“ਆਸ ਕਰਦੇ ਹਾਂ ਕਿ ਬ੍ਰਿਟੇਨ ਦੀ ਨਵੀਂ ਸਰਕਾਰ ਕੁਝ ਨਾ ਕੁਝ ਤਾਂ ਸਮਾਜਵਾਦੀ ਲੀਹਾਂ ’ਤੇ ਚੱਲਣ ਦੀ ਕੋਸ਼ਿਸ਼ ...”
(8 ਜੁਲਾਈ 2024)
ਇਸ ਸਮੇਂ ਪਾਠਕ: 285.
ਭਾਰਤ ਦੀਆਂ ਆਮ ਚੋਣਾਂ ਦੇ ਨਤੀਜਿਆਂ ਤੋਂ ਇੱਕ ਮਹੀਨਾ ਬਾਅਦ ਬਰਤਾਨੀਆ (ਯੂਕੇ) ਵਿੱਚ ਹੋਈਆਂ ਚੋਣਾਂ ਦਾ ਨਤੀਜਾ ਆਇਆ ਹੈ। ਉੱਥੇ ‘ਕੰਜ਼ਰਵੇਟਿਵ ਪਾਰਟੀ’ ਜੋ ਪਿਛਲੇ 14 ਸਾਲਾਂ ਤੋਂ ਸੱਤਾ ’ਤੇ ਕਾਬਜ਼ ਸੀ, ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਸ ਨੂੰ 650 ਸੀਟਾਂ ਵਿੱਚੋਂ ਸਿਰਫ 121 ਸੀਟਾਂ ’ਤੇ ਹੀ ਸਬਰ ਕਰਨਾ ਪਿਆ। ਉਸਦੀ ਮੁੱਖ ਵਿਰੋਧੀ ‘ਲੇਬਰ ਪਾਰਟੀ’ ਨੂੰ 14 ਸਾਲ ਬਾਅਦ 412 ਸੀਟਾਂ ਦੀ ਸ਼ਾਨਦਾਰ ਜਿੱਤ ਨਾਲ ਸੱਤਾ ਵਾਪਸੀ ਕਰਨ ਦਾ ਸੁਨਹਿਰਾ ਮੌਕਾ ਮਿਲਿਆ ਹੈ। ਲਿਬਰਲ ਡੈਮੋਕਰੈਟ 71 ਸੀਟਾਂ ਨਾਲ ਤੀਜੇ ਸਥਾਨ ’ਤੇ ਰਹੇ ਅਤੇ ਰਿਫਾਰਮ ਨੂੰ ਸਿਰਫ 4 ਸੀਟਾਂ ਹੀ ਮਿਲੀਆਂ ਹਨ।
ਕੰਜ਼ਰਵੇਟਿਵ ਪਾਰਟੀ ਨੇ 14 ਸਾਲਾਂ ਦੇ ਕਾਰਜਕਾਲ ਦੌਰਾਨ ਪੰਜ ਪ੍ਰਧਾਨ ਮੰਤਰੀ ਬਦਲੇ। ਮੌਜੂਦਾ ਪ੍ਰਧਾਨ ਮੰਤਰੀ, ਭਾਰਤੀ ਮੂਲ ਦੇ ਰਿਸ਼ੀ ਸੂਨਿਕ ਨੇ ਆਪਣੇ 20 ਮਹੀਨੇ ਦੌਰਾਨ ਯੂਕੇ ਨੂੰ ਆਰਥਿਕ ਮੰਦੀ ਵਿੱਚੋਂ ਬਾਹਰ ਕੱਢਣ ਅਤੇ ਪਾਰਟੀ ਦੀ ਡਿਗਦੀ ਸਾਖ ਬਚਾਉਣ ਲਈ ਅਥਾਹ ਯਤਨ ਕੀਤੇ ਪਰ ਸਫਲਤਾ ਨਹੀਂ ਮਿਲੀ, ਜਿਸਦੇ ਚਲਦਿਆਂ ਉਨ੍ਹਾਂ ਨੂੰ ਪਿਛਲੇ ਚੋਣ ਨਤੀਜੇ ਨਾਲੋਂ 250 ਸੀਟਾਂ ਦਾ ਭਾਰੀ ਨੁਕਸਾਨ ਉਠਾਉਂਦਿਆਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤਕ ਕਿ ਉਨ੍ਹਾਂ ਦੇ 11 ਕੈਬਨਿਟ ਮੰਤਰੀ ਹਾਰ ਗਏ ਅਤੇ ਉਨ੍ਹਾਂ ਦੀ ਸਾਬਕਾ ਪ੍ਰਧਾਨ ਮੰਤਰੀ ਵੀ ਹਾਰ ਗਈ, ਜੋ ਕਿ 200 ਸਾਲ ਦੀ ਪਹਿਲੀ ਘਟਨਾ ਹੈ।
‘ਲੇਬਰ ਪਾਰਟੀ’ ਜਿਸਦਾ ਬੁਨਿਆਦੀ ਢਾਂਚਾ ਭਾਵੇਂ ਸਮਾਜਵਾਦੀ ਵਿਚਾਰਧਾਰਾ ਹੈ, ਮੌਜੂਦਾ ਸਮੇਂ ਇਸ ਵਿੱਚ ਤਿੰਨ ਵਿਚਾਰਾਂ ਦੇ ਧੜੇ ਕੰਮ ਕਰਦੇ ਹਨ ਜਿਨ੍ਹਾਂ ਵਿੱਚ ਇੱਕ ਤਾਂ ਨਿਰੋਲ ਮਜ਼ਦੂਰਾਂ ਹੱਕਾਂ-ਹਿਤਾਂ ਲਈ ਤਤਪਰ ਹੈ, ਦੂਜਾ ਸਮਾਜਵਾਦੀ ਸੋਚ ਦਾ ਧਾਰਨੀ ਹੈ ਅਤੇ ਤੀਜਾ ਸੋਧਵਾਦੀ ਧੜਾ ਹੈ, ਜੋ ਦਰਪੇਸ਼ ਹਾਲਤਾਂ ਅਨੁਸਾਰ ਨਿਰਨੇ ਲੈਣ ਦਾ ਹਾਮੀ ਹੈ। ਲੇਬਰ ਪਾਰਟੀ ਨੇ ਇਸ ਵਾਰ ਬਦਲਾਓ ਦੇ ਨਾਅਰੇ ਹੇਠ ਬਹੁਤ ਮਜ਼ਬੂਤੀ ਨਾਲ ਚੋਣਾਂ ਲੜੀਆਂ ਅਤੇ ਅਥਾਹ ਸਫ਼ਲਤਾ ਪ੍ਰਾਪਤ ਕੀਤੀ। ਲੇਬਰ ਪਾਰਟੀ ਦੇ ਮੌਜੂਦਾ ਆਗੂ ‘ਕੀਅਰ ਸਟਾਰਮਰ’ ਜੋ ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋਏ, ਭਾਰੀ ਆਰਥਿਕ ਤੰਗੀਆਂ ਦਾ ਮੁਕਾਬਲਾ ਕਰਦੇ ਹੋਏ ਪਰਿਵਾਰ ਦੇ ਪਹਿਲੇ ਵਿਅਕਤੀ ਬਣੇ ਜੋ ਯੂਨੀਵਰਸਿਟੀ ਤਕ ਪਹੁੰਚੇ ਅਤੇ ਨਾਮੀ ਵਕੀਲ ਬਣੇ ਅਤੇ ਮਨੁੱਖੀ ਅਧਿਕਾਰਾਂ ਦੇ ਬੜੇ ਚਰਚਿਤ ਕੇਸ ਲੜੇ ਅਤੇ ਨਾਮ ਚਮਕਾਇਆ। ਇਸ ਦੌਰਾਨ ਹੀ ਉਹ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜੇ ਅਤੇ ਪਾਰਟੀ ਦੇ ਸਰਗਰਮ ਆਗੂਆਂ ਦੀ ਕਤਾਰ ਵਿੱਚ ਸ਼ੁਮਾਰ ਹੋ ਗਏ। ਇਨਾਂ ਚੋਣਾਂ ਦੌਰਾਨ ਕੀਅਰ ਸਟਾਰਮਰ ਨੇ ਗੰਭੀਰ ਲੋਕ ਮੁੱਦਿਆਂ ਨੂੰ ਲੈ ਕੇ ਲੜਾਈ ਲੜੀ ਅਤੇ ਕਾਮਯਾਬੀ ਦੇ ਝੰਡੇ ਗੱਡੇ। ਉਨ੍ਹਾਂ ਨੇ ਆਪਣੀ ਹੀ ਪਾਰਟੀ ਦੇ 1997 ਦੇ ਪ੍ਰਧਾਨ ਮੰਤਰੀ “ਟੋਨੀ ਬਲੇਅਰ” ਦੇ 418 ਸੀਟਾਂ ਦੇ ਰਿਕਾਰਡ ਦੇ ਬਿਲਕੁਲ ਨੇੜੇ 412 ਸੀਟਾਂ ’ਤੇ ਪਹੁੰਚ ਕੇ ਪੁਰਾਣੀ ਯਾਦ ਤਾਜ਼ਾ ਕਰ ਦਿੱਤੀ। ਜ਼ਿਕਰਯੋਗ ਹੈ ਕਿ ਲੇਬਰ ਪਾਰਟੀ ਵੱਲੋਂ 10 ਮੈਂਬਰ ਪੰਜਾਬੀ (ਭਾਰਤੀ) ਵੀ ਜਿੱਤ ਕੇ ਸਰਕਾਰ ਦਾ ਹਿੱਸਾ ਬਣੇ ਹਨ।
ਕੰਜ਼ਰਵੇਟਿਵ ਪਾਰਟੀ ਦੀ ਬੁਰੀ ਹਾਰ ਦੇ ਕਈ ਕਾਰਨ ਹਨ, ਜਿਨ੍ਹਾਂ ਵਿੱਚ ਖਾਸ ਕਰਕੇ ਯੂਕੇ ਵਿੱਚ (ਰੂਸ-ਯੂਕਰੇਨ ਦੀ ਲੜਾਈ ਤੋਂ ਬਾਅਦ) ਤੇਜ਼ੀ ਨਾਲ ਵਧੀ ਮਹਿੰਗਾਈ, ਜਿਸ ਦੌਰਾਨ ਤੇਲ, ਗੈਸ ਅਤੇ ਖਾਣ-ਪੀਣ ਦੀਆਂ ਵਸਤਾਂ ਦੇ ਭਾਅ ਵਿੱਚ ਭਾਰੀ ਵਾਧਾ ਹੋਇਆ। ਸਿਹਤ ਸਹੂਲਤਾਂ ਵਿੱਚ ਭਾਰੀ ਗਿਰਾਵਟ, ਦੰਦਾਂ ਦਾ ਇਲਾਜ ਇੰਨਾ ਮਹਿੰਗਾ ਹੋ ਗਿਆ ਕਿ ਆਮ ਲੋਕ ਆਪਣੇ ਖਰਾਬ ਦੰਦ ਖੁਦ ਹੀ ਖਿੱਚ ਕੇ ਖਤਰਨਾਕ ਤਰੀਕਿਆਂ ਨਾਲ ਕੱਢਦੇ ਹੋਏ ਘਰੇਲੂ ਅਹੁੜ-ਪਹੁੜ ਕਰਨ ਲਈ ਮਜਬੂਰ ਹੋ ਗਏ। ਹਸਪਤਾਲਾਂ ਵਿੱਚ ਮੈਡੀਕਲ ਜਾਂਚ ਕਰਵਾਉਣ ਲਈ ਮਰੀਜ਼ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਨੇੜੇ ਪਹੁੰਚ ਗਏ। ਕੋਵਿਡ ਕਾਲ ਤੋਂ ਬਾਅਦ ਆਈ ਆਰਥਿਕ ਮੰਦੀ ਨੇ ਵੀ ਲੋਕਾਂ ਨੂੰ ਹਾਲੋਂ ਬੇਹਾਲ ਕਰ ਦਿੱਤਾ। ਇਨ੍ਹਾਂ ਬੁਰੇ ਹਾਲਾਤ ਦੇ ਚਲਦਿਆਂ ਲੋਕਾਂ ਦੀ ਨਰਾਜ਼ਗੀ ਦਾ ਖਮਿਆਜ਼ਾ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਭੁਗਤਣਾ ਪਿਆ।
ਜਿਸ ਵਕਤ ਬਰਤਾਨੀਆ (ਯੂਕੇ) ਦੇ ਨਾਲ ਲਗਦੇ ਯੂਰਪੀਅਨ ਦੇਸ਼ਾਂ ਜਰਮਨ, ਫਰਾਂਸ, ਇਟਲੀ ਆਦਿ ਵਿੱਚ ਸੱਜਪਿਛਾਖੜੀ, ਦੱਖਣਪੰਥੀ ਤਾਕਤਾਂ ਦਾ ਬੋਲਬਾਲਾ ਵਧ ਰਿਹਾ ਹੋਵੇ, ਉਸ ਵਕਤ ਯੂਕੇ ਵਿੱਚ ਖੱਬੇ ਪੱਖੀ ਪਾਰਟੀ ਦਾ ਅੱਗੇ ਆਉਣਾ ਇੱਕ ਅਹਿਮ ਬਦਲਾਓ ਦੇ ਰੂਪ ਵਜੋਂ ਦੇਖਿਆ ਜਾ ਰਿਹਾ ਹੈ, ਭਾਵੇਂ ਕਿ ਲੇਬਰ ਪਾਰਟੀ ਅਤੇ ਟੋਰੀਆਂ ਦੀ ਵਿਦੇਸ਼ ਨੀਤੀ ਵਿੱਚ ਕੋਈ ਖਾਸ ਅੰਤਰ ਨਹੀਂ ਹੋਵੇਗਾ ਪਰ ਯੂਕੇ ਦੀ ਮਜ਼ਦੂਰ ਜਮਾਤ ਇਸ ਨਵੀਂ ਸਰਕਾਰ ਤੋਂ ਕਾਫੀ ਆਸਵੰਦ ਦਿਖਾਈ ਦੇ ਰਹੀ ਹੈ। ਜੇਕਰ ਇਨ੍ਹਾਂ ਚੋਣਾਂ ਨੂੰ ਭਾਰਤੀ ਚੋਣ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇੱਕ ਵੱਡਾ ਅੰਤਰ ਤਾਂ ਇਹ ਹੈ ਕਿ ਉੱਥੇ ਚੋਣਾਂ ਵਿਵਾਦਿਤ ‘ਵੋਟਿੰਗ ਮਸ਼ੀਨਾਂ’ ਦੀ ਥਾਂ ‘ਵੋਟਿੰਗ ਪਰਚੀ’ ਨਾਲ ਹੁੰਦੀਆਂ ਹਨ। ਦੂਜਾ, ਜਿਵੇਂ ਭਾਰਤ ਵਿੱਚ ਸੱਤਾਧਾਰੀ ਭਾਜਪਾ ਵੱਲੋਂ ‘ਅਬ ਕੀ ਬਾਰ 400 ਪਾਰ’ ਵਰਗੇ ਹੈਂਕੜਬਾਜ਼ੀ ਨਾਅਰੇ ਨਹੀਂ ਦਿੱਤੇ ਗਏ ਅਤੇ ਬਿਨਾਂ ਅਜਿਹੇ ਬੇਤੁਕੇ ਨਾਅਰਿਆਂ ਦੇ ਵੀ ਲੇਬਰ ਪਾਰਟੀ ਵਾਲੇ 400 ਪਾਰ ਕਰਕੇ ਵਿਖਾ ਗਏ ਅਤੇ ਭਾਰਤ ਵਿੱਚ ਇਹ ਨਾਅਰਾ ਲਾਉਣ ਵਾਲੇ ਹਰ ਹੀਲਾ-ਵਸੀਲਾ ਵਰਤ ਕੇ 240 ਵੀ ਪਾਰ ਨਹੀਂ ਕਰ ਸਕੇ ਅਤੇ ਹੁਣ ਵਿਸਾਖੀਆਂ ਦੇ ਸਹਾਰੇ ਇੱਕ ਕਮਜ਼ੋਰ ਸਰਕਾਰ ਚਲਾ ਰਹੇ ਹਨ।
ਆਸ ਕਰਦੇ ਹਾਂ ਕਿ ਬ੍ਰਿਟੇਨ ਦੀ ਨਵੀਂ ਸਰਕਾਰ ਕੁਝ ਨਾ ਕੁਝ ਤਾਂ ਸਮਾਜਵਾਦੀ ਲੀਹਾਂ ’ਤੇ ਚੱਲਣ ਦੀ ਕੋਸ਼ਿਸ਼ ਕਰਦਿਆਂ ਲੋਕਾਂ ਦੀਆਂ ਉਮੀਦਾਂ ਪੂਰੀਆਂ ਕਰੇਗੀ ਇਨ੍ਹਾਂ ਸ਼ਬਦਾਂ ਨਾਲ ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਨਵੇਂ ਬਣੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੂੰ ਕ੍ਰਾਂਤੀਕਾਰੀ ਮੁਬਾਰਕ ਪੇਸ਼ ਕਰਦੇ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5118)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.