“ਅਸੀਂ ਕਈ ਤਰ੍ਹਾਂ ਦੀਆਂ ਇਨਕਲਾਬ ਦੀਆਂ ਵੰਨਗੀਆਂ ਵੇਖੀਆਂ ਅਤੇ ਸੁਣੀਆਂ ਹਨ। ਹਰਾ ਇਨਕਲਾਬ, ਚਿੱਟਾ ...”
(22 ਮਾਰਚ 2022)
ਮਹਿਮਾਨ: 270.
ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਕੇ ਬਹੁਮਤ ਵਿੱਚ ਆਉਣ ’ਤੇ ਕੇਜਰੀਵਾਲ ਨੇ ਕਿਹਾ, “ਪੰਜਾਬ ਵਿੱਚ ਭਗਵੰਤ ਮਾਨ ਨੇ ਇਨਕਲਾਬ ਕਰ ਦਿੱਤਾ ਹੈ।“ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਲਈ ਸੌਂਹ ਖਾਣ ਲਈ ਜਗ੍ਹਾ ਸ਼ਹੀਦ ਭਗਤ ਸਿੰਘ ਦੇ ਯਾਦਗਾਰੀ ਸਥਾਨ ਖਟਕੜ ਕਲਾਂ ਨੂੰ ਚੁਣ ਕੇ ਇਹ ਸੁਨੇਹਾ ਦਿੱਤਾ ਕਿ ਆਮ ਆਦਮੀ ਪਾਰਟੀ ਸ਼ਹੀਦ ਭਗਤ ਸਿੰਘ ਨੂੰ ਸਿਜਦਾ ਕਰਦੀ ਹੈ। ਭਗਵੰਤ ਮਾਨ ਦੀ ਫੋਟੋ ਮੈਂ ਉਰਦੂ ਦੀ ਇੱਕ ਅਖ਼ਬਾਰ ਹਿੰਦ ਸਮਾਚਾਰ ਵਿੱਚ ਪਹਿਲੇ ਸਫ਼ੇ ’ਤੇ ਵੇਖੀ, ਹੋ ਸਕਦਾ ਹੈ ਹੋਰ ਅਖ਼ਬਾਰਾਂ ਵਿੱਚ ਵੀ ਹੋਵੇ ਜਿਸਦੇ ਨਾਲ ਲਿਖਿਆ ਸੀ, “ਅੱਜ ਇਤਿਹਾਸ ਰਚਿਆ ਜਾਏਗਾ, ਪੰਜਾਬ ਦੇ ਤਿੰਨ ਕਰੋੜ ਲੋਕ ਇਕੱਠੇ ਮੁੱਖ ਮੰਤਰੀ ਦਾ ਹਲਫ਼ ਲੈਣਗੇ।”
“ਖਟਕੜ ਕਲਾਂ ਕੋ ਰੰਗ ਕਰ ਬਸੰਤੀ ਰੰਗ ਮੇਂ,
ਭਗਤ ਸਿੰਘ ਕੋ ਕਰੇਂਗੇ ਸਿਜਦਾ।
ਯਹੀ ਰੰਗ ਹੈ ਹਮਰੀ ਸੋਚ ਕਾ,
ਯਹੀ ਰੰਗ ਇਨਕਲਾਬ ਕਾ।”
ਕੇਜਰੀਵਾਲ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵੋਟਾਂ ਵਿੱਚੋਂ ਜਿੱਤਣ ਤੋਂ ਬਾਅਦ ਕਹਿ ਦਿੱਤਾ ਕਿ ਪੰਜਾਬ ਵਿੱਚ ਇਨਕਲਾਬ ਹੋ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਦਿੱਤਾ ਕਿ ਬਸੰਤੀ ਰੰਗ ਇਨਕਲਾਬ ਦਾ ਰੰਗ ਹੈ। ਹੁਣ ਸੋਚਣ ਵਾਲੀ ਗੱਲ ਹੈ ਕਿ ਕੀ ਕਿਸੇ ਥਾਂ ’ਤੇ ਵੋਟਾਂ ਨਾਲ ਇਨਕਲਾਬ ਆਇਆ ਹੈ। ਕੀ ਸਰਮਾਏਦਾਰੀ, ਜਿਸ ਕੋਲ ਪੁਲਿਸ, ਫੌਜ, ਕੋਰਟਾਂ, ਜਿਹਲਾਂ ਰਾਹੀਂ ਸੱਤਾ ’ਤੇ ਜਕੜ ਹੈ ਉਹ ਕੇਵਲ ਵੋਟਾਂ ਨਾਲ ਹੀ ਸੱਤਾ ਤੋਂ ਆਪਣੀ ਜਕੜ ਛੱਡ ਦੇਵੇਗੀ। ਕੀ ਰੂਸ ਅਤੇ ਚੀਨ ਵਿੱਚ ਇਨਕਲਾਬ ਵੋਟਾਂ ਨਾਲ ਆਏ ਸਨ। ਜੇਕਰ ਵੋਟਾਂ ਨਾਲ ਹੀ ਇਨਕਲਾਬ ਆਉਣਾ ਹੁੰਦਾ ਤਾਂ ਲੈਨਿਨ ਅਤੇ ਬੋਲਸ਼ੇਵਿਕਾਂ ਨੇ ਰੂਸ ਵਿੱਚ ਅਤੇ ਮਾਓ ਜ਼ੇ ਤੁੰਗ ਅਤੇ ਉਸਦੇ ਸਾਥੀਆਂ ਨੇ ਚੀਨ ਵਿੱਚ ਵੋਟਾਂ ਰਾਹੀਂ ਹੀ ਇਨਕਲਾਬ ਕਰ ਦੇਣਾ ਸੀ ਅਤੇ ਬਿਨਾ ਕਿਸੇ ਕੁਰਬਾਨੀ ਦੇ ਇਨਕਲਾਬ ਹੋ ਜਾਣੇ ਸਨ। ਕਦੇ ਵੀ ਕਿਤੇ ਵੀ ਕਿਸੇ ਦੇਸ਼ ਵਿੱਚ ਸਮਾਜੀ ਪ੍ਰਬੰਧ ਵੋਟਾਂ ਨਾਲ ਜਾਂ ਸ਼ਾਂਤੀਪੂਰਨ ਢੰਗ ਨਾਲ ਨਹੀਂ ਬਦਲਿਆ। ਰੂਸ ਜਾਂ ਚੀਨ ਵਿੱਚ ਲੱਖਾਂ ਕੁਰਬਾਨੀਆਂ ਨਾਲ ਹੀ ਸਮਾਜੀ ਪ੍ਰਬੰਧ ਬਦਲਿਆ ਜਿਸ ਨੂੰ ਇਨਕਲਾਬ ਕਹਿੰਦੇ ਹਨ। ਇਨਕਲਾਬੀ ਰੰਗ ਖੂਨ ਦਾ ਰੰਗ ਹੈ। ਇਨਕਲਾਬ ਲਈ ਖੂਨ ਡੋਲਣਾ ਪੈਂਦਾ ਹੈ ਅਤੇ ਕਈ ਵਾਰ ਸਮਾਜੀ ਪ੍ਰਬੰਧ ਨੂੰ ਚੈਲੇਂਜ ਕਰਨ ’ਤੇ ਵੀ ਡੁੱਲਦਾ ਹੈ। 4 ਮਈ 1886 ਵਾਲੇ ਦਿਨ ਇੱਕ ਵਿਸ਼ਾਲ ਸਮੂਹ ਅਮਰੀਕਾ ਦੀ ਹੇਅ ਮਾਰਕੀਟ ਵਿੱਚ ਕਿਸੇ ਇਨਕਲਾਬ ਲਈ ਇਕੱਠਾ ਨਹੀਂ ਹੋਇਆ ਸੀ। ਸ਼ਾਂਤੀ ਪੂਰਨ ਜਲੂਸ ਸੀ, ਕੇਵਲ 18-18 ਘੰਟੇ ਕੰਮ ਦੀ ਬਜਾਏ 8 ਘੰਟੇ ਦੇ ਕੰਮ ਲਈ ਮੰਗ ਕਰ ਰਿਹਾ ਸੀ। ਉੱਥੇ ਸਰਮਾਏਦਾਰੀ ਨਿਜ਼ਾਮ ਦੀ ਪੁਲਿਸ ਨੇ ਗੋਲੀ ਚਲਾ ਦਿੱਤੀ। ਕਿਸੇ ਨੇ ਭੀੜ ਵਿੱਚ ਬੰਬ ਸੁੱਟ ਦਿੱਤਾ, ਖੂਨ ਡੁੱਲ੍ਹਿਆ, ਬੰਬ ਸੁੱਟਣ ਵਾਲੇ ਦਾ ਕੋਈ ਪਤਾ ਨਹੀਂ ਲੱਗਾ, ਪਰ ਇਲਜ਼ਾਮ ਮਜ਼ਦੂਰ ਲੀਡਰਾਂ ’ਤੇ ਲੱਗਾ। ਸੱਤ ਮਜ਼ਦੂਰਾਂ ਲੀਡਰਾਂ ਨੂੰ ਫਾਂਸੀ ਅਤੇ ਇੱਕ ਨੂੰ 15 ਸਾਲ ਦੀ ਕੈਦ ਹੋਈ। ਇਹ ਅੰਦੋਲਨ ਕੋਈ ਇਨਕਲਾਬ ਲਈ ਨਹੀਂ ਸੀ, ਕੇਵਲ ਸਰਮਾਏਦਾਰੀ ਨਿਜ਼ਾਮ ਤੋਂ 8 ਘੰਟੇ ਦੀ ਦਿਹਾੜੀ ਦਾ ਮੰਗ ਸੀ ਜਿਸ ਨੂੰ ਸਰਮਾਏਦਾਰੀ ਨੇ ਚੈਲੇਂਜ ਸਮਝਿਆ ਅਤੇ 10 ਤੋਂ ਵੱਧ ਵਿਅਕਤੀ ਮਾਰ ਦਿੱਤੇ।
ਵੋਟਾਂ ਨਾਲ ਇਨਕਲਾਬ ਨਹੀਂ ਆ ਸਕਦਾ ਪਰ ਵੋਟਾਂ ਨਾਲ ਅਜਿਹੀ ਪਾਰਟੀ ਸੱਤਾ ’ਤੇ ਕਾਬਜ਼ ਹੋ ਸਕਦੀ ਹੈ ਜਿਹੜੀ ਪਹਿਲੀ ਨਾਲੋਂ ਕੁਝ ਵਧੀਆ ਕੰਮ ਕਰੇ ਪਰ ਸਰਮਾਏਦਾਰਾਨਾ ਲੁੱਟ ਨੂੰ ਖਤਮ ਨਹੀਂ ਕਰ ਸਕਦੀ। ਇਨਕਲਾਬ ਕੁਰਬਾਨੀਆਂ ਤੋਂ ਬਿਨਾ ਨਹੀਂ ਹੁੰਦਾ ਪਰ ਉਲਟ ਇਨਕਲਾਬ ਸਾਜ਼ਿਸ਼ਾਂ ਨਾਲ, ਸਰਮਾਏਦਾਰੀ ਪਰਚਾਰ ਅਤੇ ਧਨ ਨਾਲ ਹੋ ਸਕਦਾ ਹੈ। ਰੂਸ ਵਿੱਚੋਂ ਸਮਾਜਵਾਦ ਖਤਮ ਕਰਨ ਲਈ ਸਰਮਾਏਦਾਰ ਸਰਕਾਰਾਂ ਨੇ ਕਈ ਚਾਲਾਂ ਚਲੀਆਂ, ਕਾਮਯਾਬ ਨਹੀਂ ਹੋਏ। ਅੰਤ ਪੋਪ ਰਾਹੀਂ ਪਰਚਾਰ ਕਰਵਾਇਆ ਗਿਆ, “ਕਮਿਊਨਿਜ਼ਮ ਵਿੱਚ ਤੁਹਾਡੀਆਂ ਕੇਵਲ ਭੌਤਿਕ ਲੋੜਾਂ ਪੂਰੀਆਂ ਹੁੰਦੀਆਂ ਹਨ ਪਰ ਅਧਿਆਤਮਕ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਤੁਹਾਨੂੰ ਰੋਟੀ, ਕੱਪੜਾ, ਮਕਾਨ, ਵਿੱਦਿਆ, ਸਿਹਤ ਸਹੂਲਤਾਂ ਅਤੇ ਹੋਰ ਕਈ ਭੌਤਿਕ ਸਹੂਲਤਾਂ ਤਾਂ ਬਹੁਤ ਹਨ ਪਰ ਕਿਸੇ ਚਰਚ ਜਾਂ ਮਸਜਿਦ ਵਿੱਚ ਤੁਹਾਨੂੰ ਉਹ ਅਧਿਆਤਮਕ ਸੁਖ ਨਹੀਂ ਮਿਲਦਾ ਜਿਹੜਾ ਅਸਲ ਵਿੱਚ ਮਿਲਣਾ ਚਾਹੀਦਾ ਹੈ। ਕਾਰਣ ਇਹ ਹੈ ਕਿ ਕਮਿਊਨਿਸਟ ਸਰਕਾਰਾਂ ਵੱਲੋਂ ਧਰਮ ਪ੍ਰਤੀ ਉਦਾਸੀਨਤਾ ਵਿਖਾਈ ਜਾਂਦੀ ਹੈ। ਕਿਸੇ ਵੀ ਧਰਮ ਨੂੰ ਸੰਗਠਿਤ ਰਹਿਣ ਨਹੀਂ ਦਿੱਤਾ ਗਿਆ ਇਸੇ ਲਈ ਤੁਹਾਨੂੰ ਆਪਣੇ ਧਰਮ ਵਿੱਚ ਗਿਆਨ ਦੇ ਵਾਧੇ ਲਈ ਪਰਚਾਰਕ ਨਹੀਂ ਮਿਲਦੇ, ਕਿਤਾਬਾਂ ਜਾਂ ਮੈਗ਼ਜ਼ੀਨ ਵੀ ਨਹੀਂ ਮਿਲਦੇ।” ਇਨਕਲਾਬ ਤੋਂ ਬਾਅਦ ਅਜੇ ਲੋਕਾਂ ਦੇ ਮਨਾਂ ਵਿੱਚੋਂ ਧਰਮ ਅਤੇ ਅਧਿਆਤਮ ਨਿਕਲਿਆ ਨਹੀਂ ਸੀ ਅਤੇ ਇਹ ਜਿਹੜਾ ਧਰਮ ਅਤੇ ਅਧਿਆਤਮ ਦਿਮਾਗਾਂ ਵਿੱਚ ਹਜ਼ਾਰਾਂ ਸਾਲਾਂ ਤੋਂ ਬੈਠਿਆ ਹੈ ਉਹ ਸੌ ਦੋ ਸੌ ਸਾਲਾਂ ਵਿੱਚ ਨਿਕਲਦਾ ਵੀ ਨਹੀਂ। ਲੋਕਾਂ ਦੇ ਮਨਾਂ ਵਿੱਚੋਂ ਨਿੱਜੀ ਜਾਇਦਾਦ ਦਾ ਸੰਕਲਪ ਵੀ ਛੇਤੀ ਨਹੀਂ ਨਿਕਲਦਾ। ਇਸ ਲਈ ਧਰਮ ਵਾਲੇ ਪਰਚਾਰਾਂ ਦਾ ਅਸਰ ਹੋਇਆ ਕਿ ਲੋਕ ਸਰਮਾਏਦਾਰੀ ਦੇ ਭਰਮ ਜਾਲ ਵਿੱਚ ਫਸ ਗਏ ਅਤੇ ਦੱਬੀਆਂ ਬੈਠੀਆਂ ਨਿੱਜੀ ਜਾਇਦਾਦ ਦੀਆਂ ਹਾਮੀ ਸਰਮਾਏਦਾਰੀ ਸ਼ਕਤੀਆਂ ਵੀ ਉੱਭਰ ਪਈਆਂ ਅਤੇ ਹੌਲੀ ਹੌਲੀ ਮੁੜ ਸੱਤਾ ’ਤੇ ਕਾਬਜ਼ ਹੋ ਗਈਆਂ।
ਅਸੀਂ ਕਈ ਤਰ੍ਹਾਂ ਦੀਆਂ ਇਨਕਲਾਬ ਦੀਆਂ ਵੰਨਗੀਆਂ ਵੇਖੀਆਂ ਅਤੇ ਸੁਣੀਆਂ ਹਨ। ਹਰਾ ਇਨਕਲਾਬ, ਚਿੱਟਾ ਇਨਕਲਾਬ, ਨੀਲਾ ਇਨਕਲਾਬ, ਪਿੰਕ ਇਨਕਲਾਬ ਜਿਹੜੇ ਕਿ ਕ੍ਰਮ ਵਾਰ ਖੇਤੀ ਉਤਪਾਦਨ ਵਿੱਚ ਵਾਧੇ, ਦੁੱਧ ਉਤਪਾਦਨ ਵਿੱਚ ਵਾਧੇ, ਮੱਛਲੀ ਅਤੇ ਹੋਰ ਸੀ ਫੂਡ ਵਿੱਚ ਵਾਧੇ ਅਤੇ ਮੀਟ ਦੇ ਵਾਧੇ ਨਾਲ ਸਬੰਧਿਤ ਹੈ। ਪਰ ਇਹਨਾਂ ਵਿੱਚੋਂ ਕੋਈ ਵੀ ਸਮਾਜਿਕ ਤਬਦੀਲੀ ਲਈ ਨਹੀਂ। ਇਹ ਹਰੇ ਚਿੱਟੇ, ਨੀਲੇ ਅਤੇ ਪਿੰਕ ਇਨਕਲਾਬਾਂ ਨਾਲ ਵਾਧੂ ਪੈਦਾਵਾਰ ਦੇ ਬਾਵਜੂਦ ਅਜੇ ਵੀ ਲੋਕਾਂ ਦੇ ਢਿੱਡ ਨਹੀਂ ਭਰ ਰਹੇ। ਕਾਰਣ ਇਹ ਹੈ ਜਦ ਤਕ ਸਮਾਜਿਕ ਪ੍ਰਬੰਧ ਨਹੀਂ ਬਦਲਦਾ ਸਾਰੇ ਉਤਪਾਦਨ ਦੀ ਵੰਡ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਰਮਾਏਦਾਰੀ ਦੇ ਹੱਥ ਵਿੱਚ ਹੈ ਤਦ ਤਕ ਲੋਕਾਂ ਦੀਆਂ ਲੋੜਾਂ ਵਾਧੂ ਪੈਦਾਵਾਰ ਦੇ ਬਾਵਜੂਦ ਵੀ ਪੂਰੀਆਂ ਨਹੀਂ ਹੋ ਸਕਦੀਆਂ। ਇਸੇ ਲਈ ਅਜਿਹੇ ਇਨਕਲਾਬਾਂ ਤੋਂ ਬਾਅਦ ਐਨੀ ਜ਼ਿਆਦਾ ਪੈਦਾਵਾਰ ਵਧਣ ਦੇ ਬਾਵਜੂਦ ਵੀ ਅਜੇ ਕਈ ਲੋਕਾਂ ਨੂੰ ਤਿੰਨ ਡੰਗ ਦੀ ਰੋਟੀ ਨਸੀਬ ਨਹੀਂ ਹੁੰਦੀ। ਕਈ ਬੱਚੇ ਰਾਤ ਨੂੰ ਭੁੱਖੇ ਸੌਂਦੇ ਹਨ ਅਤੇ ਕਈ ਬੱਚੇ ਤੁਸੀਂ ਰੂੜੀ ਦੇ ਢੇਰਾਂ ਤੋਂ ਕੁਝ ਖਾਣ ਨੂੰ ਲੱਭਦੇ ਵੇਖੇ ਹੋਣਗੇ। ਇੱਥੇ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਮੀਟ ਦਾ ਰੰਗ ਜ਼ਿਆਦਾਤਰ ਲਾਲ ਹੁੰਦਾ ਹੈ, ਲਾਲ ਇਨਕਲਾਬ ਤੋਂ ਇਹਨਾਂ ਨੂੰ ਡਰ ਲਗਦਾ ਹੈ ਇਸ ਲਈ ਮੀਟ ਦੇ ਵਾਧੇ ਦੀ ਯੋਜਨਾ ਨੂੰ ਪਿੰਕ ਇਨਕਲਾਬ ਦਾ ਨਾਮ ਦੇ ਦਿੱਤਾ।
ਹੁਣ ਕੇਜਰੀਵਾਲ ਜੀ ਵੋਟਾਂ ਨਾਲ ਆਏ ਇਨਕਲਾਬ ਦੀ ਗੱਲ ਕਰ ਰਹੇ ਹਨ ਅਤੇ ਮਾਨ ਸਾਹਿਬ ਬਸੰਤੀ ਰੰਗ ਨੂੰ ਇਨਕਲਾਬ ਦਾ ਰੰਗ ਦੱਸ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਵਿੱਚ ਆਏ ਇਨਕਲਾਬ ਨਾਲ ਕੀ ਪੰਜਾਬ ਨੂੰ ਕਾਰਪੋਰੇਟ ਘਰਾਣਿਆਂ ਤੋਂ ਮੁਕਤੀ ਮਿਲਦੀ ਹੈ? ਅਜਿਹਾ ਇਨਕਲਾਬ ਕਿੰਨੀ ਬੇਰੁਜ਼ਗਾਰੀ ਦੂਰ ਕਰਦਾ ਹੈ? ਕੀ ਅਜਿਹਾ ਇਨਕਲਾਬ ਮਹਿੰਗਾਈ ਨੂੰ ਠੱਲ੍ਹ ਪਾ ਲਵੇਗਾ? ਕੀ ਖੇਤਾਂ ਨੂੰ ਬਰਬਾਦ ਕਰਦੇ ਅਵਾਰਾ ਪਸ਼ੂਆਂ ਦੇ ਇੱਜੜਾਂ ਨੂੰ ਕਾਬੂ ਕਰ ਲੈਣਗੇ? ਕੀ ਕਿਸਾਨਾਂ ਨੂੰ ਕੰਟਰੋਲ ਰੇਟ ਤੇ ਬੀਜ ਅਤੇ ਖਾਦ ਮਿਲ ਜਾਣਗੇ? ਕੀ ਪੰਜਾਬ ਦਾ ਧਰਤੀ ਹੇਠਲਾ ਪਾਣੀ ਖਤਮ ਹੋਣ ਤੋਂ ਬਚਾਉਣ ਲਈ ਝੋਨੇ ਦੇ ਬਦਲ ਦੇ ਰੂਪ ਵਿੱਚ ਪੈਦਾ ਕੀਤੀਆਂ ਜਿਣਸਾਂ ਦਾ ਵਾਜਬ ਐੱਮ ਐੱਸ ਪੀ ਮਿਲੇਗਾ? ਕੀ ਬੇਰੁਜ਼ਗਾਰਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਕੋਈ ਗੁਜ਼ਾਰਾ ਭੱਤਾ ਮਿਲੇਗਾ? ਕੀ ਸਰਕਾਰੀ ਅਦਾਰਿਆਂ ਵਿੱਚ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ? ਕੀ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ ਮਿਲੇਗਾ? ਜਵਾਨੀ ਵੇਲੇ ਸਰਕਾਰੀ ਜਾਂ ਨਿੱਜੀ ਖੇਤਰ ਵਿੱਚ ਕੰਮ ਕਰਦੇ ਲੋਕਾਂ ਨੇ ਬੈਂਕਾਂ ਵਿੱਚ ਇਸ ਆਸ ਨਾਲ ਪੂੰਜੀ ਜਮ੍ਹਾਂ ਰੱਖੀ ਕਿ ਬੁਢਾਪੇ ਵਿੱਚ ਬਿਆਜ ਤੋਂ ਹੋਈ ਆਮਦਨ ਆਰਥਿਕ ਸਹਾਰਾ ਬਣੇਗੀ, ਕੀ ਬੈਂਕ ਵਿੱਚ ਰੱਖੀ ਇਸ ਪੂੰਜੀ ’ਤੇ ਮਹਿੰਗਾਈ ਦੇ ਵਾਧੇ ਅਨੁਸਾਰ ਲੋਕਾਂ ਨੂੰ ਬਿਆਜ ਮਿਲੇਗਾ, ਜਾਂ ਰੁਪਏ ਦੀ ਕੀਮਤ ਘਟਣ ਤੇ ਲੋਕਾਂ ਦੀ ਜਮ੍ਹਾਂ ਪੂੰਜੀ ਨੂੰ ਖੋਰਾ ਲਗਦਾ ਰਹੇਗਾ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3447)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)