“ਚੀਨ ਨੇ ਪਹਾੜ ਕੱਟ ਕੇ ਨੇਪਾਲ ਤਕ ਸੜਕ ਬਣਾ ਦਿੱਤੀ। ਕੇਵਲ ਐਨਾ ਹੀ ਨਹੀਂ, ਚੀਨ ਨੇ ਆਪਣੀ ਇੱਕ ਬੰਦਰਗਾਹ ਤਕ ...”
(22 ਅਕਤੂਬਰ 2023)
ਹਿੰਦੂ ਰਾਸ਼ਟਰ ਬਣਾਉਣ ਲਈ ਮੋਦੀ ਜੀ ਜ਼ੋਰ ਪਾਉਣ ਜਾਂ ਭਗਵਾ ਭਗਤ ਜ਼ੋਰ ਪਾਉਣ, ਹਰ ਵਾਰ ਨਤੀਜੇ ਮਾੜੇ ਹੀ ਆਉਂਦੇ ਹਨ। ਮੋਦੀ ਜੀ ਨੇ ਪਹਿਲਾਂ ਹਿੰਦੂ ਰਾਸ਼ਟਰ ਦਾ ਤਜਰਬਾ ਨੇਪਾਲ ਵਿੱਚ ਕੀਤਾ ਜਿਹੜਾ ਕਿ ਬੁਰੀ ਤਰ੍ਹਾਂ ਫੇਲ ਹੋਇਆ। ਨੇਪਾਲ ਦੇ ਮੰਦਿਰਾਂ ਵਿੱਚ ਪੂਜਾ ਕਰਨ, ਲੱਖਾਂ ਰੁਪਏ ਅਤੇ ਕਈ ਟੰਨ ਦੇਸੀ ਘਿਓ ਦਾਨ ਕਰਨ ਤੋਂ ਬਾਅਦ ਮੋਦੀ ਜੀ ਨੇ ਨੇਪਾਲ ਦੇ ਨੇਤਾਵਾਂ ਨੂੰ ਕਿਹਾ ਕਿ ਤੁਹਾਡੇ ਮੁਲਕ ਵਿੱਚ 98% ਹਿੰਦੂ ਹਨ, ਇਸ ਲਈ ਤੁਸੀਂ ਆਪਣੇ ਦੇਸ਼ ਦਾ ਸੰਵਿਧਾਨ ਬਦਲ ਕੇ ਇਸ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰ ਦਿਓ। ਜਦੋਂ ਨੇਪਾਲ ਦੇ ਨੇਤਾ ਨਹੀਂ ਮੰਨੇ ਤਾਂ ਮਧੇਸਿਆਂ ਵੱਲੋਂ ਗੜਬੜ ਕਰਵਾ ਕੇ ਪੈਟਰੋਲ ਅਤੇ ਦਵਾਈਆਂ ਦੀ ਸਪਲਾਈ ਰੋਕ ਦਿੱਤੀ। ਇਸਦਾ ਅਸਰ ਇਹ ਹੋਇਆ ਕਿ ਨੇਪਾਲ ਨੇ ਆਪਣੇ ਨਾਲ ਲਗਦੇ ਚੀਨ ਨੂੰ ਬੇਨਤੀ ਕੀਤੀ ਕਿ ਕਿਸੇ ਤਰੀਕੇ ਨਾਲ ਸਾਨੂੰ ਪੈਟਰੋਲ ਅਤੇ ਦਵਾਈਆਂ ਭੇਜੋ। ਚੀਨ ਨੂੰ ਹੋਰ ਕੀ ਚਾਹੀਦਾ ਸੀ, ਨੇਪਾਲ ਨਾਲ ਨੇੜਤਾ ਵਧਣੀ ਸੀ। ਚੀਨ ਨੇ ਪਹਾੜ ਕੱਟ ਕੇ ਨੇਪਾਲ ਤਕ ਸੜਕ ਬਣਾ ਦਿੱਤੀ। ਕੇਵਲ ਐਨਾ ਹੀ ਨਹੀਂ, ਚੀਨ ਨੇ ਆਪਣੀ ਇੱਕ ਬੰਦਰਗਾਹ ਤਕ ਨੇਪਾਲ ਨੂੰ ਪਹੁੰਚ ਵੀ ਦੇ ਦਿੱਤੀ, ਜਿਸ ਨਾਲ ਨੇਪਾਲ ਬਾਕੀ ਸੰਸਾਰ ਨਾਲ ਵੀ ਵਪਾਰ ਕਰ ਸਕੇ। ਚੀਨ-ਨੇਪਾਲ ਰੇਲ ਲਾਈਨ ਵਿਛਾਉਣ ਦੀ ਵੀ ਯੋਜਨਾ ਹੈ ਜਿਹੜੀ ਕਿ ਛੇਤੀ ਹੀ ਪੂਰੀ ਹੋਣ ਦੀ ਆਸ ਹੈ। ਸਾਡਾ ਸਦੀਆਂ ਤੋਂ ਪੁਰਾਣਾ ਮਿੱਤਰ ਦੇਸ਼ ਨੇਪਾਲ ਮੋਦੀ ਜੀ ਦੀ ਹਿੰਦੂ ਰਾਸ਼ਟਰ ਦੀ ਧੁੰਨ ਕਾਰਣ ਹੁਣ ਚੀਨ ਦੀ ਝੋਲੀ ਵਿੱਚ ਜਾ ਡਿੱਗਿਆ ਹੈ। ਜਦੋਂ 80% ਹਿੰਦੂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਤਜਰਬਾ ਬੁਰੀ ਤਰ੍ਹਾਂ ਫੇਲ ਹੋ ਗਿਆ ਤਾਂ ਅਕਲਮੰਦੀ ਇਹੋ ਸੀ ਕਿ ਇਸਦਾ ਵਿਚਾਰ ਛੱਡ ਦਿੰਦੇ। ਪਰ ਪੁਰਾਣੀ ਕਹਾਵਤ ਹੈ, ਵਿਨਾਸ਼ ਕਾਲੇ ਵਿਪਰੀਤ ਬੁੱਧੀ। ਇਸ ਵਿਪਰੀਤ ਬੁੱਧੀ ਨੇ ਕੇਵਲ ਆਪਣੀ ਪਾਰਟੀ ਦਾ ਵਿਨਾਸ਼ ਨਹੀਂ ਕਰਨਾ ਬਲਕਿ ਸਾਰੇ ਹਿੰਦੋਸਤਾਨ ਦਾ ਕਰਨਾ ਹੈ।
ਜਦੋਂ ਦੀ ਭਾਜਪਾ ਸੱਤਾ ਵਿੱਚ ਆਈ ਹੈ, ਹਿੰਦੂ ਰਾਸ਼ਟਰ ਬਣਾਉਣ ਲਈ ਅਵਾਜ਼ਾਂ ਪ੍ਰਧਾਨ ਮੰਤਰੀ ਤੋਂ ਲੈ ਕੇ ਬਾਕੀ ਮੰਤਰੀਆਂ ਤਕ, ਆਰ ਐੱਸ ਐੱਸ ਮੁਖੀ ਤੋਂ ਲੈ ਕੇ ਭਗਵਾ ਭਗਤਾਂ ਤਕ ਸਭ ਪਾਸਿਆਂ ਤੋਂ ਆ ਰਹੀਆਂ ਹਨ। ਭਾਜਪਾ ਦਾ ਆਈ ਟੀ ਸੈੱਲ ਹਿੰਦੂ ਰਾਸ਼ਟਰ ਦਾ ਵਿਰੋਧ ਕਰਨ ਵਾਲਿਆਂ ਵਿਰੁੱਧ ਝੂਠੀਆਂ, ਮਨਘੜਤ ਕਹਾਣੀਆਂ ਘੜ ਕੇ ਉਹਨਾਂ ਨੂੰ ਗੱਦਾਰ ਵਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਦੇ ਨਾਲ ਹੀ ਮੁਸਲਮਾਨ ਨੌਜਵਾਨਾਂ ਨੂੰ ‘ਜੈ ਸ੍ਰੀ ਰਾਮ’ ਨਾ ਕਹਿਣ ’ਤੇ ਕੁੱਟਿਆ ਜਾ ਰਿਹਾ ਹੈ ਅਤੇ ਕੁਝ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਹੈ। ਕੋਈ ਮੁਸਲਮਾਨ ਵਿਉਪਾਰੀ ਜੇਕਰ ਗਊਆਂ ਵੇਚਣ ਲਈ ਲਿਜਾ ਰਿਹਾ ਹੋਵੇ ਤਾਂ ਉਸ ਨੂੰ ਵੀ ਕੁੱਟਿਆ ਜਾਂਦਾ ਹੈ ਅਤੇ ਆਪੇ ਬਣੇ ਗਊ ਰੱਖਿਅਕ ਗਊਆਂ ਖੋਹ ਕੇ ਲੈ ਜਾਂਦੇ ਹਨ।
ਤਬਲੀਕੀ ਜਮਾਤ ਦੇ ਮੈਂਬਰ 14 ਤੋਂ 16 ਮਾਰਚ 2020 ਵਿਚਾਰ ਵਟਾਂਦਰੇ ਲਈ ਨਿਜ਼ਾਮੁਦੀਨ ਮਰਕਜ਼ ਵਿੱਚ ਇਕੱਠੇ ਹੋਏ ਸਨ। ਕਰੋਨਾ ਵਾਇਰਸ ਕਾਰਣ 13 ਮਾਰਚ ਨੂੰ ਹੀ ਸਭ ਤਰ੍ਹਾਂ ਦੇ ਇਕੱਠਾਂ ਦੀ ਮਨਾਹੀ ਕਰ ਦਿੱਤੀ ਗਈ ਪਰ ਧਾਰਮਿਕ ਇਕੱਠਾਂ ਦੀ ਮਨਾਹੀ ਨਹੀਂ ਸੀ। ਬਾਅਦ ਵਿੱਚ ਧਾਰਮਿਕ ਇਕੱਠਾਂ ਦੀ ਵੀ ਮਨਾਹੀ ਕਰ ਦਿੱਤੀ। ਉੱਧਰੋਂ ਲਾਕ ਡਾਊਨ ਵੀ ਕਰ ਦਿੱਤਾ। ਹੁਣ ਤਬਲਿਕੀ ਜਮਾਤ ਦੇ ਮੈਂਬਰ ਘਰੋ ਘਰੀ ਜਾਂ ਆਪਣੇ ਦੇਸ਼ ਵਾਪਸ ਨਹੀਂ ਜਾ ਸਕਦੇ ਸਨ। ਕੁਝ ਨੂੰ ਕਵਾਰਨਟਾਈਨ ਕਰ ਦਿੱਤਾ ਪਰ ਜਿਸ ਜਗ੍ਹਾ ਰੱਖਿਆ ਉੱਥੇ ਮੱਛਰਾਂ ਦੀ ਭਰਮਾਰ ਸੀ। ਭਗਵਾ ਭਗਤਾਂ ਨੇ ਤਬਲੀਕੀ ਜਮਾਤ ਨੂੰ ਕਰੋਨਾ ਵਾਇਰਸ ਫੈਲਾਉਣ ਵਾਲੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਕਈਆਂ ਨੇ ਤਬਲੀਕੀ ਜਮਾਤ ਨੂੰ ਕਰੋਨਾ ਜਿਹਾਦੀ ਕਿਹਾ। ਨਤੀਜਾ ਇਹ ਨਿਕਲਿਆ ਕਿ ਓ ਆਈ ਸੀ, ਕੁਵੈਤ ਸਰਕਾਰ, ਯੂ ਏ ਈ ਅਤੇ ਕਈ ਅਰਬ ਕਾਰਕੁਨ ਭਾਰਤੀ ਇਸਲਾਮੋਫੋਬੀਆ ਵਰਗੇ ਘ੍ਰਿਣਾ ਭਾਸ਼ਣਾਂ ਕਾਰਣ ਅਤੇ ਮੁਸਲਮਾਨਾਂ ਨੂੰ ਕਰੋਨਾ ਵਾਇਰਸ ਫੈਲਾਉਣ ਵਾਲੇ ਦੱਸਣ ਕਾਰਣ ਨਰਾਜ਼ ਹੋ ਗਏ ਅਤੇ ਭਾਰਤ ਸਰਕਾਰ ਅੱਗੇ ਨਰਾਜ਼ਗੀ ਪ੍ਰਗਟ ਕੀਤੀ। ਬਾਅਦ ਵਿੱਚ ਭਾਵੇਂ ਮੋਦੀ ਜੀ ਨੇ ਆਪਣੇ ਟਵੀਟ ਵਿੱਚ ਲਿਖ ਦਿੱਤਾ ਕਿ ਕਰੋਨਾ ਵਾਇਰਸ ਦਾ ਕਿਸੇ ਧਰਮ ਨਾਲ ਸਬੰਧ ਨਹੀਂ ਪਰ ਇਸ ਨਾਲ ਮੁਸਲਿਮ ਦੇਸ਼ਾਂ ਵਿੱਚ ਭਾਰਤ ਪ੍ਰਤੀ ਕੜਵਾਹਟ ਖਤਮ ਨਹੀਂ ਹੋਈ। ਪਿਆਰ ਦਾ ਧਾਗਾ ਜੇਕਰ ਇੱਕ ਵਾਰ ਤੋੜ ਦਿੱਤਾ ਜਾਵੇ ਤਾਂ ਫਿਰ ਉਹ ਭਾਵੇਂ ਜੋੜ ਦਿੱਤਾ ਜਾਵੇ ਪਰ ਉਸ ਵਿੱਚ ਗੰਢ ਜ਼ਰੂਰ ਪੈ ਜਾਂਦੀ ਹੈ।
ਹੁਣ ਵੀ ਮੋਦੀ ਜੀ ਕਾਂਗਰਸ ਦੇ ਵੇਲੇ ਅਤੇ ਅਟਲ ਬਿਹਾਰੀ ਵਾਜਪਾਈ ਦੇ ਵੇਲੇ ਦੀ ਪਾਲਿਸੀ ਤੋਂ ਯੂ ਟਰਨ ਲੈਂਦੇ ਹੋਏ ਅਰਬ ਦੇਸ਼ਾਂ ਨੂੰ ਛੱਡ ਕੇ ਇਜ਼ਰਾਈਲ ਦਾ ਸਾਥ ਦੇ ਰਹੇ ਹਨ ਅਤੇ ਸਦੀਆਂ ਤੋਂ ਸਾਡੇ ਮਿੱਤਰ ਅਰਬ ਦੇਸ਼ਾਂ ਲਈ ਸਾਡੇ ਨਾਲ ਮਿੱਤਰਤਾ ਕਾਇਮ ਰੱਖਣੀ ਮੁਸ਼ਕਿਲ ਹੋ ਰਹੀ ਹੈ।
ਮਨੀਪੁਰ ਦੰਗੇ ਜਾਂ ਸੰਕਟ ਦੇ ਪਿੱਛੇ ਵੀ ਅਸਲੀ ਮਸਲਾ ਹਿੰਦੂ ਰਾਸ਼ਟਰ ਦਾ ਭੂਤ ਹੀ ਹੈ। ਇਹ ਸ਼ਾਇਦ ਹਿੰਦੂ ਰਾਸ਼ਟਰ ਬਣਾਉਣ ਦਾ ਆਖ਼ਰੀ ਤਜਰਬਾ ਹੇਵੇ, ਪਰ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ। ਬਹੁਗਿਣਤੀ ਵਿੱਚ ਉੱਥੇ ਮੇਤੀ ਹਨ ਜਿਹੜੇ ਕਿ ਹਿੰਦੂ ਹਨ ਅਤੇ ਆਪਣੇ ਆਪ ਨੂੰ ਪਛੜੀ ਜਾਤੀ ਨਹੀਂ ਮੰਨਦੇ ਜਦਕਿ ਭਾਜਪਾ ਉਹਨਾਂ ਨੂੰ ਪਛੜੀ ਜਾਤੀ ਐਲਾਨਣਾ ਚਾਹੁੰਦੀ ਹੈ। ਕਾਰਣ ਇਹ ਦੱਸਿਆ ਜਾ ਰਿਹਾ ਹੈ ਕਿ ਕੂਕੀ ਪਛੜੀ ਜਾਤੀ ਹੋਣ ਕਾਰਣ ਰਿਜ਼ਰਵੇਸ਼ਨ ਕਾਰਣ ਜ਼ਿਆਦਾ ਸਰਕਾਰੀ ਨੌਕਰੀਆਂ ’ਤੇ ਕਾਬਜ਼ ਹੋ ਗਏ ਹਨ ਜਦਕਿ ਲੁਕਿਆ ਕਾਰਣ ਹਿੰਦੂ ਰਾਸ਼ਟਰ ਦੇ ਨਾਮ ਦੇ 2024 ਵਿੱਚ ਭਾਜਪਾ ਲੋਕ ਸਭਾ ਦੀਆਂ ਮਨੀਪੁਰ ਤੋਂ ਵੱਧ ਵੋਟਾਂ ਲਿਜਾਣਾ ਚਾਹੁੰਦੀ ਹੈ। ਇਸੇ ਲਈ ਭਾਜਪਾ ਨੇਤਾ ਉੱਥੇ ਕਹਿੰਦੇ ਹਨ ਕਿ ਹਿੰਦੂ ਖਤਰੇ ਵਿੱਚ ਹਨ। ਅਸਲੀਅਤ ਇਹ ਹੈ ਮਨੀਪੁਰ ਦੇ ਪਹਾੜੀ ਇਲਾਕਿਆਂ ਵਿੱਚ ਕੂਕੀ ਅਤੇ ਨਾਗਾ ਲੋਕ ਰਹਿੰਦੇ ਹਨ, ਜਿਨ੍ਹਾਂ ਦੀ ਕੁੱਲ ਆਬਾਦੀ ਕੇਵਲ 10% ਹੈ ਅਤੇ ਇੱਥੇ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ ਗਿਆ, ਸ਼ਾਇਦ ਇਸ ਲਈ ਕਿ ਉਹਨਾਂ ਵਿੱਚ ਜ਼ਿਆਦਾਤਰ ਇਸਾਈ ਹਨ। ਮੈਦਾਨੀ ਇਲਾਕਿਆਂ ਵਿੱਚ ਮੇਤੀ ਰਹਿੰਦੇ ਹਨ ਜਿਹੜੇ ਕਿ ਹਿੰਦੂ ਹਨ ਅਤੇ 53% ਹਨ ਅਤੇ ਜਿਹੜਾ ਥੋੜ੍ਹਾ ਬਹੁਤ ਵਿਕਾਸ ਹੋਇਆ ਹੈ ਉਹ ਮੈਦਾਨੀ ਇਲਾਕਿਆਂ ਵਿੱਚ ਹੀ ਹੋਇਆ ਹੈ। ਜ਼ਿਆਦਾਤਰ ਨੌਕਰੀਆਂ ਅਤੇ ਵਿਓਪਾਰ ਮੇਤੀ ਲੋਕਾਂ ਕੋਲ ਹੀ ਹੈ। ਭਗਵਾ ਬਰਗੇਡ ਵੱਲੋਂ ਮੇਤੀਆਂ ਨੂੰ ਭੜਕਾਉਣ ਤੇ ਉਹਨਾਂ ਦੀ ਭੀੜ ਬਣਾ ਕੇ ਕੂਕੀ ਲੋਕਾਂ ਨੂੰ ਕਈ ਵਾਰ ਕੁੱਟਿਆ ਅਤੇ ਕੁਝ ਨੂੰ ਮਾਰ ਦਿੱਤਾ। ਕੂਕੀ ਬੁੱਢੀਆਂ, ਜਵਾਨ ਔਰਤਾਂ ਅਤੇ ਛੋਟੀ ਬੱਚੀਆਂ ਨਾਲ ਮੇਤੀਆਂ ਨੇ ਬਲਾਤਕਾਰ ਕੀਤੇ। ਹੱਦ ਤਾਂ ਉਦੋਂ ਹੋ ਗਈ ਜਦੋਂ ਮੇਤੀ ਭੀੜ ਵੱਲੋਂ ਦੋ ਕੂਕੀ ਔਰਤਾਂ ਨੂੰ ਨੰਗੇ ਕਰ ਕੇ ਘੁਮਾਇਆ ਗਿਆ। ਜਦੋਂ ਯੂ ਟਿਊਬ ਚੈਨਲਾਂ ’ਤੇ ਇਹ ਖਬਰ ਆਈ ਤਾਂ ਪੁਲਿਸ ਦਾ ਬਿਆਨ ਆ ਗਿਆ ਕਿ ਅਗਿਆਤ ਲੋਕਾਂ ਵਿਰੁੱਧ ਐੱਫ ਆਈ ਆਰ ਦਰਜ ਕਰ ਲਈ ਗਈ ਹੈ। ਪਰ ਐਨੇ ਦਿਨ ਬੀਤਣ ਬਾਅਦ ਵੀ ਅਜੇ ਤਕ ਪਤਾ ਨਹੀਂ ਕਿ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਹੋਈ ਹੈ ਜਾਂ ਨਹੀਂ। ਗੋਦੀ ਮੀਡੀਆ ਇਸ ਬਾਰੇ ਚੁੱਪ ਹੀ ਰਿਹਾ।
ਇਸ ਸਭ ਕੁਝ ਦਾ ਸਿੱਟਾ ਨੇਪਾਲ ਅਤੇ ਮੁਸਲਿਮ ਦੇਸ਼ਾਂ ਦੀ ਨਰਾਜ਼ਗੀ ਤੋਂ ਵੀ ਭਿਆਨਕ ਨਿਕਲਿਆ ਹੈ। ਮਨੀਪੁਰ ਹੁਣ ਭਾਰਤ ਤੋਂ ਅਜ਼ਾਦ ਹੋਣਾ ਚਾਹੁੰਦਾ ਹੈ ਕਿਉਂਕਿ ਦੰਗਾਕਾਰੀਆਂ ਨੂੰ ਛੱਡ ਕੇ ਨਿੱਤ ਦੇ ਦੰਗਿਆਂ ਤੋਂ ਮੇਤੀ ਅਤੇ ਕੂਕੀ ਦੋਵੇਂ ਤੰਗ ਆ ਚੁੱਕੇ ਹਨ। ਮਨੀਪੁਰ ਦੇ ਮਹਾਰਾਜ ਨੇ 21 ਸਤੰਬਰ 1949 ਵਾਲੇ ਦਿਨ ਭਾਰਤ ਨਾਲ ਮਿਲਣ ਵਾਲੇ ਦਸਤਾਵੇਜ਼ਾਂ ਉੱਤੇ ਹਸਤਾਖਰ ਕੀਤੇ ਸਨ ਅਤੇ 15 ਅਕਤੂਬਰ ਵਾਲੇ ਦਿਨ ਮਨੀਪੁਰ ਭਾਰਤ ਵਿੱਚ ਮਿਲ ਗਿਆ। ਮਨੀਪੁਰ ਦੇ ਮਿਲੀਟੈਂਟ ਹਰ ਸਾਲ 15 ਅਕਤੂਬਰ ਨੂੰ ਕਾਲ਼ਾ ਦਿਨ ਮਨਾਉਂਦੇ ਹਨ ਅਤੇ ਕੂਕੀ ਨਾਗਾ (ਇਸਾਈਆਂ) ਵੱਲੋਂ ਕਾਲਾ ਦਿਨ ਮਨਾਉਣ ਕਾਰਣ ਹਿੰਦੂ ਰਾਸ਼ਟਰ ਦੇ ਭੂਤ ਨੂੰ ਹੋਰ ਬਲ ਦਿੱਤਾ ਹੈ। 15 ਅਕਤੂਬਰ ਵਾਲੇ ਦਿਨ ਮਨੀਪੁਰ ਵਿੱਚ ਹੜਤਾਲ ਰਹੀ ਅਤੇ ਸਾਰੇ ਬਾਜ਼ਾਰ, ਕਾਰੋਬਾਰ, ਟਰਾਂਸਪੋਰਟ ਆਦਿ ਬੰਦ ਰਹੇ।
ਖਾਲਿਸਤਾਨ ਦਾ ਮੁੱਦਾ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਕਾਲ ਵਿੱਚ ਕਾਫੀ ਠੰਢਾ ਪੈ ਗਿਆ ਸੀ। ਉਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਸਰਕਾਰ ਵੇਲੇ ਵੀ ਠੰਢਾ ਹੀ ਰਿਹਾ। ਪਰ 2014 ਵਿੱਚ ਜਦੋਂ ਤੋਂ ਭਾਜਪਾ ਸੱਤਾ ਵਿੱਚ ਆਈ ਹੈ ਅਤੇ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਹਨ, ਉਦੋਂ ਤੋਂ ਹਿੰਦੂ ਰਾਸ਼ਟਰ ਦੇ ਜ਼ਿਆਦਾ ਰੌਲੇ ਕਰਨ ਖਾਲਿਸਤਾਨੀ ਵੀ ਸਰਗਰਮ ਹੋ ਗਏ ਹਨ। ਖਾਲਿਸਤਾਨੀਆਂ ਦਾ ਕਹਿਣਾ ਹੈ ਕਿ ਜੇਕਰ ਹਿੰਦੂਆਂ ਲਈ ਹਿੰਦੂ ਰਾਸ਼ਟਰ ਬਣਨਾ ਹੈ ਤਾਂ ਸਿੱਖਾਂ ਲਈ ਵੀ ਖਾਲਿਸਤਾਨ ਬਣਨਾ ਚਾਹੀਦਾ ਹੈ। ਵਿਦੇਸ਼ੀ ਸ਼ਕਤੀਆਂ ਤਾਂ ਪਹਿਲਾਂ ਹੀ ਭਾਰਤ ਨੂੰ ਕਮਜ਼ੋਰ ਕਰਨ ਦੀ ਝਾਕ ਵਿੱਚ ਹਨ। ਭਾਰਤ ਦੇ ਮੁਸਲਿਮ ਭਾਵੇਂ ਉਹਨਾਂ ’ਤੇ ਹੋ ਰਹੇ ਅੱਤਿਆਚਾਰਾਂ ਕਾਰਣ ਦੁਖੀ ਹਨ ਪਰ ਭਾਰਤ ਨਾਲ ਹੀ ਰਹਿਣਾ ਚਾਹੁੰਦੇ ਹਨ। ਕੈਨੇਡਾ ਵਿੱਚ ਬੈਠਾ ਇੱਕ ਆਤੰਕਵਾਦੀ ਕਹਿ ਰਿਹਾ ਹੈ ਭਾਰਤ ਵਿੱਚ ਮੁਸਲਮਾਨ ਬਹੁਤ ਤੰਗ ਕੀਤੇ ਜਾ ਰਹੇ ਹਨ, ਇਸ ਲਈ ਉਹਨਾਂ ਵਾਸਤੇ ਉਰਦੂਸਤਾਨ ਬਣਨਾ ਚਾਹੀਦਾ ਹੈ। ਹਿੰਦੂ ਰਾਸ਼ਟਰ ਦੇ ਵਿਚਾਰ ਅਤੇ ਇਸ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਵੱਲੋਂ ਭਾਰਤ ਨੂੰ ਦਿੱਤੇ ਗਏ ਜ਼ਖਮਾਂ ਤੇ ਕੇਵਲ ਧਰਮ ਨਿਰਪੱਖਤਾ ਦੀ ਮੱਲ੍ਹਮ ਹੀ ਕੰਮ ਕਰ ਸਕਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4411)
(ਸਰੋਕਾਰ ਨਾਲ ਸੰਪਰਕ ਲਈ: (