“”
()
ਚੜ੍ਹਦੀ ਉਮਰੇ ਬਹੁਤ ਗੱਲਾਂ ਸਮਝ ਨਹੀਂ ਆਉਂਦੀਆਂ, ਮੱਤ ਅਛੋਹਰ ਹੁੰਦੀ ਹੈ। ਗੱਲ 1966 ਦੀ ਹੈ ਜਦ ਮੈਂ ਬੀ ਐੱਸਸੀ ਨਾਨ ਮੈਡੀਕਲ ਇੱਕ ਪੇਂਡੂ ਸਕੂਲ ਵਿੱਚ ਆਰਜ਼ੀ ਸਾਇੰਸ ਮਾਸਟਰ ਲੱਗ ਗਿਆ। ਉਸ ਵੇਲੇ ਮੇਰੀ ਉਮਰ ਕੋਈ 19 ਸਾਲ ਦੇ ਲੱਗ-ਭੱਗ ਸੀ। ਇਹ ਪਿੰਡ ਬੜੇ ਪਿਛੜੇ ਇਲਾਕੇ ਵਿੱਚ ਸੀ ਅਤੇ ਕੋਈ ਵੀ ਕਿੱਲਿਆਂ ਵਾਲਾ ਅਧਿਆਪਕ, ਉਹ ਵੀ ਸਾਇੰਸ ਮਾਸਟਰ ਇੱਥੇ ਆ ਕੇ ਰਾਜ਼ੀ ਨਹੀਂ ਸੀ। ਮੈਂਨੂੰ ਮਾਇਆ ਦੀ ਲੋੜ ਹੋਣ ਕਰਕੇ ਕੋਈ ਵੀ ਪਿੰਡ ਮਨਜ਼ੂਰ ਸੀ। ਸਾਇੰਸ ਦੇ ਵਿਸ਼ੇ ਤੋਂ ਇਲਾਵਾ ਸਾਰੇ ਹੀ ਅਧਿਆਪਕ ਉਸ ਪਿੰਡ ਦੇ ਜਾਂ ਅਲੇ ਦੁਆਲੇ ਦੇ ਪਿੰਡਾਂ ਦੇ ਕਿੱਲਿਆਂ ਵਾਲੇ ਸਰਦਾਰਾਂ ਦੇ ਕਾਕੇ ਸਨ।
ਦੁਪਹਿਰ ਦੀ ਰੋਟੀ ਇਨ੍ਹਾਂ ਸਭ ਦੀ ਘਰੋਂ ਤਾਜ਼ੀ ਤਾਜ਼ੀ ਆਉਂਦੀ ਪਰ ਮੇਰੇ ਵਰਗਿਆਂ ਨੂੰ ਆਪ ਪਕਾ ਕੇ ਕੱਚੀ ਪਿੱਲੀ ਨਾਲ ਲਿਆਉਣੀ ਪੈਂਦੀ ਸੀ। ਮੇਰੇ ਵਰਗੇ ਹੋਰ ਵੀ ਇੱਕ ਦੋ ਸਨ, ਜੋ ਕਸਬਿਆਂ ਦੇ ਗਰੀਬ ਪਰਿਵਾਰਾਂ ਵਿੱਚੋਂ ਹੋਣ ਕਰਕੇ ਇਸ ਪਛੜੇ ਪਿੰਡ ਵਿੱਚ ਨੌਕਰੀ ਕਰ ਰਹੇ ਸਨ।ਉਹ ਭੀ ਦੋ ਰੋਟੀਆਂ ਤੇ ਅਚਾਰ ਵਗੈਰਾ ਪੌਣੇ ਵਿੱਚ ਬੰਨ੍ਹ ਲਿਆਉਂਦੇ ਸਨ। ਸਭ ਇਕੱਠੇ ਬੈਠ ਕੇ ਅੱਧੀ ਛੁੱਟੀ ਵਿੱਚ ਰੋਟੀ ਖਾਂਦੇ। ਸਾਰੇ ਆਪਣੀ ਆਪਣੀ ਦਾਲ ਸਬਜ਼ੀ ਦੂਜਿਆਂ ਨੂੰ ਖੁਆਉਂਦੇ। ਮੇਰੇ ਨਾਲ ਵੀ ਸਾਂਝੀ ਕਰਦੇ। ਉਹ ਸ਼ਾਇਦ ਸਮਝ ਰਹੇ ਸਨ ਮੈਂ ਕਿਸੇ ਗਰੀਬ ਕਿਰਸਾਨ ਪਰਿਵਾਰ ਵਿੱਚੋਂ ਹਾਂ ਇਸੇ ਲਈ ਘਰ ਤੋਂ ਦੂਰ ਨੌਕਰੀ ਕਰ ਰਿਹਾਂ ਹਾਂ। ਮੈਂ ਆਪਣੀ ਬਰਾਦਰੀ ਬਾਰੇ ਪਿੱਠ ਤੇ ਲਿਖ ਕੇ ਲਾਉਣਾ ਮੁਨਾਸਿਬ ਨਹੀਂ ਸੀ ਸਮਝਿਆ, ਲਾਉਂਦਾ ਵੀ ਕਿਉਂ। ਉਹ ਇਹ ਵੀ ਸਮਝਦੇ ਹੋਣਗੇ ਕਿ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਤਾਂ ਕੋਈ ਬੀ ਐਸਸੀ ਫਸਟ ਕਲਾਸ ਹੋ ਹੀ ਨਹੀਂ ਸਕਦਾ ਹੋਵੇਗਾ। ਖੈਰ ਕੋਈ ਮਹੀਨਾ ਬੀਤ ਗਿਆ, ਬੱਚਿਆਂ ਨਾਲ ਰਬਤਾ ਕਾਇਮ ਹੋਣਾ ਸ਼ੁਰੂ ਹੋਇਆ ਹੀ ਸੀ ਕਿ ਜਾਤ ਦੀ ਜਾਣਕਾਰੀ ਸਰਕਾਰੀ ਕਾਰਵਾਈ ਲਈ ਸਕੂਲ ਦੇ ਕਲਰਕ ਨੂੰ ਦੇਣੀ ਪਈ। ਬੱਸ ਪਤਾ ਲੱਗਣ ਦੀ ਦੇਰ ਸੀ ਕਿ ਸਭ ਮੇਰੀ ਜਾਨ ਦੇ ਦੁਸ਼ਮਣ ਹੋ ਗਏ। ‘ਇਹ ਸਾਡੇ ਨਾਲ ਕਿਵੇਂ ਖਾ ਸਕਦਾ?, ਪਹਿਲਾਂ ਕਿਉਂ ਨਾ ਦੱਸਿਆ?’ ਸਭ ਦੇ ਜ਼ਿਹਨ ਅਤੇ ਜ਼ਬਾਨ ਉੱਤੇ ਸੀ। ਮੈਂਨੂੰ ਭਿਣਕ ਪਈ ਕਿ ਸਾਰਾ ਸਟਾਫ ਮੈਂਨੂੰ ’ਤੇ ਕੁੱਟਣ ਉਤਾਰੂ ਹੈ। ਪਤਾ ਲਗਦੇ ਹੀ ਮੈਂ ਹੈੱਡਮਾਸਟਰ ਨੂੰ ਸਰਕਾਰੀ ਸਕੂਲ ਵਿੱਚ ਜਾਤ-ਪਾਤ ਦੀ ਪ੍ਰਚਲਤਾ ਬਾਰੇ ਸ਼ਿਕਾਇਤ ਕੀਤੀ। ਉਸ ਨੇ ਮੈਂਨੂੰ ਕੁਝ ਤਸੱਲੀ ਦਿਵਾਉਣ ਦੀ ਬਜਾਏ ਡਰਾਵਾ ਦਿੱਤਾ। ਮੈਂ ਨੌਕਰੀ ਛੱਡਣ ਦਾ ਮਨ ਬਣਾ ਲਿਆ। ਵਿਦਿਆਰਥੀਆਂ ਨੂੰ ਜਦ ਪੱਤਾ ਲੱਗਾ ਕਿ ਸਾਇੰਸ ਮਾਸਟਰ ਕੱਲ੍ਹ ਤੋਂ ਨਹੀਂ ਆਵੇਗਾ, ਉਹ ਸਾਰੇ ਇਕੱਠੇ ਹੋ ਕੇ ਮੇਰੇ ਮਿੰਨਤ ਤਰਲਾ ਕਰਨ ਲੱਗੇ। ਉਨ੍ਹਾਂ ਸ਼ਾਇਦ ਹੈੱਡ ਮਾਸਟਰ ਨੂੰ ਵੀ ਕਿਹਾ ਪਰ ਮੈਂ ਨਾ ਮੰਨਿਆ। ਮੇਰੇ ਅਸਤਿਤਵ ਅਤੇ ਸਵੈਮਾਣ ਨੂੰ ਬਹੁਤ ਸੱਟ ਲੱਗੀ ਸੀ ਅਤੇ ਮੈਂ ਕੁੱਟ ਤੋਂ ਕਿਵੇਂ ਬਚਿਆ ਵੱਡੀ ਕਹਾਣੀ ਹੈ।
ਬਹੁਤ ਸਾਲਾਂ ਬਾਅਦ, ਇਤਫਾਕਨ ਸਰਵਿਸ ਦੌਰਾਨ ਉਸ ਪਿੰਡ ਦਾ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਬਣਿਆ ਇੱਕ ਅਫਸਰ ਮੇਰਾ ਮਤਾਹਿਤ ਹੋ ਗਿਆ ਸੀ। ਉਸ ਨੇ ਦੱਸਿਆ ਕਿ ਅਜਿਹੀ ਘਟਨਾ ਬਾਰੇ ਉਸ ਨੇ ਵੀ ਪਿੰਡ ਦੇ ਮੋਹਰੀਆਂ ਕੋਲੋਂ ਸੁਣਿਆ ਸੀ। ਉਸ ਦੀਆਂ ਗੱਲਾਂ ਅਤੇ ਇਹ ਘਟਨਾ ਯਾਦ ਆ ਗਈਆਂ ਜਦ ਕੁਝ ਦਿਨ ਪਹਿਲਾਂ ਇਸ ਵਿਸ਼ੇਤੇ ਹੀ ਇੱਕ ਟੀਚਰ ਦਾ ਇਹ ਕਹਿਣਾ ਪੜ੍ਹਿਆ ਕਿ, ’ਉਹ ਡੇਢ ਸੌ ਏਕੜ ਦੀ ਮਾਲਕ ਹੈ, ਸਕੂਲ ਪੜ੍ਹਾਉਣ ਤਾਂ ਉਹ ਟਾਈਮ ਪਾਸ ਕਰਨ ਆਉਂਦੀ ਹੈ’।
ਪਿੱਛਲ ਝਾਤ ਮਾਰਦਿਆਂ, ਉਮਰ ਦੇ ਤਜਰਬੇ ਤੋਂ ਅਤੇ ਅੱਜ ਦੇ ਸਰਕਾਰੀ ਸਕੂਲਾਂ ਤੇ ਜਦ ਨਿਗ੍ਹਾ ਮਾਰੀਦੀ ਹੈ ਤਦ ਸੱਚ ਲੱਗਣ ਲਗਦਾ ਹੈ ਕਿ ਉਸ ਵਕਤ ਦੇ ਕਿੱਲਿਆਂ ਵਾਲੇ ਅਧਿਆਪਕ ਵੀ ਅੱਜ ਦੀ ਡੇਢ ਸੌ ਏਕੜ ਦੀ ਮਾਲਕਣ ਵਾਂਗ ਟਾਈਮ ਹੀ ਪਾਸ ਕਰਨ ਆਉਂਦੇ ਸਨ, ਮੇਰੀ ਮਛੋਹਰ ਮੱਤ ਨੂੰ ਹੀ ਭੁਲੇਖਾ ਸੀ ਕਿ ਉਹ ਪੜ੍ਹਾਉਣ ਆਉਂਦੇ ਸਨ ਅਤੇ ਮੇਰੇ ਪੜ੍ਹਾਉਣ ਤੋਂ ਵੀ ਖੁਸ਼ ਸਨ। ਜਿਸ ਸਮਾਜ ਦਾ ਅਧਿਆਪਕ ਇੱਕੀਵੀਂ ਸਦੀ ਵਿੱਚ ਵੀ ਜਾਤ ਅਧਾਰਤ ਵਿਕਤਰੇ ਅਤੇ ਟਾਈਮ-ਪਾਸ ਕਰਨ ਦੀ ਮਾਨਸਿਕਤਾ ਵਿੱਚ ਗੜੁੱਚ ਹੋਵੇ, ਉਸ ਸਮਾਜ ਦੇ ਬੁੱਧੀਜੀਵੀਆਂ ਨੂੰ ਡੂੰਘੇ ਚਿੰਤਨ ਦੀ ਲੋੜ ਹੈ। ਸਾਡਾ ਸਮਾਜ ਨਿਘਾਰ ਦੀ ਢਲਾਣ ਤੇ ਹੈl
*****