“ਜੋ ਯੂ ਪੀ ਅਤੇ ਮਣੀਪੁਰ ਵਿੱਚ ਹੋ ਰਿਹਾ ਹੈ, ਉਸ ਨੇ ਮੋਦੀ ਸਮੇਤ ਅਮਿਤ ਸ਼ਾਹ ਦੀ ਨੀਂਦ ਹਰਾਮ ...”
(3 ਜੁਲਾਈ 2023)
ਇਹ ਗੱਲ ਸੱਚ ਦੇ ਕਿੰਨੇ ਨੇੜੇ ਹੈ ਕਿ ਜਿੰਨਾ 2024 ਨੇੜੇ ਆ ਰਿਹਾ ਹੈ, ਉੰਨੀ ਰਾਜ ਕਰਦੀ ਭਾਜਪਾ ਦੀ ਡਰ ਕਾਰਨ ਧੜਕਣ ਤੇਜ਼ ਹੋ ਰਹੀ ਹੈ। ਕਾਰਨ ਸਾਫ਼ ਹੈ ਕਿ ਅਜੋਕੇ ਪ੍ਰਧਾਨ ਮੰਤਰੀ ਜੀ ਦੂਜੀ ਵਾਰੀ ਚੁਣ ਹੋ ਕੇ ਆਪਣੇ ਦਸਾਂ ਸਾਲਾਂ ਵਿੱਚੋਂ ਨੌਂ ਸਾਲ ਪੂਰੇ ਕਰ ਚੁੱਕੇ ਹਨ। ਫਿਰ ਵੀ ਭਿਖਾਰੀਆਂ ਦੀ ਤਰ੍ਹਾਂ ਛੋਟੇ ਤੋਂ ਛੋਟੇ ਸੂਬੇ ਦੇ ਦੌਰੇ ਹੋ ਰਹੇ ਹਨ। ਅੱਜ ਵੀ ਹਿੰਦੂ-ਮੁਸਲਮਾਨ-ਸਭ ਲਈ ਇੱਕ ਸਾਰ ਸਿਵਲ ਕੋਡ ਦਾ ਕਾਨੂੰਨ ਬਣਾਉਣ ਲਈ ਵੋਟਾਂ ਨੇੜੇ ਨਵਾਂ ਵਿਵਾਦ ਸ਼ੁਰੂ ਕਰ ਦਿੱਤਾ ਹੈ। ਜਿਸ ਸੰਵਿਧਾਨ ਦੀ ਅੰਬੇਡਕਰ ਜੀ ਨੇ ਕਾਨੂੰਨ ਬਣਾਉਣ ਵਾਲੀ ਕਮੇਟੀ ਦੀ ਚੇਅਰਮੈਨੀ ਕੀਤੀ, ਜਿਸ ਸੰਵਿਧਾਨ ਦੀ ਸਹੁੰ ਖਾ ਕੇ ਅਹੁਦਾ ਸੰਭਾਲਿਆ, ਉਸ ਦੀ ਭਾਵਨਾ ਤੋਂ ਲਾਂਭੇ ਜਾ ਕੇ ਉਸ ਨੂੰ ਬਦਲਣ ਦੀ ਗੱਲ ਹੋ ਰਹੀ ਹੈ ਤਾਂ ਕਿ ਛੋਟੀਆਂ ਅਤੇ ਪਛੜੀਆਂ ਜਾਤਾਂ ਨੂੰ ਤੰਗ ਕਰਕੇ, ਵੱਡੀਆਂ ਜਾਤਾਂ ਨੂੰ ਖੁਸ਼ ਕਰਕੇ, ਵੋਟ ਬੈਂਕ ਵਧਾਇਆ ਜਾ ਸਕੇ।
ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਦੂਜੀ ਵਾਰ ਬਣੇ ਭਾਰਤੀ ਜਨਤਾ ਪਾਰਟੀ ਦੇ ਮਹਾਨ ਨੇਤਾ ਸ੍ਰੀ ਅਟਲ ਬਿਹਾਰ ਵਾਜਪਾਈ ਨੂੰ ਦੂਜਾ ਕਾਰਜ-ਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਚੱਲਦਾ ਕਰਨ ਲਈ ਪਾਰਲੀਮੈਂਟ ਵਿੱਚ ਬਹਿਸ ਹੋ ਰਹੀ ਸੀ, ਤਦ ਲਾਲੂ ਜੀ ਨੇ ਆਪਣੇ ਭਾਸ਼ਣ ਦੌਰਾਨ ਚੁਟਕੀ ਲੈਂਦੇ ਹੋਏ ਟਿੱਚਰ ਦੇ ਲਹਿਜ਼ੇ ਵਿੱਚ ਕਿਹਾ ਸੀ, “ਅਟਲ ਜੀ, ਤੁਹਾਡੇ ਬਾਰੇ ਇੱਕ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਨਹਿਰੂ ਜੀ ਨੇ ਆਖਿਆ ਸੀ ਕਿ ਅਟਲ ਜੀ, ਤੁਸੀਂ ਇੱਕ ਵਾਰ ਜ਼ਰੂਰ ਪ੍ਰਧਾਨ ਮੰਤਰੀ ਬਣੋਗੇ। ਅੱਬ ਤੋ ਦੋ ਵਾਰ ਹੋ ਗਿਆ, ਗੱਦੀ ਛੱਡੋ ਅਤੇ ਤੁਰਦੇ ਬਣੋ।” ਤੁਹਾਨੂੰ ਯਾਦ ਹੋਵੇਗਾ ਕਿ ਘੱਟ-ਗਿਣਤੀ ਵਿੱਚ ਹੋਣ ਕਰਕੇ ਅਟਲ ਜੀ ਅਗਲੇ ਸਮੇਂ ਲਈ ਅਰਾਮ ਕਰਨ ਲਈ ਤੁਰਦੇ ਬਣੇ। ਤੁਹਾਨੂੰ ਵੀ ਮਾਨ-ਸਨਮਾਨ ਨਾਲ ਗੱਦੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਵਰਨਾ, ਜਨਤਾ ਇਸ ਵਾਰ ਪੂਰੀ ਤਿਆਰੀ ਵਿੱਚ ਹੈ।
ਵੀਹ ਸੌ ਚੌਵੀ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਭ ਵਿਰੋਧੀ ਪਾਰਟੀਆਂ ਆਪਣੇ ਏਕੇ ਵੱਲ ਵਧ ਰਹੀਆਂ ਹਨ। ਇਸਦੇ ਯਤਨ ਵਜੋਂ ਉਹ ਇੱਕ ਵਾਰ ਪਟਨਾ (ਬਿਹਾਰ) ਵਿੱਚ ਜੁੜ ਵੀ ਚੁੱਕੀਆਂ ਹਨ। ਇੱਕ ਹੋ ਕੇ ਲੜਨ ਦੀ ਤਕਰੀਬਨ ਸਹਿਮਤੀ ਹੋ ਚੁੱਕੀ ਹੈ। ਜਿਹੜੀ ਭਾਜਪਾ ਵਿਅੰਗ ਰੂਪ ਵਿੱਚ ਲਾੜਾ ਕੌਣ ਹੋਵੇਗਾ? ਉਸ ਦਾ ਉੱਤਰ ਦਿੰਦੇ ਹੋਏ ਲਾਲੂ ਜੀ ਨੇ ਆਪਣੇ ਅੰਦਾਜ਼ ਵਿੱਚ ਰਾਹੁਲ ਨੂੰ ਸੰਬੋਧਨ ਹੁੰਦੇ ਆਖ ਦਿੱਤਾ ਕਿ ਰਾਹੁਲ ਸਾਹਿਬ “ਸ਼ਾਦੀ ਕਰਨ ਲਈ ਤੁਸੀਂ ਲਾੜੇ ਬਣੋ, ਅਸੀਂ ਸਭ ਤੁਹਾਡੀ ਜਨੇਤ ਵਿੱਚ ਸ਼ਾਮਲ ਹੋਵਾਂਗੇ, ਇਹ ਇਸ਼ਾਰਾ ਬਹੁਤ ਹੀ ਮਹੱਤਵਪੂਰਨ ਹੈ, ਭਾਵ ਜੋ ਇੱਥੇ ਇਕੱਠੇ ਹਨ, ਉਹ ਬਰਾਤ ਸਮੇਂ (ਚੋਣਾਂ ਸਮੇਂ) ਵੀ ਇਕੱਠੇ ਹੋਣਗੇ।
ਪਟਨਾ ਮੀਟਿੰਗ ਨੇ ਬਹੁਤ ਕੁਝ ਸਾਫ਼ ਕਰ ਦਿੱਤਾ ਹੈ। ਕੇਜਰੀਵਾਲ ਦੇ ਸਟੈਂਡ ਬਾਰੇ ਵੀ ਸਾਫ਼ ਕਰ ਦਿੱਤਾ ਕਿ ਇਹ ਮੀਟਿੰਗ ਵਿੱਚ ਜੁੜੀਆਂ ਪਾਰਟੀਆਂ ਸਭ ਤੋਂ ਪਹਿਲਾਂ ਇਕੱਠੇ ਹੋ ਕੇ ਲੜਨ ਦੇ ਵਿਚਾਰ ’ਤੇ ਇਕੱਠੀਆਂ ਹੋਈਆਂ ਹਨ, ਨਾ ਕਿ ਦੋ-ਪਾਸੜ ਗੱਲਬਾਤ ਲਈ। ਆਰਡੀਨੈਂਸ ਦੀ ਵਿਰੋਧਤਾ ਬਾਰੇ ਮੌਕੇ ’ਤੇ ਫ਼ੈਸਲਾ ਲਿਆ ਜਾਵੇਗਾ। ਕੇਜਰੀਵਾਲ ਨੂੰ ਸਮਝਾਉਣ ਦੇ ਲਹਿਜ਼ੇ ਵਿੱਚ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਉਮਰ ਅਬਦੁੱਲਾ ਨੇ ਦੱਸਿਆ ਕਿ ਜਿਵੇਂ ਕਸ਼ਮੀਰ ਵਿੱਚ ਧਾਰਾ 370 ਹਟਾਉਣ ਬਾਰੇ ਤੁਸੀਂ ਭਾਜਪਾ ਦੇ ਪਾਲੇ ਵਿੱਚ ਸੀ, ਪਰ ਅੱਜ ਤੁਸੀਂ ਸਾਡੇ ਨਾਲ ਹੋ। ਜੋ ਤੁਹਾਡੀ ਉਂਗਲੀ ਕਾਂਗਰਸ ਵੱਲ ਜਾ ਰਹੀ ਹੈ, ਉਹ ਠੀਕ ਨਹੀਂ। ਜੇਕਰ ਮੋਦੀ ਜੀ ਨੇ ਵਾਕਿਆ ਜਨਤਾ ਦੀ ਪਿਛਲੇ ਨੌਂ ਸਾਲ ਸੇਵਾ ਬਹੁਤ ਕੀਤੀ ਹੈ ਤਾਂ ਉਨ੍ਹਾਂ ਨੂੰ ਘਬਰਾਹਟ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੂੰ ਸਿਰਫ਼ ਤੇ ਸਿਰਫ਼ ਆਪਣੇ ਕੀਤੇ ਕੰਮਾਂ ’ਤੇ ਹੀ ਜਨਤਾ ਨੂੰ ਵੋਟ ਲਈ ਅਪੀਲ ਕਰਨੀ ਚਾਹੀਦੀ ਹੈ। ਘਬਰਾਹਟ ਦਰਸਾਉਂਦੀ ਹੈ ਕਿ ਦੋ ਦੇਸ਼ਾਂ ਦੀ ਯਾਤਰਾ ਤੋਂ ਮੁੜਦਿਆਂ ਹੀ ਪ੍ਰਧਾਨ ਮੰਤਰੀ ਦਾ ਪਹਿਲਾ ਸਵਾਲ ਆਪਣੀ ਪਾਰਟੀ ਨੂੰ ਸੀ ਕਿ ਮੇਰੀ ਗੈਰਹਾਜ਼ਰੀ ਵਿੱਚ ਕੀ ਕੁਝ ਹੋਇਆ? ਕਰਨਾਟਕ ਵਿੱਚ ਮੋਦੀ-ਮੋਦੀ ਦੀ ਰਟ ਨੇ ਜੋ ਚੰਦ ਚਾੜ੍ਹਿਆ ਸੀ, ਉਹ ਸਭ ਦੇ ਸਾਹਮਣੇ ਹੈ। ਉੱਥੋਂ ਦੇ ਲੋਕਾਂ ਨੇ ਚਿਹਰੇ ਵਿਸ਼ੇਸ਼ ਦੇ ਉਲਟ ਮੁੱਦਿਆਂ ’ਤੇ ਵੋਟਾਂ ਪਾਈਆਂ ਸੀ।
ਉਂਜ ਤਾਂ ਭਾਜਪਾ ਸ਼ਾਸਤ ਸੂਬਿਆਂ ਵਿੱਚ ਬੁਰਾ ਹਾਲ ਹੈ, ਪਰ ਜੋ ਯੂ ਪੀ ਅਤੇ ਮਣੀਪੁਰ ਵਿੱਚ ਹੋ ਰਿਹਾ ਹੈ, ਉਸ ਨੇ ਮੋਦੀ ਸਮੇਤ ਅਮਿਤ ਸ਼ਾਹ ਦੀ ਨੀਂਦ ਹਰਾਮ ਕੀਤੀ ਹੋਈ ਹੈ। ਪ੍ਰਧਾਨ ਮੰਤਰੀ ਆਪਣੀ ਪੁਰਾਣੀ ਆਦਤ ਮੁਤਾਬਕ ਫਿਰ ਗੂੰਗੇ ਸਾਬਤ ਹੋ ਰਹੇ ਹਨ। ਵਿਦੇਸ਼ੀ ਦੌਰੇ ’ਤੇ ਜਾਣ ਤੋਂ ਪਹਿਲਾਂ ਹੀ ਮਣੀਪੁਰ ਸੜ ਰਿਹਾ ਹੈ। ਕਰਫਿਊ ਹੈ, ਅਗਜ਼ਨੀ ਹੋ ਰਹੀ ਹੈ, ਕਤਲੋ-ਗਾਰਤ ਦਾ ਰੌਲਾ ਹੈ। ਖਾਸ ਕਰਕੇ ਦੋ ਫਿਰਕਿਆਂ ਵਿੱਚ ਅਜਿਹਾ ਸਭ ਹੋ ਰਿਹਾ ਹੈ। ਅਮਿਤ ਸ਼ਾਹ ਗੇੜੇ ’ਤੇ ਗੇੜੇ ਮਾਰ ਰਿਹਾ ਹੈ, ਪਰ ਕੋਈ ਫ਼ਰਕ ਨਹੀਂ ਪੈ ਰਿਹਾ। ਪ੍ਰਦੇਸ਼ ਜਲਣ ’ਤੇ ਇੱਕ ਘੱਟ-ਗਿਣਤੀ ’ਤੇ ਹੋ ਰਹੇ ਅੱਤਿਆਚਾਰ ਨੂੰ ਮੁੱਖ ਰੱਖ ਕੇ ਰਾਹੁਲ ਜੀ ਨੇ ਦੌਰਾ ਕੀਤਾ, ਘਬਰਾਈ ਹੋਈ ਮੌਜੂਦਾ ਸਰਕਾਰ ਨੇ ਰਾਹੁਲ ਜੀ ਨੂੰ ਰੋਕਿਆ, ਪਰ ਲੋਕਾਂ ਦਾ ਹੜ੍ਹ ਆਪ-ਮੁਹਾਰਾ ਸਵਾਗਤ ਲਈ ਅੱਗੇ ਵਧਿਆ, ਜਿਸ ਨੂੰ ਡਾਂਗਾਂ, ਸੋਟਿਆਂ ਅਤੇ ਹੰਝੂ ਗੈਸ ਦੇ ਦੋ ਗੋਲਿਆਂ ਦਾ ਸਾਹਮਣਾ ਕਰਨਾ ਪਿਆ। ਪਰ ਰਾਹੁਲ ਜੀ ਨੇ ਹੈਲੀਕਾਪਟਰ ਲੈ ਕੇ ਮਿਸ਼ਨ ਦਾ ਅਗਲਾ ਪੜਾਅ ਪੂਰਾ ਕੀਤਾ, ਜਿਸ ਨੇ ਭਾਜਪਾ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ।
ਲਾਲੂ-ਨਿਤੀਸ਼ ਜੋੜੀ ਨੇ ਬਿਹਾਰ ਨੂੰ ਅਤੇ ਦੇਸ਼ ਨੂੰ ਹੋਰ ਉਤਸ਼ਾਹਿਤ ਕੀਤਾ ਹੈ। ਵਿਰੋਧੀਆਂ ਵਿੱਚ ਦੋਵੇਂ ਤਿਆਗ ਦੀ ਭਾਵਨਾ ਨਾਲ ਵਿਚਰ ਰਹੇ ਹਨ। ਗੋਦੀ ਮੀਡੀਆ ਅਤੇ ਭਾਜਪਾ ਵਿਅੰਗ ਭਾਸ਼ਾ ਵਿੱਚ ਪੁੱਛ ਰਹੇ ਹਨ ਕਿ ਆਖਰ ਵਿਰੋਧੀ ਪਾਰਟੀਆਂ ਦੇ ਗੱਠਜੋੜ ਵਿੱਚ ਸਾਂਝਾ ਕੀ ਹੈ, ਜਿਸਦਾ ਜਵਾਬ ਦਿੰਦਿਆਂ ਲਾਲੂ ਜੀ ਨੇ ਆਖਿਆ, “ਸੁਣੋ, ਜਦੋਂ ਪਿੰਡ ਵਿੱਚ ਹਲਕਿਆ ਕੁੱਤਾ ਆ ਵੜੇ ਤਾਂ ਸੰਬੰਧਤ ਪਿੰਡ ਦੇ ਸਿਆਣੇ ਜਿਵੇਂ ਉਸ ਨੂੰ ਭਜਾਉਣ ਲਈ ਡਾਂਗਾਂ-ਸੋਟੇ ਚੁੱਕ ਲੈਂਦੇ ਹਨ, ਉਵੇਂ ਹੀ ਇਸ ਵਿਰੋਧੀ ਗੱਠਜੋੜ ਨੇ ਕੀਤਾ ਹੈ।” ਇਹ ਗੁੱਝੀਆਂ ਰਮਜ਼ਾਂ ਹਰ ਕੋਈ ਸਮਝ ਨਹੀਂ ਸਕਦਾ।
ਇਸ ਵਾਰ ਬਿਹਾਰੀ ਇਸ ਕਰਕੇ ਵੀ ਉਤਸ਼ਾਹਿਤ ਹਨ ਕਿ ਐਤਕੀਂ ਨਿਤੀਸ਼ ਜੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਇਸ ਕਰਕੇ ਇਸ ਵਾਰ ਬਿਹਾਰੀ ਪ੍ਰਵਾਸੀ ਪੰਜਾਬ ਵਿੱਚ ਆਪਣੀ ਰਣਨੀਤੀ ਬਦਲਣਗੇ। ਜਿਸ ਗਿਣਤੀ ਵਿੱਚ ਪੰਜਾਬੀ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਹਨ, ਉਸ ਤੋਂ ਵੱਧ ਬਿਹਾਰੀ ਪੰਜਾਬ ਵਿੱਚ ਸੈੱਟ ਹੋ ਰਹੇ ਹਨ। ਪੰਜਾਬ ਵਿੱਚ ਵੀ ਇਸ ਵਾਰ ਉਥਲ-ਪੁਥਲ ਹੋਵੇਗੀ, ਇਸ ਕਰਕੇ ਸਾਡੀ ਵਿਰੋਧੀ ਪਾਰਟੀਆਂ ਨੂੰ ਨਿਮਾਣੀ ਸਲਾਹ ਹੈ ਕਿ ਉਪਰੋਕਤ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਬਿਆਨ ਅਤੇ ਪਾਲਸੀਆਂ ਨੂੰ ਰੂਪ ਦੇਣ। ਲਾਲੂ ਜੀ ਬਿਹਾਰੀ ਜਿਸ ਮੂਡ ਵਿੱਚ ਰਹਿਣ, ਪਰ ਪ੍ਰਵਾਸੀ ਬਿਹਾਰੀ ਜਿੰਨੇ ਲਾਲੂ ਜੀ ਦੇ ਪ੍ਰਸ਼ੰਸਕ ਹਨ, ਉਹ ਕਿਸੇ ਹੋਰ ਦੇ ਨਹੀਂ। ਅਖੀਰ ਵਿੱਚ ਸਾਡੀ ਦਿੱਲੀ ਦੇ ਮੁੱਖ ਮੰਤਰੀ ਜੀ ਨੂੰ ਸਲਾਹ ਹੈ ਕਿ ਅੱਗੇ ਵਧਣ ਲਈ ਗੱਠਜੋੜ ਦੀ ਨੀਤੀ ਅਕਸਰ ਸਹਾਈ ਹੁੰਦੀ ਹੈ। ਜੇਕਰ ਅਟਲ ਜੀ ਪ੍ਰਧਾਨ ਮੰਤਰੀ ਬਣਨ ਲਈ ਉੰਨੀ ਪਾਰਟੀਆਂ ਇਕੱਠੀਆਂ ਕਰ ਸਕਦੇ ਹਨ ਤਾਂ ਸਾਨੂੰ ਵਿਸ਼ੇਸ਼ ਪਾਰਟੀ ਜਾਂ ਪਾਰਟੀਆਂ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ।
ਅਖੀਰ ਵਿੱਚ ਅਸੀਂ ਆਖਣਾ ਚਾਹਾਂਗੇ ਕਿ ਮੰਨਿਆ ਸਭ ਪਾਰਟੀਆਂ ਦੇ ਲੀਡਰ ਸਿਆਸਤ ਦੇ ਚੰਗੇ ਡਰਾਈਵਰ ਹਨ, ਪਰ ਇਹ ਵੀ ਧੁੱਪ ਵਰਗਾ ਸੱਚ ਹੈ ਕਿ ਸਭ ਹੈਵੀ (ਵੱਡੀਆਂ) ਗੱਡੀਆਂ ਨਹੀਂ ਚਲਾ ਸਕਦੇ। ਸੂਬੇ ਨੂੰ ਚਲਾਉਣਾ ਅਲੱਗ ਗੱਲ ਹੈ, ਸਮੁੱਚੇ ਦੇਸ਼ ਨੂੰ ਚਲਾਉਣਾ ਅਲੱਗ ਗੱਲ ਹੈ, ਇਸ ਕਰਕੇ ਨਿੱਜੀ ਹਿਤਾਂ ਤੋਂ ਉੱਪਰ ਉੱਠ ਕੇ ਸਭ ਵਿਰੋਧੀ ਗੱਠਜੋੜ ਦੇ ਸਮੁੱਚੇ ਨਿਰਣੇ ਦੇ ਸਵਾਗਤ ਲਈ ਤਿਆਰ ਰਹਿਣ ਅਤੇ ਉਸ ਦਾ ਸਵਾਗਤ ਕਰਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4065)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)