“ਆਰਟੀਫਿਸ਼ਲ ਇੰਟੈਲੀਜੈਂਸੀ ਜਾਂ ਮਸਨੂਈ ਬੁੱਧੀ ਦੇ ਜਿੱਥੇ ਕਈ ਫਾਇਦੇ ਹਨ, ਜਿਵੇਂ ਕਿ ...”
(18 ਜੂਨ 2025)
ਅੱਜਕਲ ਲੈਣ ਦੇਣ ਵਿੱਚ ਕਈ ਤਰ੍ਹਾਂ ਦੀਆਂ ਹੇਰਾਫੇਰੀਆਂ ਹੋ ਜਾਂਦੀਆਂ ਹਨ ਅਤੇ ਠੱਗਿਆ ਗਿਆ ਵਿਅਕਤੀ ਜਦੋਂ ਅਪਣਾ ਹੱਕ ਜਾਂ ਅਪਣਾ ਪੈਸਾ ਵਾਪਸ ਮੰਗਦਾ ਹੈ ਤਾਂ ਅਕਸਰ ਇਹੋ ਸੁਣਨ ਨੂੰ ਮਿਲਦਾ ਹੈ ਕਿ ਕੀ ਸਬੂਤ ਹੈ ਤੇਰੇ ਕੋਲ? ਇੱਕ ਵਿਅਕਤੀ ਨੇ ਕਿਸੇ ਕੋਲੋਂ ਚੈੱਕ ਰਾਹੀਂ ਇੱਕ ਲੱਖ ਰੁਪਇਆ ਛੇ ਮਹੀਨੇ ਬਾਅਦ ਵਾਪਸ ਦੇਣ ਦੇ ਵਾਇਦੇ ਨਾਲ ਉਧਾਰ ਲਿਆ। ਚੈੱਕ ਪ੍ਰਾਪਤ ਕਰਨ ਵਾਲੇ ਨੇ ਬਿਨਾਂ ਕਰਾਸ ਕਰਵਾਏ ਚੈੱਕ ਇਹ ਕਹਿ ਕੇ ਪ੍ਰਾਪਤ ਕਰ ਲਿਆ ਕਿ ਪੈਸੇ ਜਲਦੀ ਚਾਹੀਦੇ ਹਨ ਅਤੇ ਬੈਂਕ ਵਿੱਚੋਂ ਚੈੱਕ ਦੇ ਕੇ ਉਸੇ ਵੇਲੇ ਪੈਸੇ ਪ੍ਰਾਪਤ ਕਰ ਲਵਾਂਗਾ। ਚੈੱਕ ਪ੍ਰਾਪਤ ਕਰਨ ਵਾਲਾ ਵੀ ਬੇਈਮਾਨ ਸੀ ਅਤੇ ਉਸ ਦਾ ਦੋਸਤ ਬੈਂਕ ਕਰਮਚਾਰੀ ਵੀ ਬੇਈਮਾਨ ਸੀ। ਦੋਹਾਂ ਨੇ ਮਿਲ ਕੇ ਇੱਕ ਤੀਸਰੇ ਜਾਣਕਾਰ ਬੰਦੇ ਨੂੰ ਸੱਦਿਆ ਅਤੇ ਕਿਹਾ ਕਿ ਜਿਹੜਾ ਨਾਮ ਚੈੱਕ ’ਤੇ ਲਿਖਿਆ ਹੈ ਉਹੀ ਨਾਮ ਚੈੱਕ ਪਿੱਛੇ ਲਿਖ ਕੇ ਪੈਸੇ ਕਢਵਾ ਲਿਆ। ਬਾਅਦ ਵਿੱਚ ਉਹਨਾਂ ਤਿੰਨਾਂ ਨੇ ਪੈਸੇ ਆਪਸ ਵਿੱਚ ਵੰਡ ਲਏ। ਛੇ ਮਹੀਨੇ ਬਾਅਦ ਜਦੋਂ ਚੈੱਕ ਜਾਰੀ ਕਰਨ ਵਾਲੇ ਨੇ ਉਧਾਰ ਵਾਪਸ ਮੰਗਿਆ ਤਾਂ ਉਧਾਰ ਲੈਣ ਵਾਲਾ ਗੁੱਸੇ ਵਿੱਚ ਬੋਲਿਆ ਕਿ ਕਿਹੜਾ ਉਧਾਰ? ਮੈਂ ਕਦੋਂ ਲਿਆ? ਜਦੋਂ ਕਿਹਾ ਕਿ ਤੂੰ ਮੈਥੋਂ ਇੱਕ ਲੱਖ ਰੁਪਏ ਦਾ ਚੈੱਕ ਲਿਆ ਸੀ ਤਾਂ ਅਗਲਾ ਸਾਫ਼ ਮੁੱਕਰ ਗਿਆ ਅਤੇ ਕਿਹਾ, “ਕੀ ਸਬੂਤ ਹੈ ਤੇਰੇ ਕੋਲ?”
ਬੈਂਕ ਦਾ ਫਰਜ਼ ਬਣਦਾ ਹੈ ਕਿ ਖਾਤਾਧਾਰੀਆਂ ਦੇ ਖਾਤਿਆਂ ਦੀ ਜਾਣਕਾਰੀ ਸੁਰੱਖਿਅਤ ਰੱਖੀ ਜਾਵੇ ਪਰ ਇਹ ਆਮ ਤੌਰ ’ਤੇ ਹੁੰਦਾ ਨਹੀਂ। ਮੈਂ ਇੱਕ ਵਾਰ ਬੈਂਕ ਵਿੱਚ ਇੱਕ ਲੱਖ ਰੁਪਇਆ ਜਮ੍ਹਾਂ ਕਰਵਾਇਆ। ਉਸੇ ਦਿਨ ਹੀ ਸ਼ਾਮ ਵੇਲੇ ਮੈਨੂੰ ਇੱਕ ਨਿੱਜੀ ਬੈਂਕ ਦਾ ਫੋਨ ਆ ਗਿਆ ਕਿ ਜੇਕਰ ਤੁਸੀਂ ਇੱਕ ਲੱਖ ਰੁਪਏ ਸਾਡੇ ਪਾਸ ਜਮ੍ਹਾਂ ਕਰਵਾਏ ਹੁੰਦੇ ਤਾਂ ਐਨਾ ਬਿਆਜ ਮਿਲਣਾ ਸੀ। ਪਾਠਕ ਇਹੋ ਜਿਹੇ ਕਈ ਕੇਸ ਪੜ੍ਹ ਚੁੱਕੇ ਹਨ, ਜਿਨ੍ਹਾਂ ਵਿੱਚ ਕਿਸੇ ਨੂੰ ਫੋਨ ਆਉਂਦਾ ਹੈ ਕਿ ਤੁਹਾਡਾ ਏ ਟੀ ਐੱਮ ਕਾਰਡ ਬਲਾਕ ਹੋ ਗਿਆ ਹੈ, ਅਨਬਲਾਕ ਕਰਨ ਲਈ ਕਾਰਡ ਦੇ ਪਿਛਲੇ ਚਾਰ ਅੰਕ ਭੇਜੋ। ਇਹ ਅੰਕ ਭੇਜਦੇ ਹੀ ਇੱਕ ਓ ਟੀ ਪੀ (One-Time Password) ਆਉਂਦਾ ਹੈ ਅਤੇ ਓ ਟੀ ਪੀ ਛੂਹਣ ’ਤੇ ਬੈਂਕ ਖਾਤਾ ਖਾਲੀ ਹੋ ਜਾਂਦਾ ਹੈ। ਅਜਿਹੇ ਕੇਸ ਵੀ ਪੜ੍ਹ ਚੁੱਕੇ ਹਾਂ ਕਿ ਫੋਨ ਆਉਂਦਾ ਹੈ ਕਿ ਤੁਹਾਡੀ ਢਾਈ ਲੱਖ ਰੁਪਏ ਦੀ ਲਾਟਰੀ ਨਿਕਲੀ ਹੈ, ਰਕਮ ਪ੍ਰਾਪਤ ਕਰਨ ਲਈ ਦਸ ਪ੍ਰਤੀਸ਼ਤ ਆਮਦਨ ਟੈਕਸ 25 ਹਜ਼ਾਰ ਰੁਪਏ ਇਸ ਖਾਤੇ ਵਿੱਚ ਭੇਜੋ ਜਾਂ ਜਮ੍ਹਾਂ ਕਰਵਾਓ ਅਤੇ ਇਹ ਵੀ ਸੋਚੇ ਬਿਨਾਂ ਕਿ ਲਾਟਰੀ ਤਾਂ ਪਾਈ ਨਹੀਂ, ਨਿਕਲ ਕਿੱਥੋਂ ਆਈ, ਵਿਅਕਤੀ ਪੈਸੇ ਜਮ੍ਹਾਂ ਕਰਵਾ ਦਿੰਦਾ ਹੈ, ਸਮਝੋ ਗੰਗਾ ਵਿੱਚ ਰੋੜ੍ਹ ਆਉਂਦਾ ਹੈ।
ਇਹ ਫਰਾਡ ਵੀ ਪੜ੍ਹ ਜਾਂ ਸੁਣ ਚੁੱਕੇ ਹੋਵੋਗੇ ਕਿ ਕਿਸੇ ਬਜ਼ੁਰਗ ਨੂੰ ਫੋਨ ਆਉਂਦਾ ਹੈ ਕਿ ਉਸਦਾ ਵਿਦੇਸ਼ ਵਿੱਚ ਰਹਿੰਦਾ ਨਜ਼ਦੀਕੀ ਰਿਸ਼ਤੇਦਾਰ ਕਿਸੇ ਪੁਲਿਸ ਕੇਸ ਵਿੱਚ ਫਸ ਗਿਆ ਹੈ ਅਤੇ ਉਸ ਨੂੰ ਛੁਡਵਾਉਣ ਲਈ ਦੋ ਲੱਖ ਰੁਪਏ ਭੇਜੋ। ਇਹੋ ਜਿਹੇ ਹੋਰ ਵੀ ਕਈ ਫਰਾਡ ਅੱਜਕਲ ਹੋ ਰਹੇ ਹਨ ਪਰ ਹੁੰਦੇ ਕੇਵਲ ਉਹਨਾਂ ਨਾਲ ਹਨ, ਜਿਹੜੇ ਚੁਕੰਨੇ ਨਹੀਂ ਹੁੰਦੇ ਅਤੇ ਤੁਰੰਤ ਆਏ ਫੋਨ ਅਨੁਸਾਰ ਕੰਮ ਕਰ ਦਿੰਦੇ ਹਨ।
ਆਰਟੀਫਿਸ਼ਲ ਇੰਟੈਲੀਜੈਂਸੀ ਜਾਂ ਮਸਨੂਈ ਬੁੱਧੀ ਦੇ ਜਿੱਥੇ ਕਈ ਫਾਇਦੇ ਹਨ, ਜਿਵੇਂ ਕਿ ਤਰੁੱਟੀ ਰਹਿਤ ਆਟੋਮੇਸ਼ਨ, ਛੇਤੀ ਫੈਸਲੇ, ਗਾਹਕ ਦੀ ਵਧੀਆ ਸੇਵਾ, ਸਹੀ ਡਾਕਟਰੀ ਤਸ਼ਖੀਸ ਅਤੇ ਮੌਸਮ ਦੀ ਭਰੋਸੇ ਯੋਗ ਭਵਿੱਖਬਾਣੀ ਆਦਿ, ਉੱਥੇ ਭਵਿੱਖ ਵਿੱਚ ਇਸਦੇ ਬਹੁਤ ਨੁਕਸਾਨ ਵੀ ਹੋ ਸਕਦੇ ਹਨ। ਇਹ ਤੁਹਾਡਾ ਬੈਂਕ ਖਾਤਾ ਨੰਬਰ, ਤੁਹਾਡਾ ਇੰਟਰਨੈੱਟ ਬੈਂਕਿੰਗ ਆਈ ਡੀ ਅਤੇ ਇਸਦਾ ਪਾਸਵਰਡ ਪਤਾ ਕਰ ਸਕਦਾ। ਇਹ ਤੁਹਾਡੇ ਮੋਬਾਇਲ ਫੋਨ ਦਾ ਨਕਲੀ (ਪਰ ਬਿਲਕੁਲ ਅਸਲੀ ਵਾਂਗ ਕੰਮ ਕਰਦਾ) ਸਿਮ ਤਿਆਰ ਕਰ ਸਕਦਾ ਹੈ ਅਤੇ ਇਸੇ ਤਰ੍ਹਾਂ ਤੁਹਾਡਾ ਨਕਲੀ ਅਧਾਰ ਕਾਰਡ, ਏ ਟੀ ਐੱਮ ਕਾਰਡ ਅਤੇ ਆਮਦਨ ਟੈਕਸ ਕਾਰਡ ਤਿਆਰ ਕਰ ਸਕਦਾ ਹੈ ਅਤੇ ਇਹ ਤੁਹਾਡੇ ਨਾਮ ’ਤੇ ਉਹ ਸਾਰੇ ਵਿੱਤੀ ਕੰਮ ਕਰ ਸਕਦਾ ਹੈ, ਜਿਹੜੇ ਤੁਸੀਂ ਕਰਦੇ ਹੋ ਅਤੇ ਇਹ ਤੁਹਾਡੇ ਬੈਂਕ ਖਾਤੇ ਬੜੀ ਅਸਾਨੀ ਨਾਲ ਖਾਲੀ ਕਰ ਸਕਦਾ ਹੈ। ਹੋਰ ਤਾਂ ਹੋਰ, ਇਹ ਤੁਹਾਡੇ ਭਰਾ ਜਾਂ ਭੈਣ ਦੇ ਬੈਂਕ ਖਾਤਿਆਂ ਦੇ ਵੇਰਵੇ ਪਤਾ ਕਰਕੇ, ਉਹਨਾਂ ਦੇ ਮੋਬਾਇਲ ਫੋਨ ਦਾ ਸਿੰਮ ਤਿਆਰ ਕਰਕੇ ਅਤੇ ਆਪਣੀ ਅਵਾਜ਼ ਨੂੰ ਉਹਨਾਂ ਦੀ ਆਵਾਜ਼ ਵਿੱਚ ਤਬਦੀਲ ਕਰਕੇ ਤੁਹਾਨੂੰ ਕਿਸੇ ਹੋਰ ਖਾਤੇ ਵਿੱਚ ਜ਼ਰੂਰੀ ਪੈਸੇ ਭੇਜਣ ਨੂੰ ਕਹਿ ਸਕਦਾ ਹੈ। ਇਸ ਬਾਰੇ ਕੁਝ ਵਿਅਕਤੀ ਮਿਲ ਕੇ ਕੁਝ ਨਹੀਂ ਕਰ ਸਕਦੇ, ਸਰਕਾਰਾਂ ਅਤੇ ਆਰਟੀਫਿਸ਼ਲ ਇੰਟੈਲੀਜੈਂਸੀ ਦੇ ਮਾਹਿਰ ਹੀ ਮਿਲ ਕੇ ਕੁਝ ਕਰ ਸਕਦੇ ਹਨ।
ਹੁਣ ਅਸੀਂ ਫਿਰ ਲੇਖ ਦੇ ਸਿਰਲੇਖ ’ਤੇ ਆ ਜਾਈਏ, ਮਤਲਬ ਤੇਰੇ ਕੋਲ ਕੀ ਸਬੂਤ ਹੈ। ਅੱਜਕਲ ਕਈ ਤਰ੍ਹਾਂ ਦੀਆਂ ਠੱਗੀਆਂ ਹਨ, ਲਿਖੇ ਹੋਏ ਪਰਨੋਟ ’ਤੇ ਕੀਤੇ ਦਸਤਖਤਾਂ ਤੋਂ ਵੀ ਲੋਕ ਮੁੱਕਰ ਰਹੇ ਹਨ ਅਤੇ ਹਰ ਬੇਈਮਾਨੀ-ਠੱਗੀ ਕਰਨ ਤੋਂ ਬਾਅਦ ਸਬੂਤ ਮੰਗਦੇ ਹਨ। ਹੁਣ ਮੈਂ ਤੁਹਾਨੂੰ ਉਸ ਜ਼ਮਾਨੇ ਵਿੱਚ ਲੈ ਜਾਂਦਾ ਹਾਂ, ਜਿੱਥੇ ਕਿਸੇ ਕੋਲ ਰੱਖੀ ਅਮਾਨਤ ਵਾਪਸ ਮੰਗਣ ਵੇਲੇ ਸਬੂਤ ਨਹੀਂ ਮੰਗਿਆ ਜਾਂਦਾ ਸੀ। ਆਓ ਜਾਣੀਏ ਕਿ ਸ਼ਬਦ ਸਬੂਤ ਨਿਕਲਿਆ ਕਿੱਥੋਂ? ਉਹਨਾਂ ਵੇਲਿਆਂ ਵਿੱਚ ਜਦੋਂ ਕੋਈ ਵਪਾਰੀ ਦੂਰ ਕਿਸੇ ਦੇਸ਼ ਵਿੱਚ ਵਪਾਰ ਕਰਨ ਲਈ ਜਾਂਦਾ ਸੀ ਤਾਂ ਉਹ ਰਸਤੇ ਵਿੱਚ ਡਾਕੂਆਂ ਆਦਿ ਤੋਂ ਲੁੱਟਿਆ ਨਾ ਜਾਵੇ, ਇਸ ਲਈ ਆਪਣਾ ਸਾਰਾ ਕੀਮਤੀ ਸਮਾਨ ਕਿਸੇ ਜਾਣਕਾਰ ਦੇ ਕੋਲ ਰੱਖ ਦਿੰਦਾ ਸੀ। ਨਾਲ ਹੀ ਉਹ ਇੱਕ ਪੱਥਰ ਦੇ ਦੋ ਟੋਟੇ ਕਰਕੇ ਇੱਕ ਟੋਟਾ ਆਪਣੇ ਬੇਟੇ ਕੋਲ ਰੱਖ ਲੈਂਦਾ ਸੀ ਅਤੇ ਇੱਕ ਟੋਟਾ ਅਮਾਨਤੀ ਬੰਦੇ ਨੂੰ ਦੇ ਦਿੰਦਾ ਸੀ। ਜੇਕਰ ਵਪਾਰੀ ਆਪ ਜਿਊਂਦਾ ਵਾਪਸ ਆ ਜਾਂਦਾ ਤਾਂ ਪੱਥਰ ਦੇ ਟੋਟਿਆਂ ਦੀ ਜ਼ਰੂਰਤ ਨਾ ਪੈਂਦੀ। ਪਰ ਜੇਕਰ ਵਪਾਰੀ ਦੀ ਮੌਤ ਹੋ ਜਾਂਦੀ ਤਾਂ ਉਸ ਦਾ ਬੇਟਾ ਰੱਖੀ ਗਈ ਅਮਾਨਤ ਵਾਲੇ ਕੋਲ ਪੱਥਰ ਦਾ ਟੋਟਾ ਲਿਜਾ ਕੇ ਉਸ ਨੂੰ ਦਿੰਦਾ। ਅਮਾਨਤੀ ਦੋਹਾਂ ਟੋਟਿਆਂ ਨੂੰ ਜੋੜ ਕੇ ਦੇਖਦਾ, ਜੇਕਰ ਦੋਵੇਂ ਟੋਟੇ ਮਿਲ ਕੇ ਇੱਕ ਸਾਬਤ ਪੱਥਰ ਬਣ ਜਾਂਦਾ ਤਾਂ ਕਿਹਾ ਜਾਂਦਾ ਕਿ ਪੱਥਰ ਸਾਬਤ ਬਣ ਗਿਆ ਹੈ ਜਾਂ ਸਬੂਤ ਹੋ ਗਿਆ ਹੈ। ਇਹੋ ਅਮਾਨਤ ਲੈਣ ਆਏ ਕੋਲ ਅਮਾਨਤ ਦਾ ਹੱਕਦਾਰ ਹੋਣ ਦਾ ਸਬੂਤ ਹੁੰਦਾ ਸੀ। ਦੋ ਟੋਟਿਆਂ ਦਾ ਮਿਲ ਕੇ ਇੱਕ ਸਾਬਤ ਜਾਂ ਸਬੂਤ ਪੱਥਰ ਬਣ ਜਾਣਾ ਅੱਜਕਲ ਦੇ ਪਰਨੋਟਾਂ ਅਤੇ ਜੱਜਾਂ ਦੀਆਂ ਮੋਹਰਾਂ ਤੋਂ ਜ਼ਿਆਦਾ ਭਰੋਸੇਯੋਗ ਹੁੰਦਾ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)