“ਇਹ ਉਹੀ ‘ਸੁਪਰ ਇਮਿਊਨ ਸਿਸਟਮ’ ਵਾਲੇ ਬਾਬਾ ਜੀ ਹਨ ਜੋ ਇੱਕ ਵਾਰ ਵਰਤ ਤੇ ਬੈਠੇ-ਬੈਠੇ ਬਿਮਾਰ ...”
(19 ਜੁਲਾਈ 2022)
ਅੱਜਕੱਲ੍ਹ ਹਰ ਪ੍ਰਮੁੱਖ ਅਖਬਾਰ ਦੇ ਪਹਿਲੇ ਪੰਨੇ ਉੱਪਰ ਐਲੋਪੈਥੀ ਨੂੰ ਲਾਹਨਤਾਂ ਪਾਉਂਦੇ ਪਤੰਜਲੀ ਦੇ ਇਸ਼ਤਿਹਾਰਾਂ ਨਾਲ ਬਾਬਾ ਰਾਮਦੇਵ ਦਾਅਵਾ ਕਰਦਾ ਹੈ ਕਿ ਐਲੋਪੈਥੀ ਇਹ ਝੂਠ ਫੈਲ ਰਹੀ ਹੈ ਕਿ ਬੀ.ਪੀ, ਸ਼ੂਗਰ, ਥਾਇਰਾਇਡ ਦਾ ਕੋਈ ਪੱਕਾ ਇਲਾਜ ਨਹੀਂ ਹੁੰਦਾ। ਐਲੋਪੈਥੀ ਦੇ ਸ਼ਬਦ ਵਰਤਦਾ ਹੋਇਆ ਬਾਬਾ ਕਹਿੰਦਾ ਹੈ ਸਾਰੀਆਂ ਲਾਈਫ ਸਟਾਈਲ ਡਿਜ਼ੀਜ਼, ਇਨਕਿਓਰੇਬਲ ਡਿਜ਼ੀਜ਼, ਕ੍ਰੋਨਿਕ ਤੇ ਜੈਨੇਟਿਕ ਡਿਜ਼ੀਜ਼ ਤੋਂ ਸਥਾਈ ਰੂਪ ਵਿੱਚ ਮੁਕਤੀ ਪ੍ਰਾਪਤ ਕਰਨ ਲਈ ਮਰੀਜ਼ ਪਤੰਜਲੀ ਵੈੱਲਨੈੱਸ ਵਿੱਚ ਰਜਿਸਟਰੇਸ਼ਨ ਕਰਵਾ ਕੇ ਇੱਕ ਹਫਤੇ ਵਿੱਚ ਰਿਹਾਇਸ਼ੀ ਇਲਾਜ ਲੈਣ।
ਰਾਮਦੇਵ ਨੇ ਆਪਣਾ ਕੈਰੀਅਰ ਲੋਕਾਂ ਨੂੰ ਯੋਗਾ ਸਿਖਾਉਣ ਤੋਂ ਸ਼ੁਰੂ ਕੀਤਾ। ਨਿੱਕੀਆਂ-ਨਿੱਕੀਆਂ ਕਲਾਸਾਂ ਨੂੰ ਬਾਬਾ ਹੌਲੀ ਹੌਲੀ ਟੈਲੀਵਿਜ਼ਨ ਰਾਹੀਂ ਲੱਖਾਂ ਲੋਕਾਂ ਸਾਹਮਣੇ ਲੈ ਆਇਆ। ਯੋਗ ਰਾਹੀਂ ਲੋਕਾਂ ਵਿੱਚ ਸਾਖ਼ ਅਤੇ ਦਿਲਾਂ ਵਿੱਚ ਜਗ੍ਹਾ ਬਣਾਉਣ ਤੋਂ ਬਾਅਦ ਬਾਬੇ ਨੇ ਲੋਕਾਂ ਦੀਆਂ ਜੇਬ ਵਿੱਚ ਹੱਥ ਪਾਉਂਦੇ ਹੋਏ ਆਯੁਰਵੈਦ ਦੀਆਂ ਜੜ੍ਹੀ-ਬੂਟੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਯੋਗ ਅਭਿਆਸਾਂ ਅਤੇ ਉਸਦੇ ਜੜੀ-ਬੂਟੀਆਂ ਦੇ ਇਲਾਜਾਂ ਦੁਆਰਾ ‘ਸਰੀਰ ਅਤੇ ਆਤਮਾ ਦੇ ਸੰਪੂਰਨ ਪਰਿਵਰਤਨ’ ’ਤੇ ਗੱਲ ਕਰਦੇ ਹੋਏ ਸ਼ੂਗਰ, ਹਾਈਪਰਟੈਨਸ਼ਨ, ਹੋਰ ਕਾਰਡੀਓਵੈਸਕੁਲਰ ਬਿਮਾਰੀਆਂ, ਲੀਵਰ ਸਿਰੋਸਿਸ, ਗੰਠੀਆ ਅਤੇ ਹਰ ਕਿਸਮ ਦੇ ਕੈਂਸਰ ਨੂੰ ਅਡਵਾਂਸ ਪੜਾਅ ਤੋਂ ਪੀੜਤ ਹਜ਼ਾਰਾਂ ਮਰੀਜ਼ਾਂ ਠੀਕ ਕਰਨ ਦੀ ਯੋਗਤਾ ਬਾਰੇ ਬੇਮਿਸਾਲ ਦਾਅਵੇ ਕਰਦਾ ਹੋਇਆ ਇਹ ਬਾਬਾ ਰਾਸ਼ਟਰਵਾਦ, ਪ੍ਰਾਚੀਨ ਭਾਰਤੀ ਸੰਸਕ੍ਰਿਤੀ, ਜੈਵਿਕ ਖੇਤੀ, ਸਵਦੇਸ਼ੀ, ਅਤੇ ਵਾਤਾਵਰਣ ਸੰਬੰਧੀ ਮੁੱਦਿਆਂ ਦਾ ਉਦਾਰਤਾ ਨਾਲ ਛਿੜਕਾਅ ਕਰਦਾ ਹੈ। ਇੰਝ ਇਹ ਬਾਬਾ ਅੱਜ ਆਟੇ-ਟੂਥਪੇਸਟ ਤੋਂ ਲੈ ਕੇ ਜੀਨ ਤਕ ਹਰ ਖਪਤਕਾਰ ਵਸਤੂ ਵੇਚਣ ਵਾਲਾ ਦੇਸ਼ ਦਾ ਚੋਟੀ ਦਾ ਸਰਮਾਏਦਾਰ ਬਣ ਚੁੱਕਾ ਹੈ। ਮੋਟਾ ਪਾਰਟੀ ਫੰਡ ਦੇਣ, ਹਿੰਦੂਤਵ ਦੇ ਫਾਸ਼ੀਵਾਦ ਦਾ ਧੂੰਆਂ-ਧਾਰ ਪ੍ਰਚਾਰ ਕਰਨ ਅਤੇ ਲੋੜ ਪੈਣ ’ਤੇ ਵਿਵਾਦਾਂ ਵਿੱਚ ਫਸੀ ਸਰਕਾਰ ਨੂੰ ਕਿਸੇ ‘ਐਲੋਪੈਥੀ-ਵਿਰੋਧ’ ਵਰਗੇ ਕਿਸੇ ਸ਼ਗੂਫ਼ੇ ਰਾਹੀਂ ਬਿਰਤਾਂਤ ਬਦਲ ਕੇ ਸਾਹ ਦਿਵਾਉਣ ਦੀ ਕਾਬਲੀਅਤ ਰੱਖਣ ਵਾਲਾ ਇਹ ਬਾਬਾ ਮੌਜੂਦਾ ਸਰਕਾਰ ਦੀ ਅੱਖਾਂ ਦਾ ਤਾਰਾ ਹੈ।
ਵੈਸੇ ਬਾਬੇ ਦਾ ਐਲੋਪੈਥੀ ਨਾਲ ਵਾਦ-ਵਿਦਾਦ ਕੋਈ ਨਵੀਂ ਗੱਲ ਨਹੀਂ। ਬਾਬਾ ਹਰ ਛੇ ਮਹੀਨੇ ਬਾਅਦ ਕੋਈ ਐਸੀ ਬੇ ਸਿਰ-ਪੈਰ ਸ਼ੁਰਲੀ ਛੱਡਦਾ ਹੀ ਰਹਿੰਦਾ ਹੈ। 2021 ਵਿੱਚੋਂ ਰਾਮਦੇਵ ਨੇ ਆਪਣੀ ਕੋਰੋਨਿਲ ਨਾਂ ਦੀ ਦਵਾਈ ਦਾ ਪ੍ਰਚਾਰ ਕਰਦੇ ਹੋਏ ਐਲੋਪੈਥੀ ਨੂੰ ‘ਸਟੂਪਿਡ ਸਾਇੰਸ’ ਦੱਸਦੇ ਹੋਏ ਕਿਹਾ ਸੀ ਕਿ ਕਰੋਨਾ ਦੌਰਾਨ ਐਲੋਪੈਥੀ ਦਵਾਈਆਂ ਖਾਣ ਨਾਲ ਲੱਖਾਂ ਲੋਕਾਂ ਦੀ ਜਾਨ ਗਈ। ਬਾਬੇ ਨੇ ਆਪਦੀ ਦਵਾਈ ਨੂੰ WHO ਵੱਲੋਂ ਮਾਣਤਾ ਮਿਲਣ ਦਾ ਦਾਅਵਾ ਵੀ ਕੀਤਾ। ਝੂਠ ਦਾ ਪੋਲ ਖੁੱਲ੍ਹਣ ਮਗਰੋਂ ਬਾਬੇ ਨੇ ਉਦੋਂ ਜਨਤਰ ਤੌਰ ’ਤੇ ਮੁਆਫੀ ਮੰਗ ਕੇ ਜਾਨ ਛੁਡਾਈ ਸੀ।
ਇਹ ਉਹੀ ‘ਸੁਪਰ ਇਮਿਊਨ ਸਿਸਟਮ’ ਵਾਲੇ ਬਾਬਾ ਜੀ ਹਨ ਜੋ ਇੱਕ ਵਾਰ ਵਰਤ ਤੇ ਬੈਠੇ-ਬੈਠੇ ਬਿਮਾਰ ਹੋ ਗਏ ਅਤੇ ‘ਗੁਲੂਕੋਜ਼ ਲਵਾਉਣ” ਲਈ ਐਲੋਪੈਥੀ ਦੀ ਸ਼ਰਨ ਵਿੱਚ ਜਾ ਵਿਰਾਜੇ ਸਨ। ਰਾਮਦੇਵ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਣੀ ਖੱਬੀ ਅੱਖ ਦੀ ਕਮਜ਼ੋਰੀ ਕਾਰਨ ਮਜ਼ਾਕ ਦਾ ਪਾਤਰ ਬਣਦੇ ਰਹਿੰਦੇ ਹਨ, ਜੋ ਕਿ ਸਰਾਸਰ ਗਲਤ ਅਤੇ ਨਿੰਦਣਯੋਗ ਹੈ। ਇਹ ਇੱਕ ਟੋਸਿਸ ਨਾਂ ਦੀ ਬਿਮਾਰੀ ਜੋ ਕਿ ਅੱਖਾਂ ਦੇ ਆਲੇ-ਦੁਆਲੇ ਦੀਆਂ ਮਾਸ ਪੇਸ਼ੀਆ ਦੀ ਕਮਜ਼ੋਰੀ ਕਰਕੇ ਹੁੰਦੀ ਹੈ। ਪਰ, ਗੱਲ ਪੁਛਣੀ ਇਹ ਬਣਦੀ ਹੈ ਕਿ ਬਾਬਾ ਯੋਗ ਨਾਲ ਹੁਣ ਤਕ ਆਪਣੀ ਅੱਖ ਕਿਉਂ ਨਹੀਂ ਠੀਕ ਕਰ ਸਕਿਆ? ਬਾਬੇ ਦੀ ਸੱਜੀ ਬਾਂਹ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਕੰਪਨੀ ਦੇ ਸਹਿ-ਸੰਸਥਾਪਕ ਅਤੇ ਸੀਈਓ ਅਚਾਰੀਆ ਬਾਲਕ੍ਰਿਸ਼ਨ ਪਿੱਛੋਂ ਜੋ ਇੱਕ ‘ਪੇੜਾ’ ਖਾਣ ਉਪੰਰਤ ਬਿਮਾਰ ਹੋ ਕੇ ਐਲੋਪੈਥੀ ਕੋਲ ਹੀ ਠੀਕ ਹੋਣ ਗਏ ਸਨ। ਇਹ ਬੇਹੱਦ ਰੌਚਕ ਮਸਲਾ ਉਜਾਗਰ ਕਰਨਾ ਬਣਦਾ ਹੈ ਕਿ ਇਹਨਾਂ ਸਭ ਗੈਰ ਵਿਗਿਆਨਿਕ ਪੱਦਤੀਆਂ ਦੇ ਅਲੰਬੜਦਾਰ ਅਤੇ ਉਸਦੀ ਹਾਮੀ ਭਰਨ ਵਾਲੇ ਰਾਜਸੀ ਲੀਡਰ ਆਪਣਾ ਅਤੇ ਆਪਣੇ ਪਰਿਵਾਰ ਦਾ ਇਲਾਜ ਖੁਦ ਰਾਮਦੇਵ-ਪੁਣੇ ਨਾਲ ਕਰਵਾਉਣ ਦੀ ਬਜਾਇ ਐਲੋਪੈਥੀ ਨਾਲ ਕਰਵਾਉਂਦੇ ਹਨ।
ਇਹ ਰਾਮਦੇਵ-ਪੁਣਾ ਭਾਰਤ ਵਿੱਚ ਵਿਆਪਕ ਹੈ। ਦੇਸ਼ ਦੀ ਕੁੱਲ ਜਨਸੰਖਿਆ ਵਿੱਚੋ ਇੱਕ-ਚੌਥਾਈ ਅਤੇ ਪੇਂਡੂ ਜਨਸੰਖਿਆ ਦੇ ਦੋ ਤਿਹਾਈ ਮਰੀਜ਼ ਇਲਾਜ ਦੇ ਗੈਰ-ਵਿਗਿਆਨਿਕ ਤਰੀਕਿਆਂ ਵਿੱਚ ਯਕੀਨ ਰੱਖਦੇ ਹਨ। ਇਸਦੇ ਪ੍ਰਮੁੱਖ ਕਾਰਨ ਉਹ ਇਹਨਾਂ ਦੇ ‘ਸੌਖੇ ਅਤੇ ਸਸਤ’ ਮਿਲਣਾ ਦੱਸਦੇ ਹਨ। ਇਹਨਾਂ ਨੁਸਖ਼ਿਆਂ ਅਤੇ ਟੋਟਕਿਆਂ ਦਾ ਸਰੀਰ ’ਤੇ ਕੋਈ ਵੀ ਮਾੜਾ ਪ੍ਰਭਾਵ ਨਾ ਪੈਣਾ, ਤੀਜਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ। ਭਾਰਤ ਵਿੱਚ ਰਾਮਦੇਵ-ਨੁਮਾ ਫਾਂਡਾਂ, ਧਾਗਾ-ਤਬੀਤ, ਥੋਲ੍ਹਾ, ਜਾਪ-ਮੰਤਰ, ਸੰਧੂਰ ਵਾਲੇ ਚੌਲ, ਸਿਰਹਾਣੇ ਹੇਠਾਂ ਖ੍ਹਮਣੀ ਵਰਗੇ ਅਣਗਣਿਤ ਟੋਟਕਿਆਂ ਨਾਲ ਲੈਸ ਨੀਮ-ਹਕੀਮ ਬੀ.ਪੀ, ਸ਼ੂਗਰ ਅਤੇ ਦਿਲ-ਦਿਮਾਗ ਦੇ ਦੌਰੇ ਤੋਂ ਲੈ ਕੇ ਏਡਜ਼-ਕਰੋਨਾ ਤਕ ਤਮਾਮ ਬਿਮਾਰੀਆਂ ਨੂੰ ‘ਜੜ੍ਹੋਂ ਖ਼ਤਮ’ ਕਰਨ ਦਾ ਦਾਅਵਾ ਕਰਦੇ ਹਨ। ਇਸ ਤੋਂ ਇਲਾਵਾ ਬਿਨਾਂ ਕਿਸੇ ਵਿਗਿਆਨਿਕ ਸਿਰ-ਪੈਰ ਵਾਲੀਆਂ ਐਕੂਪ੍ਰੇਸ਼ਰ, ਹਿਪਨੋਥੈਰੇਪੀ, ਰੀਕੀ, ਅਰੋਆਥੈਰੇਪੀ, ਮੈਡੀਟੇਸ਼ਨ, ਯੋਗ, ਨੈਟਰੋਪੈਥੀ, ਮਸਾਜ ਥੈਰੇਪੀ ਆਦਿ ਸਮੇਤ ਦਰਜਨਾਂ ਪੱਦਤੀਆਂ ਹਨ ਜੋ ਮਰਜ਼ ਨੂੰ 100% ਸ਼ਰਤੀਆਂ ਅਤੇ ਮੁਕੰਮਲ ਠੀਕ ਕਰਨ ਦਾ ਦਮ ਭਰਦੀਆਂ ਹਨ। ਇਹਨਾਂ ਤੋਂ ਬਿਨਾਂ ਹਰ ਦੋ ਪਿੰਡਾਂ ਬਾਅਦ ਇੱਕ ‘ਸਿਆਣਾ’ ਵੀ ਹੁੰਦਾ ਹੈ ਜੋ ਉਪਰੋਕਤ ਦੇ ਨਾਲ-ਨਾਲ ਸੱਪ ਦੇ ਡੰਗੇ ਦਾ, ਅੰਨ੍ਹੇ-ਬੋਲੇਪਨ ਦਾ, ਬੰਦਿਆਂ ਵਿੱਚ ਮਰਦਾਨਗੀ ਦੀ ਕਮੀ ਅਤੇ ਔਰਤਾਂ ਦੇ ਬਾਂਝਪਨ ਸਮੇਤ ਸਭ ਸਮੱਸਿਆਵਾਂ ਨੂੰ ਜੜ੍ਹੋਂ ਹੀ ਪੂਰਾ ਖ਼ਤਮ ਕਰ ਸਕਦਾ ਹੈ। ਸੜਕ ’ਤੇ ਬੈਠੇ-ਬੈਠੇ ਅੱਖਾਂ ਦੇ ਓਪਰੇਸ਼ਨ, ਦੰਦ ਉਖਾੜਦੇ-ਲਾਉਂਦੇ, ਹੱਡੀਆਂ ਜੋੜਦੇ, ਉੱਤਰੇ ਮੋਢੇ ਚੜ੍ਹਾਉਂਦੇ, ਮੁੰਡਾ ਹੋਣ ਦੀ ਸ਼ਰਤੀਆਂ ਦਵਾਈ ਅਤੇ ਕੈਂਸਰ ਦੀ ਜੜ੍ਹ ਪੱਟਣ ਵਾਲੇ ਕੰਪਾਊਂਡਰਾਂ ਅਤੇ ਅਖੌਤੀ ਰਾਮਦੇਵ-ਨੁਮਾ ਡਾਕਟਰਾਂ ਦੀ ਵੀ ਭਾਰਤ ਵਿੱਚ ਕੋਈ ਕਮੀ ਨਹੀਂ। ਬਲਕਿ ਇਹ ਕਹਿਣਾ ਕਿ ‘ਹਰ ਭਾਰਤੀ ਹੀ ਇੱਕ ਡਾਕਟਰ ਹੈ’ ਕੋਈ ਅਤਿਕਥਣੀ ਨਹੀਂ ਹੋਵੇਗੀ।
ਐਲੋਪੈਥਿਕ ਡਾਕਟਰੀ ਵਿੱਚ ਹਰ ਚੀਜ਼ ਐਂਵੀਡੈਂਸ ਅਧਾਰਤ ਹੈ। ਹਰ ਬਿਮਾਰੀ ਦੀ ਸਮਝ, ਨਾ ਸਮਝ, ਦਵਾਈਆਂ ਦੇ ਫਾਇਦੇ, ਨੁਕਸਾਨ, ਇਲਾਜ ਦੀ ਪ੍ਰਕੀਰਿਆ, ਆਦਿ ਸਭ ਵਿਗਿਆਨ ਦੀ ਸੂਈ ਦੇ ਨੱਕੇ ਵਿੱਚੋ ਲੰਘ ਕੇ ਤੈਅ ਹੁੰਦਾ ਹੈ। ਐਲੋਪੈਥੀ ਕੋਲ ਚੇਚਕ, ਗਿਨੀਵਰਮ, ਕੋੜ੍ਹ ਅਤੇ ਯੌਜ਼ ਅਤੇ ਪੋਲੀਓ ਵਰਗੇ ਮੁੱਨਖਤਾ ਦੇ ਦੁਸ਼ਮਣ ਦਾ ਧਰਤੀ ਦੇ ਨਕਸ਼ੇ ਤੋਂ ਸੰਪੂਰਨ ਖਾਤਮੇ ਦੇ ਨਾਲ-ਨਾਲ ਪਿੰਡਾਂ ਦੇ ਪਿੰਡ ਖਾ ਜਾਣ ਵਾਲੇ ਪਲੇਗ, ਹੈਜ਼ਾ ਅਤੇ ਲੈਪਟੋਸਪਾਇਰੋਸਿਸ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਤੋਂ ਇਲਾਵਾ ਮਲੇਰੀਆ, ਟ੍ਰੈਕੋਮਾ, ਫਿਲੇਰੀਅਸਿਸ, ਕਾਲਾ-ਅਜ਼ਰ ਵਰਗੀਆਂ ਬਿਮਾਰੀਆਂ ਨੂੰ ਕਾਬੂ ਕਰਨ ਦਾ ਸ਼ਾਨਦਾਰ ਇਤਿਹਾਸ ਹੈ। ਜੇਕਰ ਕੁਝ ਤਾਜ਼ੀ ਗੱਲ ਕਰਨੀ ਹੋਵੇ ਤਾਂ ਇਹ ਐਲੋਪੈਥੀ ਹੀ ਹੈ ਜਿਸ ਨੇ ਦਿਲ ਦੀ ਬਿਮਾਰੀਆਂ, ਏਡਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਵਿੱਚ 70% ਤੋਂ ਵੱਧ ਘਾਟਾ ਪਾਇਆ ਹੈ। ਪ੍ਰਸੂਤਾ ਅਤੇ ਨਵ-ਜੰਮੇ ਬੱਚਿਆਂ ਦੀ ਮੌਤ ਦਰ ਨੂੰ ਚੋਖਾ ਘਟਾਉਣ ਦੇ ਨਾਲ-ਨਾਲ ਕਰੋਨਾ ਮਹਾਂਮਾਰੀ ਦੌਰਾਨ ਉਲਝੇ ਕੇਸਾਂ ਨੂੰ ਬਚਾਉਣ ਅਤੇ ਲਾਗ ਲੱਗਣ ਤੋਂ ਬਚਾਉਣ ਵਾਲੀ ਵੈਕਸੀਨ ਬਣਾਉਣ ਦਾ ਸਿਹਰਾ ਵੀ ਐਲੋਪੈਥੀ ਸਿਰ ਹੀ ਬੱਝਦਾ ਹੈ।
ਬੀ.ਪੀ, ਸ਼ੂਗਰ ਅਤੇ ਕੈਂਸਰ ਸਮੇਤ ਕਈ ਬਿਮਾਰੀਆਂ ਦੀ ਸਟੇਜ ਦਾ ਪਤਾ ਲਗਾ ਕੇ ਉਸ ਨੂੰ ਅਗਲੀ ਸਟੇਜ ਵਿੱਚ ਪਹੁੰਚਣ ਤੋਂ ਰੋਕਿਆ ਜਾਂਦਾ ਹੈ। ਇਹ ਉਹ ਸਾਇੰਸ ਹੈ ਜਿਸ ਨਾਲ ਡਾਕਟਰ ਮਰੀਜ਼ ਨੂੰ ਅਗਲੇ ਦਸ-ਪੰਦਰਾਂ ਸਾਲ ਬਾਅਦ ਪੈਦਾ ਹੋਣ ਵਾਲੀਆਂ ਜਾਨ-ਲੇਵਾ ਪੇਚੀਦਗੀਆਂ ਨੂੰ ਪਹਿਲਾਂ ਹੀ ਪਛਾਣ ਕੇ ਉਹਨਾਂ ਦਾ ਰਾਹ ਰੋਕ ਲੈਂਦਾ ਹੈ। ਮਸਲਨ, ਬੀ.ਪੀ ਜਾਂ ਸ਼ੂਗਰ ਦਾ ਰੋਗ ਅੱਖਾਂ ਦੀ ਰੌਸਨੀ ਖਾ ਜਾਂਦਾ ਹੈ। ਦਿਮਾਗ ਨੂੰ ਕਮਜ਼ੋਰ ਕਰਕੇ ਅੰਧਰਗ ਕਰ ਸਕਦਾ ਹੈ। ਦਿਲ ਵਿੱਚ ਨੁਕਸ ਪੈਦਾ ਕਰਕੇ ਦਿਲ ਦਾ ਦੌਰਾ ਪਾ ਸਕਦਾ ਹੈ। ਪੈਰਾਂ ਦੀ ਨਸਾਂ ਨੂੰ ਕਮਜ਼ੋਰ ਕਰਕੇ ਪੈਰਾਂ ਨੂੰ ਗਾਲ਼ ਸਕਦਾ ਹੈ। ਗੁਰਦਿਆਂ ਨੂੰ ਨਕਾਰਾ ਬਣਾ ਸਕਦਾ ਹੈ ਅਤੇ ਹੋਰ ਵੀ ਕਿੰਨੀਆਂ ਪੇਚਦਗੀਆਂ ਪੈਦਾ ਕਰ ਸਕਦਾ ਹੈ। ਅਸਲ ਡਾਕਟਰੀ ਇਹਨਾਂ ਬਿਮਾਰੀਆਂ ਨੂੰ ਸਹੀ ਸਟੇਜ ’ਤੇ ਫੜ ਕੇ ਉਸ ਨੂੰ ਠੀਕ ਕਰਨਾ ਅਤੇ ਭਵਿੱਖ ਵਿੱਚ ਪੈਂਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਪਹਿਲਾਂ ਹੀ ਪੜ੍ਹਨਾ ਅਤੇ ਰੋਕਣਾ ਹੈ। ਠੀਕ ਉਵੇਂ ਹੀ ਕੈਂਸਰ ਦਾ ਮਾਮਲਾ ਹੈ। ਪਹਿਲੀਆਂ ਸਟੇਜਾਂ ਵਿੱਚ ਕਈ ਕੈਂਸਰ ਬਿਲਕੁਲ ਠੀਕ ਕੀਤੇ ਜਾ ਸਕਦੇ ਹਨ ਜਦ ਕਿ ਦੇਰੀ ਹੋਣ ਉਪਰੰਤ ਅੱਪ-ਸਟੇਜ ਹੋਏ ਕੈਂਸਰ ਇਲਾਜੋਂ ਬਾਹਰ ਹੋ ਜਾਂਦੇ ਹਨ।
ਇਸੇ ਤਰ੍ਹਾਂ ਬਹੁਤ ਬਿਮਾਰੀਆਂ ਦੇ ਇਲਾਜ ਲਈ ਕੁਝ ‘ਸੁਨਿਹਰੀ ਘੰਟੇ’ ਹੁੰਦੇ ਹਨ ਜਿਨ੍ਹਾਂ ਅੰਦਰ ਇਲਾਜ ਮਿਲਣ ’ਤੇ ਮਰੀਜ਼ ਤੰਦਰੁਸਤ ਹੋ ਜਾਂਦਾ ਹੈ। ਵੇਲਾ ਲੰਘਣ ਉਪਰੰਤ ਉਹ ਦਵਾਈਆਂ ਜਾਂ ਤਾਂ ਕੰਮ ਹੀ ਨਹੀਂ ਕਰਦੀਆਂ ਜਾਂ ਫਿਰ ਘੱਟ ਕੰਮ ਕਰਦੀਆਂ ਹਨ ਜਿਸ ਕਰਕੇ ਬਿਮਾਰੀ ਦੇ ਚੰਗੇ ਨਤੀਜੇ ਨਹੀਂ ਆਉਂਦੇ। ਦਿਲ ਦਾ ਦੌਰਾ, ਅੰਧਰਗ, ਸੱਪ ਦਾ ਡੰਗਿਆ ਆਦਿ ਅਜਿਹੀਆਂ ਕੁਝ ਆਮ ਵੇਖਣ-ਸੁਣਨ ਵਿੱਚ ਆਉਣ ਵਾਲੀਆਂ ਬਿਮਾਰੀਆਂ ਹਨ। ਇਹ ਸਾਰੀ ਜਾਣਕਾਰੀ ਕਈ-ਕਈ ਸਾਲ, ਕਈ-ਕਈ ਲੱਖ ਮਰੀਜ਼ਾਂ ਉੱਪਰ ਕਈ-ਕਈ ਹਜ਼ਾਰ ਵਿਗਿਆਨੀ-ਡਾਕਟਰ ਦਿਨ ਰਾਤ ਇੱਕ ਕਰਕੇ ਇਕੱਤਰ ਕਰਦੇ ਹਨ।
ਡਾਕਟਰੀ ਇੱਕ ਚਿੱਟਾ ਜਾਂ ਕਾਲਾ ਨਾ ਹੋ ਕੇ ਇੱਕ ਸਲੇਟੀ ਵਿਸ਼ਾ ਹੈ। ਮਰੀਜ਼ ਦੇ ਹਰ ਲੱਛਣ ਦੇ ਅਨੇਕਾਂ ਕਾਰਨ ਹੋ ਸਕਦੇ ਹਨ। ਮਰਜ਼ ਦੀ ਜੜ੍ਹ ਫੜਨ ਲਈ ਅਨੇਕਾਂ ਤਰ੍ਹਾਂ ਦੇ ਵਿਗਿਆਨਿਕ ਜੋੜ-ਘਟਾਓ ਕਰਨੇ ਪੈਂਦੇ ਹਨ। ਫੜੀ ਗਈ ਜੜ੍ਹ ਵੀ ਮਰੀਜ਼ ਦੇ ਪੂਰਨ ਤੰਦਰੁਸਤ ਹੋਣ ਤਕ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੈ ਅਤੇ ਡਾਇਗਨੌਸਿਸ ਵਿੱਚ ਲਗਾਤਾਰ ਸੁਧਾਰ ਹੈ ਹੁੰਦਾ ਰਹਿੰਦਾ ਹੈ। ਕਈ ਵਾਰ ਬਿਮਾਰੀ ਦੇ ਸਹੀ ਫੜੇ ਜਾਣ ਅਤੇ ਸਹੀ ਇਲਾਜ ਕਰੇ ਜਾਣ ’ਤੇ ਵੀ ਮਰੀਜ਼ ਨਹੀਂ ਬਚ ਪਾਉਂਦਾ। ਐਲੋਪੈਥੀ ਵਿੱਚ ਕੁਝ ਵੀ ‘ਸਰਤੀਆਂ’ ਨਹੀਂ ਹੁੰਦਾ।
ਫਿਰ ਵੀ ਕੀ ਵਜਾਹ ਹੈ ਕਿ ਵਿਗਿਆਨ ’ਤੇ ਆਧਾਰਿਤ ਐਲੋਪੈਥਿਕ ਇਲਾਜ ’ਤੇ ਲੋਕਾਂ ਦਾ ਪੂਰਨ ਵਿਸ਼ਵਾਸ ਨਹੀਂ ਹੈ? ਅਸਲੀ ਗੱਲ ਇਹ ਹੈ ਕਿ ਭਾਰਤ ਸਰਕਾਰ ਆਪਣੇ ਕੁੱਲ ਜੀ.ਡੀ.ਪੀ. ਵਿੱਚੋਂ ਸਿਰਫ 1.2 % ਹੀ ਸਿਹਤ ਸੇਵਾਵਾਂ ਲਈ ਖ਼ਰਚ ਕਰਦੀ ਹੈ ਜੋ ਊਠ ਦੇ ਮੂੰਹ ਵਿੱਚ ਜ਼ੀਰੇ ਬਰਾਬਰ ਹੈ। ਭਾਰਤ ਦੀ 65% ਤੋਂ ਵੱਧ ਵਸੋਂ ਪਿੰਡਾਂ ਵਿੱਚ ਵਸਦੀ ਹੈ ਅਤੇ ਭਾਰਤ ਦੇ 80% ਤੋਂ ਵੱਧ ਡਾਕਟਰ ਸ਼ਹਿਰਾਂ ਵਿੱਚ ਪ੍ਰੈਕਟਿਸ ਕਰਦੇ ਹਨ। ਮੁਨਾਫਾ ਕੇਂਦਰਿਤ ਸਰਮਾਏਦਾਰ ਢਾਂਚੇ ਵਿੱਚ ਸਟਾਫ ਦੀ ਘਾਟ, ਸਾਜ਼ੋਸਾਮਾਨ ਦੀ ਘਾਟ, ਬੈੱਡਾਂ ਦੀ ਘਾਟ, ਦਵਾਈਆਂ ਦੀ ਘਾਟ, ਬਿਲਡਿੰਗਾਂ ਦੀ ਘਾਟ ਕਰਕੇ ਸਰਕਾਰੀ ਹਸਪਤਾਲ ਖੁਦ ਵੈਂਟੀਲੇਟਰ ’ਤੇ ਪਏ ਹਨ। ਅਤਿਅੰਤ ਮਹਿੰਗਾ ਪ੍ਰਾਈਵੇਟ ਇਲਾਜ ਆਮ ਬੰਦੇ ਦੇ ਵੱਸੋਂ ਬਾਹਰ ਹੋ ਗਿਆ ਹੈ। ਨਾਲ ਹੀ ਡਾਕਟਰਾਂ ਦਾ ਮਰੀਜ਼ ਨਾਲ ਘੱਟ ਸਮਾਂ ਗੱਲਬਾਤ, ਡਾਕਟਰ ਵੱਲੋਂ ਗੱਲ ਧਿਆਨ ਨਾਲ ਨਾ ਸੁਣਨਾ, ਮਰੀਜ਼ ਦੀ ਗੱਲ ਦਾ ਵਿਚਾਰ ਨਾ ਕਰਨਾ, ਜਾਂ ਉਸ ਤੋਂ ਉਸ ਦੀ ਰਾਇ ਨਾ ਪੁੱਛਣਾ, ਮਰੀਜ਼ ਨੂੰ ਉਸ ਦੇ ਇਲਾਜ ਵਿੱਚ ਹਿੱਸਦਾਰ ਨਾ ਬਣਾਉਣਾ, ਮਰੀਜ਼ ਦੀ ਗੱਲ ਕੱਟਣਾ, ਸਮਾਜ ਵਿੱਚ ਡਾਕਟਰਾਂ ਦੇ ਲਾਲਚ-ਪੁਣੇ ਬਾਰੇ ਆਮ ਧਾਰਨਾ ਆਦਿ ਕਾਰਨਾਂ ਕਰਕੇ ਮਰੀਜ਼ਾਂ ਦਾ ਡਾਕਟਰ ਉੱਪਰ ਭਰੋਸਾ ਨਹੀਂ ਬੱਝ ਪਾਉਂਦਾ। ਕਰੋੜਾਂ ਰੁਪਏ ਖਰਚ ਕੇ ਬਣ ਰਹੇ ਡਾਕਟਰ ਇੱਕ ਖ਼ਾਸ ਕਿਸਮ ਦੇ ਸੁਪੀਰੀਓਰਟੀ ਕੰਪਲੈਕਸ ਦਾ ਸ਼ਿਕਾਰ ਹਨ ਜਿਸ ਕਰਕੇ ਉਹ ਮਰੀਜ਼ਾਂ ਨਾਲੋਂ ਨਿਖੜੇ ਰਹਿੰਦੇ ਹਨ। ਅੰਗਰੇਜ਼ੀ ਦਵਾਈਆਂ ਦੇ ‘ਤੇਜ਼ ਹੋਣ’ ਕਰਕੇ ਸਰੀਰ ’ਤੇ ਬੇਲੋੜੇ ਮਾੜੇ ਪ੍ਰਭਾਵ ਪੈਣ ਦਾ ਬੇਸਿਰਪੈਰਾ ਮਿਥਕ ਵੀ ਭਾਰਤ ਵਿੱਚ ਬਹੁਤ ਮਸ਼ਹੂਰ ਹੈ। ਇਨ੍ਹਾਂ ਤਮਾਮ ਕਾਰਨਾਂ ਕਰਕੇ ਮਰੀਜ਼ਾਂ, ਐਲੋਪੈਥਿਕ ਡਾਕਟਰਾਂ ਅਤੇ ਐਲੋਪੈਥਿਕ ਇਲਾਜ ਨਾਲ ਰਿਸ਼ਤੇ ਵਿੱਚ ਦਰਾੜ ਪੈ ਚੁੱਕੀ ਹੈ, ਜੋ ਕਿ ਹਰ ਗੁਜ਼ਰਦੇ ਪਲ ਵਧਦੀ ਜਾ ਰਹੀ ਹੈ। ਇਸੇ ਦਰਾੜ ਅਤੇ ਸਪੇਸ ਦੀ ਭਰਪਾਈ ਵਿੱਚੋਂ ਇਹ ਗੈਰ ਵਿਗਿਆਨਿਕ ‘ਰਾਮਦੇਵ-ਪੁਣਾ’ ਇਲਾਜ ਪ੍ਰਣਾਲੀ ਨੂੰ ਪੈਰ-ਪਸਾਰਨ ਲਈ ਜਗ੍ਹਾ ਮਿਲ ਰਹੀ ਹੈ।
