“ਸੱਤਾ ਹਥਿਆਉਣ ਲਈ ਜਾਂ ਸੱਤਾ ਦੇ ਸਿਖਰ ’ਤੇ ਪਹੁੰਚਣ ਲਈ ਸਾਮ, ਦਾਮ, ਦੰਡ ਅਤੇ ਭੇਦ ...”
(18 ਮਾਰਚ 2025)
ਤੁਸੀਂ ਕਈ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਫਲਾਣੇ ਬੰਦੇ ਦੇ ਦਿਮਾਗ ਵਿੱਚ ਗੋਹਾ ਜਾਂ ਗਊਮੂਤਰ ਭਰਿਆ ਹੋਇਆ ਹੈ। ਕਿਸੇ ਦੇ vI ਦਿਮਾਗ ਵਿੱਚ ਸੱਚਮੁੱਚ ਹੀ ਗੋਹਾ ਜਾਂ ਗਊਮੂਤਰ ਨਹੀਂ ਭਰਿਆ ਹੁੰਦਾ ਹੈ। ਦਿਮਾਗ ਵਿੱਚ ਗੋਹਾ ਜਾਂ ਗਊਮੂਤਰ ਭਰਿਆ ਹੋਣਾ ਕੇਵਲ ਇੱਕ ਸੰਕੇਤਾਤਮਿਕ ਗੱਲ ਹੁੰਦੀ ਹੈ ਅਤੇ ਇਹ ਉਹਨਾਂ ਲੋਕਾਂ ਬਾਰੇ ਕਿਹਾ ਜਾਂਦਾ ਹੈ ਜਿਹੜੇ ਇਹ ਸੁਣ ਕੇ ਸਹਿਮਤ ਹੋ ਜਾਂਦੇ ਹਨ ਕਿ ਗਾਂ ਦੇ ਗੋਹੇ ਅਤੇ ਪਿਸ਼ਾਬ ਵਿੱਚ ਬਹੁਤ ਸਾਰੇ ਗੁਣ ਹੁੰਦੇ ਹਨ, ਜਿਨ੍ਹਾਂ ਨਾਲ ਕਈ ਬਿਮਾਰੀਆਂ ਦਾ ਇਲਾਜ ਹੋ ਜਾਂਦਾ ਹੈ। ਅਜਿਹੇ ਲੋਕ ਬਿਨਾਂ ਕਿਸੇ ਜਾਂਚ ਪੜਤਾਲ ਦੇ ਜੋ ਕੁਝ ਕਿਹਾ ਗਿਆ ਹੋਵੇ, ਉਸੇ ਨੂੰ ਸੱਚ ਮੰਨ ਲੈਂਦੇ ਹਨ ਅਤੇ ਕਦੇ ਸਬੂਤ ਜਾਂ ਅਜਿਹੇ ਗਿਆਨ ਦਾ ਸੋਮਾ ਨਹੀਂ ਪੁੱਛਦੇ। ਇਹ ਕਦੇ ਵੀ ਨਹੀਂ ਪੁੱਛਦੇ ਕਿ ਕਿਹੜੇ ਪ੍ਰਚੀਨ ਗ੍ਰੰਥ ਵਿੱਚ ਗਾਂ ਦੇ ਗੋਹੇ ਜਾਂ ਪਿਸ਼ਾਬ ਦੀ ਉਪਮਾ ਕੀਤੀ ਗਈ ਹੈ। ਜਦੋਂ ਵੱਡੇ ਵੱਡੇ ਨੇਤਾ ਇਹ ਕਹਿਣ ਕਿ ਗਾਂ ਦੇ ਗੋਹੇ ਨਾਲ ਕਈ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ, ਗਾਂ ਦੀ ਪਿੱਠ ’ਤੇ ਹੱਥ ਫੇਰਨ ਨਾਲ ਕੈਂਸਰ ਦਾ ਇਲਾਜ ਹੋ ਜਾਂਦਾ ਹੈ, ਗਾਂ ਦੇ ਗੋਹੇ ਦਾ ਲੇਪ ਪਰਮਾਣੂ ਹਮਲੇ ਤੋਂ ਬਾਅਦ ਪੈਦਾ ਹੋਈਆਂ ਵਿਕੀਰਣਾਂ ਨੂੰ ਰੋਕ ਲੈਂਦਾ ਹੈ ਅਤੇ ਨੇਤਾਵਾਂ ਦੇ ਕੁਝ ਸਾਥੀ ਡਾਕਟਰ ਵੀ ਇਹੋ ਕੁਝ ਹੀ ਕਹਿੰਦੇ ਹੋਣ ਤਾਂ ਲਾਈਲੱਗਾਂ ਦੇ ਦਿਮਾਗ ਵਿੱਚ ਇਹ ਸਾਰਾ ਕੁਝ ਭਰ ਜਾਂਦਾ ਹੈ। ਅਜਿਹੇ ਲੋਕਾਂ ਦੇ ਦਿਮਾਗਾਂ ਵਿੱਚ ਹੋਰ ਵੀ ਬਹੁਤ ਕੁਝ ਊਟ ਪਟਾਂਗ ਭਰਿਆ ਹੁੰਦਾ ਜਿਵੇਂ ਕਿ ਰਮਾਇਣ ਮਹਾਭਾਰਤ ਕਾਲ ਵਿੱਚ ਵਿਗਿਆਨ ਅੱਜ ਨਾਲੋਂ ਬਹੁਤ ਅੱਗੇ ਸੀ, ਵਿਦੇਸ਼ੀ ਸਾਡੇ ਵੇਦ ਗ੍ਰੰਥ ਆਪਣੇ ਨਾਲ ਲੈ ਗਏ ਅਤੇ ਉਹਨਾਂ ਦੀਆਂ ਸਾਰੀਆਂ ਵਿਗਿਆਨਿਕ ਖੋਜਾਂ ਸਾਡੇ ਗ੍ਰੰਥਾਂ ਉੱਤੇ ਅਧਾਰਿਤ ਹਨ। ਆਰੀਆ ਲੋਕ ਸ਼ੁਰੂ ਤੋਂ ਹੀ ਭਾਰਤ ਵਿੱਚ ਰਹਿੰਦੇ ਆ ਰਹੇ ਹਨ, ਕੇਵਲ ਮੁਸਲਮਾਨ ਅਤੇ ਇਸਾਈ ਬਾਹਰੋਂ ਆਏ ਹਨ। ਹਿੰਦੂ ਬੜੇ ਸੱਭਿਆ ਅਤੇ ਸੰਸਕਾਰੀ ਹੁੰਦੇ ਹਨ ਜਦਕਿ ਮੁਸਲਮਾਨ ਨਿਰਦਈ ਅਤੇ ਕਾਤਲ ਹੁੰਦੇ ਹਨ, ਇਹ ਸੱਤਾ ਜਾਂ ਜਾਇਦਾਦ ਲਈ ਕਤਲ ਕਰਨ ਵੇਲੇ ਆਪਣੇ ਬਾਪ ਨੂੰ ਵੀ ਨਹੀਂ ਬਖਸ਼ਦੇ।
ਮੁਸਲਮਾਨ ਬਾਦਸ਼ਾਹਾਂ ਨੂੰ ਬਭੇ ਜ਼ਾਲਿਮ ਅਤੇ ਕਰੂਰ ਦੱਸਿਆ ਜਾਂਦਾ ਹੈ। ਔਰੰਗਜ਼ੇਬ ਨੇ ਸੱਤਾ ਲਈ ਆਪਣੇ ਬਾਪ ਨੂੰ ਜੇਲ੍ਹ ਵਿੱਚ ਕੈਦ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ ਅਤੇ ਆਪਣੇ ਭਰਾਵਾਂ ਨੂੰ ਮਾਰ ਦਿੱਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੱਤਾ ਅਤੇ ਸੰਪਤੀ ਲਈ ਬਾਦਸ਼ਾਹ ਇਵੇਂ ਹੀ ਕਰਦੇ ਆਏ ਹਨ। ਪਰ ਮੁਗ਼ਲ ਬਾਦਸ਼ਾਹਾਂ ਵਿੱਚ ਦਿਆਲੂ ਵੀ ਹੋਏ ਹਨ ਅਤੇ ਦੂਜੇ ਧਰਮਾਂ ਦਾ ਸਤਕਾਰ ਕਰਨ ਵਾਲੇ ਵੀ ਹੋਏ ਹਨ। ਤੁਸੀਂ ਕਈ ਵਾਰ ਖ਼ਬਰਾਂ ਪੜ੍ਹ ਜਾਂ ਸੁਣ ਚੁੱਕੇ ਹੋਵੋਗੇ ਕਿ ਜਾਇਦਾਦ ਪ੍ਰਾਪਤ ਕਰਨ ਲਈ ਪੁੱਤਰ ਨੇ ਪਿਉ ਦਾ ਕਤਲ ਕਰ ਦਿੱਤਾ ਜਾਂ ਛੋਟੇ ਭਰਾ ਨੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਸੱਤਾ ਜਾਂ ਜਾਇਦਾਦ ਲਈ ਕਤਲ ਦਾ ਸੰਬੰਧ ਕਿਸੇ ਜਾਤ ਜਾਂ ਧਰਮ ਨਾਲ ਸੰਬੰਧਿਤ ਨਹੀਂ ਹੁੰਦਾ। ਪਰ ਜਿਨ੍ਹਾਂ ਦੇ ਦਿਮਾਗ ਗੋਹੇ ਨਾਲੇ ਭਰੇ ਕਹੇ ਜਾਂਦੇ ਹਨ, ਉਹ ਕੇਵਲ ਇਹੀ ਮੰਨਣਗੇ ਕਿ ਸੱਤਾ ਲਈ ਕਤਲ ਕੇਵਲ ਮੁਸਲਮਾਨ ਹੀ ਕਰਦੇ ਹਨ ਕਿਉਂਕਿ ਇਹ ਕੁਝ ਪਿਛਾਖੜੀ ਸੋਚ ਵਾਲੇ ਨੇਤਾ ਪ੍ਰਚਾਰ ਰਹੇ ਹਨ ਅਤੇ ਟੀ ਵੀ ਚੈਨਲ ਪ੍ਰਸਾਰਿਤ ਕਰ ਰਹੇ ਹਨ। ਉਹ ਕਦੇ ਪ੍ਰਮਾਣਿਤ ਇਤਿਹਾਸ ਨਹੀਂ ਪੜ੍ਹਦੇ ਅਤੇ ਨਾ ਹੀ ਉਸ ’ਤੇ ਵਿਸ਼ਵਾਸ ਕਰਦੇ ਹਨ। ਅਗਾਂਹ ਸੱਤਾ ਲਈ ਹਿੰਦੂ ਰਾਜਕੁਮਾਰਾਂ ਵੱਲੋਂ ਆਪਣੇ ਪਿਤਾ ਸ਼੍ਰੀ ਰਾਜਿਆਂ ਮਹਾਰਾਜਿਆਂ ਦੇ ਕਤਲਾਂ ਦਾ ਜ਼ਿਕਰ ਕੀਤਾ ਗਿਆ ਹੈ।
ਰਾਜਸੀ ਸੱਤਾ ਲਈ ਭਾਰਤ ਵਿੱਚ ਹਿੰਦੂ ਰਾਜਕੁਮਾਰਾਂ ਹੱਥੋਂ ਆਪਣੇ ਬਾਪਾਂ ਦੇ ਕਤਲਾਂ ਦੀ ਇੱਕ ਲੰਬੀ ਲੜੀ ਹੈ। ਰਾਜਾ ਬਿੰਬਿਸਾਰ ਨੂੰ ਉਸਦੇ ਪੁੱਤਰ ਅਜਾਤ ਸ਼ਤਰੂ ਨੇ ਜੇਲ੍ਹ ਵਿੱਚ ਬੰਦ ਕਰ ਦਿੱਤਾ, ਜਿੱਥੇ ਉਸ ਦੀ ਭੁੱਖ ਨਾਲ ਮੌਤ ਹੋ ਗਈ। ਅਜਾਤ ਸ਼ਤਰੂ ਨੂੰ ਉਸਦੇ ਪੁੱਤਰ ਉਦੈ ਭੱਦਰ ਨੇ ਮਾਰਿਆ। ਉਦੈ ਭੱਦਰ ਨੂੰ ਉਸਦੇ ਪੁੱਤਰ ਅਨਿਰੁੱਧ ਨੇ ਮਾਰਿਆ। ਅਨਿਰੁੱਧ ਨੂੰ ਉਸਦੇ ਪੁੱਤਰ ਮੁੰਡ ਨੇ ਮਾਰਿਆ ਅਤੇ ਮੁੰਡ ਨੂੰ ਉਸਦੇ ਪੁੱਤਰ ਨਾਗਦਸਤਕ ਨੇ ਮਾਰ ਦਿੱਤਾ। ਤਦ ਪਰਜਾ ਨੇ ਕਿਹਾ ਕਿ ਇਹ ਤਾਂ ਬਾਪ ਹੱਤਿਆ ਕਰਨ ਵਾਲਿਆਂ ਦਾ ਵੰਸ਼ ਹੈ, ਇਸ ਲਈ ਨਾਗਦਸਤਕ ਨੂੰ ਗੱਦੀ ਤੋਂ ਉਤਾਰ ਕੇ ਉਸਦੇ ਮੰਤਰੀ ਸ਼ਿਸ਼ੁਨਾਗ ਨੂੰ ਰਾਜਾ ਬਣਾ ਦਿੱਤਾ।
ਅਸ਼ੋਕ ਨੇ ਆਪਣੇ ਸਾਰੇ ਭਰਾਵਾਂ ਦਾ ਕਤਲ ਕਰਕੇ ਰਾਜ ਗੱਦੀ ਹਾਸਲ ਕੀਤੀ, ਬਾਅਦ ਵਿੱਚ ਭਾਵੇਂ ਉਸਨੇ ਬੁੱਧ ਧਰਮ ਅਪਣਾ ਲਿਆ ਅਤੇ ਅਹਿੰਸਾ ਦੇ ਮਾਰਗ ’ਤੇ ਚੱਲ ਪਿਆ। ਰਾਣਾ ਸਾਂਗਾ ਨੂੰ ਉਸਦੇ ਸਾਥੀ ਸਰਦਾਰਾਂ ਨੇ ਜ਼ਹਿਰ ਦੇ ਕੇ ਮਾਰ ਦਿੱਤਾ, ਭਾਵੇਂ ਕਿ ਇਹ ਮੌਤ ਗੱਦੀ ਹਥਿਆਉਣ ਲਈ ਨਹੀਂ ਸੀ। ਸਦੀਆਂ ਪੁਰਾਣੀ ਗੱਲ ਨਹੀਂ, 2001 ਵਿੱਚ ਨੇਪਾਲ ਦੇ ਰਾਜ ਮਹਿਲ ਵਿੱਚ ਰਾਜਾ ਬੀਰੇਂਦਰ ਅਤੇ ਰਾਣੀ ਐਸ਼ਵਰਿਆ ਸਮੇਤ ਰਾਜ ਪਰਿਵਾਰ ਦੇ 9 ਮੈਂਬਰ ਗੋਲੀਆਂ ਚਲਾ ਕੇ ਮਾਰ ਦਿੱਤੇ ਗਏ ਸਨ ਅਤੇ ਗੋਲੀਆਂ ਚਲਾਉਣ ਵਾਲਾ ਵੀ ਰਾਜਕੁਮਾਰ ਦੀਪੇਂਦਰ ਸੀ। ਅਜੇ ਤਕ ਇਸ ਗੋਲੀ ਕਾਂਡ ਦੀ ਗੁੱਥੀ ਨਹੀਂ ਸੁਲਝੀ ਕਿ ਇਹ ਇੱਕ ਅਸਫ਼ਲ ਪ੍ਰੇਮ ਕਹਾਣੀ ਸੀ ਜਾਂ ਕਿਸੇ ਵਿਦੇਸ਼ੀ ਏਜੇਂਸੀ ਦੀ ਸਾਜ਼ਿਸ਼ ਸੀ ਜਾਂ ਸੱਤਾ ਲਈ ਕਤਲ ਹੋਏ ਸਨ, ਜਿਸਦੀ ਕਿ ਜ਼ਿਆਦਾ ਸੰਭਾਵਨਾ ਹੈ।
ਬਾਦਸ਼ਾਹ ਕੇਵਲ ਬਾਦਸ਼ਾਹ ਹੀ ਹੁੰਦਾ ਹੈ ਉਹ ਕਿਸੇ ਧਾਰਮਿਕ ਅਦਾਰੇ ਦਾ ਪ੍ਰਚਾਰਕ ਨਹੀਂ ਹੁੰਦਾ। ਬਾਦਸ਼ਾਹਤ ਹਥਿਆਉਣ ਲਈ ਜਾਂ ਬਾਦਸ਼ਾਹਤ ਕਾਇਮ ਰੱਖਣ ਲਈ ਜੇਕਰ ਉਸ ਨੂੰ ਕੁਝ ਕਤਲ ਕਰਨੇ ਪੈ ਜਾਣ ਤਾਂ ਉਹ ਝਿਜਕੇਗਾ ਨਹੀਂ। ਬਾਦਸ਼ਾਹ ਆਪਣੀ ਬਾਦਸ਼ਾਹਤ ਬਿਲਕੁਲ ਠੀਕਠਾਕ ਚਲਾਉਣ ਲਈ ਆਪਣੇ ਮੰਤਰੀ ਜਾਂ ਜਰਨੈਲ ਰੱਖਣ ਵੇਲੇ ਕਦੇ ਵੀ ਇਹ ਨਹੀਂ ਸੋਚਦਾ ਕਿ ਇਨ੍ਹਾਂ ਦਾ ਧਰਮ ਕੀ ਹੈ। ਜ਼ਿਆਦਾ ਹੀ ਜ਼ਰੂਰਤ ਵੇਲੇ ਬਾਦਸ਼ਾਹ ਆਪਣੀ ਸੱਤਾ ਕਾਇਮ ਰੱਖਣ ਲਈ ਕਦੇ ਕਦੇ ਧਰਮ ਦਾ ਵੀ ਇਸਤੇਮਾਲ ਕਰ ਲੈਂਦੇ ਸਨ। ਪਰ ਫਿਰ ਵੀ ਜਿੱਥੋਂ ਯੋਗ ਵਿਅਕਤੀ ਕਿਸੇ ਵੀ ਧਰਮ ਦਾ ਮਿਲਦਾ ਸੀ, ਉਸ ਨੂੰ ਆਪਣੇ ਨਾਲ ਮਿਲਾ ਲੈਂਦੇ ਸਨ।
ਔਰੰਗਜ਼ੇਬ ਨੂੰ ਬਹੁਤ ਕੱਟੜ ਮੁਸਲਮਾਨ ਬਾਦਸ਼ਾਹ ਪ੍ਰਚਾਰਿਆ ਜਾ ਰਿਹਾ ਹੈ। ਜੇਕਰ ਇਸ ਸੱਚ ਹੈ ਤਾਂ ਔਰੰਗਜ਼ੇਬ ਦੇ ਦਰਬਾਰ ਵਿੱਚ ਜ਼ਿਆਦਾ ਮੰਤਰੀ ਹਿੰਦੂ ਕਿਉਂ ਸਨ? ਉਸ ਦੀ ਫੌਜ ਵਿੱਚ ਜ਼ਿਆਦਾ ਜਰਨੈਲ ਰਾਜਪੂਤ (ਹਿੰਦੂ) ਕਿਉਂ ਸਨ? ਉਸਦੇ ਹਰਮ ਵਿੱਚ ਰਾਣੀਆਂ ਦੀ ਰਾਖੀ ਲਈ ਹਿੰਦੂ ਪਹਿਰੇਦਾਰ ਕਿਉਂ ਸਨ? ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਐਨਾ ਕੱਟੜ ਮੁਸਲਮਾਨ ਸੀ ਕਿ ਰੋਜ਼ਾਨਾ ਸਵੇਰੇ ਸਵਾ ਮਣ ਜਨੇਊ ਉਤਰਵਾ ਕੇ ਨਾਸ਼ਤਾ ਕਰਦਾ ਸੀ। ਜੇਕਰ ਇਹ ਸੱਚ ਹੈ ਤਾਂ ਹੁਣ ਤਕ ਸਾਰੇ ਹੀ ਹਿੰਦੂ ਮੁਸਲਮਾਨ ਬਣ ਚੁੱਕੇ ਹੋਣੇ ਸਨ। ਅਕਬਰ ਅਤੇ ਰਾਣਾ ਪ੍ਰਤਾਪ ਵਿੱਚ ਯੁੱਧ ਹਿੰਦੂ ਜਾਂ ਮੁਸਲਮਾਨ ਵਿੱਚ ਯੁੱਧ ਨਹੀਂ ਸੀ। ਰਾਣਾ ਪ੍ਰਤਾਪ ਵਿਰੁੱਧ ਲੜਨ ਲਈ ਅਕਬਰ ਵੱਲੋਂ ਭੇਜਿਆ ਜਰਨੈਲ ਰਾਜਾ ਮਾਨ ਸਿੰਘ ਸੀ ਅਤੇ ਰਾਣਾ ਪਰਤਾਪ ਦੀ ਫੌਜ ਦਾ ਕਮਾਂਡਰ ਹਕੀਮ ਖਾਂ ਸੀ। ਸ਼ਿਵਾ ਜੀ ਅਤੇ ਅਫ਼ਜ਼ਲ ਖਾਂ ਵਿੱਚ ਹੋਏ ਯੁੱਧ ਨੂੰ ਅੱਜਕਲ ਹਿੰਦੂ ਅਤੇ ਮੁਸਲਮਾਨ ਵਿੱਚ ਯੁੱਧ ਦੱਸਿਆ ਜਾ ਰਿਹਾ ਹੈ ਜਦਕਿ ਇਹ ਯੁੱਧ ਕੇਵਲ ਸੱਤਾ ਬਚਾਉਣ ਜਾਂ ਸੱਤਾ ਹਥਿਆਉਣ ਲਈ ਸੀ। ਸ਼ਿਵਾ ਜੀ ਨੂੰ ਲੋਹੇ ਦਾ ਪੰਜਾ ਲੁਕੋ ਕੇ ਲਿਜਾਣ ਲਈ ਸਲਾਹ ਦੇਣ ਵਾਲਾ ਮੁਸਲਮਾਨ ਰੁਸਤਮੇ ਜ਼ਮਾਂ ਸੀ ਅਤੇ ਅਫ਼ਜ਼ਲ ਖਾਂ ਦਾ ਸਲਾਹਕਾਰ ਕ੍ਰਿਸ਼ਨਾਜੀ ਭਾਸਕਰ ਕੁਲਕਰਣੀ ਇੱਕ ਹਿੰਦੂ ਸੀ।
ਸੱਤਾ ਹਥਿਆਉਣ ਲਈ ਜਾਂ ਸੱਤਾ ਦੇ ਸਿਖਰ ’ਤੇ ਪਹੁੰਚਣ ਲਈ ਸਾਮ, ਦਾਮ, ਦੰਡ ਅਤੇ ਭੇਦ, ਇਹ ਚਾਰ ਨੁਸਖੇ ਕਾਫੀ ਸਮੇਂ ਤੋਂ ਦੱਸੇ ਜਾ ਰਹੇ ਹਨ। ਅੱਜਕਲ ਕਥਿਤ ਲੋਕਤੰਤਰ ਵਿੱਚ ਜ਼ਿਆਦਾਤਰ ਦਾਮ ਅਤੇ ਦੰਡ ਚਲਦੇ ਹਨ। ਇਨ੍ਹਾਂ ਤੋਂ ਇਲਾਵਾ ਕੋਈ ਅਜਿਹਾ ਧੋਖਾ ਵੀ ਕੀਤਾ ਜਾ ਸਕਦਾ ਹੈ ਜਿਸ ਨੂੰ ਬੇਸਮਝ ਪਬਲਿਕ ਜਾਇਜ਼ ਮੰਨ ਲੈਂਦੀ ਹੈ। ਸੱਤਾ ਕਾਇਮ ਰੱਖਣ ਲਈ ਵਿਧਾਇਕ ਜਾਂ ਸਾਂਸਦ ਖਰੀਦੇ ਜਾਂਦੇ ਹਨ। ਜੇਕਰ ਇਹ ਕਾਨੂੰਨਘਾੜੇ ਆਪਣਾ ਮੁੱਲ ਪੁਆਉਣ ਨੂੰ ਰਾਜ਼ੀ ਨਾ ਹੋਣ ਤਾਂ ਇਨ੍ਹਾਂ ਨੂੰ ਸੀ. ਬੀ. ਆਈ, ਸੀ. ਆਈ. ਏ, ਆਈ. ਟੀ ਜਾਂ ਈ. ਡੀ ਦਾ ਦੰਡ ਦਿੱਤਾ ਜਾਂਦਾ ਹੈ ਜਾਂ ਦੰਡ ਦੇਣ ਦੀ ਧਮਕੀ ਦਿੱਤੀ ਜਾਂਦੀ ਹੈ। ਜਦੋਂ 2014 ਵਿੱਚ ਭਾਜਪਾ ਨੇ ਬਹੁਮਤ ਹਾਸਲ ਕਰ ਲਿਆ ਅਤੇ ਪ੍ਰਧਾਨ ਮੰਤਰੀ ਬਣਨ ਲਈ ਅਡਵਾਨੀ ਵਰਗੇ ਉੱਚ ਸਿੱਖਿਅਤ ਅਤੇ ਸੀਨੀਅਰ ਨੇਤਾ ਮੌਜੂਦ ਸਨ ਤਾਂ ਉਹਨਾਂ ਨੂੰ ਸੱਤਾ ਤੋਂ ਦੂਰ ਰੱਖ ਕੇ ਮੋਦੀ ਜੀ ਨੂੰ ਸੱਤਾ ਦੇ ਸਿਖਰ ’ਤੇ ਰੱਖਣ ਲਈ ਇੱਕ ਫਾਰਮੂਲਾ ਬਣਾਇਆ ਗਿਆ ਕਿ ਜਿਨ੍ਹਾਂ ਦੀ ਉਮਰ 75 ਸਾਲ ਦੀ ਹੋ ਗਈ ਹੈ, ਉਹ ਸਰਗਰਮ ਰਾਜਨੀਤੀ ਵਿੱਚ ਆਉਣ ਦੀ ਬਜਾਏ ਮਾਰਗ ਦਰਸ਼ਕ ਬਣਾ ਦਿੱਤੇ ਜਾਣ। ਭਾਜਪਾ ਮੈਂਬਰਾਂ ਅਤੇ ਆਮ ਲੋਕਾਂ ਨੇ ਇਸ ਨੂੰ ਇੱਕ ਚੰਗਾ ਕਦਮ ਮੰਨਿਆ। ਕਈਆਂ ਨੇ ਕਿਹਾ ਕਿ ਸਿਆਸਤ ਵਿੱਚ ਬੁੱਢੇ ਠੇਰੇ ਨਹੀਂ ਹੋਣੇ ਚਾਹੀਦੇ, ਇਸ ਲਈ ਮਾਰਗ ਦਰਸ਼ਕ ਵਾਲਾ ਕਾਨੂੰਨ ਠੀਕ ਹੈ, ਬਾਕੀ ਪਾਰਟੀਆਂ ਵੀ ਇਹੋ ਕਾਨੂੰਨ ਵਰਤਣ।
ਹੁਣ ਜਦੋਂ 17 ਸਤੰਬਰ 2025 ਨੂੰ ਮੋਦੀ ਜੀ 75 ਸਾਲ ਦੇ ਹੋ ਜਾਣੇ ਹਨ ਤਾਂ ਇਹ ਕਿਹਾ ਜਾ ਰਿਹਾ ਹੈ ਕਿ 75 ਸਾਲ ਦੀ ਉਮਰ ਵਾਲਾ ਫਾਰਮੂਲਾ ਮੋਦੀ ਜੀ ’ਤੇ ਲਾਗੂ ਨਹੀਂ ਹੋਵੇਗਾ। ਹੁਣ ਪਾਰਟੀ ਕੇਡਰ ਅਤੇ ਆਮ ਲੋਕ ਸਮਝਦੇ ਹਨ ਕਿ ਸੀਨੀਅਰ ਨੇਤਾਵਾਂ ਨੂੰ ਮਾਰਗ ਦਰਸ਼ਕ ਬਣਾ ਕੇ ਭੇਜਣਾ ਉਹਨਾਂ ਨਾਲ ਸੱਤਾ ਪ੍ਰਾਪਤੀ ਲਈ ਧੋਖਾ ਸੀ। ਪਰ ਜਿਨ੍ਹਾਂ ਦੇ ਦਿਮਾਗ ਵਿੱਚ ਗੋਹਾ ਜਾਂ ਗਊਮੂਤਰ ਭਰਿਆ ਕਿਹਾ ਜਾਂਦਾ ਹੈ, ਉਹ ਇਸ ਨੂੰ ਸੱਤਾ ਲਈ ਧੋਖਾ ਨਹੀਂ ਮੰਨਦੇ ਅਤੇ ਕਹਿੰਦੇ ਹਨ ਕਿ ਮੋਦੀ ਜੀ ਨਾਲੋਂ ਜ਼ਿਆਦਾ ਲਿਆਕਤ ਵਾਲਾ ਅਤੇ ਨੀਤੀਵਾਨ ਭਾਰਤ ਵਿੱਚ ਹੋਰ ਕੋਈ ਨਹੀਂ, ਇਸ ਲਈ ਹਰ ਹਾਲਤ ਵਿੱਚ ਮੋਦੀ ਜੀ ਹੀ ਪ੍ਰਧਾਨ ਮੰਤਰੀ ਰਹਿਣੇ ਚਾਹੀਦੇ ਹਨ। ਉਹਨਾਂ ਨੂੰ ਇਹ ਬਿਲਕੁਲ ਨਹੀਂ ਦਿਸਦਾ ਕਿ ਵਪਾਰ ਸੰਬੰਧੀ ਜਿਹੜੀਆਂ ਜਿਹੜੀਆਂ ਸ਼ਰਤਾਂ ਟਰੰਪ ਲਗਾਉਂਦਾ ਗਿਆ, ਉਹਨਾਂ ਨੂੰ ਮੋਦੀ ਜੀ ‘ਸੱਤ ਬਚਨ’ ਕਹਿ ਕੇ ਮੰਨਦੇ ਗਏ। ਐਲਨ ਮਸਕ ਵੱਲੋਂ ਐੱਫ 35 ਜਹਾਜ਼ਾਂ ਨੂੰ ਕਬਾੜ ਕਹਿਣ ਦੇ ਬਾਵਜੂਦ ਉਹਨਾਂ ਨੂੰ ਖਰੀਦਣ ਦਾ ਵਾਇਦਾ ਮੋਦੀ ਜੀ ਕਰ ਆਏ। ਹਵਾਈ ਫੌਜ ਦੇ ਮੁਖੀ ਨੇ ਇੱਕ ਬਿਆਨ ਦਿੱਤਾ, “ਜੰਗੀ ਜਹਾਜ਼ ਕੋਈ ਫਰਿੱਜ ਨਹੀਂ ਜਿਹੜਾ ਸ਼ਕਲ ਤੋਂ ਪਸੰਦ ਆਇਆ ਤਾਂ ਖਰੀਦ ਲਿਆ, ਜੰਗੀ ਜਹਾਜ਼ ਖਰੀਦਣ ਤੋਂ ਪਹਿਲਾਂ ਵੇਖਣਾ ਇਹ ਪੈਂਦਾ ਹੈ ਇਹ ਸਾਡੀਆਂ ਯੁੱਧ ਸਮੇਂ ਦੀਆਂ ਲੋੜਾਂ ਪੂਰੀਆਂ ਵੀ ਕਰਦਾ ਹੈ ਜਾਂ ਨਹੀਂ?” ਮੋਦੀ ਜੀ ਨੇ ਹਵਾਈ ਫੌਜ ਦੇ ਮੁਖੀ ਵੱਲੋਂ ਦਿੱਤੇ ਬਿਆਨ ਵੱਲ ਧਿਆਨ ਦਿੱਤੇ ਬਗੈਰ ਟਰੰਪ ਅੱਗੇ ਝੁਕਦੇ ਹੋਏ ਐੱਫ 35 ਜਹਾਜ਼ ਖਰੀਦਣ ਦਾ ਵਾਇਦਾ ਕਰ ਲਿਆ। ਕੈਨੇਡਾ ਅਤੇ ਮੈਕਸੀਕੋ ਵਰਗੇ ਦੇਸ਼ ਵੀ ਹਨ, ਉਹ ਝੁਕੇ ਨਹੀਂ। ਅਮਰੀਕਾ ਤੋਂ ਕੈਨੇਡਾ ਆਉਂਦੀ ਸ਼ਰਾਬ ਬੰਦ ਹੋ ਚੁੱਕੀ ਹੈ, ਕੈਨੇਡਾ ਵਿੱਚ ਅਮਰੀਕਨ ਸ਼ਰਾਬ ਦੇ ਸਾਰੇ ਰੈਕ ਖਾਲੀ ਪਏ ਹਨ। ਕੈਨੇਡਾ ਦੇ ਸ਼ਰਾਬ ਖਾਨਿਆਂ ਵਿੱਚ ਬੋਰਡ ਲੱਗੇ ਹੋਏ ਹਨ, ਜਿਨ੍ਹਾਂ ਉੱਤੇ ਲਿਖਿਆ ਹੈ, “ਇੱਥੇ ਅਮਰੀਕੀ ਸ਼ਰਾਬ ਨਹੀਂ ਵਿਕਦੀ।” ਹੋਰ ਵੀ ਕਈ ਅਮਰੀਕੀ ਉਤਪਾਦਾਂ ਦੀ ਕੈਨੇਡਾ ਵਿੱਚ ਮੰਗ ਘਟ ਗਈ ਹੈ। ਮੈਕਸੀਕੋ ਦੀ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਜਿਹੜੀ ਦੀਵਾਰ ਤੁਸੀਂ ਅਮਰੀਕਾ ਅਤੇ ਮੈਕਸੀਕੋ ਦੇ ਬਾਰਡਰ ’ਤੇ ਬਣਾ ਰਹੇ ਹੋ ਇਸਦਾ ਤੁਹਾਨੂੰ ਹੀ ਨੁਕਸਾਨ ਹੋਣਾ ਹੈ। ਤੁਹਾਡੇ ਉਤਪਾਦਾਂ ਦੀ ਵੱਡੀ ਮੰਡੀ ਦੀਵਾਰ ਦੇ ਸਾਡੇ ਪਾਸੇ ਹੈ। ਅਸੀਂ ਇਸ ਪਾਸੇ ਅਮਰੀਕਾ ਨਾਲੋਂ ਸਸਤੀਆਂ ਅਤੇ ਵਧੀਆ ਕਾਰਾਂ, ਸ਼ਰਾਬ, ਫਿਲਮਾਂ ਅਤੇ ਮੀਟ ਹੋਰ ਦੇਸ਼ਾਂ ਤੋਂ ਖਰੀਦ ਸਕਦੇ ਹਾਂ। ਇੱਕ ਦਿਨ ਅਜਿਹਾ ਵੀ ਆਏਗਾ, ਜਿਸ ਦਿਨ ਤੁਸੀਂ ਆਪਣੀ ਬਣਾਈ ਦੀਵਾਰ ਨੂੰ ਆਪ ਹੀ ਢਾਹ ਸੁੱਟੋਗੇ।” ਇੱਕ ਅਸੀਂ ਹਾਂ ਕਿ ਰਰੰਪ ਦੇ ਇੱਕ ਦਬਕੇ ਨਾਲ ਅਮਰੀਕਾ ਤੋਂ ਮਾਲ ਵੀ ਮਹਿੰਗਾ ਮੰਗਵਾ ਰਹੇ ਹਾਂ ਅਤੇ ਟੈਰਿਫ ਵੀ ਘਟਾ ਦਿੱਤਾ ਹੈ। ਅਸੀਂ ਰੂਸ ਤੋਂ ਸਸਤਾ ਪੈਟਰੋਲੀਅਮ ਖਰੀਦਣ ਦੀ ਬਜਾਏ ਅਮਰੀਕਾ ਜਾਂ ਅਮਰੀਕਾ ਦੇ ਕਿਸੇ ਸਾਥੀ ਦੇਸ਼ ਤੋਂ ਮਹਿੰਗਾ ਪੈਟਰੋਲੀਅਮ ਖਰੀਦਣ ਲਈ ਮਜਬੂਰ ਹੋਵਾਂਗੇ। ਪਰ ਭਗਵਾ-ਭਗਤ ਇਹੋ ਕਹਿੰਦੇ ਰਹਿਣਗੇ ਕਿ ਮੋਦੀ ਜੀ ਜੋ ਕੁਝ ਵੀ ਕਰਦੇ ਹਨ, ਰਾਸ਼ਟਰ ਹਿਤ ਕਰਦੇ ਹਨ। ਇਸੇ ਲਈ ਅਜਿਹੇ ਭਗਤਾਂ ਦੇ ਦਿਮਾਗ ਵਿੱਚ ਗੋਹਾ ਭਰਿਆ ਕਿਹਾ ਜਾਂਦਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (