“ਮੋਹਨ ਭਾਗਵਤ ਨੇ ਤਾਂ 2014 ਵਿੱਚ ਹੀ ਭਾਜਪਾ ਨੂੰ ਬਹੁਮਤ ਮਿਲਣ ’ਤੇ ਹਿੰਦੂ ਰਾਸ਼ਟਰ ਬਣਾਉਣ ...”
(28 ਦਸੰਬਰ 2021)
27 ਸਤੰਬਰ 1925 ਵਾਲੇ ਦਿਨ ਆਰ ਐੱਸ ਐੱਸ ਦੀ ਸਥਾਪਨਾ ਨਾਗਪੁਰ ਵਿਖੇ ਹੋਈ। ਸ਼ੁਰੂ ਵਿੱਚ ਇਸ ਨੇ ਅਪਣਾ ਮੰਤਵ ਹਿੰਦੂਆਂ ਦੀ ਅਤੇ ਹਿੰਦੂ ਧਰਮ ਦੀ ਰੱਖਿਆ ਕਰਨਾ ਦੱਸਿਆ ਸੀ। ਹਾਲਾਂਕਿ ਉਸ ਵਕਤ ਨਾ ਤਾਂ ਹਿੰਦੂਆਂ ਉੱਤੇ ਕੋਈ ਹਮਲੇ ਕਰ ਰਿਹਾ ਸੀ ਅਤੇ ਨਾ ਹਿੰਦੂ ਧਰਮ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੋ ਰਹੀ ਸੀ। ਪਰ ਬਾਅਦ ਵਿੱਚ ਇਸ ਨੇ ਆਪਣਾ ਮੰਤਵ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣਾ ਕਿਹਾ। ਇਸ ਵਕਤ ਇਸਦੀ ਮੈਂਬਰਸ਼ਿੱਪ ਲਗਭਗ 60 ਲੱਖ ਹੈ। ਇਸਦੀਆਂ ਕਈ ਬਰਾਂਚਾਂ ਹਨ ਜਿਵੇਂ ਭਾਜਪਾ, ਹਿੰਦੂ ਮਹਾਂਸਭਾ, ਬਜਰੰਗ ਦਲ, ਸ਼ਿਵ ਸੇਨਾ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਵਿਸ਼ਵ ਹਿੰਦੂ ਪਰਿਸ਼ਦ ਆਦਿ। ਸਿੱਖਾਂ ਨੂੰ ਆਪਣੇ ਅੰਦਰ ਖਿੱਚਣ ਲਈ ਆਰ ਐੱਸ ਐੱਸ ਅੰਦਰ ਇੱਕ ਹੋਰ ਆਰ ਐੱਸ ਐੱਸ ਹੈ ਜਿਸ ਨੂੰ ਰਾਸ਼ਟਰੀ ਸਿੱਖ ਸੰਗਤ ਕਿਹਾ ਜਾਂਦਾ ਹੈ। ਇਹਨਾਂ ਸਭਨਾਂ ਦਾ ਮੰਤਵ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ, ਜਿਸ ਵਿੱਚੋਂ ਹੋਰ ਧਰਮਾਂ ਜਿਵੇਂ ਕਿ ਮੁਸਲਿਮ ਅਤੇ ਇਸਾਈ ਨੂੰ ਡਰਾ ਧਮਕਾ ਕੇ ਜਾਂ ਪਤਿਆ ਕੇ ਹਿੰਦੂ ਧਰਮ ਵਿੱਚ ਲਿਆਉਣਾ ਹੈ। ਉੱਤੋਂ ਉੱਤੋਂ ਇਹ ਸਿੱਖਾਂ ਨੂੰ ਵੀ ਹਿੰਦੂ ਕਹਿੰਦੇ ਹਨ ਪਰ ਕਿਸੇ ਸਮੇਂ ਉਹਨਾਂ ਨੂੰ ਵੀ ਹਿੰਦੂ ਬਣਨ ਲਈ ਜ਼ੋਰ ਪਾ ਸਕਦੇ ਹਨ ਪਰ ਅਜੇ ਸਿੱਖਾਂ ਨੂੰ ਹਿੰਦੂ ਹੀ ਕਿਹਾ ਜਾ ਰਿਹਾ ਹੈ ਕਿਉਂਕਿ ਭਾਰਤੀ ਹਥਿਆਰਬੰਦ ਸੈਨਾਵਾਂ ਦਾ ਇਹਨਾਂ ਬਗੈਰ ਗੁਜ਼ਾਰਾ ਨਹੀਂ ਹੋ ਸਕਦਾ।
ਆਰ ਐੱਸ ਐੱਸ ਕੇਵਲ ਮੁਸਲਮਾਨਾਂ, ਈਸਾਈਆਂ ਦੇ ਵਿਰੁੱਧ ਹੀ ਨਹੀਂ ਬਲਕਿ ਕਮਿਊਨਿਸਟਾਂ ਅਤੇ ਧਰਮ ਨਿਰਪੇਖ ਲੋਕਾਂ ਵਿਰੁੱਧ ਵੀ ਹੈ ਅਤੇ ਇਸੇ ਲਈ ਮਹਾਤਮਾ ਗਾਂਧੀ ਦਾ ਕਤਲ ਹੋਇਆ। ਸਾਰਾ ਸੰਘ ਪਰਿਵਾਰ ਗੈਰ ਹਿੰਦੂਆਂ ਨੂੰ ਅਤੇ ਧਰਮ ਨਿਰਪੇਖਤਾ ਦੇ ਹਾਮੀਆਂ ਨੂੰ ਹਿੰਦੂ ਰਾਸ਼ਟਰ ਬਣਨ ਦੇ ਰਾਹ ਵਿੱਚ ਰੋੜਾ ਸਮਝਦਾ ਹੈ ਅਤੇ ਖਾਸਕਰ ਮੁਸਲਮਾਨਾਂ ਨੂੰ ਇਹ ਹਮੇਸ਼ਾ ਨਫਰਤ ਭਰੀ ਨਜ਼ਰ ਨਾਲ ਵੇਖਦਾ ਹੈ। ਸੰਘ ਪਰਿਵਾਰ ਦੀ ਮੁਸਲਮਾਨਾਂ ਪ੍ਰਤੀ ਨਫਰਤ ਭਰੀ ਨਜ਼ਰ ਤਾਂ ਕਈ ਦਹਾਕਿਆਂ ਤੋਂ ਚੱਲ ਰਹੀ ਹੈ ਪਰ ਚੋਣ ਰਣਨੀਤੀ ਕਾਰਣ ਕਈ ਵਾਰ ਮੋਦੀ ਜੀ ਮਸਜਿਦ ਵਿੱਚ ਵੀ ਚਲੇ ਜਾਂਦੇ ਹਨ। ਸੰਘ ਪਰਮੁੱਖ ਮੋਹਨ ਭਾਗਵਤ ਵੀ ਚੋਣਾਂ ਵੇਲੇ ਕੁਝ ਨਰਮ ਬਿਆਨ ਦਿੰਦਾ ਹੋਇਆ ਕਹਿੰਦਾ ਹੈ ਕਿ ਭਾਰਤ ਦੇ ਸਾਰੇ ਮੁਸਲਮਾਨ ਹਿੰਦੂ ਹੀ ਹਨ ਕਿਉਂਕਿ ਮਜਬੂਰੀ ਕਾਰਣ ਉਹਨਾਂ ਆਪਣਾ ਧਰਮ ਬਦਲਿਆ। ਮੋਦੀ ਅਤੇ ਭਾਗਵਤ ਜੋ ਮਰਜ਼ੀ ਕਹੀ ਜਾਣ ਪਰ ਹੇਠਲੇ ਲੀਡਰ ਅਤੇ ਹੇਠਲਾ ਕਾਡਰ ਮੁਸਲਮਾਨਾਂ ਪ੍ਰਤੀ ਜ਼ਹਿਰ ਉਗਲਣਾ ਬੰਦ ਨਹੀਂ ਕਰ ਸਕਦਾ।
ਬੀਤੇ ਦਿਨਾਂ ਵਿੱਚ ਹਿੰਦੂ ਯੁਵਾ ਮੰਚ ਦੇ ਪ੍ਰਧਾਨ ਰਾਜੇਸ਼ਵਰ ਸਿੰਘ ਨੇ ਦਿੱਲੀ ਵਿੱਚ ਜੰਤਰ ਮੰਤ੍ਰ ਵਿਖੇ ਸੌਂਹ ਖਾਧੀ ਅਤੇ ਨੌਜਵਾਨਾਂ ਨੂੰ ਖੁਆਈ ਕਿ ਹਿੰਦੂ ਰਾਸ਼ਟਰ ਬਣਾਵਾਂਗੇ, ਇਸ ਲਈ ਲੜਾਂਗੇ, ਮਰਾਂਗੇ ਅਤੇ ਲੋੜ ਪਈ ਤਾਂ ਮਾਰਾਂਗੇ। ਸੁਦਰਸ਼ਨ ਨਿਊਜ਼ ਦੀ ਮੁੱਖ ਸੰਪਾਦਕ ਸੁਰੇਸ਼ ਚੌਹਾਨ ਨੇ ਵੀ ਇਹੋ ਸੌਂਹ ਭਾਜਪਾ ਦੇ ਕਾਡਰ ਨੂੰ ਖੁਆਈ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਗਵਾਏ। ਹਿੰਦੂ ਮਹਾਂਸਭਾ ਦੀ ਮੁੱਖ ਸਕੱਤਰ ਅੰਨਾ ਪੂਰਨਾ ਭਾਰਤੀ ਨੇ ਹਿੰਦੂ ਨੌਜਵਾਨਾਂ ਨੂੰ ਕਿਹਾ ਹੈ ਕਿ ਹਥਿਆਰ ਚੁੱਕੋ ਅਤੇ 20 ਲੱਖ ਮੁਸਲਮਾਨਾਂ ਦਾ ਕਤਲ ਕਰ ਦਿਓ। ਹਰਦਵਾਰ ਦਾ ਅਸ਼ਵਨੀ ਉਪਾਧਆਯ ਤਾਂ ਭਾਰਤ ਦੇ ਸੰਵਿਧਾਨ ਦੇ ਵਿਰੁੱਧ ਬੋਲਦਾ ਹੈ। ਅਸ਼ਵਨੀ ਉਪਾਧਆਯ ਸੁਪਰੀਮ ਕੋਰਟ ਦਾ ਵਕੀਲ ਹੈ ਅਤੇ ਭਾਜਪਾ ਦਾ ਦਿੱਲੀ ਰਾਜ ਦਾ ਸਾਬਕਾ ਪ੍ਰਵਕਤਾ ਹੈ। ਇਸ ਨੇ ਜੰਤਰ ਮੰਤਰ ’ਤੇ ਇੱਕ ਅੰਦੋਲਨ ‘ਭਾਰਤ ਜੋੜੋ’ ਜਥੇਬੰਦ ਕੀਤਾ ਪਰ ਉਸ ਵਿੱਚ ਸਾਰੇ ਨਾਅਰੇ ਮੁਸਲਮਾਨਾਂ ਵਿਰੁੱਧ ਸਨ ਅਤੇ ਹਰ ਵਕਤਾ ਨੇ ਮੁਸਲਮਾਨਾਂ ਵਿਰੁੱਧ ਜ਼ਹਿਰ ਉਗਲਿਆ।
ਕਨਾਟ ਪਲੇਸ ਦਿੱਲੀ ਦੀ ਪੁਲਿਸ ਨੇ ਅੰਦੋਲਨ ਜਥੇਬੰਦ ਕਰਨ ਵਾਲੇ ਉਪਾਧਆਯ ਵਿਰੁੱਧ ਐੱਫ ਆਈ ਆਰ ਦਰਜ਼ ਕਰਨ ਦੀ ਬਜਾਏ ਅਗਿਆਤ ਵਿਅਕਤੀਆਂ ਵਿਰੁੱਧ ਕੇਸ ਦਰਜ਼ ਕੀਤਾ ਹੈ। ਇਸ ਸਾਲ 17 ਦਸੰਬਰ ਤੋਂ 19 ਦਸੰਬਰ ਤਕ ਸੱਜੇ ਪੱਖੀ ਹਿੰਦੂ ਧਾਰਮਿਕ ਸੰਤਾਂ, ਮਹੰਤਾਂ ਅਤੇ ਸਿਆਸੀ ਲੀਡਰਾਂ ਨੇ ਹਰਦਵਾਰ (ਉੱਤਰਾਖੰਡ) ਵਿੱਚ ਇੱਕ ਧਰਮ ਸੰਸਦ ਜਥੇਬੰਦ ਕੀਤੀ ਜਿਸ ਵਿੱਚ ਮਹਾਂ ਮੰਡਲੇਸ਼ਵਰ ਸਵਾਮੀ ਪਰਬੋਧਾ ਨੰਦ ਜੋ ਕਿ ਹਿੰਦੂ ਰਕਸ਼ਾ ਸੈਨਾ ਦਾ ਪ੍ਰਧਾਨ ਹੈ, ਨੇ ਆਪਣੇ ਭਾਸ਼ਣ ਵਿੱਚ ਕਿਹਾ, “ਮਿਆਂਮਾਰ ਵਿੱਚ ਹਿੰਦੂਆਂ ਨੂੰ ਮਾਰ ਮਾਰ ਕੇ ਭਜਾਇਆ ਜਾ ਰਿਹਾ ਹੈ, ਉਹਨਾਂ ਦੇ ਗਲ ਵੱਡੇ ਜਾ ਰਹੇ ਹਨ। ਦਿੱਲੀ ਵਿੱਚ ਵੀ ਇੱਕ ਹਿੰਦੂ ਮਾਰ ਕੇ ਲਟਕਾ ਦਿੱਤਾ ਗਿਆ। ਅਸੀਂ ਜਾਂ ਤਾਂ ਮਾਰੇ ਜਾਵਾਂਗੇ ਜਾਂ ਸਾਨੂੰ ਹਥਿਆਰ ਚੁੱਕ ਕੇ ਮਾਰਨਾ ਪਵੇਗਾ। ਹਿੰਦੂ ਸਿਆਸਤਦਾਨ, ਹਿੰਦੂ ਪੁਲਿਸ ਅਤੇ ਹਿੰਦੂ ਫੌਜੀ ਹਥਿਆਰ ਚੁੱਕਣ ਅਤੇ ਸਫਾਇਆ ਕਰਨ, ਇਹੋ ਸਫਾਈ ਅਭਿਆਨ ਹੈ। ਇੱਥੇ ਹੀ ਸਾਗਰ ਸਿੱਧੂ ਰਾਜ ਨੇ ਕਿਹਾ ਕਿ ਮੋਬਾਇਲ 5000 ਰੁਪਏ ਵਾਲਾ ਹੀ ਕਾਫ਼ੀ ਹੈ ਪਰ ਹਥਿਆਰ ਘੱਟੋ ਘੱਟ ਇੱਕ ਲੱਖ ਰੁਪਏ ਦਾ ਚਾਹੀਦਾ ਹੈ। ਇਸੇ ਧਰਮ ਸਾਂਸਦ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਨੂੰ ਗੋਲੀ ਨਾਲ ਉੜਾ ਦੇਣ ਦੀ ਧਮਕੀ ਦਿੱਤੀ ਗਈ। ਪਾਰਬੋਧਾ ਨੰਦ ਕੋਈ ਛੋਟੀ ਮੋਟੀ ਹਸਤੀ ਨਹੀਂ, ਉੱਤਰਾਖੰਡ ਦੇ ਮੁੱਖ ਮੰਤਰੀ ਨੇ ਇਸਦੇ ਪੈਰਾਂ ਨੂੰ ਛੂਹ ਕੇ ਇਸ ਤੋਂ ਅਸ਼ੀਰਵਾਦ ਲਿਆ ਸੀ। ਮਹਾਂ ਮੰਡਲੇਸ਼ਵਰ ਪਾਰਬੋਧਾ ਨੰਦ ਨੇ ਇੱਕ ਬਿਆਨ ਵਿੱਚ ਇਹ ਵੀ ਕਿਹਾ ਕਿ ਹਰ ਹਿੰਦੂ ਨੂੰ ਅੱਠ ਬੱਚੇ ਪੈਦਾ ਕਰਨੇ ਚਾਹੀਦੇ ਹਨ।
ਇਹ ਜਿੰਨੇ ਵੀ ਭਾਸ਼ਣ ਦੇਣ ਵਾਲੇ ਜਦੋਂ ਭੜਕਾਊ ਅਤੇ ਜ਼ਹਿਰੀਲੇ ਭਾਸ਼ਣ ਕਰਦੇ ਹਨ ਤਾਂ ਉਦੋਂ ਪੁਲਿਸ ਨੂੰ ਇੱਕ ਦਮ ਐਕਸ਼ਨ ਲੈਣਾ ਚਾਹੀਦਾ ਹੈ ਪਰ ਇਵੇਂ ਹੋ ਨਹੀਂ ਰਿਹਾ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਇਸ ਵਿਰੁੱਧ ਅਵਾਜ਼ ਉਠਾਉਣੀ ਚਾਹੀਦੀ ਹੈ ਪਰ ਉਹ ਇਸ ਮਸਲੇ ’ਤੇ ਮੂੰਹ ਬੰਦ ਹੀ ਰੱਖਦੇ ਹਨ। ਉਲਟਾ ਕੁਝ ਭਾਜਪਾ ਮੰਤਰੀ ਨਫਰਤ ਫੈਲਾਉਣ ਵਾਲਿਆਂ ਨਾਲ ਬੜੀ ਬੇਸ਼ਰਮੀ ਨਾਲ ਫੋਟੋਆਂ ਖਿਚਵਾਉਂਦੇ ਹਨ। ਇੱਥੇ ਤਕ ਕਿ ਉਨਾਊ ਦੇ ਭਾਜਪਾ ਸਾਂਸਦ ਸਾਕਸ਼ੀ ਮਹਾਰਾਜ ਨੇ 2015 ਵਿੱਚ ਕਿਹਾ ਸੀ ਕਿ ਹਿੰਦੂ ਧਰਮ ਦੀ ਰੱਖਿਆ ਲਈ ਹਰ ਹਿੰਦੂ ਔਰਤ ਨੂੰ ਘੱਟੋ ਘਟ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ। ਜੇਕਰ ਪੁਲਿਸ ਅਜਿਹਿਆਂ ’ਤੇ ਯੂ ਏ ਪੀ ਏ ਜਾਂ ਹੋਰ ਦੇਸ਼ ਧ੍ਰੋਹ ਦੀਆਂ ਧਾਰਾਵਾਂ ਨਹੀਂ ਲਗਾਉਂਦੀ ਅਤੇ ਭਗਵਾ ਸਰਕਾਰ ਦੇ ਨੇਤਾ ਇਸਦਾ ਵਿਰੋਧ ਨਹੀਂ ਕਰਦੇ ਤਾਂ ਇਹ ਸਾਫ਼ ਸਮਝਿਆ ਜਾਏਗਾ ਕਿ ਇਹ ਸਰਕਾਰ ਅਤੇ ਪੁਲਿਸ ਵੱਲੋਂ ਮਿਲਜੁਲ ਕੇ ਰਚੀ ਸਾਜਿਸ਼ ਹੈ। ਕੋਰਟਾਂ ਵੀ ਆਮ ਤੌਰ ’ਤੇ ਅਜਿਹੇ ਮਸਲਿਆਂ ਦਾ ਸੰਗਯਾਨ ਲੈਂਦੀਆਂ ਹਨ ਪਰ ਅਜੇ ਚੁੱਪ ਹਨ।
ਆਰ ਐੱਸ ਐੱਸ ਦਾ ਸਾਰਾ ਕੇਡਰ ਤਾਂ ਹਰ ਸ਼ਾਖਾ ਵਿੱਚ ਹਿੰਦੂ ਰਾਸ਼ਟਰ ਬਣਾਉਣ ਬਾਰੇ ਵਿਚਾਰ ਵਟਾਂਦਰਾ ਕਰਦਾ ਹੀ ਹੈ ਪਰ ਨਾਲ ਨਾਲ ਲਾਠੀ ਚਲਾਉਣ ਦੀ ਟ੍ਰੇਨਿੰਗ ਵੀ ਲੈਂਦਾ ਹੈ। ਇਸ ਤੋਂ ਇਲਾਵਾ ਕੁਝ ਸਵੈ ਸੇਵਕ ਹਥਿਆਰ ਚਲਾਉਣਾ ਵੀ ਸਿੱਖਦੇ ਹਨ। ਇਸਦੇ ਬਾਵਜੂਦ ਸੰਘ ਪਰਮੁੱਖ ਮੋਹਨ ਭਾਗਵਤ ਜੀ ਪਿੱਛੇ ਰਹਿਣ ਵਾਲੇ ਨਹੀਂ ਹਨ। ਉਹਨਾਂ ਨੇ ਪਿੱਛੇ ਜਿਹੇ ਹਿਮਾਚਲ ਵਿੱਚ ਰਿਟਾਇਰ ਫੌਜੀਆਂ ਦੇ ਇੱਕ ਇਕੱਠ ਵਿੱਚ ਕਿਹਾ ਕਿ ਤੁਸੀਂ ਸਾਰੇ ਆਰ ਐੱਸ ਐੱਸ ਵਿੱਚ ਆ ਜਾਓ। ਤੁਹਾਨੂੰ ਫੌਜ ਵਿੱਚ ਵੀ ਅਨੁਸ਼ਾਸਨ ਸਿਖਾਇਆ ਜਾਂਦਾ ਸੀ ਅਤੇ ਅਸੀਂ ਵੀ ਆਪਣੀਆਂ ਸ਼ਾਖਾਵਾਂ ਵਿੱਚ ਅਨੁਸ਼ਾਸਨ ਹੀ ਸਿਖਾਉਂਦੇ ਹਾਂ। ਇਸਦੇ ਪਿੱਛੇ ਮਨਸ਼ਾ ਕੀ ਹੋ ਸਕਦੀ ਹੈ? ਇੱਕ ਤਾਂ ਹਿਮਾਚਲ ਪ੍ਰਦੇਸ਼ ਦੇ ਫੌਜੀਆਂ ਦੀ ਬਹੁ ਗਿਣਤੀ ਹਿੰਦੂ ਹੈ ਅਤੇ ਦੂਜੇ ਉਹ ਹਰ ਪ੍ਰਕਾਰ ਦੇ ਹਥਿਆਰ ਚਲਾਉਣ ਵਿੱਚ ਨਿਪੁੰਨ ਹਨ। ਵੈਸੇ ਭਾਰਤ ਨੂੰ ਹਥਿਆਰਬੰਦ ਵਿਧੀ ਨਾਲ ਹਿੰਦੂ ਰਾਸ਼ਟਰ ਬਣਾਉਣ ਦੀ ਵਿਉਂਤ 1927 ਵਿੱਚ ਹੀ ਹਿੰਦੂ ਮਹਾਂ ਸਭਾ ਦੇ ਪ੍ਰਧਾਨ ਮੁੰਜੇ ਨੇ ਬਣਾ ਦਿੱਤੀ ਸੀ ਅਤੇ ਹੁਣ ਸਾਬਕਾ ਸੰਘ ਪਰਮੁੱਖ ਰੱਜੂ ਭਈਆ ਦੇ ਨਾਮ ’ਤੇ ਆਰ ਐੱਸ ਐੱਸ ਦਾ ਇੱਕ ਫੌਜੀ ਸਕੂਲ ਵਿੱਚ ਚੱਲ ਰਿਹਾ ਹੈ ਅਤੇ ਇਹ ਪਰੰਪਰਾਗਤ ਭਾਰਤੀ ਫੌਜ ਵਾਂਗ ਹੀ ਟ੍ਰੇਨਿੰਗ ਦੇ ਰਿਹਾ ਹੈ ਅਤੇ ਨਾਲ ਦੇ ਨਾਲ ਹਿੰਦੂ ਰਾਸ਼ਟਰ ਵੀ ਦਿਮਾਗਾਂ ਵਿੱਚ ਭਰਿਆ ਜਾ ਰਿਹਾ ਹੈ।
ਕਿਉਂਕਿ 2025 ਵਿੱਚ ਆਰ ਐੱਸ ਐੱਸ ਸਥਾਪਿਤ ਹੋਈਆਂ ਨੂੰ ਸੌ ਸਾਲ ਪੂਰੇ ਹੋ ਜਾਣੇ ਹਨ ਇਸ ਲਈ ਸਾਰੇ ਸੰਘ ਪਰਿਵਾਰ ਨੂੰ ਕਾਹਲੀ ਹੈ ਕਿ ਹਿੰਦੂ ਰਾਸ਼ਟਰ ਸੌ ਸਾਲ ਪੂਰੇ ਹੋਣ ਤੋਂ ਪਹਿਲਾਂ ਪਹਿਲਾਂ ਹੀ ਬਣ ਜਾਵੇ। ਮੋਹਨ ਭਾਗਵਤ ਨੇ ਤਾਂ 2014 ਵਿੱਚ ਹੀ ਭਾਜਪਾ ਨੂੰ ਬਹੁਮਤ ਮਿਲਣ ’ਤੇ ਹਿੰਦੂ ਰਾਸ਼ਟਰ ਬਣਾਉਣ ਬਾਰੇ ਕਹਿ ਦਿੱਤਾ ਸੀ, “ਅਭੀ ਨਹੀਂ ਤੋਂ ਕਭੀ ਨਹੀਂ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3235)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)