“ਉਰਦੂ ਕੋਈ ਵਿਦੇਸ਼ੀ ਭਾਸ਼ਾ ਨਹੀਂ, ਇਹ ਹਿੰਦੀ, ਪੰਜਾਬੀ, ਤਾਮਿਲ, ਮਲਿਆਲਮ, ਬੰਗਲਾ ਭਾਸ਼ਾਵਾਂ ਵਾਂਗ ...”
(23 ਅਪਰੈਲ 2025)
ਜਦੋਂ ਸਮਾਜਵਾਦੀ ਪਾਰਟੀ ਨੇ ਇਹ ਮੰਗ ਕੀਤੀ ਕਿ ਸਦਨ ਦੀ ਕਾਰਵਾਈ ਦਾ ਉਲਥਾ ਉਰਦੂ ਵਿੱਚ ਵੀ ਕੀਤਾ ਜਾਵੇ ਤਾਂਕਿ ਸਾਰੇ ਲੋਕ ਕਾਰਵਾਈ ਪੜ੍ਹ ਸਕਣ ਤਾਂ ਯੋਗੀ ਅਦਿੱਤਯ ਨਾਥ ਮੁੱਖ ਮੰਤਰੀ ਉੱਤਰ ਪ੍ਰਦੇਸ਼ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਨੇਤਾਵਾਂ ਦੇ ਆਪਣੇ ਬੱਚੇ ਵਿਦੇਸ਼ਾਂ ਵਿੱਚ ਅੰਗਰੇਜ਼ੀ ਪੜ੍ਹਦੇ ਹਨ ਅਤੇ ਇੱਥੇ ਗਰੀਬਾਂ ਦੇ ਬੱਚਿਆਂ ਨੂੰ ਉਰਦੂ ਪੜ੍ਹਾ ਕੇ ਮੌਲਵੀ ਬਣਾਉਣਾ ਚਾਹੁੰਦੇ ਹਨ, ਮਤਲਬ ਕਿ ਮੁਸਲਮਾਨ ਬਣਾਉਣਾ ਚਾਹੁੰਦੇ ਹਨ। ਯੋਗੀ ਜੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਸੇ ਭਾਸ਼ਾ ਦਾ ਸੰਬੰਧ ਕਿਸੇ ਵੀ ਧਰਮ ਨਾਲ ਨਹੀਂ ਹੁੰਦਾ ਪਰ ਇਹ ਬਿਆਨ ਕੇਵਲ ਧਰੁਵੀਕਰਨ ਰਾਹੀਂ ਵੋਟ ਬੈਂਕ ਕਾਇਮ ਕਰਨ ਵਾਸਤੇ ਦਿੱਤਾ ਗਿਆ ਹੈ। ਯੋਗੀ ਜੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਇੰਗਲਿਸ਼ ਪੜ੍ਹਾਈ ਜਾਣੀ ਚਾਹੀਦੀ ਹੈ। ਹੁਣ ਯੋਗੀ ਜੀ ਹੀ ਦੱਸ ਸਕਦੇ ਹਨ ਕਿ ਕੀ ਬੱਚਿਆਂ ਨੂੰ ਸ਼ੁਰੂ ਤੋਂ ਹੀ ਇੰਗਲਿਸ਼ ਪੜ੍ਹਾ ਕੇ ਇਸਾਈ ਬਣਾਉਣਾ ਚਾਹੁੰਦੇ ਹਨ?
ਕਿਸੇ ਵੀ ਸੂਰਤ ਵਿੱਚ ਕਿਸੇ ਭਾਸ਼ਾ ਜਾਂ ਲਿਪੀ ਦਾ ਕਿਸੇ ਧਰਮ ਨਾਲ ਸੰਬੰਧ ਨਹੀਂ ਹੁੰਦਾ। ਮੇਰਾ ਜਨਮ ਹਿੰਦੂ ਪਰਿਵਾਰ ਵਿੱਚ ਹੋਇਆ ਹੈ। ਸਾਡੇ ਬਜ਼ੁਰਗ ਕੇਵਲ ਇੰਗਲਿਸ਼ ਅਤੇ ਉਰਦੂ ਜਾਣਦੇ ਸਨ ਅਤੇ ਮੈਂ ਵੀ ਉਹਨਾਂ ਤੋਂ ਪ੍ਰੇਰਨਾ ਲੈ ਕੇ ਥੋੜ੍ਹੀ ਬਹੁਤ ਉਰਦੂ ਸਿੱਖ ਲਈ। ਮੇਰਾ ਇੱਕ ਹਾਈ ਸਕੂਲ ਦੇ ਗਿਆਨੀ ਅਧਿਆਪਕ ਨਾਲ ਵਾਹ ਪਿਆ ਜਿਹੜਾ ਕਿ ਇੱਕ ਹਿੰਦੂ ਪਰਿਵਾਰ ਵਿੱਚ ਪੈਦਾ ਹੋਇਆ ਪਰ ਕਿਸੇ ਨੇ ਉਸ ਨੂੰ ਇਹ ਨਹੀਂ ਕਿਹਾ ਕਿ ਕੀ ਤੂੰ ਗਿਆਨੀ ਕਰਕੇ ਸਿੱਖ ਬਣਨਾ ਹੈ। ਮਜ਼ੇ ਵਾਲੀ ਗੱਲ ਹੈ ਕਿ ਇਸ ਅਧਿਆਪਕ ਦੇ ਸਲਾਨਾ ਨਤੀਜੇ ਬਹੁਤ ਵਧੀਆ ਆਉਂਦੇ ਸਨ ਪਰ ਇਹ ਅਧਿਆਪਕ ਨਾ ਤਾਂ ਬਲੈਕ ਬੋਰਡ ਉੱਤੇ ਪੰਜਾਬੀ ਲਿਖ ਸਕਦਾ ਸੀ, ਨਾ ਪੰਜਾਬੀ ਦੀ ਕਿਤਾਬ ਪੜ੍ਹ ਸਕਦਾ ਸੀ। ਜਦੋਂ ਵਿਦਿਆਰਥੀ ਪੰਜਾਬੀ ਦੀ ਕਿਤਾਬ ਪੜ੍ਹਦੇ ਸਨ ਤਾਂ ਇਹ ਅਧਿਆਪਕ ਵਿਦਿਆਰਥੀਆਂ ਵੱਲੋਂ ਬੋਲੇ ਗਏ ਔਖੇ ਸ਼ਬਦਾਂ ਦੇ ਅਰਥ ਦੱਸਦਾ ਸੀ। ਉਹ ਵਿਦਿਆਰਥੀਆਂ ਵੱਲੋਂ ਪੰਜਾਬੀ ਦੇ ਇਮਤਿਹਾਨ ਵਿੱਚ ਲਿਖੀਆਂ ਉੱਤਰ ਕਾਪੀਆਂ ਨਹੀਂ ਪੜ੍ਹ ਸਕਦਾ ਸੀ ਅਤੇ ਦੂਸਰੇ ਅਧਿਆਪਕ ਵਿਦਿਆਰਥੀਆਂ ਦੀਆਂ ਕਾਪੀਆਂ ਚੈੱਕ ਕਰਦੇ ਸਨ। ਕਾਰਨ ਇਹ ਸੀ ਕਿ ਉਸਨੇ ਗਿਆਨੀ ਗੁਰਮੁਖੀ ਦੀ ਬਜਾਏ ਸ਼ਾਹਮੁਖੀ ਵਿੱਚ ਪਾਸ ਕੀਤੀ ਸੀ। ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਗੁਰਮੁਖੀ ਦੇ ਨਾਲ ਨਾਲ ਸ਼ਾਹਮੁਖੀ ਵਿੱਚ ਵੀ ਗਿਆਨੀ ਦੀ ਪੜ੍ਹਾਈ ਹੁੰਦੀ ਸੀ।
ਤੁਸੀਂ ਕਿਸੇ ਤਾਮਿਲ ਭਾਸ਼ਾ ਬੋਲਦੇ ਇਲਾਕੇ ਵਿੱਚ ਜਾ ਕੇ ਕਿਸੇ ਮੁਸਲਮਾਨ ਨੂੰ ਪੁੱਛੋ ਕਿ ਤੁਸੀਂ ਉਰਦੂ ਦੀ ਬਜਾਏ ਤਾਮਿਲ ਵਿੱਚ ਗੱਲਬਾਤ ਕਿਉਂ ਕਰਦੇ ਹੋ। ਉਹ ਇਹੀ ਕਹੇਗਾ ਕਿ ਮੇਰਾ ਧਰਮ ਭਾਵੇਂ ਇਸਲਾਮ ਹੈ ਪਰ ਮੇਰੀ ਮਾਤ ਭਾਸ਼ਾ ਤਾਮਿਲ ਹੈ। ਇਹੋ ਹੀ ਜਵਾਬ ਤੁਹਾਨੂੰ ਹਿੰਦੂ ਅਤੇ ਇਸਾਈ ਦੇਣਗੇ ਜਦੋਂ ਤੁਸੀਂ ਉਹਨਾਂ ਨੂੰ ਉਹਨਾਂ ਦੇ ਧਰਮ ਅਤੇ ਬੋਲੀ ਬਾਰੇ ਸਵਾਲ ਪੁੱਛੋਗੇ। ਬੰਗਾਲ ਵਿੱਚ ਚਲੇ ਜਾਓ, ਹਿੰਦੂ, ਮੁਸਲਿਮ ਅਤੇ ਇਸਾਈ ਬੰਗਾਲੀ ਭਾਸ਼ਾ ਬੋਲਦੇ ਮਿਲਣਗੇ ਭਾਵੇਂ ਉਹਨਾਂ ਦੇ ਧਰਮ ਵੱਖ ਵੱਖ ਹੋਣਗੇ ਅਤੇ ਬੰਗਾਲੀ ਭਾਸ਼ਾ ਨੂੰ ਹੀ ਆਪਣੀ ਮਾਤ ਭਾਸ਼ਾ ਦੱਸਣਗੇ। ਕੁਝ ਪੜ੍ਹੇ ਲਿਖੇ ਅੰਗਰੇਜ਼ੀ ਜਾਂ ਹਿੰਦੀ ਵੀ ਬੋਲ ਸਕਦੇ ਹਨ। ਲਹਿੰਦੇ ਪੰਜਾਬ ਵਿੱਚ ਰਹਿੰਦੇ ਮੁਸਲਮਾਨ ਪੰਜਾਬੀ ਬੋਲਦੇ ਹਨ ਅਤੇ ਉਰਦੂ ਦੀ ਬਜਾਏ ਸ਼ਾਹਮੁਖੀ ਵਿੱਚ ਲਿਖਦੇ ਹਨ। ਇੱਥੇ ਇਹ ਦੱਸਣਾ ਵਾਜਬ ਹੋਵੇਗਾ ਕਿ ਉਰਦੂ ਲਿਪੀ ਵਿੱਚ ਲਿਖੀ ਗਈ ਪੰਜਾਬੀ ਜ਼ਬਾਨ ਨੂੰ ਸ਼ਾਹਮੁਖੀ ਕਹਿੰਦੇ ਹਨ।
ਜਿਹੜੇ ਹਿੰਦੂ, ਸਿੱਖ, ਮੁਸਲਮਾਨ ਰੋਜ਼ੀ ਰੋਟੀ ਅਤੇ ਚੰਗੇ ਭਵਿੱਖ ਲਈ ਅੱਜ ਤੋਂ 70-80 ਸਾਲ ਪਹਿਲਾਂ ਪੱਛਮੀ ਦੇਸ਼ਾਂ ਵਿੱਚ ਚਲੇ ਗਏ, ਉਹਨਾਂ ਦੀ ਤੀਜੀ ਪੀੜ੍ਹੀ ਕੇਵਲ ਅੰਗਰੇਜ਼ੀ ਜਾਂ ਕੋਈ ਹੋਰ ਯੂਰਪੀ ਭਾਸ਼ਾ ਜਾਣਦੀ ਹੈ। ਉਹ ਆਪਣਾ ਧਰਮ ਹਿੰਦੂ, ਸਿੱਖ ਜਾਂ ਮੁਸਲਮਾਨ ਜ਼ਰੂਰ ਲਿਖਵਾਉਂਦੇ ਹਨ ਪਰ ਮਾਤ ਭਾਸ਼ਾ ਕਦੇ ਵੀ ਹਿੰਦੀ, ਪੰਜਾਬੀ ਜਾਂ ਉਰਦੂ ਨਹੀਂ ਲਿਖਵਾਉਂਦੇ। ਕੁਝ ਬੱਚਿਆਂ ਦੇ ਮਾਂ ਬਾਪ ਉਹਨਾਂ ਨੂੰ ਆਪਣੀ ਜੱਦੀ ਪੁਸ਼ਤੀ ਮਾਤ ਭਾਸ਼ਾ ਦਿੰਦੇ ਰਹਿੰਦੇ ਹਨ ਪਰ ਸਾਰੇ ਇਵੇਂ ਨਹੀਂ ਕਰਦੇ ਕਿਉਂਕਿ ਨੌਕਰੀ, ਕਾਰੋਬਾਰ ਤੋਂ ਵਿਹਲ ਹੀ ਨਹੀਂ ਮਿਲਦਾ। ਮੇਰੇ ਵਰਗਾ ਇੱਕ ਨਾਸਤਿਕ ਬੰਦਾ, ਜਿਹੜਾ ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਥੋੜ੍ਹੀ ਬਹੁਤ ਉਰਦੂ ਵੀ ਜਾਣਦਾ ਹੈ ਜਾਂ ਲੋੜ ਪੈਣ ’ਤੇ ਬੋਲਦਾ ਜਾਂ ਲਿਖਦਾ ਹੈ, ਉਸ ਨੂੰ ਕਿਹੜੇ ਧਰਮ ਦੇ ਖਾਤੇ ਵਿੱਚ ਪਾਓਗੇ?
ਇੱਕ ਵਿਡੰਬਨਾ ਵੇਖੋ। ਹਿੰਦੂਆਂ ਦੇ ਵੇਦ ਵੈਦਿਕ ਸੰਸਕ੍ਰਿਤ ਵਿੱਚ ਹਨ ਪਰ ਹਰ ਹਿੰਦੂ ਵੈਦਿਕ ਸੰਸਕ੍ਰਿਤ ਛੱਡ ਕੇ ਅੱਜ ਦੀ ਸੰਸਕ੍ਰਿਤ ਵੀ ਨਹੀਂ ਪੜ੍ਹ ਸਕਦਾ। ਮੁਸਲਮਾਨਾਂ ਦੀ ਕੁਰਾਨ ਅਰਬੀ ਭਾਸ਼ਾ ਵਿੱਚ ਹੈ ਪਰ ਹਰ ਮੁਸਲਮਾਨ ਅਰਬੀ ਨਹੀਂ ਜਾਣਦਾ। ਈਸਾਈਆਂ ਦੀ ਬਾਈਬਲ ਲੈਟਿਨ ਜਾਂ ਹਿਬਰੂ ਵਿੱਚ ਹੈ ਪਰ ਸਾਰੇ ਇਸਾਈ ਇਹ ਭਾਸ਼ਾਵਾਂ ਨਹੀਂ ਜਾਣਦੇ। ਬੋਧੀਆਂ ਦੇ ਗ੍ਰੰਥ ਸੰਸਕ੍ਰਿਤ ਅਤੇ ਪਾਲੀ ਭਾਸ਼ਾ ਵਿੱਚ ਹਨ ਪਰ ਹਰ ਬੋਧੀ ਇਹ ਭਾਸ਼ਾਵਾਂ ਨਹੀਂ ਜਾਣਦਾ। ਹੁਣ ਭਾਵੇਂ ਸਾਰੇ ਧਰਮ ਗ੍ਰੰਥਾਂ ਦੇ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੇ ਹਨ ਅਤੇ ਅਸਾਨੀ ਨਾਲ ਪੜ੍ਹੇ ਜਾ ਸਕਦੇ ਹਨ ਪਰ ਅਸਲ ਵਿੱਚ ਲਿਖੇ ਹੋਇਆਂ ਨੂੰ ਹਰ ਕੋਈ ਨਹੀਂ ਪੜ੍ਹ ਸਕਦਾ।
ਵਰਸ਼ਤਾਈ ਨਗਰ ਕੌਂਸਲ ਦੀ ਇੱਕ ਸਾਬਕਾ ਮੈਂਬਰ ਨੇ ਬੰਬੇ ਹਾਈ ਕੋਰਟ ਵਿੱਚ ਰਿਟ ਕੀਤੀ ਸੀ ਕਿ ਨਗਰ ਕੌਂਸਲ ਦੇ ਸਾਈਨ ਬੋਰਡਾਂ ਤੋਂ ਉਰਦੂ ਹਟਾ ਦਿੱਤੀ ਜਾਵੇ ਅਤੇ ਇਹ ਰਿਟ ਹਾਈ ਕੋਰਟ ਨੇ ਨਾਮਨਜ਼ੂਰ ਕਰ ਦਿੱਤੀ ਸੀ। ਇਸ ਤੋਂ ਬਾਅਦ ਸਾਬਕਾ ਮੈਂਬਰ ਨਗਰ ਕੌਂਸਲ ਨੇ ਸੁਪਰੀਮ ਕੋਰਟ ਵਿੱਚ ਅਪੀਲ ਕਰ ਦਿੱਤੀ। ਸੁਪਰੀਮ ਕੋਰਟ ਦੇ ਜਸਟਿਸ ਸੁਧਾਂਸ਼ੂ ਧੂਲੀਆ ਅਤੇ ਜਸਟਿਸ ਕੇ ਵਿਨੋਦ ਚੰਦਰਨ ਦੇ ਬੈਂਚ ਨੇ ਮੰਗਲਵਾਰ ਨੂੰ ਵਰਸ਼ਤਾਈ-ਨਗਰ ਕੌਂਸਲ ਦੀ ਸਾਬਕਾ ਮੈਂਬਰ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ ਅਤੇ ਕੀਤੀ ਅਪੀਲ ਨੂੰ ਰੱਦ ਕਰ ਦਿੱਤਾ। ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ, “ਉਰਦੂ ਕੋਈ ਵਿਦੇਸ਼ੀ ਭਾਸ਼ਾ ਨਹੀਂ, ਇਹ ਹਿੰਦੀ, ਪੰਜਾਬੀ, ਤਾਮਿਲ, ਮਲਿਆਲਮ, ਬੰਗਲਾ ਭਾਸ਼ਾਵਾਂ ਵਾਂਗ ਇੱਕ ਇੰਡੋ ਆਰੀਅਨ ਭਾਸ਼ਾ ਹੈ। ਇਹ ਭਾਰਤ ਵਿੱਚ ਹਿੰਦੀ ਬੋਲਣ ਵਾਲਿਆਂ ਅਤੇ ਅਰਬੀ ਬੋਲਣ ਵਾਲਿਆਂ ਵੱਲੋਂ ਇੱਕ ਦੂਜੇ ਨੂੰ ਸਮਝਣ ਲਈ ਬਣੀ ਅਤੇ ਵਿਕਸਿਤ ਕੀਤੀ ਗਈ ਅਤੇ ਇਹ ਭਾਰਤ ਵਿੱਚ ਗੰਗਾ-ਜਮੁਨੀ ਤਹਿਜ਼ੀਬ ਦਾ ਸਭ ਤੋਂ ਉੱਤਮ ਨਮੂਨਾ ਹੈ।”
ਭਾਰਤ ਵਿੱਚ ਚੱਲਣ ਵਾਲੀਆਂ ਹਿੰਦੀ ਫਿਲਮਾਂ ਵਿੱਚ ਲਗਭਗ ਅੱਧੇ ਸ਼ਬਦ ਉਰਦੂ ਦੇ ਹੁੰਦੇ ਹਨ। ਕਿਸੇ ਵੀ ਭਾਸ਼ਾ ਵਿੱਚ ਕੋਈ ਲੇਖ ਲਿਖਣ ਵੇਲੇ ਜਾਂ ਬਹਿਸ ਕਰਨ ਵੇਲੇ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਅਚਨਚੇਤ ਹੀ ਆ ਜਾਂਦੇ ਹਨ। ਸਾਡੇ ਮਾਲ ਮਹਿਕਮੇ ਦਾ ਕਾਫੀ ਸਾਰਾ ਰਿਕਾਰਡ ਭਾਵੇਂ ਹਿੰਦੀ ਜਾਂ ਪੰਜਾਬੀ ਜਾਂ ਹੋਰ ਖੇਤਰੀ ਭਾਸ਼ਾਵਾਂ ਵਿੱਚ ਆ ਚੁੱਕਿਆ ਹੈ ਪਰ ਅਜੇ ਵੀ ਕਾਫ਼ੀ ਸਾਰਾ ਪੁਰਾਣਾ ਰਿਕਾਰਡ ਉਰਦੂ ਵਿੱਚ ਹੈ। ਜ਼ਮੀਨਾਂ ਦੀਆਂ ਪੁਰਾਣੀਆਂ ਰਜਿਸਟਰੀਆਂ ਉਰਦੂ ਵਿੱਚ ਹਨ, ਕੀ ਉਹ ਹੁਣ ਬੇਕਾਰ ਹਨ? ਜੇਕਰ ਕਿਸੇ ਸੂਬੇ ਜਾਂ ਨਗਰ ਨਿਗਮ ਦੇ ਕਿਸੇ ਮੱਤਸਬੀ ਮੈਂਬਰ ਦੇ ਕਹਿਣ ਤੇ ਕੋਈ ਭਾਸ਼ਾ ਹਟਾਉਣ ਦੀ ਮੰਗ ਮੰਨੀ ਜਾਂਦੀ ਹੈ ਤਾਂ ਕੱਲ੍ਹ ਨੂੰ ਕੋਈ ਜ਼ਿਆਦਾ ਹੀ ਮੱਤਸਬੀ ਕਹਿ ਸਕਦਾ ਹੈ ਕਿ ਭਾਰਤੀ ਕਰੰਸੀ ਨੋਟਾਂ ਤੋਂ ਉਰਦੂ ਹਟਾਈ ਜਾਵੇ, ਅਜਿਹੇ ਲੋਕਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਸਾਰੇ ਪਹਿਲੇ ਨੋਟ ਖਤਮ ਕਰਕੇ ਨਵੇਂ ਨੋਟ ਛਾਪਣ ਨਾਲ ਦੇਸ਼ ਤੇ ਕਿੰਨਾ ਆਰਥਿਕ ਬੋਝ ਪਵੇਗਾ। ਭਾਰਤ ਵਿੱਚ ਬੋਲਣ ਵਾਲੀਆਂ ਸਾਰੀਆਂ ਭਾਸ਼ਾਵਾਂ ਸਾਡੀਆਂ ਆਪਣੀਆਂ ਹਨ, ਇਨ੍ਹਾਂ ਦਾ ਅਤੇ ਇਨ੍ਹਾਂ ਨੂੰ ਬੋਲਣ ਵਾਲਿਆਂ ਸਤਕਾਰ ਕਰਨਾ ਸਾਡਾ ਫਰਜ਼ ਬਣਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)