“ਇਹਨਾਂ ਪੰਜ ਫਾਨਿਆਂ ਤੋਂ ਇਲਾਵਾ ਇੱਕ ਛੇਵਾਂ ਫ਼ਾਨਾ ਵੀ ਕਾਂਗਰਸ ਅਤੇ ਭਾਜਪਾ ਪਾਰਟੀ ਨੇ ਤਿਆਰ ...”
(8 ਅਪਰੈਲ 2022)
ਲੱਕੜ ਨੂੰ ਪਾੜਨ ਲਈ ਫਾਨੇ (wedge) ਦੀ ਲੋੜ ਹੁੰਦੀ ਹੈ, ਜਿਸ ਨੂੰ ਪਾੜਾ ਵੀ ਕਹਿੰਦੇ ਹਨ। ਕਈ ਵਾਰ ਦੋਂਹ ਫਾਨਿਆਂ ਦੀ ਲੋੜ ਪੈ ਜਾਂਦੀ ਹੈ। ਪਰ ਭਾਰਤੀ ਲੋਕਤੰਤਰ ਵਿੱਚ ਪੰਜ ਫਾਨੇ ਲੱਗੇ ਹੋਏ ਹਨ। ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਲੋਕਤੰਤਰ ਦਾ ਕੀ ਹਾਲ ਹੋ ਸਕਦਾ ਹੈ।
ਪਹਿਲਾ ਫਾਨਾ ਵਧੇਰੇ ਪਾਰਟੀਆਂ ਦਾ:
ਤੁਸੀਂ ਸ਼ਾਇਦ ਸੋਚਦੇ ਹੋਵੋਗੇ ਇਸ ਵਿੱਚ ਕੀ ਹਰਜ਼ ਹੈ। ਸਾਂਝੇ ਮੁਫਾਦਾਂ ਲਈ ਦਬਾਅ ਪਾਉਣ ਵਾਲੇ ਸਮੂਹਾਂ ਨੂੰ ਆਪਣੀਆਂ ਆਪਣੀਆਂ ਸਿਆਸੀ ਪਾਰਟੀ ਬਣਾਉਣ ਦਾ ਹੱਕ ਹੈ। ਪਰ ਇੱਥੇ ਜ਼ਿਆਦਾਤਰ ਪਾਰਟੀਆਂ ਸਾਂਝੇ ਮੁਫਾਦਾਂ ਕਾਰਣ ਨਹੀਂ ਬਲਕਿ ਕੁਝ ਲੋਕਾਂ ਦੀ ਕੁਰਸੀ ਦੀ ਭੁੱਖ ਕਾਰਣ ਬਣ ਰਹੀਆਂ ਹਨ। ਜੇਕਰ ਪੰਜ ਜਾਂ ਛੇ ਪਾਰਟੀਆਂ ਚੋਣਾਂ ਲੜ ਰਹੀਆਂ ਹੋਣ ਤਾਂ ਉਹਨਾਂ ਵਿੱਚੋਂ ਜਿਹੜੀ ਪਾਰਟੀ 40 % ਵੋਟਾਂ ਪ੍ਰਾਪਤ ਕਰ ਲੈਂਦੀ ਹੈ ਉਹ ਜੇਤੂ ਕਰਾਰ ਦੇ ਦਿੱਤੀ ਜਾਂਦੀ ਹੈ ਅਤੇ ਬਾਕੀ 60% ਵੋਟਾਂ ਪ੍ਰਾਪਤ ਕਰਨ ਵਾਲੀਆਂ ਪਾਰਟੀਆਂ ਹਾਰ ਜਾਂਦੀਆਂ ਹਨ, ਕਿਉਂਕਿ ਇਹਨਾਂ ਵਿੱਚੋਂ ਕੋਈ ਵੀ ਪਾਰਟੀ 41% ਵੋਟਾਂ ਨਹੀਂ ਲੈਂਦੀ। ਕੀ 60% ਵਾਲੀਆਂ ਨੂੰ ਛੱਡ ਕੇ ਕੇਵਲ 40% ਵੋਟਾਂ ਵਾਲੀ ਪਾਰਟੀ ਨੂੰ ਲੋਕਾਂ ਦਾ ਫਤਵਾ ਕਿਹਾ ਜਾ ਸਕਦਾ ਹੈ? ਬਹੁਤ ਘੱਟ ਵਾਰ ਇਹ 40%, 60% ਦਾ ਅਪਵਾਦ ਹੋਇਆ ਹੈ। ਐਨੀਆਂ ਪਾਰਟੀਆਂ ਬਣਨੀਆਂ ਹੀ ਨਹੀਂ ਸੀ ਜੇਕਰ ਸੰਵਿਧਾਨ ਦੀ ਕਿਸੇ ਧਾਰਾ ਵਿੱਚ ਧਰਮ ਨਿਰਪੇਖਤਾ ਲਿਖੀ ਜਾਂਦੀ। ਧਰਮ ਨਿਰਪੇਖਤਾ ਦਾ ਵਿਰੋਧ ਕਰਨ ਵਾਲਿਆਂ ਨੇ ਤਾਂ ਤਿਰੰਗੇ ਝੰਡੇ ਅਤੇ ਇਸ ਸੰਵਿਧਾਨ ਦਾ ਵੀ ਵਿਰੋਧ ਇਹ ਕਹਿ ਕੇ ਕੀਤਾ ਸੀ ਕਿ ਤਿੰਨ ਸ਼ਬਦ ਨਹਿਸ ਹੁੰਦਾ ਹੈ ਇਸ ਲਈ ਅਸੀਂ ਤਿਰੰਗਾ ਝੰਡਾ ਨਹੀਂ ਮੰਨਦੇ ਅਤੇ ਇਹ ਸੰਵਿਧਾਨ ਦਲਿਤਾਂ ਨੂੰ ਉੱਚ ਜਾਤੀਆਂ ਦੇ ਬਰਾਬਰ ਕਰਦਾ ਹੈ, ਇਸ ਲਈ ਅਸੀਂ ਇਸ ਨੂੰ ਵੀ ਨਹੀਂ ਮੰਨਦੇ। ਉਸ ਵਕਤ ਅੰਬੇਡਕਰ ਸਮੇਤ ਸਾਰੀ ਕਾਂਗਰਸ ਦੇ ਹੱਕ ਵਿੱਚ ਹਵਾ ਦਾ ਰੁਖ਼ ਸੀ। ਜੇਕਰ ਤਿਰੰਗੇ ਝੰਡੇ ਕਾਰਣ ਉਦੋਂ ਆਰ ਐੱਸ ਐੱਸ ਪਾਰਲੀਮਾਨੀ ਸਿਸਟਮ ਦਾ ਕੁਝ ਨਹੀਂ ਵਿਗਾੜ ਸਕੀ ਤਾਂ ਧਰਮ ਨਿਰਪੱਖਤਾ ਕਾਰਣ ਵੀ ਕੁਝ ਨਹੀਂ ਵਿਗੜ ਸਕਦੀ ਸੀ। ਦੂਜੇ ਨੰਬਰ ’ਤੇ ਜੇਕਰ ਜਵਾਹਰ ਲਾਲ ਨਹਿਰੂ ਦੱਖਣ ਵਿੱਚ ਹਿੰਦੀ ਲਾਗੂ ਕਰਨ ਦੀ ਕੋਸ਼ਿਸ਼ ਨਾ ਕਰਦਾ ਅਤੇ ਜਿਹੜੇ ਸੂਬੇ ਹਿੰਦੀ ਨਹੀਂ ਚਾਹੁੰਦੇ ਉਹਨਾਂ ਵਿੱਚ ਦੇਸ਼ ਦੀ ਲਿੰਕ ਭਾਸ਼ਾ ਅੰਗਰੇਜ਼ੀ ਨਾਲ ਮਾਤ ਭਾਸ਼ਾ ਹੁੰਦੀ ਅਤੇ ਜਿਹੜੇ ਸੂਬੇ ਹਿੰਦੀ ਲਈ ਰਜ਼ਾਮੰਦ ਹੁੰਦੇ ਉਹ ਅੰਗਰੇਜ਼ੀ, ਮਾਤ ਭਾਸ਼ਾ ਅਤੇ ਹਿੰਦੀ ਵਾਲਾ ਤਰੈ ਭਾਸ਼ੀ ਫਾਰਮੂਲਾ ਲਾਗੂ ਕਰ ਲੈਂਦੇ। ਇਸ ਪ੍ਰਕਾਰ ਧਰਮ ਅਧਾਰਿਤ ਜਾਂ ਭਾਸ਼ਾ ਅਧਾਰਿਤ ਪਾਰਟੀਆਂ ਬਣਨਿਆਂ ਨਹੀਂ ਸਨ।
ਦੂਜਾ ਫਾਨਾ ਧਰਮ ਦਾ:
ਆਰ ਐੱਸ ਐੱਸ ਤੋਂ ਬਣੀ ਪਾਰਟੀ ਦੀ ਸਾਰੀ ਦੀ ਸਾਰੀ ਟੇਕ ਹਿੰਦੂ ਧਰਮ ’ਤੇ ਸੀ। ਇਸਦੀ ਸਿਆਸੀ ਪਾਰਟੀ ਭਾਵੇਂ ਸ਼ੁਰੂ ਵਿੱਚ ਭਾਰਤੀ ਜਨਸੰਘ ਸੀ ਪਰ ਬਾਅਦ ਵਿੱਚ ਮੌਕੇ ਦੇ ਹਿਸਾਬ ਨਾਲ ਪਹਿਲਾਂ ਜਨਤਾ ਪਾਰਟੀ ਅਤੇ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਬਣ ਗਈ। ਅਕਾਲੀ ਪਾਰਟੀ ਨੇ ਵੀ ਆਪਣੀ ਪੂਰੀ ਟੇਕ ਸਿੱਖ ਧਰਮ ਜਾਂ ਸਿੱਖੀ ਜੀਵਨ ਜਾਚ ’ਤੇ ਰੱਖ ਲਈ। ਆਰ ਐੱਸ ਐੱਸ ਦੇ ਨਾਲ ਸਬੰਧਿਤ ਭਾਜਪਾ ਤੋਂ ਇਲਾਵਾ ਸ਼ਿਵ ਸੈਨਾ, ਹਿੰਦੂ ਮਹਾਂਸਭਾ ਅਤੇ ਹੋਰ ਪਾਰਟੀਆਂ ਹੋਂਦ ਵਿੱਚ ਆ ਗਈਆਂ। ਇਸ ਤੋਂ ਇਲਾਵਾ ਇੰਡੀਅਨ ਯੂਨੀਅਨ ਮੁਸਲਿਮ ਲੀਗ, ਇੰਡੀਅਨ ਕਰਿਸਚੀਅਨ ਫਰੰਟ ਅਤੇ ਜਾਤ ਆਧਾਰਿਤ ਬਹੁਜਨ ਪਾਰਟੀ ਆਦਿ ਵੀ ਹਨ। ਧਰਮ ਰਹਿਤ ਕਮਿਊਨਿਸਟ ਪਾਰਟੀਆਂ ਬਣ ਗਈਆਂ। ਆਰੀਆ ਸਮਾਜ ਨੇ ਥੋੜ੍ਹੀ ਬਹੁਤ ਕਾਂਗਰਸ ਵਿੱਚ ਘੁਸਪੈਠ ਕਰ ਲਈ। ਕਿਉਂਕਿ ਸਾਰੇ ਭਾਰਤ ਵਿੱਚ ਹਿੰਦੂ ਮਾਨਸਿਕਤਾ ਵਾਲੇ ਲੋਕ ਜ਼ਿਆਦਾ ਹਨ ਅਤੇ ਇਸਦੇ ਸਹਾਰੇ ਭਾਰਤੀ ਜਨਤਾ ਪਾਰਟੀ ਅਜ਼ਾਦੀ ਦੇ 70 ਸਾਲ ਬਾਅਦ ਸਿਆਸੀ ਸ਼ਕਤੀ ਦੇ ਸਿਖਰ ’ਤੇ ਪਹੁੰਚ ਚੁੱਕੀ ਹੈ। ਇਸ ਲਈ ਦੂਜਿਆਂ ਪਾਰਟੀਆਂ ਵੀ ਹਿੰਦੂ ਮਾਨਸਿਕਤਾ ’ਤੇ ਟੇਕ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਤੀਜਾ ਫਾਨਾ ਅਨਪੜ੍ਹਤਾ ਅਤੇ ਗਰੀਬੀ ਦਾ:
ਅਨਪੜ੍ਹ ਵਿਅਕਤੀ ਨੂੰ ਕੋਈ ਵੀ ਵਰਗਲਾ ਸਕਦਾ ਹੈ। ਗਰੀਬੀ ਅਤੇ ਅਨਪੜ੍ਹਤਾ ਕਾਰਣ ਵੋਟ ਦੀ ਅਸਲੀ ਕੀਮਤ ਨਾ ਸਮਝਣ ਕਰਕੇ ਗਰੀਬ ਆਦਮੀ ਆਪਣੀ ਵੋਟ ਲਈ ਸਸਤੇ ਵਿੱਚ ਹੀ ਵਿਕ ਜਾਂਦਾ ਹੈ। ਸ਼ਰਾਬ ਜਾਂ ਪੈਸੇ ਜਿਹੜੀ ਪਾਰਟੀ ਦੇ ਦੇਵੇ ਅਤੇ ਨਾਲ ਹੀ ਉਸਦੇ ਸਾਰੇ ਕੰਮ ਕਰਨ ਦਾ ਭਰੋਸਾ ਦੇ ਦੇਵੇ, ਗਰੀਬ ਆਦਮੀ ਉਸੇ ਨੂੰ ਵੋਟ ਪਾ ਦਿੰਦਾ। ਭਾਵੇਂ ਕੋਈ ਉਮੀਦਵਾਰ ਦਿੱਤੇ ਭਰੋਸੇ ਤੋਂ ਬਾਅਦ ਗਰੀਬ ਦਾ ਕੁਝ ਵੀ ਨਾ ਸਵਾਰੇ ਪਰ ਅਗਲੀ ਵਾਰ ਉਹੀ ਉਮੀਦਵਾਰ ਉਹਨਾਂ ਹੀ ਪੁਰਾਣੇ ਭਰੋਸਿਆਂ ਨਾਲ ਫੇਰ ਵੋਟ ਲੈ ਜਾਂਦਾ ਹੈ ਜਾਂ ਦੂਜੀ ਪਾਰਟੀ ਦਾ ਉਮੀਦਵਾਰ ਵੀ ਪੈਸਾ, ਸ਼ਰਾਬ ਅਤੇ ਭਰੋਸੇ ਨਾਲ ਵੋਟ ਲੈ ਜਾਂਦਾ ਹੈ। ਗਰੀਬ ਆਦਮੀ ਤਾਂ ਪਾਰਟੀ ਦਾ ਪਿਛਲੀ ਵਾਰ ਵਾਲਾ ਮੈਨੀਫੈਸਟੋ ਵੀ ਨਹੀਂ ਪੜ੍ਹ ਸਕਦਾ। ਵੈਸੇ ਪੜ੍ਹੇ ਲਿਖੇ ਵੀ ਘੱਟ ਹੀ ਪਿਛਲਾ ਮੈਨੀਫੈਸਟੋ ਪੜ੍ਹਦੇ ਹਨ ਅਤੇ ਜੇਕਰ ਕੋਈ ਪੜ੍ਹ ਲਵੇ ਤਾਂ ਪਹਿਲਾਂ ਜਿੱਤੇ ਉਮੀਦਵਾਰ ਨੂੰ ਉਸ ਦੀ ਪਾਰਟੀ ਦੇ ਪਹਿਲੇ ਮੈਨੀਫੈਸਟੋ ਵਿੱਚੋਂ ਇਹ ਨਹੀਂ ਪੁੱਛਦਾ ਕਿ ਕਿਹੜਾ ਕਿਹੜਾ ਵਾਇਦਾ ਪੂਰਾ ਕੀਤਾ ਹੈ?
ਚੌਥਾ ਫਾਨਾ ਗਰੀਬੀ ਅਤੇ ਅਮੀਰੀ ਵਿੱਚ ਵੱਡਾ ਪਾੜਾ:
ਗਰੀਬੀ ਅਤੇ ਅਮੀਰੀ ਵਿੱਚ ਵੱਡਾ ਪਾੜਾ ਹੋਣ ਕਰਕੇ, ਜਿਹੜਾ ਵਧਦਾ ਹੀ ਜਾ ਰਿਹਾ ਹੈ, ਧਨਾਡਾਂ, ਕਾਰਪੋਰੇਟ ਘਰਾਣਿਆਂ ਦੇ ਸਹਿਯੋਗ ਨਾਲ ਸਿਆਸੀ ਪਾਰਟੀਆਂ ਇੱਕ ਤਾਂ ਗਰੀਬ ਵਿਅਕਤੀ ਦਾ ਵੋਟ ਖਰੀਦ ਲੈਂਦੀਆਂ ਹਨ ਅਤੇ ਦੂਜੇ ਉਹ ਚੋਣਾਂ ’ਤੇ ਲੱਖਾਂ, ਕਰੋੜਾਂ ਖਰਚ ਦਿੰਦੀਆਂ ਹਨ। ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਰਕਮ ਤੋਂ ਕਈ ਗੁਣਾ ਜ਼ਿਆਦਾ ਰਕਮ ਖਰਚਦੇ ਹਨ ਅਤੇ ਚੋਣ ਕਮਿਸ਼ਨ ਨੂੰ ਹਿਸਾਬ ਦੇਣ ਵੇਲੇ ਖਰਚਾ ਘੱਟ ਵਿਖਾਉਣ ਲਈ ਕਈ ਤਰ੍ਹਾਂ ਦੀ ਹੇਰਾਫੇਰੀ ਕਰਦੇ ਹਨ। ਪੈਸੇ ਦੇ ਜ਼ੋਰ ਨਾਲ ਹੀ ਵਿਰੋਧੀਆਂ ਉੱਤੇ ਕੋਰਟਾਂ ਵਿੱਚ ਕੇਸ ਕਰਦੇ ਹਨ, ਹਾਲਾਂਕਿ ਇਹ ਜਾਣਦੇ ਹਨ ਕਿ ਅਜਿਹੇ ਕੇਸ ਘੱਟ ਹੀ ਸਫਲ ਹੁੰਦੇ ਹਨ। ਪੈਸੇ ਦੇ ਜ਼ੋਰ ਨਾਲ ਇਹ ਗੁੰਡੇ ਵੀ ਪਾਲਦੇ ਹਨ। ਐਨਾ ਕੁਝ ਸ਼ਰੀਫ਼ ਆਦਮੀ ਨਹੀਂ ਕਰ ਸਕਦਾ। ਜ਼ਿਆਦਾਤਰ ਦੋ ਪਾਰਟੀਆਂ ਵਿੱਚ ਹੀ ਕਾਟੋਆਂ ਵਾਂਗ ਚੜ੍ਹਨ ਅਤੇ ਉੱਤਰਨ ਵਾਲਾ ਖੇਡ ਚਲਦਾ ਹੈ। ਇਸ ਵਾਰ ਪੰਜਾਬ ਵਿੱਚ ਲੋਕ ਕਾਂਗਰਸ, ਭਾਜਪਾ ਅਤੇ ਅਕਾਲੀਆਂ ਤੋਂ ਜ਼ਿਆਦਾ ਦੁਖੀ ਸਨ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਦਿੱਤਾ ਹੈ।
ਪੰਜਵਾਂ ਫਾਨਾ ਵਿਕਾਊ ਮੀਡੀਆ:
ਜ਼ਿਆਦਾਤਰ ਭਾਰਤੀ ਮੀਡੀਆ ਵਿਕਾਊ ਹੋ ਚੁੱਕਿਆ ਹੈ ਅਤੇ ਕਾਰਪੋਰੇਟ ਘਰਾਣਿਆਂ ਦਾ ਰਖੇਲ ਬਣ ਚੁੱਕਿਆ ਹੈ। ਲੋਕਾਂ ਦੇ ਅਗਲੀ ਸਰਕਾਰ ਬਾਰੇ ਸੋਚਣ ਤੋਂ ਪਹਿਲਾਂ ਕਾਰਪੋਰੇਟ ਘਰਾਣਿਆਂ ਦਾ ਜਿਸ ਪਾਰਟੀ ਨਾਲ ਭਾਰਤੀ ਸਰਮਾਏ ਨੂੰ ਲੁੱਟਣ ਦਾ ਸਮਝੌਤਾ ਹੋ ਜਾਂਦਾ ਹੈ, ਕਾਰਪੋਰੇਟ ਘਰਾਣੇ ਵਿਕਾਊ ਮੀਡੀਆ ਨੂੰ ਉਸ ਪਾਰਟੀ ਦਾ ਗੁਣ ਗਾਉਣ ਦਾ ਹੁਕਮ ਦੇ ਦਿੰਦੇ ਹਨ। ਵਿਕਾਊ ਮੀਡੀਆ ਜਿਸ ਨੂੰ ਅੱਜਕਲ ਗੋਦੀ ਮੀਡੀਆ ਵੀ ਕਹਿੰਦੇ ਹਨ ਉਸ ਪਾਰਟੀ ਦੇ ਗੁਣ ਵਧਾ ਚੜ੍ਹਾ ਕੇ ਗਾਉਣ ਲੱਗ ਪੈਂਦਾ ਹੈ। ਕੇਵਲ ਐਨਾ ਹੀ ਨਹੀਂ, ਇਸਦੇ ਪੱਤਰਕਾਰ ਖੋਜ ਕਰਦੇ ਰਹਿੰਦੇ ਹਨ ਕਿ ਵਿਰੋਧੀ ਪਾਰਟੀਆਂ ਵਿੱਚੋਂ ਕਿਸ ਦੀ ਮਾੜੀ ਜਿੰਨੀ ਵੀ ਹਰਕਤ ਗਲਤ ਹੋ ਗਈ ਹੈ, ਉਸ ਨੂੰ ਵਧਾ ਚੜ੍ਹਾ ਕੇ ਵਿਖਾਇਆ ਜਾਵੇ। ਇਹ ਮੀਡੀਆ ਅਖਿਲੇਸ਼ ਯਾਦਵ ਵੱਲੋਂ ਆਪਣੇ ਪਿਤਾ ਜੀ ਨੂੰ ਥੱਪੜ ਮਾਰਨ ਵਾਲੀ ਝੂਠੀ ਖ਼ਬਰ ਅਤੇ ਜੇ.ਐੱਨ.ਯੂ ਦੇ ਵਿਦਿਆਰਥੀਆਂ ਦੀ ਵੀਡਿਓ ਵਿੱਚ ਦੇਸ਼ ਧ੍ਰੋਹੀ ਨਾਅਰੇ ਭਰ ਕੇ ਬੜੀ ਬੇਸ਼ਰਮੀ ਨਾਲ ਪ੍ਰਸਾਰਿਤ ਕਰ ਸਕਦਾ ਹੈ। ਰਹਿੰਦੀ ਕਸਰ ਭਾਜਪਾ ਦਾ ਆਈ ਟੀ ਸੈੱਲ ਪੂਰੀ ਕਰ ਦਿੰਦਾ ਹੈ। ਇਸ ਪ੍ਰਕਾਰ ਹਰ ਵਾਰ ਕਾਰਪੋਰੇਟ ਘਰਾਣੇ ਜਿੱਤ ਜਾਂਦੇ ਹਨ ਅਤੇ ਲੋਕ ਹਾਰ ਜਾਂਦੇ ਹਨ।
ਇਹਨਾਂ ਪੰਜ ਫਾਨਿਆਂ ਤੋਂ ਇਲਾਵਾ ਇੱਕ ਛੇਵਾਂ ਫ਼ਾਨਾ ਵੀ ਕਾਂਗਰਸ ਅਤੇ ਭਾਜਪਾ ਪਾਰਟੀ ਨੇ ਤਿਆਰ ਕਰ ਲਿਆ ਹੈ। ਜਿਹੜੀ ਪਾਰਟੀ ਕੇਂਦਰ ਵਿੱਚ ਸੱਤਾ ’ਤੇ ਹੋਵੇ ਉਹ ਆਪਣੇ ਜ਼ੋਰ, ਡਰ, ਅਤੇ ਲਾਲਚ ਨਾਲ ਕੋਰਟਾਂ, ਚੋਣ ਕਮੀਸ਼ਨ, ਆਮਦਨ ਟੈਕਸ ਵਿਭਾਗ ਅਤੇ ਸੀ. ਬੀ. ਆਈ ਵਰਗੀਆਂ ਸੰਵਿਧਾਨਿਕ ਸੰਸਥਾਵਾਂ ਨੂੰ ਆਪਣੇ ਕਾਬੂ ਵਿੱਚ ਰੱਖ ਲੈਂਦੀਆਂ ਹਨ। ਸੱਤਾ ’ਤੇ ਕਾਬਜ਼ ਪਾਰਟੀ ਹਰ ਤਰੀਕਾ ਵਰਤਦੀ ਹੈ ਜਿਸ ਨਾਲ ਸੰਵਿਧਾਨਿਕ ਸੰਸਥਾਵਾਂ ਨੂੰ ਆਪਣੇ ਵਿਰੋਧੀਆਂ ਬਰਖਲਾਫ਼ ਵਰਤਿਆ ਜਾ ਸਕੇ ਤਾਂ ਕਿ ਜਾਂ ਵਿਰੋਧੀ ਉਮੀਦਵਾਰ ਕੋਰਟਾਂ ਦੇ ਚੱਕਰ ਵਿੱਚ ਪਏ ਰਹਿਣ, ਜਾਂ ਕੋਰਟ ਕੇਸਾਂ ਤੋਂ ਡਰ ਕੇ ਸੱਤਾ ’ਤੇ ਕਾਬਜ਼ ਪਾਰਟੀ ਵਿੱਚ ਸ਼ਾਮਿਲ ਹੋ ਜਾਣ। ਕਾਨੂੰਨਸਾਜ਼ਾਂ ਦੀ ਵੀ ਇਹ ਮਾਨਸਿਕਤਾ ਬਣ ਗਈ ਹੈ ਕਿ ਉਹ ਆਪਣੀ ਪਹਿਲਾਂ ਵਾਲੀ ਪਾਰਟੀ ਵਿੱਚ ਭਾਵੇਂ ਕਈ ਦਹਾਕੇ ਰਹੇ ਹੋਣ ਅਤੇ ਵਜ਼ੀਰੀਆਂ ਦਾ ਸੁਖ ਮਾਣਦੇ ਰਹੇ ਹੋਣ ਪਰ ਸੱਤਾ ਪ੍ਰਾਪਤੀ ਲਈ ਰਾਤੋ ਰਾਤ ਪਹਿਲੀ ਪਾਰਟੀ ਛੱਡ ਕੇ ਸੱਤਾ ਵਾਲੀ ਪਾਰਟੀ ਵਿੱਚ ਸ਼ਾਮਿਲ ਹੋ ਜਾਂਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3489)
(ਸਰੋਕਾਰ ਨਾਲ ਸੰਪਰਕ ਲਈ: