“ਜਿਹੜੀ ਥਾਲੀ ਵਿਚ ਖਾ ਰਹੇ ਹੋ, ਉਸ ਵਿਚ ਛੇਕ ਨਾ ਕਰੋ। ਭਾਰਤੀਆਂ ਦੇ ਖੂਨ-ਪਸੀਨੇ ਦੀ ਕਮਾਈ ...”
(14 ਮਈ 2025)
ਜੇਕਰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਸੋਚਿਆ ਨਾ ਜਾਵੇ ਕਿ ਇਹ ਕੰਮ ਮੈਨੂੰ ਕਰਨਾ ਚਾਹੀਦਾ ਹੈ ਜਾਂ ਨਹੀਂ, ਇਹ ਕੰਮ ਕਰਨ ਨਾਲ ਮੈਨੂੰ ਜਾਂ ਮੇਰੇ ਪਰਵਾਰ ਨੂੰ ਕੋਈ ਲਾਭ ਹੋਵੇਗਾ ਜਾਂ ਨਹੀਂ, ਕੀ ਇਹ ਕੰਮ ਕਰਨ ਨਾਲ ਸਮਾਜ ਨੂੰ ਕੋਈ ਲਾਭ ਹੋਵੇਗਾ ਜਾਂ ਨਹੀਂ, ਜਿਹੜਾ ਸਾਨੂੰ ਇਹ ਕੰਮ ਕਰਨ ਲਈ ਕਹਿ ਰਿਹਾ ਹੈ, ਕੀ ਉਹ ਇਹ ਕੰਮ ਕਰਨ ਲਈ ਸਾਡੇ ਨਾਲ ਜਾਵੇਗਾ ਜਾਂ ਨਹੀਂ? ਜੇਕਰ ਕੋਈ ਵੀ ਕੰਮ ਸੋਚੇ-ਸਮਝੇ ਬਿਨਾਂ ਕਰਨਾ ਹੈ ਤਾਂ ਦਿਮਾਗ ਦਾ ਕੀ ਫਾਇਦਾ? ਜੇਕਰ ਕੋਈ ਕਹੇ ਕਿ ਚੱਲੋ ਕਬਰ ਪੁੱਟਣ ਨੂੰ ਚੱਲੀਏ! ਕੁਦਾਲੀ, ਕਹੀ ਜਾਂ ਤਸਲਾ ਚੁੱਕਣ ਤੋਂ ਪਹਿਲਾਂ ਉਪਰੋਕਤ ਪ੍ਰਸ਼ਨ ਜ਼ਰੂਰ ਆਪਣੇ ਆਪ ਨੂੰ ਪੁੱਛ ਲੈਣੇ ਚਾਹੀਦੇ ਹਨ, ਪਰ ਕਈ ਲੋਕ ਇਹ ਪ੍ਰਸ਼ਨ ਪੁੱਛਦੇ ਨਹੀਂ। ਇਸ ਦਾ ਕਾਰਨ ਇਹ ਨਹੀਂ ਕਿ ਉਹਨਾਂ ਦਾ ਦਿਮਾਗ ਨਹੀਂ ਹੁੰਦਾ। ਕਾਰਨ ਇਹ ਹੈ ਕਿ ਜਦੋਂ ਕਿਹਾ ਜਾਏ ਕਿ ਬਾਬਰੀ ਮਸਜਿਦ ਸਾਡੇ ਹਿੰਦੂ ਮੰਦਰ ਨੂੰ ਢਾਅ ਕੇ ਬਣਾਈ ਗਈ ਸੀ ਜਾਂ ਇਹ ਕਬਰ ਉਸ ਬਾਦਸ਼ਾਹ ਦੀ ਹੈ, ਜਿਸ ਨੇ ਹਿੰਦੂਆਂ ’ਤੇ ਬਹੁਤ ਜ਼ੁਲਮ ਕੀਤੇ ਸਨ ਤਾਂ ਲੋਕਾਂ ਦਾ ਦਿਮਾਗ ਸੋਚਣਾ ਬੰਦ ਕਰ ਦਿੰਦਾ ਹੈ, ਕਿਉਂਕਿ ਉਹ ਧਾਰਮਕ ਤੌਰ ’ਤੇ ਜਜ਼ਬਾਤੀ ਹੋ ਜਾਂਦੇ ਹਨ। ਇਸ ਅਵਸਥਾ ਵਿਚ ਲੋਕ ਅਤੇ ਖਾਸ ਤੌਰ ’ਤੇ ਨੌਜਵਾਨ ਮਸਜਿਦ ਢਾਹੁਣ ਜਾਂ ਕਬਰ ਪੁੱਟਣ ਲਈ ਛੇਤੀ ਤੁਰ ਪੈਂਦੇ ਹਨ।
ਹੁਣ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਆਓ, ਕਬਰ ਪੁੱਟਣ ਚੱਲੀਏ। ਕਿਉਂਕਿ ਮੈਂ ਬਿਨਾਂ ਕਿਸੇ ਧਾਰਮਿਕ ਜਜ਼ਬਾਤ ਦੇ ਕਿਹਾ ਕਿ ਆਓ ਕਬਰ ਪੁੱਟਣ ਚਲੀਏ ਤਾਂ ਇਸ ਅਵਸਥਾ ਵਿਚ ਤੁਹਾਡਾ ਦਿਮਾਗ ਸੋਚਣਾ ਬੰਦ ਨਹੀਂ ਕਰੇਗਾ ਅਤੇ ਤੁਸੀਂ ਮੈਨੂੰ ਜ਼ਰੂਰ ਪੁੱਛੋਗੇ ਕਿ ਕਿਸ ਦੀ ਕਬਰ ਪੁੱਟਣੀ ਹੈ, ਕਿਉਂ ਪੁੱਟਣੀ ਹੈ, ਕੀ ਤੁਸੀਂ ਵੀ ਨਾਲ ਲੱਗ ਕੇ ਪੁੱਟੋਗੇ? ਤੁਸੀਂ ਮੇਰੇ ਵੱਲੋਂ ਦਿੱਤੇ ਗਏ ਉੱਤਰਾਂ ਤੋਂ ਬਾਅਦ ਆਪਣੇ ਆਪ ਨੂੰ ਵੀ ਜ਼ਰੂਰ ਪੁੱਛੋਗੇ ਕਿ ਕੀ ਦਿੱਤੇ ਗਏ ਉੱਤਰ ਸਹੀ ਸਨ? ਕਿਹੜੀ ਕਬਰ ਪੁੱਟਣੀ ਚਾਹੀਦੀ ਹੈ? ਮੈਂ ਤੁਹਾਨੂੰ ਉਹ ਕਬਰ ਪੁੱਟਣ ਲਈ ਨਹੀਂ ਕਹਿ ਰਿਹਾ ਹਾਂ, ਜਿਸ ਵਿਚ ਸੈਂਕੜੇ ਸਾਲ ਪਹਿਲਾਂ ਕਿਸੇ ਮ੍ਰਿਤਕ ਦੇ ਅਵਸ਼ੇਸ਼ ਪਏ ਹੋਏ ਅਤੇ ਸੁੰਨਸਾਨ ਪਈ ਹੋਈ ਹੈ, ਬਲਕਿ ਉਹ ਕਬਰ ਪੁੱਟਣ ਨੂੰ ਕਹਿ ਰਿਹਾ ਹਾਂ ਜਿਸ ਵਿੱਚੋਂ ਅਵਾਜ਼ਾਂ ਆ ਰਹੀਆਂ ਹਨ।
ਇਹ ਤਾਂ ਤੁਸੀਂ ਸਾਰੇ ਮੰਨਦੇ ਹੋ ਕਿ ਕਬਰਾਂ ਵਿੱਚੋਂ ਕਦੇ ਆਵਾਜ਼ਾਂ ਨਹੀਂ ਆਉਂਦੀਆਂ, ਪਰ ਇੱਕ ਕਬਰ ਅਜਿਹੀ ਵੀ ਹੈ, ਜਿਸ ਵਿੱਚੋਂ ਅਵਾਜ਼ਾਂ ਆ ਰਹੀਆਂ ਹਨ, “ਹਿੰਦੂ ਧਰਮ ਨੂੰ ਖਤਰਾ ਹੈ, ਹਿੰਦੂ ਧਰਮ ਨੂੰ ਖਤਰਾ ਹੈ ...” ਜਦਕਿ ਸੱਚਾਈ ਇਹ ਹੈ ਕਿ ਕਬਰ ਵਿੱਚੋਂ ਅਵਾਜ਼ ਨਹੀਂ ਆ ਸਕਦੀ। ਜੇ ਅਵਾਜ਼ ਆ ਰਹੀ ਹੈ ਤਾਂ ਜ਼ਰੂਰ ਇਹ ਕੋਈ ਬਣਾਵਟੀ ਕਬਰ ਹੋਵੇਗੀ ਅਤੇ ਇਸ ਦੇ ਹੇਠਾਂ ਕੁਝ ਸ਼ੈਤਾਨ ਵੀ ਬੈਠੇ ਹੋਣਗੇ ਜਿਹੜੇ ਚੀਕਾਂ ਮਾਰ ਰਹੇ ਹਨ ਕਿ ਹਿੰਦੂ ਧਰਮ ਨੂੰ ਖਤਰਾ ਹੈ। ਜਦੋਂ ਤੁਸੀਂ ਇਸ ਕਬਰ ਨੂੰ ਕੇਵਲ ਐਨਾ ਹੀ ਪੁੱਟੋਗੇ ਕਿ ਅਜੇ ਉਸ ਦੀ ਛੱਤ ਹੀ ਉਖਾੜ ਕੇ ਇੱਕ ਪਾਸੇ ਸੁੱਟੀ ਹੋਵੇਗੀ ਤਾਂ ਹੇਠੋਂ ਆਪਣੇ ਸਿਆਸੀ ਹਿਤਾਂ ਦੀ ਪੂਰਤੀ ਲਈ ਹਿੰਦੂ ਧਰਮ ਦੀ ਦੁਰਵਰਤੋਂ ਕਰਦੇ ਹੋਏ ਉਹ ਵਿਅਕਤੀ ਨਜ਼ਰ ਆਉਣਗੇ, ਜਿਨ੍ਹਾਂ ਦਾ ਹਿੰਦੂ ਧਰਮ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ। ਇਹਨਾਂ ਨੂੰ ਭਾਰਤ ਵਿਚ 85 ਫੀਸਦੀ ਹਿੰਦੂ ਵੱਸੋਂ ਹੋਣ ਅਤੇ ਭਾਰਤੀ ਫੌਜਾਂ ਵਿੱਚ ਬਹੁ-ਗਿਣਤੀ ਹਿੰਦੂ ਹੋਣ ਦੇ ਬਾਵਜੂਦ ਆਪਣੇ ਸਿਆਸੀ ਹਿਤਾਂ ਲਈ ਇੱਕੋ-ਇੱਕ ਗੁਰੂ ਮੰਤਰ ਮਿਲਿਆ ਹੈ, ‘ਹਿੰਦੂ ਧਰਮ ਖਤਰੇ ਵਿਚ ਹੈ’ ਅਤੇ ਇਸ ਦਾ ਹੀ ਸਵੇਰੇ ਸ਼ਾਮ ਜਾਪ ਕਰੀ ਜਾਂਦੇ ਹਨ। ਹਿੰਦੂ ਗ੍ਰੰਥ ਮਹਾਂ ਉਪਨਿਸ਼ਦ ਵਿੱਚ ਇੱਕ ਵਾਕਾਂਸ਼ ਆਉਂਦਾ ਹੈ, ‘ਵਾਸੁ ਦੇਵ ਕਟੁੰਭਕਮ’, ਜਿਸ ਦਾ ਅਰਥ ਹੈ ਕਿ ਸਾਰਾ ਸੰਸਾਰ ਹੀ ਇੱਕ ਪਰਵਾਰ ਹੈ। ਇਹ ਕਿਹੜੇ ਹਿੰਦੂ ਹਨ, ਜਿਹੜੇ ਕਹਿ ਰਹੇ ਕਿ ਮੁਸਲਮਾਨ, ਇਸਾਈ, ਪਾਰਸੀ ਆਦਿ ਵਿਦੇਸ਼ੀ ਹਨ ਅਤੇ ਪਰਾਏ ਹਨ। ਹਿੰਦੂਆਂ ਦਾ ਮੰਨਣਾ ਹੈ ਕਿ ਹਰੇਕ ਵਿਅਕਤੀ ਅੰਦਰੂਨੀ ਤੌਰ ’ਤੇ ਬ੍ਰਹਮ ਹੈ ਅਤੇ ਜੀਵਨ ਦਾ ਉਦੇਸ਼ ਸਾਡੇ ਸਾਰਿਆਂ ਦੇ ਅੰਦਰ ਬ੍ਰਹਮਤਾ ਦੀ ਭਾਲ ਅਤੇ ਅਹਿਸਾਸ ਕਰਨਾ ਹੈ।
ਆਰ ਐੱਸ ਐੱਸ ਅਤੇ ਇਸ ਦੇ ਸਾਰੇ ਵਿੰਗ, ਜਿਵੇਂ ਕਿ ਭਾਜਪਾ, ਹਿੰਦੂ ਮਹਾਂ ਸਭਾ, ਬਜਰੰਗ ਦਲ, ਸ਼ਿਵ ਸੈਨਾ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਆਦਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ, ਜਿਹੜਾ ਕਿ ਮਨੂੰ ਸਮਿਰਤੀ ਦੇ ਨਿਯਮਾਂ ਅਨੁਸਾਰ ਹੋਵੇਗਾ। ਮਤਲਬ ਕਿ ਭਾਰਤ ਨੂੰ ਅੱਜ ਤੋਂ 4000 ਸਾਲ ਪਹਿਲਾਂ ਵਰਗਾ ਬਣਾਉਣਾ ਚਾਹੁੰਦੇ ਹਨ। ਇਹ ਤਾਂ ਹੋ ਨਹੀਂ ਸਕਦਾ, ਕਿਉਂਕਿ ਇਤਿਹਾਸ ਦਾ ਪਹੀਆ ਹਮੇਸ਼ਾ ਅੱਗੇ ਵੱਲ ਨੂੰ ਜਾਂਦਾ ਹੈ, ਅੱਜ ਤੱਕ ਕਦੇ ਪਿੱਛੇ ਨਹੀਂ ਗਿਆ। ਪਰ ਤੁਸੀਂ ਪਿਛਲੇ ਇਤਿਹਾਸ ਤੋਂ ਕੁਝ ਸਿੱਖ ਸਕਦੇ ਹੋ। ਜਿਸ ਕਾਲ ਦੀ ਇਹ ਗੱਲ ਕਰ ਰਹੇ ਹਨ, ਉਸ ਕਾਲ ਵਿਚ ਸਾਸਤਰਾਰਥ ਹੁੰਦਾ ਹੁੰਦਾ ਸੀ। ਦੋ ਵਿਦਵਾਨ ਕਿਸੇ ਮਸਲੇ ਜਾਂ ਵਿਸ਼ੇ ’ਤੇ ਬਹਿਸ ਕਰਦੇ ਸਨ ਅਤੇ ਦੋਵੇਂ ਵਿਦਵਾਨ ਆਪਣੀਆਂ ਦਲੀਲਾਂ ਦੇਂਦੇ ਸਨ। ਉਸ ਸਾਸਤਰਾਰਥ ਵਿਚ ਹਾਰ-ਜਿੱਤ ਦੀ ਜ਼ਿਆਦਾ ਅਹਿਮੀਅਤ ਨਹੀਂ ਹੁੰਦੀ ਸੀ, ਬਲਕਿ ਜਿਸ ਦੀਆਂ ਦਲੀਲਾਂ ਠੀਕ ਹੁੰਦੀਆਂ, ਉਹਨਾਂ ਨੂੰ ਗਲਤ ਦਲੀਲਾਂ ਦੇਣ ਵਾਲਾ ਵੀ ਮੰਨ ਲੈਂਦਾ ਸੀ, ਕੋਈ ਵੈਰ-ਵਿਰੋਧ ਨਹੀਂ ਹੁੰਦਾ ਸੀ। ਪਰ ਹੁਣ ਤੁਸੀਂ ਕੀ ਕਰ ਰਹੇ ਹੋ? ਤੁਸੀਂ ਤਾਂ ਵਿਰੋਧੀ ਦਲੀਲ ਵਾਲੇ ਨੂੰ ਕੋਈ ਲੋਕ ਪ੍ਰਵਾਨਤ ਦਲੀਲ ਦੇਣ ਦੀ ਬਜਾਏ ਗੱਦਾਰ, ਦੇਸ਼ ਧ੍ਰੋਹੀ ਕਹਿ ਰਹੇ ਹੋ ਅਤੇ ਉਸ ਨੂੰ ਕਿਸੇ ਨਾ ਕਿਸੇ ਕੇਸ ਵਿਚ ਫਸਾ ਕੇ ਜੇਲ੍ਹ ਵਿਚ ਭੇਜ ਰਹੇ ਹੋ। ਤੁਹਾਡੇ ਵਿਚ ਸਹਿਣਸ਼ੀਲਤਾ ਬਿਲਕੁਲ ਨਹੀਂ ਹੈ, ਜਦਕਿ ਸੱਚਾਈ ਇਹ ਹੈ ਕਿ ਹਿੰਦੂ ਸਹਿਣਸ਼ੀਲ ਹੁੰਦਾ ਹੈ।
ਬਹੁਗਿਣਤੀ ਹਿੰਦੂ ਇਹ ਮੰਨਦੇ ਹਨ ਕਿ ਸਵਾਮੀ ਵਿਵੇਕਾਨੰਦ ਹਿੰਦੂ ਧਰਮ ਦੇ ਇੱਕ ਮਹਾਨ ਵਿਦਵਾਨ ਸਨ ਅਤੇ ਸਭ ਤੋਂ ਪਹਿਲਾਂ ਉਹਨਾਂ ਨੇ ਹੀ ਪੱਛਮ ਵਿਚ ਹਿੰਦੂ ਧਰਮ ਅਤੇ ਯੋਗ ਬਾਰੇ ਜਾਣਕਾਰੀ ਦਿੱਤੀ ਸੀ। ਉਹਨਾਂ ਸੰਨ 1883 ਵਿਚ ਅਮਰੀਕਾ ਵਿਖੇ ਆਪਣੇ ਭਾਸ਼ਣ ਦੌਰਾਨ ਕਿਹਾ ਸੀ, ‘ਮੈਨੂੰ ਇੱਕ ਅਜਿਹੇ ਧਰਮ ਨਾਲ ਸੰਬੰਧਤ ਹੋਣ ’ਤੇ ਮਾਣ ਹੈ, ਜਿਸ ਨੇ ਦੁਨੀਆ ਨੂੰ ਸਹਿਣਸ਼ੀਲਤਾ ਅਤੇ ਵਿਸ਼ਵਵਿਆਪੀ ਸਵੀਕ੍ਰਿਤੀ, ਦੋਵਾਂ ਨੂੰ ਸਿਖਾਇਆ ਹੈ। ਅਸੀਂ ਨਾ ਸਿਰਫ ਵਿਸ਼ਵਵਿਆਪੀ ਸਹਿਣਸ਼ੀਲਤਾ ਵਿੱਚ ਵਿਸ਼ਵਾਸ ਰੱਖਦੇ ਹਾਂ, ਸਗੋਂ ਅਸੀਂ ਸਾਰੇ ਧਰਮਾਂ ਨੂੰ ਸੱਚ ਮੰਨਦੇ ਹਾਂ। ਮੈਨੂੰ ਇੱਕ ਅਜਿਹੀ ਕੌਮ ਨਾਲ ਸੰਬੰਧਤ ਹੋਣ ’ਤੇ ਮਾਣ ਹੈ, ਜਿਸ ਨੇ ਧਰਤੀ ਦੇ ਸਾਰੇ ਧਰਮਾਂ ਅਤੇ ਸਾਰੀਆਂ ਕੌਮਾਂ ਦੇ ਸਤਾਏ ਹੋਏ ਅਤੇ ਸ਼ਰਨਾਰਥੀਆਂ ਨੂੰ ਪਨਾਹ ਦਿੱਤੀ ਹੈ। ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਮਾਣ ਹੈ ਕਿ ਅਸੀਂ ਆਪਣੀ ਛਾਤੀ ਵਿੱਚ ਇਜ਼ਰਾਈਲੀਆਂ ਦੇ ਸਭ ਤੋਂ ਸ਼ੁੱਧ ਬਚੇ ਹੋਏ ਲੋਕਾਂ ਨੂੰ ਇਕੱਠਾ ਕੀਤਾ ਹੈ, ਜੋ ਦੱਖਣੀ ਭਾਰਤ ਵਿਚ ਉਸ ਸਾਲ ਆਏ ਸਨ, ਜਿਸ ਸਾਲ ਉਹਨਾਂ ਦੇ ਪਵਿੱਤਰ ਮੰਦਰ ਨੂੰ ਰੋਮਨ ਜ਼ੁਲਮ ਨੇ ਟੁਕੜੇ-ਟੁਕੜੇ ਕਰ ਦਿੱਤਾ ਸੀ ਅਤੇ ਇਜ਼ਰਾਈਲੀਆਂ ਨੇ ਸਾਡੇ ਕੋਲ ਸ਼ਰਨ ਲਈ ਸੀ। ਮੈਨੂੰ ਉਸ ਧਰਮ ਨਾਲ ਸੰਬੰਧਤ ਹੋਣ ’ਤੇ ਮਾਣ ਹੈ, ਜਿਸ ਨੇ ਸ਼ਾਨਦਾਰ ਪਾਰਸੀ ਕੌਮ ਦੇ ਬਚੇ ਹੋਏ ਲੋਕਾਂ ਨੂੰ ਪਨਾਹ ਦਿੱਤੀ ਹੈ ਅਤੇ ਜਿਹੜੀ ਅਜੇ ਵੀ ਪਲ ਰਹੀ ਹੈ।’
ਸਵਾਮੀ ਜੀ ਹਿੰਦੂਆਂ ਨੂੰ ਕਹਿੰਦੇ ਹਨ, “ਮੁਹੰਮਦ ਨੇ ਆਪਣੇ ਜੀਵਨ ਦੁਆਰਾ ਦਿਖਾਇਆ ਕਿ ਮੁਸਲਮਾਨਾਂ ਵਿੱਚ ਸੰਪੂਰਨ ਸਮਾਨਤਾ ਅਤੇ ਭਾਈਚਾਰਾ ਹੋਣਾ ਚਾਹੀਦਾ ਹੈ। ਨਸਲ, ਜਾਤ, ਧਰਮ, ਰੰਗ ਜਾਂ ਲਿੰਗ ਦਾ ਕੋਈ ਸਵਾਲ ਨਹੀਂ ਸੀ।”
ਆ ਜਾਓ, ਇੱਕ ਵਾਰ ਫੇਰ ਕਬਰ ਵਿੱਚੋਂ ਚੀਕਾਂ ਮਾਰਨ ਵਾਲਿਆਂ ਨੂੰ ਪੁੱਛੀਏ, ‘ਕੀ ਤੁਸੀਂ ਵਿਵੇਕਾਨੰਦ ਦੇ ਵਿਚਾਰਾਂ ਨਾਲ ਸਹਿਮਤ ਹੋ? ਕੀ ਤੁਹਾਡੇ ਵਿਚ ਸਹਿਣਸ਼ੀਲਤਾ ਅਤੇ ਵਿਸ਼ਵਵਿਆਪੀ ਸਵੀਕ੍ਰਿਤੀ ਹੈ? ਕੀ ਤੁਸੀਂ ਸਾਰੇ ਧਰਮਾਂ ਨੂੰ ਸੱਚ ਮੰਨਦੇ ਹੋ? ਬਾਹਰੋਂ ਆਈਆਂ ਕੌਮਾਂ ਨੂੰ ਸ਼ਰਣ ਦੇਣਾ ਤਾਂ ਦੂਰ ਦੀ ਗੱਲ, ਜਿਹੜੀਆਂ ਕੌਮਾਂ ਬਾਹਰੋਂ ਆ ਕੇ ਇੱਥੇ ਸਦੀਆਂ ਤੋਂ ਵਸ ਰਹੀਆਂ ਹਨ, ਕੀ ਤੁਸੀਂ ਉਹਨਾਂ ਨੂੰ ਭਾਰਤੀ ਕੌਮ ਦੇ ਅੰਗ ਮੰਨਣ ਨੂੰ ਤਿਆਰ ਹੋ? ਕੀ ਤੁਸੀਂ ਜਾਤ-ਪਾਤ ਦਾ ਕੋਹੜ ਛੱਡ ਕੇ ਰਾਜ਼ੀ ਹੋ ਜਾਂ ਅਜੇ ਵੀ ਨਹੀਂ? ਜੇਕਰ ਤੁਸੀਂ ਵਿਵੇਕਾਨੰਦ ਜੀ ਅਨੁਸਾਰ ਦਿੱਤੀ ਹੋਈ ਹਿੰਦੂ ਧਰਮ ਦੀ ਵਿਆਖਿਆ ਅਤੇ ਉਸ ਅਨੁਸਾਰ ਚੱਲਣ ਨੂੰ ਤਿਆਰ ਨਹੀਂ ਹੋ ਤਾਂ ਤੁਸੀਂ ਕਿਹੜੇ ਪਾਸੇ ਤੋਂ ਹਿੰਦੂ ਹੋ?
ਭਾਰਤ ਇੱਕ ਬਹੁਗਿਣਤੀ ਹਿੰਦੂ ਦੇਸ਼ ਹੈ, ਅਤੇ ਨੇਪਾਲ ਵੀ ਬਹੁਗਿਣਤੀ ਹਿੰਦੂ ਦੇਸ ਹੈ ਪਰ ਨੇਪਾਲ ਦੇ ਕਿਸੇ ਨੇਤਾ ਨੇ ਅੱਜ ਤੱਕ ਨਹੀਂ ਕਿਹਾ ਕਿ ਹਿੰਦੂ ਧਰਮ ਖਤਰੇ ਵਿਚ ਹੈ। ਭਾਰਤ ਵਿੱਚ ਹਿੰਦੂ ਬਹੁਗਿਣਤੀ ਹੋਣ ਕਾਰਨ ਹਿੰਦੂ ਧਰਮ ਨੂੰ ਖਤਰਾ ਨਹੀਂ ਹੋ ਸਕਦਾ, ਜੇਕਰ ਖਤਰਾ ਹੋ ਸਕਦਾ ਹੈ ਤਾਂ ਕੇਵਲ ਭਾਜਪਾ ਨੂੰ ਸੱਤਾ ਖੁੱਸਣ ਦਾ ਹੋ ਸਕਦਾ ਹੈ।
ਹਿੰਦੂ ਧਰਮ ਦੇ ਬਕਲਮ ਖੁਦ ਬਣੇ ਠੇਕੇਦਾਰੋ, ਕੁਝ ਹੋਸ਼ ਤੋਂ ਕੰਮ ਲਵੋ। ਦੁਨੀਆ ਵਿਗਿਆਨ, ਆਰਥਿਕਤਾ, ਸਿਹਤ ਅਤੇ ਸਿੱਖਿਆ, ਗੱਲ ਕੀ ਜ਼ਿੰਦਗੀ ਦੇ ਹਰ ਖੇਤਰ ਵਿਚ ਕਿੱਥੇ ਦੀ ਕਿੱਥੇ ਪਹੁੰਚ ਗਈ ਹੈ। ਚੀਨ ਵੱਲ ਹੀ ਵੇਖ ਲਓ, ਭਾਰਤ ਤੋਂ ਦੋ ਸਾਲ ਬਾਅਦ ਵਿੱਚ ਅਜ਼ਾਦ ਹੋਇਆ, ਪਰ ਉਹ ਜ਼ਿੰਦਗੀ ਦੇ ਹਰ ਖੇਤਰ ਵਿਚ ਭਾਰਤ ਤੋਂ ਬਹੁਤ ਅੱਗੇ ਹੈ, ਜਦਕਿ ਤੁਸੀਂ ਭਾਰਤੀਆਂ ਨੂੰ ਅੱਜ ਤੋਂ ਚਾਰ ਹਜ਼ਾਰ ਸਾਲ ਪਿੱਛੇ ਵਾਲੀ ਜ਼ਿੰਦਗੀ ਵਿਚ ਲਿਜਾਣਾ ਚਾਹੁੰਦੇ ਹੋ। ਜਿਹੜੀ ਥਾਲੀ ਵਿਚ ਖਾ ਰਹੇ ਹੋ, ਉਸ ਵਿਚ ਛੇਕ ਨਾ ਕਰੋ। ਭਾਰਤੀਆਂ ਦੇ ਖੂਨ-ਪਸੀਨੇ ਦੀ ਕਮਾਈ ’ਤੇ ਪਲ ਰਹੇ ਹੋ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿ ਭਾਰਤੀ ਲੋਕਾਂ ਦੀ ਬੇਹਤਰੀ ਬਾਰੇ ਸੋਚੋ। ਸੋਚੋ ਕਿ ਕਿਵੇਂ ਭਾਰਤ ਵਿੱਚੋਂ ਅਨਪੜ੍ਹਤਾ, ਗਰੀਬੀ, ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਨਾਬਰਾਬਰੀ, ਪੁਲਸ ਰਾਜ ਅਤੇ ਜਹਾਲਤ ਖਤਮ ਕਰਨੀ ਹੈ। ਸੋਚੋ ਕਿ ਕਿਵੇਂ ਅਮੀਰੀ-ਗਰੀਬੀ ਦਾ ਪਾੜਾ ਦੂਰ ਕਰਨਾ ਹੈ ਅਤੇ ਭਾਰਤ ਦਾ ਸੰਸਾਰ ਭਾਈਚਾਰੇ ਵਿਚ ਕਿਵੇਂ ਸਿਰ ਮਾਣ ਨਾਲ ਉੱਚਾ ਕਰਨ ਹੈ।
ਮਸਜਿਦਾਂ ਅਤੇ ਕਬਰਾਂ ਤੋਂ ਹਿੰਦੂ ਧਰਮ ਨੂੰ ਕੋਈ ਖਤਰਾ ਨਹੀਂ ਹੈ। ਸੰਸਾਰ ਪੱਧਰ ’ਤੇ ਇੱਕ ਵੱਡਾ ਖਤਰਾ ਆ ਰਿਹਾ ਹੈ, ਜਿਸ ਨੂੰ ਮੰਦੀ ਕਹਿੰਦੇ ਹਨ। ਮੰਦੀ 2007 ਤੋਂ 2009 ਤਕ ਵੀ ਆਈ ਸੀ, ਸੰਸਾਰ ਭਰ ਵਿੱਚ ਬੈਂਕਾਂ ਕੋਲ ਪੈਸਾ ਨਹੀਂ ਸੀ ਰਿਹਾ, ਉਤਪਾਦਨ ਅਤੇ ਵਪਾਰ ਠੱਪ ਹੋ ਗਿਆ ਸੀ, ਪਰ ਅਰਥ ਸ਼ਾਸਤਰ ਦੇ ਮਾਹਰ ਸਰਦਾਰ ਮਨਮੋਹਨ ਸਿੰਘ ਭਾਰਤ ਨੂੰ ਮੰਦੀ ਵਿੱਚੋਂ ਬਾਹਰ ਕੱਢ ਲਿਆਏ ਸਨ। ਉਹ ਮੰਦੀ ਵਿੱਚੋਂ ਭਾਰਤ ਨੂੰ ਬਾਹਰ ਕੇਵਲ ਇਸ ਲਈ ਕੱਢ ਲਿਆਏ ਸਨ ਕਿਉਂਕਿ ਭਾਰਤ ਦੀ ਸਾਰੀ ਆਰਥਿਕਤਾ ਕੇਵਲ ਕਾਰਪੋਰੇਟ ਘਰਾਣਿਆਂ ਦੇ ਹੱਥ ਵਿਚ ਨਹੀਂ ਸੀ, ਬਲਕਿ ਗੈਰ ਜਥੇਬੰਦ ਖੇਤਰ ਅਤੇ ਛੋਟੇ ਉਦਯੋਗਾਂ ਦੇ ਹੱਥ ਵੀ ਸੀ, ਜਿਨ੍ਹਾਂ ਨੇ ਰੋਜ਼ਗਾਰ ਕਾਇਮ ਰੱਖੇ ਅਤੇ ਸਪਲਾਈ ਦੇ ਨਾਲ-ਨਾਲ ਮੰਗ ਵੀ ਕਾਇਮ ਰੱਖੀ। ਮੰਦੀ ਤੋਂ ਬਚਣ ਲਈ ਕਾਰਪੋਰੇਟ ਘਰਾਣਿਆਂ ਨਾਲ ਯਾਰੀ ਛੱਡ ਕੇ ਮਨਮੋਹਨ ਸਿੰਘ ਵਾਲੀਆਂ ਆਰਥਿਕ ਨੀਤੀਆਂ ਅਪਣਾਓ ਅਤੇ ਭਾਰਤ ਨੂੰ ਭਵਿੱਖੀ ਖਤਰੇ ਤੋਂ ਬਚਾਉਣ ਦੀ ਹੁਣ ਤੋਂ ਹੀ ਤਿਆਰੀ ਰੱਖੋ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)