“ਭਗਵਾ ਨੇਤਾ ਕਦੇ ਵੀ ਇਤਿਹਾਸ ਵਿੱਚ ਇਹ ਪੜ੍ਹਾ ਕੇ ਰਾਜ਼ੀ ਨਹੀਂ ਕਿ ਜਲ੍ਹਿਆਂਵਾਲਾ ਬਾਗ ...”
(6 ਅਪਰੈਲ 2025)
ਕੁਝ ਲੋਕਾਂ ਦੀ ਫਿਤਰਤ ਹੀ ਅਜਿਹੀ ਬਣ ਚੁੱਕੀ ਹੈ ਜਾਂ ਬਣਾ ਦਿੱਤੀ ਗਈ ਹੈ ਕਿ ਉਹ ਹਰ ਮੌਕੇ ’ਤੇ ਇਹੋ ਸੋਚਦੇ ਹਨ ਕਿ ਸਮਾਜ ਦੇ ਵੱਖ ਵੱਖ ਵਰਗਾਂ ਵਿੱਚ ਨਫ਼ਰਤ ਕਿਵੇਂ ਫੈਲਾਈ ਜਾਏ। ਜਦੋਂ ਇਨ੍ਹਾਂ ਨੂੰ ਨਹਿਰੂ, ਗਾਂਧੀ, ਕਾਂਗਰਸ, ਧਰਮਨਿਰਪੱਖਤਾ, ਕਮਿਊਨਿਸਟਾਂ ਆਦਿ ਵਿਰੁੱਧ ਨਫ਼ਰਤ ਫੈਲਾਉਣ ਤੋਂ ਵਿਹਲ ਮਿਲਦੀ ਹੈ ਇਹ ਤਾਂ ਔਰੰਗਜ਼ੇਬ, ਮੁਸਲਮਾਨਾਂ, ਬੁਰਕਾ ਜਾਂ ਜ਼ਿਹਾਦ ਆਦਿ ਵਿਰੁੱਧ ਨਫ਼ਰਤ ਫੈਲਾਉਣੀ ਸ਼ੁਰੂ ਕਰ ਦਿੰਦੇ ਹਨ। ਕਦੇ ਤਾਂ ਇਹ ਪ੍ਰਚਾਰ ਕਰਦੇ ਹਨ ਕਿ ਮੁਸਲਮਾਨਾਂ ਕੋਲੋਂ ਸਬਜ਼ੀ ਨਾ ਖਰੀਦੀ ਜਾਏ, ਕਦੇ ਕਿਹਾ ਜਾਂਦਾ ਹੈ ਕਿ ਮੁਸਲਮਾਨ ਆਪਣੀਆਂ ਖਾਣ-ਪੀਣ ਦੀਆਂ ਦੁਕਾਨਾਂ ਦੇ ਬਾਹਰ ਆਪਣਾ ਨਾਮ ਲਿਖ ਕੇ ਰੱਖਣ ਤਾਂ ਕਿ ਉੱਥੋਂ ਕੁਝ ਖਾ ਕੇ ਕਿਸੇ ਹਿੰਦੂ ਦਾ ਧਰਮ ਭ੍ਰਿਸ਼ਟ ਨਾ ਹੋ ਜਾਵੇ। ਹੋਲੀ ਦੇ ਤਿਉਹਾਰ ’ਤੇ ਕਿਸੇ ਵੀ ਮੁਸਲਿਮ ਨੇਤਾ ਜਾਂ ਮੁਸਲਿਮ ਸਮੂਹ ਨੇ ਕਦੇ ਕੋਈ ਇਤਰਾਜ਼ ਨਹੀਂ ਕੀਤਾ। ਉਹਨਾਂ ਦਾ ਤਾਂ ਕੇਵਲ ਇਹ ਕਹਿਣਾ ਹੈ ਕਿ ਜਦੋਂ ਅਸੀਂ ਕਿਸੇ ਤਿਉਹਾਰ ’ਤੇ ਨਮਾਜ਼ ਪੜ੍ਹ ਰਹੇ ਹੋਈਏ ਅਤੇ ਉਸ ਮੌਕੇ ਜੇਕਰ ਹੋਲੀ ਦਾ ਤਿਉਹਾਰ ਹੋਵੇ ਤਾਂ ਕੋਈ ਸਾਡੇ ’ਤੇ ਰੰਗ ਨਾ ਪਾਵੇ। ਪਰ ਦੰਗੇ ਫੈਲਾਉਣ ਦੀ ਮਨਸ਼ਾ ਵਾਲੇ ਜਾਣਬੁੱਝ ਕੇ ਨਮਾਜ਼ੀਆਂ ’ਤੇ ਪਿਚਕਾਰੀ ਨਾਲ ਰੰਗ ਪਾ ਦਿੰਦੇ ਹਨ। ਹੁਣ ਨਫ਼ਰਤੀ ਮਾਨਸਿਕਤਾ ਵਾਲੇ ਨੇਤਾਵਾਂ ਨੇ ਬਜਾਏ ਆਪਣੇ ਦੰਗਾ ਫੈਲਾਉਣ ਵਾਲਿਆਂ ਨੂੰ ਨਮਾਜ਼ੀਆਂ ’ਤੇ ਰੰਗ ਪਾਉਣੋਂ ਰੋਕਣ ਦੇ ਇਹ ਕਿਹਾ ਹੈ ਕਿ ਹੋਲੀ ਦੇ ਦਿਨ ਸਾਰੀਆਂ ਮਸਜਿਦਾਂ ਤਰਪਾਲ ਨਾਲ ਢਕ ਦਿੱਤੀਆਂ ਜਾਣ ਤਾਂਕਿ ਉਹਨਾਂ ’ਤੇ ਹੋਲੀ ਦਾ ਰੰਗ ਨਾ ਪੈ ਜਾਵੇ, ਅਤੇ ਢਕ ਵੀ ਦਿੱਤੀਆਂ ਗਈਆਂ। ਜੇਕਰ ਮੁਸਲਮਾਨ ਨੇਤਾ ਵੀ ਇਨ੍ਹਾਂ ਵਰਗੇ ਦੰਗਾਕਾਰੀ ਹੁੰਦੇ ਤਾਂ ਉਹ ਕਹਿੰਦੇ ਕਿ ਹੋਲੀ ਦੇ ਸਮੇਂ ਸਾਡਾ ਨਮਾਜ਼ ਦਾ ਵਕਤ ਹੁੰਦਾ ਹੈ, ਇਸ ਲਈ ਅਸੀਂ ਮਸਜਿਦਾਂ ਨਹੀਂ ਢਕਣ ਦੇਵਾਂਗੇ। ਪਰ ਉਹਨਾਂ ਨੇ ਅਕਲਮੰਦੀ ਤੋਂ ਕੰਮ ਲੈਂਦੇ ਹੋਏ ਨਮਾਜ਼ ਪੜ੍ਹਨ ਦਾ ਸਮਾਂ ਹੀ ਬਦਲ ਲਿਆ ਹੈ।
ਭਗਵਾ ਨੇਤਾ ਕਦੇ ਵੀ ਇਤਿਹਾਸ ਵਿੱਚ ਇਹ ਪੜ੍ਹਾ ਕੇ ਰਾਜ਼ੀ ਨਹੀਂ ਕਿ ਜਲ੍ਹਿਆਂਵਾਲਾ ਬਾਗ ਕਤਲੇਆਮ ਤੋਂ ਪਹਿਲਾਂ ਆਉਂਦੀ ਰਾਮ ਨੌਮੀ ’ਤੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਰਲ ਕੇ ਸ਼ੋਭਾ ਯਾਤਰਾ ਕੱਢੀ ਸੀ ਅਤੇ ਮੁਸਲਮਾਨਾਂ ਨੇ ਠੰਢਾ ਅਤੇ ਮਿੱਠਾ ਜਲ ਵਰਤਾਇਆ ਸੀ, ਅਤੇ ਕਿਸੇ ਹਿੰਦੂ ਨੇ ਇਹ ਜਲ ਪੀਣ ਤੋਂ ਮਨ੍ਹਾ ਨਹੀਂ ਕੀਤਾ ਸੀ। ਫ਼ਸਾਦੀ ਲੋਕ ਇਹ ਵੀ ਕਿਸੇ ਨੂੰ ਦੱਸ ਕੇ ਰਾਜ਼ੀ ਨਹੀਂ ਕਿ ਇੱਕ ਪਠਾਣ ਦੇ ਘਰ ਪੈਦਾ ਹੋਇਆ ਬੱਚਾ ਸੈਯਦ ਇਬਰਾਹੀਮ ਸ਼੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਤੋਂ ਐਨਾ ਪ੍ਰਭਾਵਿਤ ਹੋਇਆ ਕਿ ਕ੍ਰਿਸ਼ਨ ਦਾ ਭਗਤ ਬਣ ਗਿਆ। ਕ੍ਰਿਸ਼ਨ ’ਤੇ ਕਵਿਤਾਵਾਂ ਅਤੇ ਦੋਹੇ ਲਿਖੇ ਅਤੇ ਕ੍ਰਿਸ਼ਨ ਦੇ ਭਗਤੀ ਰਸ ਵਿੱਚ ਡੁੱਬੇ ਹੋਣ ਕਾਰਨ ਉਸ ਦਾ ਨਾਮ ਰਸਖਾਨ ਪੈ ਗਿਆ। ਸੱਤਾਰ ਅਹਿਮਦ ਧਰਮ ਤੋਂ ਮੁਸਲਮਾਨ ਪਰ ਕਰਮ ਤੋਂ ਕ੍ਰਿਸ਼ਨ ਭਗਵਾਨ ਦਾ ਭਗਤ ਸੀ। ਲੋਕ ਇਸ ਨੂੰ ਦੂਸਰਾ ਰਸਖਾਨ ਕਹਿੰਦੇ ਹਨ। ਪਰ ਇਸਦੇ ਉਲਟ ਮਹਾ ਕੁੰਭ ਦੇ ਮੌਕੇ ’ਤੇ ਮੁਸਲਮਾਨਾਂ ਦਾ ਉੱਥੇ ਆਉਣਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਮਨ੍ਹਾ ਕਰ ਦਿੱਤਾ। ਭਾਜਪਾ ਦੇ ਇੱਕ ਵਿਧਾਇਕ ਕੇਤਕੀ ਸਿੰਘ ਨੇ ਇੱਕ ਜ਼ੇਰੇ ਤਾਮੀਰ ਹਸਪਤਾਲ ਵਿੱਚ ਕਿਹਾ, “ਮੁਸਲਮਾਨਾਂ ਨੂੰ ਸਾਡੇ ਹੋਲੀ ਖੇਡਣ ’ਤੇ ਸਮੱਸਿਆ ਆਉਂਦੀ ਹੈ, ਉਹਨਾਂ ਦਾ ਅਲੱਗ ਵਾਰਡ ਬਣਾ ਦਿੱਤਾ ਜਾਵੇ ਕਿਉਂਕਿ ਜਿੱਥੇ ਹਿੰਦੂਆਂ ਦਾ ਇਲਾਜ ਹੁੰਦਾ ਹੋਵੇ, ਉੱਥੇ ਉਹਨਾਂ ਨੂੰ ਇਲਾਜ ਕਰਵਾਉਣ ਵਿੱਚ ਸਮੱਸਿਆ ਆ ਸਕਦੀ ਹੈ।” ਕੇਵਲ ਕੇਤਕੀ ਸਿੰਘ ਹੀ ਨਹੀਂ, ਅਜਿਹੀ ਸੋਚ ਵਾਲੇ ਵਿਅਕਤੀ ਭਿੰਨ ਭਿੰਨ ਧਰਮਾਂ ਜਾਂ ਸਮੂਹਾਂ ਵਿੱਚ 1947 ਤੋਂ ਲੈ ਕੇ ਹੁਣ ਤਕ ਭਾਸ਼ਾ ਦੇ ਮਸਲੇ ’ਤੇ ਵੀ ਨਫ਼ਰਤ ਫੈਲਾਉਂਦੇ ਰਹੇ। ਜਦੋਂ ਭਾਸ਼ਾਵਾਂ ਦੇ ਅਧਾਰ ’ਤੇ ਸੂਬਿਆਂ ਦੀ ਵੰਡ ਹੋਣ ਲੱਗੀ ਤਾਂ ਇਹੋ ਜਿਹੇ ਲੋਕਾਂ ਨੇ ਪੰਜਾਬ ਵਿੱਚ ਅਖ਼ਬਾਰਾਂ ਰਾਹੀਂ, ਭਾਸ਼ਣਾਂ ਰਾਹੀਂ ਜਾਂ ਸੰਘ ਦੀਆਂ ਸ਼ਾਖਾਵਾਂ ਰਾਹੀਂ ਪ੍ਰਚਾਰ ਕੀਤਾ ਕਿ ਪੰਜਾਬੀ ਹਿੰਦੂਆਂ ਦੀ ਮਾਤ ਭਾਸ਼ਾ ਹਿੰਦੀ ਹੈ। ਭੋਲੇ ਭਾਲੇ ਲੋਕਾਂ ’ਤੇ ਅਜਿਹੇ ਪ੍ਰਚਾਰ ਦਾ ਅਸਰ ਹੋ ਗਿਆ ਅਤੇ ਜਦੋਂ ਵੀ ਕੋਈ ਸਰਵੇਅਰ ਆ ਕੇ ਕਿਸੇ ਪੰਜਾਬੀ ਹਿੰਦੂ ਨੂੰ ਉਸਦੀ ਮਾਤ ਭਾਸ਼ਾ ਪੁੱਛਦਾ ਤਾਂ ਉਹ ਹਿੰਦੀ ਕਹਿੰਦੇ। ਉਦੋਂ ਅਜੀਬੋ ਗਰੀਬ ਸਥਿਤੀ ਪੈਦਾ ਹੋ ਜਾਂਦੀ ਜਦੋਂ ਸਰਵੇਅਰ ਕਹਿੰਦਾ ਕਿ ਤੁਸੀਂ ਮੇਰੇ ਨਾਲ ਸਾਰੀ ਗੱਲਬਾਤ ਤਾਂ ਪੰਜਾਬੀ ਵਿੱਚ ਕਰ ਰਹੇ ਹੋ ਅਤੇ ਮਾਤ ਭਾਸ਼ਾ ਹਿੰਦੀ ਦੱਸ ਰਹੇ ਹੋ। ਸ਼ਾਇਦ ਹਰਿਆਣੇ ਵਿੱਚ ਅਜਿਹੇ ਪ੍ਰਚਾਰ ਦਾ ਜ਼ਿਆਦਾ ਅਸਰ ਸੀ ਜਾਂ ਕੇਂਦਰ ਸਰਕਾਰ ਦੀ ਪਾਲਿਸੀ ਸੀ ਕਿ ਕੁਝ ਪੰਜਾਬੀ ਇਲਾਕੇ ਹਰਿਆਣੇ ਵਿੱਚ ਚਲੇ ਗਏ। ਅੱਜਕਲ ਇਹ ਉਰਦੂ ਦੁਆਲੇ ਹੋਏ ਹੋਏ ਹਨ ਅਤੇ ਪ੍ਰਚਾਰ ਕਰ ਰਹੇ ਹਨ ਕਿ ਉਰਦੂ ਹਿੰਦੂਆਂ ਦੀ ਭਾਸ਼ਾ ਨਹੀਂ ਹੈ। ਦੂਜੇ ਪਾਸੇ ਤਾਮਿਲ ਨਾਢੂ ਜਾਂ ਬੰਗਾਲ ਵਿੱਚ ਕਦੇ ਕਿਸੇ ਮੁਸਲਮਾਨ ਨੇ ਇਹ ਨਹੀਂ ਕਿਹਾ ਕਿ ਸਾਡੀ ਮਾਤ ਭਾਸ਼ਾ ਉਰਦੂ ਹੈ।
ਇੱਕ ਹਿੰਦੂਤਵ ਗਰੁੱਪ ਨੇ ਵ੍ਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਿਰ ਦੇ ਪ੍ਰਬੰਧਕਾਂ ਨੂੰ ਕਿਹਾ ਹੈ ਕਿ ਉਹ ਮੰਦਿਰ ਵਿੱਚ ਦੇਵੀ ਦੇਵਤਿਆਂ ਲਈ ਮੁਸਲਮਾਨਾਂ ਕੋਲੋਂ ਪੋਸ਼ਾਕਾਂ ਨਾ ਖਰੀਦਣ। ਮੰਦਿਰ ਦੇ ਪ੍ਰਬੰਧਕਾਂ ਨੇ ਹਿੰਦੂਤਵ ਦੇ ਇਸ ਗਰੁੱਪ ਦੀ ਫਿਰਕਦਾਰਾਨਾ ਜ਼ਹਿਰੀਲੀ ਮੰਗ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਵਾਰਾਣਸੀ, ਅਯੁੱਧਿਆ, ਸੰਭਲ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਇਸ ਗਰੁੱਪ ਨੇ ਮੰਦਿਰਾਂ ਲਈ ਮੁਸਲਮਾਨਾਂ ਤੋਂ ਪੋਸ਼ਾਕਾਂ ਨਾ ਖਰੀਦਣ ਲਈ ਕਿਹਾ ਹੈ ਜਦਕਿ ਰਵਾਇਤੀ ਤੌਰ ’ਤੇ ਮੁਸਲਮਾਨ ਦਰਜ਼ੀ ਮੰਦਿਰਾਂ ਦੀਆਂ ਮੂਰਤੀਆਂ ਲਈ ਕੱਪੜਾ ਖਰੀਦ ਕੇ ਪੋਸ਼ਾਕਾਂ ਬਣਾ ਰਹੇ ਹਨ। ਸ਼੍ਰੀ ਠਾਕੁਰ ਬਾਂਕੇ ਬਿਹਾਰੀ ਮਹਾਰਾਜ ਮੰਦਿਰ ਦੇ ਸੀਨੀਅਰ ਪੁਜਾਰੀ ਗਿਆਨੇਂਦਰ ਕਿਸ਼ੋਰ ਗੋਸਵਾਮੀ ਨੇ ਪੱਤਰਕਾਰਾਂ ਨੂੰ ਵੀਰਵਾਰ 13 ਮਾਰਚ ਨੂੰ ਦੱਸਿਆ, “ਮੂਰਤੀਆਂ ਲਈ ਪੋਸ਼ਾਕਾਂ ਸਿਉਣ ਵਾਲੇ ਜ਼ਿਆਦਾਤਰ ਮੁਸਲਮਾਨ ਹਨ। ਉਹ ਬਹੁਤ ਵਧੀਆ ਦਰਜ਼ੀ ਹਨ ਅਤੇ ਅਨੁਸ਼ਾਸਿਤ ਹਨ। ਉਹ ਸਾਡੀਆਂ ਜ਼ਰੂਰਤਾਂ ਨੂੰ ਸਮਝਦੇ ਹਨ ਅਤੇ ਬੜੀ ਸ਼ਰਧਾ ਨਾਲ ਕੰਮ ਕਰਦੇ ਹਨ।” ਸ਼੍ਰੀ ਗਿਆਨੇਂਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਜਾਰੀ ਰੱਖਦੇ ਹੋਏ ਕਿਹਾ, “ਬਾਂਕੇ ਬਿਹਾਰੀ ਮੰਦਿਰ 164 ਸਾਲ ਪੁਰਾਣਾ ਹੈ। ਸਾਨੂੰ ਤਿਉਹਾਰਾਂ ਦੇ ਮੌਕੇ ਮੂਰਤੀਆਂ ਲਈ ਵਿਸ਼ੇਸ਼ ਪੋਸ਼ਾਕਾਂ ਚਾਹੀਦੀਆਂ ਹੁੰਦੀਆਂ ਹਨ, ਜਿਹੜੀਆਂ ਕਿ ਮੁਸਲਮਾਨ ਦਰਜ਼ੀ ਸਾਨੂੰ ਤੁਰੰਤ ਤਿਆਰ ਕਰਕੇ ਦੇ ਦਿੰਦੇ ਹਨ। ਅਸੀਂ ਮੁਸਲਮਾਨਾਂ ਤੋਂ ਪੋਸ਼ਾਕਾਂ ਬਣਵਾਉਣੀਆਂ ਇਸ ਲਈ ਬੰਦ ਨਹੀਂ ਕਰ ਸਕਦੇ ਕਿ ਕੁਝ ਲੋਕ ਇਸ ਨੂੰ ਪਸੰਦ ਨਹੀਂ ਕਰਦੇ। ਸਾਡੇ ’ਤੇ ਹਿੰਦੂਤਵ ਗਰੁੱਪ ਦਾ ਬਹੁਤ ਨਫ਼ਰਤੀ ਦਬਾਅ ਹੈ ਪਰ ਅਸੀਂ ਝੁਕਣ ਵਾਲੇ ਨਹੀਂ ਹਾਂ।”
ਸ਼੍ਰੀ ਕ੍ਰਿਸ਼ਨ ਜਨਮਭੂਮੀ ਸੰਘਰਸ਼ ਨਿਆਸ ਨੇ ਮਥੁਰਾ ਜ਼ਿਲ੍ਹੇ ਦੇ ਸਾਰੇ ਮੰਦਿਰਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਮੂਰਤੀਆਂ ਲਈ ਪੋਸ਼ਾਕਾਂ ਮੁਸਲਮਾਨਾਂ ਕੋਲੋਂ ਨਾ ਖਰੀਦਣ। ਇਸ ਨਿਆਸ ਨੇ ਬਾਂਕੇ ਬਿਹਾਰੀ ਮੰਦਿਰ ਦੇ ਪ੍ਰਬੰਧਕਾਂ ਨੂੰ ਵੀ ਤਾਕੀਦ ਕੀਤੀ ਸੀ। ਨਿਆਸ ਪ੍ਰਧਾਨ ਦਿਨੇਸ਼ ਫਲਾਹਾਰੀ ਨੇ ਕਿਹਾ, “ਰੱਬ ਦੇ ਕੱਪੜੇ ਸ਼ੁੱਧ ਹੋਣੇ ਚਾਹੀਦੇ ਹਨ, ਇਹ ਉਹਨਾਂ ਲੋਕਾਂ ਵੱਲੋਂ ਨਹੀਂ ਸੀਤੇ ਜਾਣੇ ਚਾਹੀਦੇ ਜਿਹੜੇ ਗਊ ਮਾਤਾ ਅਤੇ ਹਿੰਦੂ ਧਰਮ ਦਾ ਸਤਕਾਰ ਨਹੀਂ ਕਰਦੇ।”
ਮੰਦਿਰ ਦੇ ਇੱਕ ਹੋਰ ਪੁਜਾਰੀ ਅਨੰਤ ਬਿਹਾਰੀ ਗੋਸਵਾਮੀ ਨੇ ਕਿਹਾ, “ਜਦੋਂ ਤੋਂ ਮੰਦਿਰ ਬਣਿਆ ਹੈ, ਮੁਸਲਮਾਨ ਇਸ ਮੰਦਿਰ ਲਈ 99% ਪੋਸ਼ਾਕਾਂ ਤਿਆਰ ਕਰ ਕੇ ਦੇ ਰਹੇ ਹਨ। ਅਸੀਂ ਇਸ ਪਰੰਪਰਾ ਅਤੇ ਸੱਭਿਆਚਾਰ ਨੂੰ ਬੰਦ ਕਰਨੋਂ ਇਨਕਾਰੀ ਹਾਂ। ਜਿਹੜੇ ਅਜਿਹੀ ਮੰਗ ਕਰਦੇ ਹਨ, ਉਹ ਮੁਸਲਮਾਨਾਂ ’ਤੇ ਆਰਥਿਕ ਸੱਟ ਮਰਨਾ ਚਾਹੁੰਦੇ ਹਨ ਪਰ ਅਸੀਂ ਹਰ ਧਰਮ ਅਤੇ ਹਰ ਵਿਅਕਤੀ ਦਾ ਸਨਮਾਨ ਕਰਦੇ ਹਾਂ।”
ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਦਾ ਸੋਚਣ ਦਾ ਢੰਗ ਉਹਨਾਂ ਨੂੰ ਮਿਲੇ ਗਿਆਨ ਉੱਤੇ ਨਿਰਭਰ ਕਰਦਾ ਹੈ। ਜਿਸ ਵਿਅਕਤੀ ਜਾਂ ਜਿਹੜੇ ਵਿਅਕਤੀਆਂ ਦੇ ਸਮੂਹ ਨੂੰ ਕੇਵਲ ਉਹ ਹੀ ਗਿਆਨ ਪ੍ਰਾਪਤ ਹੋਇਆ ਹੈ ਜਿਸ ਵਿੱਚ ਮੁਸਲਮਾਨਾਂ, ਈਸਾਈਆਂ ਜਾਂ ਬੋਧੀਆਂ ਪ੍ਰਤੀ ਨਫ਼ਰਤ ਭਰੀ ਹੋਵੇ, ਉਹਨਾਂ ਨੂੰ ਜੇਕਰ ਸ਼੍ਰੀ ਕ੍ਰਿਸ਼ਨ ਭਗਵਾਨ ਵੀ ਆਪ ਪ੍ਰਗਟ ਹੋ ਕੇ ਕਹਿਣ ਕਿ ਸਾਰਾ ਸੰਸਾਰ ਮੇਰਾ ਪਰਿਵਾਰ ਹੈ, ਉਹ ਤਾਂ ਵੀ ਨਫ਼ਰਤ ਫੈਲਾਉਣ ਤੋਂ ਨਹੀਂ ਹਟ ਸਕਦੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (