Vishvamitter 7“ਨਹਿਰੂ ਮਨ, ਵਚਨ ਅਤੇ ਕਰਮ ਤੋਂ ਪੂਰਾ ਧਰਮਨਿਰਪੱਖ ਸੀ। ਉਹ ਨਾ ਕਦੇ ...”
(22 ਨਵੰਬਰ 2026)


ਮਹਾਤਮਾ ਗਾਂਧੀ: ਗਾਂਧੀ ਦੇ ਕਾਤਲਾਂ ਅਤੇ ਕਾਤਲਾਂ ਦੇ ਹਿਮਾਇਤੀਆਂ ਕੋਲ ਇੱਕ ਹੀ ਬੇਬੁਨਿਆਦ ਦਲੀਲ ਹੈ ਕਿ ਇਹ ਭਾਰਤ ਅਤੇ ਪਾਕਿਸਤਾਨ ਦੀ ਵੰਡ ਦਾ ਜ਼ਿੰਮੇਵਾਰ ਹੈ
। ਨੱਥੂ ਰਾਮ ਗੋਡਸੇ ਨੇ 30 ਜਨਵਰੀ 1948 ਵਾਲੇ ਦਿਨ ਬਰੇਟਾ ਐੱਮ 1934 ਪਸਤੌਲ ਨਾਲ ਬਿਰਲਾ ਹਾਊਸ ਕੰਪਾਉਂਡ ਵਿੱਚ ਮਹਾਤਮਾ ਗਾਂਧੀ ਨੂੰ ਕਤਲ ਕਰ ਦਿੱਤਾ।

ਗਾਂਧੀ ਜੀ ਨੂੰ ਕਤਲ ਕਰਨ ਦੀਆਂ 5 ਕੋਸ਼ਿਸ਼ਾਂ ਕੀਤੀਆਂ ਗਈਆਂ। ਪਹਿਲੀਆਂ ਚਾਰ ਅਸਫਲ ਕੋਸ਼ਿਸ਼ਾਂ ਕ੍ਰਮਵਾਰ 25 ਜੂਨ 1934 ਵਾਲੇ ਦਿਨ ਪੂਨੇ ਵਿੱਚ, ਜੁਲਾਈ 1944 ਪੰਚਗਣੀ ਵਿੱਚ, ਸਤੰਬਰ 1944 ਬੰਬੇ (ਮੁੰਬਈ) ਵਿੱਚ, ਜੂਨ 1946 ਪੂਨੇ ਨੇੜੇ ਅਤੇ ਪੰਜਵੀਂ ਕਤਲ ਕਰਨ ਦੀ ਕੋਸ਼ਿਸ਼ ਨਹੀਂ ਬਲਕਿ 20 ਜਨਵਰੀ 1948 ਵਿੱਚ ਬਿਰਲਾ ਭਵਨ ਵਿੱਚ ਮਹਾਤਮਾ ਗਾਧੀ ਦੀ ਪ੍ਰਾਰਥਨਾ ਸਭਾ ਵਿੱਚ ਕੇਵਲ ਖਲਲ ਪਾਉਣ ਲਈ ਗੰਨ ਪਾਊਡਰ ਨਾਲ ਧਮਾਕਾ ਕੀਤਾ। ਆਖਰੀ ਕੋਸ਼ਿਸ਼ 30 ਜਨਵਰੀ 1948 ਵਾਲੇ ਦਿਨ ਅੱਤ ਪਿਛਾਖੜ ਹਿੰਦੂ ਮਹਾਸਭਾ ਦੇ ਗੋਡਸੇ ਵੱਲੋਂ ਮਹਾਤਮਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ।

23 ਮਾਰਚ 1940 ਵਾਲੇ ਦਿਨ ਇੱਕ ਅਲੱਗ ਰਾਜ ਪਾਕਿਸਤਾਨ ਦੀ ਮੰਗ ਇੱਕ ਮਤੇ ਰਾਹੀਂ ਲਾਹੌਰ ਵਿੱਚ ਕੀਤੀ ਗਈ। ਸਪਸ਼ਟ ਹੈ ਕਿ ਜਦੋਂ ਮਹਾਤਮਾ ਨੂੰ ਕਤਲ ਕਰਨ ਦੀ ਪਹਿਲੀ ਕੋਸ਼ਿਸ਼ 1934 ਵਿੱਚ ਕੀਤੀ ਗਈ ਉਦੋਂ ਤਕ ਪਾਕਿਸਤਾਨ ਕਿਸੇ ਦੇ ਖਾਬੋ ਖਿਆਲ ਵਿੱਚ ਵੀ ਨਹੀਂ ਸੀ ਅਤੇ ਮਹਾਤਮਾ ਗਾਂਧੀ ਨੂੰ ਕਤਲ ਕਰਨ ਦਾ ਇਹ ਕਾਰਨ ਦੱਸਣਾ ਬੇਬੁਨਿਆਦ ਸੀ। ਵੈਸੇ ਇੱਕ ਅਲੱਗ ਰਾਜ ਪਾਕਿਸਤਾਨ ਦਾ ਮੁੱਢ ਤਾਂ ਉਦੋਂ ਬੱਝ ਗਿਆ ਸੀ ਜਦੋਂ 1935 ਵਿੱਚ ਸਾਵਰਕਰ ਨੇ ਬਿਆਨ ਦਿੱਤਾ ਸੀ ਕਿ ਭਾਰਤ ਵਿੱਚ ਦੋ ਰਾਸ਼ਟਰ - ਹਿੰਦੂ ਰਾਸ਼ਟਰ ਅਤੇ ਮੁਸਲਿਮ ਰਾਸ਼ਟਰ ਹਨ।

ਗਾਂਧੀ ਦੇ ਕਤਲ ਦਾ ਅਸਲੀ ਕਾਰਨ ਦੱਸਣ ਤੋਂ ਪਹਿਲਾਂ ਇੱਕ ਗੱਲ ਸਾਫ ਹੋ ਜਾਣੀ ਚਾਹੀਦੀ ਹੈ ਕਿ ਬ੍ਰਾਹਮਣ ਅਤੇ ਬ੍ਰਾਹਮਣਵਾਦ ਅਲੱਗ ਅੱਲਗ ਹਨ। ਬ੍ਰਾਹਮਣ ਦੇ ਘਰ ਜਨਮ ਲੈਣ ਵਾਲੇ ਨੂੰ ਬ੍ਰਾਹਮਣ ਕਿਹਾ ਜਾਂਦਾ ਹੈ ਅਤੇ ਸੱਜ ਪਿਛਾਖੜ ਕੱਟੜ ਹਿੰਦੂਵਾਦ, ਜਿਹੜਾ ਭਾਰਤ ਵਿੱਚ ਕੇਵਲ ਹਿੰਦੂਆਂ ਦਾ ਹੀ ਬੋਲਬਾਲਾ ਚਾਹੁੰਦਾ ਹੈ, ਭਾਰਤ ਵਿੱਚ ਕੇਵਲ ਹਿੰਦੂ ਧਰਮ ਜਾਂ ਸਨਾਤਨ ਧਰਮ ਹੀ ਚਾਹੁੰਦਾ ਹੈ, ਬ੍ਰਾਹਮਣਵਾਦ ਹੈ ਅਤੇ ਕੋਈ ਜ਼ਰੂਰੀ ਨਹੀਂ ਹਰ ਬ੍ਰਾਹਮਣ ਬ੍ਰਾਹਮਣਵਾਦੀ ਹੋਵੇ। ਮੇਰੇ ਕਈ ਦੋਸਤ ਬ੍ਰਾਹਮਣ ਹਨ ਪਰ ਉਹ ਧਰਮਨਿਰਪੱਖ ਹਨ, ਬ੍ਰਾਹਮਣਵਾਦੀ ਨਹੀਂ ਹਨ। ਚੋਟੀ ਦੇ ਅਨੇਕਾਂ ਸੀ ਪੀ ਆਈ, ਸੀ ਪੀ ਐੱਮ ਅਤੇ ਨਕਸਲਵਾਦੀ ਲੀਡਰ ਜਿਹੜੇ ਕਿ ਧਰਮਨਿਰਪੱਖ ਹਨ ਅਤੇ ਬ੍ਰਾਹਮਣ ਹਨ ਪਰ ਬ੍ਰਾਹਮਣਵਾਦੀ ਨਹੀਂ ਹਨ। ਗਾਂਧੀ ਦਾ ਕਤਲ ਕੇਵਲ ਬ੍ਰਾਹਮਣਵਾਦੀ ਸੋਚ ਕਾਰਨ ਕੀਤਾ ਗਿਆ ਕਿਉਂਕਿ ਗਾਂਧੀ ਧਰਮਨਿਰਪੱਖਤਾ ਦਾ ਹਾਮੀ ਸੀ। ਮਤਲਬ, ਉਹ ਹਿੰਦੂ, ਮੁਸਲਿਮ, ਸਿੱਖ, ਇਸਾਈ, ਬੋਧੀ, ਪਾਰਸੀ ਸਮੇਤ ਸਭ ਧਰਮਾਂ ਨੂੰ ਬਰਾਬਰ ਦੇ ਅਧਿਕਾਰਾਂ ਵਾਲੇ ਭਾਰਤੀ ਮੰਨਦਾ ਸੀ ਅਤੇ ਬ੍ਰਹਮਣਵਾਦ ਧਰਮਨਿਰਪੱਖਤਾ ਦਾ ਘੋਰ ਵਿਰੋਧੀ ਹੈ।

ਜਵਾਹਰ ਲਾਲ ਨਹਿਰੂ: ਭਾਰਤ ਪਾਕਿਸਤਾਨ ਦੀ ਵੰਡ ਤੋਂ ਤੁਰੰਤ ਬਾਅਦ ਉੱਜੜ ਕੇ ਆਏ ਲੋਕਾਂ ਦਾ ਪੁਨਰਵਾਸ ਕਰਨਾ ਸੀ ਜੋਕਿ ਨਹਿਰੂ ਅਤੇ ਪਟੇਲ ਨੇ ਕੀਤਾ। ਬ੍ਰਿਟਿਸ਼ ਸਾਮਰਾਜ ਭਾਰਤ ਦੀ ਅਰਥਵਿਵਸਥਾ ਨੂੰ ਐਨੀ ਖਸਤਾ ਹਾਲਤ ਵਿੱਚ ਛੱਡ ਗਿਆ ਸੀ ਕਿ ਸੂਈ ਤਕ ਵੀ ਇੱਥੇ ਬੜੀ ਮੁਸ਼ਕਿਲ ਬਣਦੀ ਸੀ ਅਤੇ ਅਨਾਜ ਵੀ ਸਾਮਰਾਜੀਆਂ ਕੋਲੋਂ ਮੰਗਿਆ ਜਾਂਦਾ ਸੀ ਜੋਕਿ ਕਈ ਸ਼ਰਤਾਂ ਨਾਲ ਮਿਲਦਾ ਸੀ। ਪਰ ਇਹ ਨਹਿਰੂ ਜੀ ਹੀ ਸਨ ਜਿਨ੍ਹਾਂ ਦੀ ਦੂਰਦਰਸ਼ਤਾ ਨਾਲ ਭਾਰਤ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕਿਆ। ਤੇਲ ਅਤੇ ਕੁਦਰਤੀ ਗੈਸ ਦੀ ਖੋਜ ਅਤੇ ਉਤਪਾਦਨ (ਓ ਐੱਨ ਜੀ ਸੀ), ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਟਿਡ (ਬੀ ਐੱਚ ਈ ਐੱਲ), ਸਟੀਲ ਉਤਪਾਦਨ ਲਈ ਭਿਲਾਈ, ਰੂੜਕੇਲਾ ਅਤੇ ਦੁਰਗਾਪੁਰ ਵਿਖੇ ਵੱਡੇ ਸਟੀਲ ਪਲਾਂਟ ਲਾਏ ਗਏ, ਜੋ ਬਾਅਦ ਵਿੱਚ ਸੇਲ (ਐੱਸ ਏ ਆਈ ਐੱਲ) ਦਾ ਹਿੱਸਾ ਬਣੇ। ਮਸ਼ੀਨਰੀ ਅਤੇ ਘੜੀਆਂ ਦੇ ਨਿਰਮਾਣ ਲਈ ਹਿੰਦੁਸਤਾਨ ਮਸ਼ੀਨ ਟੂਲਜ਼ (ਐੱਚ ਐੱਮ ਟੀ), ਤੇਲ ਸੋਧਕ ਕਾਰਖਾਨਿਆਂ ਅਤੇ ਪੈਟਰੋਲੀਅਮ ਪਦਾਰਥਾਂ ਦੀ ਵੰਡ ਲਈ ਇੰਡੀਅਨ ਆਇਲ ਕਾਰਪੋਰੇਸ਼ਨ (ਆਈ ਓ ਸੀ ਐੱਲ) ਬਣਾਈ ਗਈ ਅਤੇ ਇੰਜਨੀਅਰਿੰਗ ਦੀ ਉੱਚ ਸਿੱਖਿਆ ਲਈ (ਆਈ ਆਈ ਟੀ), ਉੱਚ-ਪੱਧਰੀ ਸਿਹਤ ਸੇਵਾਵਾਂ ਅਤੇ ਡਾਕਟਰੀ ਖੋਜ ਲਈ (ਏ ਆਈ ਆਈ ਐੱਮ ਐੱਸ) ਬਣਾਏ ਗਏ। ਉਦਯੋਗਿਕ ਪ੍ਰਬੰਧਨ ਅਤੇ ਸਿੱਖਿਆ ਲਈ (ਆਈ ਆਈ ਐੱਮ) ਬਣਾਏ ਗਏ। ਉੱਚ ਸਿੱਖਿਆ ਦੇ ਮਿਆਰ ਨੂੰ ਕਾਇਮ ਰੱਖਣ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ ਜੀ ਸੀ), ਪ੍ਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਅਤੇ ਖੋਜ ਲਈ ਭਾਵਾ ਐਟੋਮਿਕ ਰਿਸਰਚ ਸੈਂਟਰ (ਬੀ ਏ ਆਰ ਸੀ) ਬਣਾਇਆ ਗਿਆ। ਇੰਕੋਸਪਾਰ’ (ਆਈ ਐਨ ਸੀ ਓ ਐੱਸ ਪੀ ਏ ਆਰ) ਬਣਾਇਆ ਗਿਆ, ਜੋ ਬਾਅਦ ਵਿੱਚ ਪੁਲਾੜ ਖੋਜ ਲਈ ਇਸਰੋ ਬਣ ਗਿਆ। ਰੱਖਿਆ ਖੋਜ ਅਤੇ ਵਿਕਾਸ ਲਈ ਡੀ ਆਰ ਡੀ ਓ ਦਾ ਗਠਨ ਕੀਤਾ। ਇਸ ਤੋਂ ਇਲਾਵਾ ਭਾਰਤੀ ਜੀਵਨ ਬੀਮਾ ਨਿਗਮ, ਪਲੈਨਿੰਗ ਕਮਿਸ਼ਨ, ਸਿੰਜਾਈ ਅਤੇ ਬਿਜਲੀ ਉਤਪਾਦਨ ਲਈ ਵੱਡੇ ਡੈਮ ਬਣਾਏ ਗਏ ਅਤੇ ਉਨ੍ਹਾਂ ਨੂੰ ਭਾਰਤ ਦੇ ਮੰਦਰ ਕਿਹਾ। ਪਰ ਇਨ੍ਹਾਂ ਸਾਰੇ ਕੀਤੇ ਗਏ ਕਾਰਜਾਂ ਨੂੰ ਜਾਣਬੁੱਝ ਕੇ ਅੱਖੋਂ ਪਰੋਖੇ ਕਰਕੇ ਨਹਿਰੂ ਨੂੰ ਬਦਨਾਮ ਕਰਨ ਲਈ ਬੇਬੁਨਿਆਦ ਦੋਸ਼ ਲਾਏ ਗਏ।

ਭਾਜਪਾ ਅਤੇ ਆਰ.ਐੱਸ.ਐੱਸ. ਅਕਸਰ ਇਹ ਦਾਅਵਾ ਕਰਦੇ ਹਨ ਕਿ ਨਹਿਰੂ ਅਤੇ ਸਰਦਾਰ ਵੱਲਭ ਭਾਈ ਪਟੇਲ ਵਿਚਕਾਰ ਡੂੰਘੇ ਮਤਭੇਦ ਸਨ ਪਰ ਇਤਿਹਾਸਕਾਰਾਂ ਅਨੁਸਾਰ ਦੋਵਾਂ ਆਗੂਆਂ ਵਿਚਕਾਰ ਵਿਚਾਰਧਾਰਕ ਬਹਿਸਾਂ ਜ਼ਰੂਰ ਹੁੰਦੀਆਂ ਸਨ ਪਰ ਉਨ੍ਹਾਂ ਦਾ ਆਪਸੀ ਸਤਿਕਾਰ ਅਤੇ ਸਾਂਝ ਬਹੁਤ ਮਜ਼ਬੂਤ ਸੀ। ਕੈਬਿਨੇਟ ਵਿੱਚ ਪਟੇਲ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸੀ, ਦੋਸ਼ ਲਾਇਆ ਗਿਆ ਕਿ ਜਦੋਂ ਪ੍ਰਧਾਨ ਮੰਤਰੀ ਬਣਾਉਣ ਲਈ ਵੋਟਾਂ ਪਈਆਂ ਤਾਂ ਪਟੇਲ ਨੂੰ 28 ਅਤੇ ਨਹਿਰੂ ਨੂੰ ਕੇਵਲ 2 ਵੋਟਾਂ ਮਿਲੀਆਂ ਜਦਕਿ ਅਸਲੀਅਤ ਇਹ ਹੈ ਕਿ ਇਸ ਮਸਲੇ ’ਤੇ ਕਦੇ ਵੋਟਿੰਗ ਹੋਈ ਹੀ ਨਹੀਂ, ਮਹਾਤਮਾ ਗਾਂਧੀ ਦੀ ਸਲਾਹ ’ਤੇ ਪਟੇਲ ਨੇ ਆਪ ਹੀ ਕਹਿ ਦਿੱਤਾ ਸੀ ਕਿ ਨਹਿਰੂ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇ ਕਿਉਂਕਿ ਨਹਿਰੂ ਨੂੰ ਲਗਭਗ ਸਾਰੇ ਸੰਸਾਰ ਦੇ ਲੀਡਰ ਜਾਣਦੇ ਹਨ। ਇਹ ਦੋਸ਼ ਲਾਇਆ ਕਿ ਨਹਿਰੂ ਨੇ ਕਸ਼ਮੀਰ ਮਾਮਲੇ ਨੂੰ ਸੰਯੁਕਤ ਰਾਸ਼ਟਰ ਵਿੱਚ ਲਿਜਾ ਕੇ ਅਤੇ ਧਾਰਾ 370 ਲਾਗੂ ਕਰਕੇ ਇਤਿਹਾਸਕ ਗਲਤੀ ਕੀਤੀ ਪਰ ਸੰਯੁਕਤ ਰਾਸ਼ਟਰ ਵਿੱਚ ਜਾਣ ਦਾ ਫੈਸਲਾ ਪੂਰੀ ਕੈਬਨਿਟ (ਜਿਸ ਵਿੱਚ ਪਟੇਲ ਅਤੇ ਡਾ. ਅੰਬੇਡਕਰ ਵੀ ਸ਼ਾਮਲ ਸਨ) ਅਤੇ ਤਤਕਾਲੀ ਗਵਰਨਰ ਜਨਰਲ ਲਾਰਡ ਮਾਊਂਟਬੈਟਨ ਦੀ ਸਲਾਹ ਨਾਲ ਲਿਆ ਗਿਆ ਸੀ। ਧਾਰਾ 370 ਵੀ ਸੰਵਿਧਾਨ ਸਭਾ ਦੀ ਸਹਿਮਤੀ ਨਾਲ ਰਿਆਸਤ ਦੇ ਭਾਰਤ ਵਿੱਚ ਰਲੇਵੇਂ ਦੀਆਂ ਸ਼ਰਤਾਂ ਤਹਿਤ ਸ਼ਾਮਲ ਕੀਤੀ ਗਈ ਸੀ। ਦੋਸ਼ ਲਾਇਆ ਜਾਂਦਾ ਹੈ ਕਿ ਨਹਿਰੂ ਨੇ ਭਾਰਤ ਨੂੰ ਮਿਲ ਰਹੀ ਯੂ ਐੱਨ ਐੱਸ ਸੀ ਦੀ ਸਥਾਈ ਸੀਟ ਚੀਨ ਨੂੰ ਤੋਹਫੇ ਵਜੋਂ ਦੇ ਦਿੱਤੀ ਪਰ ਖੁਦ ਨਹਿਰੂ ਨੇ 1955 ਵਿੱਚ ਸੰਸਦ ਵਿੱਚ ਸਪਸ਼ਟ ਕੀਤਾ ਸੀ ਕਿ ਭਾਰਤ ਨੂੰ ਅਜਿਹੀ ਕੋਈ ਰਸਮੀ ਪੇਸ਼ਕਸ਼ ਨਹੀਂ ਹੋਈ ਸੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਸੁਭਾਸ਼ ਚੰਦਰ ਬੋਸ ਦਾ ਵਿਰੋਧ ਕੀਤਾ ਸੀ ਪਰ ਬੋਸ ਨੇ ਖੁਦ ਆਪਣੀ ਆਜ਼ਾਦ ਹਿੰਦ ਫੌਜ ਦੇ ਇੱਕ ਬ੍ਰਿਗੇਡ ਦਾ ਨਾਮ ‘ਨਹਿਰੂ ਬ੍ਰਿਗੇਡ’ ਰੱਖਿਆ ਸੀ।

ਨਹਿਰੂ ਜੀ ’ਤੇ ਬੇਬੁਨਿਆਦ ਦੋਸ਼ ਲਾਉਣ ਦਾ ਅਸਲੀ ਕਾਰਨ ਉਹੀ ਹੈ ਜੋ ਗਾਂਧੀ ਜੀ ’ਤੇ ਦੋਸ਼ ਲਾਉਣ ਦਾ ਸੀ। ਨਹਿਰੂ ਵੀ ਧਰਮਨਿਰਪੱਖ ਸੀ। ਨਹਿਰੂ ਮਨ, ਵਚਨ ਅਤੇ ਕਰਮ ਤੋਂ ਪੂਰਾ ਧਰਮਨਿਰਪੱਖ ਸੀ। ਉਹ ਨਾ ਕਦੇ ਕਿਸੇ ਧਾਰਮਿਕ ਸਥਾਨ ’ਤੇ ਗਿਆ ਸੀ, ਨਾ ਕਿਸੇ ਧਾਰਮਿਕ ਸੰਸਥਾ ਨੂੰ ਕੋਈ ਦਾਨ ਕੀਤਾ ਸੀ ਅਤੇ ਨਾ ਕਦੇ ਕਿਸੇ ਧਰਮ ਦੇ ਨਾਮ ’ਤੇ ਵੋਟ ਰਾਜਨੀਤੀ ਕੀਤੀ ਸੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

Vishva Mitter

Vishva Mitter

Jalandhar, Punjab, India.
Phone: (91 - 94176 - 32228)
Email: (bammijalandhar@gmail.com)

More articles from this author