“ਭਾਰਤ ਦੀ ਅਜ਼ਾਦੀ ਵਿੱਚ ਜ਼ਿਆਦਾ ਦਿਲਚਸਪੀ ਲੈਣ ਕਾਰਣ ਉਸ ਨੂੰ ‘ਮੈਨ ਆਫ ਇੰਡੀਆ’ ...”
(14 ਅਕਤੂਬਰ 2019)
ਦੁਨੀਆਂ ਵਿੱਚ ਅਜਿਹੇ ਵਿਅਕਤੀ ਬਹੁਤ ਥੋੜ੍ਹੇ ਹੁੰਦੇ ਹਨ ਜੋ ਉਲਟੇ ਰੁਖ਼ ਪ੍ਰਵਾਜ਼ ਕਰਦੇ ਹਨ। ਜਦੋਂ ਪਾਰਲੀਆਮੈਂਟ ਅਤੇ ਨਿਆਂ ਵਿਵਸਥਾ ਪੂਰੇ ਧਾਰਮਿਕ ਵਿਚਾਰਾਂ ਵਾਲੀ ਹੋਵੇ ਤਾਂ ਅਜਿਹੇ ਵਿਅਕਤੀ ਆਪਣੇ ਨਾਸਤਿਕ ਵਿਚਾਰਾਂ ਤੇ ਅੱਟਲ ਰਹਿੰਦੇ ਹਨ। ਜਦੋਂ ਭਾਰੂ ਸਿਆਸਤ ਕੇਵਲ ਗਿਣਿਆਂ ਚੁਣਿਆਂ ਨੂੰ ਹੀ ਵੋਟ ਪਾਉਣ ਦੇ ਹੱਕ ਵਿੱਚ ਹੋਵੇ ਤਾਂ ਅਜਿਹੇ ਵਿਅਕਤੀ ਸਾਰਿਆਂ ਲਈ ਵੋਟ ਦੇ ਹੱਕ ਲਈ ਡਟਦੇ ਹਨ। ਉਹਨਾਂ ਦਾ ਭਾਵੇਂ ਕਿੰਨਾ ਵੀ ਜਿਸਮਾਨੀ ਅਤੇ ਮਾਲੀ ਨੁਕਸਾਨ ਹੋ ਜਾਵੇ, ਉਹ ਆਮ ਜਨਤਾ ਦੇ ਹੱਕਾਂ ਲਈ ਸਾਰੀ ਉਮਰ ਲੜਦੇ ਰਹਿੰਦੇ ਹਨ। ਅਜਿਹੇ ਵਿਅਕਤੀ ਵੀ ਬਹੁਤ ਥੋੜ੍ਹੇ ਹੁੰਦੇ ਹਨ ਜੋ ਆਜ਼ਾਦ ਮੁਲਕ ਦੇ ਬਸ਼ਿੰਦੇ ਹੋਣ ਦੇ ਬਾਵਜੂਦ ਗੁਲਾਮ ਮੁਲਕਾਂ ਦੇ ਲੋਕਾਂ ਦੇ ਦਰਦ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਦੇ ਹੋਣ ਅਤੇ ਉਹਨਾਂ ਨੂੰ ਅਜ਼ਾਦ ਕਰਵਾਉਣ ਲਈ ਡਟਦੇ ਹੋਣ। ਅਜਿਹੀ ਹੀ ਇੱਕ ਸ਼ਖਸੀਅਤ ਸੀ ਚਾਰਲਸ ਬਰਾਡਲਾਅ।
ਚਾਰਲਸ ਬਰਾਡਲਾਅ (Charles Bradlaugh) ਦਾ ਜਨਮ 26 ਸਤੰਬਰ 1833 ਵਿੱਚ ਇੰਗਲੈਂਡ ਦੇ ਹਾਕਸਟਨ ਟਾਊਨ ਵਿੱਚ ਹੋਇਆ। 11 ਸਾਲ ਦੀ ਉਮਰ ਵਿੱਚ ਇਸ ਨੇ ਸਕੂਲ ਦੀ ਪੜ੍ਹਾਈ ਛੱਡ ਦਿੱਤੀ ਅਤੇ ਬਾਅਦ ਵਿੱਚ ਕੁਝ ਦੇਰ ਕੋਲੇ ਦਾ ਵਪਾਰ ਕਰਨ ਉਪਰੰਤ ਇਸ ਨੇ ਸੰਡੇ ਸਕੂਲ ਵਿੱਚ ਬਤੌਰ ਅਧਿਆਪਕ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਛੇਤੀ ਹੀ ਨਾਸਤਿਕ ਵਿਚਾਰਾਂ ਕਾਰਣ ਇਸ ਨੂੰ ਸੰਡੇ ਸਕੂਲ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ। ਸਤਾਰਾਂ ਸਾਲ ਦੀ ਉਮਰ ਵਿੱਚ ਉਸ ਨੇ ਪਹਿਲਾ ਪੈਂਫ਼ਲੈੱਟ ਛਾਪਿਆ, “ਇਸਾਈ ਪੰਥ ਬਾਰੇ ਕੁਝ ਸ਼ਬਦ।” ਆਰਥਿਕ ਤੰਗੀ ਅਤੇ ਆਜ਼ਾਦ ਵਿਚਾਰਾਂ ਵਾਲੇ ਸਾਥੀਆਂ ਤੋਂ ਲੋੜੀਂਦੀ ਸਹਾਇਤਾ ਨਾ ਮਿਲਣ ਕਾਰਣ ਇਸ ਨੇ ਭਾਰਤ ਜਾ ਜੇ ਕਿਸਮਤ ਅਜ਼ਮਾਉਣ ਦੇ ਇਰਾਦੇ ਨਾਲ ਸੈਵਨਥ ਡਰੈਗਨ ਗਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾ ਦਿੱਤਾ ਪਰ ਇਸ ਨੂੰ ਡਬਲਿਨ ਵਿਖੇ ਤਾਇਨਾਤ ਕਰ ਦਿੱਤਾ ਗਿਆ। 1853 ਵਿੱਚ ਕੁਝ ਪੈਸੇ ਹੱਥ ਲੱਗਣ ਤੇ ਇਸ ਨੇ ਫ਼ੌਜ ਵਿੱਚੋਂ ਡਿਸਚਾਰਜ ਖਰੀਦਿਆ, ਮਤਲਬ ਪੈਸੇ ਖਰਚ ਕੇ ਫ਼ੌਜ ਤੋਂ ਛੁਟਕਾਰਾ ਪਾਇਆ। 1853 ਵਿੱਚ ਉਸ ਨੇ ਇੰਗਲੈਂਡ ਵਾਪਸ ਆ ਕੇ ਇੱਕ ਵਕੀਲ ਦੇ ਕੋਲ ਕਲਰਕ ਦੀ ਨੌਕਰੀ ਕਰ ਲਈ। ਹੁਣ ਤਕ ਉਹ ਪੱਕਾ ਆਜ਼ਾਦ ਵਿਚਾਰਾਂ ਦਾ ਧਾਰਣੀ ਬਣ ਚੁੱਕਿਆ ਸੀ ਅਤੇ ਆਪਣੇ ਮਾਲਿਕ (ਵਕੀਲ) ਦੇ ਵਕਾਰ ਨੂੰ ਕੋਈ ਨੁਕਸਾਨ ਨਾ ਪੁੱਜੇ ਇਸ ਲਈ ਉਹ ਆਪਣੇ ਬਦਲੇ ਹੋਏ ਨਾਮ ਥੱਲੇ ਧਰਮ ਨਿਰਪੱਖ ਵਿਚਾਰਾਂ ਵਾਲੇ ਪੈਂਫ਼ਲੈੱਟ ਛਾਪਣ ਵਾਲਾ ਇੱਕ ਮਸ਼ਹੂਰ ਲੇਖਕ ਬਣ ਚੁੱਕਿਆ ਸੀ। 1858 ਵਿੱਚ ਉਹ ਲੰਡਨ ਧਰਮ ਨਿਰਪੱਖ ਸੁਸਾਇਟੀ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ।
1880 ਵਿੱਚ ਉਹ ਨਾਰਥੈਂਪਟਨ ਖੇਤਰ ਵਿੱਚ ਸਾਂਸਦ ਚੁਣਿਆ ਗਿਆ। ਆਪਣੀ ਸੀਟ ਪ੍ਰਾਪਤ ਕਰਨ ਅਤੇ ਸਰਗਰਮ ਰਾਜਨੀਤੀ ਵਿੱਚ ਹਿੱਸਾ ਲੈਣ ਲਈ ਉਸ ਨੂੰ ਕਰਾਉਨ (ਤਾਜ) ਪ੍ਰਤੀ ਵਫ਼ਾਦਾਰੀ ਦੀ ਸੌਂਹ ਲੈਣੀ ਪੈਣੀ ਸੀ। ਰਾਜੇ ਜਾਂ ਰਾਣੀ ਪ੍ਰਤੀ ਵਫ਼ਾਦਾਰੀ ਜਾਂ ਸੌਂਹ ਉਸ ਵੇਲੇ ਧਰਮ ਪ੍ਰਤੀ ਸੌਂਹ ਸਮਝੀ ਜਾਂਦੀ ਸੀ। ਉਸਨੇ ਸਪੀਕਰ ਕੋਲ ਜਾ ਕੇ ਇੱਕ ਅਰਜ਼ੀ ਦੇ ਕੇ ਬੇਨਤੀ ਕੀਤੀ ਕਿ ਉਹ ਤਾਜ ਪ੍ਰਤੀ ਵਫ਼ਾਦਾਰੀ ਬਜਾਏ ਪੱਕੇ ਤੌਰ ’ਤੇ ਪੁਸ਼ਟੀ (ਸੋਲਮਲੀ ਅਫਰਮ) ਕਰੇਗਾ। ਸਪੀਕਰ ਨੇ ਮਾਮਲਾ ਸਿਲੈਕਟ ਕਮੇਟੀ ਦੇ ਹਵਾਲੇ ਕਰ ਦਿੱਤਾ ਪਰ ਕਮੇਟੀ ਦੀਆਂ ਦੋ ਮੀਟਿਗਾਂ ਵਿੱਚ ਭਰਵੀਂ ਬਹਿਸ ਤੋਂ ਬਾਅਦ ਸਿੱਟਾ ਇਹੀ ਨਿਕਲਿਆ ਕਿ ਤਾਜ ਪ੍ਰਤੀ ਵਫ਼ਾਦਾਰੀ ਦੀ ਸੌਂਹ ਖਾਣੀ ਪੈਣੀ ਹੈ। ਬਰਾਡਲਾਅ ਨੇ ਨਿਮ੍ਰਤਾ ਪੂਰਵਕ ਨਾਂਹ ਕਰ ਦਿੱਤੀ ਅਤੇ ਪੱਕੇ ਤੌਰ ’ਤੇ ਪੁਸ਼ਟੀ ਕਰਨ ਤੇ ਹੀ ਅੜਿਆ ਰਿਹਾ। ਅੰਤ ਉਸ ਨੂੰ ਪਾਰਲੀਮੈਂਟ ਦੀਆਂ ਸੀਟਾਂ ਤੋਂ ਪਿੱਛੇ ਖੜ੍ਹੇ ਹੋ ਕੇ ਆਪਣੇ ਵਿਚਾਰ ਦੱਸਣ ਦੀ ਇਜਾਜ਼ਤ ਮਿਲ ਗਈ। ਇਹ ਇਸਦਾ ਪਹਿਲਾ ਭਾਸ਼ਣ ਸੀ ਜੋ ਕਿ ਕਾਨੂਨੀ ਦਲੀਲਾਂ ਨਾਲ ਭਰਪੂਰ ਅਤੇ ਬਹੁਤ ਭਾਵੁਕ ਸੀ ਪਰ ਜਦੋਂ ਉਹ ਸਪੀਕਰ ਕੋਲ ਪੱਕੇ ਤੌਰ ’ਤੇ ਪੁਸ਼ਟੀ ਕਰਨ ਗਿਆ ਤਾਂ ਸਪੀਕਰ ਨੇ ਨਾਂਹ ਕਰ ਦਿੱਤੀ ਅਤੇ ਸਪੀਕਰ ਦੇ ਕਹਿਣ ’ਤੇ ਮਾਰਸ਼ਲ ਨੇ ਇਸ ਨੂੰ ਪਾਰਲੀਮੈਂਟ ਤੋਂ ਬਾਹਰ ਕੱਢ ਦਿੱਤਾ। ਇਹ ਇੱਕ ਦਮ ਮੁੜ ਕੇ ਸਪੀਕਰ ਦੇ ਟੇਬਲ ਕੋਲ ਪਹੁੰਚ ਗਿਆ। ਸਪੀਕਰ ਨੇ ਇਸ ਨੂੰ ਕੈਦ ਕਰਵਾ ਦਿੱਤਾ। ਕਿਉਂਕਿ ਸੀਟ ਤੇ ਮੈਂਬਰ ਨਾ ਹੋਣ ਕਾਰਣ ਸੀਟ ਖਾਲੀ ਸਮਝੀ ਜਾਂਦੀ ਹੈ ਇਸ ਲਈ ਦੋਬਾਰਾ ਚੋਣ ਕਰਵਾਉਣੀ ਪੈਂਦੀ ਹੈ ਪਰ ਬਰਡਲਾਅ ਫਿਰ ਜਿੱਤ ਗਿਆ। ਇਸ ਤਰ੍ਹਾਂ ਤਿੰਨ ਵਾਰ ਜਿੱਤਿਆ ਪਰ ਪੱਕੇ ਤੌਰ ’ਤੇ ਪੁਸ਼ਟੀ ਨਾ ਕਰਨ ਦਿੱਤੀ ਅਤੇ ਪਾਰਲੀਆਮੈਂਟ ਦੀ ਸੀਟ ਖਾਲੀ ਕਰਾਰ ਕਰ ਦਿੱਤੀ ਜਾਂਦੀ ਰਹੀ। ਵਿੱਚ ਜਿਹੇ ਉਸਨੂੰ ਗੈਰ ਕਾਨੂਨੀ ਤੌਰ ’ਤੇ ਪਾਰਲੀਆਮੈਂਟ ਵਿੱਚ ਵੋਟ ਪਾਉਣ ’ਤੇ 1500 ਡਾਲਰ ਜੁਰਮਾਨਾ ਵੀ ਕੀਤਾ ਗਿਆ। ਪਬਲਿਕ ਮਤ ਬਰਾਡਲਾਅ ਦੇ ਹੱਕ ਵਿੱਚ ਵਧਦਾ ਗਿਆ ਅਤੇ ਹੱਕ ਵਾਲੀਆਂ ਪਟੀਸ਼ਨਾਂ ਉੱਤੇ ਲੋਕਾਂ ਦੇ ਦਸਖ਼ਤ ਵਧਦੇ ਗਏ। ਅੰਤ ਬਰਾਡਲਾਅ ਦੀ ਜਿੱਤ ਹੋਈ। ਇਸ ਜਿੱਤ ਨਾਲ ਹੁਣ ਨਾ ਕੇਵਲ ਸਾਂਸਦ ਵਿੱਚ ਹੀ ਪੱਕੇ ਤੌਰ ’ਤੇ ਪੁਸ਼ਟੀ ਕਰ ਸਕਦੇ ਸਨ ਬਲਕਿ ਕੋਰਟਾਂ ਵਿੱਚ ਵੀ ਅਜਿਹਾ ਕਰਨ ਦੀ ਅਜ਼ਾਦੀ ਹੋ ਗਈ।
ਚਾਰਲਸ ਬਰਾਡਲਾਅ ਭਾਵੇਂ ਮਾਰਕਸਵਾਦੀ ਵਿਚਾਰਧਾਰਾ ਦਾ ਧਾਰਣੀ ਨਹੀਂ ਸੀ ਪਰ ਉਹ ਧਰਮ ਨਿਰਪੱਖਤਾ, ਕੌਮਾਂ ਦੀ ਅਜ਼ਾਦੀ, ਮਨੁੱਖੀ ਹੱਕਾਂ ਅਤੇ ਜਮਹੂਰੀ ਹੱਕਾਂ ਪ੍ਰਤੀ ਸਮਰਪਿਤ ਅਤੇ ਖਾਸ ਤੌਰ ’ਤੇ ਭਾਰਤ ਦੀ ਅਜ਼ਾਦੀ ਦਾ ਵੀ ਮੁਦਈ ਸੀ। ਭਾਰਤ ਦੀ ਅਜ਼ਾਦੀ ਵਿੱਚ ਜ਼ਿਆਦਾ ਦਿਲਚਸਪੀ ਲੈਣ ਕਾਰਣ ਉਸ ਨੂੰ ‘ਮੈਨ ਆਫ ਇੰਡੀਆ’ ਕਿਹਾ ਜਾਂਦਾ ਸੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਉਸ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਉਸ ਨੇ 1889 ਵਿੱਚ ਭਾਰਤ ਆ ਕੇ ਨਾ ਕੇਵਲ ਭਾਰਤ ਦੀ ਅਜ਼ਾਦੀ ਦੇ ਹੱਕ ਵਿੱਚ ਦਲੀਲਾਂ ਦਿੱਤੀਆਂ ਬਲਕਿ ਉਹ ਦੱਖਣੀ ਅਫ਼ਰੀਕਾ, ਸੁਡਾਨ, ਅਫਗਾਨਿਸਤਾਨ ਅਤੇ ਮਿਸਰ ਵਿੱਚ ਬ੍ਰਿਟਿਸ਼ ਹਕੂਮਤ ਦੀ ਪਸਾਰਵਾਦੀ ਨੀਤੀ ਅਤੇ ਫ਼ੌਜ ਦੀ ਦਖਲਅੰਦਾਜ਼ੀ ਦੇ ਵਿਰੁੱਧ ਵੀ ਬੋਲਿਆ।
ਦੇਸ਼ ਭਗਤ ਜ਼ਿਆਦਾਤਰ ਆਪਣੀਆਂ ਮੀਟਿੰਗਾਂ ਜਾਂ ਰੈਲੀਆਂ ਲਾਹੌਰ ਵਿੱਚ ਕਰਦੇ ਸਨ ਪਰ ਉੱਥੇ ਦੋ ਹੀ ਹਾਲ ਸਨ। ਇੱਕ ਮਿਉਂਸਿਪਲ ਹਾਲ ਸੀ ਅਤੇ ਦੂਜਾ ਮਿੰਟਗੁਮਰੀ ਹਾਲ ਸੀ ਅਤੇ ਇਹ ਦੋਨੋਂ ਹੀ ਸਰਕਾਰੀ ਮਲਕੀਅਤ ਹੋਣ ਕਾਰਣ ਇਹਨਾਂ ਵਿੱਚ ਸਿਆਸੀ ਰੈਲੀਆਂ ਨਹੀਂ ਹੋ ਸਕਦੀਆਂ ਸਨ। ਇਸ ਲਈ ਰੈਲੀਆਂ ਆਮ ਤੌਰ ’ਤੇ ਹਫ਼ਤਾਵਾਰੀ ਟ੍ਰਿਬਿਯੂਨ ਅਖਬਾਰ ਦੇ ਵਿਹੜੇ ਵਿੱਚ ਹੁੰਦੀਆਂ ਸਨ ਜਿਸਦਾ ਮਾਲਕ ਦਿਆਲ ਸਿੰਘ ਮਜੀਠੀਆ ਸੀ। ਮਜੀਠੀਆ ਦੀ ਹੀ ਤਮੰਨਾ ਸੀ ਕਿ ਲਾਹੌਰ ਵਿੱਚ ਕੋਈ ਐਸਾ ਹਾਲ ਬਣੇ ਜਿੱਥੇ ਦੇਸ਼ ਭਗਤ ਜਲਸੇ ਅਤੇ ਰੈਲੀਆਂ ਕਰ ਸਕਣ। 1893 ਵਿੱਚ ਮਜੀਠੀਏ ਦੇ ਸੱਦਾ ਦੇਣ ’ਤੇ ਕਾਂਗਰਸ ਦਾ ਸੈਸ਼ਨ ਲਾਹੌਰ ਵਿੱਚ ਰੱਖਿਆ ਗਿਆ ਅਤੇ ਲੋਕਲ ਕਾਂਗ੍ਰਸੀਆਂ ਨੇ ਮਜੀਠੀਆ ਨੂੰ ਹੀ ਸਵਾਗਤੀ ਕਮੇਟੀ ਦਾ ਚੇਅਰਮਐਨ ਥਾਪ ਦਿੱਤਾ। ਸੈਸ਼ਨ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ। ਸੈਸ਼ਨ ਸਮਾਪਤ ਹੋਣ ਤੇ ਸਾਰੇ ਖਰਚੇ ਕੱਢ ਕੇ ਦਸ ਹਜ਼ਾਰ ਰੁਪਏ ਬਚ ਗਏ ਅਤੇ ਲਹੌਰ ਵਿੱਚ ਸਿਆਸੀ ਸਰਗਮੀਆਂ ਕਰਨ ਲਈ ਇੱਕ ਹਾਲ ਬਣਾਉਣ ਦਾ ਹੌਸਲਾ ਬਣ ਗਿਆ। ਉਸ ਤੋਂ ਬਾਅਦ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਨੇ ਵਧ ਚੜ੍ਹ ਕੇ ਚੰਦਾ ਦਿੱਤਾ। ਇਸ ਨਾਲ ਬਰਾਡਲਾਅ ਦੇ ਇੱਕ ਬ੍ਰਿਟਿਸ ਸਾਂਸਦ ਹੋਣ ਦੇ ਬਾਵਜੂਦ ਭਾਰਤ ਦੀ ਅਜ਼ਾਦੀ ਪ੍ਰਤੀ ਆਵਾਜ਼ ਬੁਲੰਦ ਕਰਨ ਖਾਤਿਰ ਬਰਾਡਲਾਅ ਹਾਲ ਲਾਹੌਰ ਵਿੱਚ ਉਸ ਥਾਂ ਤੋਂ ਥੋੜ੍ਹੀ ਹੀ ਦੂਰੀ ਤੇ ਬਣਾਇਆ ਗਿਆ, ਜਿੱਥੇ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਰਾਜਗੁਰੂ ਨੇ ਸਾਂਡਰਸ ਨੂੰ ਗੋਲੀ ਮਾਰੀ ਸੀ।
ਬਰਾਡਲਾਅ ਹਾਲ ਹਰ ਪ੍ਰਕਾਰ ਦੇ ਮੁਹੱਬਤੇ ਵਤਨਾਂ ਦੀਆਂ ਸਰਗਰਮੀਆਂ ਦਾ ਕੇਂਦਰ ਬਣ ਗਿਆ। ਅਜ਼ਾਦੀ ਲਈ ਜਲਸੇ ਅਤੇ ਰੈਲੀਆਂ ਬੇਰੋਕ-ਟੋਕ ਹੋਣ ਲੱਗ ਪਈਆਂ। ਸ਼ੁਰੂ ਸ਼ੁਰੂ ਵਿੱਚ ਇਹ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਦਾ ਕੇਂਦਰ ਬਣਿਆ ਅਤੇ 1905 ਦੇ ਲਾਇਲਪੁਰ ਵਿੱਚ “ਪਗੜੀ ਸੰਭਾਲ ਜੱਟਾ” ਅੰਦੋਲਨ ਵਿੱਚ ਵੀ ਇਹ ਹਾਲ ਸਹਾਈ ਰਿਹਾ। 1915 ਵਿੱਚ ਇਹ ਗਦਰ ਪਾਰਟੀ ਦੀਆਂ ਸਰਗਰਮੀਆਂ ਦਾ ਕੇਂਦਰ ਬਣ ਗਿਆ। ਇਸ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੁੱਤ ਸਥਾਪਿਤ ਕੀਤਾ ਗਿਆ ਜਿਸ ਉੱਤੇ ਇੱਕ ਚਿੱਟੀ ਚਾਦਰ ਦਾ ਲਿਬਾਸ ਸੀ। ਦੁਰਗਾ ਭਾਬੀ ਅਤੇ ਸੁਸ਼ੀਲਾ ਦੇਵੀ ਨੇ ਆਪਣੀਆਂ ਉਂਗਲੀਆਂ ਦਾ ਖੂਨ ਚਿੱਟੀ ਚਾਦਰ ’ਤੇ ਛਿੜਕ ਕੇ ਸ਼੍ਰਧਾਂਜਲੀ ਦਿੱਤੀ। ਬਰਾਡਲਾਅ ਹਾਲ ਨੌਜਾਵਾਨ ਭਾਰਤ ਸਭਾ ਦਾ ਵੀ ਕੇਂਦਰ ਰਿਹਾ। ਪਰ ਜੂਨ 1930 ਵਿੱਚ ਇਸ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਗਿਆ। ਸਰਗਰਮੀਆਂ ਜਾਰੀ ਰੱਖਣ ਲਈ ਹੁਣ ਨੌਜਵਾਨ ਭਾਰਤ ਸਭਾ ਨੇ “ਭਗਤ ਸਿੰਘ ਅਪੀਲ ਕਮੇਟੀਆਂ” ਦੇ ਨਾਮ ਹੇਠ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਲਹੌਰ ਵਿੱਚ 1947 ਤੋਂ ਬਾਅਦ ਬਰਾਡਲਾਅ ਹਾਲ ਨੂੰ ਕੋਈ ਸਰਕਾਰੀ ਜਾਂ ਗੈਰਸਰਕਾਰੀ ਤਵੱਜੋ ਨਾ ਮਿਲਣ ਕਾਰਣ ਇਹ ਤਰਸਯੋਗ ਖਸਤਾ ਹਾਲਤ ਵਿੱਚ ਹੈ। ਅਜ ਤੋਂ ਪੰਜਾਹ ਸਾਲ ਪਹਿਲਾਂ ਚੰਡੀਗੜ੍ਹ ਖੇਤਰ ਵਿੱਚ ਇਸਟੇਟ ਔਫਿਸ ਨੇ ਬਰਾਡਲਾਅ ਹਾਲ ਬਣਾਉਣ ਲਈ ਦੋ ਏਕੜ ਜਮੀਨ ਅਲਾਟ ਕੀਤੀ ਸੀ। 12000 ਰੁਪਏ ਦੀ ਰਿਆਇਤੀ ਕੀਮਤ ਉੱਤੇ ਜਮੀਨ ਇਸ ਸ਼ਰਤ ’ਤੇ ਅਲਾਟ ਕੀਤੀ ਗਈ ਸੀ ਕਿ ਕੰਮ ਤਿੰਨ ਮਹੀਨੇ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਅਫ਼ਸੋਸ ਕਿ ਅਜੇ ਤਕ ਕੰਮ ਸ਼ੁਰੂ ਨਹੀਂ ਹੋ ਸਕਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1769)
(ਸਰੋਕਾਰ ਨਾਲ ਸੰਪਰਕ ਲਈ: