“ਸਾਡੇ ਬੱਚੇ ਡਾਵਾਂਡੋਲ ਹਨ ਕਿ ਕਿਸ ਵਰਗਾ ਬਣਨਾ ਚਾਹੀਦਾ ਹੈ ਅਤੇ ਕਿਸ ਵਰਗਾ ਨਹੀਂ ਬਣਨਾ ਚਾਹੀਦਾ। ਜ਼ਰਾ ਸੋਚੋ ...”
(3 ਜੂਨ 2022)
ਮਹਿਮਾਨ: 516.
ਕਿਸ ਕਿਸ ਨੂੰ ਹੀਰੋ ਬਣਾਈ ਬੈਠੇ ਹਾਂ ਅਸੀਂ?
ਸਾਡੇ ਹੀਰੋ ਤਾਂ ਭਗਤ ਸਿੰਘ, ਊਧਮ ਸਿੰਘ, ਮਦਨ ਲਾਲ ਢੀਂਗਰਾ ਵਰਗੇ ਹੋਣੇ ਚਾਹੀਦੇ ਸਨI ਕਿੱਧਰ ਨੂੰ ਤੁਰ ਪਏ ਹਾਂ ਅਸੀਂ? ਗੱਲ ਗੱਲ ਵਿੱਚ “ਚੱਕ ਲਉ, ਮਾਰ ਦਿਓ, ਬੱਲੇ ਬੱਲੇ ਹੋ ਜਾਊ, ਜੱਟ ਇਹ ਕਰਦਾ, ਜੱਟ ਉਹ ਕਰਦਾ, ਧੰਨ ਧੰਨ ਹੋ ਜਾਊ, ਇਹ ਰਾਈਫਲ ਰੱਖੋ, ਉਹ ਬੰਦੂਕ ਰੱਖੋ, ਵੈਲੀ ਦੀ ਹਿੱਕ ਵਿੱਚ ਮਾਰਦਾ, ਇਹ ਹੋ ਗਿਆ, ਉਹ ਹੋ ਗਿਆ ... ....” ਵਾਲੇ ਗੀਤ ਗਾਣੇ ਸੁਣ ਸੁਣ ਕੇ ਸਾਡੇ ਬੱਚੇ ਕਿੱਧਰ ਨੂੰ ਤੁਰ ਪਏ? ਕਿਸ ਤਰ੍ਹਾਂ ਦੇ ਲੋਕਾਂ ਨੂੰ ਹੀਰੋ ਬਣਾਈ ਬੈਠੇ ਹਨ?
ਭਗਤ ਸਿੰਘ (23 ਸਾਲ), ਕਰਤਾਰ ਸਿੰਘ ਸਰਾਭਾ (19 ਸਾਲ), ਮਦਨ ਲਾਲ ਢੀਂਗਰਾ (26 ਸਾਲ): ਇਹਨਾਂ ਦਾ ਲੈਵਲ ਤੇ ਮਕਸਦ ਦੇਖ ਕੇ ਅਤੇ ਅੱਜ ਦੇ So called role mode। singers ਦਾ ਲੈਵਲ ਦੇਖ ਕੇ ਦਿਲ ਦੁਖਦਾ ਹੈ!
ਬੰਦੂਕ ਉਹਨਾਂ ਨੇ ਵੀ ਚੁੱਕੀ ਸੀ ਅਤੇ ਬੰਦੂਕ ਇਹ ਅੱਜ ਦੇ ਗਾਇਕ ਵੀ ਚੁੱਕੀ ਫਿਰਦੇ ਹਨ! ਫਰਕ ਕਿਉਂ ਨਹੀਂ ਸਮਝ ਆ ਰਿਹਾ ਸਾਡੇ ਯੂਥ ਨੂੰ? ਤੇ ਇਸ ਸਿਸਟਮ ਨੂੰ ਇਹ ਚੀਜ਼ ਸੂਟ ਵੀ ਕਰਦੀ ਹੈ।
ਕਿਸੇ ਮਾਂ ਦਾ ਪੁੱਤ ਮਾਰਿਆ ਗਿਆ, ਉਸਦਾ ਦੁੱਖ ਸਿਰਫ ਮਾਂ ਪਿਉ ਹੀ ਸਮਝ ਸਕਦੇ ਹਨ! ਉਹਨਾਂ ਨਾਲ ਪੂਰੀ ਹਮਦਰਦੀ ਹੈ! ਕੋਈ ਵੀ ਮਾਤਾ ਪਿਤਾ ਖੁਸ਼ ਨਹੀਂ ਹੁੰਦਾ ਕਿ ਉਸਦਾ ਪੁੱਤਰ ਬੰਦੂਕ ਛਾਤੀ ਨਾਲ ਲਗਾਈ ਰੱਖੇ, gangster ਬਣੇI ਪਰ ਇੱਕ ਬੁਨਿਆਦੀ ਸਵਾਲ ਹੈ, ਜਦੋਂ ਤੁਹਾਡਾ ਬੱਚਾ ਬੰਦੂਕਾਂ ਵਾਲੇ, violence ਵਾਲੇ, ਫੁਕਰਪੁਣੇ ਵਾਲੇ ਗਾਣੇ ਗਾਉਂਦਾ ਸੀ, ਗਾਉਂਦਾ ਹੀ ਨਹੀਂ ਸੀ, ਇੱਕ ਤਰ੍ਹਾਂ ਨਾਲ ਨਵੀਂ ਪੀੜ੍ਹੀ ਵਿੱਚ ਇਸ gun culture ਨੂੰ promote ਵੀ ਕਰਦਾ ਸੀ, ਉਦੋਂ ਤੁਹਾਡਾ ਫਰਜ਼ ਨਹੀਂ ਸੀ ਕਿ ਉਸ ਨੂੰ ਰੋਕਦੇ?
ਥੋੜ੍ਹਾ, ਕੌੜਾ ਹੈ! ਪਰ ਮਾਫ਼ ਕਰਨਾ ਜਦੋਂ ਪੁੱਤਰ ਇਹੋ ਜਿਹੇ ਲੱਚਰ ਅਤੇ violence ਵਾਲੇ ਗਾਣੇ ਗਾਉਂਦਾ ਸੀ, ਇਹੀ ਪਿਓ ਉਸਦੀ stage manage ਕਰਦਾ ਹੁੰਦਾ ਸੀ ਇੱਕ ਤਰ੍ਹਾਂ ਨਾਲ!
ਮੈਂ ਕਿਸੇ ਮਾਤਾ ਪਿਤਾ ਦੇ ਦੁੱਖ ’ਤੇ ਸਵਾਲ ਨਹੀਂ ਕਰਦਾ --- ਰੱਬ ਕਰੇ ਕਿ ਕਦੀ ਕਿਸੇ ਪਿਓ ਦੇ ਮੋਢੇ ’ਤੇ ਪੁੱਤਰ ਦੀ ਅਰਥੀ ਨਾ ਜਾਵੇ! ਕਿਉਂਕਿ ਅਸੀਂ ਸਭ ਵੀ ਧੀਆਂ ਪੁੱਤਾਂ ਵਾਲੇ ਹਾਂ। ਪਰ ਅੱਜਕਲ ਦੇ ਪੰਜਾਬ ਦਾ ਬਹੁਤ ਮਾੜਾ ਸਮਾਂ ਚੱਲ ਰਿਹਾ ਹੈ I ਨੌਜਵਾਨੀ ਉਲਟੇ ਰਸਤੇ ਤੁਰੀ ਪਈ ਹੈ! ਇਹ ਤਾਂ ਹਾਲੇ ਸ਼ੁਰੂਆਤ ਹੈ। ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਸੀ, ਪ੍ਰੰਤੂ ਅੱਜ ਮਜਬੂਰ ਹਾਂ! ਕੁਝ ਕੁ ਮਹੀਨੇ ਪਹਿਲਾਂ ਦੀ ਹੀ ਗੱਲ ਹੈ ਸਟੇਜ ਸੰਭਾਲ ਰਹੇ ਇੱਕ ਆਦਮੀ ਨੇ stage ’ਤੇ ਬੈਠੇ ਇੱਕ ਹੋਰ ਆਦਮੀ ਵੱਲ ਇਸ਼ਾਰਾ ਕਰਦੇ ਹੋਏ ਸਰੋਤਿਆਂ ਨੂੰ ਪੁੱਛਿਆ ਕਿ ਇਹਨਾਂ ਨੂੰ ਕੋਈ ਜਾਣਦਾ ਹੈ? ਚੁੱਪ ਛਾ ਗਈ! ਉਸਨੇ ਫਿਰ ਪੁੱਛਿਆ, “ਅੱਛਾ ਦੱਸੋ ਕਿ ਸਿੱਧੂ ਮੂਸੇ ਵਾਲਾ ਨੂੰ ਕੌਣ-ਕੌਣ ਜਾਣਦਾ?” ਸਾਰੇ ਬੱਚਿਆਂ ਨੇ ਹੱਸ ਕੇ ਹੱਥ ਖੜ੍ਹੇ ਕਰ ਦਿੱਤੇ! ਸਟੇਜ ਵਾਲੇ ਬੰਦੇ ਨੇ ਕਿਹਾ: ਇਹੀ ਸਮੱਸਿਆ ਹੈ। ਇੱਕ ਗਾਇਕ ਨੂੰ ਸਭ ਜਾਣਦੇ ਹਨ, ਪਰ ਪਦਮ ਸ਼੍ਰੀ ਪਹਿਲਵਾਨ ਕਰਤਾਰ ਸਿੰਘ ਨੂੰ ਕਿਸੇ ਨੇ ਨਹੀਂ ਪਛਾਣਿਆ!! ਇਹ ਇੱਕ ਬਹੁਤ ਵੱਡੀ ਸਮੱਸਿਆ ਹੈ!
ਮੈਂ ਕਿਸੇ ਨੂੰ ਨੀਵਾਂ ਨਹੀਂ ਦਿਖਾਉਣਾ ਚਾਹੁੰਦਾ! ਪਰ ਸਿੱਧੂ ਮੂਸਾਵਾਲਾ ਦੇ ਸੰਸਕਾਰ ਤੇ ਜਿੰਨੀ “ਭੀੜ” ਇਕੱਠੀ ਸੀ, ਕਿਸੇ ਨੂੰ ਪੁੱਛ ਕੇ ਦੇਖਣਾ ਚਾਹੀਦਾ ਕਿ ਕਿਨ੍ਹਾਂ ਕਿਨ੍ਹਾਂ ਨੂੰ ਪਤਾ ਕਿ ਸਤੀਸ਼ ਧਵਨ ਕੌਣ ਸੀ? ਨਰਿੰਦਰ ਸਿੰਘ ਕਪਾਨੀ ਕੌਣ ਸੀ?
ਸਵਾਲ ਉਹੀ ਹੈ: ਕਿਸ ਕਿਸ ਨੂੰ ਹੀਰੋ ਬਣਾਈ ਬੈਠੇ ਹਾਂ ਅਸੀਂ? ਕਸੂਰ ਕਿਸਦਾ ਹੈ? ਸਾਡੇ ਬੱਚੇ ਡਾਵਾਂਡੋਲ ਹਨ ਕਿ ਕਿਸ ਵਰਗਾ ਬਣਨਾ ਚਾਹੀਦਾ ਹੈ ਅਤੇ ਕਿਸ ਵਰਗਾ ਨਹੀਂ ਬਣਨਾ ਚਾਹੀਦਾ। ਜ਼ਰਾ ਸੋਚੋ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ! ਬੀਤਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ!
*****
ਹਥਿਆਰਾਂ ਦੀ ਦੌੜ ਅਤੇ ਗੰਨ ਕਲਚਰ
ਜਦੋਂ ਤੋਂ ਰੂਸ ਅਤੇ ਅਮਰੀਕਾ ਵਿਚਾਲੇ ਠੰਢੀ ਜੰਗ ਸ਼ੁਰੂ ਹੋਈ ਉਦੋਂ ਤੋਂ ਹੀ ਇਹਨਾਂ ਦੋਹਾਂ ਦੇਸ਼ਾਂ ਵਿੱਚ ਹਥਿਆਰਾਂ ਦੀ ਦੌੜ ਸ਼ੁਰੂ ਹੋ ਗਈ ਸੀ। ਪਹਿਲਾਂ ਤਾਂ ਦੌੜ ਵਿੱਚ ਕੇਵਲ ਰੂਸ ਅਤੇ ਅਮਰੀਕਾ ਸਨ ਪਰ ਬਾਅਦ ਵਿੱਚ ਚੀਨ ਅਤੇ ਯੂਰਪੀ ਦੇਸ਼ ਵੀ ਸ਼ਾਮਿਲ ਹੋ ਗਏ। ਅਮਰੀਕਾ ਵਿੱਚ ਜਨਰਲ ਡਾਈਨੈਮੀਕ ਕਾਰਪੋਰੇਸ਼ਨ, ਬਾਏ ਸਿਸਟਮ ਪ੍ਰਾਈਵੇਟ ਲਿਮਿਟਡ, ਵਿਸਟਾ ਆਊਟ ਡੋਰ ਇਨਕਾਰਪੋਰੇਸ਼ਨ, ਓਲਿਨ ਕਾਰਪੋਰੇਸ਼ਨ, ਨੋਰਥਰੋਪ ਗਰੁਮਮਮੈਨ ਕਾਰਪੋਰੇਸ਼ਨ, ਸਿਗ ਸਾਵਰਇਨ ਕਾਰਪੋਰੇਸ਼ਨ, ਕਿੰਬਰ ਮੈਨੂਫੈਕਚਰਿੰਗ ਇਨਕਾਰਪੋਰੇਸ਼ਨ ਵਰਗੀਆਂ ਵੱਡੀਆਂ ਕੰਪਨੀਆਂ ਹਨ। ਇਹਨਾਂ ਕੰਪਨੀਆਂ ਦਾ ਗੰਨ ਅਤੇ ਬਾਰੂਦ ਮਾਰਕੀਟ ਵਿੱਚ ਸਬ ਤੋਂ ਵੱਡਾ ਹਿੱਸਾ ਹੈ। ਇਸ ਤੋਂ ਇਲਾਵਾ ਕੋਲਟਸ ਮੈਨੂਫੈਕਚਰਿੰਗ ਕੰਪਨੀ ਵੀ ਹੈ ਜਿਸਦਾ ਹਿੱਸਾ ਵੱਡਿਆਂ ਕੰਪਨੀਆਂ ਦੇ ਮੁਕਾਬਲੇ ਕੇਵਲ 5% ਹੈ ਪਰ ਫੇਰ ਵੀ ਕਾਫੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕੰਪਨੀਆਂ ਹਨ ਜਿਹੜੀਆਂ ਘਰੇਲੂ ਵਰਤੋਂ ਲਈ ਹਥਿਆਰ ਬਣਾਉਂਦੀਆਂ ਹਨ।
ਰੂਸ ਵਿੱਚ ਅਲਮਾਜ਼ ਅੰਟੇ ਡਿਫੈਂਸ ਸਿਸਟਮਜ਼, ਯੂਨਾਈਟਿਡ ਏਅਰ ਕਾਰਪੋਰੇਸ਼ਨ - ਫਿਕਸਡ ਵਿੰਗ ਐਰੋ ਪਲੇਨਜ਼, ਟੈਕਟੀਕਲ ਮੀਜ਼ਾਇਲ ਕਾਰਪੋਰੇਸ਼ਨ - ਏਅਰ ਐਂਡ ਨੇਵਲ ਬੇਸਡ ਮੀਜ਼ਾਇਲਜ਼, ਰਸ਼ੀਅਨ ਹੈਲੀਕੌਪਟਰਜ਼, ਯੁਰਾਲਗੋਨਜ਼ਵੋਡ ਮੁੱਖ ਯੁੱਧ ਦੇ ਟੈਂਕ, ਯੁਨਾਈਟਿਡ ਸ਼ਿੱਪ ਬਿਲਡਿੰਗ ਕਾਰਪੋਰੇਸ਼ਨ-ਪਣਡੁੱਬੀਆਂ, ਬਚਾਓ ਲਈ ਛੋਟੇ ਸਮੁੰਦਰੀ ਜਹਾਜ਼, ਛੋਟੇ ਸ਼ਿੱਪ ਜੋ ਕਿ ਹਥਿਆਰ ਲਿਜਾ ਸਕਦੇ ਹਨ ਅਤੇ ਚੜ੍ਹਨ ਅਤੇ ਉਰਤਨ ਵਾਲੇ ਹਵਾਈ ਜਹਾਜ਼ਾਂ ਨੂੰ ਲੈ ਕੇ ਜਾਣ ਵਾਲੇ ਸਮੁੰਦਰੀ ਜਹਾਜ਼ (ਏਅਰਕਰਾਫਤ ਕੈਰੀਅਰ ਸ਼ਿੱਪ) ਆਦਿ ਯੁੱਧਕ ਫੈਕਟਰੀਆਂ ਹਨ।
ਰੂਸ ਕੋਲ 3039 ਤਿਆਰ ਬਰ ਤਿਆਰ ਐਟਮ ਬੰਬ ਹਨ, ਅਮਰੀਕਾ ਕੋਲ 2361 ਤਿਆਰ ਬਰ ਤਿਆਰ ਐਟਮ ਬੰਬ ਹਨ। ਤਿਆਰ ਬਰ ਤਿਆਰ ਬੰਬ ਕ੍ਰਮ ਵਾਰ ਚੀਨ, ਫਰਾਂਸ, ਇੰਗਲੈਂਡ, ਪਾਕਿਸਤਾਨ, ਭਾਰਤ, ਇਜ਼ਰਾਈਲ, ਅਤੇ ਉੱਤਰੀ ਕੋਰੀਆ ਕੋਲ 350, 290, 225, 165, 156, 90 ਅਤੇ 40-50 ਵਿਚਕਾਰ ਹਨ। ਇਹ ਅੰਕੜੇ 2020 ਤਕ ਦੇ ਹਨ। ਅਤੇ ਜਿਹੜੇ ਹੋਰ ਬੰਬ ਬਣ ਚੁੱਕੇ ਹਨ ਜਾਂ ਬਣਨੇ ਹਨ ਉਹਨਾਂ ਦੇ ਅੰਕੜੇ ਅਜੇ ਨਹੀਂ ਮਿਲੇ। ਚੀਨ ਸਭ ਤੋਂ ਵੱਧ ਤੇਜ਼ੀ ਨਾਲ ਪਰਮਾਣੂ (ਐਟਮੀ ਬੰਬਾ) ਦਾ ਪਸਾਰ ਕਰ ਰਿਹਾ ਹੈ। ਸੰਸਾਰ ਵਿੱਚ ਕੁੱਲ ਤਿਆਰ ਬਰ ਤਿਆਰ ਐਟਮ ਬੰਬ 3750 ਹਨ ਅਤੇ 13890 ਐਟਮੀ ਵਾਰ ਹੈੱਡ (ਮਿਜ਼ਾਈਲਾਂ ਆਦਿ ਦੇ ਅੱਗੇ ਲੱਗੇ ਐਟਮ ਬੰਬ) ਹਨ। ਪਰ ਕੁਝ ਅਜਿਹੇ ਵੀ ਐਟਮ ਬੰਬ ਹਨ ਜਿਹੜੇ ਤਿਆਰ ਬਰ ਤਿਆਰ ਨਹੀਂ ਪਰ ਹੰਗਾਮੀ ਹਾਲਤ ਵਿੱਚ ਛੇਤੀ ਹੀ ਤਿਆਰ ਕੀਤੇ ਜਾ ਸਕਦੇ ਹਨ, (2019 ਤਕ ਦੇ ਅੰਕੜੇ)। ਇਹ ਐਟਮੀ ਹਥਿਆਰ ਅਤੇ ਗੈਰ ਐਟਮੀ ਹਥਿਆਰ ਮਿਲਾ ਕੇ ਐਨੇ ਕੁ ਬਣ ਜਾਂਦੇ ਹਨ ਜਿਨ੍ਹਾਂ ਨਾਲ ਸਾਰੀ ਧਰਤੀ ਨੂੰ ਛੇ ਵਾਰ ਤਬਾਹ ਕੀਤਾ ਜਾ ਸਕਦਾ ਹੈ। ਜਿਨ੍ਹਾਂ ਕੋਲ ਐਟਮੀ ਹਥਿਆਰ ਜਾਂ ਦੂਜੇ ਹਥਿਆਰਾਂ ਦੀ ਥੁੜ ਹੈ, ਉਹਨਾਂ ਨੇ ਵੱਡੇ ਭੰਡਾਰਾਂ ਵਾਲਿਆਂ ਨਾਲ ਗਠਜੋੜ ਕਰ ਲਿਆ ਹੈ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਐਟਮੀ ਊਰਜਾ ਦੀ ਖੋਜ ਪਰਮਾਣੂ ਬੰਬ ਬਣਾਉਣ ਵਾਸਤੇ ਨਹੀਂ ਬਲਕਿ ਸਸਤੀ ਬਿਜਲੀ ਪੈਦਾ ਕਰਨ ਲਈ ਕੀਤੀ ਗਈ ਸੀ। ਪਰ ਹੁਣ ਜੰਗਬਾਜ਼ਾਂ ਬਾਰੇ ਕੀ ਕਿਹਾ ਜਾ ਸਕਦਾ ਹੈ। ਵੈਸੇ ਐਟਮ ਬੰਬ ਜਿੰਨੀ ਹੀ ਮਾਰ ਕਰਨ ਵਾਲੇ ਪਰੰਪਰਾਗਤ ਬੰਬ ਵੀ ਵਿਕਸਿਤ ਹੋ ਚੁੱਕੇ ਹਨ। ਪਰੰਪਰਾਗਤ ਜਾਂ ਐਟਮੀ ਹਥਿਆਰ ਬਣਾਉਣ ਵਾਲੇ ਦੇਸ਼ ਛੇਤੀ ਕਿਤੇ ਆਪ ਲੜਾਈ ਵਿੱਚ ਹਿੱਸਾ ਨਹੀਂ ਲੈਂਦੇ ਆਮ ਤੌਰ ’ਤੇ ਦੋ ਦੇਸ਼ਾਂ ਵਿੱਚ ਲੜਾਈ ਕਰਵਾਉਂਦੇ ਹਨ ਤਾਂਕਿ ਉਹਨਾਂ ਦੇ ਹਥਿਆਰ ਵਿਕਦੇ ਰਹਿਣ। ਜੇਕਰ ਕਿਤੇ ਆਪ ਵੀ ਕਿਸੇ ਐਸੇ ਦੇਸ਼ ਨਾਲ ਕਿਸੇ ਵੀ ਬਹਾਨੇ ਯੁੱਧ ਛੇੜ ਲੈਣ ਜਿਸ ਕੋਲ ਐਟਮੀ ਹਥਿਆਰ ਨਾ ਹੋਣ ਤਾਂ ਯੁੱਧ ਤੋਂ ਬਾਅਦ ਹਥਿਆਰਾਂ ਦੀ ਇੱਕ ਨੁਮਾਇਸ਼ ਲਗਾਉਂਦੇ ਹਨ ਜਿਸ ਨਾਲ ਇਹਨਾਂ ਹਥਿਆਰਾਂ ਨਾਲ ਕੀਤੀ ਗਈ ਤਬਾਹੀ ਦੇ ਚਿੱਤਰ ਰੱਖੇ ਹੁੰਦੇ ਹਨ ਅਤੇ ਨਾਲ ਹੀ ਉਹਨਾਂ ਦੀ ਕੀਮਤ ਲਿਖੀ ਹੁੰਦੀ ਹੈ। ਇਸ ਨਾਲ ਇਹਨਾਂ ਦੀ ਸੰਸਾਰ ਹਥਿਆਰ ਮੰਡੀ ਦਾ ਪ੍ਰਸਾਰਾ ਹੁੰਦਾ ਹੈ।
ਰੂਸ, ਚੀਨ, ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿੱਚ ਲਗਭਗ 100 ਵੱਡੀਆਂ ਵੱਡੀਆਂ ਮਾਰੂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਹਨ। 2019-20 ਦੀ ਸੰਸਾਰ ਵਿਆਪੀ ਕਰੋਨਾ ਮਹਾਂਮਾਰੀ ਦੇ ਬਾਵਜੂਦ ਇਹਨਾਂ ਦਾ ਮੁਨਾਫ਼ਾ 2020 ਵਿੱਚ ਵਧ ਕੇ 531 ਬਿੱਲੀਅਨ ਡਾਲਰ ਹੋ ਗਿਆ।
ਫੌਜੀ ਹਥਿਆਰਾਂ ਤੋਂ ਇਲਾਵਾ ਸਿਵਲੀਅਨ ਹਥਿਆਰਾਂ ਦੀ ਸਾਰੇ ਸੰਸਾਰ ਵਿੱਚ ਵੱਡੀ ਮਾਰਕੀਟ ਹੈ। ਭਾਰਤ ਅਤੇ ਪਾਕਿਸਤਾਨ ਵਿੱਚ ਸਾਧਾਰਨ ਲੋਕ ਆਪਣੀ ਰਾਖੀ ਜਾਂ ਕਿਸੇ ਤੋਂ ਦੁਸ਼ਮਣੀ ਕੱਢਣ ਲਈ ਹਥਿਆਰ ਖਰੀਦਦੇ ਹਨ। ਦੁਸ਼ਮਣੀ ਕੱਢਣ ਵਾਲੇ ਤਾਂ ਚੋਰੀ ਦਾ ਹਥਿਆਰ ਵਰਤ ਲੈਂਦੇ ਹਨ ਜਾਂ ਦੇਸੀ (ਨਾਜਾਇਜ਼ ਫੈਕਟਰੀਆਂ ਤੋਂ ਬਣੇ) ਹਥਿਆਰ ਖਰੀਦ ਲੈਂਦੇ ਹਨ ਜੋਕਿ ਬਹੁਤ ਸੌਖਿਆਂ ਮਿਲ ਜਾਂਦੇ ਹਨ। ਕੁਝ ਸਿਆਸਤਦਾਨ ਜਾਂ ਆਪਣੀ ਵੱਧ ਸਮਾਜਿਕ ਹੈਸੀਅਤ ਸਮਝਣ ਵਾਲੇ ਆਪਣੇ ਸਕਿਉਰਿਟੀ ਗਾਰਡ ਸੁਰੱਖਿਆ ਜਾਂ ਟੌਅਰ ਲਈ ਰੱਖ ਲੈਂਦੇ ਹਨ। ਵੈਸੇ ਸਕਿਉਰਟੀ ਗਾਰਡ ਰੱਖਣ ਵਾਲੇ ਕੋਈ ਜ਼ਰੂਰੀ ਨਹੀਂ ਕਿ ਸੁਰੱਖਿਅਤ ਹੀ ਰਹਿਣ। ਇਸਦੀਆਂ ਉਦਾਹਰਣਾਂ ਅਮਰੀਕੀ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਅਤੇ ਜੌਹਨ ਕੈਨੇਡੀ, ਪ੍ਰਧਾਨ ਮੰਤਰੀ ਇੰਦਿਰਾ ਗਾਂਧੀ, ਪੰਜਾਬ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਗਾਇਕ ਸਿੱਧੂ ਮੂਸੇਵਾਲਾ ਜਿਹੀਆਂ ਕਈ ਮਿਸਾਲਾਂ ਹਨ। ਪਾਕਿਸਤਾਨ ਵਿੱਚ ਵੀ ਪ੍ਰਧਾਨ ਮੰਤਰੀ, ਮੰਤਰੀ, ਗਵਰਨਰ ਸਿਆਸੀ ਕਾਰਨਾਂ ਕਰਕੇ ਗੋਲੀ ਦਾ ਸ਼ਿਕਾਰ ਹੋਏ ਹਨ ਅਤੇ ਕਈ ਹਿੰਦੂ, ਸਿੱਖ, ਇਸਾਈ, ਅਹਮਦੀਏ ਧਾਰਮਿਕ ਕਾਰਨਾਂ ਕਰਕੇ ਗੋਲੀ ਦੇ ਸ਼ਿਕਾਰ ਹੋਏ। ਵੈਸੇ ਉੱਥੇ ਸੁੰਨੀ ਅਤੇ ਸ਼ਿਆ ਮਸਜਿਦਾਂ ਵਿੱਚ ਵੀ ਅੰਨ੍ਹੇਵਾਹ ਗੋਲੀਬਾਰੀ ਹੋ ਜਾਂਦੀ ਹੈ। ਦੇਸੀ ਜਾਂ ਵਿਦੇਸ਼ੀ ਦਹਿਸ਼ਤਗਰਦਾਂ ਨੂੰ ਕੌਣ ਹਥਿਆਰ ਦਿੰਦਾ ਹੈ, ਸਭ ਨੂੰ ਪਤਾ ਹੈ, ਇਸ ਲਈ ਲਿਖਣ ਦੀ ਜ਼ਰੂਰਤ ਨਹੀਂ।
ਅਮਰੀਕਾ ਵਿੱਚ ਗੰਨ ਇੰਡਸਟਰੀ ਆਪ ਮੁਹਾਰੀ ਹੈ। ਮਤਲਬ ਇਸ ’ਤੇ ਕੋਈ ਕੰਟਰੋਲ ਨਹੀਂ ਹੈ। ਬੰਦੂਕਾਂ ਤਿਆਰ ਕਰਨ ਅਤੇ ਵੇਚਣ ਬਾਰੇ ਬਣੇ ਕਾਨੂੰਨਾਂ ਵਿੱਚ ਕਈ ਚੋਰ ਮੋਰੀਆਂ ਹਨ। ਫੈਡਰਲ ਏਜੈਂਸੀ ਜਿਸਦੇ ਜ਼ਿੰਮੇ ਸ਼ਰਾਬ, ਤਮਾਕੂ, ਬੰਦੂਕਾਂ ਅਤੇ ਧਮਾਕਾਖੇਜ਼ ਸਮਗਰੀ ਬਣਾਉਣ ਵਾਲੇ ਅਦਾਰਿਆਂ ’ਤੇ ਨਿਗਰਾਨੀ ਰੱਖਣੀ ਹੈ, ਉਸ ਕੋਲ ਫੰਡਾਂ ਦੀ ਹਮੇਸ਼ਾ ਥੁੜ ਰਹਿੰਦੀ ਹੈ ਅਤੇ ਸਿਆਸੀ ਸਹਾਇਤਾ ਤਾਂ ਮਿਲਦੀ ਹੀ ਨਹੀਂ। ਇਸ ਲਈ ਇਹ ਏਜੇਂਸੀ ਲਗਭਗ ਨਕਾਰਾ ਹੈ। 2007 ਦੇ ਸਰਵੇ ਅਨੁਸਾਰ ਅਮਰੀਕਾ ਵਿੱਚ ਔਸਤਨ 100 ਵਿਅਕਤੀਆਂ ਵਿੱਚੋਂ 88.8 ਵਿਅਕਤੀਆਂ ਕੋਲ ਬੰਦੂਕਾਂ ਹਨ। ਦੂਜੇ ਨੰਬਰ ’ਤੇ ਯਮਨ ਹੈ। ਇੱਥੇ 100 ਵਿਅਕਤੀਆਂ ਪਿੱਛੇ 54.8 ਵਿਅਕਤੀਆਂ ਕੋਲ ਬੰਦੂਕਾਂ ਹਨ। ਭਾਰਤ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਗੈਂਗੈਸਟਰਾਂ ਕੋਲ, ਸੁਪਾਰੀ ਲੈ ਕੇ ਕਤਲ ਕਰਨ ਵਾਲਿਆਂ ਕੋਲ, ਚੋਰਾਂ, ਡਾਕੂਆਂ ਕੋਲ ਬਥੇਰੇ ਲਸੈਂਸੀ ਅਤੇ ਗੈਰ ਲਸੈਂਸੀ ਹਥਿਆਰ ਹਨ। ਅਮਰੀਕਾ ਵਿੱਚ ਤਾਂ ਹਰ ਛੇ ਮਹੀਨੇ ਜਾਂ ਸਾਲ ਵਿੱਚ ਕੋਈ ਮੂਰਖ ਸਕੂਲ ਵਿੱਚ, ਸਿਨੇਮਾ ਘਰ ਵਿੱਚ, ਕਿਸੇ ਧਾਰਮਿਕ ਸਥਾਨ ਵਿੱਚ ਜਾਂ ਕਿਸੇ ਸੜਕ ਉੱਤੇ ਬੇਕਸੂਰਾਂ ਉੱਤੇ ਅੰਨ੍ਹੇਵਾਹ ਗੋਲੀਆਂ ਦੀ ਬਰਸਾਤ ਕਰ ਦਿੰਦਾ ਹੈ। ਹਰ ਵਾਰ ਅਜਿਹੀ ਰੂਹ ਕੰਬਾਊ ਦਹਿਸ਼ਤਾਨਾ ਕਾਰਵਾਈ ਤੋਂ ਬਾਅਦ ਮੌਕੇ ਦਾ ਰਾਸ਼ਟਰਪਤੀ ਬਿਆਨ ਦਿੰਦਾ ਹੈ ਕਿ ਕਾਤਲਾਂ ਨੂੰ ਛੇਤੀ ਸਜ਼ਾ ਦਿੱਤੀ ਜਾਏਗੀ ਅਤੇ ਹਥਿਆਰਾਂ ਦੇ ਲਾਇਸੈਂਸ ਬਣਾਉਣ ਲਈ ਸਖ਼ਤ ਕਾਨੂੰਨ ਬਣਾਏ ਜਾਣਗੇ, ਪਰ ਇਸ ਤਰ੍ਹਾਂ ਕਦੀ ਵੀ ਨਹੀਂ ਹੋਇਆ। ਕਾਰਣ ਇਹ ਹੈ ਕਿ ਅਮਰੀਕਾ ਵਿੱਚ ਹਰ ਕੋਈ ਕਾਨੂੰਨਸਾਜ਼ ਹਥਿਆਰ ਨਿਰਮਾਤਾਵਾਂ ਦੀ ਲਾਬੀ ਕੋਲੋਂ ਵੱਡੀਆਂ ਵੱਡੀਆਂ ਰਕਮਾਂ ਲੈਂਦੇ ਹਨ, ਮੂੰਹ ਖਾਏ ਅਤੇ ਅੱਖ ਸ਼ਰਮਾਏ ਵਾਲੀ ਗੱਲ ਹੀ ਹੋ ਜਾਂਦੀ ਹੈ।
ਜ਼ਰਾ ਸੋਚੀਏ, ਜੇਕਰ ਲੁੱਟ ਖੋਹ ਤੇ ਅਧਾਰਿਤ ਸੰਸਾਰ ਸਾਮਰਾਜੀ ਪ੍ਰਬੰਧ ਨਾ ਹੁੰਦਾ ਤਾਂ ਕੀ ਜੰਗਾਂ ਲਈ ਐਨੇ ਮਾਰੂ ਹਥਿਆਰਾਂ ਦੀ ਲੋੜ ਸੀ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3604)
(ਸਰੋਕਾਰ ਨਾਲ ਸੰਪਰਕ ਲਈ: