“ਇਸ ਤਰ੍ਹਾਂ ਦੇ ਖ਼ੁਫ਼ੀਆ ਮਾਹੌਲ ਵਿੱਚ ਜਿੱਥੇ ਸਾਰੀ ਜਾਣਕਾਰੀ ਸਿਰਫ਼ ਕਲੀਨਿਕ ਦੇ ਡਾਕਟਰ ਜਾਂ ਇੰਚਾਰਜ ਨੂੰ ਹੀ ...”
(30 ਅਕਤੂਬਰ 2023)
ਸਾਰੇ ਮਨੁੱਖੀ ਜੀਵਾਂ ਨੂੰ ਆਪਣੀ ਨਸਲ ਨੂੰ ਅਗਾਂਹ ਤੋਰਨ ਲਈ ਔਰਤ ਤੇ ਮਰਦ ਦੋਹਾਂ ਦੇ ਸਹਿਯੋਗ ਦੀ ਲੋੜ ਹੈ। ਇਹ ਸਹਿਯੋਗ ਅਸਲ ਵਿੱਚ ਜਿਣਸੀ ਯੋਗਦਾਨ ਹੈ ਜੋ ਔਰਤ ਵੱਲੋਂ ਇੱਕ ਸੈੱਲ (ਆਂਡਾ, Egg) ਦੇ ਰੂਪ ਵਿੱਚ ਤੇ ਮਰਦ ਵੱਲੋਂ ਇੱਕ ਸੈੱਲ (ਸ਼ੁਕਰਾਣੂ) ਦੇ ਰੂਪ ਵਿੱਚ ਹੁੰਦਾ ਹੈ। ਇਹ ਦੋਵੇਂ ਸੈੱਲ (ਆਂਡਾ ਤੇ ਸ਼ੁਕਰਾਣੂ) ਆਪਸੀ ਮਿਲਾਪ ਉਪਰੰਤ ਇੱਕ ਮਿਲਵੇਂ ਜ਼ਰਖੇਜ਼-ਸੈੱਲ ਦੀ ਰਚਨਾ ਕਰਦੇ ਹਨ ਜਿਸ ਵਿੱਚ ਦੋਨਾਂ ਜੀਆਂ ਦਾ ਜਿਣਸੀ ਯੋਗਦਾਨ ਹੁੰਦਾ ਹੈ। ਇਨ੍ਹਾਂ ਦੋਵਾਂ ਦੇ ਮਿਲਾਪ ਤੋਂ ਬਣਿਆ ਸੈੱਲ ਅਗਲੇ ਆਉਣ ਵਾਲੇ ਬੱਚੇ ਦਾ ਪਹਿਲਾ ‘ਮਿਲਾਪੀ ਜ਼ਰਖੇਜ਼ ਸੈੱਲ’ ਹੁੰਦਾ ਹੈ ਜੋ ਔਰਤ ਦੀ ਬੱਚੇਦਾਨੀ ਵਿੱਚ ਇੱਕ ਪਰਜੀਵੀ ਵਾਂਗ ਨਿਵਾਸ ਕਰਨ ਲੱਗ ਜਾਂਦਾ ਹੈ ਤੇ ਔਰਤ ਵੱਲੋਂ ਮਿਲ ਰਹੀ ਊਰਜਾ, ਪੌਸ਼ਟਿਕ ਆਹਾਰ ਤੇ ਖੁਰਾਕ ਸਦਕਾ ਇਸ ‘ਮਿਲਾਪੀ-ਜ਼ਰਖੇਜ਼’ ਸੈੱਲ ਤੋਂ ਇੱਕ ਤੋਂ ਦੋ, ਫੇਰ ਦੋ ਤੋਂ ਚਾਰ, ਚਾਰ ਤੋਂ ਅੱਠ, ਇਸ ਤਰ੍ਹਾਂ ਵਧਦੇ-ਵਧਦੇ ਇਨ੍ਹਾਂ ਸੈੱਲਾਂ ਤੋਂ ਬੱਚੇ ਦੇ ਵੱਖਰੇ-ਵੱਖਰੇ ਅੰਗ ਬਣੀ ਜਾਂਦੇ ਹਨ ਅਤੇ ਨਵ-ਜੰਮੇ ਬੱਚੇ ਵਿਚਲੇ ਸੈੱਲਾਂ ਦੀ ਗਿਣਤੀ ਜਨਮ ਵੇਲੇ ਅਨੁਮਾਨਤ 26 ਅਰਬ ਹੁੰਦੀ ਹੈ।
ਇਸ ਕੁਦਰਤੀ ਪ੍ਰਕਿਰਿਆ ਦਾ ਅਰਥ ਇਹ ਹੋਇਆ ਕਿ ਜੇ ਬੱਚਾ ਪੈਦਾ ਹੋਣਾ ਹੈ ਤਾਂ ਪਹਿਲਾਂ ਮਰਦ ਵੱਲੋਂ ਸ਼ੁਕਰਾਣੂ ਤੇ ਔਰਤ ਵੱਲੋਂ ਆਂਡੇ ਆਉਣੇ ਜ਼ਰੂਰੀ ਹਨ। ਮਰਦ ਵੱਲੋਂ ਤਕਰੀਬਨ ਹਰ ਵਾਰ 4 ਕਰੋੜ ਤੋਂ 30 ਕਰੋੜ ਜਾਂ ਇਸ ਤੋਂ ਵੀ ਵੱਧ ਸ਼ੁਕਰਾਣੂ ਪ੍ਰਤੀ ਮਿਲੀਮੀਟਰ ਵੀਰਜ ਰਾਹੀਂ, ਰੇਸ ਵਿੱਚ ਭੇਜਣੇ ਪੈਂਦੇ ਹਨ ਜਿਨ੍ਹਾਂ ਵਿੱਚੋਂ ਅਖੀਰ ਵਿੱਚ ਆਂਡੇ ਨਾਲ ਮਿਲਾਪ ਦੀ ਕਾਮਯਾਬੀ ਸਿਰਫ਼ ਇੱਕ ਨੂੰ ਮਿਲਦੀ ਹੈ। ਜੇ ਇਨ੍ਹਾਂ ਸ਼ੁਕਰਾਣੂਆਂ ਦਾ ਨੰਬਰ ਡੇਢ ਪ੍ਰਤੀ ਮਿਲੀਲੀਟਰ ਜਾਂ ਇੱਕ ਵਾਰੀ ਵਾਲੇ ਕੁਲ ਵੀਰਜ ਵਿੱਚ 4 ਕਰੋੜ ਤੋਂ ਘੱਟ ਜਾਵੇ ਤਾਂ ਸ਼ੁਕਰਾਣੂਆਂ ਦੀ ਆਂਡੇ ਤਕ ਪਹੁੰਚਣ ਦੀ ਸੰਭਾਵਨਾ ਘਟ ਜਾਂਦੀ ਹੈ। ਕਈ ਵਾਰੀ ਕਈ ਕਾਰਨਾਂ ਕਰਕੇ ਕੁਝ ਮਰਦਾਂ ਦੇ ਵੀਰਜ ਵਿੱਚ ਸ਼ੁਕਰਾਣੂ ਹੁੰਦੇ ਹੀ ਨਹੀਂ ਜਾਂ ਘੱਟ ਹੁੰਦੇ ਹਨ ਜਾਂ ਖਰਾਬ ਹੁੰਦੇ ਹਨ, ਜਿਹੜੇ ਆਂਡੇ ਨਾਲ ਮਿਲਾਪ ਕਰਨ ਤੋਂ ਅਸਮਰੱਥ ਹੁੰਦੇ ਹਨ। ਮਰਦਾਂ ਵਿੱਚ ਸ਼ੁਕਰਾਣੂ ਹਰ ਵਕਤ ਬਣਦੇ ਰਹਿੰਦੇ ਹਨ ਪਰ ਇਸਦੇ ਬਨਿਸਬਤ ਔਰਤ ਵਿੱਚ ਹਰ ਮਹੀਨੇ ਸਿਰਫ਼ ਇੱਕ ਵਾਰ ਉਸ ਦੀ ਅੰਡ-ਕੋਸ਼ ਵਿੱਚੋਂ ਇੱਕ ਆਂਡੇ ਨੇ ਹੀ ਤਿਆਰ ਹੋਣਾ ਹੁੰਦਾ ਹੈ। ਜੇ ਔਰਤਾਂ ਵੱਲੋਂ ਆਂਡਾ ਮੁਨਾਸਬ ਸਮੇਂ ਤਿਆਰ ਨਾ ਹੋਵੇ ਤਾਂ ਸ਼ੁਕਰਾਣੂ ਬਿਨਾਂ ਆਂਡੇ ਨੂੰ ਮਿਲਿਆਂ ਵਿਅਰਥ ਹੋ ਜਾਂਦੇ ਹਨ। ਕਈ ਕਾਰਨਾਂ ਕਰਕੇ ਔਰਤਾਂ ਵਿੱਚ ਵੀ ਆਂਡੇ ਠੀਕ ਵਕਤ ’ਤੇ ਤਿਆਰ ਨਹੀਂ ਹੁੰਦੇ ਜਾਂ ਬਣਦੇ ਹੀ ਨਹੀਂ ਜਾਂ ਖਰਾਬ ਬਣਦੇ ਹਨ। ਅਜਿਹੀਆਂ ਹਾਲਤਾਂ ਵਿੱਚ ਵੀ ਸ਼ੁਕਰਾਣੂ ਤੇ ਆਂਡੇ ਦਾ ਮਿਲਾਪ ਨਹੀਂ ਹੋ ਸਕਦਾ। ਬੱਚੇ ਦੀ ਸ਼ੁਰੂਆਤ ਤਾਂ ਹੀ ਹੋ ਸਕਦੀ ਹੈ ਜੇ ਔਰਤ ਤੇ ਮਰਦ ਦੋਨਾਂ ਵੱਲੋਂ ਆਪਣਾ-ਆਪਣਾ ਜਿਣਸੀ ਯੋਗਦਾਨ ਠੀਕ ਸਮੇਂ ਉੱਪਰ ਤੇ ਯੋਗ ਸਥਿਤੀ ਵਿੱਚ ਹੋਵੇ। ਕਿਸੇ ਵੀ ਪਾਸਿਓਂ ਕਿਸੇ ਅਧੂਰੇ ਯੋਗਦਾਨ ਦਾ ਨਤੀਜਾ ਬਾਂਝਪਣ ਵਿੱਚ ਨਿਕਲਦਾ ਹੈ। ਸ਼ੁਕਰਾਣੂ ਅਤੇ ਆਂਡੇ ਦੇ ਮਿਲਾਪ ਹੋਣ ਉਪਰੰਤ ਵੀ ਅਨੇਕਾਂ ਅਜਿਹੇ ਕਾਰਨ ਹਨ ਜਿਨ੍ਹਾਂ ਕਰਕੇ ਉਹ ‘ਮਿਲਾਪੀ-ਜ਼ਰਖੇਜ਼’ ਸੈੱਲ ਅਗਾਂਹ ਬੱਚੇ ਦੀ ਸ਼ੁਰੂਆਤ ਵੱਲ ਨਹੀਂ ਵਧਦਾ ਤੇ ਨਤੀਜੇ ਵਜੋਂ ਬਾਂਝਪਣ ਹੋ ਸਕਦਾ ਹੈ।
5 ਫਰਵਰੀ 2022 ਨੂੰ ਆਇਰਿਸ਼ ਟਾਈਮਜ਼ ਅਖ਼ਬਾਰ ਨੇ ਖ਼ਬਰ ਦਿੱਤੀ ਕਿ ਹਾਲੈਂਡ ਦੇ ਨਾਰੀ ਰੋਗ ਦੇ ਇੱਕ ਮਾਹਿਰ ਡਾਕਟਰ ਕੋਲ 21 ਔਰਤਾਂ ਜੋ ਬਾਂਝਪਣ ਦੇ ਇਲਾਜ ਲਈ ਆਈਆਂ ਸਨ, ਆਪਣੇ ਹੀ ਸ਼ੁਕਰਾਣੂਆਂ ਨਾਲ ਗਰਭਵਤੀਆਂ ਕਰ ਦਿੱਤੀਆਂ। ਇਹੋ ਜਿਹੇ ਦੁਨੀਆਂ ਭਰ ਵਿੱਚ ਹੋਰ ਵੀ ਕਈ ਕੇਸ ਹੋਏ ਹਨ।
9 ਨਵੰਬਰ 2021 ਦੀ ਬੀਬੀਸੀ ਦੀ ਖ਼ਬਰ ਮੁਤਾਬਕ, ਕੈਲੀਫ਼ੋਰਨੀਆ (ਅਮਰੀਕਾ) ਦੇ ਇੱਕ ਗੋਰੇ ਬਾਂਝ ਜੋੜੇ ਨੇ ਆਈ.ਵੀ.ਐੱਫ ਰਾਹੀਂ ਆਪਣੇ ਹੀ ਆਂਡੇ ਤੇ ਵੀਰਜ ਰਾਹੀਂ ਬਾਂਝਪਣ ਦੂਰ ਕਰਵਾਇਆ। ਪਰ ਉਨ੍ਹਾਂ ਦਾ ਬੱਚਾ ਉਨ੍ਹਾਂ ਵਾਂਗ ਗੋਰਾ ਹੋਣ ਦੀ ਥਾਂ ਕਾਲਾ ਪੈਦਾ ਹੋ ਗਿਆ। ਡੀ.ਐੱਨ.ਏ. ਨੂੰ ਘੋਖਣ ’ਤੇ ਇਹ ਪਤਾ ਲੱਗਾ ਕਿ ਇਹ ਬੱਚਾ ਉਸ ਜੋੜੇ ਦਾ ਹੈ ਹੀ ਨਹੀਂ। ਕਚਹਿਰੀ ਵਿੱਚ ਕੇਸ ਚੱਲਿਆ ਤਾਂ ਪਤਾ ਲੱਗਿਆ ਕਿ ਜਿਨ੍ਹੀਂ ਦਿਨੀਂ ਇਸ ਜੋੜੇ ਨੇ ਆਪਣੀ ਆਈ.ਵੀ.ਐੱਫ ਕਰਵਾਈ ਸੀ, ਉਨ੍ਹੀਂ ਦਿਨੀਂ ਇੱਕ ਹੋਰ ਜੋੜੇ ਨੇ ਵੀ ਆਪਣਾ ਇਹੋ ਜਿਹਾ ਇਲਾਜ ਕਰਵਾਇਆ ਸੀ। ਉਸ ਜੋੜੇ ਦੇ ਡੀ.ਐੱਨ.ਏ. ਟੈਸਟ ਤੋਂ ਪਤਾ ਲੱਗਾ ਕਿ ਇਹ ਬੱਚਾ ਪਹਿਲੇ ਜੋੜੇ ਦਾ ਹੈ। ਆਈ.ਵੀ. ਐੱਫ ਦੌਰਾਨ ਭਰੂਣਾਂ ਦੀ ਅਦਲਾ ਬਦਲੀ ਹੋ ਗਈ ਸੀ। ਅਦਾਲਤ ਰਾਹੀਂ 4 ਮਹੀਨੇ ਬਾਅਦ ਬੱਚਿਆਂ ਦੀ ਅਦਲਾ-ਬਦਲੀ ਕੀਤੀ ਗਈ।
23 ਅਪਰੈਲ 2023 ਨੂੰ ਹਾਲੈਂਡ (ਨੀਦਰਲੈਂਡਜ਼) ਦੀ ਇੱਕ ਅਦਾਲਤ ਨੇ ਜੋਨੈਥਨ ਨਾਂ ਦੇ ਇੱਕ ਬੰਦੇ ਉੱਪਰ ਵੀਰਜ ਪ੍ਰਦਾਨ ਕਰਨ ’ਤੇ ਕਾਨੂੰਨੀ ਰੋਕ ਲਾ ਦਿੱਤੀ ਹੈ। ਹੁਕਮ ਦੀ ਉਲੰਘਣਾ ਕਰਨ ’ਤੇ ਉਸ ਨੂੰ ਇੱਕ ਲੱਖ ਯੂਰੋ (ਤਕਰੀਬਨ 90 ਲੱਖ ਰੁਪਏ) ਦਾ ਜੁਰਮਾਨਾ ਦੇਣਾ ਪਵੇਗਾ। ਹਾਲੈਂਡ ਦੇ ਕਾਨੂੰਨ ਮੁਤਾਬਕ ਇੱਕ ਮਰਦ ਵੱਧ ਤੋਂ ਵੱਧ 12 ਪਰਿਵਾਰਾਂ ਵਿੱਚ 25 ਬੱਚਿਆਂ ਲਈ ਆਪਣਾ ਵੀਰਜ ਦੇ ਸਕਦਾ ਹੈ ਪਰ ਜੈਨੇਥਨ ਦੇ ਵੀਰਜ ਬਦੌਲਤ 2007 ਤੋਂ ਬਾਅਦ ਹੀ ਹਾਲੈਂਡ ਤੇ ਹੋਰ ਕਈ ਮੁਲਕਾਂ ਵਿੱਚ 550 ਤੋਂ 600 ਬੱਚਿਆਂ ਨੇ ਜਨਮ ਲਿਆ।
ਇਹੋ ਜਿਹੇ ਕਾਰਨਾਮਿਆਂ ਨੂੰ ਠੱਲ੍ਹ ਪਾਉਣ ਲਈ ਕਈ ਮੁਲਕਾਂ ਦੀਆਂ ਸਰਕਾਰਾਂ ਕਾਨੂੰਨ ਬਣਾ ਰਹੀਆਂ ਹਨ। ਕੈਨੇਡਾ ਨੇ ਹੁਣ ਕਾਨੂੰਨ ਬਣਾ ਦਿੱਤਾ ਹੈ ਕਿ ਜਿੱਥੇ ਵੀ ਕਿਸੇ ਜ਼ਰਖੇਜ਼ੀ ਕਲੀਨਿਕ ਵਿੱਚ ਕਿਸੇ ਵੀ ਦਾਨੀ ਦੀ ਕੋਈ ਭੂਮਿਕਾ ਹੋਵੇਗੀ, ਉਸ ਨੂੰ ਆਪਣੀ ਪੂਰੀ ਜਾਤੀ ਜਾਣਕਾਰੀ ਦੇਣੀ ਪਵੇਗੀ ਜਿਸਦਾ 10 ਸਾਲ ਤਕ ਰਿਕਾਰਡ ਰੱਖਿਆ ਜਾਵੇਗਾ। ਜਰਮਨੀ ਤੇ ਹਾਲੈਂਡ ਵਿੱਚ ਬੱਚੇ, 16 ਸਾਲ ਦੇ ਹੋਣ ’ਤੇ, ਕਾਨੂੰਨੀ ਤੌਰ ’ਤੇ ਆਪਣੇ ਵੀਰਜ ਦਾਤਾ ਜਾਂ ਅੰਡੇ-ਦਾਤੀ ਬਾਰੇ ਪਤਾ ਕਰ ਸਕਦੇ ਹਨ। ਇਜ਼ਰਾਈਲ ਇਹ ਕਾਨੂੰਨ ਬਣਾ ਰਿਹਾ ਹੈ ਕਿ ਸਾਰੇ ਵੀਰਜ ਦਾਨੀਆਂ ਦਾ ਰਿਕਾਰਡ ਰੱਖਿਆ ਜਾਵੇ ’ਤੇ ਇੱਕ ਵੀਰਜ ਦਾਤਾ ਸਿਰਫ਼ ਤਿੰਨ ਬੱਚਿਆਂ ਲਈ ਹੀ ਵੀਰਜ ਦਾਨ ਕਰ ਸਕੇਗਾ।
ਬਾਂਝਪਣ ਦੂਰ ਕਰਨ ਵਾਲੀਆਂ ਕਲੀਨਿਕਾਂ ਦਾ ਖ਼ੁਫ਼ੀਆ ਮਾਹੌਲ
ਆਮ ਤੌਰ ’ਤੇ ਬਾਂਝਪਣ ਨੂੰ ਦੂਰ ਕਰਨ ਵਾਲੀਆਂ ਕਲੀਨਿਕਾਂ ਵਿੱਚ ਬਾਂਝ ਜੋੜਿਆਂ ਨਾਲ ਜੁੜੀਆਂ ਸਾਰੀਆਂ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਕਾਫ਼ੀ ਗੁਪਤ ਰੱਖੀ ਜਾਂਦੀ ਹੈ। ਕਈ ਪ੍ਰਕਿਰਿਆਵਾਂ ਵਿੱਚ ਜਿੱਥੇ ਸ਼ੁਕਰਾਣੂ ਜਾਂ ਆਂਡੇ ਪ੍ਰਦਾਨ ਕੀਤੇ ਹੋਣ ਤਾਂ ਬਾਂਝ ਜੋੜੇ ਨੂੰ ਵੀ ਉਨ੍ਹਾਂ ਦਾਨੀਆਂ ਬਾਰੇ ਕੁਝ ਵੀ ਨਹੀਂ ਦੱਸਿਆ ਜਾਂਦਾ। ਇਸ ਤਰ੍ਹਾਂ ਦੇ ਖ਼ੁਫ਼ੀਆ ਮਾਹੌਲ ਵਿੱਚ ਜਿੱਥੇ ਸਾਰੀ ਜਾਣਕਾਰੀ ਸਿਰਫ਼ ਕਲੀਨਿਕ ਦੇ ਡਾਕਟਰ ਜਾਂ ਇੰਚਾਰਜ ਨੂੰ ਹੀ ਪਤਾ ਹੋਵੇ, ਉੱਥੇ ਉਸ ਡਾਕਟਰ/ਇੰਚਾਰਜ ਦੀ ਕਾਬਲੀਅਤ ਦੇ ਨਾਲ-ਨਾਲ, ਉਸ ਦਾ ਆਪਣਾ ਆਚਰਣ, ਆਚਾਰਕ ਤੇ ਸਦਾਚਾਰਕ ਪੈਮਾਨੇ ਕਿੰਨੇ ਸਥਿਰ, ਮਜ਼ਬੂਤ ਤੇ ਕਿੰਨੀ ਮਿਆਰ ਦੇ ਹਨ, ਇਨ੍ਹਾਂ ਦਾ ਬਹੁਤ ਅਹਿਮ ਕਿਰਦਾਰ ਹੈ। ਕਈ ਵਾਰੀ ਆਪਣੇ ਚੰਗੇ ਨਤੀਜਿਆਂ ਦਾ ਅਕਸ ਬਰਕਰਾਰ ਰੱਖਣ ਲਈ ਕਈ ਡਾਕਟਰ ਅਸੂਲਾਂ ਤੋਂ ਥਿੜਕ ਜਾਂਦੇ ਹਨ। ਇਸਦਾ ਨਤੀਜਾ ਅਣਭੋਲ ਬਾਂਝ-ਜੋੜਿਆਂ ਨੂੰ ਭੁਗਤਣਾ ਪੈਂਦਾ ਹੈ। ਬਹੁਤੀ ਵਾਰ ਉਨ੍ਹਾਂ ਨੂੰ ਪਤਾ ਵੀ ਨਹੀਂ ਲਗਦਾ ਕਿ ਉਨ੍ਹਾਂ ਨਾਲ ਅਸਲ ਵਿੱਚ ਜਿਣਸੀ ਪੱਧਰ ’ਤੇ ਕੀ ਬੀਤੀ ਹੈ! ਵਿਕਸਿਤ ਮੁਲਕਾਂ ਵਿੱਚ ਜਿੱਥੇ ਨੇਮ ਤੇ ਅਸੂਲ ਸਾਡੇ ਨਾਲੋਂ ਸਖ਼ਤ ਹਨ ਅਤੇ ਆਚਾਰਕ ਪੈਮਾਨੇ ਦੇ ਮਿਆਰ ਸਾਡੇ ਤੋਂ ਉੱਚੇ ਮੰਨੇ ਜਾਂਦੇ ਹਨ, ਉੱਥੋਂ ਦੀਆਂ ਦਿੱਤੀਆਂ ਕੁਝ ਮਿਸਾਲਾਂ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਸਾਡੀਆਂ ਬਾਂਝਪਣ ਦੂਰ ਕਰਨ ਵਾਲੀਆਂ ਕਲੀਨਿਕਾਂ ਵਿੱਚ ਕੀ ਵਾਪਰ ਰਿਹਾ ਹੋਵੇਗਾ ਤੇ ਸਾਡਾ ਜਿਣਸੀ ਵਿਰਸਾ ਕਿਵੇਂ ਖ਼ਤਮ ਹੋ ਰਿਹਾ ਹੋਵੇਗਾ।
ਬਾਂਝਪਣ ਦੀ ਜ਼ਿੰਮੇਵਾਰੀ ਤੇ ਇਲਾਜ
ਬਾਂਝਪਣ ਲਈ ਕੌਣ ਜ਼ਿੰਮੇਵਾਰ ਹੈ? ਆਮ ਤੌਰ ’ਤੇ ਭਾਰਤ ਵਿੱਚ ਔਰਤ ਨੂੰ ਹੀ ਜ਼ਿੰਮੇਵਾਰ ਸਮਝਿਆ ਜਾਂਦਾ ਹੈ ਪਰ ਅਸਲ ਵਿੱਚ ਸਿਰਫ਼ 40-50 ਫ਼ੀਸਦੀ ਜੋੜਿਆਂ ਵਿੱਚ ਬਾਂਝਪਣ ਦਾ ਕਾਰਨ ਔਰਤ ਵਿੱਚ ਕੋਈ ਨੁਕਸ ਹੋਣਾ ਹੁੰਦਾ ਹੈ। 30-40 ਫ਼ੀਸਦੀ ਜੋੜਿਆਂ ਵਿੱਚ ਮਰਦ ਵਿੱਚ ਕੋਈ ਨੁਕਸ ਹੁੰਦਾ ਹੈ। 20-22 ਫ਼ੀਸਦੀ ਹਾਲਤਾਂ ਵਿੱਚ ਦੋਨਾਂ ਦਾ ਕਸੂਰ ਹੋਣਾ ਅਤੇ ਬਾਕੀ ਅਜਿਹੇ ਬਾਂਝ ਜੋੜੇ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਕਿਸੇ ਕਾਰਨ ਦਾ ਪਤਾ ਹੀ ਨਹੀਂ ਲੱਗਦਾ। ਰਿਪੋਰਟਾਂ ਮੁਤਾਬਕ ਮਰਦਾਂ ਵਿੱਚ ਬਾਂਝਪਣ ਪਹਿਲਾਂ ਨਾਲੋਂ ਵਧ ਰਿਹਾ ਹੈ। ਜਿਨ੍ਹਾਂ ਨੁਕਸਾਂ ਕਰਕੇ ਬਾਂਝਪਣ ਹੁੰਦਾ ਹੈ, ਉਨ੍ਹਾਂ ਵਿੱਚੋਂ ਬਹੁਤਿਆਂ ਦੇ ਇਲਾਜ ਮੌਜੂਦ ਹਨ ਤੇ ਇਹ ਠੀਕ ਹੋ ਸਕਦੇ ਹਨ। ਪਰ ਕਈ ਹਾਲਤਾਂ ਵਿੱਚ ਜਿਨ੍ਹਾਂ ਵਿੱਚ ਇਹ ਆਮ ਦੁਆਈਆਂ ਜਾਂ ਅਪਰੇਸ਼ਨਾਂ ਨਾਲ ਠੀਕ ਨਹੀਂ ਹੋ ਸਕਦਾ, ਉੱਥੇ ਹੋਰ ਤਰੀਕੇ ਅਪਣਾਉਣੇ ਪੈਂਦੇ ਹਨ। ਸਾਇੰਸ ਦੀ ਤਰੱਕੀ ਦੇ ਨਾਲ-ਨਾਲ ਬਾਂਝਪਣ ਨੂੰ ਦੂਰ ਕਰਨ ਵਾਲੀਆਂ ਕਲੀਨਿਕਾਂ ਤੇ ਹਸਪਤਾਲ ਤਕਰੀਬਨ ਹਰ ਸ਼ਹਿਰ ਤੇ ਕਸਬੇ ਵਿੱਚ ਖੁੱਲ੍ਹ ਗਏ ਹਨ ਜੋ ਹਰ ਕਿਸਮ ਦੇ ਬਾਂਝਪਣ ਤੋਂ ਮੁਕਤੀ ਦਿਵਾਉਣ ਦੇ ਦਾਅਵੇ ਕਰਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4435)
(ਸਰੋਕਾਰ ਨਾਲ ਸੰਪਰਕ ਲਈ: (