“ਇਹ ਲੋਕ ਜ਼ਿਆਦਾਤਰ ਹਿੰਸਕ ਅਤੇ ਅਣਕਾਬੂ ਹੋਣ ਦੇ ਨਾਲ-ਨਾਲ, ਜਜ਼ਬਾਤੀ ਅਤੇ ਮਾਨਸਿਕ ਤੌਰ ’ਤੇ ਵੀ ਬੇਹੱਦ ...”
(20 ਅਗਸਤ 2024)
ਕੋਲਕੱਤਾ ਬਲਾਤਕਾਰ ਕੇਸ ਨੇ ਇੱਕ ਵਾਰ ਫਿਰ ਭਾਰਤ ਦੀ ਕਾਨੂੰਨ ਵਿਵਸਥਾ ’ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਜੂਨੀਅਰ ਡਾਕਟਰ ਮੋਮਿਤਾ ਦੇਵਨਾਥ, ਜੋ ਕਿ ਇਸ ਕੇਸ ਵਿੱਚ ਪੀੜਤ ਸੀ, ਆਰੋਪੀ ਨੇ ਬਲਾਤਕਾਰ ਤਾਂ ਕੀਤਾ ਅਤੇ ਉਸਦੇ ਬਾਅਦ ਉਸ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ। ਇਹ ਮਨੁੱਖੀ ਹੈਵਾਨੀਅਤ ਦੀ ਸਭ ਤੋਂ ਵੱਡੀ ਮਿਸਾਲ ਮੰਨੀ ਜਾ ਸਕਦੀ ਹੈ। ਪੂਰੇ ਭਾਰਤ ਵਿੱਚ ਇਸ ਘਟੀਆ ਅਪਰਾਧ ਦੇ ਵਿਰੁੱਧ ਇਨਸਾਫ ਲਈ ਰੋਸ ਵਜੋਂ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਅਤੇ ਧਰਨੇ ਕੀਤੇ ਜਾ ਰਹੇ ਹਨ। ਭਾਰਤ ਵਿੱਚ ਬਲਾਤਕਾਰ ਹੋਣ ਦੀ ਇਹ ਪਹਿਲੀ ਹੈਵਾਨੀਅਤ ਨਾਲ ਭਰੀ ਘਟਨਾ ਨਹੀਂ ਸੀ! ਮਾਰਚ 2024 ਵਿੱਚ ਬਰਾਜ਼ੀਲੀਅਨ-ਸਪੈਨਿਸ਼ ਬਾਈਕਰ ਜੋੜਾ, ਜੋ ਭਾਰਤ ਘੁਮੰਣ ਲਈ ਆਇਆ ਸੀ, ਉੱਥੋਂ ਦੇ ਲੋਕਲ ਪੁਰਸ਼ਾਂ ਨੇ ਉਸ ਜੋੜੇ ਨਾਲ ਮਾਰ-ਕੁੱਟ ਕੀਤੀ ਅਤੇ ਉਸ ਇਸਤਰੀ ਨਾਲ ਗੈਂਗ ਰੇਪ ਕੀਤਾ। ਸਾਲ 2012 ਵਿੱਚ ਦਿੱਲੀ ਵਿੱਚ ਵਾਪਰੀ ਨਿਰਭਇਆ ਗੈਂਗ ਰੇਪ ਅਤੇ ਇਸ ਵਰਗੀਆਂ ਅਨੇਕਾਂ ਹੋਰ ਬਹੁਤ ਸਾਰੀਆਂ ਘਟਨਾਵਾਂ ਭਾਰਤ ਵਿੱਚ ਵਾਪਰ ਰਹੀਆਂ ਹਨ। ਇਹਨਾਂ ਘਟਨਾਵਾਂ ਦਾ ਲਗਾਤਾਰ ਹੁੰਦੇ ਰਹਿਣਾ ਭਾਰਤੀ ਨਿਆਂ ਵਿਵਸਥਾ ਜਾਂ ਕਾਨੂੰਨ ਵਿਵਸਥਾ ’ਤੇ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਹੈ।
ਬਲਾਤਕਾਰੀ ਦੀ ਮਾਨਸਿਕਤਾ ਬਹੁਤ ਹੀ ਗੰਦੀ ਅਤੇ ਵਿਗੜੀ ਹੋਈ ਹੁੰਦੀ ਹੈ। ਉਹ ਲੋਕ ਜੋ ਬਲਾਤਕਾਰ ਕਰਦੇ ਹਨ, ਉਹ ਅਕਸਰ ਸ਼ਕਤੀ ਦਾ ਦੁਰਉਪਯੋਗ ਕਰਨ ਦੀ ਖਵਾਹਿਸ਼ ਰੱਖਦੇ ਹਨ। ਉਹ ਆਪਣੇ ਸ਼ਿਕਾਰ ਨੂੰ ਨੁਕਸਾਨ ਪਹੁੰਚਾ ਕੇ ਖੁਦ ਨੂੰ ਸ਼ਕਤੀਸ਼ਾਲੀ ਸਮਝਦੇ ਹਨ। ਇਹ ਲੋਕ ਜ਼ਿਆਦਾਤਰ ਹਿੰਸਕ ਅਤੇ ਅਣਕਾਬੂ ਹੋਣ ਦੇ ਨਾਲ-ਨਾਲ, ਜਜ਼ਬਾਤੀ ਅਤੇ ਮਾਨਸਿਕ ਤੌਰ ’ਤੇ ਵੀ ਬੇਹੱਦ ਕਮਜ਼ੋਰ ਹੁੰਦੇ ਹਨ। ਇਸਦੇ ਨਾਲ ਹੀ ਕਈ ਵਾਰ ਕੁਝ ਪੁਰਸ਼ਾਂ ਵੱਲੋਂ ਬਲਾਤਕਾਰ ਵਰਗਾ ਅਪਰਾਧ ਸੋਚ-ਸਮਝ ਕੇ ਵੀ ਕੀਤਾ ਜਾਂਦਾ ਹੈ ਕਿਉਂਕਿ ਜਾਂ ਤਾਂ ਇਹੋ ਜਿਹੇ ਇਨਸਾਨਾਂ ਨੂੰ ਸਮਾਜ ਅਤੇ ਕਾਨੂੰਨ ਦਾ ਡਰ ਨਹੀਂ ਹੁੰਦਾ ਜਾਂ ਪੈਸੇ ਦੀ ਪਹੁੰਚ ਕਾਰਨ ਇਹਨਾਂ ਦੀ ਰਾਜਨੀਤਿਕ ਪਹੁੰਚ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਹ ਇਹੋ ਜਿਹਾ ਘਟੀਆ ਅਪਰਾਧ ਕਰਕੇ ਵੀ ਬਚ ਜਾਂਦੇ ਹਨ, ਜਿਸ ਨਾਲ ਸਮਾਜ ਵਿੱਚ ਨਿਆਂ ਵਿਵਸਥਾ ਜਾਂ ਕਾਨੂੰਨ ਵਿਵਸਥਾ ਦਾ ਗਲਤ ਸੰਦੇਸ਼ ਜਾਂਦਾ ਹੈ। ਉਹਨਾਂ ਦੀ ਮਾਨਸਿਕਤਾ ਵਿੱਚ ਮਹਿਲਾਵਾਂ ਅਤੇ ਬੱਚਿਆਂ ਨੂੰ ਘਟੀਆ ਸਮਝਣ ਦੀ ਪ੍ਰਵਿਰਤੀ ਹੁੰਦੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਸਮਾਜ ਵਿੱਚ ਵਿਆਪਕ ਤੌਰ ’ਤੇ ਮੰਨੇ ਜਾਣ ਵਾਲੇ ਕਈ ਗਲਤ ਤਰਕਾਂ ਨੂੰ ਸਹੀ ਢੰਗ ਨਾਲ ਸਮਝਿਆ ਜਾਵੇ।
ਬਲਾਤਕਾਰ ਦੇ ਤਰਕਾਂ ਵਿੱਚੋਂ ਇੱਕ ਇਹ ਹੈ ਕਿ ਮਹਿਲਾਵਾਂ ਦੀ ਪੋਸ਼ਾਕ ਇਸਦਾ ਮੁੱਖ ਕਾਰਨ ਹੁੰਦੀ ਹੈ। ਇਹ ਤਰਕ ਪੂਰੀ ਤਰ੍ਹਾਂ ਗਲਤ ਅਤੇ ਅਸੰਗਤ ਹੈ। ਇਹ ਤਰਕ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਇਸਤਰੀ ਦੀ ਪੋਸ਼ਾਕ ਅਤੇ ਉਸਦੇ ਪਹਿਨਣ ਦਾ ਤਰੀਕਾ, ਬਲਾਤਕਾਰੀ ਨੂੰ ਉਤੇਜਿਤ ਕਰਨ ਵਿੱਚ ਭੂਮਿਕਾ ਨਿਭਾਉਂਦਾ ਹੈ। ਪਰ ਇਹ ਤਰਕ ਵਾਰ-ਵਾਰ ਗਲਤ ਸਾਬਤ ਹੁੰਦਾ ਹੈ। ਜਦੋਂ ਅਸੀਂ ਤਿੰਨ-ਚਾਰ ਸਾਲ ਦੀਆਂ ਬੱਚੀਆਂ ਦੇ ਬਲਾਤਕਾਰ ਦੇ ਕੇਸਾਂ ਬਾਰੇ ਸੁਣਦੇ ਹਾਂ, ਤਾਂ ਇਹ ਸਾਫ ਹੈ ਕਿ ਪੋਸ਼ਾਕ ਦਾ ਇਸ ਵਿੱਚ ਕੋਈ ਲੈਣਾ ਦੇਣਾ ਨਹੀਂ। ਤਿੰਨ-ਚਾਰ ਸਾਲ ਦੀਆਂ ਬੱਚੀਆਂ ਦੀ ਪੋਸ਼ਾਕ ਬਿਲਕੁਲ ਸਾਦੀ ਹੁੰਦੀ ਹੈ, ਫਿਰ ਵੀ ਉਹਨਾਂ ਨਾਲ ਇਸ ਤਰ੍ਹਾਂ ਦੀ ਘਟੀਆ ਘਟਨਾ ਕਿਵੇਂ ਹੋ ਜਾਂਦੀ ਹੈ? ਇਹ ਸਬੂਤ ਹੈ ਕਿ ਬਲਾਤਕਾਰ ਕਿਸੇ ਦੀ ਪੋਸ਼ਾਕ ਕਰਕੇ ਨਹੀਂ ਹੁੰਦਾ, ਬਲਕਿ ਬਲਾਤਕਾਰੀ ਦੀ ਘਟੀਆ ਮਾਨਸਿਕਤਾ ਦੇ ਕਾਰਨ ਹੁੰਦਾ ਹੈ। ਸਮਾਜ ਵਿੱਚ ਮਹਿਲਾਵਾਂ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਉਣ ਦੀ ਪੁਰਸ਼ ਪ੍ਰਧਾਨ ਸਮਾਜ ਨੂੰ ਆਦਤ ਪੈ ਗਈ ਹੈ। ਇਹ ਤਰਕ ਮਹਿਲਾਵਾਂ ਨੂੰ ਸ਼ਰਮਿੰਦਾ ਕਰਨ ਅਤੇ ਉਨ੍ਹਾਂ ਦੇ ਹੱਕਾਂ ਨੂੰ ਦਬਾਉਣ ਦਾ ਇੱਕ ਹਥਿਆਰ ਬਣ ਗਿਆ ਹੈ। ਇਸ ਤਰਕ ਨੂੰ ਮੰਨਣ ਨਾਲ ਸਿਰਫ ਬਲਾਤਕਾਰੀ ਨੂੰ ਹੀ ਹੌਸਲਾ ਮਿਲਦਾ ਹੈ ਅਤੇ ਉਹ ਆਪਣੇ ਬੁਰੇ ਕਰਮਾਂ ਲਈ ਜ਼ਿੰਮੇਵਾਰੀ ਤੋਂ ਬਚ ਜਾਂਦੇ ਹਨ। ਇਹ ਤਰਕ ਬਲਾਤਕਾਰੀ ਦੀ ਗੰਦੀ ਮਾਨਸਿਕਤਾ ਨੂੰ ਛੁਪਾਉਣ ਦਾ ਇੱਕ ਜ਼ਰੀਆ ਹੈ। ਬਲਾਤਕਾਰੀ ਦੀ ਮਾਨਸਿਕਤਾ ਵਿੱਚ ਹਿੰਸਾ, ਸ਼ਕਤੀ ਦੀ ਭਾਵਨਾ ਅਤੇ ਘਟੀਆ ਸੋਚ ਦੀ ਪ੍ਰਵਿਰਤੀ ਹੁੰਦੀ ਹੈ। ਇਹ ਲੋਕ ਅਕਸਰ ਆਪਣੇ ਜੀਵਨ ਵਿੱਚ ਕਮਜ਼ੋਰੀ ਅਤੇ ਅਸਫਲਤਾਂ ਦਾ ਸਾਹਮਣਾ ਕਰਦੇ ਹਨ ਅਤੇ ਆਪਣੀ ਕਮਜ਼ੋਰੀ ਨੂੰ ਦੂਜੇ ’ਤੇ ਜ਼ੋਰ ਅਜਮਾਇਸ਼ ਕਰਕੇ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਸਮਾਜ ਦੇ ਨਿਯਮਾਂ ਅਤੇ ਕਾਨੂੰਨਾਂ ਦੀ ਪਰਖ ਕਰਨ ਵਾਲੇ ਨਹੀਂ ਹੁੰਦੇ ਅਤੇ ਉਹਨਾਂ ਦੀ ਸੋਚ ਵਿੱਚ ਹਿੰਸਾ ਅਤੇ ਧੱਕੜਸ਼ਾਹੀ ਪ੍ਰਮੁੱਖ ਹੁੰਦੀ ਹੈ। ਇਸ ਲਈ ਇਸ ਤਰਕ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਜ਼ਰੂਰੀ ਹੈ ਕਿ ਪੋਸ਼ਾਕ ਬਲਾਤਕਾਰ ਦਾ ਕਾਰਨ ਹੁੰਦੀ ਹੈ। ਇਸ ਨੂੰ ਸਮਾਜ ਵਿੱਚ ਵਿਆਪਕ ਤੌਰ ’ਤੇ ਸਮਝਣਾ ਹੋਵੇਗਾ ਅਤੇ ਬਲਾਤਕਾਰ ਦੇ ਮੁਲਜ਼ਮਾਂ ਨੂੰ ਕਾਨੂੰਨੀ ਤੌਰ ’ਤੇ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਨਾਲ ਹੀ ਮਹਿਲਾਵਾਂ ਨੂੰ ਆਪਣੇ ਹੱਕਾਂ ਅਤੇ ਸੁਰੱਖਿਆ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।
ਬਲਾਤਕਾਰੀ ਦੀ ਮਾਨਸਿਕਤਾ ਦਾ ਅਧਿਐਨ ਕਰਨ ਨਾਲ ਸਮਾਜ ਅਤੇ ਕਾਨੂੰਨ ਬਣਾਉਣ ਵਾਲਿਆਂ ਨੂੰ ਇਹ ਸਮਝ ਆ ਸਕਦੀ ਹੈ ਕਿ ਇਸ ਤਰ੍ਹਾਂ ਦੀ ਘਟਨਾ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਬਲਾਤਕਾਰੀ ਦੇ ਪਿੱਛੇ ਦੀ ਮਾਨਸਿਕਤਾ ਨੂੰ ਸਮਝਣਾ ਬਹੁਤ ਹੀ ਮਹੱਤਵਪੂਰਨ ਹੈ ਤਾਂ ਜੋ ਅਸਲ ਕਾਰਨ ਨੂੰ ਸਮਝ ਕੇ, ਸਮਾਜ ਨੂੰ ਸੁਰੱਖਿਅਤ ਅਤੇ ਸੰਵੇਦਨਸ਼ੀਲ ਬਣਾ ਸਕੀਏ। ਸਰਕਾਰਾਂ ਨੂੰ ਵੀ ਬਲਾਤਕਾਰੀਆਂ ਲਈ ਸਖਤ ਕਾਨੂੰਨੀ ਪ੍ਰਵਿਰਤੀ ਲਾਗੂ ਕਰਨੀ ਚਾਹੀਦੀ ਹੈ। ਸਿਖਲਾਈ ਪ੍ਰੋਗਰਾਮਾਂ, ਜਾਗਰੂਕਤਾ ਮੁਹਿੰਮਾਂ ਅਤੇ ਸਮਾਜਿਕ ਸੁਧਾਰਾਂ ਰਾਹੀਂ ਬਲਾਤਕਾਰ ਨੂੰ ਘਟਾਉਣ ਲਈ ਕਾਰਗਰ ਕਦਮ ਚੁੱਕੇ ਜਾਣ ਚਾਹੀਦੇ ਹਨ। ਸਮਾਜਕ ਆਗੂਆਂ ਅਤੇ ਧਾਰਮਿਕ ਨੇਤਾਵਾਂ ਦੀ ਭੂਮਿਕਾ ਵੀ ਇਸ ਵਿੱਚ ਬਹੁਤ ਮਹੱਤਵਪੂਰਨ ਹੈ। ਸਰਕਾਰਾਂ ਅਤੇ ਸਮਾਜ ਨੂੰ ਮਿਲ ਕੇ ਬਲਾਤਕਾਰ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ। ਸਿਖਲਾਈ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ ਅਤੇ ਬਲਾਤਕਾਰੀ ਨੂੰ ਸਖਤ ਸਜ਼ਾਵਾਂ ਦੇਣ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਘਾਟ ਆ ਸਕਦੀ ਹੈ। ਸਮਾਜਿਕ ਸੁਧਾਰਾਂ ਰਾਹੀਂ ਲੋਕਾਂ ਦੀ ਮਾਨਸਿਕਤਾ ਵਿੱਚ ਤਬਦੀਲੀ ਲਿਆਈ ਜਾ ਸਕਦੀ ਹੈ। ਬਲਾਤਕਾਰ ਵਰਗੇ ਘਿਨਾਉਣੇ ਜੁਰਮ ਨੂੰ ਘਟਾਉਣ ਲਈ ਸਮਾਜ ਅਤੇ ਸਰਕਾਰਾਂ ਵੱਲੋਂ ਬਹੁਤ ਸਾਰੇ ਢੁਕਵੇਂ ਕਦਮ ਚੁੱਕੇ ਜਾ ਸਕਦੇ ਹਨ। ਇਹ ਜੁਰਮ ਬਹੁਤ ਹੀ ਘਟੀਆ ਅਤੇ ਦਿਲ ਦਹਲਾਉਣ ਵਾਲਾ ਹੁੰਦਾ ਹੈ, ਅਤੇ ਇਸ ਨੂੰ ਰੋਕਣ ਲਈ ਬਹੁਤ ਸਖਤ ਪ੍ਰਵਿਰਤੀ ਦੀ ਲੋੜ ਹੈ। ਸਿੱਖਿਆ, ਕਾਨੂੰਨ, ਜਾਗਰੂਕਤਾ, ਅਤੇ ਮਾਨਸਿਕਤਾ ਵਿੱਚ ਤਬਦੀਲੀ ਜ਼ਰੂਰੀ ਹੈ।
ਇਨ੍ਹਾਂ ਤਬਦੀਲੀਆਂ ਨਾਲ ਇਹਨਾਂ ਘਟਨਾਵਾਂ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ:
ਪਹਿਲਾ, ਸਿੱਖਿਆ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਲਿੰਗ ਸਮਾਨਤਾ, ਸਿਹਤਮੰਦ ਸੰਬੰਧ, ਅਤੇ ਸਹਿਮਤੀ ਦੇ ਮਹੱਤਵ ਬਾਰੇ ਸਿੱਖਿਆ ਦਿੱਤੀ ਜਾ ਸਕਦੀ ਹੈ। ਇਹ ਸਿੱਖਿਆ ਛੋਟੇ ਬੱਚਿਆਂ ਤੋਂ ਹੀ ਸ਼ੁਰੂ ਕੀਤੀ ਜਾ ਸਕਦੀ ਹੈ ਤਾਂ ਜੋ ਉਹ ਬਾਲਗ ਹੋਣ ਤਕ ਸਹੀ ਅਤੇ ਗਲਤ ਵਿੱਚ ਅੰਤਰ ਸਮਝ ਸਕਣ।
ਦੂਜਾ, ਕਾਨੂੰਨੀ ਪ੍ਰਬੰਧਨਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਬਲਾਤਕਾਰੀਆਂ ਲਈ ਸਖਤ ਸਜ਼ਾਵਾਂ ਦਾ ਪ੍ਰਾਵਧਾਨ ਹੋਣਾ ਚਾਹੀਦਾ ਹੈ। ਬਲਾਤਕਾਰ ਕਰਨ ਵਾਲਾ ਅਪਰਾਧੀ ਭਾਵੇਂ ਅਮੀਰ ਹੋਵੇ ਜਾਂ ਗਰੀਬ ਹੋਵੇ, ਉਹ ਦੋਸ਼ੀ ਹੈ। ਇਸ ਲਈ ਸਜ਼ਾ ਦੇ ਤੌਰ ’ਤੇ ਬਲਾਤਕਾਰੀ ਨੂੰ ਹੋਰ ਦੇਸ਼ਾਂ ਦੀ ਤਰਜ਼ ’ਤੇ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਜ਼ਰੂਰੀ ਹੈ ਕਿ ਬਲਾਤਕਾਰ ਦੇ ਕੇਸਾਂ ਦੀ ਜਲਦ ਤੋਂ ਜਲਦ ਸੁਣਵਾਈ ਹੋਵੇ। ਇਸ ਲਈ ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਹੋ ਸਕਦੀ ਹੈ। ਤੁਰੰਤ ਅਤੇ ਸਖਤ ਕਾਰਵਾਈ ਤੋਂ ਇਲਾਵਾ ਬਲਾਤਕਾਰੀਆਂ ਦੇ ਨਾਮ ਅਤੇ ਤਸਵੀਰਾਂ ਨੂੰ ਸਰਵਜਨਿਕ ਕਰਨ ਦੀ ਵੀ ਨੀਤੀ ਬਣਾਈ ਜਾ ਸਕਦੀ ਹੈ ਤਾਂ ਜੋ ਲੋਕ ਸੁਰੱਖਿਅਤ ਰਹਿ ਸਕਣ।
ਤੀਜਾ, ਜਾਗਰੂਕਤਾ ਮੁਹਿੰਮਾਂ ਦਾ ਆਯੋਜਨ ਕੀਤਾ ਜਾ ਸਕਦਾ ਹੈ। ਟੀਵੀ, ਰੇਡੀਓ, ਸਮਾਜਿਕ ਮੀਡੀਆ, ਅਤੇ ਹੋਰ ਮਾਧਿਅਮਾਂ ਰਾਹੀਂ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਸਕਦੀਆਂ ਹਨ। ਇਸਤਰੀਆਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾ ਸਕਦਾ ਹੈ ਅਤੇ ਉਹਨਾਂ ਨੂੰ ਸਿਖਾਇਆ ਜਾ ਸਕਦਾ ਹੈ ਕਿ ਜੇਕਰ ਉਹ ਕਿਸੇ ਮੁਸ਼ਕਿਲ ਹਾਲਾਤ ਵਿੱਚ ਫਸ ਜਾਣ ਤਾਂ ਕਿਵੇਂ ਆਪਣੇ ਆਪ ਨੂੰ ਬਚਾ ਸਕਦੀਆਂ ਹਨ। ਇਸਦੇ ਨਾਲ-ਨਾਲ, ਮਰਦਾਂ ਨੂੰ ਵੀ ਸਿਖਾਉਣਾ ਜ਼ਰੂਰੀ ਹੈ ਕਿ ਉਹ ਮਹਿਲਾਵਾਂ ਦੀ ਇੱਜ਼ਤ ਕਿਵੇਂ ਕਰਨ।
ਚੌਥਾ, ਮਾਨਸਿਕਤਾ ਵਿੱਚ ਤਬਦੀਲੀ ਲਿਆਉਣ ਲਈ ਸਮਾਜਕ ਸੁਧਾਰ ਅਨੁਸ਼ਾਸਨ ਦੀ ਲੋੜ ਹੈ। ਇਸਤਰੀਆਂ ਦੇ ਸਵੈਮਾਣ,ਇੱਜ਼ਤ, ਅਤੇ ਹੱਕਾਂ ਨੂੰ ਮਾਣਤਾ ਦੇਣ ਦੀ ਲੋੜ ਹੈ। ਇਸਦੇ ਲਈ ਸਮਾਜਿਕ ਅਤੇ ਧਾਰਮਿਕ ਆਗੂਆਂ ਦੀ ਭੂਮਿਕਾ ਮਹੱਤਵਪੂਰਨ ਹੈ। ਉਹ ਲੋਕਾਂ ਵਿੱਚ ਸਹਿਮਤੀ ਅਤੇ ਸੁਰੱਖਿਆ ਦੇ ਮਹੱਤਵ ਨੂੰ ਬਹੁਤ ਹੀ ਅਸਾਨੀ ਨਾਲ ਪਹੁੰਚਾ ਸਕਦੇ ਹਨ।
ਸਰਕਾਰਾਂ ਨੂੰ ਵੀ ਇਸ ਮਾਮਲੇ ਵਿੱਚ ਪੂਰੀ ਸਹਾਇਤਾ ਦੇਣੀ ਚਾਹੀਦੀ ਹੈ। ਪੁਲਿਸ ਬਲਾਂ ਦੀ ਸਿਖਲਾਈ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਤਾਂ ਜੋ ਉਹ ਬਲਾਤਕਾਰ ਦੇ ਪੀੜਤਾਂ ਨਾਲ ਸੰਵੇਦਨਸ਼ੀਲਤਾ ਅਤੇ ਮਾਨਵਤਾ ਨਾਲ ਪੇਸ਼ ਆ ਸਕਣ। ਇਸ ਤਰ੍ਹਾਂ ਬਲਾਤਕਾਰ ਵਰਗੇ ਘਿਨਾਉਣੇ ਜੁਰਮ ਨੂੰ ਘਟਾਉਣ ਲਈ ਸਿੱਖਿਆ, ਸਖਤ ਕਾਨੂੰਨੀ ਪ੍ਰਵਿਰਤੀ, ਜਾਗਰੂਕਤਾ ਮੁਹਿੰਮਾਂ ਅਤੇ ਮਾਨਸਿਕਤਾ ਵਿੱਚ ਤਬਦੀਲੀ ਦੀ ਬਹੁਤ ਹੀ ਮਹੱਤਵਪੂਰਨ ਭੂਮਿਕਾ ਹੈ। ਇਹ ਸਾਰੇ ਕਦਮ ਮਿਲ ਕੇ ਸਮਾਜ ਨੂੰ ਵਧੀਆ ਅਤੇ ਸੁਰੱਖਿਅਤ ਬਣਾ ਸਕਦੇ ਹਨ।
ਅੰਤ ਵਿੱਚ ਇਹ ਦੱਸਣਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅਗਰ ਸਰਕਾਰਾਂ ਦੁਆਰਾ ਸਮਾਜ ਵਿੱਚ ਸਥਿਰਤਾ ਲਿਆਉਣ ਲਈ ਵਿਸ਼ੇਸ਼ ਉਪਰਾਲੇ ਨਾ ਕੀਤੇ ਗਏ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਆਮ ਜਨਤਾ ਦੇ ਹੱਥਾਂ ਵਿੱਚ ਫੜੀਆਂ ਮੋਮ ਬੱਤੀਆਂ “ਮਸ਼ਾਲਾਂ” ਦਾ ਰੂਪ ਧਾਰਨ ਕਰ ਲੈਣਗੀਆਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5231)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.