“ਹਿੰਦੂਆਂ ਅਤੇ ਮੁਸਲਮਾਨਾਂ ਨੇ ਇਕੱਠੇ ਹੋ ਕੇ ਇੱਕੋ ਥਾਂ ਤੋਂ ਪਾਣੀ ਪੀਤਾ। ਮੁਸਲਮਾਨਾਂ ਨੇ ਸਾਰੇ ਜਲੂਸ ਵਿੱਚ ਠੰਢਾ ਅਤੇ ਮਿੱਠਾ ...”
(13 ਨਵੰਬਰ 2023)
ਇਸ ਸਮੇਂ ਪਾਠਕ: 80.
ਕੇਸ਼ਵ ਬਲਿਰਾਮ ਹੈੱਡਗੇਵਾਰ ਜੀ ਨੇ ਬਹੁਤ ਥੋੜ੍ਹਾ ਹੀ ਸਮਾਂ ਕਾਂਗਰਸ ਦੇ ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਲੈਣ ਤੋਂ ਬਾਅਦ 1920 ਵਿੱਚ ਸੁਤੰਤਰਤਾ ਸੰਗਰਾਮ ਨੂੰ ਤਿਆਗ ਦਿੱਤਾ ਅਤੇ ਉਸ ਤੋਂ ਬਾਅਦ ਕੁਝ ਸਮੇਂ ਸਾਵਰਕਰ ਅਤੇ ਬਾਲਕ੍ਰਿਸ਼ਨ ਸ਼ਿਵਰਾਮ ਮੁੰਜੇ ਨਾਲ ਹਿੰਦੂ ਅਤੇ ਹਿੰਦੂਤਵ ਆਦਿ ਬਾਰੇ ਵਿਚਾਰ ਵਟਾਂਦਰਾ ਕਰਕੇ 27 ਸਤੰਬਰ 1925 ਵਾਲੇ ਦਿਨ ਕੇਵਲ ਹਿੰਦੂ ਗੌਰਵ ਲਈ ਆਰ ਐੱਸ ਐੱਸ ਦੀ ਸਥਾਪਨਾ ਕੀਤੀ। 27 ਸਤੰਬਰ ਦਾ ਦਿਨ ਵੀ ਇਸ ਲਈ ਚੁਣਿਆ ਕਿਉਂਕਿ ਉਸ ਦਿਨ ਦੁਸਹਿਰਾ ਸੀ ਅਤੇ ਦੁਸਹਿਰੇ ਦੇ ਦਿਨ ਮਿਥਹਾਸ ਅਨੁਸਾਰ ਅਰਿਆਂ ਨੇ ਅਨਾਰਿਆਂ ਤੇ ਜਿੱਤ (ਬਦੀ ਉੱਤੇ ਨੇਕੀ ਦੀ ਜਿੱਤ) ਪ੍ਰਾਪਤ ਕੀਤੀ ਸੀ। 9 ਅਪਰੈਲ 1919 ਵਾਲੇ ਦਿਨ ਰਾਮ ਨੌਮੀ ਦਾ ਜਲੂਸ ਸੀ। ਉਸ ਦਿਨ ਡਾਕਟਰ ਸਤਪਾਲ ਅਤੇ ਸੈਫ਼ੁਦੀਨ ਕਿਚਲੂ ਦੇ ਯਤਨਾਂ ਸਦਕਾ ਹਿੰਦੂਆਂ ਅਤੇ ਮੁਸਲਮਾਨਾਂ ਨੇ ਇਕੱਠੇ ਹੋ ਕੇ ਇੱਕੋ ਥਾਂ ਤੋਂ ਪਾਣੀ ਪੀਤਾ। ਮੁਸਲਮਾਨਾਂ ਨੇ ਸਾਰੇ ਜਲੂਸ ਵਿੱਚ ਠੰਢਾ ਅਤੇ ਮਿੱਠਾ ਪਾਣੀ ਵਰਤਾਇਆ ਜਿਸ ਤੋਂ “ਪਾੜੋ ਅਤੇ ਰਾਜ ਕਰੋ’ ਦੀ ਨੀਤੀ ਵਾਲੇ ਅੰਗਰੇਜ਼ ਬਹੁਤ ਖ਼ਫ਼ਾ ਹੋਏ। ਭਾਰਤੀਆਂ ਦੇ ਏਕੇ ਨੂੰ ਬਰਦਾਸ਼ਤ ਨਾ ਕਰਦੇ ਹੋਏ ਜ਼ਾਲਮ ਅੰਗਰੇਜ਼ ਹਕੂਮਤ ਨੇ 13 ਅਪਰੈਲ 1919 ਵਾਲੇ ਦਿਨ ਜਲਿਆਂਵਾਲੇ ਬਾਗ਼ ਵਿੱਚ ਵਹਿਸ਼ੀ ਕਤਲੇ ਆਮ ਕਰ ਦਿੱਤਾ, ਜਿਸ ਕਾਰਣ ਸਾਰੇ ਭਾਰਤ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨਾਂ ਨੇ ਇਕੱਠੇ ਹੋ ਕੇ ਜ਼ਾਲਮ ਹਕੂਮਤ ਦੇ ਵਿਰੁੱਧ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ। ਉਸ ਵਕਤ ਅੰਗਰੇਜ਼ੀ ਹਕੂਮਤ ਨੂੰ ਕੁਝ ਇਹੋ ਜਿਹੇ ਲੋਕਾਂ ਦੀ ਜ਼ਰੂਰਤ ਸੀ ਜਿਹੜੇ ਅਜ਼ਾਦੀ ਦੇ ਅੰਦੋਲਨਾਂ ਤੋਂ ਲੋਕਾਂ ਦਾ ਧਿਆਨ ਹਟਾ ਸਕਣ। ਐਨ ਉਸ ਵੇਲੇ ਅੰਗਰੇਜ਼ ਹਕੂਮਤ ਲਈ ਆਰ ਐੱਸ ਐੱਸ ਦੀ ਸਥਾਪਨਾ ਕਿਸੇ ਅੰਮ੍ਰਿਤ ਤੋਂ ਘਟ ਨਹੀਂ ਸੀ। ਰਹਿੰਦੀ ਕਸਰ ਮਾਫੀਆਂ ਮੰਗ ਕੇ ਜੇਲ੍ਹ ਤੋਂ ਛੁੱਟਣ ਵਾਲੇ ਸਾਵਰਕਰ ਨੇ ਉਦੋਂ ਪੂਰੀ ਕਰ ਦਿੱਤੀ ਜਦੋਂ ਉਸ ਨੇ ਅੰਗਰੇਜ਼ੀ ਹਕੂਮਤ ਦੀ ਇੱਛਾ ਅਨੁਸਾਰ ਇਹ ਬਿਆਨ ਦੇ ਦਿੱਤਾ ਕਿ ਭਾਰਤ ਵਿੱਚ ਹਿੰਦੂ ਅਤੇ ਮੁਸਲਮਾਨ ਦੋ ਰਾਸ਼ਟਰ ਹਨ ਜਿਹੜੇ ਇਕੱਠੇ ਨਹੀਂ ਰਹਿ ਸਕਦੇ। ਸਿੱਧਾ ਹੀ ਅਰਥ ਸੀ ਕਿ ਅੰਗਰੇਜ਼ ਭਾਰਤ ਦੇ ਦੋ ਟੋਟੇ ਕਰ ਦੇਣ ਤਾਂਕਿ ਜਦੋਂ ਅੰਗਰੇਜ਼ ਭਾਰਤ ਛੱਡ ਕੇ ਜਾਣ ਵਾਲੇ ਹੋਣ ਤਾਂ ਹਿੰਦੂ ਮੁਸਲਮਾਨ ਦੰਗਿਆਂ ਵਿੱਚ ਰੁੱਝੇ ਰਹਿਣ ਅਤੇ ਅੰਗਰੇਜ਼ ਬਿਨਾ ਕਿਸੇ ਨੁਕਸਾਨ ਦੇ ਇੰਗਲੈਂਡ ਚਲੇ ਜਾਣ। ਸਾਵਰਕਰ ਦੇ ਵਿਚਾਰਾਂ ਤੋਂ ਆਰ ਐੱਸ ਐੱਸ ਦੇ ਸੰਸਥਾਪਕ ਹੈੱਡਗੇਵਾਰ ਬਹੁਤ ਪ੍ਰਭਾਵਿਤ ਸੀ।
ਹੈੱਡਗੇਵਾਰ ਨੂੰ ਵਿਚਾਰਧਾਰਕ ਤੌਰ ’ਤੇ ਪ੍ਰਭਾਵਿਤ ਕਰਨ ਵਾਲੇ ਸਾਵਰਕਰ ਅਤੇ ਮੂੰਜੇ ਕੇਵਲ ਭਾਰਤ ਵਿੱਚ ਅੰਗਰੇਜ਼ੀ ਹਕੂਮਤ ਦਾ ਹੀ ਸਾਥ ਨਹੀਂ ਦੇ ਰਹੇ ਸਨ ਬਲਕਿ ਯੂਰਪ ਵਿੱਚ ਜ਼ਾਲਮ ਹਿਟਲਰ ਅਤੇ ਮੁਸੋਲਿਨੀ ਦੇ ਵਿਚਾਰਾਂ ਨਾਲ ਵੀ ਸਹਿਮਤ ਸਨ। ਸਾਵਰਕਰ ਨੇ ਆਪਣੇ ਇੱਕ ਭਾਸ਼ਣ ਵਿੱਚ ਕਿਹਾ ਕਿ ਜਰਮਨੀ ਨੂੰ ਨਾਜ਼ੀਵਾਦ ਅਤੇ ਇਟਲੀ ਨੂੰ ਫਾਸ਼ੀਵਾਦ ਦੀ ਜਾਦੂਈ ਛੜੀ ਦੀ ਜ਼ਰੂਰਤ ਸੀ ਜਿਸ ਨਾਲ ਉਹਨਾਂ ਨੇ ਹੈਰਾਨੀਜਨਕ ਢੰਗ ਨਾਲ ਸ਼ਕਤੀ ਹਾਸਲ ਕੀਤੀ, ਇਹ ਉਹਨਾਂ ਲਈ ਟਾਨਿਕ ਸੀ। ਸਾਵਰਕਰ ਭਾਰਤ ਵਿੱਚੋਂ ਮੁਸਲਮਾਨਾਂ ਨੂੰ ਕੱਢ ਕੇ ਹਿੰਦੂਆਂ ਦੇ ਖੂਨ ਦੀ ਸ਼ੁੱਧੀ ਉਵੇਂ ਹੀ ਰੱਖਣਾ ਚਾਹੁੰਦਾ ਸੀ ਜਿਵੇਂ ਹਿਟਲਰ ਜਰਮਨੀ ਵਿੱਚੋਂ ਯਹੂਦੀਆਂ ਨੂੰ ਕੱਢ ਕੇ ਆਰੀਆ ਨਸਲ ਦੇ ਇਸਾਈਆਂ ਦਾ ਖੂਨ ਸ਼ੁੱਧ ਰੱਖ ਰਿਹਾ ਸੀ। ਕੇਵਲ ਸਾਵਰਕਰ ਹੀ ਨਹੀਂ ਬਲਕਿ ਹੈੱਡਗੇਵਾਰ ਅਤੇ ਉਸ ਤੋਂ ਬਾਅਦ ਬਣੇ ਸੰਘ ਪ੍ਰਮੁੱਖ ਮਧਵਰਾਵ ਸਦਸ਼ਿਵਰਾਵ ਗੋਲਵਲਕਰ (ਗੁਰੂ ਜੀ) ਜਾਂ ਹੁਣ ਦੇ ਆਰ ਐੱਸ ਐੱਸ ਦੇ ਰਾਜਨੀਤਿਕ ਵਿੰਗ ਇਹ ਸਾਰੇ ਦੇ ਸਾਰੇ ਧਰਮ ਨਿਰਪਖਤਾ ਦੇ ਵਿਰੋਧੀ ਹਨ। ਮਹਾਤਮਾ ਗਾਂਧੀ ਦੀ ਇੱਛਾ ਦੇ ਵਿਰੁੱਧ ਮੂੰਝੇ ਗੋਲਮੇਜ਼ ਕਾਨਫਰੰਸ ਵਿੱਚ ਹਾਜ਼ਰ ਹੋਇਆ, ਵਾਪਸ ਮੁੜਦੇ ਹੋਏ ਇਟਲੀ ਵਿੱਚ 15 ਤੋਂ 24 ਮਾਰਚ 1931 ਤਕ ਰਿਹਾ, ਜਿੱਥੇ ਫਾਸ਼ੀ ਤਾਨਾਸ਼ਾਹ ਮੁਸੋਲਿਨੀ ਨੂੰ ਮਿਲਿਆ ਅਤੇ ਉਸਦੇ ਫਾਸ਼ੀਵਾਦ ਦੀ ਪ੍ਰਸ਼ੰਸਾ ਕੀਤੀ। 19 ਮਾਰਚ ਵਾਲੇ ਦਿਨ ਮੂੰਝੇ ਨੇ ਰੋਮ ਦਾ ਮਿਲਟਰੀ ਕਾਲਜ, ਸੈਂਟਰਲ ਮਿਲਟਰੀ ਫਿਜ਼ੀਕਲ ਐਜੂਕੇਸ਼ਨ ਸਕੂਲ ਅਤੇ ਫਾਸ਼ਿਜ਼ਮ ਫਿਜ਼ੀਕਲ ਐਜੂਕੇਸ਼ਨ ਅਕੈਡਮੀ ਵੇਖੀ। ਨੌਜਵਾਨਾਂ ਨੂੰ ਫੌਜੀ ਵਰਦੀਆਂ ਵਿੱਚ ਟ੍ਰੇਨਿੰਗ ਲੈਂਦੇ ਵੇਖ ਕੇ ਐਨਾ ਪ੍ਰਭਾਵਿਤ ਹੋਇਆ ਕਿ 1935 ਵਿੱਚ ਕੇਂਦਰੀ ਹਿੰਦੂ ਮਿਲਟਰੀ ਐਜੂਕੇਸ਼ਨ ਸੁਸਾਇਟੀ ਅਤੇ 1937 ਵਿੱਚ ਭੋਂਸਾਲਾ ਮਿਲਟਰੀ ਕਾਲਜ, ਦੋਵੇਂ ਨਾਸਿਕ ਵਿਖੇ ਸਥਾਪਿਤ ਕਰ ਦਿੱਤੇ। ਸੁਸਾਇਟੀ ਅਤੇ ਕਾਲੇਜ ਇਸ ਲਈ ਖੋਲ੍ਹੇ ਤਾਂਕਿ ਫੌਜ ਦਾ ਭਾਰਤੀਕਰਣ ਕੀਤਾ ਜਾ ਸਕੇ। ਸੰਘ ਦੇ ਲਿਟਰੇਚਰ ਅਨੁਸਾਰ ਇਸਦੇ ਸੰਸਥਾਪਕ ਹੈੱਡਗੇਵਾਰ ਜੀ ਹਨ ਪਰ ਵਾਸਤਵ ਵਿੱਚ ਹਿੰਦੂ ਨੌਜਵਾਨਾਂ ਨੂੰ ਭਾਰਤੀ ਵਿਰਸੇ, ਸੱਭਿਆਚਾਰ ਤੋਂ ਜਾਣੂ ਕਰਵਾਉਣ ਲਈ ਅਤੇ ਜਿਸਮਾਨੀ ਤੌਰ ’ਤੇ ਤਾਕਤਵਰ ਬਣਾਉਣ ਲਈ ਫਿਜ਼ੀਕਲ ਟ੍ਰੇਨਿੰਗ ਦੇ ਵਿਚਾਰ ਹੈੱਡਗੇਵਾਰ ਜੀ ਨੂੰ ਮੂੰਝੇ ਤੋਂ ਹੀ ਮਿਲੇ।
ਸੰਘ ਦੀ ਫਾਸ਼ੀਵਾਦੀ ਵਿਚਾਰਧਾਰਾ ਕਾਰਣ ਹੀ ਗੋਡਸੇ ਵੱਲੋਂ ਮਹਾਤਮਾ ਗਾਂਧੀ ਜੀ ਦਾ ਕਤਲ ਕਰਨ ਕਾਰਣ ਆਰ ਐੱਸ ਐੱਸ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ ਜਿਹੜੀ ਕਿ ਸੰਘ ਪ੍ਰਮੁੱਖ ਗੁਰੂ ਜੀ ਅਤੇ ਗ੍ਰਹਿ ਮੰਤਰੀ ਪਟੇਲ ਵਿਚਕਾਰ ਕੁਝ ਮੀਟਿੰਗਾਂ ਅਤੇ ਗੁਰੂ ਜੀ ਵੱਲੋਂ ਕੁਝ ਵਾਇਦੇ ਕਰਨ ਤੋਂ ਬਾਅਦ ਹਟਾ ਦਿੱਤੀ ਗਈ। ਭਾਵੇਂ ਕਿ ਅੰਦਰੋਂ ਅੰਦਰ ਸੰਘ ਨੇ ਫਾਸ਼ੀਵਾਦ ਤਿਆਗਿਆ ਨਹੀਂ ਸੀ, ਇਸ ਲਈ ਸੰਘ ਆਗੁਆਂ ਨੇ ਇਹੀ ਸੋਚਿਆ ਕਿ ਜੇਕਰ ਫੇਰ ਕਦੇ ਸੰਘ ਉੱਤੇ ਪਾਬੰਦੀ ਵਰਗੇ ਹਾਲਾਤ ਹੋਏ ਤਾਂ ਇਸ ਨੂੰ ਬਚਾਉਣ ਲਈ ਆਪਣੀ ਇੱਕ ਰਾਜਨਿਤੀਕ ਪਾਰਟੀ ਹੋਣੀ ਚਾਹੀਦੀ ਹੈ।
ਇਸ ਲਈ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਅਗਵਾਈ ਵਿੱਚ ਭਾਰਤੀ ਜਨਸੰਘ ਨਾਮ ਦੀ ਰਾਜਨੀਤਿਕ ਪਾਰਟੀ ਦੀ ਸਥਾਪਨਾ 21 ਅਕਤੂਬਰ 1951 ਵਿੱਚ ਕਰ ਦਿੱਤੀ ਗਈ। ਵੇਲੇ ਅਤੇ ਜ਼ਰੂਰਤਾਂ ਅਨੁਸਾਰ ਜਨਸੰਘ ਦਾ ਨਾਮ ਬਦਲ ਕੇ ਜਨਤਾ ਪਾਰਟੀ ਅਤੇ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਰੱਖਿਆ ਗਿਆ। ਪਰ ਹਰ ਰੂਪ ਵਿੱਚ ਇਸਦੇ ਵਰਕਰ ਅਤੇ ਨੇਤਾ ਆਰ ਐੱਸ ਐੱਸ ਤੋਂ ਹੀ ਲੈਂਦੇ ਰਹੇ।
ਯਹੂਦੀਆਂ ਦੇ ਮਸਲੇ ਵਿੱਚ ਆਰ ਐੱਸ ਐੱਸ ਜਾਂ ਭਾਜਪਾ ਦਾ ਰਵਈਆ ਬੜਾ ਗੁੰਝਲਦਾਰ ਹੈ ਪਰ ਹਮੇਸ਼ਾ ਜ਼ਾਲਮਾਂ ਦੇ ਪੱਖ ਵਿੱਚ ਰਿਹਾ ਹੈ। ਜਦੋਂ ਹਿਟਲਰ ਯਹੂਦੀਆਂ ਨੂੰ ਬਦਨਾਮ ਕਰਨ ਤੋਂ ਬਾਅਦ ਕਤਲ ਕਰ ਰਿਹਾ ਸੀ, ਮਾਰ ਕੁੱਟ ਕੇ ਭਜਾ ਰਿਹਾ ਸੀ ਤਾਂ ਉਦੋਂ ਆਰ ਐੱਸ ਐੱਸ ਦੇ ਵਿਚਾਰਧਾਰਕ ਉਸ ਦੀ ਪ੍ਰਸ਼ੰਸਾ ਕਰ ਰਹੇ ਸਨ ਅਤੇ ਇਹ ਵੀ ਸੋਚ ਰਹੇ ਸਨ ਕਿ ਸਾਨੂੰ ਵੀ ਭਾਰਤ ਵਿੱਚੋਂ ਇਸੇ ਤਰ੍ਹਾਂ ਮੁਸਲਮਾਨ ਭਜਾਉਣੇ ਚਾਹੀਦੇ ਹਨ। ਜਦੋਂ ਦਾ ਯਹੂਦੀਆਂ ਨੇ 1948 ਤੋਂ ਫਲਸਤੀਨ ਦੀ ਕੁਝ ਧਰਤੀ ’ਤੇ ਕਬਜ਼ਾ ਕਰਕੇ ਆਪਣਾ ਦੇਸ਼ ਇਜ਼ਰਾਈਲ ਸਥਾਪਿਤ ਕੀਤਾ ਹੈ, ਉਹ ਫਲਸਤੀਨੀਆਂ ਨੂੰ ਤੰਗ ਕਰ ਰਿਹਾ ਹੈ, ਬਿਨਾ ਕਾਰਣ ਜੇਲ੍ਹਾਂ ਵਿੱਚ ਡੱਕ ਰਿਹਾ ਹੈ ਅਤੇ ਉਹਨਾਂ ਦੇ ਹੋਰ ਇਲਾਕੇ ਆਪਣੇ ਕਬਜ਼ੇ ਵਿੱਚ ਲੈਣ ਲਈ ਜ਼ਾਲਮਾਨਾ ਹਮਲੇ ਕਰ ਰਿਹਾ ਹੈ। ਆਰ ਐੱਸ ਐੱਸ ਸਮੇਤ ਇਸਦੇ ਸਾਰੇ ਰਾਜਨੀਤਿਕ ਵਿੰਗ ਜਿਸ ਵਿੱਚ ਭਾਜਪਾ ਪ੍ਰਮੁੱਖ ਹੈ ਅਤੇ ਸੱਤਾ ’ਤੇ ਕਾਬਜ਼ ਹੈ, ਇਹ ਇਜ਼ਰਾਈਲ ਦਾ ਸਾਥ ਦੇ ਰਹੇ ਹਨ ਅਤੇ ਸੰਸਾਰ ਮੰਚ ਵਿੱਚ ਯਹੂਦੀਆਂ ਦੇ ਵਿਰੁੱਧ ਭੁਗਤ ਰਹੇ ਹਨ। ਇੰਦਰਾ ਗਾਂਧੀ ਦੇ ਵੇਲੇ ਤੋਂ ਚਲੀ ਆ ਰਹੀ ਰੂਸ ਨਾਲ ਪੱਕੀ ਦੋਸਤੀ ਅਤੇ ਕਈ ਸਦੀਆਂ ਤੋਂ ਅਰਬ ਦੇਸ਼ਾਂ ਨਾਲ ਦੋਸਤਾਨਾ ਸਬੰਧਾਂ ਨੂੰ ਤਿਲਾਂਜਲੀ ਦੇ ਕੇ ਸੰਘ ਪਰਿਵਾਰ ਜ਼ਾਲਮ ਇਜ਼ਰਾਈਲ ਦਾ ਸਾਥ ਦੇ ਰਿਹਾ ਹੈ।
ਆਰ ਐੱਸ ਐੱਸ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤਕ ਕਿਸੇ ਨਾ ਕਿਸੇ ਜ਼ਾਲਮ ਦੇ ਹੱਕ ਵਿੱਚ ਹੀ ਰਿਹਾ ਹੈ। ਆਰ ਐੱਸ ਐੱਸ ਦੇ ਕਿਸੇ ਵੀ ਲੀਡਰ ਨੇ ਭਾਰਤ ਦੀ ਆਜ਼ਾਦੀ ਦੇ ਕਿਸੇ ਵੀ ਅੰਦੋਲਨ ਵਿੱਚ ਹਿੱਸਾ ਨਹੀਂ ਲਿਆ, ਅਜ਼ਾਦੀ ਖਾਤਿਰ ਜੇਲ੍ਹ ਵਿੱਚ ਨਹੀਂ ਗਏ। ਕੋਈ ਫਾਂਸੀ ਉੱਤੇ ਨਹੀਂ ਚੜ੍ਹਿਆ ਅਤੇ ਨਾ ਹੀ ਕੋਈ ਜਾਇਦਾਦ ਕੁਰਕ ਕਰਵਾਈ। ਹੋਰ ਤਾਂ ਹੋਰ, ਅਜ਼ਾਦੀ ਦੀ ਖਾਤਰ ਜੇਲ੍ਹ ਜਾਣ ਵਾਲਿਆਂ, ਫਾਂਸੀ ਚੜ੍ਹਨ ਵਾਲਿਆਂ ਜਾਂ ਅਮਰੀਕਾ, ਕੈਨੇਡਾ ਵਿੱਚ ਆਪਣੇ ਚੰਗੇ ਭਲੇ ਰੁਜ਼ਗਾਰ ਛੱਡ ਕੇ ਭਾਰਤ ਆ ਕੇ ਕੁਰਬਾਨੀਆਂ ਦੇਣ ਵਾਲਿਆਂ ਦੀ ਇਹਨਾਂ ਕਦੇ ਵੀ ਪ੍ਰਸ਼ੰਸਾ ਨਹੀਂ ਕੀਤੀ।
23 ਜੂਨ 2023 ਦੇ “ਦੀ ਹਿੰਦੂ” ਅਖਬਾਰ ਅਨੁਸਾਰ ਮਨੀਪੁਰ ਵਿੱਚ ਵਿੱਚ ਮੇਇਤੀ ਹਿੰਦੂ ਬਹੁਸੰਖਿਆ ਵੱਲੋਂ ਨਾਗਾ ਕੂਕੀ, ਦਲਿਤਾਂ, ਆਦਿਵਾਸੀ ਘਟਗਿਣਤੀ ਦੇ ਲੋਕਾਂ ’ਤੇ ਹੋ ਰਹੇ ਹਮਲੇ ਭਾਰਤ ਦੇ ਫੈਡਰਲ ਢਾਂਚੇ ਉੱਤੇ ਹਮਲੇ ਹਨ ਅਤੇ ਸੰਵਿਧਾਨ ਉੱਤੇ ਹਮਲੇ ਹਨ। ਇਸੇ ਅਖ਼ਬਾਰ ਵਿੱਚ ਮਾਰਕਸੀ ਪਾਰਟੀ ਦੇ ਨੇਤਾ ਸੀਤਾ ਰਾਮ ਯੇਚੁਰੀ ਦਾ ਬਿਆਨ ਹੈ ਕਿ ਇਹ ਫਾਸ਼ੀਵਾਦੀ ਹਮਲੇ ਹਨ। ਇਹਨਾਂ ਹਮਲਿਆਂ ਦੇ ਬਲ ਰਹੇ ਭਾਂਬੜਾਂ ਨੂੰ ਪਾਣੀ ਦਾ ਛੱਟਾ ਮਾਰਨ ਲਈ ਸਾਡੇ ਪ੍ਰਧਾਨ ਮੰਤਰੀ ਜੀ ਨੇ ਉੱਥੇ ਜਾਣਾ ਤਾਂ ਕੀ ਸੀ, ਉਲਟਾ ਇਹਨਾਂ ਹਮਲਿਆਂ ਵਿਰੁੱਧ ਇੱਕ ਵੀ ਬਿਆਨ ਨਹੀਂ ਦਿੱਤਾ। ਜਿਹੜੇ ਇੰਡੀਆ ਗਠਬੰਧਨ ਦੇ ਨੇਤਾ ਮਨੀਪੁਰ ਗਏ ਅਤੇ ਦੰਗੇ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਈਸਟ ਇੰਡੀਆ ਕੰਪਨੀ ਦੇ ਬੰਦੇ ਜਾਂ ਜਿਹਾਦੀ ਕਿਹਾ। ਸੰਘ ਪਰਿਵਾਰ ਵਿੱਚ ਕੇਵਲ ਇੱਕ ਨੇਤਾ ਅਟੱਲ ਬਿਹਾਰੀ ਵਾਜਪਾਈ ਜੀ ਹੀ ਸਨ ਜਿਹੜੇ ਸੰਘ ਦੇ ਪ੍ਰਚਾਰਕ ਸਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵੀ ਸਨ। ਉਹ ਹਮੇਸ਼ਾ ਫਾਸ਼ੀਵਾਦ ਦੇ ਵਿਰੁੱਧ ਰਹੇ, ਇਜ਼ਰਾਈਲ ਦੇ ਜ਼ੁਲਮਾਂ ਦੇ ਵਿਰੁੱਧ ਅਤੇ ਫਲਸਤੀਨੀਆਂ ਦੇ ਹੱਕ ਵਿੱਚ ਰਹੇ। ਅਟਲ ਬਿਹਾਰੀ ਵਾਜਪਾਈ ਨੂੰ ਛੱਡ ਕੇ ਸੰਘ ਅਤੇ ਸੰਘ ਪਰਿਵਾਰ ਦੇ ਸਾਰੇ ਨੇਤਾ ਆਪਣੇ ਲਗਭਗ 100 ਸਾਲ ਦੇ ਇਤਿਹਾਸ ਵਿੱਚ ਹਮੇਸ਼ਾ ਜ਼ਾਲਮਾਂ ਦੇ ਨਾਲ ਰਹੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4475)
(ਸਰੋਕਾਰ ਨਾਲ ਸੰਪਰਕ ਲਈ: (