“ਨਹਿਰੂ ਅਤੇ ਗਾਂਧੀ ਦੋਵੇਂ ਧਰਮ ਨਿਰਪੱਖਤਾ ਦੇ ਹਾਮੀ ਸਨ। ਉਨ੍ਹਾਂ ਅਨੁਸਾਰ ਹਰ ਧਰਮ, ਹਰ ਜਾਤ, ਹਰ ਖੇਤਰ ...”
(7 ਜਨਵਰੀ 2024)
ਇਸ ਸਮੇਂ ਪਾਠਕ: 425.
ਨਹਿਰੂ ਗਾਂਧੀ ਪਰਿਵਾਰ ਉੱਤੇ ਸੰਘ ਪਰਿਵਾਰ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਦੇ ਅਸਲੀ ਕਾਰਣ ਉਹਨਾਂ ਦੇ ਪਰਿਵਾਰਕ ਪਿਛੋਕੜ ਨਹੀਂ ਬਲਕਿ ਉਹਨਾਂ ਦੀਆਂ ਨੀਤੀਆਂ ਹਨ, ਜਿਹੜੀਆਂ ਆਰ ਐੱਸ ਐੱਸ ਦੀ ਸੋਚ ਦੇ ਬਿਲਕੁਲ ਉਲਟ ਹਨ। ਨਹਿਰੂ ਪਰਿਵਾਰ ਉੱਤੇ ਇੱਕ ਦੋਸ਼ ਤਾਂ ਸੰਘ ਪਰਿਵਾਰ ਇਹ ਲਗਾਉਂਦਾ ਹੈ ਕਿ ਇਹ ਪੰਡਿਤ ਨਹੀਂ ਬਲਕਿ ਮੁਸਲਮਾਨ ਖਾਨਦਾਨ ਵਿੱਚੋਂ ਹੈ। ਜਿੱਥੇ ਸੰਘ ਪਰਿਵਾਰ ਵਿੱਚ ਬਹੁਤ ਸਾਰੇ ਦਲ ਹਨ ਉੱਥੇ ਭਾਜਪਾ ਵੀ ਉਸ ਦਾ ਇੱਕ ਵੱਡਾ ਰਾਜਨੀਤਿਕ ਹਿੱਸਾ ਹੈ ਅਤੇ ਇਹ ਵੀ ਨਹਿਰੂ ਪਰਿਵਾਰ ਦੇ ਮੁਸਲਿਮ ਹੋਣ ਦਾ ਰਾਗ ਅਲਾਪਦਾ ਹੈ। ਕਈ ਭਗਵਾ ਭਗਤਾਂ ਨੇ ਤਾਂ ਜਵਾਹਰ ਲਾਲ ਨਹਿਰੂ ਦੀਆਂ ਪਿਛਲੀਆਂ ਦਸ ਪੀੜ੍ਹੀਆਂ ਦੇ ਨਾਮ ਮੁਹੰਮਦ ਜਾਂ ਖਾਂ ਨਾਲ ਸ਼ੁਰੂ ਜਾਂ ਖਤਮ ਕੀਤੇ ਹਨ। ਇੰਦਰਾ ਗਾਂਧੀ ਦੇ ਪਤੀ ਫਿਰੋਜ਼ ਜਹਾਂਗੀਰ ਨੂੰ ਵੀ ਮੁਸਲਿਮ ਸਾਬਤ ਕਰਨ ਲਈ ਪੂਰਾ ਜ਼ੋਰ ਲੱਗਾ ਹੋਇਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਹਿੰਦੂ ਵਿਖਾਉਣ ਲਈ ਉਸਦੇ ਨਾਮ ਨਾਲ ਗਾਂਧੀ ਜੋੜ ਦਿੱਤਾ ਗਿਆ ਸੀ ਜਦਕਿ ਭਾਜਪਾ ਵਿੱਚ ਪੜ੍ਹੇ ਲਿਖੇ ਵੀ ਹਨ ਜਿਹੜੇ ਜਾਣਦੇ ਹਨ ਕਿ ਇਹ ਦੋਸ਼ ਗਲਤ ਹੈ। ਹੁਣ ਦੇ ਕਾਫ਼ੀ ਸਾਰੇ ਭਾਜਪਾਈ, ਜਿਹੜੇ ਪਹਿਲਾਂ ਕਾਂਗਰਸ ਵਿੱਚ ਸਨ ਅਤੇ ਦਹਾਕਿਆਂ ਬੱਧੀ ਵਜ਼ੀਰੀਆਂ ਮਾਣੀਆਂ ਹਨ, ਉਹ ਤਾਂ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਦੋਸ਼ ਗਲਤ ਹੈ ਭਾਵੇਂ ਕਿ ਮੁਸਲਮਾਨ ਹੋਣਾ ਕੋਈ ਦੋਸ਼ ਨਹੀਂ ਹੈ। ਅਸਲੀਅਤ ਇਹ ਹੈ ਕਿ ਇੰਦਰਾ ਗਾਂਧੀ ਦੇ ਪਤੀ ਦਾ ਨਾਮ ਪਹਿਲਾਂ ਫਿਰੋਜ਼ ਜਹਾਂਗੀਰ ਘਾਂਦੀ ਸੀ। ਘਾਂਦੀ ਸ਼ਬਦ ਪਾਰਸੀ ਨਾਂਵਾਂ ਦੇ ਪਿੱਛੇ ਆਮ ਤੌਰ ’ਤੇ ਲਗਾਇਆ ਜਾਂਦਾ ਹੈ। ਪਰ ਮਹਾਤਮਾ ਗਾਂਧੀ ਦੇ ਅਜ਼ਾਦੀ ਅੰਦੋਲਨ ਦਾ ਫਿਰੋਜ਼ ਜਹਾਂਗੀਰ ਘਾਂਦੀ ’ਤੇ ਐਨਾ ਪ੍ਰਭਾਵ ਪਿਆ ਕਿ ਉਸ ਨੇ ਆਪਣੇ ਨਾਮ ਪਿੱਛੇ ਘਾਂਦੀ ਦੀ ਬਜਾਏ ਗਾਂਧੀ ਲਗਾ ਲਿਆ। ਜੇਕਰ ਕੋਈ ਅੰਗਰੇਜ਼ੀ ਵਿੱਚ ਘਾਂਦੀ ਅਤੇ ਗਾਂਧੀ ਵਿੱਚ ਫਰਕ ਵੇਖੇ ਤਾਂ ਪਤਾ ਲੱਗੇਗਾ ਕਿ ਅੰਗਰੇਜ਼ੀ ਦੇ ਅੱਖਰ ਐੱਚ ਨੂੰ ਜੀ ਨਾਲੋਂ ਹਟਾ ਕੇ ਡੀ ਨਾਲ ਲਗਾਉਣ ਨਾਲ ਘਾਂਦੀ ਤੋਂ ਗਾਂਧੀ ਬਣ ਜਾਂਦਾ ਹੈ - Ghandi ਤੋਂ Gandhi । ਆਪਣੇ ਨਾਮ ਦੇ ਪਿੱਛੇ ਗਾਂਧੀ ਲਗਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਸ ਨੇ ਆਪਣੀ ਜਾਤ ਜਾਂ ਗੋਤ ਬਦਲ ਲਈ ਬਲਕਿ ਇਸਦਾ ਮਤਲਬ ਹੁੰਦਾ ਹੈ ਕਿ ਉਹ ਗਾਂਧੀ ਦੇ ਸਿਧਾਂਤਾਂ ’ਤੇ ਚੱਲ ਰਿਹਾ ਹੈ। ਗਾਂਧੀ ਦੇ ਸਿਧਾਤਾਂ ’ਤੇ ਚੱਲਣ ਵਾਲੇ ਪਸ਼ਤੂਨ ਨੇਤਾ ਅਬਦੁਲ ਗਫ਼ਾਰ ਖਾਂ ਨੇ ਆਪਣੇ ਨਾਮ ਦੇ ਪਿੱਛੇ ਆਪ ਹੀ ਗਾਂਧੀ ਨਹੀਂ ਲਗਾਇਆ ਸੀ ਬਲਕਿ ਭਾਰਤ ਦੀ ਆਜ਼ਾਦੀ ਲਈ ਗਾਂਧੀ ਦੇ ਅਹਿੰਸਾਵਾਦੀ ਅੰਦੋਲਨਾਂ ਦਾ ਤਨ ਮਨ ਨਾਲ ਸਾਥ ਦੇਣ ਕਾਰਣ ਉਸ ਨੂੰ ਲੋਕ ਸਰਹੱਦੀ ਗਾਂਧੀ ਕਹਿੰਦੇ ਸਨ।
ਸੋਨੀਆ ਦੇ ਪ੍ਰਧਾਨ ਮੰਤਰੀ ਬਣਨ ਦੇ ਮੌਕੇ ਸਨ ਤਾਂ ਭਾਜਪਾ ਨੇ ਰੌਲਾ ਪਾ ਦਿੱਤਾ ਕਿ ਇਹ ਤਾਂ ਇਟਲੀ ਮੂਲ ਦੀ ਹੈ, ਇਸ ਲਈ ਭਾਰਤ ਦੀ ਪ੍ਰਧਾਨ ਮੰਤਰੀ ਨਹੀਂ ਬਣ ਸਕਦੀ। ਕੁਝ ਨੇ ਕਿਹਾ ਕਿ ਇਹ ਇਸਾਈ ਹੋਣ ਦੇ ਨਾਤੇ ਭਾਰਤ ਦੀ ਪ੍ਰਧਾਨ ਮੰਤਰੀ ਨਹੀਂ ਬਣਨੀ ਚਾਹੀਦੀ। ਅਸਲੀਅਤ ਇਹ ਹੈ ਕਿ ਸੋਨੀਆ ਨੇ 27 ਅਪਰੈਲ 1983 ਨੂੰ ਆਪਣਾ ਇਟਲੀ ਦਾ ਪਾਸਪੋਰਟ ਵਾਪਸ ਕਰ ਦਿੱਤਾ ਅਤੇ 30 ਅਪਰੈਲ ਤੋਂ ਭਾਰਤੀ ਨਾਗਰਿਕ ਬਣ ਗਈ। ਪਰ ਭਾਜਪਾਈ 2004 ਤਕ ਰੌਲਾ ਪਾਉਂਦੇ ਰਹੇ ਕਿ ਇਹ ਇਟਲੀ ਦੀ ਨਾਗਰਿਕ ਹੈ। 1968 ਵਿੱਚ ਸੋਨੀਆ ਦੀ ਸ਼ਾਦੀ ਰਾਜੀਵ ਗਾਂਧੀ ਨਾਲ ਹੋਈ ਅਤੇ ਉਹ ਸੋਨੀਆ ਗਾਂਧੀ ਬਣ ਗਈ ਪਰ ਖਾਹ ਮਖਾਹ ਰੌਲਾ ਪਾਉਣ ਵਾਲੇ ਅਜੇ ਵੀ ਰੌਲਾ ਪਾ ਰਹੇ ਹਨ ਕਿ ਉਹ ਇਸਾਈ ਹੈ। ਭਾਰਤ ਦੇ ਸੰਵਿਧਾਨ ਵਿੱਚ ਕਿਤੇ ਨਹੀਂ ਲਿਖਿਆ ਕਿ ਕਿਸੇ ਦੂਜੇ ਦੇਸ਼ ਵਿੱਚ ਜਨਮਿਆ ਜਾਂ ਕਿਸੇ ਦੂਜੇ ਧਰਮ ਦਾ ਵਿਅਕਤੀ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ। ਸਮਝ ਨਹੀਂ ਪੈਂਦੀ ਕਿ ਇਹੋ ਜਿਹੇ ਵਿਚਾਰਾਂ ਵਾਲੇ ਲੋਕ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਇਸ ਗੱਲ ਲਈ ਪ੍ਰਸ਼ੰਸਾ ਕਿਵੇਂ ਕਰਦੇ ਹਨ ਕਿ ਉਹ ਭਾਰਤੀ ਮੂਲ ਦਾ ਹੈ। ਰਾਜੀਵ ਗਾਂਧੀ ਦੇ ਬੇਟੇ ਰਾਹੁਲ ਗਾਂਧੀ ਨੂੰ ਅਜੇ ਤਕ ਕੋਈ ਮੁਸਲਮਾਨ ਅਤੇ ਕੋਈ ਇਸਾਈ ਕਹਿ ਰਿਹਾ ਹੈ ਪਰ ਉਸ ਦੇ ਚਚੇਰੇ ਭਰਾ ਵਰੁਣ ਗਾਂਧੀ ਨੂੰ ਅਜੇ ਤਕ ਕਿਸੇ ਭਾਜਪਾਈ ਨੇ ਮੁਸਲਿਮ ਜਾਂ ਇਸਾਈ ਨਹੀਂ ਕਿਹਾ ਕਿਉਂਕਿ ਉਹ ਭਾਜਪਾ ਵੱਲੋਂ ਇੱਕ ਸਾਂਸਦ ਹੈ। ਹੋ ਸਕਦਾ ਹੈ ਕਿ ਜੇ ਉਹ ਭਾਜਪਾ ਛੱਡ ਕੇ ਕਾਂਗਰਸ ਵਿੱਚ ਆ ਜਾਵੇ, ਜਿਸਦੀ ਕਿ ਜ਼ਿਆਦਾ ਸੰਭਾਵਨਾ ਹੈ, ਤਾਂ ਉਸ ਤੋਂ ਬਾਅਦ ਇਹ ਲੋਕ ਉਸ ਨੂੰ ਵੀ ਮੁਸਲਮਾਨ ਜਾਂ ਇਸਾਈ ਕਹਿਣਾ ਸ਼ੁਰੂ ਕਰ ਦੇਣਗੇ।
ਮਹਾਤਮਾ ਗਾਂਧੀ ’ਤੇ ਦੋਸ਼ ਲਗਾਇਆ ਜਾਂਦਾ ਹੈ ਕਿ ਉਸ ਨੇ ਭਾਰਤ ਪਾਕਿਸਤਾਨ ਦੀ ਵੰਡ ਕਰਵਾਈ, ਨਹੀਂ ਤਾਂ ਭਾਰਤ ਅਖੰਡ ਰਹਿਣਾ ਸੀ। ਸਾਰੇ ਭਾਜਪਾ ਲੀਡਰਾਂ ਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਸਾਵਰਕਰ ਨੇ ਹੀ ਕਿਹਾ ਸੀ ਕਿ ਭਾਰਤ ਵਿੱਚ ਦੋ ਰਾਸ਼ਟਰ ਹਿੰਦੂ ਅਤੇ ਮੁਸਲਮਾਨ ਹਨ ਜਿਹੜੇ ਇਕੱਠੇ ਨਹੀਂ ਰਹਿ ਸਕਦੇ। ਜਿਨਾਹ ਪਹਿਲਾਂ ਹੀ ਕਹਿ ਰਿਹਾ ਸੀ ਸਾਡਾ ਮੁਸਲਮਾਨ ਬਹੁਗਿਣਤੀ ਵਾਲਾ ਇਲਾਕਾ ਅਲੱਗ ਕਰ ਦਿਓ। ਅੰਗਰੇਜ਼ਾਂ ਨੂੰ ਹੋਰ ਕੀ ਚਾਹੀਦਾ ਸੀ, ਉਹਨਾਂ ਭਾਰਤ ਅਤੇ ਪਾਕਿਸਤਾਨ ਬਣਾ ਦਿੱਤਾ ਅਤੇ ਬਣਾਇਆ ਵੀ ਇਸ ਤਰੀਕੇ ਨਾਲ ਕਿ ਪੰਜਾਬ ਅਤੇ ਬੰਗਾਲ ਦੇ ਟੋਟੇ ਕਰ ਦਿੱਤੇ। ਮਹਾਤਮਾ ਗਾਂਧੀ ਇੰਡੀਆ ਦੀ ਵੰਡ ਦੇ ਬਿਲਕੁਲ ਵਿਰੁੱਧ ਸੀ। ਪਰ ਸਾਜ਼ਿਸ਼ ਦੇ ਤਹਿਤ ਇੰਡੀਆ ਵਿੱਚ ਦੰਗੇ ਫੈਲਾ ਦਿੱਤੇ ਗਏ, ਵੱਢ ਟੁੱਕ, ਹਿੰਸਾ, ਬਲਾਤਕਾਰ ਅਤੇ ਲੁੱਟ ਹੋਣੀ ਸ਼ੁਰੂ ਹੋ ਗਈ ਅਤੇ ਇਸਦਾ ਫਾਇਦਾ ਲੈ ਕੇ ਮਾਊਂਟ ਬੈਟਨ ਭਾਰਤ ਦੀ ਵੰਡ ਛੇਤੀ ਕਰਨ ਲਈ ਦਬਾਅ ਪਾਉਣ ਲੱਗ ਪਿਆ। ਜਿਸ ਵਕਤ ਗਾਂਧੀ ਕਲਕੱਤੇ ਦੰਗੇ ਰੋਕਣ ਗਿਆ ਹੋਇਆ ਸੀ ਤਾਂ ਪਟੇਲ ਅਤੇ ਨਹਿਰੂ ਤੇ ਐਨਾ ਦਬਾਓ ਪਾਇਆ ਕਿ ਭਾਰਤ ਪਾਕਿਸਤਾਨ ਦੀ ਵੰਡ ਛੇਤੀ ਹੋ ਜਾਵੇ, ਨਹੀਂ ਤਾਂ ਗ੍ਰਹਿ ਯੁੱਧ ਛਿੜ ਜਾਏਗਾ। ਪਹਿਲਾਂ ਪਟੇਲ ਅਤੇ ਬਾਅਦ ਵਿੱਚ ਨਹਿਰੂ ਨੇ ਵੰਡ ’ਤੇ ਹਸਤਾਖਰ ਕਰ ਦਿੱਤੇ।
ਇਤਿਹਾਸ ਅਬਦਲ ਰਹਿੰਦਾ ਹੈ। ਕੋਈ ਲੱਖ ਕੋਸ਼ਿਸ਼ਾਂ ਕਰੇ, ਆਪਣੇ ਆਪ ਨੂੰ ਜਾਂ ਆਪਣੇ ਸਾਥੀਆਂ ਨੂੰ ਖੁਸ਼ ਕਰਨ ਲਈ ਇਤਿਹਾਸ ਨੂੰ ਨਵੇਂ ਸਿਰੇ ਤੋਂ ਲਿਖਣ ਲੱਗ ਜਾਵੇ ਪਰ ਇਤਿਹਾਸ ਨਹੀਂ ਬਦਲਦਾ। ਕਿਸੇ ਦੇਸ਼ ਦਾ ਇਤਿਹਾਸ ਹੋਰ ਵੀ ਕਿਸੇ ਨਾ ਕਿਸੇ ਦੇਸ਼, ਦੇਸ਼ਾਂ ਨਾਲ ਜਾਂ ਧਰਮਾਂ ਨਾਲ ਜੁੜਿਆ ਹੁੰਦਾ ਹੈ ਅਤੇ ਉੱਥੋਂ ਬਦਲਿਆ ਨਹੀਂ ਜਾ ਸਕਦਾ। ਇਸ ਸਚਾਈ ਦਾ ਆਰ ਐੱਸ ਐੱਸ ਪਰਿਵਾਰ ਨੂੰ ਪੂਰਾ ਪਤਾ ਹੈ, ਫੇਰ ਵੀ ਝੂਠ ਉੱਤੇ ਝੂਠ ਬੋਲਦੇ ਜਾ ਰਹੇ ਹਨ। ਝੂਠ ਤਾਂ ਕੇਵਲ ਇਸ ਲਈ ਬੋਲਿਆ ਜਾਂਦਾ ਹੈ ਕਿ ਇਸਦੇ ਪਿੱਛੇ ਕਾਂਗਰਸ ਅਤੇ ਭਾਜਪਾ ਵਿੱਚ ਵਿਚਾਰਧਾਰਕ ਵਖਰੇਵਾਂ ਹੈ। ਇਸ ਵਿਚਾਰਧਾਰਕ ਵਖਰੇਵੇਂ ਦੀ ਭਾਜਪਾ ਕੋਲ ਕੋਈ ਕਾਟ ਨਹੀਂ ਹੈ ਅਤੇ ਜੇਕਰ ਇਹ ਇਸ ਵਖਰੇਵੇਂ ਨੂੰ ਸਪਸ਼ਟ ਸ਼ਬਦਾਂ ਵਿੱਚ ਲੋਕਾਂ ਸਾਹਮਣੇ ਰੱਖ ਦੇਣ ਤਾਂ ਲੋਕ ਇਹਨਾਂ ਨਾਲੋਂ ਟੁੱਟ ਜਾਣਗੇ। ਇਸ ਲਈ ਇਹਨਾਂ ਕੋਲ ਇੱਕੋ ਇੱਕ ਰਸਤਾ ਬਚਦਾ ਹੈ ਕਿ ਨਹਿਰੂ ਪਰਿਵਾਰ, ਗਾਂਧੀ ਅਤੇ ਕਾਂਗਰਸ ਨੂੰ ਦੂਸ਼ਣਬਾਜ਼ੀ ਕਰਕੇ ਇੰਨਾ ਬਦਨਾਮ ਕਰ ਦਿਓ ਕਿ ਲੋਕ ਇਹਨਾਂ ਨੂੰ ਨਫ਼ਰਤ ਕਰਨ ਲੱਗ ਜਾਣ ਅਤੇ ਇਹਨਾਂ ਦਾ ਸਾਥ ਛੱਡ ਜਾਣ। ਵਿਚਾਰਧਾਰਕ ਵਖਰੇਵਾਂ ਤਾਂ ਕਾਂਗਰਸ ਨਾਲ ਹੈ ਪਰ ਦੂਸ਼ਣਬਾਜ਼ੀ ਨਹਿਰੂ ਗਾਂਧੀ ਪਰਿਵਾਰ ਦੇ ਮੈਂਬਰਾਂ ਉੱਤੇ ਜਾਤੀ ਤੌਰ ’ਤੇ ਕਰ ਰਹੇ ਹਨ, ਜਿਸ ਨੂੰ ਸਭ ਤੋਂ ਗੰਦੀ ਰਾਜਨੀਤੀ ਕਿਹਾ ਜਾਂਦਾ ਹੈ।
ਨਹਿਰੂ ਇਹ ਨਹੀਂ ਚਾਹੁੰਦਾ ਸੀ ਕਿ ਸਾਰੀ ਇੰਡਸਟਰੀ, ਸਾਰਾ ਵਪਾਰ, ਸਾਰੀ ਆਰਥਿਕਤਾ ਕਾਰਪੋਰੇਟ ਘਰਾਣਿਆਂ ਕੋਲ ਚਲੀ ਜਾਵੇ। ਦੇਸ਼ ਦੀ ਤਰੱਕੀ ਲਈ ਵੱਡੇ ਵੱਡੇ ਕਾਰਖਾਨੇ ਵੀ ਚਾਹੀਦੇ ਸਨ ਅਤੇ ਗਰੀਬਾਂ ਨੂੰ ਰੁਜ਼ਗਾਰ ਵੀ ਮਿਲੇ, ਇਸ ਲਈ ਛੋਟੇ ਕਾਰਖਾਨੇ ਅਤੇ ਕੁਟੀਰ ਇੰਡਸਟਰੀ ਵੀ ਚਾਲੂ ਕੀਤੀ। ਇਸ ਨੂੰ ਰਲੀਮਿਲੀ ਆਰਥਿਕਤਾ (ਮਿਕਸਡ ਇਕੌਨਾਮੀ) ਕਿਹਾ ਜਾਂਦਾ ਹੈ। ਨਹਿਰੂ ਵੱਲੋਂ ਚਲਾਈਆਂ ਗਈਆਂ ਪੰਜ ਸਾਲਾ ਯੋਜਨਾਵਾਂ ਦਾ ਅਧਾਰ ਵੀ ਸਮਾਜਵਾਦੀ ਸੀ। ਨਹਿਰੂ ਦੇ ਇੰਡਸਟਰੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਬਾਰੇ ਵਿਚਾਰ ਪੜ੍ਹਨ ਅਤੇ ਸਮਝਣ ਵਾਲੇ ਹਨ। ਉਸ ਦਾ ਕਹਿਣਾ ਸੀ “ਮੁਨਾਫ਼ੇ ਵਾਲੀ ਇੰਡਸਟਰੀ ਅਸੀਂ ਨਿੱਜੀ ਮਾਲਕਾਂ ਨੂੰ ਦੇਣਾ ਨਹੀਂ ਚਾਹੁੰਦੇ ਅਤੇ ਘਾਟੇ ਵਾਲੀ ਇੰਡਸਟਰੀ ਨਿੱਜੀ ਮਾਲਕ ਲੈਣਾ ਨਹੀਂ ਚਾਹੁੰਦੇ, ਇਸ ਲਈ ਪਬਲਿਕ ਇੰਡਸਟਰੀ ਦਾ ਨਿੱਜੀਕਰਨ ਨਹੀਂ ਹੋ ਸਕਦਾ।”
ਭਾਜਪਾ ਦੀ ਪਾਲਿਸੀ ਇਸਦੇ ਬਿਲਕੁਲ ਉਲਟ ਹੈ। ਉਹ ਹਰ ਇੰਡਸਟਰੀ ਨੂੰ ਨਿੱਜੀ ਹੱਥਾਂ ਵਿੱਚ ਦੇ ਰਹੀ ਹੈ। ਮੁਨਾਫ਼ੇ ਵਾਲੀ ਇੰਡਸਟਰੀ ਨੂੰ ਵੀ ਇਹ ਕਹਿ ਕੇ ਨਿੱਜੀ ਹੱਥਾਂ ਵਿੱਚ ਦੇ ਰਹੀ ਹੈ ਕਿ ਇਸ ਨਾਲ ਕਾਰਜ ਕੁਸ਼ਲਤਾ ਵਧੇਗੀ। ਕੇਵਲ ਇੰਡਸਟਰੀ ਹੀ ਨਹੀਂ, ਭਾਜਪਾ ਹਰ ਖੇਤਰ, ਹਰ ਵਪਾਰ, ਹਰ ਪ੍ਰਕਾਰ ਦੀ ਟਰਾਂਸਪੋਰਟ ਅਤੇ ਸਾਰੀ ਆਰਥਿਕਤਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ ਜਿਸ ਨਾਲ ਉਹ ਵੀ ਐਸ਼ ਕਰਨ ਅਤੇ ਉਹਨਾਂ ਵੱਲੋਂ ਆਏ ਚੋਣ ਬਾਂਡਾਂ ਨਾਲ ਇਹ ਆਪ ਵੀ ਐਸ਼ ਕਰਨ। ਇੰਦਰਾ ਗਾਂਧੀ ਨੇ ਜਦੋਂ 1969 ਵਿੱਚ ਨਿੱਜੀ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਸੀ ਤਾਂ ਆਰ ਐੱਸ ਨੇ ਇਸ ਉੱਤੇ ਨਾਰਾਜ਼ਗੀ ਪ੍ਰਕਟ ਕੀਤੀ ਸੀ। ਨਹਿਰੂ ਗਾਂਧੀ ਪਰਿਵਾਰ ਸਮੇਤ ਕਾਂਗਰਸ ਅਤੇ ਗੈਰ ਭਾਜਪਾ ਪਾਰਟੀਆਂ ਤਨੋਂ ਮਨੋਂ ਭਾਰਤੀ ਸੰਵਿਧਾਨ ਨੂੰ ਸਪਰਪਿਤ ਹਨ। ਭਾਜਪਾ ਮੌਜੂਦਾ ਸਮੇਂ ਦੀ ਮਜਬੂਰੀ ਕਾਰਣ ਭਾਰਤੀ ਸੰਵਿਧਾਨ ਨਾਲ ਹੈ ਪਰ ਮਨੋਂ ਉਹ ਇਸਦੀ ਬਜਾਏ ਮਨੂੰ ਸਮਰਿਤੀ ਲਾਗੂ ਕਰਨਾ ਚਾਹੁੰਦੀ ਹੈ। ਨਹਿਰੂ ਸਾਮਰਾਜੀ ਦੇਸ਼ਾਂ ਅਤੇ ਸਮਾਜਵਾਦੀ ਦੇਸ਼ਾਂ ਵਿੱਚ ਇੱਕ ਸਮਤੋਲ ਬਣਾਈ ਰੱਖਣਾ ਚਾਹੁੰਦਾ ਸੀ ਅਤੇ ਹਰ ਦੇਸ਼ ਨਾਲ ਭਾਰਤ ਦੇ ਚੰਗੇ ਸਬੰਧ ਰੱਖਣਾ ਚਾਹੁੰਦਾ ਸੀ। ਦੇਸ਼ਾਂ ਦੇ ਕਿਸੇ ਗੁੱਟ ਵਿੱਚ ਸ਼ਾਮਿਲ ਹੋਣ ਦੀ ਬਜਾਏ ਉਸ ਨੇ ਗੁੱਟਬੰਦੀ ਅੰਦੋਲਨ ਚਲਾਇਆ। ਪਰ ਭਾਜਪਾ ਦਾ ਝੁਕਾਅ ਅਮਰੀਕਾ ਵੱਲ ਹੈ।
ਨਹਿਰੂ ਅਤੇ ਗਾਂਧੀ ਜੰਗੀ ਹਥਿਆਰਾਂ ਦੀ ਦੌੜ ਵਿੱਚ ਪੈਣ ਦੇ ਵਿਰੁੱਧ ਸਨ ਪਰ ਭਾਜਪਾ ਧੜਾਧੜ ਹਥਿਆਰ ਖਰੀਦ ਰਹੀ ਹੈ, ਜਿਸ ਵੀ ਕੀਮਤ ’ਤੇ ਮਿਲਦੇ ਹਨ, ਖਰੀਦ ਰਹੀ ਹੈ। ਨਹਿਰੂ ਅਤੇ ਗਾਂਧੀ ਦੋਵੇਂ ਧਰਮ ਨਿਰਪੱਖਤਾ ਦੇ ਹਾਮੀ ਸਨ। ਉਨ੍ਹਾਂ ਅਨੁਸਾਰ ਹਰ ਧਰਮ, ਹਰ ਜਾਤ, ਹਰ ਖੇਤਰ, ਹਰ ਰੰਗ ਅਤੇ ਹਰ ਭਾਸ਼ਾ ਬੋਲਣ ਵਾਲੇ ਦੇ ਸੰਵਿਧਾਨਿਕ ਹੱਕ ਬਰਾਬਰ ਹੋਣੇ ਚਾਹੀਦੇ ਹਨ। ਆਰ ਐੱਸ ਐੱਸ ਕਹਿਣ ਨੂੰ ਭਾਵੇਂ ਆਪਣੇ ਆਪ ਨੂੰ ਧਰਮ ਨਿਰਪੱਖ ਕਹਿੰਦਾ ਹੈ ਪਰ ਇਹ ਧਰਮ ਨਿਰਪੱਖਤਾ ਨੂੰ ਅਪਣਾ ਦੁਸ਼ਮਣ ਸਮਝਦਾ ਹੈ ਕਿਉਂਕਿ ਇਸਦੇ ਹੁੰਦਿਆਂ ਹਿੰਦੂ ਰਾਸ਼ਟਰ ਕਾਇਮ ਨਹੀਂ ਹੋ ਸਕਦਾ। ਇਹਨਾਂ ਦੇ ਸਾਧੂ ਸੰਤਾਂ ਦੇ ਟੋਲੇ ਸ਼ਰੇਆਮ ਐਲਾਨ ਕਰ ਰਹੇ ਹਨ ਕਿ ਮਨੂੰ ਸਮਰਿਤੀ ਲਾਗੂ ਕਰਨੀ ਹੈ ਜਿਸ ਵਿੱਚ ਮੁਸਲਮਾਨ ਅਤੇ ਇਸਾਈ ਦੂਜੇ ਦਰਜੇ ਦੇ ਸ਼ਹਿਰੀ ਹੋਣਗੇ। ਕਾਂਗਰਸ ਜਾਂ ਹੋਰ ਪਾਰਟੀਆਂ ਵੱਲੋਂ ਅਪਣਾਈ ਗਈ ਧਰਮ ਨਿਰਪੱਖਤਾ ਨੂੰ ਆਰ ਐੱਸ ਐੱਸ ਮੁਸਲਿਮ ਪੱਖੀ ਜਾਂ ਮੁਸਲਿਮ ਸਮਾਜ ਦਾ ਤੁਸ਼ਟੀਕਰਣ ਮੰਨਦਾ ਹੈ। ਕਹਿਣ ਨੂੰ ਇਹ ਸੰਸਕ੍ਰਿਤ ਦਾ ਇੱਕ ਵਾਕ ਬੋਲਦੇ ਹਨ - ਵਾਸੂ ਧੈਵ ਕਟੁੰਭਕਮ ਜਿਸਦਾ ਅਰਥ ਹੈ ਕਿ ਸਾਰਾ ਸੰਸਾਰ ਇੱਕ ਪਰਿਵਾਰ ਹੈ ਪਰ ਮੁਸਲਮਾਨਾਂ ਅਤੇ ਇਸਾਈਆਂ ਨੂੰ ਚੰਗਾ ਨਹੀਂ ਸਮਝਦੇ। ਇਹ ਦੋਗਲੀ ਨੀਤੀ ਵੀ ਅਪਣਾ ਲੈਂਦੇ ਹਨ, ਇਹਨਾਂ ਦਾ ਕੇਡਰ ਤਾਂ ਮੁਲਮਾਨਾਂ, ਇਸਾਈਆਂ ਦੇ ਵਿਰੁੱਧ ਜ਼ਹਿਰ ਉਗਲਦਾ ਰਹਿੰਦਾ ਹੈ, ਉਹਨਾਂ ਉੱਤੇ ਹਮਲੇ ਕਰਦਾ ਰਹਿੰਦਾ ਹੈ ਪਰ ਨੇਤਾ ਲੋਕ ਵੋਟਾਂ ਖਾਤਿਰ ਮੁਸਲਮਾਨ ਅਤੇ ਇਸਾਈ ਨੇਤਾਵਾਂ ਨੂੰ ਜੱਫੀਆਂ ਪਾ ਲੈਂਦੇ ਹਨ, ਮਸਜਿਦਾਂ ਅਤੇ ਚਰਚਾਂ ਵਿੱਚ ਵੀ ਜਾਂਦੇ ਹਨ। ਵੈਸੇ ਇਹਨਾਂ ਦੀ ਦਿਲੀ ਇੱਛਾ ਹੈ ਕਿ ਹਰ ਮਸਜਿਦ, ਹਰ ਚਰਚ ਮੰਦਿਰ ਵਿੱਚ ਤਬਦੀਲ ਹੋ ਜਾਵੇ।
ਹੁਣ ਇਹਨਾਂ ਦੀ ਸਾਰੀ ਟੇਕ ਮੰਦਿਰ, ਮੂਰਤੀਆਂ, ਹਿੰਦੂ-ਮੁਸਲਿਮ ਵਿੱਚ ਪਾੜਾ ਅਤੇ ਨਹਿਰੂ ਗਾਂਧੀ ਪਰਿਵਾਰ ਪ੍ਰਤੀ ਕੁਫ਼ਰ ਤੋਲਣਾ ਹੈ। ਦੇਸ਼, ਮਤਲਬ ਕਿ ਦੇਸ਼ ਦਾ ਸਭ ਕੁਝ ਨਿੱਜੀ ਮਾਲਕਾਂ ਨੂੰ ਵੇਚ ਕੇ ਐਨਾ ਧਨ ਇਕੱਠਾ ਕਰਨਾ ਹੈ ਕਿ ਹਰ ਚੋਣ ਪੈਸੇ ਦੇ ਜ਼ੋਰ ਨਾਲ ਜਿੱਤੀ ਜਾ ਸਕੇ। ਇਹ ਗੱਲ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਕਿ ਜਿਉਂ ਜਿਉਂ ਪਬਲਿਕ ਅਦਾਰਿਆਂ ਦਾ ਨਿੱਜੀਕਰਣ ਹੋ ਰਿਹਾ ਹੈ, ਤਿਉਂ ਤਿਉਂ ਮਹਿੰਗਾਈ ਅਤੇ ਬੇਰੁਜ਼ਗਾਰੀ ਛੜੱਪੇ ਮਾਰਕੇ ਵਧ ਰਹੀ ਹੈ। ਪਰ ਦੂਜੇ ਪਾਸੇ ਆਰ ਐੱਸ ਐੱਸ ਨਾਲ ਸਬੰਧਿਤ ਭਾਰਤੀਯ ਮਜ਼ਦੂਰ ਸੰਘ ਨੇ ਜਦੋਂ ਵੇਖਿਆ ਕਿ ਪਬਲਿਕ ਅਦਾਰੇ ਨਿੱਜੀ ਕਰਨ ਨਾਲ ਮਜ਼ਦੂਰਾਂ ਵਿੱਚ ਬੇਰੁਜ਼ਗਾਰੀ ਵਧ ਗਈ ਹੈ ਤਾਂ ਉਸਦੇ ਨੇਤਾ ਵੀ ਹੁਣ ਨਿੱਜੀਕਰਨ ਦੇ ਵਿਰੁੱਧ ਬੋਲ ਰਹੇ ਹਨ। ਉਹ ਵੀ ਜਿਹੜੇ ਬੋਲਦੇ ਸਨ, “ਅੱਧੀ ਰੋਟੀ ਖਾਏਂਗੇ ਭਾਜਪਾ ਕੋ ਹੀ ਜਿਤਾਏਂਗੇ” ਉਹ ਵੀ ਹੁਣ ਭਾਜਪਾ ਦੀਆਂ ਨੀਤੀਆਂ ਕਾਰਣ ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਤੋਂ ਐਨਾ ਤੰਗ ਆ ਚੁੱਕੇ ਹਨ ਕਿ ਭਾਜਪਾ ਨੂੰ ਛੱਡਣ ਦਾ ਵਿਚਾਰ ਬਣਾ ਰਹੇ ਹਨ ਜਾਂ ਬਣਾ ਚੁੱਕੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4605)
(ਸਰੋਕਾਰ ਨਾਲ ਸੰਪਰਕ ਲਈ: (