“ਇਨ੍ਹਾਂ ਕਹਾਣੀਆਂ ਨਾਲ ਇਹ ਗੱਲ ਪੱਕੀ ਹੋ ਜਾਂਦੀ ਹੈ ਕਿ ਮੋਹਨ ਭੰਡਾਰੀ ਨਿਰੰਤਰ ਗਤੀਸ਼ੀਲ ਰਿਹਾ ਅਤੇ ...”
(28 ਨਵੰਬਰ 2021)
(ਨੋਟ: ਡਾ. ਬਲਦੇਵ ਸਿੰਘ ਧਾਲੀਵਾਲ ਦਾ ਇਹ ਲੇਖ ਪਹਿਲਾਂ 28 ਨਵੰਬਰ ਨੂੰ ਛਪ ਚੁੱਕਾ ਹੈ। ਜਿਹੜੇ ਪਾਠਕ ਕਿਸੇ ਕਾਰਨ ਪਹਿਲਾਂ ਨਹੀਂ ਪੜ੍ਹ ਸਕੇ, ਹੁਣ ਪੜ੍ਹ ਲੈਣ --- ਸੰਪਾਦਕ)
ਸੱਤਵੇਂ ਦਹਾਕੇ ਦੇ ਆਰੰਭ ਵਿੱਚ ਜਦੋਂ ਮੋਹਨ ਭੰਡਾਰੀ ਨੇ ਕਹਾਣੀ-ਰਚਨਾ ਦਾ ਕਾਰਜ ਆਰੰਭਿਆ ਤਾਂ ਉਸ ਸਮੇਂ ਦੂਜੇ ਪੜਾਅ ਦੀ ਪੰਜਾਬੀ ਕਹਾਣੀ ਆਪਣੇ ਸਿਖਰ ਉੱਤੇ ਪਹੁੰਚੀ ਹੋਈ ਸੀ। ਪੰਜਾਬੀ ਕਹਾਣੀ ਦੇ ਇਸ ਅਹਿਮ ਮੋੜ ਉੱਤੇ ਮੋਹਨ ਭੰਡਾਰੀ ਦਾ ਪ੍ਰਵੇਸ਼ ਹੁੰਦਾ ਹੈ। ਉਸ ਦੇ ਕਹਾਣੀ ਸੰਗ੍ਰਿਹਾਂ ਤਿਲਚੌਲੀ- 1965, ਮਨੁੱਖ ਦੀ ਪੈੜ- 1967, ਕਾਠ ਦੀ ਲੱਤ- 1975, ਪਛਾਣ- 1987, ਮੂਨ ਦੀ ਅੱਖ- 1993, ਗੋਰਾ ਬਾਸ਼ਾ- 2004 ਵਿੱਚ ਕਹਾਣੀਆਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਆਪਣੀ ਪੁਸਤਕ ਮੂਨ ਦੀ ਅੱਖ ਲਈ ਸਾਲ 1998 ਲਈ ਸਾਹਿਤ ਅਕਾਦਮੀ, ਦਿੱਲੀ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਇਸ ਕੱਦਾਵਰ ਕਹਾਣੀਕਾਰ ਦੀਆਂ ਕਹਾਣੀਆਂ ਦੇ ਦੋ ਚੋਣਵੇਂ ਸੰਗ੍ਰਹਿ ਬਰਫ਼ ਲਤਾੜੇ ਰੁੱਖ- 1994 ਅਤੇ ਤਣ-ਪੱਤਣ- 1998 ਵੀ ਸਾਹਮਣੇ ਆ ਚੁੱਕੇ ਹਨ।
ਉਸ ਦੀਆਂ ਪਹਿਲੇ ਪੜਾਅ ਦੀਆਂ ਚਰਚਿਤ ਕਹਾਣੀਆਂ ਤਿਲਚੌਲੀ, ਜੈਬੋ, ਘੋਟਨਾ, ਬਾਕੀ ਸਭ ਸੁੱਖ ਸਾਂਦ ਹੈ, ਸੋਮਨਾਥ ਦਾ ਮੰਦਰ, ਕੇ. ਵੈਂਕਟ ਰਾਓ, ਮੈਂਨੂੰ ਟੈਗੋਰ ਬਣਾ ਦੇ ਮਾਂ, ਇੱਕ ਚੋਰ ਦਾ ਜਨਮ ਆਦਿ ਆਪਣੀ ਇਕਹਿਰੀ ਬਣਤਰ ਅਤੇ ਪਲਟਾ-ਮਾਰੂ ਨਾਟਕੀ ਅੰਤ ਦੀਆਂ ਧਾਰਨੀ ਹੋਣ ਕਰ ਕੇ ਵਿਰਕ ਦੇ ਕਥਾ-ਮਾਡਲ ਦੇ ਨੇੜੇ-ਤੇੜੇ ਵਿਚਰਦੀਆਂ ਜਾਪਦੀਆਂ ਹਨ। ਪਰ ਡੂੰਘਾਈ ਨਾਲ ਵੇਖਿਆਂ ਮੋਹਨ ਭੰਡਾਰੀ ਦੀ ਵਿਲੱਖਣ ਸੁਰ ਵੀ ਨਜ਼ਰ ਆਉਣ ਲਗਦੀ ਹੈ। ਉਹ ਇਹ ਹੈ ਕਿ ਜੇ ਵਿਰਕ ਮਨੁੱਖੀ ਵਿਵਹਾਰ ਵਿੱਚ ਆਉਣ ਵਾਲੇ ਪਰਿਵਰਤਨਾਂ ਦੀ ਪਛਾਣ ਤਕ ਆਪਣੀ ਸੀਮਾ ਮਿਥਦਾ ਹੈ ਤਾਂ ਭੰਡਾਰੀ ਪਰਿਵਰਤਨ ਦੇ ਸ਼੍ਰੇਣੀਗਤ ਸੰਦਰਭ ਤਕ ਪਹੁੰਚਣ ਲਈ ਯਤਨਸ਼ੀਲ ਹੁੰਦਾ ਹੈ। ਇਸੇ ਲਈ ਜੇ ਸੰਤ ਸਿੰਘ ਸੇਖੋਂ ਦੇ ਸ਼ਬਦਾਂ ਵਿੱਚ ਵਿਰਕ “ਨਿਰੋਲ ਯਥਾਰਥਵਾਦੀ” ਹੈ ਤਾਂ ਮੇਰੀ ਜਾਚੇ ਭੰਡਾਰੀ ਸਹਿਜ ਪ੍ਰਗਤੀਵਾਦੀ ਹੈ। ਸਹਿਜ ਇਸ ਕਰ ਕੇ ਕਿ ਮੋਹਨ ਭੰਡਾਰੀ ਪਾਰਟੀ ਪ੍ਰਤੀਬੱਧਤਾ ਜਾਂ ਮਾਰਕਸਵਾਦੀ ਸਿਧਾਂਤ ਦਾ ਸੁਚੇਤ ਗਿਆਤਾ ਹੋਣ ਕਾਰਨ ਪ੍ਰਗਤੀਵਾਦੀ ਨਹੀਂ ਬਲਕਿ ਸ਼ੋਸ਼ਿਤ ਵਰਗਾਂ ਨਾਲ ਹਮਦਰਦੀ ਕਰਨ ਅਤੇ ਉਨ੍ਹਾਂ ਦੇ ਦੁੱਖਾਂ-ਦਰਦਾਂ ਨੂੰ ਸ਼੍ਰੇਣੀ-ਸਮਾਜ ਦੀ ਵਿਹਾਰਕ ਸੂਝ ਰਾਹੀਂ ਸਮਝਣ ਸਦਕਾ ਅਚੇਤ ਹੀ ਪ੍ਰਗਤੀਵਾਦੀ ਹੈ।
ਮੋਹਨ ਭੰਡਾਰੀ ਦਾ ਆਸ਼ਾਵਾਦ ਵੀ ਇਸ ਗੱਲੋਂ ਵਿਰਕ ਤੋਂ ਵੱਖਰਾ ਹੈ ਕਿ ਵਿਰਕ ਨਿਰੋਲ ਵਰਤਮਾਨਮੁਖੀ ਹੈ ਅਤੇ ਭੰਡਾਰੀ ਦੀ ਪ੍ਰੇਰਣਾ ਸਿਹਤਮੰਦ ਸਾਮੰਤੀ ਕਦਰਾਂ-ਕੀਮਤਾਂ ਤੇ ਬਰਾਬਰੀ ਵਾਲੇ ਭਵਿੱਖੀ ਸਮਾਜ-ਪ੍ਰਬੰਧ ਦੀਆਂ ਕਲਪਨਾਵਾਂ ਵੀ ਬਣਦੀਆਂ ਹਨ। ਮੋਹਨ ਭੰਡਾਰੀ ਦੀ ਇਸ ਵੱਖਰਤਾ ਨੂੰ ਉਸ ਦੀ ਕਹਾਣੀ ਤਿਲਚੌਲੀ ਰਾਹੀਂ ਸਮਝਿਆ ਜਾ ਸਕਦਾ ਹੈ। ਇਸ ਕਹਾਣੀ ਦਾ ਕੇਂਦਰੀ ਪਾਤਰ ਸ਼ਾਹੂਕਾਰ ਚੌਧਰੀ ਰੌਣਕ ਮੱਲ ਜਦੋਂ ਲੁੱਟ-ਖਸੁੱਟ ਰਾਹੀਂ ਅਮੀਰ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਵਿਰੁੱਧ ਇਕਮੁੱਠ ਹੋ ਰਹੀ ਲੋਕ-ਸ਼ਕਤੀ ਤੋਂ ਇੰਨਾ ਡਰ ਲੱਗਣ ਲੱਗ ਜਾਂਦਾ ਹੈ ਕਿ ਚਾਰੇ ਪਾਸੇ ਆਪਣੀ ਮੌਤ ਦੇ ਅਕਸ ਨਜ਼ਰ ਆਉਣ ਲੱਗ ਪੈਂਦੇ ਹਨ। ਪੂੰਜੀਪਤੀ ਬਣ ਕੇ ਸਹੇੜੀ ਮੌਤ ਦੇ ਸਮਾਨੰਤਰ ਚੌਧਰੀ ਰੌਣਕ ਮੱਲ ਆਪਣੀ ਮਿਹਨਤ ਨਾਲ ਗੁਜ਼ਾਰਾ ਕਰਨ ਦੇ ਦਿਨਾਂ ਨੂੰ ਚਿਤਵਦਾ ਹੈ।
ਇਹ ਸਹਿਜ ਪ੍ਰਗਤੀਵਾਦ ਜੀਵਨ ਦੀ ਸਮਝ ਅਤੇ ਵਿਆਖਿਆ ਸਮੇਂ ਮੋਹਨ ਭੰਡਾਰੀ ਦੀ ਸ਼ਕਤੀ ਬਣਦਾ ਹੈ ਪਰ ਵਸਤੂ-ਯਥਾਰਥ ਦੀ ਕਲਾਤਮਕ ਪੇਸ਼ਕਾਰੀ ਵੇਲੇ ਕਿਤੇ ਕਿਤੇ ਵਿਘਨਕਾਰੀ ਵੀ ਸਾਬਤ ਹੁੰਦਾ ਹੈ। ਅਜਿਹਾ ਉਸ ਸਮੇਂ ਵਾਪਰਦਾ ਹੈ ਜਦੋਂ ਕਹਾਣੀਕਾਰ ਆਪਣੀਆਂ ਦ੍ਰਿਸ਼-ਸਿਰਜਣ, ਸਰੋਦਾਤਮਿਕਤਾ, ਦਾਰਸ਼ਨਿਕ ਤੇ ਸਾਂਸਕ੍ਰਿਤਕ ਭਾਵ-ਬੋਧ ਨਾਲ ਲਬਰੇਜ਼ ਠੇਠ ਮਲਵਈ ਬੋਲੀ ਦੀ ਵਰਤੋਂ ਆਦਿ ਵਰਗੀਆਂ ਸ਼ਕਤੀਸ਼ਾਲੀ ਕਥਾ-ਜੁਗਤਾਂ ਦੀ ਅਣਦੇਖੀ ਕਰ ਕੇ ਸੂਤਰਧਾਰੀ ਵਰਣਨ ਉੱਤੇ ਬਲ ਦੇਣ ਲੱਗ ਪੈਂਦਾ ਹੈ। ਇਸ ਨਾਲ ਕਹਾਣੀ ਦੇ ਸਮੁੱਚੇ ਪ੍ਰਭਾਵ ਉੱਤੇ ਵੀ ਅਸਰ ਪੈਂਦਾ ਹੈ। ਚੌਧਰੀ ਰੌਣਕ ਮੱਲ ਦੇ ਡਰ ਨੂੰ ਪ੍ਰਗਤੀਵਾਦੀ ਦ੍ਰਿਸ਼ਟੀ ਤੋਂ ਕੁਝ ਅਤਿਕਥਨੀ ਭਰੇ ਢੰਗ ਅਤੇ ਵਿਅੰਗ ਦੇ ਲਹਿਜ਼ੇ ਵਿੱਚ ਚਿਤਰੇ ਜਾਣ ਨਾਲ ਕਹਾਣੀ ਦੇ ਦੁਖਾਂਤ-ਬੋਧ ਦੀ ਤੀਬਰਤਾ ਵੀ ਘੱਟ ਹੁੰਦੀ ਹੈ। ਇਉਂ ਵੀ ਪ੍ਰਤੀਤ ਹੁੰਦਾ ਹੈ, ਜਿਵੇਂ ਪੂੰਜੀਵਾਦੀ ਪ੍ਰਬੰਧ ਨੂੰ ਪਤਨਗ੍ਰਸਤ ਦਰਸਾਉਣ ਲਈ ਚੌਧਰੀ ਰੌਣਕ ਮੱਲ ਨੂੰ ਤਬਾਹੀ ਵੱਲ ਤੋਰਿਆ ਜਾ ਰਿਹਾ ਹੋਵੇ, ਜਦੋਂ ਕਿ ਇਤਿਹਾਸਕ ਗਤੀ ਦਾ ਰੁਖ ਉਲਟ ਦਿਸ਼ਾ ਵੱਲ ਜਾਪਦਾ ਹੈ। ਇਸ ਪ੍ਰਕਾਰ ਆਪਣੇ ਪਹਿਲੇ ਪੜਾਅ ਦੀਆਂ ਕਹਾਣੀਆਂ ਵਿੱਚ ਮੋਹਨ ਭੰਡਾਰੀ ਕੁਝ ਕੁ ਕਮੀਆਂ-ਪੇਸ਼ੀਆਂ ਦੇ ਬਾਵਜੂਦ ਇੱਕ ਸਮਰੱਥ ਹੁਨਰੀ ਕਹਾਣੀਕਾਰ ਦੇ ਤੌਰ ’ਤੇ ਸਥਾਪਤੀ ਹਾਸਲ ਕਰਦਾ ਹੈ।
ਮੋਹਨ ਭੰਡਾਰੀ ਦੀਆਂ ਕਹਾਣੀਆਂ ਦਾ ਦੂਜਾ ਪੜਾਅ ਉਸ ਸਮੇਂ ਆਰੰਭ ਹੁੰਦਾ ਹੈ ਜਦੋਂ ਉਹ ਰੁਜ਼ਗਾਰਵੱਸ ਪਿੰਡ ਛੱਡ ਕੇ ਚੰਡੀਗੜ੍ਹ ਵਰਗੇ ਸ਼ਹਿਰ ਦਾ ਵਸੇਬਾ ਕਰਦਾ ਹੈ ਅਤੇ ਆਪਣੇ ਤਨ-ਹੰਢਾਏ ਅਨੁਭਵ ਦੇ ਅਧਾਰ ਉੱਤੇ ਦਫਤਰੀ ਅਮਲੇ ਦੇ ਅਨੁਭਵਾਂ ਨੂੰ ਆਪਣੀਆਂ ਕਹਾਣੀਆਂ ਦੀ ਰਚਨਾ-ਵਸਤੂ ਬਣਾਉਣ ਲਗਦਾ ਹੈ। ਅਸ਼ੀਰਵਾਦ, ਮੈਥੋਂ ਮੇਰੇ ਦੁੱਖ ਨਾ ਲਵੋ, ਕਾਠ ਦੀ ਲੱਤ, ਕੁੱਕੜ ਦਾ ਫੰਘ ਅਤੇ ਬਰਫ਼ ਲਤਾੜੇ ਰੁੱਖ ਆਦਿ ਕਹਾਣੀਆਂ ਉਲੇਖਯੋਗ ਹਨ।
ਇਨ੍ਹਾਂ ਕਹਾਣੀਆਂ ਵਿੱਚ ਦਫਤਰ ਆਪਣੇ ਵਿਸ਼ਾਲਤਰ ਅਰਥਾਂ ਵਿੱਚ ਪੂੰਜੀਵਾਦੀ ਪ੍ਰਬੰਧ ਅਤੇ ਸ਼ਹਿਰੀ ਮੱਧਵਰਗੀ ਸਮਾਜ ਦਾ ਚਿੰਨ੍ਹ ਬਣ ਕੇ ਉੱਭਰਦਾ ਹੈ। ਇਸ ਵਿੱਚ ਦਰਜੇਬੰਦੀ ਵਾਲੀ ਵਿਵਸਥਾ ਦੀ ਪੌੜੀ ਦੇ ਸਭ ਤੋਂ ਹੇਠਲੇ ਡੰਡਿਆਂ ਉੱਤੇ ਖੜ੍ਹੇ ਪਾਤਰਾਂ ਦੀ ਮਨੁੱਖੀ ਪਛਾਣ ਗੁਆਚਣ ਦਾ ਮਸਲਾ ਕੇਂਦਰੀ ਮਹੱਤਤਾ ਗ੍ਰਹਿਣ ਕਰਦਾ ਹੈ। ਗੁੰਮ ਰਹੀ ਹੋਂਦ ਦਾ ਇਹ ਸੰਕਟ ਅੰਤ ਅਸਤਿੱਤਵੀ ਹੂਕ ਬਣ ਕੇ ਸਾਹਮਣੇ ਆਉਂਦਾ ਹੈ। ਇਸੇ ਮਨੋਦਸ਼ਾ ਨੂੰ ਹੰਢਾਉਂਦਿਆਂ ਕਹਾਣੀ ‘ਬਰਫ਼ ਲਤਾੜੇ’ ਰੁੱਖ ਦਾ ਉੱਤਮ-ਪੁਰਖੀ ਪਾਤਰ ਮੰਗੀ ਰਾਮ ਇਹ ਸੋਚਦਾ ਹੈ ਕਿ “ਜ਼ਿੰਦਗੀ ਉਦਾਸ ਹਾਦਸਿਆਂ ਦੀ ਜਮ੍ਹਾਂ” ਹੈ ਅਤੇ “ਇਸ ਕਬਰ ਵਰਗੀ ਚੁੱਪ ਵਿੱਚ ਲੋਕ ਮਰ ਕਿਉਂ ਨਹੀਂ ਜਾਂਦੇ।” ਪਰ ਇਸਦੇ ਬਾਵਜੂਦ ਇਹ ਪਾਤਰ ਮਰਦੇ ਨਹੀਂ ਬਲਕਿ “ਧੜਕਦੀ ਜ਼ਿੰਦਗੀ” ਦੀ ਤਮੰਨਾ ਕਰਦੇ “ਸੰਘਰਸ਼” ਰਾਹੀਂ ਮੁਕਤੀ ਦਾ ਸੁਪਨਾ ਵੇਖਦੇ ਹਨ।
ਇਸ ਤਰ੍ਹਾਂ ਮੋਹਨ ਭੰਡਾਰੀ ਦੀਆਂ ਇਨ੍ਹਾਂ ਕਹਾਣੀਆਂ ਦਾ ਰਚਨਾ-ਵਿਵੇਕ ਉਸ ਦੇ ਪ੍ਰਗਤੀਵਾਦ ਅਤੇ ਅਸਤਿੱਤਵਵਾਦ ਦੇ ਮਿਸ਼ਰਤ ਸਰੂਪ ਵਾਲੀ ਇਸ ਰਚਨਾ-ਦ੍ਰਿਸ਼ਟੀ ਤੋਂ ਪ੍ਰੇਰਿਤ ਹੋਣ ਲੱਗ ਪੈਂਦਾ ਹੈ। ਫ਼ਲਸਰੂਪ ਉਹ ਦਰਜੇਬੰਦੀ ਵਿੱਚ ਸਭ ਤੋਂ ਹੇਠਲੇ ਪੱਧਰ ਉੱਤੇ ਵਿਚਰਦੇ ਪਾਤਰਾਂ ਦੀ ਮਾਸੂਮੀਅਤ ਨੂੰ, ਪਿੰਡ ਦੇ ਰੁਮਾਂਚ ਵਾਂਗ ਹੀ, ਉਭਾਰ ਕੇ ਪੇਸ਼ ਕਰਦਾ ਹੈ ਅਤੇ ਉੱਪਰਲੇ ਵਰਗਾਂ ਨੂੰ ਵਿਅੰਗ ਨਾਲ ਚਿਤਰਦਾ ਹੈ। ਇੱਥੋਂ ਤਕ ਕੇ ਮੱਧਲੇ ਕਲਰਕ ਵਰਗ ਦੇ ਦੀਨਤਾ ਵਾਲੇ ਰੂਪ ਨੂੰ ਹਮਦਰਦੀ ਨਾਲ ਅਸਤਿੱਤਵੀ ਸੰਕਟ ਦੇ ਸੰਦਰਭ ਵਿੱਚ ਪ੍ਰਸਤੁਤ ਕਰਦਾ ਹੈ ਅਤੇ ਇਸੇ ਵਰਗ ਦੇ ਲੁੰਪਨ ਸਰੂਪ ਨੂੰ ਵਿਅੰਗ-ਸਹਿਤ ਉਜਾਗਰ ਕਰਦਾ ਹੈ।
ਉਪਰੋਕਤ ਮੱਤ ਦੀ ਸਪਸ਼ਟਤਾ ਹਿਤ ਕਹਾਣੀ ਕੁੱਕੜ ਦਾ ਫੰਘ ਦੇ ਪਾਤਰ ਹੀਰਾ ਲਾਲ ਦੀ ਮਾਸੂਮੀਅਤ ਦੇ ਵੇਰਵੇ ਵੇਖੇ ਜਾ ਸਕਦੇ ਹਨ। ਉਸ ਦੀ “ਅੰਤਾਂ ਦੀ ਸਾਦਗੀ” ਨੂੰ ਵੇਖ ਕੇ ਸੁਪਰਡੰਟ ਤਾਂਘ ਦਾ “ਮਨ ਕਾਹਲਾ ਪੈ ਜਾਂਦਾ ਹੈ” ਅਤੇ “ਉਹਨੂੰ ਲਗਦਾ ਕਿ ਦਫਤਰ ਦੇ ਸਾਰੇ ਕਰਮਚਾਰੀ ਤੇ ਉਹ ਆਪ ਉਸ ਮਨੁੱਖ ਮੂਹਰੇ ਹੇਚ ਹਨ। ਬਹੁਤ ਹੀ ਹੋਛੇ ਤੇ ਛੋਟੇ ਆਦਮੀ।” ਅਜਿਹੇ ਸਰੂਪ ਵਾਲੇ ਹੀਰਾ ਲਾਲ ਦੀ ਹੋਂਦ ਨੂੰ ਖੁਰਦ-ਬੁਰਦ ਕਰਨ ਵਿੱਚ ਮੱਧਵਰਗੀ ਕਲਰਕਾਂ ਦਾ ਲੁੰਪਨ ਰੂਪ ਅਤੇ ਵਿਵਸਥਾ ਦੇ ਚਾਲਕ ਸੱਤਾਵਾਨ ਵਰਗਾਂ ਦੀ ਸਪਸ਼ਟ ਸਾਜ਼ਿਸ਼ ਹੈ।
ਮੋਹਨ ਭੰਡਾਰੀ ਦੀਆਂ ਕਹਾਣੀਆਂ ਦਾ ਤੀਜਾ ਪੜਾਅ ਪੰਜਾਬ ਸੰਕਟ ਦੇ ਵੇਰਵਿਆਂ ਨੂੰ ਰਚਨਾ-ਵਸਤੂ ਬਣਾਉਣ ਵਾਲੀਆਂ ਕਹਾਣੀਆਂ ਨਾਲ ਸਾਹਮਣੇ ਆਉਂਦਾ ਹੈ। ਕਹਾਣੀ-ਸੰਗ੍ਰਹਿ ਮੂਨ ਦੀ ਅੱਖ ਦੀਆਂ ਕਹਾਣੀਆਂ ਵਿਸ਼ੇਸ਼ ਤੌਰ ’ਤੇ ਪੰਜਾਬ ਸੰਕਟ ਦੀਆਂ ਗੁੰਝਲਾਂ, ਪ੍ਰੇਰਕਾਂ ਅਤੇ ਪ੍ਰਭਾਵਾਂ ਨੂੰ ਪੇਸ਼ ਕਰਦੀਆਂ ਹੋਈਆਂ ਸਾਂਝੀਵਾਲਤਾ ਦੇ ਰਚਨਾ-ਵਿਵੇਕ ਨੂੰ ਉਭਾਰਨ ਦਾ ਯਤਨ ਕਰਦੀਆਂ ਹਨ। ਮੋਹਨ ਭੰਡਾਰੀ ਦਾ ਅਜਿਹਾ ਰਚਨਾ-ਵਿਵੇਕ ਜਿਸ ਸੈਕੂਲਰ ਵਿਸ਼ਵ-ਦ੍ਰਿਸ਼ਟੀ ਤੋਂ ਪ੍ਰੇਰਤ ਹੁੰਦਾ ਹੈ ਉਸ ਦੀਆਂ ਜੜ੍ਹਾਂ ਪ੍ਰਗਤੀਵਾਦੀ ਚੇਤਨਾ ਤੋਂ ਬਲ ਪ੍ਰਾਪਤ ਕਰਦੀ ਧਰਮ-ਨਿਰਪੱਖ ਚੇਤਨਾ ਅਤੇ ਅਸਤਿੱਤਵਵਾਦੀ ਚਿੰਤਨ ਤੋਂ ਹੋਂਦ ਗ੍ਰਹਿਣ ਕਰਦੇ ਮਨੁੱਖੀ ਪਛਾਣ ਦੇ ਵਿਵੇਕ ਵਿੱਚ ਸਥਿਤ ਹਨ। ਇਨ੍ਹਾਂ ਕਹਾਣੀਆਂ ਵਿੱਚ ਸਿੱਖ-ਅੱਤਵਾਦ ਤੋਂ ਪੀੜਤ ਪੰਜਾਬ ਦੇ ਹਿੰਦੂ ਵਰਗ ਅਤੇ ਚੌਰਾਸੀ ਦੇ ਦੰਗਿਆਂ ਤੋਂ ਪੀੜਤ ਸਿੱਖ ਵਰਗ ਦੇ ਸਹਿਮ ਨੂੰ ਪ੍ਰਮੁੱਖ ਤੌਰ ’ਤੇ ਰਚਨਾ-ਵਸਤੂ ਬਣਾਇਆ ਗਿਆ ਹੈ। ਪ੍ਰਸੰਗਵੱਸ ਕਿਤੇ ਕਿਤੇ 1947 ਦੀ ਵੰਡ ਸਮੇਂ ਕਤਲੇਆਮ ਦਾ ਸ਼ਿਕਾਰ ਹੋਏ ਮੁਸਲਮਾਨ ਵਰਗ ਦੀ ਪੀੜ ਦੇ ਵੇਰਵੇ ਵੀ ਲੈ ਲਏ ਗਏ ਹਨ। ਬਿਰਤਾਂਤਕਾਰ ਨੇ ਬਹੁਤ ਚੇਤੰਨ ਭਾਂਤ ਇੱਕ ਸੰਤੁਲਨ ਕਾਇਮ ਰੱਖਦਿਆਂ ਕਿਸੇ ਇੱਕ ਫਿਰਕੇ ਉੱਤੇ ਪੰਜਾਬ ਸੰਕਟ ਦਾ ਦੋਸ਼ੀ ਹੋਣ ਦੀ ਤੁਹਮਤ ਥੱਪਣ ਤੋਂ ਗੁਰੇਜ਼ ਕੀਤਾ ਹੈ। ਇਸਦੀ ਥਾਂ ਸਥਾਪਤੀ ਦੁਆਰਾ ਆਪਣੀ ਸੱਤਾ ਕਾਇਮ ਰੱਖਣ ਲਈ ਫਿਰਕੂਵਾਦ ਨੂੰ ਇੱਕ ਜੁਗਤ ਵਜੋਂ ਵਰਤਣ ਦੀ ਧਾਰਨਾ ਨੂੰ ਬਲਪੂਰਬਕ ਪੇਸ਼ ਕੀਤਾ ਹੈ। ਇਹ ਪ੍ਰਗਤੀਵਾਦੀ ਚਿੰਤਨ ਦਾ ਜਾਣਿਆ-ਪਛਾਣਿਆ ਸੈਕੂਲਰ ਮਾਡਲ ਹੈ। ਕਹਾਣੀ ਕਬੂਤਰ ਇਸ ਮਾਡਲ ਦੀ ਪੇਸ਼ਕਾਰੀ ਆਪਣੇ ਪ੍ਰਤੀਕ-ਪ੍ਰਬੰਧ ਰਾਹੀਂ ਭਲੀ-ਭਾਂਤ ਕਰਨ ਵਾਲੀ ਰਚਨਾ ਹੈ।
ਇਸ ਕਹਾਣੀ ਦੀ ਕੇਂਦਰੀ ਪਾਤਰ ਸ਼ਕਤੀ ਦੇਵੀ ਠਾਕੁਰ ਦੁਆਰੇ ਵਿੱਚ ਆਪਣੀ ਸਥਾਪਤੀ ਬਣਾਈ ਰੱਖਣ ਲਈ ਕਤਲ, ਚਲਿੱਤਰ, ਸਾਜ਼ਿਸ਼, ਧਰਮ, ਮਾਇਆ, ਲਾਲਚ, ਸੈਕਸ ਅਤੇ ਸੰਮੋਹਨ ਸ਼ਕਤੀ ਆਦਿ ਸਮੂਹ ਜੁਗਤਾਂ ਦਾ ਢੁਕਵਾਂ ਇਸਤੇਮਾਲ ਕਰਦੀ ਹੈ ਅਤੇ ਨਾਲ ਹੀ ਆਪਣੀ ਮਾਸੂਮੀਅਤ (ਕਬੂਤਰ) ਨੂੰ ਬਚਾਈ ਤੇ ਪ੍ਰਚਾਰੀ ਰੱਖਣ ਲਈ ਹੰਭਲੇ ਮਾਰਦੀ ਹੈ। ਉੱਤਮ-ਪੁਰਖੀ ਪਾਤਰ ਅੰਤ ਨੂੰ ਇਹ ਸਮਝਣ ਵਿੱਚ ਸਫਲ ਹੋ ਜਾਂਦਾ ਹੈ ਕਿ “ਸ਼ਕਤੀ ਦੇਵੀ” ਦੀ ਜਾਨ “ਕਬੂਤਰ” ਵਿੱਚ ਹੈ ਅਤੇ ਉਹ ਕਬੂਤਰ ਨੂੰ ਮਾਰ ਦਿੰਦਾ ਹੈ।
ਇਨ੍ਹਾਂ ਕਹਾਣੀਆਂ ਦਾ ਮੂਲ ਪੈਟਰਨ ਇਹ ਬਣਦਾ ਹੈ ਕਿ ਕਹਾਣੀ ਸੰਪਰਦਾਇਕ ਤਣਾਅ ਦੀ ਸੂਚਕ ਕਿਸੇ ਘਟਨਾ ਨਾਲ ਆਰੰਭ ਹੁੰਦੀ ਹੈ। ਫਿਰ ਸਿਮਰਤੀ ਦੀ ਕਥਾ-ਜੁਗਤ ਰਾਹੀਂ ਉਸ ਸਥਿਤੀ ਦੀਆਂ ਵਿਭਿੰਨ ਤੰਦਾਂ ਅਤੇ ਪ੍ਰਸੰਗਾਂ ਨੂੰ ਚਿਤਵਿਆ ਜਾਂਦਾ ਹੈ ਅਤੇ ਅੰਤ ਨੂੰ ਕਹਾਣੀ ਕਿਸੇ ਸੁਲਝਾਵਪੂਰਨ ਬੰਦ ਅੰਤ ਰਾਹੀਂ ਸਿਖਰ ਉੱਤੇ ਪਹੁੰਚਦੀ ਹੈ। ਮਿਸਾਲ ਵਜੋਂ ਕਹਾਣੀ ਪਾੜ ਦਾ ਆਰੰਭ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖ-ਵਿਰੋਧੀ ਦੰਗਿਆਂ ਤੋਂ ਡਰ ਕੇ, ਕਲਕੱਤੇ ਤੋਂ ਪੰਜਾਬ ਵਿਚਲੇ ਆਪਣੇ ਪਿੰਡ ਵੱਲ ਪਰਤੇ ਟਰੱਕ ਡਰਾਈਵਰ ਹਰਚੰਦ ਦੇ ਤਣਾਅ ਨੂੰ ਵਰਣਨ ਕਰਦੇ ਬਿਰਤਾਂਤ ਨਾਲ ਹੁੰਦਾ ਹੈ। ਉਸ ਦਾ ਪੁਰਾਣਾ ਮਿੱਤਰ ਪੰਡਤ ਆਤਮਾ ਪਹਿਲਾਂ ਹੀ ਸਿੱਖ-ਅੱਤਵਾਦ ਤੋਂ ਡਰ ਕੇ ਆਪਣਾ ਟੱਬਰ ਸ਼ਹਿਰ ਭੇਜ ਚੁੱਕਿਆ ਹੈ। ਫਿਰ ਕਹਾਣੀ ਸਿਮਰਤੀ ਦੀ ਕਥਾ-ਜੁਗਤ ਰਾਹੀਂ ਦੱਸਦੀ ਹੈ ਕਿ ਹਰਚੰਦ ਉਹੀ ਮੁੰਡਾ ਹੈ ਜਿਹੜਾ 1947 ਵੇਲੇ ਵੱਢੇ ਗਏ ਮੁਸਲਮਾਨਾਂ ਦੇ ਕਾਫ਼ਲੇ ਵਿੱਚੋਂ ਸਬੱਬਵੱਸ ਹੀ ਬਚ ਗਿਆ ਸੀ ਅਤੇ ਉਸ ਨੂੰ “ਪੂਰਬਣੀ” ਤੋਂ ਸਿੰਘਣੀ ਸਜੀ ਇੰਦਰ ਕੌਰ ਨੇ ਪੁੱਤ ਬਣਾ ਕੇ ਪਾਲਿਆ ਸੀ। ਇਸ ਕਿਸਮ ਦੇ ਹੋਰ ਪ੍ਰਸੰਗਾਂ ਤੋਂ ਪਿੱਛੋਂ ਅੰਤ ਉੱਤੇ ਉਹ ਦੋਵੇਂ ਦੋਸਤ ਰਾਤ ਨੂੰ ਦਹਿਸ਼ਤ ਦੇ “ਹਨੇਰੇ” ਦੀ “ਸੁੰਨਸਾਨ ਤੋੜਨ” ਲਈ ਨਹਿਰ ਦੇ ਉਸੇ ਪੁਲ ਉੱਤੇ ਜਾਂਦੇ ਹਨ ਜਿੱਥੇ ਮੁਸਲਮਾਨਾਂ ਦਾ ਕਾਫ਼ਲਾ ਵੱਢਿਆ ਗਿਆ ਸੀ। ਕਹਾਣੀ ਦਾ ਇਹ ਪੈਟਰਨ ਨਿਸਚੇ ਹੀ ਮੋਹਨ ਭੰਡਾਰੀ ਦੇ ਪ੍ਰਗਤੀਵਾਦੀ ਸੈਕੂਲਰਵਾਦ ਦੇ ਐਨ ਅਨੁਕੂਲ ਹੋਂਦ ਗ੍ਰਹਿਣ ਕਰਦਾ ਹੈ। ਇਸੇ ਕਰ ਕੇ “ਪਾੜ” ਨਾਲੋਂ “ਸਾਂਝ” ਦੇ ਸੂਤਰ ਨੂੰ ਦ੍ਰਿੜ੍ਹਾਉਂਦਾ ਸਾਂਝੀਵਾਲਤਾ ਦਾ ਸੰਦੇਸ਼ ਸੰਚਾਰਦਾ ਹੈ।
ਇਸ ਸੰਦੇਸ਼ ਅਨੁਸਾਰ ਸਿਰਜੇ ਗਏ ਬਹੁਤ ਸਾਰੇ ਮਨ-ਇੱਛਤ ਵਸਤੂ-ਵੇਰਵੇ ਇਨ੍ਹਾਂ ਕਹਾਣੀਆਂ ਵਿੱਚ ਥਾਂ-ਪਰ-ਥਾਂ ਮਿਲਦੇ ਹਨ। ਵਸਤੂ-ਯਥਾਰਥ ਨੂੰ ਆਪਣੇ ਪ੍ਰਗਤੀਵਾਦੀ ਸੈਕੂਲਰਵਾਦ ਅਨੁਕੂਲ ਢਾਲਣ ਦੀ ਪ੍ਰਵਿਰਤੀ ਨੇ ਮੋਹਨ ਭੰਡਾਰੀ ਦੀਆਂ ਕਹਾਣੀਆਂ ਦੀ ਸੰਰਚਨਾ ਉੱਤੇ ਵੀ ਵਿਆਪਕ ਪ੍ਰਭਾਵ ਪਾਏ ਹਨ। ਯਥਾਰਥਕ ਸਰੂਪ ਵਾਲੀਆਂ ਕਥਾ-ਜੁਗਤਾਂ ਦੀ ਥਾਂ ਉਹ ਅਤਿਕਥਨੀ, ਮੌਕਾ-ਮੇਲ ਅਤੇ ਪ੍ਰਗੀਤਕ ਅਮੂਰਤੀਕਰਨ ਆਦਿ ਕਥਾ-ਜੁਗਤਾਂ ਨੂੰ ਪਹਿਲ ਦੇਣ ਲਗਦਾ ਹੈ। ਮਿਸਾਲ ਵਜੋਂ ਕਹਾਣੀ ਪਾੜ ਵਿੱਚ ਜਦੋਂ ਨਹਿਰ ਦੇ ਪੁਲ ਉੱਤੇ ਮੁਸਲਮਾਨਾਂ ਦਾ ਕਾਫ਼ਲਾ ਵੱਢਿਆ ਜਾਂਦਾ ਹੈ ਤਾਂ ਸਿਰਫ਼ ਇੱਕ ਹੀ ਬੱਚਾ ਬਚਦਾ ਹੈ। ਉਸ ਨੂੰ ਸੰਭਾਲਣ ਵਾਸਤੇ ਮੌਕੇ ਅਨੁਸਾਰ ਜਥੇਦਾਰਨੀ ਇੰਦਰ ਕੌਰ ਹੀ ਪਹੁੰਚਦੀ ਹੈ। ਸਬੱਬਵੱਸ ਇੰਦਰ ਕੌਰ “ਪੂਰਬਣੀ” ਤੋਂ ਸਿੱਖ ਸਜੀ ਹੈ। ਉਸ ਦਾ ਪਾਲਿਆ ਮੁਸਲਮਾਨ ਤੋਂ ਸਿੱਖ ਬਣਿਆ ਮੁੰਡਾ ਹੀ ਕਲੱਕਤੇ ਜਾ ਕੇ ਸਿੱਖ-ਵਿਰੋਧੀ ਦੰਗਿਆਂ ਤੋਂ ਪੀੜਤ ਹੁੰਦਾ ਹੈ। ਅੰਤ ਉਹੀ ਆਪਣੇ ਕਾਮਰੇਡੀ ਵਿਚਾਰਾਂ ਅਨੁਸਾਰ ਪੰਜਾਬ ਦੇ ਅੱਤਵਾਦ ਨਾਲ ਪੈਦਾ ਹੋਏ “ਹਨੇਰੇ” ਅਤੇ “ਸੁੰਨਸਾਨ” ਨੂੰ ਭੰਗ ਕਰਨ ਦਾ ਉੱਦਮ ਕਰਦਾ ਹੈ। ਭਾਵੇਂ ਇਹ ਜੀਵਨ ਦਾ ਯਥਾਰਥ ਵੀ ਕਿਉਂ ਨਾ ਹੋਵੇ ਪਰ ਕਹਾਣੀ ਵਿੱਚ ਅਸੁਭਾਵਕ ਅਤੇ ਗੈਰਯਥਾਰਥਕ ਜਾਪਣ ਲੱਗ ਪੈਂਦਾ ਹੈ।
ਪੰਜਾਬ ਸੰਕਟ ਦੀਆਂ ਕਹਾਣੀਆਂ ਦੇ ਸੰਗ੍ਰਹਿ ਮੂਨ ਦੀ ਅੱਖ, ਜਿਸ ਲਈ ਮੋਹਨ ਭੰਡਾਰੀ ਨੂੰ ਸਾਹਿਤ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ, ਤੋਂ ਬਾਅਦ ਵੀ ਉਸਨੇ ਦਰਜਨ ਕਹਾਣੀਆਂ ਦੀ ਰਚਨਾ ਕੀਤੀ ਹੈ। ਇਨ੍ਹਾਂ ਰਾਹੀਂ ਉਹ ਕਿਸੇ ਨਵੇਂ ਪੜਾਅ ਦਾ ਸੂਚਕ ਨਹੀਂ ਬਣਦਾ। ਔਰਤ-ਮਰਦ ਦੇ ਰਿਸ਼ਤੇ ਨੂੰ ਕੇਂਦਰ ਵਿੱਚ ਰੱਖ ਕੇ ਸਿਰਜੀਆਂ ਗਈਆਂ ਇਨ੍ਹਾਂ ਕਹਾਣੀਆਂ ਦਾ ਥੀਮ ਮੋਹਨ ਭੰਡਾਰੀ ਲਈ ਕੋਈ ਨਵਾਂ ਨਹੀਂ ਪਰ ਧਿਆਨਯੋਗ ਗੱਲ ਇਹ ਹੈ ਕਿ ਇਨ੍ਹਾਂ ਰਾਹੀਂ ਉਹ ਔਰਤ-ਮਰਦ ਦੇ ਰਿਸ਼ਤੇ ਨੂੰ ਉਪਭੋਗਤਾਵਾਦ ਦੇ ਸੱਜਰੇ ਸੰਦਰਭ ਵਿੱਚ ਰੱਖ ਕੇ ਚਿਤਰਦਾ ਹੈ।
ਇਨ੍ਹਾਂ ਕਹਾਣੀਆਂ ਨਾਲ ਇਹ ਗੱਲ ਪੱਕੀ ਹੋ ਜਾਂਦੀ ਹੈ ਕਿ ਮੋਹਨ ਭੰਡਾਰੀ ਨਿਰੰਤਰ ਗਤੀਸ਼ੀਲ ਰਿਹਾ ਅਤੇ ਉਸ ਦੀਆਂ ਸਮੁੱਚੀਆਂ ਕਹਾਣੀਆਂ ਪਾਠਕੀ-ਚੇਤਨਾ ਨੂੰ ਟੁੰਬਣ ਵਾਲੀਆਂ ਹਨ। ਇਨ੍ਹਾਂ ਦੀ ਸੰਵਾਦ ਭਖਾਉਣ ਦੀ ਸਮਰੱਥਾ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਹੈ। ਅਜਿਹੀਆਂ ਕਹਾਣੀਆਂ ਦੇ ਸਿਰਜਕ ਵਜੋਂ ਮੋਹਨ ਭੰਡਾਰੀ ਦਾ ਨਾਂ ਸਨਮਾਨਯੋਗ ਰਹੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3173)
(ਸਰੋਕਾਰ ਨਾਲ ਸੰਪਰਕ ਲਈ: