Vishvamitter7ਜੇਕਰ ਕਿਸੇ ਦੇ ਖੂਨ ਵਿੱਚ ਨਫ਼ਰਤ ਭਰ ਜਾਵੇ ਤਾਂ ਉਸਦਾ ਵਿਵੇਕ ਮਰ ਜਾਂਦਾ ਹੈ। ਸਮਾਂ ਹੀ ਅਜਿਹਾ ...17 May 2025
(17 ਮਈ 2025)


 

17 May 2025

ਹਿਮਾਂਸ਼ੀ ਨਰਵਾਲ


ਕਿਸੇ ਦੇ ਖੂਨ ਵਿੱਚ ਸੱਪ ਦਾ ਜ਼ਹਿਰ ਰਚ ਜਾਵੇ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਜੇਕਰ ਕਿਸੇ ਦੇ ਖੂਨ ਵਿੱਚ ਨਫ਼ਰਤ ਭਰ ਜਾਵੇ ਤਾਂ ਉਸਦਾ ਵਿਵੇਕ ਮਰ ਜਾਂਦਾ ਹੈ। ਸਮਾਂ ਹੀ ਅਜਿਹਾ ਕਲਹਿਣਾ ਆ ਗਿਆ ਹੈ ਕਿ ਨੌਜਵਾਨਾਂ ਦੇ ਦਿਮਾਗਾਂ ਵਿੱਚ ਸਿਆਸਤਦਾਨ ਅਤੇ ਗੋਦੀ ਮੀਡੀਆ ਲਗਾਤਾਰ ਨਫ਼ਰਤ ਭਰ ਰਹੇ ਹਨ। ਪੁਲਵਾਮਾ ਅਤੇ ਪਾਹਿਲਗਾਮ ਘਟਨਾਵਾਂ ਤੋਂ ਬਾਅਦ ਇਸ ਕੰਮ ਵਿੱਚ ਤੇਜ਼ੀ ਆਈ ਹੈ।

ਜਲੰਧਰ ਸ਼ਹਿਰ ਵਿੱਚ ਇੱਕ ਸ਼ਕਲ ਸੂਰਤ ਤੋਂ ਦਿਸਦਾ ਕਸ਼ਮੀਰੀ ਨੌਜਵਾਨ ਦਵਾਈਆਂ ਖਰੀਦਣ ਜਾ ਰਿਹਾ ਸੀ, ਜਿਹੜਾ ਕਿ ਜਲੰਧਰ ਦੇ ਹੀ ਕਾਲਜ ਦਾ ਵਿਦਿਆਰਥੀ ਸੀ। ਉਸ ਨੂੰ ਕੁਝ ਅਣਪਛਾਤੇ ਸ਼ਰਾਰਤੀ ਮੁੰਡੇ ਆ ਮਿਲੇ ਅਤੇ ਉਸ ਦਾ ਅਧਾਰ ਕਾਰਡ ਮੰਗਿਆ। ਅਧਾਰ ਕਾਰਡ ਦੇਖਦੇ ਹੀ ਇੱਕ ਮੁੰਡਾ ਬੋਲਿਆ, ਕਸ਼ਮੀਰੀ ਹੈ।” ਐਨਾ ਸੁਣਦੇ ਹੀ ਬਾਕੀਆਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਜੰਮੂ ਕਸ਼ਮੀਰ ਵਿਦਿਆਰਥੀ ਯੂਨੀਅਨ ਨੇ ਅਜਿਹੇ ਅਨਸਰਾਂ ਨੂੰ ਕੜੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਜੰਮੂ ਕਸ਼ਮੀਰ ਦੀ ਮੰਤਰੀ ਸਕੀਨਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲੀ ਅਤੇ ਪੰਜਾਬ ਵਿੱਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਨੂੰ ਕਿਹਾ। ਜਲੰਧਰ ਪੁਲਿਸ ਕਮਿਸ਼ਨਰ ਦਾ ਕਹਿਣਾ ਸੀ ਕਿ ਸਾਨੂੰ ਅਜੇ ਤਕ ਇਸ ਸੰਬੰਧੀ ਕੋਈ ਰਿਪੋਰਟ ਨਹੀਂ ਮਿਲੀ ਪਰ ਮੈਂ ਕਾਲਜ ਦੇ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਤੋਂ ਘਟਨਾ ਦੀ ਪੁਸ਼ਟੀ ਕਰਵਾ ਰਹੀ ਹਾਂ।

ਮਸੂਰੀ (ਉੱਤਰਾਖੰਡ) ਵਿੱਚ ਇੱਕ ਕਸ਼ਮੀਰੀ ਸ਼ਾਲ ਵੇਚਣ ਵਾਲੇ ਨੂੰ ਕੁਝ ਗੁੰਡਿਆਂ ਨੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਜਲਦੀ ਇੱਥੋਂ ਆਪਣਾ ਸਮਾਨ ਚੁੱਕ ਕੇ ਚਲਾ ਜਾ। ਉਸ ਨੇ ਆਪਣਾ ਅਧਾਰ ਕਾਰਡ ਵਿਖਾ ਕੇ ਕਿਹਾ ਕਿ ਮੈਂ ਭਾਰਤੀ ਕਸ਼ਮੀਰ ਦਾ ਰਹਿਣ ਵਾਲਾ ਹਾਂ ਪਰ ਗੁੰਡਿਆਂ ਨੇ ਫਿਰ ਥੱਪੜ ਮਾਰ ਕੇ ਭਜਾ ਦਿੱਤਾ ਅਤੇ ਕਿਹਾ ਕਿ ਮੁੜ ਕੇ ਇਸ ਇਲਾਕੇ ਵਿੱਚ ਨਜ਼ਰ ਨਾ ਆਵੀਂ। ਉਸਦਾ ਕਹਿਣਾ ਸੀ ਕਿ ਮੈਂ ਅਤੇ ਮੇਰੇ ਹੋਰ ਸਾਥੀ ਇਸ ਇਲਾਕੇ ਵਿੱਚ ਪਿਛਲੇ ਵੀਹ ਸਾਲਾਂ ਤੋਂ ਸ਼ਾਲ ਵੇਚਣ ਆ ਰਹੇ ਹਾਂ, ਸਾਨੂੰ ਇਸ ਇਲਾਕੇ ਵਿੱਚ ਲੋਕਾਂ ਤੋਂ ਬੜਾ ਪਿਆਰ ਮਿਲਿਆ ਹੈ ਪਰ ਅੱਜ ਜੋ ਕੁਝ ਸਾਡੇ ਨਾਲ ਹੋ ਰਿਹਾ ਹੈ, ਇਸ ਤੋਂ ਲਗਦਾ ਹੈ ਕਿ ਹੁਣ ਕਸ਼ਮੀਰੀ ਹੋਣਾ ਵੀ ਗੁਨਾਹ ਹੋ ਗਿਆ ਹੈ।

ਪੁੱਛ ਵਿੱਚ 13 ਬੇਦੋਸ਼ੇ ਭਾਰਤੀ ਲੋਕ ਪਾਕਿਸਤਾਨੀ ਗੋਲਾਬਾਰੀ ਵਿੱਚ ਮਾਰੇ ਗਏ। ਉਹਨਾਂ ਵਿੱਚ ਇੱਕ ਮਦਰਸੇ ਦਾ ਅਧਿਆਪਕ ਕਾਦਰੀ ਮੁਹੰਮਦ ਵੀ ਸੀ। ਜਿਸ ਵਕਤ ਉਸਦਾ ਸਾਰਾ ਪਰਿਵਾਰ ਗਮ ਵਿੱਚ ਸੀ, ਉਸ ਵਕਤ ਬਜਾਏ ਉਹਨਾਂ ਨੂੰ ਕੋਈ ਹੌਸਲਾ ਦੇਣ ਦੇ ਨਿਊਜ਼ 18, ਜ਼ੀ ਨਿਊਜ਼, ਅਤੇ ਰਿਪਬਲਿਕ ਇੰਡੀਆ ਵਰਗੇ ਚੈਨਲਾਂ ਨੇ ਬਿਨਾਂ ਕਿਸੇ ਪ੍ਰਮਾਣ ਦੇ ਦੱਬ ਕੇ ਝੂਠ ਬੋਲਿਆ ਕਿ ਉਹ ਲਸ਼ਕਰੇ ਤੋਇਬਾ ਦਾ ਕਮਾਂਡਰ ਸੀ ਅਤੇ ਪੁਲਵਾਮਾ ਹਮਲੇ ਵਿੱਚ ਵੀ ਇਸਦਾ ਹੱਥ ਸੀ। ਕਾਫ਼ੀ ਸਾਰੇ ਲੋਕਾਂ ਨੇ ਇਨ੍ਹਾਂ ਚੈਨਲਾਂ ਦੇ ਬਕਵਾਸ ਦਾ ਵਿਰੋਧ ਕੀਤਾ ਅਤੇ ਭਾਜਪਾ ਨੇਤਾ ਚੌਧਰੀ ਜੁਲਫੀਕਾਰ, ਜਿਹੜਾ ਕਿ ਪਹਿਲਾਂ ਮੰਤਰੀ ਵੀ ਰਿਹਾ ਹੈ, ਉਸ ਨੇ ਚੈਨਲਾਂ ਨੂੰ ਚੱਜ ਨਾਲ ਬੋਲਣ ਨੂੰ ਕਿਹਾ ਹੈ। ਪੂਛ ਪੁਲਿਸ ਨੇ ਕਿਹਾ ਹੈ ਕਿ ਨਾ ਕਾਦਰੀ ਆਤੰਕਵਾਦੀ ਸੀ ਅਤੇ ਨਾ ਹੀ ਉਸਦਾ ਕੋਈ ਲਸ਼ਕਰੇ ਤੋਇਬਾ ਨਾਲ ਸੰਬੰਧ ਹੈ। ਕਾਦਰੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਇੱਕ ਪਾਸੇ ਅਸੀਂ ਪਾਕਿਸਤਾਨੀ ਗੋਲਾਬਾਰੀ ਤੋਂ ਦੁਖੀ ਹਾਂ ਅਤੇ ਦੂਸਰੇ ਪਾਸੇ ਅਸੀਂ ਉਹਨਾਂ ਚੈਨਲਾਂ ਤੋਂ ਦੁਖੀ ਹਾਂ, ਜਿਹੜੇ ਸਾਡੇ ਸ਼ਹੀਦ ਹੋਏ ਕਾਦਰੀ ਨੂੰ ਲਸ਼ਕਰੇ ਤੋਇਬਾ ਦਾ ਆਤੰਕਵਾਦੀ ਗਰਦਾਨ ਰਹੇ ਹਨ।

ਨਫ਼ਰਤ ਫੈਲਾਉਣ ਵਾਲਿਆਂ ਲਈ ਨਾ ਕਿਸੇ ਔਰਤ ਲਈ ਅਤੇ ਨਾ ਕਿਸੇ ਫੌਜੀ ਲਈ ਸਤਕਾਰ ਹੈ ਜੇਕਰ ਉਹ ਮੁਸਲਮਾਨ ਹੋਵੇ ਜਾਂ ਧਰਮਨਿਰਪੱਖ ਹੋਵੇ। ਅਜ਼ਾਦੀ ਅੰਦੋਲਨ ਲਈ ਦਿੱਤੀਆਂ ਕੁਰਬਾਨੀਆਂ ਜਾਂ ਕੱਟੀਆਂ ਜੇਲ੍ਹਾਂ ਨੂੰ ਛਿੱਕੇ ’ਤੇ ਟੰਗਦੇ ਹੋਏ ਇਹ ਮਹਾਤਮਾ ਗਾਂਧੀ ਅਤੇ ਨਹਿਰੂ ਪਰਿਵਾਰ ਵਿਰੁੱਧ ਨਫ਼ਰਤ ਕੇਵਲ ਇਸ ਲਈ ਫੈਲਾਅ ਰਹੇ ਹਨ ਕਿਉਂਕਿ ਉਹ ਧਰਮਨਿਰਪੱਖ ਸਨ। ਨਫ਼ਰਤੀ ਲੋਕਾਂ ਕੋਲੋਂ ਇਹ ਵੀ ਨਹੀਂ ਸਹਾਰਿਆ ਜਾਂਦਾ ਕਿ ਈਸ਼ਵਰ ਅਤੇ ਅੱਲ੍ਹਾ ਨੂੰ ਇੱਕ ਹੀ ਕਹਿ ਦਿੱਤਾ ਜਾਵੇ। ਸਵਰਗਵਾਸੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ’ਤੇ ਭਾਜਪਾ ਨੇ ਇੱਕ ਪ੍ਰੋਗਰਾਮ ਰੱਖਿਆ, ਜਿਸ ਵਿੱਚ ਭੋਜਪੁਰੀ ਲੋਕ ਗਾਇਕਾ ਦੇਵੀ ਨੇ ਭਜਨ ਗਾਇਆ, “ਰਘੁਪਤਿ ਰਾਘਵ ਰਾਜਾ ਰਾਮ ...।” ਜਿਓਂ ਹੀ ਉਸਨੇ ਭਜਨ ਵਿਚਲੇ ਸ਼ਬਦ ਈਸ਼ਵਰ ਅੱਲ੍ਹਾ ਤੇਰੋ ਨਾਮ ਬੋਲੇ ਤਾਂ ਉੱਥੇ ਬੈਠੇ “ਹਿੰਦੂ ਪੁੱਤਰ ਸੰਗਠਨ” ਦੇ ਮੈਂਬਰ ਭੜਕ ਉੱਠੇ ਅਤੇ ਬੇਹੂਦਾ ਸ਼ਬਦ ਬੋਲਦੇ ਹੋਏ ਦੇਵੀ ਨੂੰ ਸਟੇਜ ਤੋਂ ਉੱਤਰਨ ਲਈ ਕਹਿਣ ਲੱਗ ਪਏ। ਦੇਵੀ ਵੱਲੋਂ ਮੁਆਫੀ ਮੰਗਣ ’ਤੇ ਵੀ ਇਹ ਨਫ਼ਰਤੀ ਚੁੱਪ ਨਹੀਂ ਹੋਏ। ਨਫ਼ਰਤ ਨਾਲ ਨੱਕੋ ਨੱਕ ਭਰੇ ਦਿਮਾਗਾਂ ਵਿੱਚ ਅਕਲ ਲਈ ਐਨੀ ਥਾਂ ਵੀ ਨਹੀਂ ਬਚੀ ਸੀ ਕਿ ਸੋਚ ਲੈਂਦੇ ਕਿ ਭਜਪਾ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਜਨਮ ਦਿਹਾੜਾ ਹੁੜਦੰਗ ਤੋਂ ਬਿਨਾਂ ਰਹਿਣ ਦਿੱਤਾ ਜਾਏ।

ਪਹਿਲਗਾਮ ਘਟਨਾ ਤੋਂ ਬਾਅਦ ਨਫ਼ਰਤੀਆਂ ਨੇ ਆਪਣੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। ਇਨ੍ਹਾਂ ਨੂੰ ਸਾਰੇ ਮੁਸਲਮਾਨਾਂ ਅਤੇ ਪਾਕਿਸਤਾਨੀ ਸ਼ਹਿਰਾਂ ਨਾਲ ਨਫ਼ਰਤ ਹੈ। ਹੈਦਰਾਬਾਦ ਵਿੱਚ ਇੱਕ ਕਰਾਚੀ ਬੇਕਰੀ ਹੈ। ਦੇਖਦਿਆਂ ਹੀ ਭਗਵਾ ਝੰਡੇ ਚੁੱਕ ਕੇ ਨਫ਼ਰਤੀਆਂ ਨੇ ਬੇਕਰੀ ਦਾ ਸਾਈਨ ਬੋਰਡ ਤੋੜ ਦਿੱਤਾ। ਇਹ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਇਸਦਾ ਮਾਲਿਕ ਕੌਣ ਹੈ। ਇਸਦਾ ਮਾਲਿਕ ਖਾਨ ਚੰਦ ਰਮਾਨੀ ਇੱਕ ਸਿੰਧੀ ਹੈ, ਜਿਹੜਾ 1953 ਤੋਂ ਇਹ ਬੇਕਰੀ ਚਲਾ ਰਿਹਾ ਹੈ। ਕੋਈ ਹੈਰਾਨਗੀ ਨਹੀਂ ਹੋਣੀ ਚਾਹੀਦੀ ਜੇਕਰ ਕੱਲ੍ਹ ਨੂੰ ਕਿਸੇ ਮੁਲਤਾਨੀ ਮਿੱਟੀ ਵੇਚਣ ਵਾਲੇ ਨੂੰ ਕੁੱਟ ਦੇਣ ਭਾਵੇਂ ਉਹ ਇੱਕ ਹਿੰਦੂ ਹੋਵੇ।

22 ਅਪਰੈਲ ਵਾਲੇ ਦਿਨ ਪਾਕਿਸਤਾਨੀ ਆਤੰਕਵਾਦੀਆਂ ਵੱਲੋਂ ਜਿਹੜੇ 26 ਵਿਅਕਤੀ ਮਾਰੇ ਗਏ, ਉਹਨਾਂ ਵਿੱਚ ਇੱਕ ਜਲ ਸੈਨਾ ਦਾ ਅਫਸਰ ਵਿਨੈ ਨਰਵਾਲ ਵੀ ਸੀ ਜਿਹੜਾ ਕਿ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਪਹਿਲਗਾਮ ਘੁੰਮਣ ਲਈ ਗਿਆ ਸੀ।

ਵਿਨੈ ਨਰਵਾਲ ਦੀ ਸ਼ਹੀਦੀ ਉਪਰੰਤ ਉਸ ਦੀ ਵਿਧਵਾ ਪਤਨੀ ਹਿਮਾਂਸ਼ੀ ਨਰਵਾਲ ਕਾਫੀ ਸਮੇਂ ਲਈ ਬਿਲਕੁਲ ਗੁੰਮਸੁੰਮ ਅਤੇ ਗਤੀਹੀਣ ਹੋ ਗਈ, ਜਿਸਦੀ ਫੋਟੋ ਲੋਕਾਂ ਨੇ ਅਖ਼ਬਾਰਾਂ ਅਤੇ ਟੀ ਵੀ ਉੱਤੇ ਵੇਖੀ। ਇਹ ਕੇਵਲ ਛੇ ਦਿਨ ਪਹਿਲਾਂ ਵਿਆਹੀ, ਪਹਿਲਗਾਮ ਦੇ ਹੁਸੀਨ ਨਜ਼ਾਰੇ ਦੇਖਦੇ ਸਮੇਂ ਵਿਧਵਾ ਹੋਈ ਔਰਤ ਨਾਲ ਹੋਈ ਤ੍ਰਾਸਦੀ ਦੀ ਫੋਟੋ ਸੀ, ਜਿਸਦੇ ਵਿਆਹ ਦਾ ਚੂੜਾ ਅਜੇ ਵੀ ਨਜ਼ਰ ਆ ਰਿਹਾ ਸੀ। ਹਰ ਕਿਸੇ ਦੀ ਉਸ ਨਾਲ ਹਮਦਰਦੀ ਸੀ। ਪਰ ਹਿਮਾਂਸ਼ੀ ਇੱਕ ਦਲੇਰ ਔਰਤ ਸੀ। ਉਸ ਨੇ ਪਹਿਲੀ ਮਈ 2025 ਵਾਲੇ ਦਿਨ ਆਪਣੇ ਪਤੀ ਦੇ 27ਵੇਂ ਜਨਮ ਦਿਨ ’ਤੇ ਇੱਕ ਖੂਨ ਦਾਨ ਕੈਂਪ ਦਾ ਪ੍ਰਬੰਧ ਕੀਤਾ। ਇਸ ਮੌਕੇ ਜਦੋਂ ਨੇਵੀ ਦੇ ਅਫ਼ਸਰਾਂ ਨੇ ਵਿਨੈ ਨੂੰ ਸ਼ਰਧਾਂਜਲੀਆਂ ਦਿੱਤੀਆਂ, ਹਿਮਾਂਸ਼ੀ ਕੁਝ ਸਮੇਂ ਲਈ ਆਪਣੇ ਹੰਝੂ ਨਾ ਰੋਕ ਸਕੀ ਪਰ ਛੇਤੀ ਹੀ ਸੰਭਲ ਕੇ ਬੋਲੀ, ਅਸੀਂ ਸ਼ਾਂਤੀ ਚਾਹੁੰਦੇ ਹਾਂ, ਕੋਈ ਬਦਲਾ ਨਹੀਂ ਲੈਣਾ ਚਾਹੁੰਦੇ। ਇਸ ਤੋਂ ਬਾਅਦ ਹੋਏ ਅਪਰੇਸ਼ਨ ਸਿੰਧੂਰ ਲਈ ਮੋਦੀ ਦੀ ਪ੍ਰਸ਼ੰਸਾ ਵੀ ਕੀਤੀ। ਇੱਥੇ ਤਕ ਨਫਰਤੀਆਂ ਦੀ ਨਫ਼ਰਤ ਅਜੇ ਬਾਹਰ ਨਹੀਂ ਆਈ। ਜਿਓਂ ਹੀ ਉਸਨੇ ਕਿਹਾ ਕਿ ਸਾਰੇ ਕਸ਼ਮੀਰੀ ਆਤੰਕਵਾਦੀ ਨਹੀਂ, ਨਫ਼ਰਤ ਨਾ ਫੈਲਾਓ, ਕੇਵਲ ਆਤੰਕਵਾਦੀਆਂ ਨਾਲ ਨਫ਼ਰਤ ਕਰੋ, ਕਸ਼ਮੀਰੀਆਂ ਨਾਲ ਨਹੀਂ, ਤਾਂ ਤੀਜੇ ਦਿਨ ਤੋਂ ਹੀ ਉਸ ਨੂੰ ਭਾਜਪਾ ਦੇ ਆਈ ਟੀ ਸੈੱਲ ਵੱਲੋਂ ਗਾਲ੍ਹਾਂ ਅਤੇ ਨਿੱਜਤਾ ਉੱਤੇ ਹਮਲੇ ਹੋਣੇ ਸ਼ੁਰੂ ਹੋ ਗਏ। ਇੱਥੇ ਤਕ ਵੀ ਕਹਿ ਦਿੱਤਾ ਕਿ ਜਦੋਂ ਇਹ ਜੇ ਐੱਨ ਯੂ ਵਿੱਚ ਪੜ੍ਹਦੀ ਸੀ ਤਾਂ ਮੁਸਲਮਾਨ ਮੁੰਡੇ ਇਸਦੇ ਦੋਸਤ ਸਨ, ਇਸ ਨੂੰ ਆਪਣੇ ਨਾਮ ਨਾਲੋਂ ਨਰਵਾਲ ਹਟਾ ਦੇਣਾ ਚਾਹੀਦਾ ਹੈ। ਦੁੱਖ ਵਾਲੀ ਗੱਲ ਹੈ ਇੱਕ ਨੇਵੀ ਦਾ ਅਫ਼ਸਰ ਸ਼ਹੀਦ ਹੋਇਆ ਹੈ ਅਤੇ ਆਈ ਟੀ ਸੈੱਲ ਉਸ ਵਿਧਵਾ ਉੱਤੇ ਦੂਸ਼ਣਬਾਜ਼ੀ ਕਰ ਰਿਹਾ ਹੈ ਪਰ ਸਾਡੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਹ ਨੇ ਅਜੇ ਤਕ ਆਈ ਟੀ ਸੈੱਲ ਨੂੰ ਰੋਕਿਆ ਨਹੀਂ। ਹਿਮਾਂਸ਼ੀ ਨਰਵਾਲ ਨੂੰ ਕਿਸੇ ਸੈੱਲ ਤੋਂ ਦੇਸ਼ ਭਗਤੀ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ। ਨੇਵੀ ਨੇ ਉਸ ਨੂੰ ਇੱਕ ਦਲੇਰ ਅਤੇ ਦੇਸ਼ ਭਗਤ ਔਰਤ ਕਿਹਾ ਹੈ, ਸਾਡੇ ਦਿਲਾਂ ਵਿੱਚ ਉਸ ਲਈ ਸਤਕਾਰ ਹੈ, ਦਿਲ ਅਤੇ ਦਿਮਾਗ ਵਾਲੇ ਨੌਜਵਾਨਾਂ ਲਈ ਹਿਮਾਂਸ਼ੀ ਇੱਕ ਪ੍ਰੇਰਨਾ ਸਰੋਤ ਹੈ।

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Vishva Mitter

Vishva Mitter

Jalandhar, Punjab, India.
Phone: (91 - 94176 - 32228)
Email: (bammijalandhar@gmail.com)

More articles from this author