“ਗੋਦੀ ਮੀਡੀਆ ਅਤੇ ਆਈ ਟੀ ਸੈੱਲ ਅਜਿਹਾ ਮਾਹੌਲ ਬਣਾਉਂਦੇ ਹਨ ਕਿ ਲੋਕ ਮਹਿੰਗਾਈ, ਬੇਰੁਜ਼ਗਾਰੀ ...”
(30 ਮਈ 2022)
ਮਹਿਮਾਨ: 202.
ਕੁਝ ਵਿਅਕਤੀ ਜਿਨ੍ਹਾਂ ਨੂੰ ਵਿਗਿਆਨਿਕ ਖੋਜਾਂ ਦਾ ਇਤਿਹਾਸ ਜਾਂ ਉਹਨਾਂ ਦੇ ਲਾਭਾਂ ਦਾ ਨਹੀਂ ਪਤਾ ਹੁੰਦਾ ਉਹ ਵਿਗਿਆਨਿਕ ਖੋਜਾਂ ਨੂੰ ਹਾਨੀਕਾਰਕ ਹੀ ਸਮਝਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜੰਗਾਂ ਵਿੱਚ ਵਰਤੇ ਜਾਣ ਵਾਲੇ ਮਾਰੂ ਹਥਿਆਰਾਂ ਦੀ ਵਿਗਿਆਨਕਾਂ ਨੇ ਜੋ ਖੋਜ ਕੀਤੀ ਹੈ ਉਹ ਹਥਿਆਰ ਲੱਖਾਂ ਕਰੋੜਾਂ ਦੀਆਂ ਮੌਤਾਂ ਦੇ ਕਾਰਣ ਹਨ। ਮੋਟਰਾਂ, ਕਾਰਾਂ, ਬਾਈਕ, ਸਕੂਟਰ, ਬੱਸਾਂ, ਰੇਲ ਗੱਡੀਆਂ, ਹਵਾਈ ਜਹਾਜ਼ ਅਤੇ ਜੰਗੀ ਸਾਜ਼ੋ ਸਾਮਾਨ ਪ੍ਰਦੂਸ਼ਣ ਦਾ ਕਾਰਣ ਬਣਦੇ ਹਨ। ਇੰਡਸਟਰੀ ਨੇ ਧਰਤੀ, ਦਰਿਆ ਅਤੇ ਹਵਾ ਪਲੀਤ ਕਰ ਦਿੱਤੀ ਹੈ ਜਦ ਕਿ ਅਸਲੀਅਤ ਇਹ ਹੈ ਕਿ ਕੋਈ ਵੀ ਵਸਤੂ ਜਾਂ ਹਥਿਆਰ ਮਨੁੱਖ ਦੇ ਹੱਥ ਵਿੱਚ ਆ ਜਾਵੇ ਤਾਂ ਉਸ ਦੀ ਵਰਤੋਂ ਜਾਂ ਦੁਰਵਰਤੋਂ ਮਨੁੱਖ ਆਪ ਹੀ ਕਰਦਾ ਹੈ।
ਆਓ ਗੱਲ ਅੱਗ ਦੀ ਖੋਜ ਤੋਂ ਸ਼ੁਰੂ ਕਰੀਏ ਜਿਹੜੀ ਕਿ ਸਭ ਤੋਂ ਪਹਿਲੀ ਖੋਜ ਹੈ। ਸ਼ੁਰੂ ਸ਼ੁਰੂ ਵਿੱਚ ਖੇਤੀ ਜਾਂ ਪਸ਼ੂ ਪਾਲਣ ਨਾ ਹੋਣ ਕਾਰਣ ਮਨੁੱਖ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਉਹਨਾਂ ਦਾ ਕੱਚਾ ਮਾਸ ਹੀ ਖਾਂਦਾ ਸੀ। ਉਹ ਬੇਸੁਆਦੀ ਅਤੇ ਸਖ਼ਤ ਹੁੰਦਾ ਸੀ। ਅੱਗ ਨਾਲ ਭੁੰਨ ਕੇ ਖਾਣ ਵਾਲਾ ਮਾਸ ਨਰਮ ਅਤੇ ਸੁਆਦੀ ਹੋ ਗਿਆ। ਇਹ ਵੀ ਮਨੁੱਖ ਨੂੰ ਉਦੋਂ ਪਤਾ ਲੱਗਿਆ ਜਦੋਂ ਜੰਗਲ ਨੂੰ ਬਿਜਲੀ ਡਿਗਣ ਜਾਂ ਚੀੜ੍ਹ ਦੇ ਪੱਤਿਆਂ ਦੀ ਰਗੜ ਨਾਲ ਅੱਗ ਲੱਗ ਜਾਣ ’ਤੇ ਕੁਝ ਪੰਛੀ ਜਾਂ ਜਾਨਵਰ ਭੁੱਜ ਜਾਂਦੇ ਅਤੇ ਉਹਨਾਂ ਦਾ ਸੁਆਦ ਚੰਗਾ ਲਗਦਾ। ਜਦ ਤਕ ਸ਼ਹਿਰ ਜਾਂ ਪਿੰਡ ਨਹੀਂ ਵਸੇ ਸਨ, ਮਕਾਨ ਨਹੀਂ ਬਣੇ ਸਨ, ਉਦੋਂ ਤਕ ਜੰਗਲੀ ਜਾਨਵਰਾਂ ਤੋਂ ਬਚਣ ਲਈ ਲੋਕ ਆਪਣੇ ਕੋਲ ਅੱਗ ਬਾਲ ਲੈਂਦੇ ਸਨ ਕਿਉਂਕਿ ਜੰਗਲੀ ਜਾਨਵਰ ਅੱਗ ਤੋਂ ਡਰਦੇ ਸਨ ਅਤੇ ਮਨੁੱਖ ਕੋਲ ਨਹੀਂ ਆਉਂਦੇ ਸਨ। ਇਸ ਲਈ ਅੱਗ ਦੀ ਖੋਜ ਆਦੀ ਮਨੁੱਖ ਲਈ ਬਹੁਤ ਲਾਭਦਾਇਕ ਰਹੀ। ਹੁਣ ਜੇਕਰ ਕੋਈ ਵੈਰੀ ਕਿਸੇ ਦੀ ਝੌਂਪੜੀ ਜਾਂ ਮਕਾਨ ਨੂੰ ਅੱਗ ਲੱਗਾ ਦੇਵੇ ਤਾਂ ਇਸ ਵਿੱਚ ਅੱਗ ਦੀ ਖੋਜ ਕਰਨ ਵਾਲੇ ਪਹਿਲੇ ਮਨੁੱਖ ਦਾ ਕੀ ਕੋਈ ਕਸੂਰ ਹੈ? ਕਸੂਰ ਤਾਂ ਕੇਵਲ ਦੁਰਵਰਤੋਂ ਕਰਨ ਵਾਲੇ ਦਾ ਹੈ।
ਜੰਗਲ ਨਿਵਾਸੀ ਮਨੁੱਖ ਨੇ ਜੰਗਲੀ ਹਿੰਸਕ ਜਾਨਵਰਾਂ ਤੋਂ ਬਚਣ ਲਈ ਅੱਗ ਤੋਂ ਬਾਅਦ ਬਰਛੇ, ਤੀਰ ਕਮਾਨ ਅਤੇ ਤਲਵਾਰ ਵਰਗੇ ਹਥਿਆਰ ਬਣਾ ਲਏ। ਹੁਣ ਜੇਕਰ ਜਰ, ਜੋਰੁ ਅਤੇ ਜ਼ਮੀਨ ਦੇ ਲਾਲਚੀ ਇਹਨਾਂ ਹਥਿਆਰਾਂ ਨਾਲ ਕਿਸੇ ਇੱਕ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ’ਤੇ ਹਮਲਾ ਕਰਦੇ ਹਨ ਅਤੇ ਕਾਫ਼ੀ ਲੋਕ ਮਾਰੇ ਜਾਂਦੇ ਹਨ ਤਾਂ ਇਸ ਵਿੱਚ ਹਥਿਆਰਾਂ ਦੀ ਖੋਜ ਕਰਨ ਵਾਲੇ ਜਾਂ ਉਹਨਾਂ ਨੂੰ ਬਣਾਉਣ ਵਾਲੇ ਦਾ ਕਸੂਰ ਨਹੀਂ। ਕਸੂਰ ਤਾਂ ਹਥਿਆਰਾਂ ਦੀ ਦੁਰਵਰਤੋਂ ਕਰਨ ਵਾਲੇ ਦਾ ਹੈ। ਘਰ ਵਿੱਚ ਸਬਜ਼ੀ ਜਾਂ ਫਲ ਕੱਟਣ ਲਈ ਚਾਕੂ ਜਾਂ ਕਰਦ ਬਣਾਏ ਗਏ। ਹੁਣ ਜੇਕਰ ਕੋਈ ਗੁੱਸੇ ਵਿੱਚ ਆ ਕੇ ਜਾਂ ਲੁੱਟ ਖੋਹ ਕਰਨ ਦੇ ਇਰਾਦੇ ਨਾਲ ਚਾਕੂ ਵਰਤ ਕੇ ਕਿਸੇ ਦਾ ਕਤਲ ਕਰ ਦੇਵੇ ਤਾਂ ਕਸੂਰ ਤਾਂ ਚਾਕੂ, ਛੁਰੀ ਦੀ ਦੁਰਵਰਤੋਂ ਕਰਨ ਵਾਲੇ ਦਾ ਹੈ, ਹੋਰ ਕਿਸੇ ਦਾ ਨਹੀਂ।
ਜਦ ਤਕ ਭਾਫ਼ ਇੰਜਣ ਜਾਂ ਪੈਟਰੋਲ ਇੰਜਣ ਦੀ ਖੋਜ ਨਹੀਂ ਹੋਈ ਸੀ ਤਦ ਤਕ ਲੋਕ ਹਰ ਜਗ੍ਹਾ ਪੈਦਲ ਜਾਂ ਸਾਈਕਲ ’ਤੇ ਹੀ ਜਾਂਦੇ ਸਨ। ਵਿਅਕਤੀਆਂ ਦੀ ਸਿਹਤ ਠੀਕ ਰਹਿਣ ਦਾ ਅਤੇ ਤਾਕਤਵਰ ਹੋਣ ਦਾ ਕਾਰਣ ਵੀ ਇਹੋ ਸੀ। ਭਾਫ਼ ਇੰਜਣ ਦੀ ਖੋਜ ਤੋਂ ਬਾਅਦ ਕੋਲੇ ਨਾਲ ਰੇਲ ਗੱਡੀਆਂ ਚੱਲਣ ਲੱਗ ਪਈਆਂ। ਪੈਟਰੋਲ ਅਤੇ ਡੀਜ਼ਲ ਇੰਜਣ ਦੀ ਖੋਜ ਨਾਲ ਸਕੂਟਰ, ਬਾਈਕ, ਕਾਰਾਂ ਅਤੇ ਹਵਾਈ ਜਹਾਜ਼ ਬਣ ਗਏ। ਇਹਨਾਂ ਟਰਾਂਸਪੋਰਟ ਦੇ ਸਾਧਨਾਂ ਨਾਲ ਆਵਾਜਾਈ ਸੌਖੀ ਹੋ ਗਈ ਅਤੇ ਜਿੱਥੇ ਜਾਣਾ ਹੁੰਦਾ ਹੈ ਉੱਥੇ ਛੇਤੀ ਪਹੁੰਚ ਜਾਂਦੇ ਹਾਂ। ਇਹਨਾਂ ਸਾਧਨਾਂ ਨਾਲ ਢੋਆ ਢੋਆਈ ਸੌਖੀ ਹੋ ਗਈ ਅਤੇ ਵਪਾਰ ਵਿੱਚ ਵਾਧਾ ਹੋਇਆ। ਪਰ ਇਹਨਾਂ ਨਾਲ ਧੂੜ, ਧੂੰਆਂ ਅਤੇ ਧੁਨੀ ਪ੍ਰਦੂਸ਼ਣ ਫੈਲਦਾ ਹੈ। ਕੀ ਅਸੀਂ ਕਹਿ ਸਕਦੇ ਹਾਂ ਕਿ ਇਹ ਹੋਣੇ ਹੀ ਨਹੀਂ ਚਾਹੀਦੇ ਕਿਉਂਕਿ ਇਹ ਹਰ ਪ੍ਰਕਾਰ ਦਾ ਪ੍ਰਦੂਸ਼ਣ ਫੈਲਾਉਂਦੇ ਹਨ ਅਤੇ ਦੁਰਘਟਨਾਵਾਂ ਦਾ ਕਾਰਣ ਵੀ ਬਣਦੇ ਹਨ ਅਤੇ ਮਨੁੱਖ ਜਾਤੀ ਦੀ ਸਿਹਤ ਵੀ ਪਹਿਲੇ ਵਰਗੀ ਨਹੀਂ ਰਹੀ। ਸਾਡੇ ਵਿੱਚੋਂ ਜਿਨ੍ਹਾਂ ਲੋਕਾਂ ਦੀ ਰਿਹਾਇਸ਼ ਕਿਸੇ ਪੱਛਮੀ ਮੁਲਕ ਵਿੱਚ ਬਣ ਗਈ ਹੈ ਜਾਂ ਜਿਹੜੇ ਕੇਵਲ ਸੈਰ ਸਪਾਟੇ ਲਈ ਉੱਥੇ ਗਏ ਹਨ, ਉਹ ਦੱਸਦੇ ਹਨ ਕਿ ਪੱਛਮੀ ਮੁਲਕਾਂ ਵਿੱਚ ਨਾ ਸੜਕਾਂ ’ਤੇ ਧੂੜ, ਧੂੰਆਂ ਹੈ ਅਤੇ ਨਾ ਸ਼ੋਰ ਸ਼ਰਾਬਾ ਹੈ ਅਤੇ ਨਾ ਦੁਰਘਟਨਾਵਾਂ ਹਨ। ਪ੍ਰਦੂਸ਼ਣ ਦਾ ਕਾਰਣ ਵਾਹਨਾਂ ਦੀ ਵੇਲੇ ਸਿਰ ਸਰਵਿਸ ਨਾ ਕਰਵਾਉਣਾ ਹੈ ਜਾਂ ਇੰਜਣ ਦੀ ਟਿਊਨਿੰਗ ਨਾ ਕਰਵਾਉਣ ਹੈ। ਧੁਨੀ, ਸ਼ੋਰ ਸ਼ਰਾਬਾ ਅਤੇ ਦੁਰਘਟਨਾਵਾਂ ਬੇਅਸੂਲੀ ਅਤੇ ਬਿਨਾ ਕਿਸੇ ਕੰਟਰੋਲ ਦੇ ਟ੍ਰੈਫਿਕ ਹੈ। ਧੂੜ ਦਾ ਕਾਰਣ ਤੰਗ ਸੜਕਾਂ ਵੀ ਹਨ, ਜਿਸ ਕਾਰਣ ਟਰੈਫਿਕ ਦਾ ਪਹੀਆ ਕੱਚੇ ’ਤੇ ਉੱਤਰ ਜਾਂਦਾ ਹੈ। ਸੜਕਾਂ ਚੌੜੀਆਂ ਅਤੇ ਵਨ ਵੇ ਹੋਣ ਤਾਂ ਪ੍ਰਦੂਸ਼ਣ ਅਤੇ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਆਵਾਜਾਈ ਤੇ ਸਾਧਨਾਂ ਦੀ ਲੋੜ ਤੋਂ ਵੱਧ ਵਰਤੋਂ ਨਾਲ ਜੇਕਰ ਸਰੀਰ ਕਮਜ਼ੋਰ ਹੁੰਦਾ ਹੈ ਤਾਂ ਇਸ ਵਿੱਚ ਸਾਧਨਾਂ ਦਾ ਕਸੂਰ ਨਹੀਂ, ਕਸੂਰ ਸਾਡੀ ਆਰਾਮ ਪ੍ਰਸਤੀ ਦਾ ਹੈ। ਮੈਂ ਅਜਿਹੇ ਲੋਕ ਵੀ ਵੇਖੇ ਹਨ ਜਿਹੜੇ ਘਰ ਵਿੱਚ ਕਾਰ ਹੋਣ ਦੇ ਬਾਵਜੂਦ ਆਪਣੀ ਸਿਹਤ ਲਈ ਚਾਰ ਜਾਂ ਪੰਜ ਕਿਲੋ ਮੀਟਰ ਤਕ ਕੋਈ ਕੰਮ ਹੋਵੇ ਤਾਂ ਸਾਈਕਲ ’ਤੇ ਜਾਂਦੇ ਹਨ। ਮੈਂ ਇੱਕ ਵਾਰ ਰਿਟਾਇਰ ਹੋਣ ਤੋਂ ਬਾਅਦ ਫੈਸਲਾ ਕੀਤਾ ਕਿ ਘਰ ਤੋਂ ਸਬਜ਼ੀ ਮੰਡੀ ਜੋ ਕਿ ਕੇਵਲ ਦੋ ਕਿਲੋਮੀਟਰ ਹੈ, ਉੱਥੇ ਤਕ ਪੈਦਲ ਜਾਣਾ ਅਤੇ ਆਉਣਾ ਹੈ। ਮੈਂ ਜਦੋਂ ਪੈਦਲ ਜਾ, ਜਾਂ ਆ ਰਿਹਾ ਸੀ ਤਾਂ ਕੁਝ ਜਾਣਕਾਰਾਂ ਨੇ ਪੁੱਛਿਆ, “ਕੀ ਗੱਲ ਪੈਟਰੋਲ ਲਈ ਪੈਸੇ ਨਹੀਂ ਹਨ?” ਜੇਕਰ ਛੇਤੀ ਸਫ਼ਰ ਮੁਕਾਉਣ ਲਈ ਹਵਾਈ ਜਹਾਜ਼ ਬਣੇ ਤਾਂ ਇਸ ਵਿੱਚ ਹਵਾਈ ਜਹਾਜ਼ ਬਣਾਉਣ ਵਾਲਿਆਂ ਦਾ ਕਸੂਰ ਨਹੀਂ, ਕਸੂਰ ਤਾਂ ਕੇਵਲ ਉਹਨਾਂ ਦਾ ਹੈ, ਜਿਨ੍ਹਾਂ ਨੇ ਆਵਾਜਾਈ ਦੇ ਸਾਧਨ ਨੂੰ ਬੰਬ ਵਰ੍ਹਾਉਣ ਲਈ ਵਰਤਣਾ ਸ਼ੁਰੂ ਕਰ ਦਿੱਤਾ।
ਧੂੰਆਂ, ਜ਼ਹਿਰੀਲੀਆਂ ਗੈਸਾਂ ਅਤੇ ਜ਼ਹਿਰੀਲਾ ਪਾਣੀ ਜੇਕਰ ਟਰੀਟਮੈਂਟ ਯੰਤਰ ਨਹੀਂ ਲਗਾਏ ਜਾਣਗੇ ਤਾਂ ਇਵੇਂ ਹੀ ਧਰਤੀ, ਪਾਣੀ ਅਤੇ ਹਵਾ ਪਲੀਤ ਹੁੰਦੇ ਰਹਿਣਗੇ। ਹਰ ਪ੍ਰਕਾਰ ਦੀ ਇੰਡਸਟਰੀ ਲਈ ਟਰੀਟਮੈਂਟ ਯੰਤਰ ਬਣੇ ਹਨ, ਪਰ ਇੰਡਸਟਰੀਆਂ ਦੇ ਮਾਲਕ ਲੋਕਾਂ ਦੇ ਜੀਵਨ ਦੀ ਕੋਈ ਪ੍ਰਵਾਹ ਨਹੀਂ ਕਰਦੇ, ਉਹਨਾਂ ਨੂੰ ਤਾਂ ਕੇਵਲ ਆਪਣੇ ਲਾਭ ਨਾਲ ਮਤਲਬ ਹੁੰਦਾ ਹੈ, ਇਸ ਲਈ ਉਹ ਲੇਬਰ ਨੂੰ ਘੱਟ ਉਜਰਤ, ਪੈਦਾ ਮਾਲ ਦੀ ਜ਼ਿਆਦਾ ਕੀਮਤ ਅਤੇ ਟਰੀਟਮੈਂਟ ਪਲਾਂਟ ਨਾ ਲਗਵਾ ਕੇ ਆਪਣਾ ਖਰਚਾ ਬਚਾਉਂਦੇ ਹਨ। ਇਸ ਵਿੱਚ ਇੰਡਸਟਰੀ ਦਾ ਕਸੂਰ ਨਹੀਂ। ਕਸੂਰ ਕੇਵਲ ਉਹਨਾਂ ਇੰਡਸਟਰੀਆਂ ਦੇ ਮਾਲਕਾਂ ਦਾ ਹੈ ਜਿਹੜੇ ਹਰ ਮਹੀਨੇ ਲੱਖਾਂ ਰੁਪਏ ਦਾ ਲਾਭ ਕਮਾਉਂਦੇ ਹਨ ਪਰ ਤੁੱਛ ਜਿਹੀ ਕੀਮਤ ਵਾਲੇ ਟਰੀਟਮੈਂਟ ਪਲਾਂਟ ਨਹੀਂ ਲਗਾਉਂਦੇ।
ਅਲਫਰੈਡ ਨੋਬਲ ਨੇ 1866 ਵਿੱਚ ਡਾਈਨਾਮਾਈਟ ਦੀ ਖੋਜ ਕੀਤੀ ਜਿਸ ਨਾਲ ਜਬਰਦਸਤ ਧਮਾਕਾ ਹੁੰਦਾ ਹੈ। ਇਸ ਨਾਲ ਪਹਾੜ ਕੱਟ ਕੇ ਉਸ ਵਿੱਚੋਂ ਸੜਕ ਬਣਾਉਣੀ ਸੌਖੀ ਹੋ ਗਈ। ਵਲ ਪਾ ਕੇ ਸੌ ਕਿਲੋ ਮੀਟਰ ਦੇ ਰਸਤੇ ਦੀ ਬਜਾਏ ਰਸਤਾ ਦਸ ਜਾਂ ਬਾਰਾਂ ਕਿਲੋਮੀਟਰ ਦਾ ਹੋ ਗਿਆ। ਪਰ ਡਾਈਨਾਮਾਈਟ ਨਾਲ ਬੰਬ, ਬੰਦੂਕਾਂ, ਗਰਨੇਡਾਂ ਅਤੇ ਤੋਪਾਂ ਦੇ ਗੋਲੇ ਬਣਨੇ ਸ਼ੁਰੂ ਹੋ ਗਏ। ਖੇਤਰੀ ਯੁੱਧ ਹੋਏ ਅਤੇ ਦੋ ਆਲਮੀ ਜੰਗਾਂ ਵੀ ਹੀਆਂ। ਕਰੋੜਾਂ ਲੋਕ ਮਾਰੇ ਗਏ। ਕੀ ਇਸ ਸਭ ਕੁਝ ਦਾ ਜ਼ਿੰਮੇਵਾਰ ਐਲਫਰੈਡ ਨੋਬਲ ਹੈ ਜਿਸ ਨੇ ਇਸਦੀ ਖੋਜ ਕੀਤੀ ਸੀ ਜਾਂ ਇਸ ਨਾਲ ਯੁੱਧ ਸਮਗਰੀ ਤਿਆਰ ਕਰਨ ਵਾਲਿਆਂ ਦਾ ਕਸੂਰ ਹੈ ਜਿਨ੍ਹਾਂ ਨੇ ਡਾਈਨਾਮਾਈਟ ਦੀ ਦੁਰਵਰਤੋਂ ਕੀਤੀ।
ਐਟਮੀ ਸ਼ਕਤੀ ਦੀ ਖੋਜ ਸਸਤੀ ਅਤੇ ਪ੍ਰਦੂਸ਼ਣ ਮੁਕਤ ਬਿਜਲੀ ਪੈਦਾ ਕਰਨ ਲਈ ਕੀਤੀ ਗਈ। ਕਈ ਐਟਮੀ ਬਿਜਲੀ ਘਰਾਂ ਵਿੱਚੋਂ ਕਈ ਮੈਗਾ ਵਾਟ ਦੀ ਬਿਜਲੀ ਪੈਦਾ ਹੋ ਰਹੀ ਹੈ। ਪਰ ਕਿਸੇ ਕਿਸੇ ਐਟਮੀ ਭੱਠੀ ਵਿੱਚ ਬੇਧਿਆਨੀ ਕਾਰਣ ਜਾਂ ਤਕਨੀਕੀ ਨੁਕਸ ਕਾਰਣ ਧਮਾਕਾ ਵੀ ਹੋ ਜਾਂਦਾ ਹੈ। ਕਾਮੇ ਮਾਰੇ ਜਾਂਦੇ ਹਨ ਅਤੇ ਐਟਮੀ ਵਿਕੀਰਣ ਕਾਫੀ ਦੂਰ ਤਕ ਅਤੇ ਕਾਫੀ ਦੇਰ ਤਕ ਫੈਲਿਆ ਰਹਿੰਦਾ ਹੈ। ਹੁਣ ਤਾਂ ਪੂਰੀ ਖੋਜ ਪੜਤਾਲ ਕਰਕੇ ਐਟਮੀ ਭੱਠੀਆਂ ਦੁਰਘਟਨਾ ਰਹਿਤ ਬਣਾ ਦਿੱਤੀਆਂ ਗਈਆਂ ਹਨ ਅਤੇ ਉਹ ਨਿਰਵਿਘਨ ਬਿਜਲੀ ਦੇ ਰਹੀਆਂ ਹਨ। ਪਰ ਬਾਅਦ ਵਿੱਚ ਜੰਗਬਾਜ਼ਾਂ ਨੇ ਐਟਮੀ ਸ਼ਕਤੀ ਨਾਲ ਬੰਬ ਬਣਾ ਲਏ। ਦੋ ਐਟਮ ਬੰਬ ਜਾਪਾਨ ਦੇ ਹਿਰੋਸ਼ਿਮਾ ਅਤੇ ਨਾਗਾਸਾਕੀ ਵਿੱਚ ਸੁੱਟ ਕੇ ਅਮਰੀਕਾ ਨੇ ਲੱਖਾਂ ਵਿਅਕਤੀ ਕੁਝ ਸਕਿੰਟਾਂ ਵਿੱਚ ਮਾਰ ਦਿੱਤੇ ਅਤੇ ਲੱਖਾਂ ਅਪਾਹਜ ਹੋ ਗਏ ਜਾਂ ਪਰਮਾਣੂ ਵਿਕੀਰਣਾਂ ਤੋਂ ਪੈਦਾ ਹੋਈਆਂ ਬੀਮਾਰੀਆਂ ਦੇ ਸ਼ਿਕਾਰ ਹੋ ਗਏ। ਧਰਤੀ ਬੰਜਰ ਹੋ ਗਈ। ਇਹ ਦੋ ਐਟਮ ਬੰਬ ਵੀ ਉਦੋਂ ਸੁੱਟੇ ਗਏ ਜਦੋਂ ਕਿ ਸਟਾਲਿਨ ਦੀ ਅਗਵਾਈ ਵਿੱਚ ਰੂਸੀ ਫੌਜਾਂ ਨੇ ਜਰਮਨ ਫੌਜ ਤਬਾਹ ਕਰ ਦਿੱਤੀ ਸੀ ਅਤੇ ਜਰਮਨ ਜਾਪਾਨ ਇਟਲੀ ਹਥਿਆਰ ਸੁੱਟਣ ਵਾਲੇ ਹੀ ਸਨ। ਪਰ ਇਹਨਾਂ ਸਾਰੀਆਂ ਜਾਨਾਂ ਅਤੇ ਮਾਲ ਦੀ ਤਬਾਹੀ ਦੇ ਕਾਰਣ ਉਹ ਨਹੀਂ ਜਿਨ੍ਹਾਂ ਨੇ ਐਟਮੀ ਸ਼ਕਤੀ ਦੀ ਖੋਜ ਕੀਤੀ। ਕਸੂਰਵਾਰ ਤਾਂ ਉਹ ਜੰਗਬਾਜ਼ ਹਨ ਜਿਨ੍ਹਾਂ ਨੇ ਐਟਮੀ ਸ਼ਕਤੀ ਨਾਲ ਐਟਮ ਬੰਬ ਬਣਾਏ ਅਤੇ ਮਨੁੱਖਤਾ ਦਾ ਘਾਣ ਕੀਤਾ।
ਰੇਡੀਓ ਤੋਂ ਬਾਅਦ ਟੈਲੀਵਿਜ਼ਨ ਦੀ ਖੋਜ ਹੋ ਗਈ ਜਿਸ ਨਾਲ ਅਸੀਂ ਦੂਰ ਦੂਰ ਦੀਆਂ ਖ਼ਬਰਾਂ ਨਾ ਕੇਵਲ ਸੁਣ ਸਕਦੇ ਹਨ ਬਲਕਿ ਵੇਖ ਵੀ ਸਕਦੇ ਹਾਂ। ਟੈਲੀਫੋਨ ਤੋਂ ਬਾਅਦ ਮੋਬਾਇਲ ਫੋਨ ਦੀ ਖੋਜ ਹੋ ਗਈ। ਮੋਬਾਇਲ ਫੋਨ ਪਹਿਲਾਂ ਕੇਵਲ ਗੱਲਬਾਤ ਕਰਨ ਲਈ ਬਣੇ, ਬਾਅਦ ਵਿੱਚ ਕੈਮਰੇ ਅਤੇ ਵੀਡੀਓ ਵਾਲੇ ਵੀ ਆ ਗਏ। ਹੁਣ ਦੂਜੇ ਦੇਸ਼ਾਂ ਵਿੱਚ ਫੋਨ ਕਰਨ ਲਈ ਸਕਿੰਟਾਂ ਦੇ ਹਿਸਾਬ ਨਾਲ ਪੈਸੇ ਨਹੀਂ ਦੇਣੇ ਪੈਂਦੇ ਅਤੇ ਨਾ ਹੀ ਕਿਸੇ ਐੱਸ ਟੀ ਡੀ ’ਤੇ ਜਾਣਾ ਪੈਂਦਾ ਹੈ। ਹੁਣ ਆਪਣੇ ਘਰ ਤੋਂ ਹੀ ਵੀਡਿਓ ਕਾਲ ਹੋ ਜਾਂਦੀ ਹੈ। ਮੋਬਾਇਲ ਫੋਨ ’ਤੇ ਹੀ ਖਬਰਾਂ ਵੀ ਆ ਜਾਂਦੀਆਂ ਹਨ। ਪਰ ਟੈਲੀਵਿਜ਼ਨ ਨਿਊਜ਼ ਚੈਨਲ ਤਾਂ ਲਗਭਗ ਸਰਕਾਰਾਂ ਦੇ ਕੰਟਰੋਲ ਹੇਠ ਆ ਚੁੱਕੇ ਹਨ ਜਿਹੜੇ ਜਾਣਬੁੱਝ ਕੇ ਗਲਤ ਖਬਰਾਂ ਦਿੰਦੇ ਹਨ ਜਾਂ ਖਬਰ ਦਾ ਅੱਧਾ ਹਿੱਸਾ ਦਿੰਦੇ ਹਨ ਜਿਸ ਨਾਲ ਲੋਕਾਂ ਦੇ ਮਨਾਂ ਵਿੱਚ ਵਿਰੋਧੀ ਪਾਰਟੀ ਪ੍ਰਤੀ ਸ਼ੰਕੇ ਪੈਦਾ ਹੋ ਜਾਂਦੇ ਹਨ। ਅਸ਼ਲੀਲ ਫਿਲਮਾਂ ਵੀ ਆ ਜਾਂਦੀਆਂ ਹਨ ਜਿਹੜੀਆਂ ਬੱਚਿਆਂ ਦੇ ਮਨਾਂ ’ਤੇ ਬੁਰਾ ਅਸਰ ਪਾਉਂਦੀਆਂ ਹਨ। ਟੀ ਵੀ ਉੱਤੇ ਅਸ਼ਲੀਲ ਫਿਲਮਾਂ ਆਉਣ ਕਾਰਣ 50 ਸਾਲ ਪਹਿਲਾਂ ਪੱਛਮ ਵਿੱਚ ਟੈਲੀਵਿਜ਼ਨ ਨੂੰ ਸ਼ੈਤਾਨ ਦਾ ਡੱਬਾ ਕਿਹਾ ਜਾਣ ਲੱਗ ਪਿਆ। ਹੁਣ ਮੋਬਾਇਲ ਫੋਨ ਵੀ ਸ਼ੈਤਾਨ ਦਾ ਡੱਬਾ ਜਾਂ ਹੱਥ ਵਿੱਚ ਫੜਿਆ ਸ਼ੈਤਾਨ ਹੋ ਸਕਦਾ ਹੈ। ਜ਼ਿਆਦਾ ਦੇਰ ਤਕ ਮੋਬਾਇਲ ਫੋਨ ਦੀ ਵਰਤੋਂ ਜਾਂ ਟੈਲੀਵਿਜ਼ਨ ਵੇਖਣ ਨਾਲ ਅੱਖਾਂ ’ਤੇ ਅਸਰ ਪੈਂਦਾ ਹੈ ਅਤੇ ਸਰੀਰਕ ਸਿਹਤ ਦਾ ਵੀ ਨੁਕਸਾਨ ਹੁੰਦਾ ਹੈ। ਇਹ ਇਲੈਕਟ੍ਰਾਨਿਕ ਸਾਧਨ ਬਣਾਉਣ ਵਾਲਿਆਂ ਦਾ ਕੋਈ ਦੋਸ਼ ਨਹੀਂ, ਇਹ ਤਾਂ ਸਮਾਜ ਦੇ ਭਲੇ ਲਈ ਬਣਾਏ ਹਨ। ਦੋਸ਼ ਹੈ ਤਾਂ ਸਰਕਾਰ ਦੇ ਝੋਲੀਚੁੱਕ ਬਣ ਕੇ ਗਲਤ ਪ੍ਰਸਾਰਨ ਕਰਨ ਵਾਲਿਆਂ ਦਾ ਜਾਂ ਅਸ਼ਲੀਲ ਪਿਕਚਰਾਂ ਦੇਣ ਵਾਲਿਆਂ ਦਾ ਹੈ। ਕਈ ਮਾਪੇ ਵੀ ਰੌਲਾ ਪਾਉਂਦੇ ਹਨ ਕਿ ਟੈਲੀਵਿਜ਼ਨ ਨੇ ਸਾਡੇ ਬੱਚਿਆਂ ਦੀ ਸਿਹਤ ਖਰਾਬ ਕਰ ਦਿੱਤੀ ਹੈ ਅਤੇ ਕਿਤਾਬ ਨੂੰ ਛੱਡ ਕੇ ਟੈਲੀਵਿਜ਼ਨ ਹੀ ਵੇਖਦੇ ਰਹਿੰਦੇ ਹਨ। ਪਰ ਸੋਚਣ ਵਾਲੀ ਗੱਲ ਹੈ ਕਿ ਕੀ ਮਾਪੇ ਵੀ ਕਦੇ ਟੈਲੀਵਿਜ਼ਨ ਛੱਡ ਕੇ ਹੱਥ ਵਿੱਚ ਕੋਈ ਕਿਤਾਬ ਜਾਂ ਮੈਗਜ਼ੀਨ ਫੜਦੇ ਹਨ? ਜੇਕਰ ਨਹੀਂ ਤਾਂ ਸਾਰਾ ਕਸੂਰ ਬੱਚਿਆਂ ਦਾ ਨਹੀਂ ਹੈ।
ਭਾਰਤ ਵਿੱਚ ਤਾਂ ਇੱਕ ਸਰਕਾਰੀ ਆਈ ਟੀ ਸੈੱਲ ਹੈ ਜਿਹੜਾ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣ ਵਿੱਚ ਖਰੀਦੇ ਟੈਲੀਵਿਜ਼ਨ ਚੈਨਲਾਂ ਨਾਲੋਂ ਵੱਧ ਕੰਮ ਕਰ ਜਾਂਦਾ ਹੈ। ਆਈ ਟੀ ਸੈੱਲ ਸਿਆਸੀ ਵਿਰੋਧੀਆਂ ਬਾਰੇ ਸ਼ੰਕੇ ਪੈਦਾ ਕਰਦਾ ਹੈ, ਮਿੱਥ ਨੂੰ ਇਤਿਹਾਸ ਬਣਾ ਕੇ ਪੇਸ਼ ਕਰ ਰਿਹਾ ਹੈ ਅਤੇ ਵਿਗਿਆਨ ਵਿਰੋਧੀ ਪਰਚਾਰ ਕਰਦਾ ਹੈ। ਗੋਦੀ ਮੀਡੀਆ ਅਤੇ ਆਈ ਟੀ ਸੈੱਲ ਅਜਿਹਾ ਮਾਹੌਲ ਬਣਾਉਂਦੇ ਹਨ ਕਿ ਲੋਕ ਮਹਿੰਗਾਈ, ਬੇਰੁਜ਼ਗਾਰੀ, ਨਸ਼ਿਆਂ ਨਾਲ ਗਰਕ ਹੁੰਦੀ ਜਵਾਨੀ, ਆਮ ਲੋਕਾਂ ਲਈ ਮਿਆਰੀ ਵਿੱਦਿਆ ਅਤੇ ਸਿਹਤ ਸੇਵਾਵਾਂ ਭੁੱਲ ਕੇ ਮੰਦਿਰ, ਮਸਜਿਦ ਬਾਰੇ ਹੀ ਸੋਚਦੇ ਰਹਿਣ ਅਤੇ ਭਾਰਤ ਦੀ ਅਜ਼ਾਦੀ ਲਈ ਲੜਨ ਵਾਲਿਆਂ ਜਾਂ ਕੁਰਬਾਨੀਆਂ ਦੇਣ ਵਾਲਿਆਂ ਨੂੰ ਭੁੱਲ ਜਾਣ। ਕੀ ਟੈਲੀਵਿਜ਼ਨ ਹੋਣੇ ਹੀ ਨਹੀਂ ਚਾਹੀਦੇ। ਕੀ ਮੋਬਾਇਲ ਫੋਨ ਹੋਣ ਹੀ ਨਹੀਂ ਚਾਹੀਦੇ? ਗੱਲ ਫੇਰ ਉੱਥੇ ਹੀ ਆਉਂਦੀ ਹੈ ਕਿ ਇਹਨਾਂ ਦੀ ਖੋਜ ਕਰਨ ਵਾਲੇ ਗਲਤ ਨਹੀਂ ਸਨ, ਗਲਤ ਤਾਂ ਉਹ ਵਿਅਕਤੀ ਜਾਂ ਸਰਕਾਰ ਹੈ ਜਿਹੜੀ ਇਸਦੀ ਦੁਰਵਰਤੋਂ ਕਰਦੀ ਹੈ।
ਅਜਿਹੀਆਂ ਮਸ਼ੀਨਾਂ ਬਣ ਗਈਆਂ ਹਨ ਜਿਹੜੀਆਂ ਇਕੱਲੀ ਇਕੱਲੀ ਮਸ਼ੀਨ ਸੈਂਕੜੇ ਵਿਅਕਤੀਆਂ ਜਿੰਨਾ ਕੰਮ ਕਰ ਸਕਦੀਆਂ। ਕੰਪਿਊਟਰ ਅਤੇ ਇੰਟਰਨੈੱਟ ਦੀ ਖੋਜ ਨੇ ਖਬਰਾਂ ਹਜ਼ਾਰਾਂ ਮੀਲ ਤਕ ਇੱਕ ਦੇਸ਼ ਤੋਂ ਦੂਜੇ ਦੇਸ਼ ਭੇਜਣੀਆਂ ਆਸਾਨ ਕਰ ਦਿੱਤੀਆਂ। ਬੈਂਕਾਂ ਦਾ ਕੰਮ ਕੰਪਿਊਟਰ ਨੇ ਸੌਖਾ ਕਰ ਦਿੱਤਾ ਹੈ, ਕਰਮਚਾਰੀ ਵੀ ਘਟ ਰੱਖਣੇ ਪੈਂਦੇ ਹਨ। ਜਿਹੜੇ ਦੇਸ਼ਾਂ ਵਿੱਚ ਕਾਮੇ ਬਹੁਤ ਘਟ ਹਨ, ਉਹ ਜੇਕਰ ਮਸ਼ੀਨੀਕਰਨ ਕੰਪਿਊਟਰੀਕਰਨ ਕਰਦੇ ਹਨ ਤਾਂ ਸਮਝ ਲਗਦੀ ਹੈ ਪਰ ਭਾਰਤ ਵਿੱਚ ਜਿੱਥੇ ਅੰਤਾਂ ਦੀ ਬੇਰੁਜ਼ਗਾਰੀ ਹੈ, ਉੱਥੇ ਕੰਪਿਊਟਰੀਕਰਨ ਅਤੇ ਮਸ਼ੀਨੀਕਰਨ ਦੀ ਬਿਲਕੁਲ ਲੋੜ ਨਹੀਂ। ਜੇਕਰ ਭਾਰਤ ਵਰਗੇ ਦੇਸ਼ਾਂ ਵਿੱਚ ਮਸ਼ੀਨੀਕਰਨ ਅਤੇ ਕੰਪਿਊਟਰੀਕਰਨ ਹੁੰਦਾ ਹੈ ਤਾਂ ਇਸਦਾ ਸਿੱਧਾ ਮਤਲਬ ਹੈ ਕਿ ਸਰਮਾਏਦਾਰੀ ਜਾਣਬੁੱਝ ਕੇ ਬੇਰੁਜ਼ਗਾਰੀ ਵਧਾ ਰਹੀ ਹੈ ਤਾਂ ਕਿ ਘਟ ਤੋਂ ਘਟ ਤਨਖਾਹ ਤੇ ਕਰਮਚਾਰੀ ਮਿਲ ਸਕਣ। ਨਵੀਆਂ ਅਤੇ ਤੇਜ਼ ਕੰਮ ਕਰਨ ਵਾਲੀਆਂ ਮਸ਼ੀਨਾਂ ਤਾਂ ਹੋਣੀਆਂ ਚਾਹੀਦੀਆਂ ਹਨ ਪਰ ਘੱਟ ਤੋਂ ਘੱਟ ਤਨਖਾਹ ਲੈਣ ਵਾਲੇ, ਬੇਰੁਜ਼ਗਾਰ ਪੈਦਾ ਕਰਨ ਲਈ ਨਹੀਂ ਬਲਕਿ ਘੱਟ ਘੰਟਿਆਂ ਵਿੱਚ ਮਸ਼ੀਨੀਕਰਨ ਤੋਂ ਪਹਿਲਾਂ ਜਿੰਨੇ ਹੀ ਕਰਮਚਾਰੀ ਰੱਖ ਕੇ ਉਹਨਾਂ ਨੂੰ ਪੂਰੀ ਤਨਖ਼ਾਹ ਦੇਣ ਵਾਸਤੇ ਹੋਣੀਆਂ ਚਾਹੀਦੀਆਂ ਹਨ।
ਵਿਗਿਆਨ ਦੀਆਂ ਸਾਰੀਆਂ ਕਾਢਾਂ ਮਨੁੱਖਤਾ ਦੀ ਭਲਾਈ ਲਈ ਹਨ। ਜੇਕਰ ਉਹਨਾਂ ਦੇ ਦੁਰ ਪਰਭਾਵ ਹਨ ਤਾਂ ਇਸਦੀਆਂ ਦੋਸ਼ੀ ਸਰਕਾਰਾਂ ਹਨ ਜਾਂ ਉਹਨਾਂ ਦੇ ਝੋਲੀ ਚੁੱਕ ਹਨ ਜਿਹੜੇ ਇਸਦੀ ਗਲਤ ਵਰਤੋਂ ਕਰ ਰਹੇ ਹਨ, ਜਾਂ ਜਿਹੜੇ ਕਿਸੇ ਦੇਸ਼ ਦੇ ਕੁਦਰਤੀ ਸਾਧਨਾਂ ’ਤੇ ਕਬਜ਼ਾ ਕਰਨ ਲਈ ਹਮਲੇ ਕਰਦੇ ਹਨ ਜਾਂ ਕਿਤੇ ਨਾ ਕਿਤੇ ਦੋ ਗੁਆਂਢੀ ਦੇਸ਼ਾਂ ਵਿੱਚ ਲੜਾਈ ਕਰਵਾਉਂਦੇ ਹਨ ਤਾਂ ਕਿ ਉਹਨਾਂ ਦੇ ਮਹਿੰਗੇ ਹਥਿਆਰ ਵਿਕਦੇ ਰਹਿਣ।
******
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3596)
(ਸਰੋਕਾਰ ਨਾਲ ਸੰਪਰਕ ਲਈ: