GurbinderSBajwa7ਵਿਸ਼ਾਲ ਵੀ ਇਸੇ ਸੋਚ ਵਾਲਾ ਮੁੰਡਾ ਹੈ ਪਰ ਦੂਜੇ ਪਾਸੇ ਜ਼ਮੀਨਾਂ ਵਾਲਿਆਂ ਦੇ ਬੱਚੇ ਤੀਹ ਲੱਖ ...
(23 ਸਤੰਬਰ 2023)


ਇਸ ਮੁੰਡੇ ਦਾ ਨਾਮ ਵਿਸ਼ਾਲ ਹੈ
ਇਹ ਅੰਮ੍ਰਿਤਸਰ ਵਿੱਚ ਇਲੈਕਟ੍ਰਾਨਿਕ ਆਟੋ ਰਿਕਸ਼ਾ ਚਲਾਉਂਦਾ ਹੈ ਜੋ ਇਸਨੇ ਹੁਣੇ ਹੁਣੇ ਆਪਣੀ ਮਿਹਨਤ ਦੀ ਕਮਾਈ ਨਾਲ ਡੇਢ ਲੱਖ ਰੁਪਏ ਦਾ ਨਵਾਂ ਖਰੀਦਿਆ ਹੈ। ਇਹ ਇੱਕ ਵਾਰ ਚਾਰਜ ਹੋਣ ਉੱਤੇ 120 ਕਿਲੋਮੀਟਰ ਚੱਲਦਾ ਹੈ। ਵਿਸ਼ਾਲ ਇੱਕ ਸਾਲ ਦੁਬਈ ਵਿੱਚ ਵੀ ਲਾ ਆਇਆ ਹੈਇਹ ਰਾਤ ਨੌ ਵਜੇ ਤੋਂ ਇੱਕ ਵਜੇ ਤਕ ਇੱਕ ਕੱਪੜਾ ਫੈਕਟਰੀ ਵਿੱਚ ਸਿਲਾਈ ਦਾ ਕੰਮ ਕਰਦਾ ਹੈ। ਫਿਰ ਸੱਤ ਵਜੇ ਤਕ ਨੀਂਦ ਪੂਰੀ ਕਰਦਾ ਅਤੇ ਨਾਸ਼ਤਾ ਕਰਕੇ ਸਵੇਰੇ ਅੱਠ ਵਜੇ ਤੋਂ ਸ਼ਾਮ ਸੱਤ ਵਜੇ ਤਕ ਰਿਕਸ਼ਾ ਚਲਾਉਂਦਾ ਹੈ

ਵਿਸ਼ਾਲ ਨੂੰ ਫੈਕਟਰੀ ਤੋਂ ਪੰਦਰਾਂ ਹਜ਼ਾਰ ਰੁਪਏ ਮਹੀਨਾ ਮਿਲਦਾ ਅਤੇ ਰਿਕਸ਼ੇ ਤੋਂ ਹਜ਼ਾਰ ਰੁਪਏ ਰੋਜ਼ ਦਾ। ਮਤਲਬ ਕਿ ਪੰਜਤਾਲੀ ਹਜ਼ਾਰ ਰੁਪਇਆ ਮਹੀਨੇ ਦਾ। ਸਾਰੇ ਖਰਚੇ ਕੱਢ ਕੇ ਵਿਸ਼ਾਲ ਤੀਹ ਹਜ਼ਾਰ ਰੁਪਏ ਮਹੀਨਾ ਕਮਾ ਲੈਂਦਾ। ਜਦੋਂ ਮੈਂ ਵਿਸ਼ਾਲ ਨੂੰ ਦੱਸਿਆ ਕਿ ਇੰਨੀ ਆਮਦਨ ਇੱਕ ਛੇ ਕਿੱਲੇ ਜ਼ਮੀਨ ਵਾਲੇ ਕਿਸਾਨ ਦੀ ਵੀ ਨਹੀਂ ਤਾਂ ਉਹ ਥੋੜ੍ਹਾ ਹੈਰਾਨ ਹੋਇਆ।

ਅੰਮ੍ਰਿਤਸਰ ਵਿੱਚ ਟਰੈਫਿਕ ਇੰਨੀ ਜ਼ਿਆਦਾ ਹੈ ਕਿ ਸ਼ਾਂਤ ਇਲਾਕੇ ਵਿੱਚ ਰਹਿਣ ਵਾਲਾ ਜੇ ਹੁਸੈਨਪੁਰੇ ਚੌਕ ’ਤੇ ਬੱਸ ਸਟੈਂਡ ਵਾਲੀ ਸੜਕ ਤੋਂ ਸ਼ੇਰਾਂ ਵਾਲੇ ਗੇਟ ਰਾਹੀਂ ਕੋਤਵਾਲੀ ਵਾਲੀ ਪਾਰਕਿੰਗ ਤਕ ਚਲਾ ਜਾਵੇ ਤਾਂ ਹਫਤਾ ਭਰ ਕੰਨਾਂ ਵਿੱਚ ਸੀਟੀਆਂ ਵੱਜਦੀਆਂ ਰਹਿੰਦੀਆਂ ਹਨ। ਆਪਣਾ ਵਾਹਨ ਲੈ ਕੇ ਜਾਣ ਤਾਂ ਤਾਂ ਕੋਈ ਹੱਜ ਹੀ ਨਹੀਂ ਹੈ। ਇਸ ਲਈ ਅਸੀਂ ਹਮੇਸ਼ਾ ਮਜੀਠਾ ਬਾਈਪਾਸ ਉੱਤੇ ਆਪਣਾ ਸਾਧਨ ਪਾਰਕ ਕਰਕੇ ਅੱਗੇ ਆਟੋ ਰਾਹੀਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਈਦਾ ਹੈ।

ਇੱਕ ਦਿਨ ਵਿਸ਼ਾਲ ਨੇ ਸਾਥੋਂ ਪੰਜ ਸਵਾਰੀਆਂ ਦੇ ਬਿਲਕੁਲ ਜਾਇਜ਼ ਸੌ ਰੁਪਏ ਮੰਗੇ। ਸਭ ਤੋਂ ਖੂਬਸੂਰਤ ਗੱਲ ਮੈਨੂੰ ਇਸ ਮੁੰਡੇ ਦੀ ਇਹ ਲੱਗੀ ਕਿ ਉਸ ਨੂੰ ਅੰਮ੍ਰਿਤਸਰ ਸ਼ਹਿਰ ਦੀ ਇਮੇਜ ਦੀ ਚਿੰਤਾ ਹੈ, ਇਸ ਲਈ ਉਹ ਕਈ ਵਾਰ ਸੈਲਾਨੀਆਂ ਕੋਲੋਂ ਘੱਟ ਪੈਸੇ ਵੀ ਲੈ ਲੈਂਦਾ ਹੈ। ਕੁਝ ਲੋਕ ਉਸਦੇ ਵਿਹਾਰ ਕਰਕੇ ਉਸ ਨੂੰ ਵੱਧ ਵੀ ਦੇ ਜਾਂਦੇ ਹਨ।

ਆਪ ਸਭ ਨੂੰ ਖਾਲੜੇ ਵਾਲਾ ਜਸਕਰਨ ਤਾਂ ਚੇਤੇ ਹੀ ਹੋਵੇਗਾ ਜਿਸਨੇ ਕੇ ‘ਕੌਣ ਬਣੇਗਾ ਕਰੋੜਫਤੀ’ ਵਿੱਚ ਕਰੋੜ ਰੁਪਏ ਜਿੱਤਿਆ ਹੈ। ਬਹੁਤ ਹੀ ਸਾਧਾਰਨ ਪਰਿਵਾਰ ਨਾਲ ਸੰਬੰਧ ਰੱਖਦੇ ਜਸਕਰਨ ਨੇ ਆਪਣਾ ਕੈਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੀ ਲਿਆਕਤ ਨਾਲ ਪਰਿਵਾਰ ਦੀ ਗਰੀਬੀ ਧੋ ਛੱਡੀ ਹੈ ਅਤੇ ਆਤਮ ਵਿਸ਼ਵਾਸ ਨਾਲ ਗੜੁੱਚ ਇਹ ਮੁੰਡਾ ਪੰਜਾਬ ਵਿੱਚ ਹੀ ਆਪਣਾ ਭਵਿੱਖ ਵੇਖ ਰਿਹਾ ਹੈ।

ਵਿਸ਼ਾਲ ਵੀ ਇਸੇ ਸੋਚ ਵਾਲਾ ਮੁੰਡਾ ਹੈ ਪਰ ਦੂਜੇ ਪਾਸੇ ਜ਼ਮੀਨਾਂ ਵਾਲਿਆਂ ਦੇ ਬੱਚੇ ਤੀਹ ਲੱਖ ਖਰਚਕੇ ਕਨੇਡਾ ਅਤੇ ਪੰਜਾਹ ਲੱਖ ਵਿੱਚ ਅਮਰੀਕਾ ਦੀ ਡੌਂਕੀ ਲਾ ਕੇ ਆਪਣਾ ਭਵਿੱਖ ਤਲਾਸ਼ ਰਹੇ ਹਨ। ਕਿਤੇ ਨਾ ਕਿਤੇ ਟਰਾਂਸਫਰਮੇਸ਼ਨ ਆਫ ਨਾਲੇਜ ਵਿੱਚ ਕਮੀ ਨਜ਼ਰ ਆਉਂਦੀ ਹੈ, ਵਰਨਾ ਪੀੜ੍ਹੀਆਂ ਦੀ ਕੁਰਬਾਨੀ, ਤਿਆਗ ਅਤੇ ਮਿਹਨਤ ਨਾਲ ਬਣੀ ਧਰਤੀ ਛੱਡ ਕੇ ਵਿਦੇਸ਼ਾਂ ਵਿੱਚ ਦਰ ਬਦਰ ਹੋ ਕੇ ਕਿਹੜੀ ਖੁਸ਼ੀ ਤੇ ਭਵਿੱਖ ਲੱਭਦੇ ਫਿਰਦੇ ਹਨ।

ਕੁਦਰਤ ਦਾ ਅਸੂਲ ਹੈ ਕਿ ਜਦੋਂ ਤੁਸੀਂ ਜਗਾਹ ਖਾਲੀ ਕਰੋਗੇ ਤਾਂ ਕੋਈ ਤਾਂ ਉਸ ਨੂੰ ਭਰੇਗਾ ਹੀ। ਤੁਸੀਂ ਵੀ ਤਾਂ ਕਿਸੇ ਦੀ ਜਗਾ ਲਈ ਹੀ ਹੈ ... ਇਹ ਜ਼ਿੰਦਗੀ ਦਾ ਗੇੜ ਹੈ ਪਰ ਢੋਈ ਬੋਹੜ ਥੱਲੇ ਹੀ ਮਿਲਦੀ ਹੈ ਜੋ ਜ਼ਿਆਦਾਤਰ ਲੋਕਾਂ ਨੂੰ ਨਸੀਬ ਨਹੀਂ ਹੁੰਦੀ। ਆਪਣੀ ਧਰਤੀ ਕੀ ਹੁੰਦੀ ਹੈ, ਇਹ ਇਸਰਾਇਲੀਆਂ ਤੋਂ ਜਾਣੋ ਜਾਂ ਫਿਰ ਫਿਜ਼ੀ, ਕੀਨੀਆ, ਰੋਡੇਸ਼ੀਆ ਛੱਡ ਕੇ ਭੱਜਣ ਵਾਲੇ ਭਾਰਤੀ ਪ੍ਰਵਾਸੀਆਂ ਤੋਂ ...। ਰੁਲ਼ਦੇ ਤਾਂ ਯੂਕਰੇਨ ਵਾਲੇ ਵੀ ਫਿਰਦੇ ਹਨ।

ਕੱਲ੍ਹ ਨੂੰ ਕਿਸੇ ਵੀ ਮੁਲਕ ਦੇ ਸਥਾਨਿਕ ਲੋਕ ਬਾਹਰੋਂ ਆਏ ਪ੍ਰਵਾਸੀਆਂ ਦੇ ਮਗਰ ਪੈ ਸਕਦੇ ਹਨ, ਫਿਰ ਆਸਰਾ ਆਪਣੀ ਮਿੱਟੀ ਤੋਂ ਇਲਾਵਾ ਕਿੱਥੇ ਮਿਲੇਗਾ?

ਬਹੁਤਿਆਂ ਨੂੰ ਲੱਗਦਾ ਹੈ ਕਿ ਪੰਜਾਬ ਬਾਹਰ ਵਲ ਉੱਡ ਰਿਹਾ ਹੈ ਪਰ ਇੱਥੇ ਪੰਜਾਬ ਨੂੰ ਪੰਜਾਬ ਵਿੱਚ ਉਡਾਰੀਆਂ ਲਵਾਉਣ ਵਾਲੇ ਵਾਰਿਸ ਵੀ ਹੈਗੇ ਨੇ। ਕੰਮ ਵੀ ਇੱਥੇ ਬਹੁਤ ਹੈ, ਬੱਸ ਕਰਨ ਦੀ ਇੱਛਾ ਰੱਖਣ ਵਾਲਾ ਹੋਵੇ। ਦੁਬਈ ਵਿੱਚ ਰਹਿ ਕੇ ਆਇਆ ਵਿਸ਼ਾਲ ਦੱਸਦਾ ਹੈ ਕੇ ਅੰਮ੍ਰਿਤਸਰ ਦੁਨੀਆ ਦੀ ਖਾਣ, ਪਹਿਨਣ ਤੇ ਰਹਿਣ ਦੇ ਇਲਾਜ਼ ਨਾਲ ਸਭ ਤੋਂ ਸਸਤੀ ਜਗਾ ਹੈ। ਇੱਥੇ ਕੋਈ ਭੁੱਖਾ ਨੀਹੀਂ ਮਰ ਸਕਦਾ, ਜ਼ਿਆਦਾ ਖਾ ਕੇ ਬੇਸ਼ਕ ਮਰ ਜਾਵੇ।

ਅਸੀਂ ਸ੍ਰੀ ਦਰਬਾਰ ਸਾਹਿਬ ਤੋਂ ਵਾਪਸੀ ਵੇਲੇ ਵੀ ਵਿਸ਼ਾਲ ਨਾਲ ਹੀ ਆਉਣ ਦਾ ਇਰਾਦਾ ਕਰ ਲਿਆ ਪਰ ਉਸ ਨੂੰ ਬੈਟਰੀ ਰੀਚਾਰਜ ਕਰਨ ਲਈ ਘਰ ਜਾਣਾ ਪਿਆ। ਮਤਲਬ ਕਿ ਉਹ ਇੱਕ ਸੌ ਦਸ ਕਿਲੋਮੀਟਰ ਰਿਕਸ਼ਾ ਚਲਾ ਚੁੱਕਿਆ ਸੀ। ਉਸਦੀ ਜਗਾਹ ਜਿਸ ਨੌਜਵਾਨ ਮੁੰਡੇ ਦੇ ਆਟੋ ਵਿੱਚ ਅਸੀਂ ਵਾਪਸ ਪਰਤੇ ਉਹ ਵੀ ਰੋਜ਼ ਤਰਨਤਾਰਨ ਤੋਂ ਆ ਕੇ ਕਿਰਾਏ ’ਤੇ ਆਟੋ ਲੈ ਕੇ ਚਲਾਉਂਦਾ ਹੈ। ਉਸਨੇ ਦੱਸਿਆ ਕੇ ਉਹ ਪਹਿਲਾਂ ਇੱਕ ਕੱਪੜੇ ਦੀ ਦੁਕਾਨ ਉੱਤੇ ਕੰਮ ਕਰਦਾ ਸੀ ਪਰ ਦੁਕਾਨ ਮਾਲਿਕ ਦਾ ਵਤੀਰਾ ਚੰਗਾ ਨਾ ਹੋਣ ਕਰਕੇ ਹੁਣ ਰਿਕਸ਼ਾ ਚਲਾਉਣ ਲੱਗ ਪਿਆ ਹੈ ਤੇ ਹੌਲੀ ਹੌਲੀ ਪੈਸੇ ਜਮ੍ਹਾਂ ਕਰਕੇ ਉਹ ਵੀ ਆਪਣਾ ਇਲੈਕਟ੍ਰਾਨਿਕ ਰਿਕਸ਼ਾ ਖ਼ਰੀਦਣ ਦੀ ਇੱਛਾ ਰੱਖਦਾ ਹੈ।

ਦਸਵੀਂ ਤਕ ਪੜ੍ਹੇ ਇਹ ਦੋਵੇਂ ਮੁੰਡੇ ਗਲੋਬਲ ਪਈਸਥਿਤੀਆਂ ਮੁਤਾਬਿਕ ਆਉਣ ਵਾਲੇ ਸਮੇਂ ਵਿੱਚ ਅੰਮ੍ਰਿਤਸਰ ਦੇ ਗ੍ਰਾਫ ਅਤੇ ਅਹਿਮੀਅਤ ਨੂੰ ਲੈ ਕੇ ਜਾਗਰੂਕ ਹਨ ਅਤੇ ਮਾੜੀ ਮੋਟੀ ਅੰਗਰੇਜ਼ੀ ਵੀ ਬੋਲ ਸਮਝ ਸਕਦੇ ਹਨਯ

G-20 ਦੇ ਮਤੇ ਵੇਖ ਲਵੋ ਜਾਂ ਸਾਰੇ ਪਾਸਿਓਂ ਅੰਮ੍ਰਿਤਸਰ ਨੂੰ ਆਉਂਦੀਆਂ ਸੜਕਾਂ ਦਾ ਜਾਲ ਸਮਝ ਲਓ, ਅੰਬਰਸਰੀਆਂ ਦਾ ਸਮਾਂ ਹੋਰ ਬਿਹਤਰ ਹੋਣ ਵਾਲਾ ਹੈ।

ਸੋ ਸੱਜਣੋ, ਮਿੱਟੀ ਦੀ ਕਿਰਪਾ ਉਸੇ ਉੱਤੇ ਹੁੰਦੀ ਹੈ ਜੋ ਮਿੱਟੀ ਵਿੱਚ ਰਹਿੰਦਾ ਹੈ। ਪੰਜਾਬ ਸਿਓਂ ਦੀ ਕਿਰਪਾ ਵੀ ਉਸਦੇ ਨਾਲ ਡਟਣ ਵਾਲੇ ਬੱਚਿਆਂ ਉੱਤੇ ਹੀ ਹੋਣੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਉਮਰ ਦੇ ਆਖ਼ਰੀ ਸਤਾਰਾਂ ਸਾਲ ਤਿੰਨ ਮਹੀਨੇ ਅਠਾਰਾਂ ਦਿਨ ਖੇਤੀ ਦੀ ਕਿਰਤ ਵਾਲੇ ਪਾਸੇ ਲਾਏ ਸੀ ਅਤੇ ‘ਕਿਰਤ ਕਰੋ, ਨਾਮ ਜਪੋ ਵੰਡ ਛਕੋ’ ਦਾ ਜੋ ਨਾਅਰਾ ਲਾਇਆ ਸੀ ਅਸੀਂ ਉਸ ਨੂੰ ਸਮਝ ਹੀ ਨਹੀਂ ਸਕੇ। ਬਾਬੇ ਨਾਨਕ ਦੇ ਤਿੰਨਾਂ ਉਪਦੇਸ਼ਾਂ ਦਾ ਮਤਲਬ ਇਹੀ ਸੀ ਕਿ ਕਿਰਤ ਕਰਦਿਆਂ, ਨਾਮ ਜਪਦਿਆਂ, ਜੋ ਚੰਗਾ ਹਾਸਿਲ ਹੋਵੇ, ਉਸ ਨੂੰ ਵੰਡਣਾ ਹੈ ਪਰ ਅਸੀਂ ਸਵਾਰਥਾਂ ਅਤੇ ਪਦਾਰਥਾਂ ਵਿੱਚ ਅਜਿਹਾ ਉਲਝ ਗਏ ਹਾਂ ਕਿ ਆਪਣਾ ਨਿਆਰਾਪਨ ਹੀ ਗਵਾ ਬੈਠੇ ਹਾਂ।

ਕਿਰਤ ਵਿੱਚ ਹੀ ਤੰਦਰੁਸਤੀ ਲੁਕੀ ਹੋਈ ਹੈ।

ਅੱਜਕੱਲ੍ਹ ਖੇਤੀ ਮੇਲਿਆਂ ਅਤੇ ਸਿਖਲਾਈ ਕੈਂਪਾਂ ਵਿੱਚ ਵੀ ਨੌਜਵਾਨਾਂ ਦੀ ਜਗ੍ਹਾ ਬਜ਼ੁਰਗ ਜ਼ਿਆਦਾ ਨਜ਼ਰ ਆਉਂਦੇ ਹਨ ਜਦਕਿ ਨੌਜਵਾਨ ਮੋਬਾਇਲ ਫੋਨਾਂ ਵਿੱਚ ਨਜ਼ਰ ਗੱਡੀ ਜਾਂ ਅਜੀਬੋਗਰੀਬ ਪੋਜ਼ ਬਣਾਉਂਦੇ ਸੈਲਫੀਆਂ ਲੈਂਦੇ ਤੇ ਵੀਡੀਓ ਬਣਾਉਂਦੇ ਵੇਖੇ ਜਾ ਸਕਦੇ ਹਨ।

ਇੱਥੇ ਮੈਨੂੰ ਫ਼ਰੀਦਕੋਟ ਵਾਲੇ ਪ੍ਰੋ. ਨਿਤਨੇਮ ਸਿੰਘ ਬਰਾੜ ਦੀ ਗੱਲ ਯਾਦ ਆ ਗਈ, ਜਿਹਨਾਂ ਦੀ ਪੰਜਾਹ ਏਕੜ ਜ਼ਮੀਨ ਹੈ ਤੇ ਦੋ ਏਕੜ ਦੇ ਫਾਰਮ ਹਾਊਸ ਵਿੱਚ ਦੁਨੀਆ ਭਰ ਦੇ ਬੂਟੇ ਤੇ ਬਨਸਪਤੀ ਭਰੀ ਪਈ ਹੈ। ਉਨ੍ਹਾਂ ਦਾ ਇਕੱਲੌਤਾ ਪੁੱਤਰ ਵਿਦੇਸ਼ ਵਿੱਚ ਹੈ। ਮੈਂ ਪੁੱਛ ਬੈਠਾ, “ਪ੍ਰੋ. ਸਾਹਬ ਤੁਹਾਡੇ ਬਾਦ ਤੁਹਾਡੀ ਵਿਰਾਸਤ ਦਾ ਕੀ ਬਣੂ?”

ਉਹ ਕਹਿੰਦੇ, “ਚਿੰਤਾ ਨਾ ਕਰ ਪੁੱਤਰ! ਪੰਜਾਬ ਦੇ ਪੁੱਤ ਹੀ ਸਾਂਭਣਗੇ …।”

ਇਹੀ ਸਵਾਲ ਪੰਦਰਾਂ ਏਕੜ ਸ਼ਾਨਦਾਰ ਏਕੀਕ੍ਰਿਤ ਫਾਰਮ ਵਾਲੇ ਸਾਬਕਾ ਮੇਨੇਜਰ ਸ. ਕਾਬਲ ਸਿੰਘ ਗੋਰਾਇਆ ਅਤੇ ਹੋਰ ਬਹੁਤ ਸਾਰੇ ਬਜ਼ੁਰਗਾਂ ਅੱਗੇ ਵੀ ਖੜ੍ਹਾ ਹੈ ਜਿਹਨਾਂ ਨੇ ਆਪਣੀ ਸਾਰੀ ਉਮਰ ਕਾਮਯਾਬ ਖੇਤੀ ਮਾਡਲ ਸਿਰਜਣ ਉੱਤੇ ਲਾ ਦਿੱਤੀ। ਫਿਰ ਮੈਂ ਸੋਚਦਾ ਕੇ ਇਹ ਬਜ਼ੁਰਗ ਕਿਹੜੇ ਬਾਬਾ ਦੀਪ ਸਿੰਘ ਨਾਲੋਂ ਘੱਟ ਹਨ ਜਿਸਨੇ ਅੱਸੀ ਸਾਲ ਦੀ ਉਮਰ ਵਿੱਚ ਅਠਾਰਾਂ ਸੇਰ ਦੇ ਖੰਡੇ ਨਾਲ ਜਵਾਨੀ ਦੀ ਅਗਵਾਈ ਕੀਤੀ ਸੀ।

ਕੀ ਪਤਾ ਕਦੋਂ ਕੋਈ ਬਾਬਾ ਫਿਰ ਲੀਕ ਮਾਰ ਕੇ ਚੁਣੌਤੀ ਦੇਵੇ ਅਤੇ ਹਰਾਰਤ ਭਰੇ ਖੂਨ ਵਾਲੇ ਜਵਾਨ ਛਾਲਾਂ ਮਾਰਦੇ ਪੰਜਾਬ ਵਾਲੇ ਪਾਸੇ ਟੱਪ ਆਉਣ …।

ਕਿਲਾ ਛੱਡਣ ਵਾਲਿਆਂ ਦਾ ਕਦੇ ਨਾਮ ਨਹੀਂ ਹੁੰਦਾ, ਕਿਲੇ ਦੀ ਹਿਫਾਜ਼ਤ ਲਈ ਜਾਨ ਹੂਲਣ ਵਾਲੇ ਗਥਾਵਾਂ ਵਿੱਚ ਸਦਾ ਜਿਉਂਦੇ ਰਹਿੰਦੇ ਹਨ। ਅਜੇ ਪੰਜਾਬ ਦੇ ਸਾਰੇ ਪੁੱਤ ਮੋਏ ਨਹੀਂ ਹਨ …।

ਇਹ ‘ਉੱਡਦਾ ਪੰਜਾਬ’ ਨਹੀਂ ਹੈ,
ਇਹ ‘ਉੱਡਣੇ ਬਾਜ਼ਾਂ ਦਾ ਪੰਜਾਬ’ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4240)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

More articles from this author