇ ਇੱਕ ਸਿੰਗਲ ਜੱਜ ਬੈਂਚ ਨੇ ਇਸ ਸਾਲ ਦੇ ਸ਼ੁਰੂ ਵਿੱਚ ਦੋ ਜਨਵਰੀ ਨੂੰ ਆਪਣੇ ਹੁਕਮ ਵਿੱਚ ਵਿਆਹੀ ਧੀ ਜਾਂ ਧੀਆਂ ਬਾਰੇ ਹੁਕਮ ਸੁਣਾਉਂਦੇ ਹੋਏ ਕਿਹਾ ਹੈ ਕਿ ਜੇ ਪੁੱਤਰ, ਪੁੱਤਰ ਰਹਿੰਦਾ ਹੈ, ਵਿਆਹਿਆ ਹੋਵੇ ਜਾਂ ਅਣਵਿਆਹਿਆ ਤਾਂ ਧੀ ਵੀ ਧੀ ਹੀ ਰਹੇਗੀ, ਵਿਆਹੀ ਹੋਵੇ ਜਾਂ ਅਣਵਿਆਹੀ। ਜਸਟਿਸ ਐੱਮ ਨਾਗਪ੍ਰਸੰਨਾ ਨੇ ਕੇਂਦਰੀ ਸਰਕਾਰ ਨੂੰ ਵੀ ਕਿਹਾ ਹੈ ਕਿ ਉਹ ਸਾਬਕਾ ਫ਼ੌਜੀਆਂ ਨੂੰ ਐਕਸ-ਸਰਵਿਸਮੈਨ ਕਹਿਣਾ ਬੰਦ ਕਰਕੇ ਬਰਾਬਰੀ ਦੇ ਹਿਸਾਬ ਨਾਲ ਐਕਸ-ਸਰਵਿਸ ਪਰਸੋਨਲ ਕਹਿਣ ’ਤੇ ਵਿਚਾਰ ਕਰੇ। ਜਸਟਿਸ ਨਾਗਪ੍ਰਸੰਨਾ ਨੇ ਇਹ ਹੁਕਮ ਸਾਬਕਾ ਸੂਬੇਦਾਰ ਰਮੇਸ਼ ਖੰਡੱਪਾ, ਜਿਹੜੇ 2001 ਵਿੱਚ ਅਪ੍ਰੇਸ਼ਨ ਦੌਰਾਨ ਬਾਰੂਦੀ ਸੁਰੰਗਾਂ ਕਲੀਅਰ ਕਰਦੇ ਸ਼ਹੀਦ ਹੋ ਗਏ ਸਨ ਦੀ 31 ਸਾਲਾ ਧੀ ਪ੍ਰਿਅੰਕਾ ਪਾਟਿਲ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਦੌਰਾਨ ਜਾਰੀ ਕੀਤੇ। ਸੈਨਿਕ ਵੈੱਲਫੇਅਰ ਬੋਰਡ ਵੱਲੋਂ ਉਸ ਨੂੰ ਇਸ ਕਰਕੇ ਡਿਪੈਂਡੈਂਟ ਕਾਰਡ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਵਿਆਹੀ ਹੋਈ ਹੈ। ਧੀ ਪ੍ਰਿਅੰਕਾ ਨੇ 2021 ਵਿੱਚ ਹਾਈ ਕੋਰਟ ਵਿੱਚ ਚੈਲਿੰਜ ਕੀਤਾ ਸੀ, ਜਿਸ ’ਤੇ ਅਜੋਕਾ ਫੈਸਲਾ ਵਿਆਹੀਆਂ ਹੋਈਆਂ ਧੀਆਂ ਦੇ ਹੱਕ ਵਿੱਚ ਆਇਆ ਹੈ। ਅਸੀਂ ਅਜਿਹੇ ਫੈਸਲੇ ਨੂੰ ਜੀ ਆਇਆਂ ਆਖਦੇ ਹਾਂ। ਮਾਣਯੋਗ ਜਸਟਿਸ ਦਾ ਫ਼ੈਸਲਾ ਪੜ੍ਹ ਕੇ ਮਹਿਰੂਮ ਗਾਇਕ ਕੁਲਦੀਪ ਮਾਣਕ ਦੀਆਂ ਇਹ ਲਾਈਨਾਂ ਆਪ-ਮੁਹਾਰੀਆਂ ਜ਼ਬਾਨ ’ਤੇ ਆ ਗਈਆਂ, ਜਿਸ ਵਿੱਚ ਉਨ੍ਹਾਂ ਮਾਂ ਨੂੰ ਸਮਰਪਤ ਹੁੰਦਿਆਂ ਗਾਇਆ ਸੀ ਕਿ “ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ” । ਇਵੇਂ ਇਸ ਫੈਸਲੇ ਨੂੰ ਪੜ੍ਹ ਆਪ ਮੁਹਾਰੇ ਜ਼ਬਾਨ ’ਤੇ ਆਇਆ “ਵਿਆਹੀ ਧੀ ਵੀ ਧੀ ਹੁੰਦੀ ਹੈ ਦੁਨੀਆ ਵਾਲਿਓ।” ਇਸ ਕਰਕੇ ਸਾਨੂੰ ਉਪਰੋਕਤ ਅਦਾਲਤੀ ਸੁਨੇਹਾ ਘਰ-ਘਰ ਪਹੁੰਚਾਉਣਾ ਚਾਹੀਦਾ ਹੈ ਤਾਂ ਕਿ ਵਿਆਹੀਆਂ ਹੋਈਆਂ ਧੀਆਂ ਨਾਲ ਸਭ ਤਰ੍ਹਾਂ ਦਾ ਸਤਿਕਾਰ ਬਰਾਬਰ ਹੋਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3728)
(ਸਰੋਕਾਰ ਨਾਲ ਸੰਪਰਕ ਲਈ: