“ਜਦੋਂ ਤੋਹਫਿਆਂ ਵਿੱਚ ਨੁਕਸ ਕੱਢੇ ਜਾਂਦੇ ਹਨ ਤੇ ਵਾਪਸ ਕੀਤੇ ਜਾਂਦੇ ਹਨ ਤਾਂ ਸਾਂਝ ਵੀ ਖਤਮ ਹੁੰਦੀ ਹੈ ਅਤੇ ਭਾਵਨਾਵਾਂ ...”
(23 ਜੂਨ 2024)
ਇਸ ਸਮੇਂ ਪਾਠਕ: 185
ਤੋਹਫਿਆਂ ਦੀ ਜੇਕਰ ਗੱਲ ਕਰੀਏ ਜਾਂ ਇਸਦਾ ਅਰਥ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਮੇਂ ਸਮੇਂ ’ਤੇ ਇੱਕ ਦੂਸਰੇ ਨੂੰ ਦਿੱਤੀ ਚੀਜ਼ ਜਾਂ ਸਮਾਨ ਤੋਹਫ਼ਾ ਹੈ। ਹਰ ਕੋਈ ਆਪਣੀ ਵਿੱਤੀ ਹਾਲਾਤ ਮੁਤਾਬਕ ਤੋਹਫ਼ਾ ਦਿੰਦਾ ਹੈ। ਹਾਂ, ਤੋਹਫ਼ੇ ਦੀ ਕੀਮਤ ਦੀ ਥਾਂ ਦੇਣ ਵਾਲਿਆਂ ਦੀ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ, ਅਤੇ ਕਦਰ ਕਰਨੀ ਚਾਹੀਦੀ ਹੈ। ਨਰਿੰਦਰ ਸਿੰਘ ਕਪੂਰ ਅਨੁਸਰ ਤੋਹਫ਼ੇ ਦਾ ਮਹੱਤਵ ਉਸਦੇ ਢੁਕਵੇਂ ਹੋਣ ਵਿੱਚ ਹੁੰਦਾ ਹੈ। ਉਸ ਦੀ ਕੀਮਤ ਵਿੱਚ ਨਹੀਂ। ਤੋਹਫਿਆਂ ਦਾ ਲੈਣ ਦੇਣ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਵਿਆਹ ਸ਼ਾਦੀਆਂ ਵਿੱਚ ਨਾਨਕੀ ਛੱਕ, ਸ਼ਰੀਕੇ ਭਾਈਚਾਰੇ ਵੱਲੋਂ ਕੀਤੀ ਰੋਟੀ ਅਤੇ ਸਾਰਿਆਂ ਵੱਲੋਂ ਦਿੱਤੇ ਜਾਂਦੇ ਕੱਪੜਿਆਂ ਤੇ ਪੈਸੇ ਤੋਹਫ਼ੇ ਹੀ ਸਨ। ਅਸਲ ਵਿੱਚ ਭਾਈਚਾਰਕ ਸਾਂਝ ਸੀ, ਰਲਮਿਲ ਕੇ ਕੰਮ ਸਿਰੇ ਚੜ੍ਹ ਜਾਵੇ ਦੀ ਸੋਚ ਸੀ। ਲੜਕੀਆਂ ਨੂੰ ਵਿਆਹ ਵਿੱਚ ਦਿੱਤਾ ਜਾਂਦਾ ਸਮਾਨ ਵੀ ਤੋਹਫ਼ੇ ਹੀ ਹੁੰਦੇ ਸਨ। ਉਸ ਵਿੱਚ ਨਾਨਕਿਆਂ ਵੱਲੋਂ ਮਦਦ ਦੇ ਤੌਰ ’ਤੇ ਤੋਹਫ਼ੇ ਦਿੱਤੇ ਜਾਂਦੇ ਸਨ।
ਹੁਣ ਮਨੁੱਖ ਦੀ ਵਿਗੜੀ ਮਾਨਸਿਕਤਾ ਹੈ ਕਿ ਕਈ ਵਾਰ ਅਸੀਂ ਦਿੱਤੇ ਤੋਹਫਿਆਂ ਦੀ ਕਦਰ ਹੀ ਨਹੀਂ ਕਰਦੇ। ਕੁਦਰਤ ਵੱਲੋਂ ਸਾਨੂੰ ਦਿੱਤੇ ਤੋਹਫ਼ੇ ਜਿਵੇਂ ਕਿ ਪਾਣੀ, ਹਵਾ, ਰੋਸ਼ਨੀ ਤੇ ਜ਼ਿੰਦਗੀ ਦੀ ਕਦਰ ਵੀ ਅਸੀਂ ਨਹੀਂ ਕਰਦੇ। ਅਮਰੀਕੀ ਵਿਦਵਾਨ ਮਾਰਗੇ ਪਿਰਸੇ ਦੇ ਅਨੁਸਾਰ ਪਹਿਲਾ ਤੋਹਫ਼ਾ ਜ਼ਿੰਦਗੀ ਹੈ, ਦੂਜਾ ਪਿਆਰ ਅਤੇ ਤੀਜਾ ਤੋਹਫ਼ਾ ਸਿਆਣਪ ਹੈ। ਅਸੀਂ ਕਿਸੇ ਦੀ ਵੀ ਕਦਰ ਨਹੀਂ ਕਰਦੇ, ਇਸ ਕਰਕੇ ਮਨੁੱਖ ਨੁਕਸਾਨ ਭੋਗ ਰਿਹਾ ਹੈ। ਜਦੋਂ ਕਿ ਜੋ ਤੋਹਫ਼ਾ ਦਿੰਦਾ ਹੈ ਉਸ ਦੀ ਕਦਰ ਕਰਨਾ ਸਾਡਾ ਫਰਜ਼ ਵੀ ਹੈ ਅਤੇ ਸਿਆਣਪ ਵੀ। ਕੁਦਰਤ ਦੇ ਦਿੱਤੇ ਹੋਏ ਤੋਹਫਿਆਂ ਦੀ ਕੀਤੀ ਬੇਕਦਰੀ ਨੇ ਸਾਨੂੰ ਅੱਜ ਪਾਣੀ ਦੀਆਂ ਬੋਤਲਾਂ ਖਰੀਦਣ ਲਾ ਦਿੱਤਾ। ਆਕਸੀਜਨ ਦੇ ਸਿਲੰਡਰ ਰੱਖਣੇ ਪੈ ਰਹੇ ਹਨ ਅਤੇ ਸਰੀਰ ਨੂੰ ਹੋਰ ਰੋਗਾਂ ਵੱਲ ਧਕੇਲ ਦਿੱਤਾ ਹੈ।
ਬਹੁਤ ਕੁਝ ਬਦਲਿਆ ਅਤੇ ਨਾਲ ਹੀ ਤੋਹਫਿਆਂ ਦਾ ਰੂਪ ਅਤੇ ਮਹੱਤਵ ਵੀ ਬਦਲ ਗਿਆ। ਹੁਣ ਵਧੇਰੇ ਕਰਕੇ ਦੂਸਰਿਆਂ ਵੱਲੋਂ ਦਿੱਤੇ ਤੋਹਫਿਆਂ ’ਤੇ ਕਿੰਤੂ ਪ੍ਰੰਤੂ ਹੋਣ ਲੱਗ ਗਿਆ ਹੈ। ਤੋਹਫਿਆਂ ਦੀ ਕੀਮਤ ਵੇਖੀ ਜਾਂਦੀ ਹੈ। ਅਸਲ ਵਿੱਚ ਰਿਸ਼ਤਿਆਂ ਦੀ ਸਾਂਝ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਤੋਹਫ਼ੇ ਦੂਸਰਾ ਆਪਣੀ ਪਸੰਦ ਨਾਲੋਂ ਤੁਹਾਡੀ ਪਸੰਦ ਅੱਗੇ ਰੱਖ ਕੇ ਹੀ ਲੈਂਦਾ ਹੈ। ਮੈਂ ਵੀ ਆਪਣੇ ਬਹੁਤ ਵਧੀਆ ਮਿੱਤਰ ਨੂੰ ਬੜੀ ਰੀਝ ਨਾਲ ਤੋਹਫ਼ਾ ਦਿੱਤਾ ਪਰ ਮੇਰਾ ਦਿੱਤਾ ਤੋਹਫ਼ਾ ਉਸ ਨੂੰ ਥੋੜ੍ਹਾ ਬੋਝ ਮਹਿਸੂਸ ਹੋਇਆ। ਉਸਨੇ ਤੋਹਫ਼ਾ ਤਾਂ ਬਹੁਤ ਵਧੀਆ ਢੰਗ ਨਾਲ ਕਬੂਲ ਕਰ ਲਿਆ ਪਰ ਤੋਹਫ਼ੇ ਤੇ ਲੱਗੇ ਪੈਸੇ ਮੈਨੂੰ ਮੋੜ ਦਿੱਤੇ ਕਿਉਂਕਿ ਉਹ ਤੋਹਫ਼ੇ ਤੇ ਲੱਗੇ ਪੈਸਿਆਂ ਨੂੰ ਆਪਣੇ ਉੱਪਰ ਬੋਝ ਸਮਝਦਾ ਸੀ। ਮੈਂ ਮੰਨਦਾ ਹਾਂ, ਜੋ ਕੋਈ ਵੀ ਕਿਸੇ ਆਪਣੇ ਨੂੰ ਤੋਹਫ਼ਾ ਦਿੰਦਾ ਹੈ ਤਾਂ ਉਹ ਆਪਣੀ ਹੈਸੀਅਤ ਮੁਤਾਬਕ ਹੀ ਦਿੰਦਾ। ਇਸ ਕਰਕੇ ਕਿਸੇ ਵੱਲੋਂ ਦਿੱਤੇ ਤੋਹਫ਼ੇ ਨੂੰ ਬੋਝ ਨਾ ਸਮਝੋ। ਅਗਲਾ ਕਿਸ ਰੀਝ, ਖੁਸ਼ੀ, ਭਾਵਨਾ ਨਾਲ ਤੋਹਫ਼ਾ ਦੇ ਰਿਹਾ, ਉਹ ਤੁਹਾਨੂੰ ਨਹੀਂ ਪਤਾ ਪਰ ਤੁਸੀਂ ਤੋਹਫੇ ਦੀ ਬਾਜ਼ਾਰੀ ਕੀਮਤ ਦੇ ਕੇ ਉਸ ਨੂੰ ਆਪਣੇ ਤੋਂ ਵੱਖਰਾ ਸਾਬਤ ਕਰਨ ਦੀ ਕੋਸ਼ਿਸ਼ ਕਰ ਦਿੱਤੀ। ਜਦੋਂ ਦੋਸਤੀ, ਯਾਰੀ, ਪਿਆਰ ਦਿਲੋਂ ਹੋਵੇ ਤਾਂ ਉਸ ਨੂੰ ਕਦੇ ਵੀ ਬੋਝ ਨਾ ਸਮਝੋ। ਤੋਹਫ਼ੇ ਦੀ ਕੀਮਤ ਨਾਲੋਂ ਤੋਹਫ਼ੇ ਦੇਣ ਵਾਲੇ ਦੀ ਨੀਅਤ ਜ਼ਰੂਰ ਸਮਝੋ।
ਅੱਜ ਕੱਲ੍ਹ ਨੌਜਵਾਨੀ ਨੇ ਤੋਹਫ਼ੇ ਦੇਣ ਜਾਂ ਲੈਣ ਨੂੰ ਖੇਡ ਜਿਹੀ ਬਣਾ ਲਿਆ ਹੈ। ਆਪਣੇ ਮੂੰਹੋਂ ਮੰਗ ਕੇ ਵੀ ਅਗਲੇ ਤੋਂ ਮਹਿੰਗੇ ਤੋਹਫ਼ੇ ਮੰਗੇ ਜਾਂਦੇ ਹਨ, ਜਿਸ ਕਰਕੇ ਯਾਰੀ-ਦੋਸਤੀ, ਰਿਸ਼ਤਿਆਂ, ਪਿਆਰ ਵਿੱਚ ਨਿਘਾਰ ਆ ਰਿਹਾ। ਪਹਿਲਾਂ ਬਜ਼ੁਰਗ ਦਿੱਤੇ ਹੋਏ ਤੋਹਫ਼ੇ ਨੂੰ ਸਿਰ ’ਤੇ ਰੱਖਦੇ, ਮੱਥੇ ਨਾਲ ਲਗਾਉਂਦੇ ਅਤੇ ਫਿਰ ਢੇਰ ਸਾਰੀਆਂ ਅਸੀਸਾਂ ਦਿੰਦੇ। ਤੋਹਫ਼ੇ ਦੇਣਾ ਅਤੇ ਲੈਣਾ ਜਿੱਥੇ ਚੀਜ਼ਾਂ ਦਾ ਲੈਣ ਦੇਣ ਦੀ ਸਾਂਝ ਹੈ ਉੱਥੇ ਭਾਵਨਾਵਾਂ ਦੀ ਵੀ ਸਾਂਝ ਹੁੰਦੀ ਹੈ। ਜਦੋਂ ਤੋਹਫਿਆਂ ਵਿੱਚ ਨੁਕਸ ਕੱਢੇ ਜਾਂਦੇ ਹਨ ਤੇ ਵਾਪਸ ਕੀਤੇ ਜਾਂਦੇ ਹਨ ਤਾਂ ਸਾਂਝ ਵੀ ਖਤਮ ਹੁੰਦੀ ਹੈ ਅਤੇ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ। ਅਜਿਹੇ ਰਿਸ਼ਤੇ ਨਿਭਣੇ ਅਤੇ ਨਿਭਾਉਣੇ ਔਖੇ ਹੋ ਜਾਂਦੇ ਹਨ। ਸਾਨੂੰ ਸਾਰਿਆਂ ਨੂੰ ਦੂਸਰਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਹੈਸੀਅਤ ਮੁਤਾਬਕ ਦਿੱਤੇ ਗਏ ਤੋਹਫੇ ਨੂੰ ਖੁਸ਼ੀ ਖੁਸ਼ੀ ਸਵੀਕਾਰ ਕਰਨਾ ਚਾਹੀਦਾ ਹੈ। ਤੋਹਫ਼ੇ ਸਾਂਝ ਲਈ ਹਨ ਨਾ ਕਿ ਗਿਣਤੀਆਂ ਮਿਣਤੀਆਂ ਕਰਨ ਲਈ। ਨਹੀਂ ਤਾਂ ਜਿਹੜੇ ਤੁਹਾਡੇ ਦਿੱਤੇ ਤੋਹਫਿਆਂ ਦੀ ਕਦਰ ਨਹੀਂ ਕਰਦੇ, ਉਹ ਤੁਹਾਡੀ ਕਦਰ ਕੀ ਕਰਨਗੇ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5076)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)