“ਜੇਕਰ ਸਾਵਰਕਰ ਨੇ 1937 ਵਿੱਚ ਹਿੰਦੂ ਅਤੇ ਮੁਸਲਮਾਨ, ਦੋ ਰਾਸ਼ਟਰਾਂ ਦਾ ਸਿਧਾਂਤ ਨਾ ਦਿੱਤਾ ਹੁੰਦਾ ...”
(7 ਫਰਵਰੀ 2022)
ਵੈਸੇ ਤਾਂ ਕਿਸੇ ਵੀ ਦੇਸ਼ ਦੇ ਸ਼ਹੀਦ ਉਸ ਦੇ ਸਾਰੇ ਲੋਕਾਂ ਦੇ ਸ਼ਹੀਦ ਹੁੰਦੇ ਹਨ ਪਰ ਉਸ ਦੇਸ਼ ਦੇ ਗੱਦਾਰਾਂ ਨੂੰ ਇਹ ਕਹਿਣ ਦਾ ਕੋਈ ਹੱਕ ਨਹੀਂ ਹੁੰਦਾ ਕਿ ਉਹ ਲੋਕਾਂ ਲਈ ਕੁਰਬਾਨੀਆਂ ਦੇਣ ਵਾਲੀਆਂ ਨੂੰ ਆਪਣਾ ਸ਼ਹੀਦ ਪ੍ਰਚਾਰਨ। ਜਿਹੜੇ ਲੋਕਾਂ ਨੇ ਇੱਕ ਜਾਂ ਵਧੇਰੇ ਸ਼ਹੀਦਾਂ ਨੂੰ ਅੱਧੀ ਸਦੀ ਤੋਂ ਵੱਧ ਸਮੇਂ ਲਈ ਆਪਣਾ ਸ਼ਹੀਦ ਨਹੀਂ ਮੰਨਿਆਅ, ਉਹ ਹੁਣ ਆ ਕੇ ਜੇਕਰ ਸਾਰਾ ਜ਼ੋਰ ਇਸ ਗੱਲ ’ਤੇ ਲਗਾ ਦੇਣ ਕਿ ਇਹ ਸਾਡੇ ਸ਼ਹੀਦ ਹਨ ਤਾਂ ਗੱਲ ਹਾਸੋਹੀਣੀ ਹੋ ਜਾਂਦੀ ਹੈ। ਸੁਭਾਸ਼ ਚੰਦਰ ਬੋਸ ਜਿਹੜਾ ਕਿ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ਕਿਸੇ ਕਾਰਣ ਰੂਸ ਨਾ ਜਾ ਸਕਿਆ ਅਤੇ ਅੰਗਰੇਜ਼ੀ ਹਕੂਮਤ ਦੇ ਦੁਸ਼ਮਣ ਜਰਮਨ ਚਲਾ ਗਿਆ, ਜਰਮਨ ਅਤੇ ਜਾਪਾਨ ਵੱਲੋਂ ਕੈਦ ਕੀਤੇ ਅੰਗਰੇਜ਼ੀ ਸਰਕਾਰ ਦੇ ਭਾਰਤੀ ਫੌਜੀਆਂ ਤੋਂ ਅਜ਼ਾਦ ਹਿੰਦ ਫੌਜ ਬਣਾਈ, ਉਸ ਨੂੰ ਅੱਧੀ ਸਦੀ ਤਕ ਭਾਜਪਾ ਨੇ ਆਪਣਾ ਸ਼ਹੀਦ ਨਹੀਂ ਮੰਨਿਆ। ਹੋਰ ਤਾਂ ਹੋਰ ਸਾਵਰਕਰ ਜੋ ਕਿ ਆਰ ਐੱਸ ਐੱਸ ਦੀ ਅਹਿਮ ਹਸਤੀ ਸੀ, ਜਦੋਂ ਅਜ਼ਾਦ ਹਿੰਦ ਫੌਜ ਭਾਰਤ ਦੇ ਉੱਤਰ ਪੂਰਬ ਤਕ ਪਹੁੰਚ ਗਈ ਤਾਂ ਉਸ ਨੇ 1941 ਵਿੱਚ ਹਿੰਦੂ ਮਹਾਂ ਸਭਾ ਦੇ 23ਵੇਂ ਇਜਲਾਸ ਵਿੱਚ ਭਾਗਲਪੁਰ ਵਿਖੇ ਭਾਸ਼ਣ ਦਿੱਤਾ, “ਜੰਗ ਸਾਡੀਆਂ ਬਰੂਹਾਂ ਤਕ ਪੁੱਜ ਚੁੱਕੀ ਹੈ। ਇਸ ਨਾਲ ਇੱਕ ਖਤਰਾ ਵੀ ਪੈਦਾ ਹੋ ਗਿਆ ਹੈ ਅਤੇ ਇੱਕ ਮੌਕਾ ਵੀ ਮਿਲਿਆ ਹੈ। ਹਿੰਦੂ ਮਹਾਂ ਸਭਾ ਦੀਆਂ ਸਾਰੀਆਂ ਇਕਾਈਆਂ, ਅਤੇ ਹੋਰ ਹਿੰਦੂ ਸੰਗਠਨ ਆਪ ਵੀ ਹਥਿਆਰਬੰਦ ਹੋਣ ਅਤੇ ਬਾਕੀ ਹਿੰਦੂਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ, ਅੰਗਰੇਜ਼ੀ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਭਰਤੀ ਹੋਵੋ ਅਤੇ ਯੁੱਧ ਸਮਗਰੀ ਤਿਆਰ ਕਰਨ ਵਾਲੇ ਅਦਾਰਿਆਂ ਵਿੱਚ ਭਾਰਤੀ ਹੋਵੋ।” ਹੁਣ ਪਤਾ ਨਹੀਂ ਇਹ ਕਿਸ ਮੂੰਹ ਨਾਲ ਸੁਭਾਸ਼ ਚੰਦਰ ਨੂੰ ਆਪਣਾ ਸ਼ਹੀਦ ਮੰਨ ਰਹੇ ਹਨ।
ਇਹੋ ਵਰਤਾਰਾ ਇਹਨਾਂ ਨੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨਾਲ ਕੀਤਾ। ਪਹਿਲਾਂ ਤਾਂ ਆਰ ਐੱਸ ਐੱਸ ਅਤੇ ਉਸ ਤੋਂ ਉਪਜੇ ਹਿੰਦੂ ਮਹਾਂ ਸਭਾ, ਸ਼ਿਵ ਸੈਨਾ, ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ, ਅਖਿਲ ਭਾਰਤੀਯ ਵਿਦਿਆਰਥੀ ਪਰਿਸ਼ਦ, ਭਾਜਪਾ ਅਤੇ ਉਸ ਤੋਂ ਪਹਿਲਾਂ ਬਣੇ ਜਨਤਾ ਪਾਰਟੀ ਦਾ ਵੱਡਾ ਹਿੱਸਾ ਅਤੇ ਭਾਰਤੀਯ ਜਨਸੰਘ ਆਦਿ ਇਹਨਾਂ ਨੂੰ ਸ਼ਹੀਦ ਨਹੀਂ ਮੰਨਦੇ ਸਨ। ਕਾਰਣ ਇਹ ਕਿ ਸੰਘ ਪਰਿਵਾਰ ਸਾਰੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ 1925 ਵਿੱਚ ਹੋਂਦ ਵਿੱਚ ਆਉਣ ਤੋਂ ਹੀ ਕਾਰਜਸ਼ੀਲ ਹੈ ਪਰ ਭਗਤ ਸਿੰਘ ਕਮਿਊਨਿਸਟ ਵਿਚਾਰਧਾਰਾ ਦਾ ਸਮਰਥਕ ਸੀ। ਕਿਉਂਕਿ ਕਮਿਊਨਿਸਟ ਕਦੇ ਵੀ ਜਾਤ, ਧਰਮ, ਨਸਲ ਜਾਂ ਲਿੰਗ ਭੇਦ ਵੱਲ ਤਵੱਜੋ ਨਹੀਂ ਦਿੰਦੇ ਇਸ ਲਈ ਹਿੰਦੂਤਵ ਦੇ ਸਮਰਥਕ ਭਗਤ ਸਿੰਘ ਨੂੰ ਆਪਣਾ ਸ਼ਹੀਦ ਮੰਨਣ ਤੋਂ ਇਹ ਇਨਕਾਰੀ ਸਨ। ਅੰਗਰੇਜ਼ਾਂ ਦੇ ਜਾਣ ਤੋਂ 30 ਸਾਲ ਬਾਅਦ ਭਗਤ ਸਿੰਘ ਨੂੰ ਸ਼ਹੀਦ ਤਾਂ ਕਹਿਣ ਲੱਗ ਪਏ ਪਰ ਉਸ ਨੂੰ ਆਪਣਾ ਆਦਰਸ਼ ਮੰਨਣ ਤੋਂ ਇਨਕਾਰੀ ਰਹੇ। ਸਿਆਸਤ ਦੇ ਰੰਗ ਵੇਖੋ! ਮੋਦੀ ਜੀ ਜਿਹੜੇ ਪਹਿਲਾਂ ਕਹਿੰਦੇ ਸਨ, “ਮੈਂ ਹਿੰਦੂ ਰਾਸ਼ਟਰਵਾਦੀ ਹਾਂ” ਉਹਨਾਂ ਨੇ 2016 ਵਿੱਚ ਬਿਆਨ ਦਿੱਤਾ ਕਿ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਭਾਰਤ ਦੇ ਮਹਾਨ ਸ਼ਹੀਦ ਹਨ। ਭਾਜਪਾ ਦੇ ਸਾਰੇ ਵਰਕਰ 23 ਮਾਰਚ ਤੋਂ ਤਿੰਨ ਦਿਨਾਂ ਲਈ ਸ਼ਹੀਦਾਂ ਦਾ ਗਾਇਆ ਗੀਤ, “ਮੇਰਾ ਰੰਗ ਦੇ ਬਸੰਤੀ ਚੋਲਾ …” ਗਾਉਣ।
ਯੁਗ ਭਾਵੇਂ ਬਦਲ ਜਾਵੇ ਪਰ ਪਿਛਲਾ ਇਤਿਹਾਸ ਕਦੇ ਨਹੀਂ ਬਦਲਦਾ। ਭਗਤ ਸਿੰਘ ਦੇ ਸਾਥੀ, ਸੁਭਾਸ਼ ਚੰਦਰ ਬੋਸ, ਗ਼ਦਰੀ ਬਾਬੇ, ਕੂਕੇ ਅਤੇ ਉਸ ਵੇਲੇ ਦੇ ਅਕਾਲੀ ਦੇਸ਼ ਪ੍ਰੇਮੀਆਂ ਦੇ ਸ਼ਹੀਦ ਹਨ, ਸੰਘ ਪਰਿਵਾਰ ਦੇ ਕਦੇ ਸ਼ਹੀਦ ਨਹੀਂ ਬਣ ਸਕਦੇ।
ਦੂਜਿਆਂ ਦੇ ਸ਼ਹੀਦਾਂ ਨੂੰ ਜੱਫਾ ਮਾਰਨ ਤੋਂ ਵੀ ਵੱਧ ਪਾਪ ਜਿਹੜਾ ਅੱਜਕਲ ਸੰਘ ਪਰਿਵਾਰ ਕਰ ਰਿਹਾ ਹੈ ਉਹ ਹੈ ਆਪਣੀ ਸਿਆਸਤ ਜਾਂ ਵਿਚਾਰਧਾਰਾ ਵਿਰੋਧੀ ਪਾਰਟੀ ਦੇ ਸ਼ਹੀਦਾਂ ਜਾਂ ਕਾਰਕੁਨਾਂ ਨੂੰ ਝੂਠੀਆਂ ਅਤੇ ਮਨਘੜਤ ਕਹਾਣੀਆਂ ਪਰਚਾਰ ਕੇ ਬਦਨਾਮ ਕਰਨਾ। ਸੰਘ ਪਰਿਵਾਰ ਚਾਹੁੰਦਾ ਹੈ ਕਿ ਸਾਰੇ ਭਾਰਤ ਵਿੱਚ ਕੇਵਲ ਹਿੰਦੂ ਰਹਿਣ, ਬਾਕੀ ਜਾਂ ਤਾਂ ਇੱਥੋਂ ਪਰਵਾਜ਼ ਕਰ ਜਾਣ ਜਾਂ ਉਹ ਹਿੰਦੂ ਧਰਮ ਵਿੱਚ ਸ਼ਾਮਿਲ ਹੋ ਜਾਣ। ਧਰਮ ਨਿਰਪੱਖਤਾ ਦੀ ਗੱਲ ਕਰਨ ਵਾਲੇ ਬਦਨਾਮ ਕੀਤੇ ਜਾਣ ਅਤੇ ਇਤਿਹਾਸ ਦੀਆਂ ਪੁਸਤਕਾਂ ਵਿੱਚੋਂ ਕੱਢ ਦਿੱਤੇ ਜਾਣ। ਨਹਿਰੂ, ਗਾਂਧੀ, ਪਟੇਲ, ਮੌਲਾਨਾ ਆਜ਼ਾਦ ਅਤੇ ਅਦਬੁਲ ਗਫ਼ਾਰ ਖਾਂ ਵਰਗੇ ਲੋਕਤੰਤਰ ਦੇ ਹਾਮੀ ਸਨ ਜਿਸ ਵਿੱਚ ਹਰ ਮਜ਼ਹਬ, ਧਰਮ, ਜਾਤ ਅਤੇ ਰੰਗ ਦੇ ਲੋਕ ਮਿਲਜੁਲ ਕੇ ਰਹਿਣ। ਸੰਘ ਪਰਿਵਾਰ ਦੀਆਂ ਅੱਖਾਂ ਵਿੱਚ ਜ਼ਿਆਦਾ ਨਹਿਰੂ ਅਤੇ ਗਾਂਧੀ ਹੀ ਰੜਕਦੇ ਹਨ। ਗਾਂਧੀ ਦੇ ਕਾਤਲ ਗੌਡਸੇ ਅਤੇ ਉਸ ਦੇ ਮਾਰਗ ਦਰਸ਼ਕ ਸਾਵਰਕਰ ਅਤੇ ਆਪਟੇ ਨੂੰ ਸਹੀ ਠਹਿਰਾਉਣ ਲਈ ਗਾਂਧੀ ਨੂੰ ਭਾਰਤ ਪਾਕਿਸਤਾਨ ਦੀ ਵੰਡ ਅਤੇ ਲੱਖਾਂ ਮੌਤਾਂ ਦਾ ਜ਼ਿੰਮੇਵਾਰ ਦੱਸਦੇ ਹਨ। ਜਦਕਿ ਅਸਲੀਅਤ ਇਹ ਹੈ ਕਿ ਜਿਸ ਵਕਤ ਦਿੱਲੀ ਵਿੱਚ ਨਹਿਰੂ ਅਤੇ ਪਟੇਲ ਨੂੰ ਮਾਊਂਟ ਬੈਟਨ ਨੇ ਕਿਹਾ ਕਿ ਜੇਕਰ ਛੇਤੀ ਤੋਂ ਛੇਤੀ ਭਾਰਤ ਪਾਕਿਸਤਾਨ ਦੀ ਵੰਡ ਨਾ ਕੀਤੀ ਗਈ ਤਾਂ ਸਾਰੇ ਪਾਸੇ ਮਾਰ ਕਾਟ ਸ਼ੁਰੂ ਹੋ ਜਾਏਗੀ, ਇਸ ਲਈ ਵੰਡ ’ਤੇ ਹਸਤਾਖਰ ਕਰ ਦਿਓ। ਜਿਸ ਵਕਤ ਨਹਿਰੂ ਅਤੇ ਪਟੇਲ ਨੇ ਵੰਡ ’ਤੇ ਹਸਤਾਖਰ ਕੀਤੇ ਉਸ ਵਕਤ ਗਾਂਧੀ ਬੰਬਈ ਵਿੱਚ ਫਿਰਕੂ ਦੰਗਿਆਂ ’ਤੇ ਕਾਬੂ ਪਾਉਣ ਲਈ ਗਿਆ ਹੋਇਆ ਸੀ। ਗਾਂਧੀ ਜਦੋਂ ਵਾਪਸ ਦਿੱਲੀ ਆਇਆ ਤਾਂ ਉਹ ਨਹਿਰੂ ਅਤੇ ਪਟੇਲ ਨਾਲ ਕਾਫੀ ਦਿਨ ਨਾਰਾਜ਼ ਰਿਹਾ। ਪ੍ਰਤੱਖ ਹੈ ਕਿ ਭਾਰਤ ਦੀ ਵੰਡ ਵਿੱਚ ਗਾਂਧੀ ਦਾ ਕੋਈ ਰੋਲ ਨਹੀਂ ਸੀ।
ਭਾਵੇਂ ਕਿ ਅੰਗਰੇਜ਼ੀ ਹਕੂਮਤ ਹਿੰਦ ਨੂੰ ਦੋ ਜਾਂ ਉਸ ਉਸ ਤੋਂ ਵੱਧ ਹਿੱਸਿਆਂ ਵਿੱਚ ਵੰਡਣਾ ਚਾਹੁੰਦੀ ਸੀ ਪਰ ਹੋ ਸਕਦਾ ਹੈ ਕਿ ਜਿਨਾਹ 1940 ਵਿੱਚ ਮੁਸਲਿਮ ਲੀਗ ਖੜ੍ਹੀ ਕਰਕੇ ਪਾਕਿਸਤਾਨ ਦੀ ਮੰਗ ਨਾ ਕਰਦਾ ਜੇਕਰ ਸਾਵਰਕਰ ਨੇ 1937 ਵਿੱਚ ਹਿੰਦੂ ਅਤੇ ਮੁਸਲਮਾਨ ਦੋ ਰਾਸ਼ਟਰਾਂ ਦਾ ਸਿਧਾਂਤ ਨਾ ਦਿੱਤਾ ਹੁੰਦਾ। ਕਿੰਨਾ ਬੇਸਮਝੀ ਅਤੇ ਨਲਾਇਕੀ ਦਾ ਕਾਰਾ ਹੈ ਕਿ ਸਦੀਆਂ ਤੋਂ ਇਕੱਠੇ ਰਹਿੰਦੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਧਰਮਾਂ ਦੀ ਭਿੰਨਤਾ ਦੇ ਅਧਾਰ ’ਤੇ ਦੋ ਰਾਸ਼ਟਰ ਕਹਿ ਦਿੱਤਾ ਜਿਸ ਨਾਲ ਦਿਲਾਂ ਵਿੱਚ ਇੱਕ ਦੂਜੇ ਪ੍ਰਤੀ ਸ਼ੱਕ, ਨਫਰਤ ਅਤੇ ਵੈਰ ਪੈਦਾ ਕਰ ਦਿੱਤੇ। ਭਾਰਤ ਦੀ ਵੰਡ ਹੋ ਗਈ, ਲੱਖਾਂ ਲੋਕ ਮਾਰੇ ਗਏ, ਲੁੱਟੇ ਗਏ ਅਤੇ ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ। ਵੰਡ ਵੀ ਉਹਨਾਂ ਕਾਰਣ ਹੋਈ ਜਿਹੜੇ ਅੱਜ ਸਭ ਤੋਂ ਵੱਡੇ ਭਾਰਤ ਦੀ ਅਖੰਡਤਾ ਦੇ ਮੁਦਈ ਬਣੇ ਫਿਰਦੇ ਹਨ।
30 ਜਨਵਰੀ ਨੂੰ ਮਹਾਤਮਾ ਗਾਂਧੀ ਦੀ ਬਰਸੀ ’ਤੇ ਯੂ ਪੀ ਅਤੇ ਮੱਧ ਪ੍ਰਦੇਸ਼ ਵਿੱਚ ਗੌਡਸੇ-ਆਪਟੇ ਸਮਰਿਤੀ ਦਿਨ ਮਨਾਇਆ ਗਿਆ। ਇਸ ਦਿਨ ਗਾਂਧੀ ਦੇ ਕਾਤਲਾਂ ਦੀ ਵਡਿਆਈ ਕੀਤੀ ਗਈ ਅਤੇ ਮਹਾਤਮਾ ਗਾਂਧੀ ਬਾਰੇ ਅਪਸ਼ਬਦ ਕਹਿਣ ਵਾਲਿਆਂ ਸਮੇਤ ਪੰਜ ਭਗਵਾ ਵਰਕਰਾਂ ਨੂੰ ਗੌਡਸੇ-ਆਪਟੇ ਭਾਰਤ ਰਤਨ ਦਿੱਤਾ ਗਿਆ। ਅਜੇ ਲਗਭਗ ਛੇ ਦਰਜਨ ਹੋਰ ਹਿੰਦੂ ਮਹਾਂ ਸਭਾ ਦੀਆਂ ਹਸਤੀਆਂ ਨੂੰ ਗੌਡਸੇ-ਆਪਟੇ ਭਾਰਤ ਰਤਨ ਐਵਾਰਡ ਦੇਣਾ ਹੈ। ਕਿਹਾ ਗਿਆ ਕਿ ਆਜ਼ਾਦੀ ਗਾਂਧੀ ਦੇ ਚਰਖੇ ਨਾਲ ਨਹੀਂ ਆਈ। ਅਸੀਂ ਵੀ ਸਹਿਮਤ ਹਾਂ ਪਰ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਆਜ਼ਾਦੀ ਮਾਫੀਆਂ ਮੰਗ ਕੇ ਜਾਂ ਹਿੰਦੂ ਮੁਸਲਮਾਨ ਵਿੱਚ ਦੁਫੇੜ ਪਾ ਕੇ ਆਈ। ਅਜ਼ਾਦੀ ਸ਼ਹੀਦੀਆਂ ਨਾਲ ਆਈ, ਜਿਹੜੀਆਂ ਐਨੇ ਵਿਅਕਤੀਆਂ ਅਤੇ ਸੰਗਠਨਾਂ ਨੇ ਦਿੱਤੀਆਂ, ਜਿਨ੍ਹਾਂ ਦੀ ਲਿਸਟ ਐਨੀ ਲੰਬੀ ਹੈ ਕਿ ਕਦੇ ਵੀ ਪੂਰੀ ਨਹੀਂ ਹੋ ਸਕਦੀ ਕਿਉਂਕਿ ਅਨੇਕਾਂ ਅਗਿਆਤ ਸ਼ਹੀਦ ਵੀ ਹਨ। ਅਜ਼ਾਦੀ ਦੂਜੀ ਸੰਸਾਰ ਜੰਗ ਵਿੱਚ ਅੰਗਰੇਜ਼ੀ ਹਕੂਮਤ ਦੀ ਚੌਧਰ ਖਤਮ ਹੋਣ ਨਾਲ ਆਈ। ਅਜ਼ਾਦੀ ਜਲ ਸੈਨਾ ਦੀ ਬਗਾਵਤ ਕਾਰਣ ਆਈ। ਇਹ ਵੀ ਸਵਾਲ ਕੀਤਾ ਗਿਆ ਕਿ ਗਾਂਧੀ ਨੂੰ ਮਹਾਤਮਾ ਕਿਉਂ ਅਤੇ ਕਿਸ ਨੇ ਕਿਹਾ। ਗਾਂਧੀ ਨੂੰ “ਜਨ ਗਣ ਮਨ …” ਲਿਖਣ ਵਾਲੇ ਰਾਬਿੰਦਰ ਨਾਥ ਟੈਗੋਰ ਨੇ ਸਭ ਤੋਂ ਪਹਿਲਾਂ ਮਹਾਤਮਾ ਕਿਹਾ। ਮਹਾਤਮਾ ਇਸ ਲਈ ਕਿਹਾ ਕਿਉਂਕਿ ਉਹ ਗਰੀਬਾਂ ਦੀਆਂ ਝੁੱਗੀਆਂ ਦੇ ਦਰਵਾਜ਼ੇ ਕੋਲ ਆ ਕੇ ਖੜ੍ਹਾ ਹੋ ਜਾਂਦਾ, ਉਹਨਾਂ ਨਾਲ ਉਹਨਾਂ ਦੀ ਬੋਲੀ ਵਿੱਚ ਗੱਲ ਕਰਦਾ, ਹਰੀਜਨਾਂ ਨੂੰ ਬਰਾਬਰੀ ਦਾ ਦਰਜਾ ਦਿੰਦਾ, ਉਹਨਾਂ ਨਾਲ ਬੈਠਦਾ ਅਤੇ ਖਾਣਾ ਖਾਣ ਦਾ ਸਮਾਂ ਹੋਣ ’ਤੇ ਉਹਨਾਂ ਨਾਲ ਮਿਲ ਕੇ ਖਾਣਾ ਵੀ ਖਾ ਲੈਂਦਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3341)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)