“ਵੋਟਰਾਂ ਨੂੰ ਆਪਣਾ ਮਤਦਾਨ ਬਗੈਰ ਕਿਸੇ ਲਾਲਚ, ਡਰ, ਧਰਮ ਜਾਤੀ ਅਤੇ ਖਿੱਤੇ ਤੋਂ ਉੱਪਰ ਉੱਠ ਕੇ ਜ਼ਮੀਰ ਦੀ ਆਵਾਜ਼ ...”
(12 ਅਪਰੈਲ 2024)
ਇਸ ਸਮੇਂ ਪਾਠਕ: 380.
ਲੋਕਤੰਤਰਿਕ ਪ੍ਰਣਾਲੀ ਵਿੱਚ ਚੋਣਾਂ ਦੀ ਬਹੁਤ ਅਹਿਮ ਭੂਮਿਕਾ ਅਤੇ ਵਿਸ਼ੇਸ਼ ਮਹੱਤਤਾ ਹੁੰਦੀ ਹੈ ਕਿਉਂਕਿ ਚੋਣਾਂ ਨੇ ਹੀ ਕਿਸੇ ਰਾਜਨੀਤਿਕ ਦਲ ਨੂੰ ਸੱਤਾ ਤੋਂ ਲਾਂਭੇ ਕਰਨਾ ਜਾਂ ਫਿਰ ਸੱਤਾ ਦਾ ਤਾਜ ਕਿਸੇ ਦਲ ਦੇ ਸਿਰ ’ਤੇ ਸਜਾਉਣਾ ਹੁੰਦਾ ਹੈ। ਲੋਕਤੰਤਰ ਪ੍ਰਣਾਲੀ ਵਿੱਚ ਕਿਸੇ ਵੀ ਰਾਜਨੀਤਿਕ ਦਲ ਜਾਂ ਵਿਅਕਤੀ ਵਿਸ਼ੇਸ਼ ਨੂੰ ਉਮੀਦਵਾਰ ਬਣ ਕੇ ਚੁਣਾਵੀ ਪਿੜ ਵਿੱਚ ਕੁੱਦਣ ਦਾ ਪੂਰਾ ਪੂਰਾ ਅਧਿਕਾਰ ਹੁੰਦਾ ਹੈ। ਇਸੇ ਤਰ੍ਹਾਂ ਹੀ ਭਾਰਤੀ ਸੰਵਿਧਾਨ ਆਪਣੇ ਰਾਜਨੀਤਿਕ ਵਿਰੋਧੀਆਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਇੱਕ ਸੀਮਤ ਦਾਇਰੇ ਵਿੱਚ ਰਹਿ ਕੇ ਉਸਾਰੂ ਅਤੇ ਸਾਰਥਿਕ ਆਲੋਚਨਾ ਕਰਨ ਦਾ ਅਧਿਕਾਰ ਵੀ ਦਿੰਦਾ ਹੈ। ਕਿਸੇ ਵੀ ਰਾਜਨੀਤਿਕ ਦਲ ਜਾਂ ਉਮੀਦਵਾਰ ਨੂੰ ਨਿੱਜੀ ਚਿੱਕੜ ਉਛਾਲੀ ਕਰਨ ਤੋਂ ਇਲਾਵਾ ਇੱਕ ਦੂਸਰੇ ਖਿਲਾਫ਼ ਭੱਦੀ ਟਿੱਪਣੀ ਕਰਨ ਦੀ ਭਾਰਤੀ ਸੰਵਿਧਾਨ ਹਰਗਿਜ਼ ਇਜਾਜ਼ਤ ਨਹੀਂ ਦਿੰਦਾ। ਇਸੇ ਤਰ੍ਹਾਂ ਹੀ ਕਿਸੇ ਉਮੀਦਵਾਰ ਜਾਂ ਰਾਜਨੀਤਿਕ ਪਾਰਟੀ ਨੂੰ ਕਿਸੇ ਵੋਟਰ ਦੇ ਧਰਮ, ਜਾਤ, ਰੰਗ ਅਤੇ ਨਸਲ ਆਦਿ ਨੂੰ ਅਧਾਰ ਬਣਾ ਕੇ ਚੋਣ ਮੁਹਿੰਮ ਦੌਰਾਨ ਪ੍ਰਚਾਰ ਆਦਿ ਕਰਨ ਦੀ ਵੀ ਪੂਰਨ ਮਨਾਹੀ ਹੈ। ਪ੍ਰੰਤੂ ਬੜੇ ਅਫਸੋਸ ਅਤੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਅਜੋਕੇ ਰਾਜਨੀਤੀਵਾਨ ਚੋਣਾਂ ਤਾਂ ਕੀ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਵੀ ਇੱਕ ਦੂਸਰੇ ਉੱਤੇ ਜਿਸ ਕਦਰ ਨਿੱਜੀ ਚਿੱਕੜ ਉਛਾਲੀ, ਤਾਹਨੇ, ਮਿਹਣੇ ਅਤੇ ਗਾਲੀ ਗਲੋਚ ਤਕ ਕਰਕੇ ਇਹਨਾਂ ਪਵਿੱਤਰ ਸਦਨਾਂ, ਸ਼ਿਸ਼ਟਾਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾ ਰਹੇ ਹਨ, ਉਸ ਨੂੰ ਦੇਖਦਿਆਂ ਜੇਕਰ ਇਸ ਨੂੰ ਰਾਜਨੀਤਿਕ ਦਿਵਾਲੀਏਪਣ ਅਤੇ ਇਖਲਾਕੀ ਗਿਰਾਵਟ ਦਾ ਸਿਰਾ ਕਹਿ ਲਿਆ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ।
ਸਿਆਸਤ ਦੀ ਮਾਮੂਲੀ ਜਾਣਕਾਰੀ ਰੱਖਣ ਵਾਲੇ ਲੋਕਾਂ ਨਾਲ ਵੀ ਜੇਕਰ ਗੱਲਬਾਤ ਕਰੀਏ ਤਾਂ ਉਹ ਕਹਿੰਦੇ ਹਨ ਕਿ ਇਨ੍ਹਾਂ ਮੀਸਣੇ ਲੋਕਾਂ ਦੀਆਂ ਟਿੱਪਣੀਆਂ ਅਤੇ ਗਤੀਵਿਧੀਆਂ ਦੇਖ-ਸੁਣ ਕੇ ਅਸੀਂ ਬੁਰੀ ਤਰ੍ਹਾਂ ਅੱਕ ਚੁੱਕੇ ਹਾਂ। ਲੋਕ ਹਿਤਾਂ ਨਾਲ ਸਰੋਕਾਰੀ ਅਤੇ ਕੁਝ ਕੁ ਸੁਹਿਰਦ ਲੋਕ ਅਕਸਰ ਅਜਿਹੇ ਨੇਤਾਵਾਂ ’ਤੇ ਵਰ੍ਹਦਿਆਂ ਕਹਿੰਦੇ ਹਨ ਕਿ ਇਹਨਾਂ ਨੇ ਭਵਿੱਖੀ ਨਸਲਾਂ ਨੂੰ ਕਿਹੋ ਜਿਹੀ ਸਿੱਖਿਆ ਦੇਣ ਦਾ ਬੀੜਾ ਚੁੱਕਿਆ ਹੈ? ਇਹਨਾਂ ਲੋਕਾਂ ਨੂੰ ਕਿਸ ਨੇ ਅਧਿਕਾਰ ਦਿੱਤਾ ਹੈ ਕਿ ਆਪਸੀ ਮੇਲ ਮਿਲਾਪ ਅਤੇ ਸੁਖ-ਸ਼ਾਂਤੀ ਨਾਲ ਜੀਵਨ ਬਸਰ ਕਰ ਰਹੀ ਜਨਤਾ ਵਿੱਚ ਧਰਮ, ਜਾਤੀ ਜਾਂ ਫਿਰ ਨਸਲ ਆਦਿ ਦੇ ਜ਼ਹਿਰੀਲੇ ਬੀਜ ਬੀਜਣ ਜਿਸਦਾ ਖਮਿਆਜਾ ਭਵਿੱਖ ਦੇ ਵਾਰਸਾਂ ਨੂੰ ਭੁਗਤਣਾ ਪਵੇ। ਅਜੋਕੇ ਸਮੇਂ ਲਗਭਗ ਸਾਰੀਆਂ ਹੀ ਪਾਰਟੀਆਂ ਦੇ ਆਗੂ ਜਿਸ ਕਦਰ ਨਿਵਾਣਾਂ ਨੂੰ ਛੂਹ ਰਹੇ ਹਨ, ਉਸ ਤੋਂ ਸਾਫ ਹੋ ਜਾਂਦਾ ਹੈ ਕਿ ਅੱਜ ਕੱਲ੍ਹ ਰਾਜਨੀਤੀ ਸੇਵਾ ਨਹੀਂ ਸਗੋਂ ਇੱਕ ਤਰ੍ਹਾਂ ਨਾਲ ਧੰਦਾ ਹੀ ਬਣ ਚੁੱਕੀ ਹੈ। ਜਿਸ ਢੀਠਤਾਈ ਨਾਲ ਰਾਜਨੀਤਕ ਛੜੱਪਿਆਂ ਦਾ ਮੁਕਾਬਲਾ ਚੱਲ ਰਿਹਾ ਹੈ ਉਸ ਤੋਂ ਜਾਪਦਾ ਹੈ ਕਿ ਸ਼ਰਮ ਅਤੇ ਆਤਮ ਸਨਮਾਨ ਵਰਗੇ ਸ਼ਬਦਾਂ ਦੀ ਕੋਈ ਹੋਂਦ ਹੀ ਨਹੀਂ ਰਹੀ। ਚੁਣਾਵੀ ਮੈਦਾਨ ਵਿੱਚ ਬਾਕਾਇਦਾ ਉਤਾਰੇ ਜਾਣ ਦੇ ਬਾਵਜੂਦ ਅਤੇ ਵਿਧਾਇਕੀਆਂ ਤੋਂ ਅਸਤੀਫਿਆਂ ਵਰਗੀ ਪੈਂਤੜੇਬਾਜ਼ੀ ਕੀ ਸੰਕੇਤ ਕਰ ਰਹੀ ਹੈ, ਸਮਝੋਂ ਬਾਹਰੀ ਗੱਲ ਹੈ?
ਚੋਣ ਮੁਹਿੰਮ ਦੌਰਾਨ ਜਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਕਮਿਸ਼ਨ ਦੇ ਅਧਿਕਾਰੀਆਂ ਕੋਲ ਇੱਕ ਦੂਜੇ ਖਿਲਾਫ ਕਰਦਿਆਂਇਹ ਲੋਕ ਖੁਦ ਨੂੰ ਦੁੱਧ ਧੋਤੇ ਸਾਬਤ ਕਰਦੇ ਹਨ। ਇੱਕ ਧਿਰ ਸਰਕਾਰੀ ਮਸ਼ੀਨਰੀ ਵਰਤਣ ਅਤੇ ਸਤਾ ਦੇ ਨਸ਼ੇ ਵਿੱਚ ਗੜਬੜ ਕਰਵਾਉਣ ਦੇ ਦੋਸ਼ ਲਗਾਉਂਦੀ ਹੈ ਤਾਂ ਦੂਸਰੀ ਧਿਰ ਨਸ਼ੇ ਅਤੇ ਪੈਸੇ ਵੰਡਣ ਦੇ। ਪਿਛਲੇ ਸਮੇਂ ਦੌਰਾਨ ਅਜਿਹਾ ਕੁਝ ਬੇਨਕਾਬ ਹੁੰਦਾ ਰਿਹਾ ਹੈ ਜਦੋਂ ਇੱਕ ਧਿਰ ਦੇ ਲੋਕ ਸ਼ਰਾਬ ਲਿਆਉਂਦੇ, ਅਤੇ ਦੂਸਰੇ ਸ਼ਰੇਆਮ ਪੈਸੇ ਵੰਡਦੇ ਪੁਲਿਸ ਨੇ ਦਬੋਚੇਸਨ। ਮੀਡੀਆ ਕਵਰੇਜ ਲੋਕ ਕਚਹਿਰੀ ਵਿੱਚ ਪੇਸ਼ ਹੋਈ ਸੀ ਅਤੇ ਫੋਟੋਆਂ ਸਮੇਤ ਅਖਬਾਰਾਂ ਦੀਆਂ ਸੁਰਖੀਆਂ ਬਣੀ ਸੀ ਪ੍ਰੰਤੂ ਸਭ ਕੁਝ ਮਿਲੀ ਭੁਗਤ ਨਾਲ ਖੁਰਦ ਬੁਰਦ ਹੋ ਗਿਆ। ਅਜਿਹੇ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਚੋਣ ਕਮਿਸ਼ਨ, ਜਿਸਦੀ ਡਿਊਟੀ ਚੋਣ ਜਾਬਤਾ ਲਾਗੂ ਕਰਨ, ਚੋਣ ਪਾਰਦਰਸ਼ੀ, ਨਿਰਪੱਖ ਅਤੇ ਨਿਰਵਿਘਨ ਨੇਪਰੇ ਚਾੜ੍ਹਨਾ ਹੁੰਦੀ ਹੈ, ਅਜਿਹੇ ਸਮੇਂ ਕਬੂਤਰ ਵਾਂਗ ਅੱਖਾਂ ਕਿਉਂ ਮੀਟ ਲੈਂਦਾ ਹੈ? ਜਦੋਂ ਵੀ ਕਮਿਸ਼ਨ ਨੂੰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਸਿਵਾਏ ਕੁਝ ਕੁ ਅਧਿਕਾਰੀਆਂ ਦੇ ਤਬਾਦਲੇ ਕਰਨ, ‘ਜਾਂਚ ਜਾਰੀ ਹੈ’ ਨੋਟਿਸ ਭੇਜਣ ਆਦਿ ਤੋਂ ਅਗਾਂਹ ਲੰਘ ਕੇ ਕੋਈ ਕਾਬਲੇ ਜ਼ਿਕਰ ਕਾਰਵਾਈ ਹੁੰਦੀ ਨਜ਼ਰੀਂ ਨਹੀਂ ਪੈਂਦੀ। ਜੇਕਰ ਚੋਣ ਅਬਜਰਬਰਾਂ ਵੱਲੋਂ ਸਖਤੀ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ ਤਾਂ ਅਜਿਹੀਆਂ ਧਾਂਦਲੀਆਂ ਨੂੰ ਕਾਫੀ ਹੱਦ ਤਕ ਠੱਲ੍ਹ ਪੈ ਸਕਦੀ ਹੈ। ਹਰ ਕਿਸਮ ਦੇ ਹੱਥਕੰਡੇ ਵਰਤ ਕੇ ਜੇਤੂ ਧਿਰ ਦੇ ਮਾਨਯੋਗ ਨੇਤਾ ਬੜੇ ਫਖਰ ਨਾਲ ਘੋਸ਼ਣਾ ਕਰਦੇ ਹਨ ਕਿ ਵੋਟਰ ਬੜਾ ਸੂਝਵਾਨ ਅਤੇ ਨੀਤੀਆਂ, ਪ੍ਰੋਗਰਾਮਾਂ ਨੂੰ ਸਮਝਦਾ ਹੈ, ਇਹੀ ਕਾਰਨ ਹੈ ਕਿ ਜਨਤਕ ਫਤਵਾ ਸਾਡੀ ਝੋਲੀ ਵਿੱਚ ਪਿਆ ਹੈ। ਕਿੰਨੀ ਹੈਰਾਨੀ ਅਤੇ ਵਿਡੰਬਨਾ ਹੈ ਕਿ ਜਿਨ੍ਹਾਂ ਨੇ ਲੋਕਾਂ ਨੂੰ ਸ਼ਰਾਬ, ਭੁੱਕੀ, ਅਫੀਮ ਅਤੇ ਇੱਥੋਂ ਤਕ ਕਿ ਪੈਸੇ ਵੀ ਸ਼ਰੇਆਮ ਵੰਡੇ ਹੋਣ, ਉਨ੍ਹਾਂ ਦੇ ਸਾਹਮਣੇ ਹੀ ਬੇਸ਼ਰਮੀ ਨਾਲ ਅਜਿਹੇ ਬਿਆਨ ਦਾਗੇ ਜਾਣ ਤਾਂ ਸਪਸ਼ਟ ਹੈ ਕਿ ਇਹ ਲੋਕ ਵੋਟਰਾਂ ਨੂੰ ਮੂਰਖਾਂ ਤੋਂ ਵੱਧ ਕੁਝ ਵੀ ਨਹੀਂ ਸਮਝਦੇ।
ਸੁਹਿਰਦਤਾ ਅਤੇ ਦਿਆਨਤਦਾਰੀ ਦੇ ਉਪਦੇਸ਼ਕ ਇਹ ਆਗੂ ਲੋਕ ਖੁਦ ਤਾਂ ਉਕਤ ਨਿਘਾਰ ਦਾ ਸ਼ਿਕਾਰ ਹੋ ਚੁੱਕੇ ਹਨ, ਨਾਲ ਹੀ ਨਾਗਰਿਕਾਂ ਦਾ ਇੱਕ ਅਜਿਹਾ ਗਰੋਹ ਵੀ ਤਿਆਰ ਹੋ ਰਿਹਾ ਹੈ ਜੋ ਭਵਿੱਖ ਵਿੱਚ ਹਰ ਤਰ੍ਹਾਂ ਦੀ ਅਰਾਜਕਤਾ ਫੈਲਾਉਣ ਵਰਗੀਆਂ ਅਜਿਹੀਆਂ ਬੁਲੰਦੀਆਂ ਛੂਹਣ ਵੱਲ ਵਧੇਗਾ, ਜੋ ਭਵਿੱਖੀ ਪੀੜ੍ਹੀਆਂ ਲਈ ਖਤਰੇ ਦੀ ਘੰਟੀ ਹੈ। ਜਿਸ ਤਰ੍ਹਾਂ ਦੀ ਸਵਾਰਥੀ, ਦੋਗਲੀ ਅਤੇ ਕੋਝਾਂ ਭਰੀ ਨੀਤੀ ਅਜੋਕੇ ਕੁਝ ਕੁ ਵੋਟਰਾਂ ਅਤੇ ਨੇਤਾਵਾਂ ਵੱਲੋਂ ਇਖਤਿਆਰ ਕੀਤੀ ਜਾ ਰਹੀ ਹੈ, ਇਹ ਆਪਣੇ ਪੈਰ ਆਪ ਕੁਹਾੜਾ ਮਾਰਨ ਜਾਂ ਫਿਰ ਬਾਰੂਦ ਦੇ ਢੇਰ ’ਤੇ ਬੈਠਣ ਦੇ ਸਮਾਨ ਹੈ। ਸਵਾਰਥ, ਭੁੱਖ-ਨੰਗ, ਬੇਰੁਜ਼ਗਾਰੀ, ਆਰਥਿਕ ਅਤੇ ਸਮਾਜਿਕ ਅਸਮਾਨਤਾ ਰੂਪੀ ਇਹ ਚੰਗਿਆਰੀ ਇਸ ਬਾਰੂਦ ਨੂੰ ਕਦੋਂ ਵੀ ਅੱਗ ਦੇ ਭਾਂਬੜ ਵਿੱਚ ਤਬਦੀਲ ਕਰ ਸਕਦੀ ਹੈ, ਜਿਸਦੇ ਸੇਕ ਤੋਂ ਬਚਣਾ ਇਹਨਾਂ ਲਈ ਸੰਭਵ ਨਹੀਂ।
ਇਹ ਇੱਕ ਕੌੜਾ ਸੱਚ ਹੈ ਕਿ ਝੂਠ ਦੀ ਬੇੜੀ ਲਈ ਸੱਚ ਦੇ ਸਮੁੰਦਰ ਨੂੰ ਪਾਰ ਕਰਨਾ ਕਦੇ ਵੀ ਅਸਾਨ ਨਹੀਂ ਹੁੰਦਾ। ਇਸਦਾ ਡੁੱਬਣਾ ਲਗਭਗ ਤੈਅ ਹੀ ਹੁੰਦਾ ਹੈ। ਇਸ ਲਈ ਵੋਟਰਾਂ ਨੂੰ ਆਪਣਾ ਮਤਦਾਨ ਬਗੈਰ ਕਿਸੇ ਲਾਲਚ, ਡਰ, ਧਰਮ ਜਾਤੀ ਅਤੇ ਖਿੱਤੇ ਤੋਂ ਉੱਪਰ ਉੱਠ ਕੇ ਜ਼ਮੀਰ ਦੀ ਆਵਾਜ਼ ਸੁਣ ਕੇ, ਰਾਜਸੀ ਦਲਾਂ ਦੇ ਪਿਛੋਕੜ ਅਤੇ ਉਮੀਦਵਾਰ ਦੇ ਨਿੱਜੀ ਕਿਰਦਾਰ ਨੂੰ ਧਿਆਨ ਹਿਤ ਰੱਖਦਿਆਂ ਹੀ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਪਾਰਟੀ ਜਾਂ ਉਮੀਦਵਾਰ ਦੀ ਲਾਲਚ ਆਦਿ ਦੇਣ ਦੀ ਜੁਰਅਤ ਹੀ ਨਾ ਪਵੇ। ਉਮੀਦਵਾਰਾਂ ਜਾਂ ਪਾਰਟੀਆਂ ਨੂੰ ਦੋਸ਼ੀ ਠਹਿਰਾਉਣਾ ਵੀ ਕਿਸੇ ਹੱਦ ਤਕ ਪ੍ਰਸੰਗਿਕ ਨਹੀਂ ਕਿਉਂਕਿ ਕੁਝ ਖਾਂਦੇ ਪੀਂਦੇ ਵੋਟਰ ਵੀ ਆਪਣਾ ਇਖਲਾਕ ਵੇਚਣ ਦੀ ਤਾਕ ਵਿੱਚ ਹੀ ਰਹਿੰਦੇ ਹਨ। ਇਸ ਲਈ ਸਾਨੂੰ ਸੰਵਿਧਾਨ ਨਿਰਮਾਤਾਵਾਂ ਵੱਲੋਂ ਦਿੱਤੇ ਵੋਟ ਦੇ ਅਧਿਕਾਰ ਦੀ ਮਹੱਤਤਾ ਅਤੇ ਸਵੈਮਾਣ ਨੂੰ ਤਰਜੀਹ ਦਿੰਦਿਆਂ ਹੀ ਆਪਣੇ ਅਧਿਕਾਰ ਦੀ ਵਰਤੋਂ ਕਰੀਨੀ ਚਾਹੀਦੀ ਹੈ। ਵੋਟ ਦੀ ਸੁਚੱਜੀ ਵਰਤੋਂ ਹੀ ਸਭ ਮਰਜ਼ਾਂ ਦੀ ਦਵਾ ਸਾਬਤ ਹੋ ਸਕਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4882)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)