“ਦਰਅਸਲ ਭਾਜਪਾ ਦਾ ਵੋਟ ਬੈਂਕ ਗ੍ਰਾਫ ਹੇਠਾਂ ਹੀ ਹੇਠਾਂ ਜਾ ਰਿਹਾ ਹੈ ਕਿਉਂਕਿ 2014 ਤੋਂ ਪਹਿਲਾਂ ...”
(18 ਜੂਨ 2023)
ਆਰ ਐੱਸ ਐੱਸ ਦਾ ਕਹਿਣਾ ਹੈ ਕਿ ਅਸੀਂ ਗਰਭ ਤੋਂ ਹੀ ਸੰਸਕਾਰੀ ਬੱਚੇ ਪੈਦਾ ਕਰਨ ਦਾ ਇੱਕ ਸੰਪੂਰਣ ਪ੍ਰੋਗਰਾਮ ਬਣਾ ਲਿਆ ਹੈ। ਇਹ ਪ੍ਰੋਗਰਾਮ ਵਿਗਿਆਨਿਕ ਲੀਹਾਂ ’ਤੇ ਹੈ ਅਤੇ ਬੱਚੇ ਗਰਭ ਠਹਿਰਣ ਤੋਂ ਲੈਕੇ ਜਨਮ ਤਕ ਮਾਤਾ ਦੇ ਗਰਭ ਵਿੱਚ ਹੀ ਸੱਭਿਆਚਾਰ ਅਤੇ ਮਨੁੱਖੀ ਕਦਰਾਂ ਕੀਮਤਾਂ ਸਿੱਖਣਗੇ ਅਤੇ ਇਹ ਪ੍ਰਕਿਰਿਆ ਜਨਮ ਤੋਂ ਦੋ ਸਾਲ ਬਾਦ ਤਕ ਚਲਦੀ ਰਹੇਗੀ। ਲੱਗਦਾ ਹੈ ਕਿ ਸੰਘ ਨੇ ਇਹ ਵਿਚਾਰ ਮਹਾਭਾਰਤ ਦੀ ਅਭਿਮਨਯੂ ਵਾਲੀ ਮਿਥਹਾਸਿਕ ਕਹਾਣੀ ਤੋਂ ਲਿਆ ਹੈ ਜਿਸ ਅਨੁਸਾਰ ਅਰਜੁਨ ਦਰੋਪਦੀ ਨੂੰ ਉਸ ਵੇਲੇ ਚੱਕਰਵਿਊ ਕਿਲੇ ਦੇ ਅੰਦਰ ਜਾਣ ਅਤੇ ਉਸ ਤੋਂ ਬਾਹਰ ਆਉਣ ਬਾਰੇ ਸਮਝਾ ਰਿਹਾ ਸੀ ਜਦੋਂ ਅਭਿਮਨਯੂ ਦਰੋਪਦੀ ਦੇ ਗਰਭ ਵਿੱਚ ਪਲ ਰਿਹਾ ਸੀ। ਅਭਿਮਨਯੂ ਇਹ ਸਾਰਾ ਕੁਝ ਮਾਤਾ ਦੇ ਗਰਭ ਵਿੱਚ ਸੁਣਦਾ ਰਿਹਾ ਅਤੇ ਜਵਾਨ ਹੋਣ ’ਤੇ ਚੱਕਰਵਿਊ ਕਿਲੇ ਵਿੱਚ ਜਾ ਵੜਿਆ ਪਰ ਕੌਰਵਾਂ ਨੇ ਉਸ ਨੂੰ ਧੋਖੇ ਨਾਲ ਮਾਰ ਦਿੱਤਾ।
ਸੰਘ ਨਾਲ ਸਬੰਧਿਤ ਇੱਕ ਸੰਸਥਾ ਨੇ ਕਿਹਾ ਹੈ ਕਿ ਅਸੀਂ ਹੁਣੇ ਇਹ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜਿਸ ਵਿੱਚ ਗਰਭਵਤੀ ਮਾਤਾਵਾਂ ਨੂੰ ਬੱਚੇ ਦੇ ਜਨਮ ਤਕ ਅਤੇ ਉਸ ਤੋਂ ਦੋ ਸਾਲ ਬਾਅਦ ਤਕ ਰਮਾਇਣ ਅਤੇ ਭਾਗਵਤ ਗੀਤਾ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਸਮੇਂ ਵਿੱਚ ਮਾਤਾਵਾਂ ਸੰਸਕ੍ਰਿਤ ਦੇ ਮੰਤਰ ਵੀ ਪੜ੍ਹਨਗੀਆਂ ਜਿਸ ਨਾਲ ਸੰਸਕਾਰੀ ਅਤੇ ਦੇਸ਼ ਭਗਤ ਬੱਚੇ ਪੈਦਾ ਹੋਣਗੇ।
ਇਹ ਪ੍ਰੋਗਰਾਮ ਦੇਸ਼ ਭਰ ਵਿੱਚ ਰਾਸ਼ਟਰੀ ਸੇਵਿਕਾ ਸੰਘ ਦੀਆਂ ਲੇਡੀ ਡਾਕਟਰਾਂ ਨੇ ਲਾਗੂ ਕਰਨਾ ਹੈ ਜਿਹੜਾ ਕਿ ਸੰਵਰਧਿਨੀ ਨੀਆਸ ਸੰਸਥਾ ਦਾ ਇੱਕ ਵਿੰਗ ਹੈ। ਸੰਵਰਧਿਨੀ ਨੀਆਸ ਸੰਸਥਾ ਸੰਘ ਅਤੇ ਭਾਜਪਾ ਦੇ ਸਮਾਂਤਰ ਚੱਲਣ ਵਾਲੀ ਪਰ ਬਿਲਕੁਲ ਉਸਦੇ ਵਿਚਾਰਾਂ ਵਾਲੀ ਸੰਸਥਾ ਹੈ। ਇਸ ਮੰਤਵ ਲਈ ਸਾਰੇ ਦੇਸ਼ ਨੂੰ ਪੰਜ ਖੇਤਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਖੇਤਰ ਵਿੱਚ ਦਸ ਡਾਕਟਰ ਹੋਣਗੀਆਂ ਅਤੇ ਹਰ ਡਾਕਟਰ ਆਪਣੇ ਖੇਤਰ ਵਿੱਚ ਵੀਹ ਗਰਭਵਤੀ ਔਰਤਾਂ ’ਤੇ ਕੰਮ ਕਰਨਾ ਸ਼ੁਰੂ ਕਰੇਗੀ। ਤਿਲੰਗਾਨਾ ਦੇ ਗਵਰਨਰ ਤਮਿਲਿਸਾਈ ਸੁੰਦਰਾਜਨ ਅਤੇ ਹੋਰ ਕਈ ਹਸਤੀਆਂ ਇਸ ਪ੍ਰੋਗਰਾਮ ਦੇ ਵਰਚੂਅਲ ਉਦਘਾਟਨ ਵੇਲੇ ਹਾਜ਼ਰ ਹੋਣਗੇ। ਗਰਭ ਸੰਸਕਾਰ ਪ੍ਰੋਗਰਾਮ ਨੂੰ ਗਾਈਡ ਕਰਨ ਅਤੇ ਉਸ ਉੱਤੇ ਨਜ਼ਰ ਰੱਖਣ ਲਈ ਨਿਆਸ ਦੀ ਅੱਠ ਮੈਂਬਰੀ ਕੇਂਦਰੀ ਟੀਮ ਬਣਾਈ ਗਈ ਹੈ ਜਿਸ ਵਿੱਚ ਆਯੁਰਵੈਦਿਕ, ਹੋਮੀਓਪੈਥਿਕ, ਐਲੋਪੈਥਿਕ ਡਾਕਟਰ ਅਤੇ ਵਿਸ਼ੇ ਨਾਲ ਸਬੰਧਿਤ ਵਿਅਕਤੀ ਹੋਣਗੇ।
ਇਸ ਪ੍ਰੋਗਰਾਮ ਤਹਿਤ ਗਰਭਵਤੀ ਔਰਤਾਂ ਨੂੰ ਉਹ ਯੋਗ ਆਸਨ ਵੀ ਸਿਖਾਏ ਜਾਣਗੇ ਜਿਸ ਨਾਲ ਬੱਚੇ ਦੀ ਪੈਦਾਇਸ਼ ਅਸਾਨੀ ਨਾਲ ਅਤੇ ਘੱਟ ਤੋਂ ਘੱਟ ਦਰਦ ਨਾਲ ਹੋ ਸਕੇ। ਨਿਆਸ ਦੇ ਇੱਕ ਸੀਨੀਅਰ ਕਾਰਜਕਾਰੀ ਨੇ ਕਿਹਾ ਹੈ, “ਇਸ ਪ੍ਰਕਾਰ ਪੈਦਾ ਹੋਏ ਬਾਲਕ ਅਤੇ ਬਾਲੀਕਾਵਾਂ ਸਿਹਤਮੰਦ, ਚੰਗੇ ਸੰਸਕਾਰਾਂ, ਚੰਗੇ ਵਿਚਾਰਾਂ, ਚੰਗੇ ਗੁਣਾਂ, ਦੇਸ਼ ਭਗਤੀ ਵਾਲੇ, ਸੇਵਾ ਭਾਵ ਵਾਲੇ, ਔਰਤਾਂ ਨੂੰ ਇੱਜ਼ਤ ਦੇਣ ਵਾਲੇ ਅਤੇ ਭਾਵੀ ਚੰਗੇ ਨਾਗਰਿਕ ਹੋਣਗੇ। ਜਦੋਂ ਗਰਭ ਵਿੱਚ ਪਲ ਰਹੇ ਬੱਚੇ ਦੇ ਮਾਤਾ ਪਿਤਾ ਗੀਤਾ ਦੇ ਸ਼ਲੋਕ ਪੜ੍ਹਨਗੇ ਅਤੇ ਸੰਸਕ੍ਰਿਤ ਦੇ ਮੰਤਰ ਬੋਲਣਗੇ ਤਾਂ ਇਹ ਬੱਚੇ ਦੇ ਦਿਮਾਗ ਉੱਤੇ ਢੂੰਘਾ ਪ੍ਰਭਾਵ ਪਾਉਣਗੇ। ਵਿਗਿਆਨ ਨੇ ਇਹ ਸਿੱਧ ਕੀਤਾ ਹੈ ਕਿ ਗਰਭ ਵਿੱਚ ਪਲ ਰਿਹਾ ਬੱਚਾ ਜਦੋਂ ਚਾਰ ਮਹੀਨਿਆਂ ਦਾ ਹੁੰਦਾ ਹੈ ਤਾਂ ਉਹ ਸੁਣਨਾ ਸ਼ੁਰੂ ਕਰ ਦਿੰਦਾ ਹੈ ਅਤੇ ਇਹ ਪ੍ਰੋਗਰਾਮ ਜਦੋਂ ਬੱਚੇ ਦੇ ਪੈਦਾ ਹੋਣ ਤੋਂ ਦੋ ਸਾਲ ਬਾਅਦ ਤਕ ਚਲਦਾ ਰਹੇਗਾ ਤਾਂ ਆਸ ਤੋਂ ਵੀ ਵੱਧ ਲਾਭਕਾਰੀ ਹੋਵੇਗਾ।”
ਕਿਹੜੇ ਚੰਗੇ ਸੰਸਕਾਰਾਂ ਵਾਲੇ ਬੱਚੇ ਪੈਦਾ ਕੀਤੇ ਜਾਣਗੇ? ਕ੍ਰਿਸ਼ਨ ਨੇ ਜਿਹੜਾ ਯੁਧਿਸ਼ਟਰ ਨੂੰ ਅੱਧਾ ਝੂਠ ਬੋਲਣ ਲਈ ਪ੍ਰੇਰਿਤ ਕੀਤਾ ਸੀ, ਜਿਸ ਨਾਲ ਦਰੋਣਾ ਚਾਰੀਆ ਨੇ ਯੁੱਧ ਦੇ ਮੈਦਾਨ ਵਿੱਚ ਆਪਣੇ ਸ਼ਸਤ੍ਰ ਸੁੱਟ ਦਿੱਤੇ ਸਨ, ਕੀ ਇਹੋ ਜਿਹੇ ਸੰਸਕਾਰ ਵਾਲੇ ਬੱਚੇ ਹੋਣਗੇ? ਜਾਂ ਗਰਭਵਤੀ ਸੀਤਾ ਨੂੰ ਅਗਨੀ ਪ੍ਰੀਖਿਆ ਤੋਂ ਬਾਅਦ ਵੀ ਜੰਗਲ ਵਿੱਚ ਛੱਡ ਕੇ ਆਉਣ ਵਾਲੇ ਸੰਸਕਾਰ ਹੋਣਗੇ? ਜਾਂ ਵੈਲਨਟਾਈਨ ਦਿਵਸ ’ਤੇ ਕਿਸੇ ਬਗੀਚੇ ਜਾਂ ਪਾਰਕ ਵਿੱਚ ਬੈਠੇ ਦੋ ਪ੍ਰੇਮੀਆਂ ਨੂੰ ਕੁਟਾਪਾ ਚਾੜ੍ਹਨ ਵਾਲਾ ਸੰਸਕਾਰ ਹੋਵੇਗਾ? ਪਿਛਲੇ ਸਮੇਂ ਵਿੱਚ ਤਾਂ ਪਾਰਕ ਵਿੱਚ ਬੈਠੇ ਪਤੀ ਪਤਨੀ ਜਾਂ ਭੈਣ ਭਰਾ ਨੂੰ ਵੀ ਮਾਫ਼ ਨਹੀਂ ਕੀਤਾ ਗਿਆ। ਕਿਹੋ ਜਿਹੇ ਚੰਗੇ ਨਾਗਰਿਕ ਪੈਦਾ ਹੋਣਗੇ ਜਿਹੜੇ ਕਿਸੇ ਦਲਿਤ ਨੂੰ ਗਊ ਹੱਤਿਆ ਦੇ ਸ਼ੱਕ ਵਿੱਚ ਮਾਰ ਦੇਣਗੇ ਜਾਂ ਉਸ ਨੂੰ ਮੁੱਛਾਂ ਰੱਖਣ ਜਾਂ ਵਿਆਹ ਸਮੇਂ ਘੋੜੀ ਚੜ੍ਹਨ ’ਤੇ ਕੁੱਟਣ ਮਾਰਨਗੇ? ਵੈਸੇ ਬਿਲਕਿਸ ਬਾਨੋ ਦਾ ਰੇਪ ਕਰਨ ਵਾਲੇ ਵੀ ਭਾਜਪਾ ਅਨੁਸਾਰ 11 ਸੰਸਕਾਰੀ ਬ੍ਰਾਹਮਣ ਸਨ।
ਦਰਅਸਲ ਭਾਜਪਾ ਦਾ ਵੋਟ ਬੈਂਕ ਗ੍ਰਾਫ ਹੇਠਾਂ ਹੀ ਹੇਠਾਂ ਜਾ ਰਿਹਾ ਹੈ ਕਿਉਂਕਿ 2014 ਤੋਂ ਪਹਿਲਾਂ ਕੀਤੇ ਗਏ ਵਾਇਦਿਆਂ ਵਿੱਚੋਂ ਕੋਈ ਵੀ ਵਾਇਦਾ ਪੂਰਾ ਨਾ ਕਰਨ ਤੋਂ ਇਲਾਵਾ ਦੇਸ਼ ਦਾ ਧਨ ਵੱਡੇ ਕਾਰਪੋਰੇਟ ਘਰਾਣਿਆਂ ਕੋਲ ਪਹੁੰਚਾ ਦਿੱਤਾ ਗਿਆ ਹੈ ਜਾਂ ਭਗੌੜੇ ਦੇਸ਼ ਤੋਂ ਬਾਹਰ ਲੈ ਗਏ ਹਨ ਅਤੇ ਦੇਸ਼ ਦੀ ਸੰਪਤੀ ਵੀ ਕਾਰਪੋਰੇਟ ਘਰਾਣਿਆਂ ਕੋਲ ਵੇਚ ਦਿੱਤੀ ਹੈ। ਧਰੁਵੀਕਰਨ ਦੀ ਨੀਤੀ ਨੇ ਵੀ ਦੇਸ਼ ਵਿੱਚ ਦੰਗੇ ਜਾਂ ਘੱਟ ਗਿਣਤੀਆਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੈ ਜਿਸ ਨਾਲ ਭਾਜਪਾ ਤੋਂ ਲੋਕ ਦੂਰੀ ਬਣਾ ਕੇ ਰੱਖ ਰਹੇ ਹਨ। ਇਸ ਲਈ ਸੰਸਕਾਰੀ ਬੱਚੇ ਪੈਦਾ ਕਰਨ ਦੇ ਅਖੌਤੀ ਪ੍ਰੋਗਰਾਮ ਤਹਿਤ ਭਾਜਪਾ ਗਰਭਵਤੀ ਔਰਤਾਂ ਦੇ ਪਰਿਵਾਰਾਂ ਤਕ ਅਤੇ ਖਾਸਕਰ ਹਿੰਦੂ ਪਰਿਵਾਰਾਂ ਤਕ ਪਹੁੰਚ ਕਰੇਗੀ। ਉਹ ਪ੍ਰਾਚੀਨ ਹਿੰਦੂ ਧਾਰਮਿਕ ਮਾਨਸਿਕਤਾ ਪੈਦਾ ਕਰਕੇ ਪਰਿਵਾਰਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ। ਕੇਵਲ ਗਰਭਵਤੀ ਔਰਤ ਅਤੇ ਉਸ ਦਾ ਪਤੀ ਹੀ ਨਹੀਂ, ਪਰਿਵਾਰ ਦੇ ਸਾਰੇ ਬੁੱਢੇ, ਜਵਾਨ ਅਤੇ ਬੱਚੇ ਆਪਣੇ ਨਾਲ ਜੋੜਨਾ ਚਾਹੁੰਦੀ ਹੈ। ਭਾਜਪਾ ਨੂੰ ਆਸ ਹੈ ਕਿ ਇਹ ਪਰਿਵਾਰ ਇਰਦ ਗਿਰਦ ਦੇ ਪਰਿਵਾਰਾਂ ’ਤੇ ਵੀ ਪ੍ਰਭਾਵ ਪਾਉਣਗੇ। ਭਾਜਪਾ ਅਤੇ ਸੰਘ ਨੂੰ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜੇਕਰ ਇਸ ਵਾਰ ਭਾਜਪਾ ਹਾਰ ਗਈ ਤਾਂ ਮੁੜ ਕੇ ਇਸਦਾ ਨੇੜੇ ਦੇ ਭਵਿੱਖ ਵਿੱਚ ਸੱਤਾ ’ਤੇ ਕਾਬਜ਼ ਹੋਣ ਦਾ ਕੋਈ ਮੌਕਾ ਨਹੀਂ। 2025 ਵਿੱਚ 100 ਸਾਲ ਪੂਰੇ ਹੋਣ ’ਤੇ ਆਰ ਐੱਸ ਐੱਸ ਦੀਆਂ ਹਿੰਦੂ ਰਾਸ਼ਟਰ ਬਣਾਉਣ ਦੀਆਂ ਤਮਾਮ ਦਿਲ ਦੀਆਂ ਸੱਧਰਾਂ ਦਿਲ ਵਿੱਚ ਹੀ ਰਹਿ ਜਾਣੀਆਂ ਹਨ। ਵੈਸੇ ਜੇਕਰ ਸਾਰੀ ਵਿਰੋਧੀ ਧਿਰ ਇੱਕ ਮੁੱਠ ਹੋ ਕੇ ਚੋਣ ਮੈਦਾਨ ਵਿੱਚ ਆਉਂਦੀ ਹੈ ਤਾਂ ਸੰਸਕਾਰੀ ਬੱਚੇ ਪੈਦਾ ਕਰਨ ਵਾਲਾ ਪ੍ਰੋਗਰਾਮ, ਜਿਹੜਾ ਕਿ ਵੈਂਟੀਲੇਟਰ ’ਤੇ ਪਈ ਭਾਜਪਾ ਨੂੰ ਬਚਾਉਣ ਦੀ ਆਖ਼ਰੀ ਕੋਸ਼ਿਸ਼ ਹੈ, ਠੁੱਸ ਹੋ ਜਾਵੇਗਾ ਅਤੇ ਭਾਜਪਾ ਦੇ ਆਪਣੇ ਹੀ ਅੰਦਰੋਂ ਅੰਦਰ ਰੁੱਸੇ ਬੈਠੇ ਐੱਮ ਪੀ ਉਸ ਦੀਆਂ ਅਖੀਰੀ ਰਸਮਾਂ ਅਦਾ ਕਰ ਦੇਣਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4039)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)