“ਮੇਰਾ ਫਰਜ਼ ਕੇਵਲ ਬੇਟੀ ਦੀ ਸ਼ਾਦੀ ਕਰਨਾ ਸੀ, ਉਸ ਤੋਂ ਬਾਅਦ ਤਲਾਕ ਹੋਵੇ ਜਾਂ ਨਾ ਹੋਵੇ, ਇਸ ਨਾਲ ਮੈਨੂੰ ਕੋਈ ...”
(7 ਜੁਲਾਈ 2023)
ਮੇਰੇ ਬੇਟੇ ਨੇ ਜਦੋਂ ਤਕ ਦਸਵੀਂ ਪਾਸ ਕੀਤੀ ਸੀ ਤਦ ਤਕ ਮੇਰੀ ਪਤਨੀ ਦੀ ਕੈਂਸਰ ਦੀ ਬੀਮਾਰੀ ਕਾਰਣ ਖਰਚੇ ਐਨੇ ਵਧ ਗਏ ਸਨ ਕਿ ਮੇਰੇ ਲਈ ਡਿਗਰੀ ਜਾਂ ਡਿਪਲੋਮਾ ਕਰਵਾਉਣਾ ਅਸੰਭਵ ਹੋ ਗਿਆ ਸੀ। ਇਸ ਲਈ ਮੈਂ ਬੇਟੇ ਨੂੰ ਮੋਟਰ ਮਕੈਨਿਕ ਦੇ ਕੋਰਸ ਵਿੱਚ ਪਾ ਦਿੱਤਾ। ਕੋਰਸ ਪਾਸ ਕਰਨ ਤੋਂ ਬਾਅਦ ਕੋਈ ਤਸੱਲੀਬਖ਼ਸ਼ ਨੌਕਰੀ ਨਾ ਮਿਲਣ ਕਾਰਣ ਉਸ ਨੇ ਵਿਦੇਸ਼ ਜਾਣ ਦਾ ਮਨ ਬਣਾ ਲਿਆ। ਹਰ ਦੂਜੇ ਚੌਥੇ ਦਿਨ ਘਰ ਕੋਈ ਨਾ ਕੋਈ ਏਜੈਂਟ ਉਹ ਘਰ ਬੁਲਾ ਲਿਆਉਂਦਾ। ਅਖਬਾਰਾਂ ਵਿੱਚ ਏਜੈਂਟਾਂ ਦੀਆਂ ਠੱਗੀਆਂ ਬਾਰੇ ਮੈਂ ਆਮ ਤੌਰ ’ਤੇ ਪੜ੍ਹਦਾ ਰਹਿੰਦਾ ਸੀ ਇਸ ਲਈ ਹਰ ਏਜੈਂਟ ਕੋਲੋਂ ਪੁੱਛ ਲੈਂਦਾ ਸੀ, “ਜਿਹੜੇ ਦੇਸ਼ ਤੁਸੀਂ ਭੇਜਣਾ ਹੈ, ਉਸ ਨਾਲ ਤੁਹਾਡੇ ਕਿਸੇ ਸਮਝੌਤੇ ਬਾਰੇ ਜਾਂ ਅਧਿਕਾਰਿਤ ਹੋਣ ਬਾਰੇ ਕੋਈ ਪੱਤਰ ਹੈ? ਤੁਹਾਡਾ ਦਫਤਰ ਕਿੱਥੇ ਹੈ?” ਇੰਨਾ ਸੁਣਦੇ ਹੀ ਏਜੈਂਟ ਨੇ ਦੌੜ ਜਾਣਾ। ਕਾਫੀ ਏਜੈਂਟ ਆਏ ਪਰ ਪੜਤਾਲੀਆ ਪ੍ਰਸ਼ਨਾਂ ਬਾਅਦ ਦੌੜ ਜਾਂਦੇ ਰਹੇ ਅਤੇ ਇੱਕ ਏਜੈਂਟ ਜਾਂਦੀ ਵਾਰ ਬੇਟੇ ਦੇ ਕੰਨ ਵਿੱਚ ਕਹਿ ਗਿਆ ਕਿ ਤੇਰਾ ਡੈਡੀ ਤੈਨੂੰ ਬਾਹਰ ਭੇਜਣਾ ਹੀ ਨਹੀਂ ਚਾਹੁੰਦਾ। ਬੇਟੇ ਨੇ ਮੇਰੇ ਨਾਲ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਜੇਕਰ ਭੇਜਣਾ ਹੀ ਨਹੀਂ ਤਾਂ ਡਰਾਮੇਬਾਜ਼ੀ ਤਾਂ ਨਾ ਕਰੋ। ਮੈਂ ਕਿਹਾ ਕਿ ਮੈਂ ਤੈਨੂੰ ਕਾਨੂੰਨੀ ਢੰਗ ਨਾਲ ਭੇਜਾਂਗਾ ਅਤੇ ਇਹ ਸਾਰੇ ਏਜੈਂਟ ਠੱਗ ਹੀ ਹਨ।
ਅਖੀਰ ਸਾਨੂੰ ਇੱਕ ਐਸੀ ਕੰਪਨੀ ਮਿਲੀ ਜਿੱਥੇ ਗੱਲਬਾਤ ਕਰਕੇ ਉਹਨਾਂ ਨੇ ਸਾਨੂੰ ਅਥਾਰਟੀ ਪੱਤਰ ਅਤੇ ਆਸਟਰੇਲੀਆ ਦੇ ਕਾਲਜਾਂ ਨਾਲ ਸਬੰਧਤ ਹੋਣ ਦੇ ਸਬੂਤ ਵੀ ਦਿੱਤੇ। ਉਹਨਾਂ ਕਿਹਾ ਕਿ ਤੁਹਾਡੇ ਬੇਟੇ ਦੀ ਵਿੱਦਿਅਕ ਯੋਗਤਾ ਠੀਕ ਹੈ ਪਰ ਆਈਲੈਟਸ ਦੇ ਛੇ ਬੈਂਡ ਚਾਹੀਦੇ ਹਨ ਉਹ ਭਾਵੇਂ ਸਾਡੇ ਕੋਲੋਂ ਕਰਵਾਓ, ਭਾਵੇਂ ਕਿਤੋਂ ਹੋਰ ਤੋਂ ਕਰਵਾਓ। ਜਦੋਂ ਛੇ ਬੈਂਡ ਮਿਲ ਜਾਣ ਅਸੀਂ ਤਹਾਡੇ ਕੋਲੋਂ ਤਿੰਨ ਲੱਖ ਲਵਾਂਗੇ ਜਿਸ ਵਿੱਚ ਮੋਟਰ ਮਕੈਨਿਕ ਡਿਪਲੋਮੇ ਦੀ ਛੇ ਮਹੀਨੇ ਦੀ ਫੀਸ, ਵੀਜ਼ਾ ਲਗਵਾਉਣ ਦਾ ਖਰਚਾ ਅਤੇ ਇੱਕ ਪਾਸੇ ਦੀ ਹਵਾਈ ਟਿਕਟ ਮੈਲਬੋਰਨ ਤਕ ਦੀ ਹੋਵੇਗੀ। ਜਿਸ ਦਿਨ ਤੁਹਾਡੇ ਬੇਟੇ ਦੀ ਕਾਲਜ ਵਿੱਚ ਹਾਜ਼ਰੀ ਲੱਗੇਗੀ ਉਸ ਦਿਨ ਸਾਨੂੰ ਪੰਜਾਹ ਹਜ਼ਾਰ ਰੁਪਏ ਵਾਪਸ ਮਿਲ ਜਾਣੇ ਹਨ, ਇਹੋ ਸਾਡੀ ਕਮਾਈ ਹੈ ਅਤੇ ਸਾਡੀ ਪੂਰੀ ਕੋਸ਼ਿਸ਼ ਹੋਵੇਗੀ ਕਿ ਤੁਹਾਡਾ ਬੇਟਾ ਉੱਥੇ ਪਹੁੰਚ ਜਾਵੇ। ਸਾਨੂੰ ਇਹ ਗੱਲ ਜਚ ਗਈ ਅਤੇ ਬੇਟੇ ਦੇ ਛੇ ਬੈਂਡ ਆਉਣ ’ਤੇ ਉਹਨਾਂ ਸਾਡੇ ਕੋਲੋਂ ਤਿੰਨ ਲੱਖ ਦਾ ਚੈੱਕ ਲਿਆ ਅਤੇ ਰਸੀਦ ਅਤੇ ਇੱਕ ਪਹਿਲਾਂ ਦਾ ਛਪਿਆ ਐਗਰੀਮੈਂਟ ਦੇ ਦਿੱਤਾ। ਇੱਕ ਮਹੀਨੇ ਵਿੱਚ ਹੀ ਵੀਜ਼ਾ ਆ ਗਿਆ। ਵੀਜ਼ਾ ਕੰਪਨੀ ਵਿੱਚ ਵਿਖਾਇਆ ਤਾਂ ਤਿੰਨ ਦਿਨਾਂ ਵਿੱਚ ਸਾਨੂੰ ਇੱਕ ਪਾਸੇ ਦੀ ਟਿਕਟ ਮਿਲ ਗਈ।
ਅਮ੍ਰਿਤਸਰ ਤੋਂ ਸਿੱਧੀ ਮੈਲਬੌਰਨ ਦੀ ਉਡਾਣ ਸੀ। ਸਕਿਉਰਟੀ ਚੈੱਕ ਤੋਂ ਪਹਿਲਾਂ ਮੈਂ ਬੇਟੇ ਨੂੰ ਕਿਹਾ ਕਿ ਨਾ ਕਿਸੇ ਨੂੰ ਧੋਖਾ ਦੇਣਾ ਹੈ ਅਤੇ ਨਾ ਕਿਸੇ ’ਤੇ ਲੋੜ ਤੋਂ ਵੱਧ ਵਿਸ਼ਵਾਸ ਕਰਨਾ ਹੈ। ਜਿਹੜੇ ਦੋਸਤ ਉਸ ਨੂੰ ਕਹਿ ਰਹੇ ਸਨ ਕਿ ਸਾਡੇ ਕੋਲ ਆ ਜਾ, ਉਹ ਹਵਾਈ ਅੱਡੇ ਤੋਂ ਹੀ ਆਪਣੇ ਕਵਾਟਰ ਵਿੱਚ ਲੈ ਗਏ, ਜਿੱਥੇ ਉਹ ਚਾਰ ਇਕੱਠੇ ਪਹਿਲਾਂ ਤੋਂ ਹੀ ਰਹਿ ਰਹੇ ਸਨ। ਤਿੰਨ ਦਿਨ ਖੂਬ ਸੇਵਾ ਕੀਤੀ ਅਤੇ ਚੌਥੇ ਦਿਨ ਕਿਹਾ ਕਿ ਤੈਨੂੰ ਸਾਡੇ ਕੋਲੋਂ ਕਿਰਾਇਆ ਇਕੱਠਾ ਕਰਕੇ ਮਾਲਿਕ ਨੂੰ ਦੇਣ ਦਾ ਇੰਚਾਰਜ ਬਣਾ ਦਿੰਦੇ ਹਾਂ ਅਤੇ ਇਸ ਨਾਲ ਤੈਨੂੰ ਬਾਕੀਆਂ ਨਾਲੋਂ ਅੱਧਾ ਕਿਰਾਇਆ ਦੇਣਾ ਪਵੇਗਾ। ਬੇਟੇ ਨੇ ਸੋਚਿਆ ਕਿ ਇਹ ਵਧੀਆ ਹੈ ਅਤੇ ਮਨ ਗਿਆ। ਦੋ ਮਹੀਨੇ ਸਾਰੇ ਆਪਣਾ ਆਪਣਾ ਕਿਰਾਇਆ ਮੇਰੇ ਬੇਟੇ ਕੋਲ ਜਮ੍ਹਾਂ ਕਰਵਾਉਂਦੇ ਰਹੇ ਅਤੇ ਬੇਟਾ ਵਿੱਚ ਅੱਧਾ ਕਿਰਾਇਆ ਪਾ ਕੇ ਮਾਲਿਕ ਨੂੰ ਦਿੰਦਾ ਰਿਹਾ। ਉਸ ਤੋਂ ਬਾਅਦ ਕਦੇ ਕਿਸੇ ਨੇ ਕਹਿਣਾ ਕੰਮ ਠੀਕ ਨਹੀਂ ਚੱਲ ਰਿਹਾ,ਮੇਰਾ ਕਿਰਾਇਆ ਆਪਣੇ ਕੋਲੋਂ ਪਾ ਦੇ, ਅਗਲੇ ਮਹੀਨੇ ਦੁੱਗਣਾ ਕਿਰਾਇਆ ਦੇ ਦਿਆਂਗਾ। ਕਦੇ ਕਿਸੇ ਹੋਰ ਨੇ ਇਵੇਂ ਹੀ ਕਰਨਾ। ਇਸ ਤੋਂ ਇਲਾਵਾ ਉਹਨਾਂ ਨੂੰ ਪਤਾ ਸੀ ਕਿ ਮੇਰੇ ਬੇਟੇ ਨੇ ਮੇਰੇ ਨਾਲ ਗੱਲ ਕਰਨ ਲਈ ਇੰਟਰਨੈਸ਼ਨਲ ਪੈਕੇਜ ਵੀ ਲਿਆ ਹੋਇਆ ਹੈ। ਉਹਨਾਂ ਨੇ ਫੋਨ ਮੰਗ ਲੈਣਾ ਅਤੇ ਕਹਿਣਾ ਕਿ ਲੋਕਲ ਕਾਲ ਕਰਨੀ ਹੈ ਪਰ ਕਾਲ ਇੰਡੀਆ ਕਰਦੇ ਰਹੇ। ਕਿਰਾਇਆ ਵੀ ਸਾਰਿਆਂ ਦਾ ਦੋ ਦੋ ਮਹੀਨੇ ਦਾ ਰਹਿੰਦਾ ਸੀ। ਇੱਕ ਦਿਨ ਬੇਟਾ ਕਾਲਜ ਤੋਂ ਘਰ ਆਇਆ ਅੱਗੇ ਕੋਈ ਵੀ ਦੋਸਤ ਨਹੀਂ ਸੀ। ਇੰਡੀਆ ਤੋਂ ਇੱਕ ਚਮੜੇ ਦੀ ਜੈਕਟ ਅਤੇ ਕੁਝ ਭਾਂਡੇ ਲੈ ਕੇ ਗਿਆ ਸੀ, ਉਹ ਵੀ ਗਾਇਬ ਸਨ। ਅਗਲੇ ਮਹੀਨੇ ਟੈਲੀਫੋਨ ਦਾ ਬਿੱਲ ਆਇਆ ਤਾਂ ਇੰਟਰਨੈਸ਼ਨਲ ਕਾਲਾਂ ਦਾ ਬੈਲੈਂਸ ਖਤਮ ਸੀ। ਕਿਰਾਇਆ ਵੀ ਆਪਣੇ ਅੱਧੇ ਸਮੇਤ ਚਾਰ ਜਣਿਆਂ ਦਾ ਦੋ ਮਹੀਨਿਆਂ ਦਾ ਦੇਣਾ ਸੀ, ਜਿਹੜਾ ਕਿ ਦਿੱਤਾ ਨਾ ਜਾ ਸਕਿਆ ਅਤੇ ਮਾਲਿਕ ਨੇ ਮਕਾਨ ਖਾਲੀ ਕਰਨ ਨੂੰ ਕਹਿ ਦਿੱਤਾ। ਖਾਲੀ ਕੀ ਕਰਨਾ ਸੀ ਮਕਾਨ ਛੱਡ ਦਿੱਤਾ ਅਤੇ ਖਾਲੀ ਹੱਥ ਬਾਹਰ ਆ ਗਿਆ। ਜਿਹੜੀ ਕੋਈ ਥੋੜ੍ਹੀ ਬਹੁਤ ਕਮਾਈ ਸੀ, ਉਹ ਇੱਕ ਅੱਧਾ ਗਰਮ ਕੱਪੜਾ ਖਰੀਦਣ ’ਤੇ ਖਰਚ ਹੋ ਗਈ ਅਤੇ ਖਾਣਾ ਉੱਥੋਂ ਖਾਣਾ ਸ਼ੁਰੂ ਕੀਤਾ ਜਿੱਥੋਂ ਮੁਫ਼ਤ ਮਿਲਦਾ ਸੀ। ਸਵੇਰੇ ਸਵੇਰੇ ਇੱਕ ਰੇਲ ਗੱਡੀ ਚੱਲਦੀ ਸੀ ਜਿਸ ਵਿੱਚ ਕਾਮਿਆਂ ਨੂੰ ਮੁਫ਼ਤ ਲਿਜਾਂਦੇ ਸਨ ਅਤੇ ਕਾਲਜ ਸਮੇਂ ਤੋਂ ਇੱਕ ਘੰਟਾ ਪਹਿਲਾਂ ਪਹੁੰਚ ਜਾਂਦਾ। ਰਿਹਾਇਸ਼ ਕੋਈ ਨਹੀਂ ਸੀ ਇਸ ਲਈ ਰੇਲਵੇ ਸਟੇਸ਼ਨ ਅੰਦਰ ਕਿਸੇ ਸੀਮੇਂਟ ਦੇ ਬਣੇ ਥੜ੍ਹੇ ਉੱਤੇ ਸੌ ਜਾਂਦਾ। ਜੇਕਰ ਕੋਈ ਪੁਲਿਸ ਵਾਲਾ ਉਠਾਉਣ ਆਉਂਦਾ ਤਾਂ ਕਹਿ ਦਿੰਦਾ ਕਿ ਅਗਲੀ ਗੱਡੀ ਉਡੀਕਦਾ ਪਿਆ ਹਾਂ।
ਪੜ੍ਹਾਈ ਦੇ ਨਾਲ ਕਾਨੂੰਨੀ ਢੰਗ ਨਾਲ ਕੇਵਲ ਚਾਰ ਘੰਟੇ ਕੰਮ ਕਰ ਸਕਦਾ ਸੀ ਜਦਕਿ ਮਾਲਿਕ ਨੇ ਕਹਿਣਾ ਕਿ ਤੁਹਾਡੇ ਕੋਲੋਂ ਚਾਰ ਘੰਟੇ ਕਰਵਾ ਕੇ ਅਗਲੇ ਚਾਰ ਘੰਟੇ ਲਈ ਕੰਮ ਕਰਨ ਵਾਲਾ ਕਿੱਥੋਂ ਬੰਦਾ ਭਾਲਣ ਜਾਵਾਂਗਾ। ਅਜਿਹੇ ਹਾਲ ਵਿੱਚ ਦੋ ਸਾਲ ਪੜ੍ਹਾਈ ਕਰਨ ਉਪਰੰਤ ਕੋਈ ਵੀ ਕੰਮ ਅਤੇ ਜਿੰਨਾ ਵੀ ਕਰਨ ਦੀ ਇਜਾਜ਼ਤ ਮਿਲੀ, ਕੀਤਾ।
ਤਦ ਤਕ ਸਾਡੀ ਘਰੇਲੂ ਆਰਥਿਕਤਾ ਪਾਤਾਲ ਵਿੱਚ ਜਾ ਪਹੁੰਚੀ। ਪੜ੍ਹਾਈ ਅਤੇ ਹੋਰ ਖਰਚਿਆਂ ਲਈ ਬੇਟਾ ਹਰ ਦੋ ਮਹੀਨੇ ਬਾਅਦ ਇੱਕ ਲੱਖ ਰੁਪਏ ਮੰਗਵਾ ਲੈਂਦਾ ਸੀ। ਇਸ ਤੋਂ ਇਲਾਵਾ ਉਸ ਨੂੰ ਬਾਹਰ ਭੇਜਣ ਲਈ ਬੈਂਕ ਤੋਂ ਲਏ ਤਿੰਨ ਲੱਖ ਦੇ ਲੋਨ ਦੀਆਂ ਕਿਸ਼ਤਾਂ ਜਾ ਰਹੀਆਂ ਸਨ ਅਤੇ ਕੈਂਸਰ ਦੀ ਬੀਮਾਰੀ ’ਤੇ ਵੀ ਹਰ ਮਹੀਨੇ ਤੀਹ ਪੈਂਤੀ ਹਜ਼ਾਰ ਖਰਚ ਆ ਰਿਹਾ ਸੀ। ਬੇਟੇ ਨੇ ਟੈਕਸੀ ਡਰਾਈਵਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਕਿ ਹੋਰ ਕੁਝ ਕਰਨ ਨੂੰ ਨਾ ਮਿਲੇ ਤਾਂ ਲਗਭਗ ਸਾਰੇ ਹੀ ਕਰਦੇ ਹਨ।ਭਾਵੇਂ ਕਿਸੇ ਨੇ ਡਿਗਰੀ ਕੀਤੀ ਹੋਵੇ, ਕੰਪਿਊਟਰ ਬਾਰੇ ਪੜ੍ਹਾਈ ਕੀਤੀ ਹੋਵੇ ਜਾਂ ਹੋਰ ਕੋਈ ਉੱਚ ਯੋਗਤਾ ਹਾਸਲ ਕੀਤੀ ਹੋਵੇ। ਹੌਲੀ ਹੌਲੀ ਬੇਟਾ ਆਤਮ ਨਿਰਭਰ ਹੋ ਰਿਹਾ ਸੀ। ਸਮਾਂ ਪਾ ਕੇ ਟੀ. ਆਰ ਅਤੇ ਉਸ ਤੋਂ ਬਾਅਦ ਪੀ. ਆਰ ਹੋ ਗਿਆ।
ਪੀ. ਆਰ ਹੁੰਦੇ ਹੀ ਬੇਟੇ ਦੀ ਸ਼ਾਦੀ ਹੋ ਗਈ ਪਰ ਉਸ ਤੋਂ ਪਹਿਲਾਂ ਉਸ ਦੀ ਮਾਤਾ ਦਾ ਦਿਹਾਂਤ ਹੋ ਚੁੱਕਿਆ ਸੀ। ਉਸ ਦੀ ਮਾਤਾ ਨੇ ਇਹ ਸੰਸਾਰ ਛੱਡਣ ਤੋਂ ਪਹਿਲਾਂ ਮੇਰੇ ਤੋਂ ਵਚਨ ਲਿਆ ਸੀ ਕਿ ਇਸ ਬੇਟੇ ਦੀ ਸ਼ਾਦੀ ਵੱਡੇ ਬੇਟੇ ਦੀ ਸ਼ਾਦੀ ਦੀ ਤਰ੍ਹਾਂ ਬਿਨਾ ਦਹੇਜ ਦੇ, ਪਰ ਪੂਰੇ ਜਸ਼ਨਾਂ ਨਾਲ ਕਰਨੀ ਹੈ। ਇਹ ਵਚਨ ਮੈਂ ਨਿਭਾਇਆ, ਪਰ ਜਸ਼ਨਾਂ ਦੇ ਵਿੱਚ ਪਤਨੀ ਨਾ ਹੋਣ ਕਾਰਣ ਖੁਸ਼ੀ ਦੇ ਮਾਹੌਲ ਵਿੱਚ ਵੀ ਮੈਂ ਗਮ ਵਿੱਚ ਸੀ। ਇੱਕ ਸਾਲ ਬਾਅਦ ਬੇਟੀ ਪੈਦਾ ਹੋ ਗਈ। ਪੂਰੇ ਜਸ਼ਨ ਮਨਾਏ ਕਿਉਂਕਿ ਮੇਰੇ ਘਰ ਕੋਈ ਬੇਟੀ ਨਹੀਂ ਸੀ, ਕੇਵਲ ਦੋ ਬੇਟੇ ਹੀ ਸਨ। ਬੇਟੀ ਦੀ ਲੋਹੜੀ ਮਨਾਈ ਅਤੇ ਇਸ ਮੌਕੇ ਮੇਰੇ ਬੇਟਿਆਂ ਦੀਆਂ ਚਾਚੀਆਂ ਨੇ ਸਾਰੀਆਂ ਰਸਮਾਂ ਅਦਾ ਕੀਤੀਆਂ।
ਇੱਕ ਦਿਨ ਜਦੋਂ ਬੇਟਾ ਕੰਮ ਤੋਂ ਵਾਪਸ ਆਇਆ, ਰੋਜ਼ ਦੀ ਤਰ੍ਹਾਂ ਡਾਕ ਵੇਖੀ ਅਤੇ ਖੁਸ਼ੀ ਨਾਲ ਨੱਚਦਾ ਟੱਪਦਾ ਅੰਦਰ ਗਿਆ ਅਤੇ ਪਤਨੀ ਨੂੰ ਕਿਹਾ ਵਧਾਈਆਂ, ਵਧਾਈਆਂ। ਪਤਨੀ ਨੇ ਪੁੱਛਿਆ ਕਿ ਕੀ ਹੋ ਗਿਆ ਤਾਂ ਬੇਟੇ ਨੇ ਕਿਹਾ ਕਿ ਤੂੰ ਵੀ ਪੀ. ਆਰ ਹੋ ਗਈ ਹੈਂ। ਪਤਨੀ ਨੇ ਕਿਹਾ ਕਿ ਅੱਜ ਪਾਰਟੀ ਹੋ ਜਾਵੇ, ਦੋਸਤਾਂ ਨੂੰ ਵੀ ਸੱਦ ਲਓ।
ਬੇਟਾ ਪਾਰਟੀ ਲਈ ਸਮਾਨ ਲੈ ਕੇ ਆਇਆ ਤਾਂ ਬੂਹੇ ਅੱਗੇ ਪੁਲਿਸ ਖੜ੍ਹੀ ਸੀ ਅਤੇ ਬੇਟੇ ਨੂੰ ਕਿਹਾ ਕਿ ਹੁਣੇ ਇਹ ਘਰ ਪਤਨੀ ਲਈ ਖਾਲੀ ਕਰ ਦਿਓ ਕਿਉਂਕਿ ਤੁਸੀਂ ਪਤਨੀ ਨੂੰ ਕੁੱਟਦੇ ਮਾਰਦੇ ਹੋ। ਬੇਟੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਤਨੀ ਨਾਲ ਜਦੋਂ ਗੱਲ ਕੀਤੀ ਤਾਂ ਉਸਦਾ ਰਵੱਈਆ ਇੱਕ ਦਮ ਬਦਲਿਆ ਹੋਇਆ ਸੀ ਅਤੇ ਕਹਿਣ ਲੱਗੀ ਕਿ ਮੈਂ ਰੋਜ਼ ਰੋਜ਼ ਕੁੱਟ ਨਹੀਂ ਖਾ ਸਕਦੀ ਜਦਕਿ ਬੇਟੇ ਨੇ ਇੱਕ ਵਾਰ ਵੀ ਉਸ ਵੱਲ ਘੂਰ ਕੇ ਨਹੀਂ ਵੇਖਿਆ ਸੀ। ਘਰ ਦਾ ਸਾਰਾ ਸਮਾਨ ਪਤਨੀ ਲਈ ਛੱਡ ਕੇ ਇੱਕ ਬੈਗ ਵਿੱਚ ਦੋ ਜੋੜੇ ਕੱਪੜਿਆਂ ਦੇ ਪਾ ਕੇ ਇੱਕ ਦੋਸਤ ਦੇ ਘਰ ਰਹਿਣ ਲਈ ਆਪਣੀ ਟੈਕਸੀ ਨਾਲ ਚਲਾ ਗਿਆ। ਇੱਕ ਕਾਰ ਪਤਨੀ ਦੇ ਨਾਮ ’ਤੇ ਖਰੀਦੀ ਸੀ ਉਹ ਉਸ ਕੋਲ ਹੀ ਰਹਿਣ ਦਿੱਤੀ।
ਪਤਨੀ ਦੀ ਕਾਰ ਦੀਆਂ ਕਿਸ਼ਤਾਂ ਅਤੇ ਮਕਾਨ ਦੀਆਂ ਕਿਸ਼ਤਾਂ ਬੇਟਾ ਭਰਦਾ ਰਿਹਾ ਕਿਉਂਕਿ ਇਹ ਕਾਨੂੰਨੀ ਰੂਪ ਵਿੱਚ ਉਸੇ ਨੇ ਹੀ ਭਰਨੀਆਂ ਸਨ। ਮੈਂ ਆਪਣੀ ਨੂੰਹ ਦੇ ਪਿਤਾ ਜੀ ਨੂੰ ਫੋਨ ਕੀਤਾ ਅਤੇ ਕਿਹਾ ਕਿ ਮੈਨੂੰ ਡਰ ਲੱਗ ਰਿਹਾ ਹੈ ਕਿ ਕਿਤੇ ਗੱਲ ਤਲਾਕ ਤਕ ਨਾ ਜਾ ਪਹੁੰਚ ਜਾਵੇ ਤਾਂ ਉਹਨਾਂ ਦਾ ਜਵਾਬ ਸੀ, “ਮੇਰਾ ਫਰਜ਼ ਕੇਵਲ ਬੇਟੀ ਦੀ ਸ਼ਾਦੀ ਕਰਨਾ ਸੀ, ਉਸ ਤੋਂ ਬਾਅਦ ਤਲਾਕ ਹੋਵੇ ਜਾਂ ਨਾ ਹੋਵੇ, ਇਸ ਨਾਲ ਮੈਨੂੰ ਕੋਈ ਮਤਲਬ ਨਹੀਂ।”
ਹੁਣ ਮੈਂ ਸਮਝ ਗਿਆ ਕਿ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ਅਤੇ ਬੇਟਾ ਵੀ ਇਹ ਗੱਲ ਸਮਝ ਗਿਆ ਪਰ ਬੇਟੇ ਦੀ ਮਾਨਸਿਕ ਹਾਲਤ ਬਹੁਤ ਖਰਾਬ ਹੋ ਗਈ। ਉਸ ਨੇ ਕੰਮਕਾਰ ਕਰਨਾ ਬੰਦ ਕਰ ਦਿੱਤਾ ਅਤੇ ਸਾਰਾ ਦਿਨ, ਸਾਰੀ ਰਾਤ ਦੋਸਤ ਦੇ ਇੱਕ ਕਮਰੇ ਵਿੱਚ ਬੱਤੀ ਬੰਦ ਕਰਕੇ ਲੇਟਿਆ ਰਹਿੰਦਾ।
ਕਾਫ਼ੀ ਸਮਝਾਉਣ ਤੋਂ ਬਾਅਦ ਵੀ ਜਦੋਂ ਕੋਈ ਅਸਰ ਨਾ ਹੋਇਆ ਤਾਂ ਮੈਂ ਉਸਦੇ ਦੋਸਤ ਨੂੰ ਕਿਹਾ ਕਿ ਇਸ ਨੂੰ ਕਿਸੇ ਮਨੋਵਿਗਿਆਨਿਕ ਕੋਲ ਲੈ ਜਾਓ ਅਤੇ ਉਹ ਦੋਸਤ ਉਸ ਨੂੰ ਲੈ ਗਿਆ। ਮਨੋਵਿਗਿਆਨਿਕ ਨੇ ਉਸ ਨੂੰ ਸਮਝਾਇਆ ਕਿ ਤੁਸੀਂ ਇਸ ਵਕਤ ਇੰਡੀਆ ਵਿੱਚ ਨਹੀਂ, ਜਿੱਥੇ ਸ਼ਾਦੀਆਂ ਕਈ ਦਹਾਕੇ ਚੱਲਦੀਆਂ ਹਨ, ਇਹ ਆਸਟ੍ਰੇਲੀਆ ਹੈ ਅਤੇ ਇੱਥੇ ਤਲਾਕ ਇੱਕ ਆਮ ਵਰਤਾਰਾ ਹੈ। ਤਲਾਕ ਦਿਲ ਨਾ ਮਿਲਣ ਕਾਰਣ ਹੋ ਸਕਦਾ ਹੈ, ਲਾਲਚ ਕਾਰਣ ਹੋ ਸਕਦਾ ਹੈ ਜਾਂ ਦਿਲ ਹੋਰ ਕਿਸੇ ਨਾਲ ਮਿਲਣ ਕਾਰਣ ਹੋ ਸਕਦਾ ਹੈ।
ਮਨੋਵਿਗਿਆਨਿਕ ਨਾਲ ਕੁਲ ਚਾਰ ਮੀਟਿੰਗਾਂ ਨਾਲ ਬੇਟਾ ਲਗਭਗ ਠੀਕ ਹੋ ਗਿਆ। ਪਰ ਇੱਕ ਵਿਚਾਰ ਉਸ ਨੂੰ ਤੰਗ ਕਰ ਰਿਹਾ ਸੀ ਕਿ ਕਿਤੇ ਮੇਰੀ ਬੇਟੀ ਇਹ ਨਾ ਸੋਚੇ ਕਿ ਮੈਂ ਉਸ ਲਈ ਪਿਤਾ ਹੋਣ ਦਾ ਫਰਜ਼ ਨਹੀਂ ਨਿਭਾਇਆ। ਮਨੋਵਿਗਿਆਨਿਕ ਨੇ ਦੱਸਿਆ ਕਿ ਤੁਸੀਂ ਕੋਰਟ ਤੋਂ ਇਜਾਜ਼ਤ ਲੈ ਸਕਦੇ ਹੋ, ਜਿਸ ਨਾਲ ਤੁਸੀਂ ਆਪਣੀ ਬੇਟੀ ਨੂੰ ਹਫਤੇ ਵਿੱਚ ਇੱਕ ਦਿਨ ਮਿਲ ਸਕਦੇ ਹੋ ਅਤੇ ਉਸ ਲਈ ਲੋੜੀਂਦੀ ਖਰੀਦਦਾਰੀ ਕਰ ਸਕਦੇ ਹੋ, ਚੰਗੇ ਹੋਟਲ ਵਿੱਚ ਖਾਣਾ ਖੁਆ ਸਕਦੇ ਹੋ। ਕੋਰਟ ਤੋਂ ਛੇਤੀ ਹੀ ਇਜਾਜ਼ਤ ਮਿਲ ਗਈ। ਹੁਣ ਬੇਟਾ ਹਫਤੇ ਜਾਂ ਪੰਦਰਾਂ ਦਿਨਾਂ ਬਾਅਦ ਆਪਣੀ ਬੇਟੀ ਨੂੰ ਮਿਲਦਾ ਹੈ ਅਤੇ ਉਸਦੇ ਜਨਮ ਦਿਨ ’ਤੇ ਗਿਫਟ ਦਿੰਦਾ ਹੈ।
ਤਲਾਕ ਤੋਂ ਦੋ ਸਾਲ ਬਾਅਦ ਬੇਟੇ ਦੀ ਦੂਜੀ ਸ਼ਾਦੀ ਹੋ ਗਈ ਅਤੇ ਦੂਜੀ ਪਤਨੀ ਨੇ ਪਹਿਲੀ ਬੇਟੀ ਨੂੰ ਮਿਲਣ ਜਾਂ ਉਸ ਉੱਤੇ ਕੋਈ ਖਰਚ ਕਰਨ ’ਤੇ ਇਤਰਾਜ਼ ਵੀ ਨਹੀਂ ਕੀਤਾ। ਇਸ ਲਈ ਦੋਵੇਂ ਪਤੀ ਪਤਨੀ ਪਹਿਲੀ ਬੇਟੀ ਨੂੰ ਮਿਲਣ ਜਾਂਦੇ ਹਨ। ਨਵੀਂ ਸ਼ਾਦੀ ਦੇ ਸਾਲ ਬਾਅਦ ਇੱਕ ਬੇਟੀ ਦਾ ਜਨਮ ਹੋ ਗਿਆ। ਹੁਣ ਪਤੀ ਪਤਨੀ ਖੁਸ਼ ਹਨ ਅਤੇ ਪਹਿਲੀ ਬੇਟੀ ਨੂੰ ਵੀ ਖੁਸ਼ ਰੱਖਦੇ ਹਨ, ਚਿੰਤਾ ਮੁਕਤ ਹੋਣ ਕਾਰਣ ਮੈਂ ਵੀ ਖੁਸ਼ ਹਾਂ।
**
94176-32228*
ਗੋਆ ਵਿੱਚ ਪੜ੍ਹਿਆ ਅਨੇਕਤਾ ਦਾ ਪਾਠ – ਉੱਥੇ।-ਗੁਰਦੀਪ ਸਿੰਘ ਢੁੱਡੀ
1999 ਵਿੱਚ ਕੇਂਦਰ ਸਰਕਾਰ ਦੇ ਸੀ.ਸੀ.ਆਰ.ਟੀ. (ਸੈਂਟਰ ਫਾਰ ਕਲਚਰਲ ਰਿਸੋਰਸਜ਼ ਐਂਡ ਟਰੇਨਿੰਗ) ਵਿਭਾਗ ਦੁਆਰਾ ਸਕੂਲ ਅਧਿਆਪਕਾਂ ਦੀ ਕੌਮੀ ਪੱਧਰ ਦੀ ਗੋਆ ਵਿਖੇ ਲਗਾਈ ਗਈ ਵਰਕਸ਼ਾਪ ਵਿੱਚ ਪੰਜਾਬ ਤੋਂ ਮੈਂ ਇਕੱਲਾ ਅਧਿਆਪਕ ਹੀ ਗਿਆ ਸਾਂ। ਮੇਰੇ ਵਾਸਤੇ ਇਸ ਕੈਂਪ ਦੀ ਇਹ ਵੀ ਵਿਲੱਖਣਤਾ ਸੀ ਕਿ ਮੈਂ ਪਹਿਲੀ ਵਾਰੀ ਭਾਰਤ ਦੇ ਦੱਖਣੀ ਹਿੱਸੇ ਦੇ ਕਿਸੇ ਸੂਬੇ ਵਿੱਚ ਜਾ ਰਿਹਾ ਸਾਂ ਅਤੇ ਵਿਸ਼ੇਸ਼ ਕਰਕੇ ਕਿਸੇ ਸਮੁੰਦਰ ਵਿੱਚ ਘਿਰਿਆਂ ਵਰਗੇ ਖਿੱਤੇ ਵਿੱਚ। ਇਸ ਕਰਕੇ ਮੈਨੂੰ ਇੱਥੋਂ ਦੇ ਰਹਿਣ-ਸਹਿਣ, ਬੋਲ-ਚਾਲ, ਪਹਿਨਣ-ਪਚਰਨ, ਖਾਣ-ਪੀਣ ਦੀ ਵਿਹਾਰਕ ਜਾਣਕਾਰੀ ਨਹੀਂ ਸੀ। ਹਾਲਾਂਕਿ ਮੈਂ ਆਪਣੇ ਦੋਸਤ ਪਰਮਿੰਦਰ ਤੱਗੜ (ਉਸ ਨੇ ਭੂਗੋਲ ਵਿਸ਼ੇ ਵਿੱਚ ਵੀ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਕੀਤੀ ਹੋਈ ਹੈ।) ਤੋਂ ਇਸ ਬਾਰੇ ਮੋਟਾ ਮੋਟਾ ਜਾਣ ਲਿਆ ਸੀ ਪ੍ਰੰਤੂ ਇਹ ਵੀ ਮੇਰੇ ਓਨਾ ਕੰਮ ਨਹੀਂ ਆਇਆ ਸੀ। ਆਪਣੀ ਹੀ ਧੁਨ ਵਿੱਚ ਮੈਂ ਰੇਲ ਗੱਡੀ ਰਾਹੀਂ ਦਿੱਲੀ ਪਹੁੰਚ ਗਿਆ ਸਾਂ। ਮੇਰੇ ਦਿਮਾਗ ਵਿੱਚ ਸੀ ਕਿ ਪੰਜਾਬ ਦੇ ਕਿਸੇ ਹੋਰ ਸਥਾਨ ਤੋਂ ਜਾਣ ਵਾਲਾ ਕੋਈ ਅਧਿਆਪਕ ਦਿੱਲੀ ਰੇਲਵੇ ਸਟੇਸ਼ਨ ਤੇ ਮਿਲ ਜਾਵੇਗਾ ਪ੍ਰੰਤੂ ਦਿੱਲੀ ਰੇਲਵੇ ਸਟੇਸ਼ਨ ਤੇ ਮੇਰੀਆਂ ਅੱਖਾਂ ਦੀ ਤਲਾਸ਼ ਖਾਲੀ ਹੀ ਰਹੀ ਸੀ। ਗੋਆ ਐਕਸਪ੍ਰੈੱਸ ਗੱਡੀ ਦਾ ਏ.ਸੀ. ਕਮਰਾ ਬੁੱਕ ਸੀ ਅਤੇ ਮੇਰੀ ਬੋਲ-ਬਾਣੀ ਅਤੇ ਪਹਿਰਾਵੇ ਵਾਲਾ ਇਸ ਡੱਬੇ ਵਿੱਚ ਹੋਰ ਕੋਈ ਵੀ ਨਹੀਂ ਸੀ। ਇਸ ਕਰਕੇ ਰਸਤੇ ਵਿੱਚ ਮੈਨੂੰ ਇਕੱਲਤਾ ਦਾ ਅਹਿਸਾਸ ਹੋਇਆ, ਖਾਣੇ ਦੀ ਸਮੱਸਿਆ ਆਈ ਅਤੇ ਬੋਲਬਾਣੀ ਸਾਂਝੀ ਕਰਨ ਵਿੱਚ ਮੁਸ਼ਕਲ ਆਈ ਪ੍ਰੰਤੂ ਕਿਵੇਂ ਨਾ ਕਿਵੇਂ ਮੈਂ ਗੋਆ ਦੀ ਰਾਜਧਾਨੀ ਪਣਜੀ ਦੇ ਉਸ ਥਾਂ ’ਤੇ ਪਹੁੰਚ ਗਿਆ ਜੋ ਆਉਣ ਵਾਲੇ ਬਾਰਾਂ ਦਿਨ ਸਾਡੀ ਰਾਜਧਾਨੀ ਬਣਨੀ ਸੀ। ਖੋਪੇ ਦੇ ਤੇਲ ਵਿੱਚ ਬਣੀਆਂ ਭਾਜੀਆਂ, ਰਬੜ ਵਾਂਗ ਵਧਦੀਆਂ ਰੋਟੀਆਂ, ਸੁੱਕੇ ਦੁੱਧ ਦੀ ਬਣੀ ਚਾਹ ਅਤੇ ਮਾਂ ਤੋਂ ਮਿਲੀ ਮਿੱਠੀ ਸ਼ਹਿਦ ਵਰਗੀ ਬੋਲੀ ਨੂੰ ਤਰਸਦੀ ਜੀਭ ਦੇ ਬਾਵਜੂਦ ਵੀ ਸ਼ਾਮਾਂ ਨੂੰ ਬੀਚਾਂ ਤੇ ਕੀਤੀ ਆਵਾਰਗੀ, ਬਾਰਾਂ ਚਾਨਣੀਆਂ ਰਾਤਾਂ ਅਤੇ ਦੱਖਣੀ ਸੂਬਿਆਂ ਦੇ ਅਧਿਆਪਕ/ਅਧਿਆਪਕਾਵਾਂ ਦਾ ਮਿਲਿਆ ਪਿਆਰ ਮੇਰੇ ਚੇਤਿਆਂ ਵਿੱਚ ਥਾਂ ਮੱਲੀ ਬੈਠਾ ਹੈ। ਇਹ ਮੇਰੇ ਵਾਸਤੇ ਸੁਖਦ ਅਹਿਸਾਸ ਸੀ ਕਿ ਹੋਰਨਾਂ ਸੂਬਿਆਂ ਦੇ ਅਧਿਆਪਕਾਂ ਨੇ ਮੈਨੂੰ ਇਕੱਲਤਾ ਦਾ ਅਹਿਸਾਸ ਹੀ ਨਹੀਂ ਹੋਣ ਦਿੱਤਾ। ਸਗੋਂ ਬਹੁਤ ਸਾਰਿਆਂ ਨੇ ਆਪਣਿਆਂ ਵਰਗੇ ਅਹਿਸਾਸ ਵਿੱਚ ਰੰਗ ਕੇ ਮਿਲਣਾ।
ਇਸ ਵਰਕਸ਼ਾਪ ਵਿੱਚ ਮੈਂ ਇਕੱਲਾ ਹੀ ਪੰਜਾਬੀ ਅਤੇ ਉਹ ਵੀ ਪਗੜੀਧਾਰੀ ਸੀ। ਇਸ ਕਾਰਨ ਵਿਸ਼ੇਸ਼ ਕਰਕੇ ਦੱਖਣੀ ਸੂਬਿਆਂ ਦੇ ਅਧਿਆਪਕਾਂ ਵਾਸਤੇ ਮੈਂ ਆਕਰਸ਼ਣ ਦਾ ਕਾਰਨ ਵੀ ਬਣਦਾ ਸਾਂ। ਵਿਹਲੇ ਸਮੇਂ ਵਿੱਚ ਉਹ ਮੈਥੋਂ ਆਪਣੇ ਸਿਰ ’ਤੇ ਪੱਗ ਬੰਨ੍ਹਵਾਉਂਦੇ ਅਤੇ ਪੰਜਾਬੀ ਰਹਿਤਲ ਬਾਰੇ ਪੁੱਛਦੇ ਰਹਿੰਦੇ। ਸਿੱਖ ਗੁਰੂਆਂ, ਸਿੱਖ ਇਤਿਹਾਸ ਦੇ ਨਾਲ ਹੀ ਬੰਗਾਲੀਆਂ ਨੇ ਪੰਜਾਬ ਵਿਚਲੀ ਨਕਸਲੀ ਲਹਿਰ ਬਾਰੇ ਵੀ ਮੇਰੇ ਨਾਲ ਗੱਲਾਂ ਕੀਤੀਆਂ। ਨਕਸਲੀ ਲਹਿਰ ਨਾਲ ਸਬੰਧਤ ਨਾਵਲ ‘ਲਹੂ ਦੀ ਲੋਅ’ ਤੇ ਮੈਂ ਐੱਮ.ਫ਼ਿੱਲ. ਕੀਤੀ ਸੀ ਅਤੇ ਅੱਗੇ ਪੀ.ਐੱਚ.ਡੀ. ਕਰਨ ਦਾ ਇਰਾਦਾ ਹੋਣ ਕਰਕੇ ਮੈਂ ਵਾਹਵਾ ਸਾਰੇ ਸਾਹਿਤ ਦਾ ਮੁਤਾਲਿਆ ਕੀਤਾ ਹੋਣ ਕਰਕੇ ਮੈਨੂੰ ਇਸ ਵਿਸ਼ੇ ’ਤੇ ਗੱਲਬਾਤ ਕਰਦਿਆਂ ਉਲਟਾ ਸਕੂਨ ਮਿਲਦਾ ਸੀ। ਪਹਿਰਾਵੇ ਦੀ ਮੇਰੇ ਵਾਸਤੇ ਮੁਸ਼ਕਲ ਇਹ ਮਹਿਸੂਸ ਹੋਈ ਕਿ ਮੁੜ੍ਹਕੇ ਨਾਲ ਭਿੱਜੇ ਕੱਪੜਿਆਂ ਵਿੱਚ ਮੈਨੂੰ ਅਲਕਤ ਆਉਣ ਕਰਕੇ ਮੈਂ ਤਿੰਨ ਵਾਰੀ ਨਹਾਉਂਦਾ ਸਾਂ ਅਤੇ ਤਿੰਨ ਵਾਰੀ ਹੀ ਦਿਨ ਵਿੱਚ ਆਪਣੇ ਕੱਪੜੇ ਬਦਲਦਾ ਸਾਂ। ਇਸ ਤਰ੍ਹਾਂ ਮੈਂ ਇਸ ਕੰਮ ਵਿੱਚ ਹੀ ਉਲਝਣ ਵਾਲਿਆਂ ਵਾਂਗ ਹੋਇਆ ਰਹਿੰਦਾ। ਕਿਉਂਕਿ ਪਹਿਲਾਂ ਉਤਾਰੇ ਕੱਪੜੇ ਮੈਨੂੰ ਆਪ ਨੂੰ ਹੀ ਰਾਤ ਸਮੇਂ ਧੋਣੇ ਪੈਂਦੇ ਅਤੇ ਪ੍ਰੈੱਸ ਕਰਵਾ ਕੇ ਲਿਆਉਣੇ ਪੈਂਦੇ ਸਨ। ਵਿਹਲੇ ਹੋ ਕੇ ਅਸੀਂ ਗਰੁੱਪਾਂ ਵਿੱਚ ਸਮੁੰਦਰੀ ਬੀਚਾਂ ਵੇਖਣ ਵਾਸਤੇ ਚਲੇ ਜਾਂਦੇ। ਬੱਸਾਂ ਵਿੱਚ ਦੋ ਗੱਲਾਂ ਮੇਰੇ ਨਾਲ ਵਿਸ਼ੇਸ਼ ਵਾਪਰਦੀਆਂ। ਪਹਿਲੀ ਗੱਲ ਬੱਸ ਵਿੱਚ ਖੜ੍ਹੇ ਮਰਦਾਂ ਅਤੇ ਔਰਤਾਂ ਵਿੱਚੋਂ ਮੈਨੂੰ ਕੱਚੀ ਮੱਛੀ ਦੀ ਬੂਅ ਜਿਹੀ ਆਉਂਦੀ ਹੋਣ ਕਰਕੇ ਮੈਨੂੰ ਸਾਹ ਲੈਣਾ ਵੀ ਔਖਾ ਔਖਾ ਜਿਹਾ ਜਾਪਦਾ ਅਤੇ ਦੂਸਰੀ ਗੱਲ ਸਥਾਨਕ ਔਰਤਾਂ ਦੇ ਆਮ ਤੌਰ ’ਤੇ ਛੋਟੀਆਂ ਕਮੀਜ਼ਾਂ ਅਤੇ ਛੋਟੀਆਂ ਘੱਗਰੀਆਂ (ਟੌਪ ਸਕਰਟ) ਪਾਈਆਂ ਹੁੰਦੀਆਂ। ਇਸ ਤਰ੍ਹਾਂ ਦਾ ਸਾਡੇ ਇੱਥੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੀਆਂ ਛੋਟੀਆਂ ਕੁੜੀਆਂ ਦਾ ਪਹਿਰਾਵਾਂ ਹੁੰਦਾ ਸੀ। ਵਰਕਸ਼ਾਪ ਵਿੱਚ ਸ਼ਾਮਲ ਔਰਤ ਅਧਿਆਪਕਾਵਾਂ ਵੱਲ ਨਿਗਾਹ ਗਈ ਤਾਂ ਸਥਾਨਕ ਅਧਿਆਪਕਾਵਾਂ ਦੇ ਵੀ ਇਹੋ ਹੀ ਪੁਸ਼ਾਕ ਪਾਈ ਹੁੰਦੀ ਸੀ।
ਜਦੋਂ ਕੁਝ ਦਿਨਾਂ ਬਾਅਦ ਥੋੜ੍ਹਾ ਜਿਹਾ ਘੁਲ਼ ਮਿਲ਼ ਗਏ ਤਾਂ ਗੋਆ ਵਾਲੀਆਂ ਅਧਿਆਪਕਾਵਾਂ ਨੂੰ ਇੱਕ ਦਿਨ ਮੈਂ ਪੁੱਛਿਆ, “ਆਪ ਨੇ ਇਹ ਜੋ ਪਹਿਰਾਵਾ ਪਹਿਨਿਆ ਹੋਇਆ ਹੈ, ਸਕੂਲ ਵਿੱਚ ਵੀ ਇਹੋ ਹੀ ਪਾ ਕੇ ਜਾਂਦੀਆਂ ਹੋ?” ਬੜਾ ਹੈਰਾਨ ਜਿਹਾ ਹੋ ਕੇ ਉਹ ਮੇਰੇ ਮੂੰਹ ਵੱਲ ਵੇਖਣ ਲੱਗੀਆਂ, ਜਿਵੇਂ ਮੈਂ ਕੋਈ ਅਟਪਟਾ ਸਵਾਲ ਕੀਤਾ ਹੋਵੇ।” ਆਪ ਨੇ ਇਹ ਕਿਉਂ ਪੁੱਛਿਆ ਹੈ?” ਉਨ੍ਹਾਂ ਨੇ ਮੈਨੂੰ ਉਲਟਾ ਸਵਾਲ ਕੀਤਾ।” ਦਰਅਸਲ ਇਹ ਟੌਪ ਸਕਰਟਾਂ ਸਾਡੇ ਕੇਵਲ ਛੋਟੀਆਂ ਲੜਕੀਆਂ ਹੀ ਪਹਿਨਦੀਆਂ ਹਨ। ਆਮ ਤੌਰ ’ਤੇ ਵੱਡੀਆਂ ਔਰਤਾਂ ਤਾਂ ਕਮੀਜ਼ ਸਲਵਾਰ ਹੀ ਪਾਉਂਦੀਆਂ ਹਨ। ਘਰਾਂ ਵਿੱਚ ਜਾਂ ਫਿਰ ਹੋਰ ਥਾਂਵਾਂ ’ਤੇ ਕੁਝ ਔਰਤਾਂ ਸਾੜ੍ਹੀ ਬੰਨ੍ਹਦੀਆਂ ਹਨ।” “ਨਹੀਂ ਜੀ, ਸਾਡੇ ਤਾਂ ਇਹ ਪਹਿਰਾਵਾ ਹੈ, ਸਕੂਲਾਂ, ਕਾਲਜਾਂ ਵਿੱਚ ਵੀ ਅਸੀਂ ਇਹੋ ਹੀ ਪਹਿਨਦੀਆਂ ਹਾਂ। ਕਮੀਜ਼ ਸਲਵਾਰ ਜਾਂ ਫਿਰ ਸਾੜ੍ਹੀ ਇੱਥੋਂ ਦੇ ਮੌਸਮ ਦੇ ਅਨੁਸਾਰ ਸਾਨੂੰ ਔਖਿਆਂ ਕਰਦੀ ਹੈ।” ਉਨ੍ਹਾਂ ਨੇ ਆਪਣੇ ਵੱਲੋਂ ਬਣਦਾ ਸਰਦਾ ਮੈਨੂੰ ਜਵਾਬ ਦਿੱਤਾ। ਬਾਅਦ ਵਿੱਚ ਜਦੋਂ ਮੈਂ ਜਾਣਿਆ ਕਿ ਮੈਨੂੰ ਦੋ ਤਿੰਨ ਵਾਰੀ ਕੱਪੜੇ ਇੱਥੋਂ ਦੇ ਮੌਸਮ ਕਾਰਨ ਹੀ ਬਦਲਣੇ ਪੈਂਦੇ ਹਨ ਤਾਂ ਮੈਨੂੰ ਉਨ੍ਹਾਂ ਦੇ ਪਹਿਰਾਵੇ ਦੀ ਜਾਣਕਾਰੀ ਮਿਲੀ। ਅਸਲ ਵਿੱਚ ਇਹ ਉੱਤਰ ਅਤੇ ਦੱਖਣ ਵਿਚਲੇ ਇਲਾਕਿਆਂ ਦੀ ਵਿੱਥ ਸੀ ਜਿਹੜੀ ਮੈਨੂੰ ਬਾਅਦ ਵਿੱਚ ਸਮਝ ਆਈ।
ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੀਆਂ ਅਨੇਕਾਂ ਭਿੰਨਤਾਵਾਂ ਹਨ ਜਿੰਨਾ ਦੇ ਹੁੰਦਿਆਂ ਹੋਇਆਂ ਵੀ ਸਾਡੇ ਵਿੱਚ ਏਕਤਾ ਹੈ। ਸਾਡੇ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਅਨੇਕਤਾਵਾਂ ਅਤੇ ਭਿੰਨਤਾਵਾਂ ਦੇ ਬਾਵਜੂਦ ਵੀ ਅਸੀਂ ਭਾਰਤੀ ਹਾਂ ਅਤੇ ਆਪਣੇ ਆਪ ਨੂੰ ਭਾਰਤੀ ਅਖਵਾ ਕੇ ਮਾਣ ਮਹਿਸੂਸਦੇ ਹਾਂ। ਅਸੀਂ ਭਾਰਤੀ ਮਾਲਾ ਦੇ ਮਣਕੇ ਹਾਂ ਅਤੇ ਇਸਦਾ ਸਾਨੂੰ ਮਾਣ ਵੀ ਹੈ। ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਾਰਾਰ ਰੱਖਣ ਵਾਸਤੇ ਆਪਣਾ ਪੂਰਾ ਤਾਣ ਲਾਉਂਦੇ ਹਾਂ। ਸਾਡੇ ਰਾਸ਼ਟਰੀ ਉਤਸਵਾਂ ਸਮੇਂ ਇਹ ਅਨੇਕਤਾ ਵਿੱਚ ਏਕਤਾ ਦਾ ਪੂਰਾ ਅਹਿਸਾਸ ਵੇਖਿਆ ਜਾ ਸਕਦਾ ਹੈ। ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਸਾਡੇ ਦੇਸ਼ ਵਿੱਚ ਰਾਜਨੀਤਕ ਪਾਰਟੀਆਂ ਇਸ ਤਰ੍ਹਾਂ ਦੀ ਏਕਤਾ ਦੀ ਸਮਾਪਤੀ ਕਰਕੇ ਇੱਕ ਰਾਸ਼ਟਰੀਅਤਾ ਦੇ ਨਾਮ ਤੇ ਨਫ਼ਰਤ ਫ਼ੈਲਾਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੀਆਂ ਹਨ। ਸ਼ਾਲਾ, ਉਨ੍ਹਾਂ ਨੂੰ ਕਦੇ ਵੀ ਸਫ਼ਲਤਾ ਨਾ ਮਿਲੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4073)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)