“ਬਹੁਗਿਣਤੀ ਲੋਕ ਕਿਸੇ ਵੀ ਧਰਮ ਅਧਾਰਿਤ ਖੇਤਰ ਜਾਂ ਕਿਸੇ ਵੀ ਧਰਮ ਦੇ ਬੋਲਬਾਲੇ ਵਾਲਾ ਦੇਸ਼ ...”
(5 ਮਾਰਚ 2025)
ਰਾਸ਼ਟਰੀ ਸਵੈਸੇਵਕ ਸੰਘ (ਆਰ ਐੱਸ ਐੱਸ) ਅਤੇ ਇਸਦੇ ਵਿੰਗ ਭਾਜਪਾ, ਹਿੰਦੂ ਮਹਾ ਸਭਾ, ਵਿਸ਼ਵ ਹਿੰਦੂ ਪਰਿਸ਼ਦ, ਰਾਸ਼ਟਰੀਯ ਸਿੱਖ ਸੰਗਤ (ਆਰ ਐੱਸ ਐੱਸ), ਸ਼ਿਵ ਸੈਨਾ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਬਜਰੰਗ ਦਲ ਅਤੇ ਹੋਰ ਇਹੋ ਜਿਹਿਆਂ ਨੇ ਭਾਰਤ ਨੂੰ ਛੇਤੀ ਨਾਲ ਸੰਵਿਧਾਨਿਕ ਤੌਰ ’ਤੇ ਹਿੰਦੂ ਰਾਸ਼ਟਰ ਬਣਾਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਦੇਸ਼ ਵਿੱਚ ਫੈਲੀ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਬਲਾਤਕਾਰ, ਰੁਪਏ ਦਾ ਲਗਾਤਾਰ ਡਿਗਦੇ ਰਹਿਣ, ਏਮਜ਼ ਵਿੱਚ ਡਾਕਟਰ ਪੂਰੇ ਨਾ ਹੋਣ, ਯੂਨੀਵਰਸਟੀਆਂ ਵਿੱਚ ਪੂਰੇ ਪ੍ਰੋਫੈਸਰ ਨਾ ਹੋਣ ਦੇ ਅਤੇ ਅੱਸੀ ਕਰੋੜ ਲੋਕਾਂ ਦੇ ਪੰਜ ਕਿਲੋ ਸਰਕਾਰੀ ਰਾਸ਼ਨ ’ਤੇ ਨਿਰਭਰ ਹੋਣ ਦੇ ਬਾਵਜੂਦ ਕਿਤੇ ਕਰੋੜਾਂ ਰੁਪਏ ਖਰਚੀਲੇ ਮੰਦਿਰ ਬਣ ਰਹੇ ਹਨ, ਕਿਤੇ ਉੱਚੀਆਂ ਉੱਚੀਆਂ ਮੂਰਤੀਆਂ ਬਣ ਰਹੀਆਂ ਹਨ, ਕਿਤੇ ਸ਼ਹਿਰਾਂ ਦੇ ਨਾਮ ਮੁਸਲਿਮ ਤੋਂ ਬਦਲ ਕੇ ਹਿੰਦੂ ਨਾਮ ਰੱਖੇ ਜਾ ਰਹੇ ਹਨ। ਕਿਤੇ ਸੜਕਾਂ, ਗਲੀਆਂ ਅਤੇ ਰੇਲਵੇ ਸਟੇਸ਼ਨਾਂ ਦੇ ਨਾਮਾਂ ਦਾ ਹਿੰਦੂਕਰਣ ਕੀਤਾ ਜਾ ਰਿਹਾ ਹੈ। ਕਿੱਤੇ ਇਤਿਹਾਸ ਦਾ ਭਗਵਾਕਰਣ ਹੋ ਰਿਹਾ ਹੈ। ਕਿਤੇ ਵਿਗਿਆਨ ਦੀਆਂ ਪੁਸਤਕਾਂ ਵਿੱਚੋਂ ਡਾਰਵਿਨ ਦਾ ਪਾਠ ਹਟਾਇਆ ਜਾ ਰਿਹਾ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਜੋਤਿਸ਼ ਵਿੱਦਿਆ ਪੜ੍ਹਾਈ ਜਾ ਰਹੀ ਹੈ, ਜਿਹੜੀ ਵਿਗਿਆਨ ਦੇ ਸਿਧਾਂਤਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਕਿਤੇ ਸ਼ਹਿਰਾਂ ਦੀਆਂ ਸਾਰੀਆਂ ਬਿਲਡਿਗਾਂ ਦਾ ਰੰਗ ਭਗਵਾ ਕੀਤਾ ਜਾ ਰਿਹਾ ਹੈ।
ਗਰਨੇਡੀਅਰ ਅਬਦੁਲ ਹਮੀਦ 1965 ਦੀ ਜੰਗ ਵਿੱਚ ਸ਼ਹੀਦ ਹੋ ਗਿਆ ਸੀ ਪਰ ਸ਼ਹੀਦ ਹੋਣ ਤੋਂ ਪਹਿਲਾਂ ਉਸ ਨੇ ਪਾਕਿਸਤਾਨ ਦੇ ਅੱਠ ਪੈਟਨ ਟੈਂਕ ਤਬਾਹ ਕਰ ਦਿੱਤੇ ਸੀ। ਇਸ ਬਹਾਦਰੀ ਕਾਰਨ ਉਸ ਨੂੰ ਪਰਮਵੀਰ ਚੱਕਰ ਮਿਲਿਆ ਸੀ। ਉਹ ਧਾਮਪੁਰ ਦੇ ਬੇਸਿਕ ਸਕੂਲ ਵਿੱਚ ਪੜ੍ਹਿਆ ਸੀ ਅਤੇ ਉਸ ਦੀ ਸ਼ਹੀਦੀ ਅ’ਤੇ ਮਾਣ ਕਰਦੇ ਹੋਏ ਧਾਮਪੁਰ ਸਕੂਲ ਦਾ ਨਾਮ ਅਮਰ ਸ਼ਹੀਦ ਅਬਦੁਲ ਹਮੀਦ ਵਿਦਿਆਲਿਆ ਧਾਮਪੁਰ ਰੱਖਿਆ ਗਿਆ ਸੀ। ਪਰ ਯੋਗੀ ਸਰਕਾਰ ਨੇ ਸਕੂਲ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਸ਼੍ਰੀ ਕੰਪੋਜ਼ਿਟ ਵਿਦਿਆਲਿਆ ਧਾਮਪੁਰ ਰੱਖ ਦਿੱਤਾ। ਇਸ ਬਾਰੇ ਬਹੁਤ ਸਾਰੀਆਂ ਸ਼ਿਕਾਇਤਾਂ ਵਿੱਦਿਆ ਵਿਭਾਗ ਨੂੰ ਮਿਲੀਆਂ ਹਨ ਪਤਾ ਨਹੀਂ ਇਨ੍ਹਾਂ ਦਾ ਨਿਪਟਾਰਾ ਹੋਏਗਾ ਜਾਂ ਨਹੀਂ। ਬਹੁਤ ਸਾਰੇ ਨੇਤਾਵਾਂ ਅਤੇ ਲੋਕਾਂ ਨੇ ਇਸਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਇਸ ਕਾਰੇ ਦੀ ਮਾਫ਼ੀ ਮੰਗੇ। ਅਬਦੁਲ ਹਮੀਦ ਦੇ ਪੋਤੇ ਨੇ ਕਿਹਾ ਹੈ ਕਿ ਅਬਦੁਲ ਜੀ ਦੀ ਸ਼ਹੀਦੀ ਨੂੰ ਘਟਾ ਕੇ ਵੇਖਿਆ ਜਾ ਰਿਹਾ ਹੈ। ਜਦੋਂ ਰੌਲਾ ਬਹੁਤ ਪੈ ਗਿਆ ਤਾਂ ਇੱਕ ਵਾਰ ਫਿਰ ਸਕੂਲ ਦਾ ਨਾਮ ਬਦਲਿਆ ਗਿਆ। ਸਕੂਲ ਦਾ ਨਾਮ ਮੋਟੇ ਅੱਖਰਾਂ ਵਿੱਚ ਅਮਰ ਸ਼ਹੀਦ ਅਬਦੁਲ ਹਮੀਦ ਵਿਦਿਆਲਿਆ ਲਿਖ ਕੇ ਨਾਲ ਹੀ ਛੋਟੇ ਅੱਖਰਾਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਕੰਪੋਜ਼ਿਟ ਵਿਦਿਆਲਿਆ ਧਾਮਪੁਰ ਲਿਖ ਦਿੱਤਾ ਹੈ, ਮਤਲਬ ਹਰ ਕੰਮ ਵਿੱਚ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਜ਼ਰੂਰੀ ਕਰਨੀ ਹੈ।
ਸ਼ਹਿਰਾਂ, ਰੇਲਵੇ ਸਟੇਸ਼ਨਾਂ, ਪਾਰਕਾਂ, ਸੜਕਾਂ ਅਤੇ ਸਥਾਨਾਂ ਦੇ ਮੁਸਲਮਾਨਾਂ ਵਾਲੇ ਨਾਮ ਬਦਲ ਕੇ ਹਿੰਦੂ ਨਾਮ ਰੱਖਣ ਦੀ ਹਨੇਰੀ ਲਿਆਂਦੀ ਹੋਈ ਹੈ। ਵਿਧਾਨ ਸਭਾ ਖੇਤਰ ਆਜ਼ਮ ਗੜ੍ਹ ਦਾ ਨਾਮ ਬਦਲ ਕੇ ਅਰਆਂ ਨਗਰ ਰੱਖਣ ਦਾ ਸੁਝਾਅ ਦਿੱਤਾ ਗਿਆ ਹੈ। ਫੈਜ਼ਾਬਾਦ ਸ਼ਹਿਰ ਦਾ ਨਾਮ ਅਯੋਧਿਆ ਰੱਖ ਦਿੱਤਾ ਗਿਆ ਹੈ। ਮੁਗਲ ਸਰਾਏ ਸਟੇਸ਼ਨ ਦਾ ਨਾਮ ਪੰਡਿਤ ਦੀਨ ਦਯਾਲ ਉਪਾਧਿਆਏ ਸਟੇਸ਼ਨ ਰੱਖ ਦਿੱਤਾ ਗਿਆ ਹੈ। ਮਿਰਜ਼ਾਪੁਰ ਦਾ ਨਾਮ ਵਿੰਧਆ ਧਾਮ, ਅਲੀਗੜ੍ਹ ਨਾਮ ਹਰੀਗੜ੍ਹ, ਫਿਰੋਜ਼ਾਬਾਦ ਦਾ ਨਾਮ ਚੰਦਰ ਨਗਰ ਰੱਖ ਦਿੱਤਾ ਗਿਆ ਹੈ। ਹੋਸ਼ੰਗਾਬਾਦ ਦਾ ਨਾਮ ਬਦਲ ਕੇ ਨਰਮਦਾ ਪੁਰਮ ਅਤੇ ਔਰੰਗਾਬਾਦ ਦਾ ਨਾਮ ਛਤਰਪਤੀ ਸੰਭਾ ਜੀ ਰੱਖ ਦਿੱਤਾ ਗਿਆ ਹੈ। ਬਰੇਲੀ ਦਾ ਨਾਮ ਹੁਣ ਨਾਥ ਨਗਰੀ ਹੈ ਅਤੇ ਪੋਰਟ ਬਲੇਅਰ ਦਾ ਨਾਮ ਵਿਜੈ ਪੁਰਮ ਹੈ। ਕੁਝ ਲੋਕਾਂ ਨੇ ਦਿੱਲੀ ਦੀ ਅਕਬਰ ਰੋਡ ਅਤੇ ਹਮਾਯੂੰ ਰੋਡ ਦੇ ਸਾਈਨ ਬੋਰਡਾਂ ਤੇ ਕਾਲਖ ਮਲ ਕੇ ਉਹਨਾਂ ਦੇ ਉੱਤੇ ਸ਼ਿਵਾਜੀ ਦੇ ਪੋਸਟਰ ਲਗਾ ਦਿੱਤੇ ਹਨ।
ਹੁਣ ਜਦੋਂ ਸਾਰੇ ਕੁਝ ਦੇ ਭਗਵਾਕਰਣ ਦੀ ਗੰਗਾ ਵਹਿ ਰਹੀ ਹੈ ਤਾਂ ਮੋਦੀ ਜੀ ਅਤੇ ਅਮਿਤ ਸ਼ਾਹ ਜੀ ਵੀ ਇਸ ਵਿੱਚੋਂ ਆਪਣੇ ਹੱਥ ਧੋਣੋਂ ਕਿਵੇਂ ਪਿੱਛੇ ਰਹਿ ਸਕਦੇ ਹਨ। ਸਰਦਾਰ ਪਟੇਲ, ਜਿਹੜੇ ਕਿ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਨ ਅਤੇ ਉਹਨਾਂ ਨੇ ਕਈ ਸਟੇਟਾਂ ਨੂੰ ਭਾਰਤ ਵਿੱਚ ਮਿਲਾਇਆ ਸੀ, ਉਹਨਾਂ ਦੀ ਪ੍ਰਸ਼ੰਸਾ ਸਾਰੇ ਭਾਰਤੀ ਅਤੇ ਖਾਸਕਰ ਭਾਜਪਾਈ ਤਾਂ ਜ਼ਿਆਦਾ ਕਰਦੇ ਹਨ ਪਰ ਉਹਨਾਂ ਦੇ ਨਾਮ ’ਤੇ ਬਣੇ ਸਟੇਡੀਅਮ ਦਾ ਨਾਮ ਬਦਲ ਕੇ ਨਰੇਂਦਰ ਮੋਦੀ ਸਟੇਡੀਅਮ ਰੱਖ ਦਿੱਤਾ ਗਿਆ ਹੈ। ਗੋਰਖਪੁਰ ਸਥਿਤ ਅਮਿਤਸ਼ਾਹ ਯੂਥ ਬ੍ਰਿਗੇਡ ਦੇ ਪ੍ਰਧਾਨ ਐੱਸ ਕੇ ਸ਼ੁਕਲਾ ਨੇ ਵਿੱਦਿਆ ਮੰਤਰੀ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਅਮਿਤ ਸ਼ਾਹ ਦੀ ਜੀਵਨੀ ਅਤੇ ਉਹਨਾਂ ਦੀ ਰਾਜਨੀਤਿਕ ਯਾਤਰਾ ਸਕੂਲਾਂ ਦੇ ਪਾਠਕ੍ਰਮ ਵਿੱਚ ਸ਼ਾਮਿਲ ਕੀਤੀ ਜਾਵੇ। ਮੋਦੀ ਜੀ ਦੇ ਦੂਸਰੀ ਵਾਰ ਪ੍ਰਧਾਨ ਮੰਤਰੀ ਬਣਨ ’ਤੇ ਗੁਜਰਾਤ ਦੇ ਜ਼ਿਲ੍ਹੇ ਰਾਜਕੋਟ ਦੇ ਇੱਕ ਪਿੰਡ ਵਿੱਚ ਮੋਦੀ ਜੀ ਦਾ ਮੰਦਿਰ ਬਣਿਆ ਹੋਇਆ ਹੈ। ਇਹ ਮੰਦਿਰ 5 ਏਕੜ ਖੇਤਰਫਲ ਵਿੱਚ ਹੈ ਅਤੇ ਇਸ ਵਿੱਚ ਮੋਦੀ ਜੀ ਦੀ ਮੂਰਤੀ ਹੈ ਅਤੇ ਮੂਰਤੀ ਦੇ ਗਲੇ ਵਿੱਚ ਭਾਜਪਾ ਦੇ ਕਮਲ ਦੇ ਫੁੱਲ ਵਾਲਾ ਪਟਕਾ ਵੀ ਹੈ ਅਤੇ ਮੋਦੀ ਜੀ ਨੂੰ ਵਿਸ਼ਣੂ ਦਾ ਦੂਜਾ ਅਵਤਾਰ ਕਿਹਾ ਗਿਆ ਹੈ।
ਭਾਵੇਂ ਆਰ ਐੱਸ ਐੱਸ ਵੱਲੋਂ ਇੱਕ ਪਵਿੱਤਰ ਪੁਸਤਕ ਦੀ ਤਰ੍ਹਾਂ ਮੰਨੀ ਜਾਂਦੀ ‘ਬੰਚ ਆਫ ਥਾਟਸ’ ਵਿੱਚੋਂ ਉਹ ਬਿਆਨ ਕੱਢ ਦਿੱਤਾ ਗਿਆ ਹੈ ਕਿ ‘ਭਾਰਤ ਦੇ ਮੁਸਲਮਾਨ ਅਤੇ ਇਸਾਈ ਹਿੰਦੂ ਸੱਭਿਆਚਾਰ ਅਪਣਾਅ ਲੈਣ ਨਹੀਂ ਤਾਂ ਉਹਨਾਂ ਲਈ ਨਾਗਰਿਕਤਾ ਦਾ ਹੱਕ ਨਹੀਂ ਹੋਵੇਗਾ’ ਪਰ ਕੰਮ ਢੰਗ ਉਸੇ ਤਰ੍ਹਾਂ ਦਾ ਹੀ ਹੈ। ਮੁਸਲਮਾਨਾਂ ਵੱਲੋਂ ਦੰਗਾ ਫੈਲਾਉਣ ਦਾ ਸ਼ੱਕ ਹੋਣ ਤੇ ਜਾਂ ਦੰਗੇ ਫੈਲਾਉਣ ਦੀ ਆਪ ਹੀ ਮਨਘੜਤ ਕਹਾਣੀ ਬਣਾ ਕੇ ਉਹਨਾਂ ਦੇ ਘਰਾਂ, ਦੁਕਾਨਾਂ ਉੱਤੇ ਬੁਲਡੋਜ਼ਰ ਚਲਾ ਦਿੱਤੇ ਜਾਂਦੇ ਹਨ। ਕਿਸੇ ਮੁਸਲਮਾਨ ਦੇ ਘਰ ਭਾਵੇਂ ਬੱਕਰੇ ਦਾ ਮੀਟ ਪਿਆ ਹੋਵੇ, ਉਸ ਨੂੰ ਗਾਂ ਦਾ ਮੀਟ ਪ੍ਰਚਾਰ ਕੇ ਦੰਗੇ ਐਨੇ ਫੈਲਾਏ ਜਾਂਦੇ ਹਨ ਕਿ ਮੁਸਲਮਾਨ ਦਾ ਕਤਲ ਹੋ ਜਾਂਦਾ ਹੈ ਜਾਂ ਉਸਦੇ ਘਰ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਜਦਕਿ ਕਿਸੇ ਵੀ ਅਪਰਾਧੀ ਉੱਤੇ ਦੋਸ਼ ਤੈਅ ਕਰਨਾ ਅਤੇ ਜੇਕਰ ਦੋਸ਼ ਸਾਬਤ ਹੋ ਜਾਣ ਤਾਂ ਸਜ਼ਾ ਦੇਣਾ ਕੋਰਟਾਂ ਦਾ ਕੰਮ ਹੈ ਨਾ ਕਿ ਕਿਸੇ ਸਰਕਾਰ ਜਾਂ ਮੁੱਖ ਮੰਤਰੀ ਦਾ ਹੁੰਦਾ ਹੈ। ਪਰ ਜਦੋਂ ਹਿੰਦੂ ਰਾਸ਼ਟਰ ਦਾ ਭੂਤ ਸਿਰ ਚੜ੍ਹ ਕੇ ਬੋਲੇ ਤਾਂ ਹਰ ਭਗਵਾ ਮੰਤਰੀ ਆਪਣੇ ਆਪ ਨੂੰ ਕੋਰਟ ਤੋਂ ਉੱਤੇ ਮੰਨਦਾ ਹੈ। ਡਰਾ ਕੇ ਜਾਂ ਲਾਲਚ ਦੇ ਕੇ ਮੁਸਲਮਾਨਾਂ ਤੋਂ ਹਿੰਦੂ ਬਣਾਏ ਜਾ ਰਹੇ ਹਨ ਅਤੇ ਨਾਲ ਹੀ ਰੌਲਾ ਪਾਇਆ ਜਾ ਰਿਹਾ ਹੈ ਕਿ ਮੁਸਲਮਾਨ ਨੌਜਵਾਨ ਲਵ ਜਿਹਾਦ ਰਾਹੀਂ ਹਿੰਦੂ ਲੜਕੀਆਂ ਨੂੰ ਮੁਸਲਮਾਨ ਬਣਾ ਰਹੇ ਹਨ ਅਤੇ ਇਸਾਈ ਲਾਲਚ ਦੇ ਕੇ ਹਿੰਦੂਆਂ ਨੂੰ ਇਸਾਈ ਬਣਾ ਰਹੇ ਹਨ।
ਇੱਕ ਹਿੰਦੂ ਰਾਸ਼ਟਰਵਾਦੀ ਅਤੇ ਭਾਜਪਾ ਦੇ ਨੇਤਾ ਅਸ਼ਵਨੀ ਉਪਾਧਆਯ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਪਾਈ ਸੀ ਕਿ ਸਾਰੇ ਇਤਿਹਾਸਿਕ ਸਥਾਨ ਜਿਹੜੇ ਕਿ ਮੁਸਲਿਮ ਹਮਲਾਵਰਾਂ ਦੇ ਨਾਮ ’ਤੇ ਰੱਖੇ ਗਏ ਹਨ, ਉਹਨਾਂ ਦੇ ਨਾਮ ਬਦਲ ਕੇ ਹਿੰਦੂ ਮਹਾ ਪੁਰਖਾਂ ਜਾਂ ਹਿੰਦੂ ਕਲਚਰ ਅਨੁਸਾਰ ਨਾਮ ਰੱਖਣ ਲਈ ਇੱਕ ਕਮਿਸ਼ਨ ਕਾਇਮ ਕੀਤਾ ਜਾਵੇ, ਜਿਹੜਾ ਕਿ ਹਿੰਦੂ ਨਾਂਵਾਂ ਦੀ ਇੱਕ ਲਿਸਟ ਤਿਆਰ ਕਰੇ। ਸੁਪਰੀਮ ਕੋਰਟ ਨੇ ਇਹ ਪਟੀਸ਼ਨ ਖਾਰਿਜ ਕਰਦੇ ਹੋਏ ਕਿਹਾ ਕਿ ਤੁਹਾਡੀ ਪਟੀਸ਼ਨ ਧਰਮਨਿਰਪੱਖਤਾ ਦੇ ਵਿਰੁੱਧ ਹੈ। ਤੁਸੀਂ ਭੂਤਕਾਲ ਦੀ ਖੁਦਾਈ ਕਰਕੇ ਆਉਣ ਵਾਲੀਆਂ ਪੀੜ੍ਹੀਆਂ ’ਤੇ ਬੋਝ ਪਾਉਣਾ ਚਾਹੁੰਦੇ ਹੋ। ਅਸੀਂ ਇਹ ਬਿਲਕੁਲ ਨਹੀਂ ਕਰ ਸਕਦੇ ਕਿਉਂਕਿ ਅਸੀਂ ਸੰਵਿਧਾਨ ਵਿੱਚ ਦਰਜ਼ ਧਰਮਨਿਰਪੱਖਤਾ ਦੀ ਰਾਖੀ ਕਰਨੀ ਹੈ।
ਧਰਮ ’ਤੇ ਅਧਾਰਿਤ ਕਿਸੇ ਵੀ ਪਾਰਟੀ ਦੀ ਸਰਕਾਰ ਨਾ ਤਾਂ ਦੂਜੇ ਧਰਮਾਂ ਦੇ ਸਾਰੇ ਲੋਕਾਂ ਨੂੰ ਆਪਣੇ ਧਰਮ ਵਿੱਚ ਲਿਆ ਸਕਦੀ ਹੈ ਅਤੇ ਨਾ ਹੀ ਆਪਣੇ ਧਰਮ ਅਨੁਸਾਰ ਦੇਸ਼ ਦਾ ਵਿਧਾਨ ਜਾਂ ਸੰਵਿਧਾਨ ਬਾਦਲ ਸਕਦੀ ਹੈ। ਇਹ ਅੱਤਿਆਚਾਰ ਕਰ ਸਕਦੀ ਹੈ, ਦੰਗੇ ਫੈਲਾਅ ਸਕਦੀ, ਦੂਜੇ ਧਰਮਾਂ ਪ੍ਰਤੀ ਦੁਸ਼ ਪ੍ਰਚਾਰ ਕਰ ਸਕਦੀ ਹੈ ਜਾਂ ਕੁਝ ਲੋਕਾਂ ਦਾ ਧਰਮ ਪਰਿਵਰਤਨ ਕਰ ਸਕਦੀ ਹੈ। ਜਦੋਂ ਕੋਈ ਧਰਮ ਅਧਾਰਿਤ ਕੱਟੜ ਲੋਕਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਸਾਰਾ ਦੇਸ਼ ਆਪਣੇ ਧਰਮ ਦੇ ਬੋਲਬਾਲੇ ਵਾਲਾ ਬਣਾਉਣਾ ਚਾਹੁੰਦੀ ਹੈ ਤਾਂ ਇਸਦੀ ਪ੍ਰਤੀਕਿਰਿਆ ਦੇ ਤੌਰ ’ਤੇ ਦੂਜੇ ਧਰਮਾਂ ਵਾਲੇ ਵੀ ਆਪਣੇ ਧਰਮ ਅਨੁਸਾਰ ਸਾਰਾ ਜਾਂ ਦੇਸ਼ ਦਾ ਕੁਝ ਹਿੱਸਾ ਆਪਣੇ ਧਰਮ ਦੇ ਬੋਲਬਾਲੇ ਵਾਲਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਹਿੰਦੂ ਰਾਸ਼ਟਰ ਦੀ ਮੰਗ ਪੈਦਾ ਹੋਣ ਨਾਲ ਖਾਲਿਸਤਾਨ ਜਾਂ ਮੁਸਲਿਮਸਤਾਨ ਦੀ ਮੰਗ ਪੈਦਾ ਹੋਣੀ ਲਾਜ਼ਮੀ ਹੈ ਪਰ ਦੇਸ਼ ਦੇ ਬਹੁਗਿਣਤੀ ਲੋਕ ਕਿਸੇ ਵੀ ਧਰਮ ਅਧਾਰਿਤ ਖੇਤਰ ਜਾਂ ਕਿਸੇ ਵੀ ਧਰਮ ਦੇ ਬੋਲਬਾਲੇ ਵਾਲਾ ਦੇਸ਼ ਜਾਂ ਖੇਤਰ ਨਹੀਂ ਚਾਹੁੰਦੇ। ਭਾਰਤ ਵਿੱਚ ਮੁਸਲਮਾਨਾਂ ਦਾ ਰਾਜ 332 ਸਾਲ ਰਿਹਾ ਅਤੇ ਅੰਗਰੇਜ਼ (ਈਸਾਈਆਂ) ਦਾ ਰਾਜ 89 ਸਾਲ ਰਿਹਾ ਪਰ ਨਾ ਸਾਰੇ ਮੁਸਲਮਾਨ ਬਣ ਸਕੇ ਅਤੇ ਨਾ ਸਾਰੇ ਇਸਾਈ ਬਣ ਸਕੇ। ਸਾਡਾ ਗੁਆਂਢੀ ਦੇਸ਼ ਮੁਸਲਿਮ ਧਰਮ ’ਤੇ ਅਧਾਰਿਤ ਹੈ। ਉੱਥੇ ਰਾਜ ਪਲਟੇ ਹੀ ਹੁੰਦੇ ਰਹਿੰਦੇ ਹਨ। ਆਪਣੇ ਆਪ ਨੂੰ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਕਹਿਣ ਦੇ ਬਾਵਜੂਦ ਉਹ ਸਰਕਾਰ ਫੌਜ ਦੀ ਇੱਛਾ ਅਨੁਸਾਰ ਕੰਮ ਕਰਦੀ ਹੈ। ਪ੍ਰਧਾਨ ਮੰਤਰੀ ਨੂੰ ਆਮ ਤੌਰ ’ਤੇ ਫਾਂਸੀ ਜਾਂ ਉਮਰ ਕੈਦ ਹੁੰਦੀ ਹੈ। ਇਹ ਦੇਸ਼ ਵਿਗਿਆਨ ਵਿੱਚ ਪਛੜ ਚੁੱਕਿਆ ਹੈ। ਇਸਦੀ ਆਰਥਿਕਤਾ ਵਿਦੇਸ਼ੀ ਸਹਾਇਤਾ ਦੀਆਂ ਫੌੜੀਆਂ ’ਤੇ ਚੱਲ ਰਹੀ ਹੈ। ਭਾਰਤ ਦੀ ਸਿਆਸਤ ਵਿੱਚ ਕਈ ਕਮੀਆਂ ਹੋਣ ਬਾਵਜੂਦ ਵੀ ਇਸਦੀ ਆਤਮਾ ਧਰਮ ਨਿਰਪੱਖ ਹੋਣ ਕਾਰਨ ਇਹ ਕਈ ਖੇਤਰਾਂ ਵਿੱਚ ਪਾਕਿਸਤਾਨ ਤੋਂ ਅੱਗੇ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)