ਇੱਕ ਐੱਮ.ਬੀ.ਬੀ.ਐੱਸ ਡਾਕਟਰ ਦੀ ਘੱਟੋ-ਘੱਟ 200 ਰੁਪਏ ਪਰਚੀ ਫੀਸ ਹੁੰਦੀ ਹੈ ਜਿਸ ’ਤੇ ਉਹ 200-250 ਦੇ ਟੈਸਟ ਅਤੇ 200-250 ਦੀ ਦਵਾਈ ਲਿਖਦਾ ਹੈ। ਇੰਝ ਮਰੀਜ਼ ਨੂੰ ਟੂਟੀ ਵਾਲੇ ਡਾਕਟਰ ਡੇਢ-ਦੋ ਮਿੰਟ ਦਿਖਾਉਣ ਲਈ ਜੇਬ ਵਿੱਚ ਘੱਟੋਂ-ਘੱਟ 500-700 ਰੁਪਏ ਇੱਕ ਵਾਰ ਦੇ ਚਾਹੀਦੇ ਹਨ। ਸ਼ਹਿਰ ਜਾਣ ਦਾ ਕਰਾਇਆ-ਭਾੜਾ ਅਤੇ ਉਸ ਦਿਨ ਦੀ ਭੰਨੀ ਗਈ ਦਿਹਾੜੀ ਅਲੱਗ। ਉੱਧਰ ਉਸਦੇ ਪਿੰਡ ਵਿੱਚ ਬੈਠਾ ਹਕੀਮ 20 ਰੁਪਏ ਵਿੱਚ ਉਸ ਨੂੰ ਤਸੱਲੀ ਨਾਲ ਦੇਖ ਵੀ ਲਉ, ਘਰ ਪਰਿਵਾਰ ਦੀ ਸੁਖ-ਸਾਂਦ ਵੀ ਪੁੱਛੂ ਅਤੇ ਫਿਰ ਸ਼ਰਤੀਆ ਠੀਕ ਕਰਨ ਦਾ ਵਾਅਦਾ ਕਰਦਾ ਹੋਇਆ ਉਸੇ 20 ਰੁਪਏ ਵਿੱਚ 4 ਪੁੜੀਆਂ ਵੀ ਫੜਾ ਦੇਵੇਗਾ। ਕੁੱਲ ਮਿਲਾ ਕੇ ਇਹ ਉਸ ਮੌਕੇ ਕੋਈ ਘਾਟੇ ਦਾ ਸੌਦਾ ਨਹੀਂ ਹੈ। ਸਮੱਸਿਆ ਇਹ ਹੈ ਕਿ ਇਹ ਹਕੀਮ ਕਿਸੇ ਬਿਮਾਰੀ ਦੇ ‘ਸੁਨਿਹਰੀ ਘੰਟੇ’ ਲੰਘਾ ਸਕਦਾ ਹੈ ਜਾਂ ਬਿਮਾਰੀ ਨੂੰ ਅੱਪ ਸਟੇਜ ਕਰ ਸਕਦਾ ਹੈ। ਸੋ, ਇਹ ਮਰੀਜ਼ ਦੀ ਚੋਣ ਨਾਲੋਂ ਮਜਬੂਰੀ ਵੱਧ ਜਾਪਦੀ ਹੈ। ਇਹ ਗੱਲ ਵਿਸ਼ਵਾਸ ਨਾਲ ਆਖੀ ਜਾ ਸਕਦੀ ਹੈ ਕਿ ਜੇਕਰ ਡਾਕਟਰ ਆਸਾਨੀ ਨਾਲ ਮਿਲੇ, ਤਸੱਲੀ ਨਾਲ ਪੂਰੀ ਗੱਲਬਾਤ ਸੁਣੇ ਅਤੇ ਇਲਾਜ ਮੁਫ਼ਤ ਜਾਂ ਸਸਤਾ ਹੋਵੇ ਤਾਂ ਮਰੀਜ਼ ਨੀਮ-ਹਕੀਮਾਂ ਦੀਆਂ ਹੱਟੀਆਂ ਨੂੰ ਤਰਜੀਹ ਨਹੀਂ ਦੇਣਗੇ।
ਰਾਮਦੇਵ-ਨੁਮਾ ਨੀਮ-ਹਕੀਮ ਇੱਕ ਮਿੱਠੀ ਗੋਲੀ ਜਾਂ ਲਾਰੇ-ਲੱਪੇ ਵਾਲੇ ‘ਪਲੇਸੀਬੋ ਪ੍ਰਭਾਵ’ ਨਾਲ ਮਰੀਜ਼ ਨਾਲ ਖੇਡਦੇ ਹਨ। ਪਲੇਸੀਬੋ ਇੱਕ ਤਰ੍ਹਾਂ ਦੀ ਡੰਮੀ ਦਖਲਅੰਦਾਜ਼ੀ ਹੁੰਦੀ ਹੈ। ਫਾਂਡਾ-ਤਬੀਤ ਅਤੇ ਹੋਰ ਗੈਰ-ਰਵਾਇਤੀ ਇਲਾਜ ਵਿੱਚ ਪਲੇਸੀਬੋ ਪ੍ਰਮੁੱਖ ਅਤੇ ਅਕਸਰ ਇਕੱਲਾ ਪਹਿਲੂ ਹੁੰਦਾ ਹੈ। ਇਹਨਾਂ ਦੇ ‘ਡਾਕਟਰ’ ਮਰੀਜ਼ ਨੂੰ ਪੂਰੀ ਹਮਦਰਦੀ ਦਿਖਾਉਂਦੇ ਹੋਏ ਖੱਲ੍ਹਾ ਟਾਈਮ ਦਿੰਦੇ ਹਨ, ਜੋ ਗੱਲ ਮਰੀਜ਼ ਸੁਣਨਾ ਚਾਹੁੰਦਾ ਹੈ, ਉਹ ਸੁਣਾਉਣਦੇ ਹਨ ਅਤੇ ‘ਸ਼ਰਤੀਆਂ’ ‘ਜੜ੍ਹੋਂ ਖ਼ਤਮ’ ‘100% ਸਹੀ’ ਵਰਗੇ ਅਲੰਕਾਰ ਵਰਤਦੇ ਹੋਏ ਆਪਣੇ ਵਿਲੱਖਣ ਡਰਾਮੇ ਨਾਲ ਪਲੇਸਬੋ ਪ੍ਰਭਾਵਾਂ ਨੂੰ ਵਧਾਉਂਦੇ ਹਨ ਜੋ ਕਿ ਕਦੇ ਮਰੀਜ਼ ਨੂੰ ਆਰਾਮ ਪਹੁੰਚਾਉਂਦੇ ਹਨ ਅਤੇ ਕਦੇ ਜਾਨਲੇਵਾ ਗੁੰਝਲਦਾਰ ਸਮੱਸਿਆਵਾਂ ਵੀ ਪੈਦਾ ਕਰ ਦਿੰਦੇ ਹਨ। ਕਈ ਵਾਰ ਮਰੀਜ਼ ਕੁਦਰਤੀ ਰਿਕਵਰੀ ਜਾਂ ਕਿਸੇ ਬਿਮਾਰੀ ਦੀ ਚੱਕਰਵਾਤੀ ਪ੍ਰਕਿਰਤੀ (ਰਿਗਰੈਸ਼ਨ ਭੁਲੇਖੇ) ਕਰਕੇ ਵੀ ਖੁਦ-ਬ-ਖੁਦ ਹੀ ਠੀਕ ਹੋ ਜਾਂਦਾ ਹੈ। ਜਾਂ ਕਦੀ ਇਹ ਸੰਭਾਵਨਾ ਕਿ ਵਿਅਕਤੀ ਨੂੰ ਅਸਲ ਵਿੱਚ ਕਦੇ ਵੀ ਕੋਈ ਸੱਚੀ ਬਿਮਾਰੀ ਹੈ ਹੀ ਨਹੀਂ ਸੀ - ਵੀ ਲੱਛਣ ਰਹਿਤ ਹੋ ਜਾਣ ਦਾ ਕਾਰਨ ਬਣ ਸਕਦਾ ਹੈ। ਰਾਮਦੇਵ-ਪੁਣਾ ਇਹਨਾਂ ਤਿੰਨਾਂ ਕਾਰਕਾਂ ਨੂੰ ਕੈਸ਼ ਕਰਕੇ ਮਰੀਜ਼ਾਂ ਨੂੰ ਭਰਮਾਉਂਦਾ ਹੈ। ਉੱਧਰ ਸਰਕਾਰ ਖੁਦ ਇਹ ਭਰਮ-ਭੁਲੇਖੇ ਵਾਲੀਆਂ ਪੱਦਤੀਆਂ ਨੂੰ ਪ੍ਰਮੋਟ ਕਰਦੀ ਹੈ। ਵਿਗਿਆਨ ਤੋਂ ਕੋਹਾ ਦੂਰ ਇਹਨਾਂ ਪੈਥੀਆਂ ਦੀ ਭਾਰਤ ਸਰਕਾਰ ਵਿੱਚ ਬਕਾਇਦਾ ਇੱਕ ਮਨਿਸਟਰੀ ਹੈ! ‘ਬੇਟੀ ਪੜ੍ਹਾਓ – ਬੇਟੀ ਬਚਾਓ’ ਦੇ ਨਾਅਰੇ ਮਾਰਦੀ ਮੌਜੂਦਾ ਭਾਰਤ ਸਰਕਾਰ ਦੀਆਂ ਅੱਖਾਂ ਦਾ ਤਾਰਾ ਲਾਲਾ ਰਾਮਦੇਵ ਸ਼ਰੇਆਮ ‘ਮੁੰਡਾ ਹੋਣ ਦੀ ਸ਼ਰਤੀਆਂ ਦਵਾਈ – ਪੁੱਤਰਜੀਵਕ ਬੀਜ’ ਵੇਚਦਾ ਰਿਹਾ ਹੈ। ਕਰੋਨਾ ਦੇ ਸ਼ਰਤੀਆਂ ਇਲਾਜ ਦੀ ਦਵਾਈ ‘ਕੋਰੋਨਿਲ’ ਵੇਚਣ ਵਾਲੇ ਇਹ ਲਾਲਾ ਜੀ ਹਰਿਆਣਾ ਦੀ ਖੱਟਰ ਸਰਕਾਰ ਦੇ ਬ੍ਰਾਂਡ ਅੰਬੈਸਡਰ ਵੀ ਰਹਿ ਚੁੱਕੇ ਹਨ। ਬਾਬਾ ਰਾਮਦੇਵ ਆਪਣੇ ਐਲੋਪੈਥੀ ਵਿਰੋਧੀ ਹਮਲਿਆਂ ਵਿੱਚ ਐਲੋਪੈਥੀ ਦੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਕਿਉਂਕਿ ਆਯੁਰਵੈਦ ਦੇ ਸ਼ਬਦ ਕੋਸ਼ ਵਿੱਚ ਇਹ ਬਿਮਾਰੀਆਂ ਹੀ ਨਹੀਂ ਹਨ। ਇਹ ਹਾਸੋ-ਹੀਣਾ ਅਤੇ ਨੈਤਿਕ ਤੌਰ ’ਤੇ ਬੇਈਮਾਨੀ ਹੈ। ਇਹ ਇੱਕ ਕੌੜਾ ਸੱਚ ਹੈ ਕਿ ਸਾਡੇ ਪੁਰਾਤਨ ਲੋਕ ਮਨੁੱਖੀ ਸਰੀਰ ਅਤੇ ਇਸਦੇ ਰੋਗ ਵਿਗਿਆਨ ਬਾਰੇ ਅੱਜ ਦੇ ਮੁਕਾਬਲੇ ਬਹੁਤ ਘੱਟ ਜਾਣਦੇ ਸਨ। ਛੋਟੀ ਜਿਹੀ ਮਿਸਾਲ ਦੇ ਤੌਰ ’ਤੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਸਾਡੇ ਸਰੀਰ ਵਿੱਚ ਖੂਨ ਦਾ ਸੰਚਾਰ ਕਿਵੇਂ ਹੁੰਦਾ ਹੈ, ਹਾਈਪਰਟੈਨਸ਼ਨ ਦੀ ਗੱਲ ਤਾਂ ਛੱਡੋ। ਵਿਲੀਅਮ ਹਾਰਵੇ (1578-1657) ਨਾਂ ਦੇ ਅੰਗਰੇਜ਼ ਡਾਕਟਰ ਨੇ ਇਸ ਵਰਤਾਰੇ ਦੀ ਖੋਜ ਕੀਤੀ ਸੀ। ਖ਼ੈਰ ਐਲੋਪੈਥੀ ਨੇ ਬਹੁਤ ਗਹਿਰੇ, ਸੂਖ਼ਮ, ਮਿਹਨਤ ਅਤੇ ਕੁਰਬਾਨੀਆਂ ਭਰੇ ਅਧਿਐਨ ਰਾਹੀ ਇਸ ਵਿਗਿਆਨ ਬਾਰੇ ਸਮਝ ਬਣਾਈ ਅਤੇ ਇਸ ਨੂੰ ਪ੍ਰਭਾਵਿਤ ਕਰਨ ਵਾਲੀਆਂ ਬਿਮਾਰੀਆਂ ਦਾ ਇਲਾਜ ਲੱਭਿਆ ਹੈ, ਜੋ ਕਿ ਨਿਰੰਤਰ ਵਿਕਸਤ ਹੋ ਰਿਹਾ ਹੈ।
ਦੂਜੀ ਗੱਲ ਕਾਨੂੰਨ ਦੀ - ਇੰਡੀਅਨ ਮੈਡੀਕਲ ਕੌਂਸਲ ਨੇ ਆਪਣੇ ਪ੍ਰੋਫੈਸ਼ਨਲ ਕੰਡਕਟ, ਐਟਿਕਟ ਐਂਡ ਐਥਿਕਸ ਰੈਗੂਲੇਸ਼ਨਜ਼ 2002 (ਰੈਗੂਲੇਸ਼ਨ 6.1.1, ਚੈਪਟਰ 6) ਵਿੱਚ ਜ਼ਿਕਰ ਕੀਤਾ ਹੈ, ‘ਕਿਸੇ ਡਾਕਟਰ ਦੁਆਰਾ, ਡਾਕਟਰਾਂ ਦੇ ਇੱਕ ਸਮੂਹ ਦੁਆਰਾ ਜਾਂ ਸੰਸਥਾਵਾਂ ਦੁਆਰਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮਰੀਜ਼ਾਂ ਦੀ ਮੰਗ ਕਰਨਾ ਅਨੈਤਿਕ ਹੈ। ਇੱਕ ਚਿਕਿਤਸਕ ਉਸ ਨੂੰ ਜਾਂ ਉਸਦੇ ਨਾਮ ਦੀ ਕਿਸੇ ਵੀ ਰੂਪ ਜਾਂ ਢੰਗ ਨਾਲ ਇਸ਼ਤਿਹਾਰਬਾਜ਼ੀ ਜਾਂ ਪ੍ਰਚਾਰ ਦੇ ਵਿਸ਼ੇ ਵਜੋਂ ਵਰਤੋਂ ਨਹੀਂ ਕਰ ਸਕਦਾ। ਬਾਬਾ ਰਾਮਦੇਵ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਲਗਾਤਾਰ ਉਲੰਘਣਾ ਕਰ ਰਿਹਾ ਹੈ। ਪਰ ਸਰਕਾਰੀ ਬਾਬੇ ਦੇ ਸੱਤ ਖੂਨ ਮਾਫ਼! ਮੌਜੂਦਾ ਨਿਜ਼ਾਮ ਵਿੱਚ ਸਭ ਨਿਯਮ-ਕਾਨੂੰਨ, ਸਜ਼ਾ-ਪਾਬੰਦੀਆਂ ਵੱਖੋ-ਵੱਖਰੇ ਧਰਮਾਂ, ਫਿਰਕਿਆਂ ਅਤੇ ਜਾਤਾਂ ਲਈ ਵੱਖੋ-ਵੱਖਰੀਆਂ ਹਨ।
ਯੋਗ ਇੱਕ ਕਿਸਮ ਦੀ ਕਸਰਤ ਹੈ ਜੋ ਕਿ ਚੰਗੇ ਭੋਜਨ, ਚੰਗੇ ਵਾਤਾਵਰਣ, ਚੰਗੀਆਂ ਆਦਤਾਂ ਵਾਂਗ ਮਨੁੱਖੀ ਸਿਹਤ ਲਈ ਫਾਇਦੇਮੰਦ ਹੈ। ਇਸ ਵਿੱਚ ਕੋਈ ਸ਼ੱਕ ਹੀ ਨਹੀਂ। ਯੋਗਾ ਠੀਕ ਹੈ, ਧੋਖਾਧੜੀ ਨਹੀਂ ਹੈ। ਗੈਰ-ਪ੍ਰਮਾਣਿਤ ਇਲਾਜਾਂ ਦੇ ਅਤਿਕਥਨੀ ਵਾਲੇ ਦਾਅਵੇ ਅਤੇ ਪ੍ਰਚਾਰ ਅਨੈਤਿਕ ਅਤੇ ਗੈਰ-ਕਾਨੂੰਨੀ ਹਨ। ਪਰ, ਜਿਵੇਂ ਪਰਚਾਰਿਆਂ ਜਾ ਰਿਹਾ ਹੈ ਕਿ ਯੋਗ ਹਰ ਮਰਜ਼ ਦੀ ਸੰਜੀਵਨੀ ਹੈ, ਇਹ ਗੱਲ ਗ਼ੈਰ ਵਿਗਿਆਨਿਕ ਅਤੇ ਹਾਸੋ-ਹੀਣੀ ਹੈ। ਇਸੇ ਤਰ੍ਹਾਂ ‘ਕਾੜ੍ਹਿਆਂ’ ਵਿੱਚ ਕੁਝ ਵੀ ਗਲਤ ਨਹੀਂ ਹੈ ਪਰ ਕਾੜ੍ਹਿਆਂ ਨੂੰ ਇੱਕ ਅੰਮ੍ਰਿਤ ਦੇ ਰੂਪ ਵਿੱਚ ਮੰਨਣਾ ਅਤੇ ਪ੍ਰਚਾਰਨਾ ਗੈਰ-ਵਿਗਿਆਨਕ ਸੁਭਾਅ ਨੂੰ ਉਤਸ਼ਾਹਿਤ ਕਰਨ ਦੇ ਬਰਾਬਰ ਹੈ। ਜਿੱਥੇ ਰਾਮਦੇਵ-ਪੁਣਾ ਬਹੁਤ ਪਿਛੋਕੜਾ ਅਤੇ ਗੈਰਵਿਗਿਆਨਿਕ ਹੈ, ਉੱਥੇ ਐਲੋਪੈਥੀ ਵੀ ਵਿਗਿਆਨ ਉੱਤੇ ਸਰਮਾਏ ਦੇ ਕਾਲੇ ਪਰਛਾਵੇ ਹੇਠ ਘਿਰੀ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੀ ਹੈ। ਪਰ,ਜਿਵੇਂ ਹਰ ਪੱਦਤੀ ਦੇ ਮਾਹਿਰ ਨੂੰ ਆਪਣਾ ਨੁਸਖ਼ਾ ਮਰੀਜ਼ ਨੂੰ ਦੇਣ ਦੀ ਆਜ਼ਾਦੀ ਹੈ, ਉਵੇਂ ਹੀ ਹਰ ਮਰੀਜ਼ ਨੂੰ ਵੀ ਆਪਣੇ ਇਲਾਜ ਦਾ ਤਰੀਕਾ ਖੁਦ ਚੁਣਨ ਦਾ ਹੱਕ ਹੈ। ਜੇਕਰ ਕੋਈ ਕੂੜ-ਪ੍ਰਚਾਰ ਅਤੇ ਭਰਮਜਾਲ ਬੁਣਕੇ ਮਰੀਜ਼ ਦੀ ਜ਼ਿੰਦਗੀ ਨੂੰ ਜੋਖ਼ਮ ਵਿੱਚ ਪਾਉਂਦਾ ਹੈ ਜਾਂ ਫਿਰ ਉਸ ਉੱਤੇ ਆਪਣੀ ਦੁਕਾਨਦਾਰੀ ਲੱਦਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਹ ਸਰਾਸਰ ਗ਼ਲਤ ਅਤੇ ਅਨੈਤਿਕ ਕਦਮ ਹੈ, ਚਾਹੇ ਉਸ ਨੂੰ ਐਲੋਪੈਥੀ ਜਾਂ ਫਿਰ ਰਾਮਦੇਵ-ਪੁਣਾ, ਕੋਈ ਵੀ ਚੁੱਕੇ।
**
ਐੱਮ ਡੀ (ਮੈਡੀਸਨ), ਫੈਲੋ ਮੈਡੀਕਲ ਓਕਾਂਲੋਜੀ (ਟਾਟਾ ਮੈਮੋਰੀਅਲ ਸੈਂਟਰ)
ਲੇਖਕ ਪੀ.ਸੀ.ਐੱਮ.ਐੱਸ.ਏ ਐਸੋਸੀਏਸ਼ਨ ਅਤੇ ਜੁਆਇੰਟ ਗੌਰਮੈਂਟ ਡਾ. ਤਾਲਮੇਲ ਕਮੇਟੀ ਦਾ ਆਗੂ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3695)
(ਸਰੋਕਾਰ ਨਾਲ ਸੰਪਰਕ ਲਈ: