“ਮਨੁੱਖੀ ਹੱਕਾਂ ਦੇ ਯੋਧੇ ਅਤੇ ਲੋਕ-ਕਵੀ ਬਿਨਾ ਕਿਸੇ ਕਾਰਣ ਐਸੀਆਂ ਧਾਰਾਵਾਂ ਲਗਾ ਕੇ ਜੇਲਾਂ ਵਿੱਚ ...”
(8 ਜੂਨ 2021)
ਵਾਸਿਲੀ ਗਰੌਸਮੈਨ ਇੱਕ ਯਹੂਦੀ ਸੀ ਜਿਸਦਾ ਜਨਮ 1905 ਵਿੱਚ ਯੂਕਰੇਨ ਵਿੱਚ ਹੋਇਆ ਜੋ ਕਿ ਉਸ ਵਕਤ ਜ਼ਾਰ ਦੇ ਰੂਸ ਦਾ ਇਲਾਕਾ ਸੀ। 25 ਸਾਲ ਦਾ ਹੋਣ ’ਤੇ ਵਾਸਿਲੀ ਨੇ ਕਮਾਈ ਲਈ ਕਈ ਕੰਮ ਕੀਤੇ ਪਰ ਅੰਤ ਵਿੱਚ ਉਹ ਇੱਕ ਵਧੀਆ ਲੇਖਕ ਬਣਨ ਵਿੱਚ ਸਫਲ ਹੋ ਗਿਆ। ਜਦੋਂ 1939 ਵਿੱਚ ਦੂਜੀ ਆਲਮੀ ਜੰਗ ਛਿੜ ਗਈ ਤਾਂ ਉਸ ਨੂੰ ਇੱਕ ਅਖਬਾਰ ਨੇ ਸੋਵੀਅਤ ਰੂਸ ਦੀ ਫੌਜ ਦੇ ਪੱਤਰਕਾਰ ਦੀ ਨੌਕਰੀ ਦਵਾ ਦਿੱਤੀ ਅਤੇ ਉਸਨੇ ਜੋ ਕੁਝ ਯੁੱਧ ਦੇ ਮੈਦਾਨ ਵਿੱਚ ਵੇਖਿਆ ਉਸ ਦਾ ਬਿਓਰਾ ਅਖਬਾਰ ਨੂੰ ਲਗਾਤਾਰ ਭੇਜਦਾ ਰਿਹਾ। ਯੁੱਧ ਦੇ ਹਾਲਾਤ ਦੇ ਵੇਰਵੇ ਪ੍ਰਾਪਤ ਕਰਨ ਲਈ ਕਈ ਵਾਰ ਉਸ ਦੀਆਂ ਅੱਖਾਂ ਰੇਤ ਨਾਲ ਭਰ ਜਾਂਦੀਆਂ ਜਾਂ ਨਾਸਾਂ ਕਾਲੇ ਧੂੰਏਂ ਨਾਲ ਭਰ ਜਾਂਦੀਆਂ।
ਆਲਮੀ ਜੰਗ ਦੀ ਸਮਾਪਤੀ ’ਤੇ ਉਸਨੇ ਆਪਣੇ ਸਾਰੇ ਜਜ਼ਬਾਤ ਇੱਕ ਨਾਵਲ “ਜ਼ਿੰਦਗੀ ਅਤੇ ਕਿਸਮਤ” ਵਿੱਚ ਲਿਖੇ। ਉਸਨੇ ਨਾਜ਼ੀ ਹਿਟਲਰ ਦੀਆਂ ਫੌਜਾਂ ਅਤੇ ਸਟਾਲਿਨ ਦੀ ਅਗਵਾਈ ਵਿੱਚ ਲੜ ਰਹੀਆਂ ਫੌਜਾਂ ਵੱਲੋਂ ਆਮ ਨਾਗਰਿਕਾਂ ਨੂੰ ਦਿੱਤੇ ਤਸੀਹਿਆਂ ਅਤੇ ਭਿਆਨਕ ਮੌਤਾਂ ਦਾ ਜ਼ਿਕਰ ਵੀ ਕੀਤਾ। ਉਸ ਨੂੰ ਪਤਾ ਲੱਗਾ ਕਿ ਜਰਮਨ ਦੀਆਂ ਫੌਜਾਂ ਨੇ ਉਸਦੇ ਪਿੰਡ ’ਤੇ ਕਬਜ਼ਾ ਕਰਕੇ ਉਸਦੀ ਮਾਤਾ ਨੂੰ ਮਾਰਚ ਕਰਵਾ ਕੇ ਨਾਜ਼ੀ ਫੌਜਾਂ ਮਾਰਨ ਲਈ ਲੈ ਗਈਆਂ। ਉਸ ਨੇ ਆਪਣੀਆਂ ਅੱਖਾਂ ਨਾਲ ਦਿਲ ਕੰਬਾਊ ਦ੍ਰਿਸ਼ ਵੇਖੇ ਜਿਨ੍ਹਾਂ ਵਿੱਚ ਬੱਚਿਆਂ ਨੂੰ ਦੋਂਹ ਲੱਤਾਂ ਤੋਂ ਫੜ ਕੇ ਦੋਫਾੜ ਕੀਤਾ ਗਿਆ। ਸੋਵੀਅਤ ਕੈਦੀਆਂ ਦੇ ਸਿਰਾਂ ਵਿੱਚ ਹਥੌੜੇ ਮਾਰ ਕੇ ਚਕਨਾਚੂਰ ਕਰ ਦਿੱਤੇ। ਨਾਜ਼ੀਆਂ ਦੇ ਮੌਤ ਕੈਂਪਾਂ ਦੇ ਦ੍ਰਿਸ਼ ਕਿਸੇ ਵੀ ਪੱਥਰ ਦਿਲ ਨੂੰ ਦਹਿਲਾ ਸਕਦੇ ਹਨ। ਦੂਜੇ ਪਾਸੇ ਸੋਵੀਅਤ ਰੂਸ ਵਿੱਚ ਧਾਕੜ ਲਾਰਡਾਂ ਨੇ ਫੌਜ ਲਈ ਕਿਸਾਨਾਂ ਤੋਂ ਅਨਾਜ ਵਸੂਲੀ ਦੀ ਐਨੀ ਜ਼ਬਰਦਸਤ ਮੁਹਿੰਮ ਚਲਾਈ ਕਿ ਛੋਟੇ ਕਿਸਾਨ ਅਤੇ ਉਹਨਾਂ ਦੇ ਬੱਚੇ ਭੁੱਖ ਨਾਲ ਮਰ ਗਏ। ਸੋਵੀਅਤ ਯੂਨੀਅਨ ਦੇ ਮਹਾਨ ਲੇਖਕ ਲਿਉ ਟਾਲਸਟਾਏ ਨੇ ਕਈ ਵਾਰ ਵਾਸਿਲੀ ਗਰੌਸਮੈਨ ਦੇ ਨਾਵਲ ਨੂੰ ਵੀਹਵੀਂ ਸਦੀ ਦੀਆਂ ਸਰਵੋਤਮ ਪੁਸਤਕਾਂ ਵਿੱਚੋਂ ਇੱਕ ਪੁਸਤਕ ਕਿਹਾ। ਉਸਨੇ ਤਾਂ ਇੱਥੇ ਤਕ ਵੀ ਕਿਹਾ ਕਿ ਹੁਣ ਤਕ ਦੀ ਇਹ ਸਭ ਤੋਂ ਸਰਵੋਤਮ ਪੁਸਤਕ ਹੈ।
ਪਰ ਸੋਵੀਅਤ ਯੂਨੀਅਨ ਨੇ ਇਸ ਪੁਸਤਕ ਨੂੰ ਸਭ ਤੋਂ ਖਤਰਨਾਕ ਜੱਜ ਕੀਤਾ। ਵਾਸਿਲੀ ਗਰੌਸਮੈਨ ਦੇ ਘਰ ਕੇ.ਜੀ.ਬੀ ਨੇ ਛਾਪਾ ਮਾਰ ਕੇ ਨਾ ਕੇਵਲ ਪੁਸਤਕ ਦਾ ਖਰੜਾ ਆਪਣੇ ਕਬਜ਼ੇ ਵਿੱਚ ਲੈ ਲਿਆ ਬਲਕਿ ਟਾਈਪ ਰਾਇਟਰ ਦੇ ਉਹ ਰਿੱਬਨ ਵੀ ਆਪਣੇ ਕਬਜ਼ੇ ਵਿੱਚ ਲੈ ਲਏ ਜਿਹੜੇ ਟਾਈਪ ਕਰਨ ਵੇਲੇ ਵਰਤੇ ਗਏ ਸਨ। ਸੋਵੀਅਤ ਯੂਨੀਅਨ ਐਨਾ ਖਤਰਾ ਮਹਿਸੂਸ ਕਰਦੀ ਸੀ ਕਿ ਕਿਤੇ ਇਹਨਾਂ ਰਿੱਬਨਾਂ ਤੋਂ ਕੋਈ ਅੱਖਰ ਉਠਾ ਕੇ ਦੋਬਾਰਾ ਨਾ ਕਿਤਾਬ ਤਿਆਰ ਕਰ ਲਵੇ। ਇਸ ਤੋਂ ਪਹਿਲਾਂ ਵਾਸਿਲੀ ਗਰੌਸਮੈਨ ਨੇ ਸੋਵੀਅਤ ਯੂਨੀਅਨ ਦੇ ਚੀਫ ਵਿਚਾਰਕ ਸੁਸਲੋਵ ਅੱਗੇ ਕਿਤਾਬ ਛਾਪਣ ਲਈ ਬੇਨਤੀ ਕੀਤੀ ਸੀ ਪਰ ਉਸ ਨੇ ਕਿਤਾਬ ਨੂੰ ਨਾ ਕੇਵਲ ਸੋਵੀਅਤ ਯੂਨੀਅਨ ਲਈ ਖਤਰਨਾਕ ਦੱਸ ਕੇ ਛਾਪਣ ਤੋਂ ਇਨਕਾਰ ਕੀਤਾ ਬਲਕਿ ਇਹ ਵੀ ਕਿਹਾ ਕਿ ਦੁਸ਼ਮਣਾਂ ਦੇ ਐਟਮ ਬੰਬਾਂ ਨਾਲ ਕੀ ਇਹ ਪੁਸਤਕ ਵੀ ਰੱਖ ਲਈਏ! ਸੁਸਲੋਵ ਨੇ ਇਹ ਵੀ ਕਿਹਾ, “ਤੇਰੀ ਪੁਸਤਕ ਦੋ ਤਿੰਨ ਸੌ ਸਾਲ ਤਕ ਨਹੀਂ ਛਪ ਸਕਦੀ, ਅਸੀਂ ਅਜਿਹੀ ਪੁਸਤਕ ਕਿਉਂ ਛਾਪੀਏ ਜਿਸ ਨਾਲ ਪਬਲਿਕ ਵਿੱਚ ਇਹ ਬਹਿਸ ਸ਼ੁਰੂ ਹੋ ਜਾਵੇ ਕਿ ਸੋਵੀਅਤ ਯੂਨੀਅਨ ਹੋਣਾ ਚਾਹੀਦਾ ਹੈ ਜਾਂ ਨਹੀਂ।” ਵਾਸਿਲੀ ਗਰੌਸਮੈਨ ਨੇ ਜਿਸ ਕਿਸੇ ਸੋਵੀਅਤ ਯੂਨੀਅਨ ਦੇ ਅਧਿਕਾਰੀ ਅੱਗੇ ਬੇਨਤੀ ਕੀਤੀ ਉਸ ਨੂੰ ਜਵਾਬ ਵਿੱਚ ਕੇਵਲ ਨਾਂਹ ਹੀ ਮਿਲੀ। ਜਦੋਂ ਹਾਲਾਤ ਬਦਲ ਗਏ ਤਾਂ ਵਾਸਿਲੀ ਗਰੌਸਮੈਨ ਨੇ ਨਿਕੀਤਾ ਖਰੁਸ਼ਚੋਵ ਨੂੰ ਲਿਖਿਆ, “ਮੇਰੇ ਸਰੀਰਿਕ ਤੌਰ ’ਤੇ ਅਜ਼ਾਦ ਰਹਿਣ ਦਾ ਕੀ ਲਾਭ ਹੈ ਜਦਕਿ ਮੇਰੀ ਉਹ ਪੁਸਤਕ ਜਿਸ ’ਤੇ ਮੈਂ ਆਪਣੀ ਸਾਰੀ ਜ਼ਿੰਦਗੀ ਸਮਰਪਿਤ ਕੀਤੀ ਹੈ, ਉਹ ਅਜੇ ਤਕ ਕੈਦ ਹੈ। ਮੈਂ ਆਪਣੀ ਪੁਸਤਕ ਦੀ ਅਜ਼ਾਦੀ ਲਈ ਬੇਨਤੀ ਕਰ ਰਿਹਾ ਹਾਂ।” ਪਰ ਖਰੂਸ਼ਚੋਵ ਨੇ ਵੀ ਨਾਂਹ ਕਰ ਦਿੱਤੀ। ਵਾਸਿਲੀ ਗਰੌਸਮੈਨ ਨੇ ਆਪਣੀ ਬੇਟੀ ਨੂੰ ਕਿਹਾ, “ਇਸ ਤੋਂ ਤਾਂ ਚੰਗਾ ਸੀ ਕਿ ਉਹ ਮੈਂਨੂੰ ਮਾਰ ਦੇਂਦੇ।" 1964 ਵਿੱਚ ਉਸਦੀ ਕੁਦਰਤੀ ਮੌਤ ਹੋ ਗਈ। ਕਿਸੇ ਵਿਅਕਤੀ ਦੀ ਕੁਦਰਤੀ ਮੌਤ ਹੋ ਜਾਵੇ ਭਾਵੇਂ ਉਸਦਾ ਕਤਲ ਕਰ ਦਿੱਤਾ ਜਾਵੇ ਪਰ ਉਸਦੇ ਵਿਚਾਰ ਨਹੀਂ ਮਰਦੇ ਹੁੰਦੇ। ਉਸਦੀ ਮੌਤ ਤੋਂ ਬਾਅਦ ਇਹ ਪੁਸਤਕ ਛਪ ਗਈ ਅਤੇ ਕਈ ਭਾਸ਼ਾਵਾਂ ਵਿੱਚ ਉਲਥਾ ਹੋ ਗਿਆ।
ਦੂਜੇ ਪਾਸੇ ਭਾਰਤ ਵਿੱਚ ਯੂਨੀਵਸਿਟੀਆਂ ਦੇ ਪ੍ਰੋਫੈਸਰ, ਯੂਨੀਵਸਿਟੀਆਂ ਦੇ ਉੱਚ ਡਿਗਰੀ ਦੇ ਸਕਾਲਰ, ਸਮਾਜ ਸੇਵਕ, ਆਦਿਵਾਸੀਆਂ ਦੇ “ਜਲ, ਜੰਗਲ ਅਤੇ ਜ਼ਮੀਨ” ਦੇ ਹੱਕਾਂ ਲਈ ਅਵਾਜ਼ ਉਠਾਉਣ ਵਾਲੇ, ਮਨੁੱਖੀ ਹੱਕਾਂ ਦੇ ਯੋਧੇ ਅਤੇ ਲੋਕ-ਕਵੀ ਬਿਨਾ ਕਿਸੇ ਕਾਰਣ ਐਸੀਆਂ ਧਾਰਾਵਾਂ ਲਗਾ ਕੇ ਜੇਲਾਂ ਵਿੱਚ ਡੱਕੇ ਹੋਏ ਹਨ, ਜਿਨ੍ਹਾਂ ਨਾਲ ਪੰਜ ਸਾਲ ਤੋਂ ਪਹਿਲਾਂ ਜ਼ਮਾਨਤ ਨਹੀਂ ਹੋ ਸਕਦੀ। ਇਹਨਾਂ ਦਾ ਕਸੂਰ ਕੇਵਲ ਇਹ ਸੀ ਕਿ ਪੁਲਿਸ ਦੀਆਂ ਧੱਕੇਸ਼ਾਹੀਆ, ਕੱਟੜਵਾਦੀਆਂ ਵੱਲੋਂ ਕਤਲ, ਜਾਤ ਪਾਤ ਦੇ ਵਿਰੁੱਧ ਅਤੇ ਆਪਣੇ ਸਮਾਜਿਕ ਜਾਂ ਆਰਥਿਕ ਹੱਕਾਂ ਦੇ ਲੇਖਕ ਹਨ। ਪਰ ਇਹਨਾਂ ’ਤੇ ਲਗਾਈਆਂ ਗਈਆਂ ਧਾਰਾਵਾਂ ਦੇਸ਼ ਧ੍ਰੋਹ, ਮਾਓਵਾਦੀ, ਆਤੰਕਵਾਦੀ, ਦੇਸ਼ ਵਿਰੁੱਧ ਜੰਗ ਛੇੜਨ, ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਸਾਜ਼ਿਸ਼ ਬਾਰੇ ਹਨ ਜਿਨ੍ਹਾਂ ਦਾ ਕੋਈ ਸਬੂਤ ਨਹੀਂ ਅਤੇ ਨਾ ਹੀ ਕੋਈ ਇਨਕੁਆਰੀ ਹੋਈ ਹੈ। ਬੱਸ ਜੋ ਅਪਰਾਧ ਸਰਕਾਰ ਨੇ ਕਹਿ ਦਿੱਤਾ, ਉਹੀ ਅਪਰਾਧ ਕੋਰਟ ਨੇ ਮੰਨ ਲਿਆ। 81 ਸਲਾ ਕਵੀ ਵਰਵਰਾ ਰਾਓ ਦੀ ਸ਼ਰੀਰਿਕ ਹਾਲਤ ਜਦੋਂ ਜ਼ਿਆਦਾ ਵਿਗੜ ਗਈ ਤਾਂ ਉਸਦੇ ਰਿਸ਼ਤੇਦਾਰਾਂ ਅਤੇ ਹਮਖ਼ਿਆਲ ਲੋਕਾਂ ਨੇ ਜੇਲ ਤੋਂ ਬਾਹਰ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਜ਼ਮਾਨਤ ਦੀਆਂ ਬੇਨਤੀਆਂ ਕੀਤੀਆਂ। ਪਹਿਲਾਂ ਤਾਂ ਬੇਨਤੀਆਂ ਰੱਦ ਹੁੰਦੀਆਂ ਰਹੀਆਂ ਅਤੇ ਹੁਣ ਜਾ ਕੇ ਜਦੋਂ ਹਾਲਤ ਜ਼ਿਆਦਾ ਵਿਗੜ ਗਈ ਤਾਂ ਛੇ ਮਹੀਨੇ ਲਈ ਜ਼ਮਾਨਤ ਮਿਲੀ ਹੈ। 84 ਸਾਲ ਉਮਰ ਵਾਲੇ ਸਟਨ ਸਵਾਮੀ ਦੀ ਸਰੀਰਕ ਹਾਲਤ ਉਮਰ ਵਧਣ ਨਾਲ ਅਤੇ ਜੇਲ ਦੇ ਅਨ ਹਾਈਜੀਨਿਕ ਵਾਤਾਵਰਣ ਕਾਰਣ ਬਹੁਤ ਖਰਾਬ ਹੋ ਗਈ ਅਤੇ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਿਆ। ਬਜਾਏ ਕਿਸੇ ਐਲੋਪੈਥਿਕ ਡਾਕਟਰ ਦੇ ਆਯੁਰਵੈਦਿਕ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ ਜੋ ਕਿ ਇਨਫੈਕਸ਼ਨ ਦੂਰ ਕਰਨ ਤੋਂ ਅਸਮਰਥ ਹਨ। ਉਹ ਗਿਲਾਸ ਟੇਢਾ ਕਰਕੇ ਵੀ ਪਾਣੀ ਨਹੀਂ ਪੀ ਸਕਦਾ। ਉਸ ਨੂੰ ਜ਼ਮਾਨਤ ਨਹੀਂ ਮਿਲਦੀ ਅਤੇ ਬੜੀ ਮੁਸ਼ਕਿਲ ਨਾਲ ਪਾਣੀ ਪੀਣ ਲਈ ਸਟਰਾਅ ਪਾਈਪ ਜੇਲ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ। 49 ਸਾਲ ਦਾ ਸੈਂਟ ਸਟੀਫਨ ਕਾਲਜ ਦਾ ਗਣਿਤ ਦਾ ਪ੍ਰੋਫੈਸਰ ਜੀ. ਐੱਨ. ਸਾਈਬਾਬਾ ਜੋਕਿ ਕਿ ਬਚਪਨ ਤੋਂ ਹੀ ਪੋਲੀਓ ਦਾ ਸ਼ਿਕਾਰ ਹੈ ਅਤੇ ਹੁਣ ਲਕਵੇ ਦਾ ਸ਼ਿਕਾਰ ਹੋ ਚੁੱਕਿਆ ਹੈ ਅਤੇ ਉਹ ਵੀਲ ਚੇਅਰ ਤੋਂ ਬਗੈਰ ਕਿਤੇ ਆ ਜਾ ਨਹੀਂ ਸਕਦਾ, ਉਸਦੀ ਜ਼ਮਾਨਤ ਵੀ ਨਹੀਂ ਹੋ ਰਹੀ ਕਿਉਂਕਿ ਸਰਕਾਰ ਅਨੁਸਾਰ ਉਹ ਇੱਕ ਖਤਰਨਾਕ ਮਾਓਵਾਦੀ, ਨਕਸਲੀ ਆਤੰਕੀ ਹੈ। ਸਾਰੇ ਸੰਸਾਰ ਦੇ ਵਕੀਲ ਅਤੇ ਬੁੱਧੀਜੀਵੀ ਇਹ ਸਮਝਣ ਤੋਂ ਅਸਮਰਥ ਹਨ ਕਿ ਜਿਹੜਾ ਵਿਅਕਤੀ ਉੱਠ ਕੇ ਚੱਲ ਫਿਰ ਨਹੀਂ ਸਕਦਾ, ਉਹ ਖਤਰਨਾਕ ਆਤੰਕੀ ਕਿਵੇਂ ਹੋ ਸਕਦਾ ਹੈ।
ਅਮਰੀਕਾ ਵਿੱਚ ਜਨਮੀ ਸੁਧਾ ਭਾਰਦਵਾਜ 11 ਸਾਲ ਦੀ ਉਮਰ ਵਿੱਚ ਵਿੱਚ ਭਾਰਤ ਆ ਗਈ। 1984 ਵਿੱਚ ਉਸਨੇ ਆਈ.ਆਈ.ਟੀ. ਕਾਨਪੁਰ ਤੋਂ ਡਿਗਰੀ ਪ੍ਰਾਪਤ ਕੀਤੀ ਅਤੇ 2000 ਵਿੱਚ ਉਸਨੇ ਲਾਅ (ਵਕਾਲਤ) ਦੀ ਡਿਗਰੀ ਪ੍ਰਾਪਤ ਕੀਤੀ। ਆਈ.ਆਈ.ਟੀ. ਕਾਨਪੁਰ ਦੇ ਵਿਦਿਆਰਥੀ ਜੀਵਨ ਵਿੱਚ ਵਿਦਿਆਰਥੀ ਸੰਗਠਨ ਦੀ ਸਰਗਰਮ ਮੈਂਬਰ ਬਣ ਗਈ ਅਤੇ ਨਾਲ ਹੀ ਉਸਨੇ ਬਿਹਾਰ, ਬੰਗਾਲ ਅਤੇ ਯੂ.ਪੀ ਦੇ ਮਜ਼ਦੂਰਾਂ ਦੀਆਂ ਤਰਸਯੋਗ ਹਾਲਤਾਂ ਅਤੇ ਪ੍ਰਾਈਵੇਟ ਅਦਾਰਿਆਂ ਵੱਲੋਂ ਜ਼ਮੀਨਾਂ ਹਥਿਆਉਣ ਵਿਰੁੱਧ ਲਿਖਣਾ ਸ਼ੁਰੂ ਕਰ ਦਿੱਤਾ। ਲਾਅ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਉਸਨੇ ਛਤੀਸਗੜ੍ਹ ਮੋਰਚਾ ਬਣਾਇਆ ਅਤੇ ਵਕੀਲਾਂ ਦੀ ਇੱਕ ਜਥੇਬੰਦੀ ‘ਜਨਹਿਤ ਮੋਰਚਾ’ ਬਣਾਇਆ। ਅਕਤੂਬਰ 2018 ਵਿੱਚ ਪੁਲਿਸ ਨੇ ਉਸਦੇ ਘਰ ਛਾਪਾ ਮਾਰਕੇ ਉਸ ਨੂੰ ਯੂ.ਏ.ਪੀ.ਏ. ਸਮੇਤ ਕਈ ਧਰਾਵਾਂ ਅਧੀਨ ਫੜ ਕੇ ਲੈ ਗਏ ਅਤੇ ਉਸਦਾ ਲੈਪਟਾਪ ਅਤੇ ਕਈ ਜ਼ਰੂਰੀ ਦਸਤਾਵੇਜ਼ ਵੀ ਲੈ ਗਏ।
ਪ੍ਰੋਫੈਸਰ ਅਨੰਦ ਤੇਲਤੁੰਬੜੇ ਜੋ ਕਿ ਗੋਵਾ ਇੰਸਟੀਚਿਊਟ ਆਫ ਮੈਨੇਜਮੈਂਟ ਦਾ ਪ੍ਰੋਫੈਸਰ ਹੈ, ਜਾਤ ਪਾਤ ਵਿਰੋਧੀ ਮੰਨਿਆ ਪ੍ਰਮੰਨਿਆ ਲੇਖਕ ਹੈ ਅਤੇ ਮਨੁੱਖੀ ਅਧਿਕਾਰਾਂ ਦੀਆਂ ਉਸਦੀਆਂ ਲਿਖੀਆਂ ਕਿਤਾਬਾਂ ਵਿਦੇਸ਼ਾਂ ਵਿੱਚ ਵੀ ਵਿਦਿਆਰਥੀ ਪੜ੍ਹਦੇ ਹਨ। ਪੁਲਿਸ ਨੇ ਭੀਮਾ ਕੋਰੇਗਾਂਵ ਵਿੱਚ ਹੋਈ ਹਿੰਸਾ ਦਾ ਦੋਸ਼ੀ, ਮਾਓਵਾਦੀ ਹੋਣ ਦਾ ਦੋਸ਼ੀ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਕਤਲ ਕਰਨ ਦੀ ਸਾਜ਼ਿਸ਼ ਦਾ ਦੋਸ਼ੀ ਦੱਸਦੇ ਹੋਏ 29ਅਗਸਤ 2018 ਵਿੱਚ ਉਸਦੇ ਘਰ ਰੇਡ ਕੀਤੀ ਅਤੇ ਤੇਲਤੁੰਬੜੇ ਨੇ ਇਹਨਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤੀ। ਬੰਬੇ ਹਾਈ ਕੋਰਟ ਨੇ ਉਸਦੀ ਪਟੀਸ਼ਨ ਰੱਦ ਕਰ ਦਿੱਤੀ ਪਰ ਉਸ ਨੂੰ ਗ੍ਰਿਫਤਾਰੀ ਤੋਂ ਇੰਟਰਮ ਪ੍ਰੋਟੈਕਸ਼ਨ ਦੇ ਦਿੱਤੀ। ਪਰ ਪੁਲਿਸ ਨੇ ਫੇਰ ਉਸ ਨੂੰ 3 ਫਰਵਰੀ 2019 ਵਿੱਚ ਕੈਦ ਕਰ ਲਿਆ ਅਤੇ ਉਸੇ ਦਿਨ ਸ਼ਾਮ ਨੂੰ ਛੱਡ ਦਿੱਤਾ। ਅਮਨੈਸਟੀ ਇੰਟਨੈਸ਼ਨਲ ਨੇ ਇਸ ਪੁਲਸੀਆ ਕਰਵਾਈ ਨੂੰ ਧੱਕੇਸ਼ਾਹੀ ਦੱਸਿਆ। ਗੋਵਾ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਡਾਇਰੈਕਟਰ ਨੇ ਤੇਲਤੁੰਬੜੇ ਵਿਰੁੱਧ ਪੇਸ਼ ਕੀਤੇ ਸਾਰੇ ਸਬੂਤਾਂ ਨੂੰ ਮਨਘੜਤ ਦੱਸਿਆ ਅਤੇ ਜਸਟਿਸ ਚੰਦਰ ਚੂਹੜ ਨੇ ਸਾਰੀ ਤਫਤੀਸ਼ ਇੱਕ ਪਾਸੜ ਦੱਸੀ। 16 ਮਾਰਚ 2020 ਨੂੰ ਸੁਪਰੀਮ ਕੋਰਟ ਨੇ ਤੇਲਤੁੰਬੜੇ ਅਤੇ ਹੋਰ ਸਾਥੀਆਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਅਤੇ 21 ਦਿਨ ਦੀ ਮੋਹਲਤ ਦਿੱਤੀ ਕਿ ਇਸ ਸਮੇਂ ਬਾਅਦ ਆਤਮ ਸਮਰਪਣ ਕੀਤਾ ਜਾਵੇ। 14 ਅਪਰੈਲ ਨੂੰ ਉਹਨਾਂ ਨੇ ਐੱਨ.ਆਈ.ਏ. ਅੱਗੇ ਆਤਮ ਸਮਰਪਣ ਕਰ ਦਿੱਤਾ।
ਉਪਰੋਕਤ ਤੋਂ ਇਲਾਵਾ ਵਰਨੋਨ ਗੋਜ਼ਲਵੇਜ਼, ਸੁਰਿੰਦਰ ਸੈਡਲਿੰਡ, ਪ੍ਰੋ. ਸ਼ੋਮਾ ਸੇਨ, ਰੋਨਾ ਸੁਧੀਰ ਧਾਵਲੇ, ਪ੍ਰੋ. ਹੈਨੀ ਬਾਬੂ, ਅਰੁਨ ਫਰੇਰਾ, ਵਿਲਸਨ, ਪ੍ਰਸ਼ਾਂਤ ਰਾਹੀ, ਗੌਤਮ ਨਵਲੱਖਾ, ਹੇਮ ਮਿਸ਼ਰਾ, ਮਹੇਸ਼ ਰਾਵਤ, ਨਤਾਸ਼ਾ ਨਰਵਾਲ, ਜੋਤੀ ਜਗਤਪ, ਸਾਗਰ ਗੋਰਖੇ, ਰਮੇਸ਼ ਗੈਚਰ, ਉਮਰ ਖਾਲਿਦ ਆਦਿ ਜੇਲੀਂ ਡੱਕੇ ਹੋਏ ਸਮਾਜਿਕ ਕਾਰਕੁਨਾਂ, ਲੇਖਕਾਂ, ਕਵੀਆਂ, ਯੂਨਿਆਨਿਸਟਾਂ ਦੀ ਲਿਸਟ ਬੜੀ ਲੰਬੀ ਹੈ। ਪਰ ਸਰਕਾਰ ਆਪਣੀ ਹੈਂਕੜ ਕਾਰਣ ਸੰਤ ਰਾਮ ਉਦਾਸੀ ਵੱਲੋਂ ਕੰਧ ’ਤੇ ਲਿਖੀ ਇਬਾਰਤ “ਬਦਲੇ ਲਏ ਤੋਂ ਵੀ ਮੁੱਕਣੀ ਨਹੀਂ, ਐਡੀ ਲੰਬੀ ਹੈ ਸਾਡੀ ਕਤਾਰ ਲੋਕੋ” ਵੱਲ ਧਿਆਨ ਨਹੀਂ ਦੇ ਰਹੀ।
ਰਾਬਿੰਦਰ ਨਾਥ ਟੈਗੋਰ, ਗਾਲਿਬ ਅਤੇ ਹੋਰ ਕਈ ਮਕਬੂਲ ਲੇਖਕਾਂ ਦੀਆਂ ਲਿਖਤਾਂ ਤੋਂ ਬਾਅਦ ਆਰ ਐੱਸ ਐੱਸ ਨੇ ਪਾਸ਼ ਦੀਆਂ ਕਵਿਤਾਵਾਂ ਵੀ ਪਾਠ ਪੁਸਤਕਾਂ ਵਿੱਚੋਂ ਹਟਾਉਣ ਦੀ ਸਿਫਾਰਿਸ਼ ਕਰ ਦਿੱਤੀ ਹੈ। ਕੇਵਲ ਆਰ ਐੱਸ ਐੱਸ ਦੀ ਕੱਟੜ ਹਿੰਦੂ ਵਿਚਾਰਧਾਰਾ ਦੇ ਵਿਰੁੱਧ ਲਿਖਤਾਂ ਹੀ ਬੈਨ ਨਹੀਂ ਕੀਤੀਆਂ ਜਾ ਰਹੀਆਂ ਬਲਕਿ ਆਰ ਐੱਸ ਐੱਸ ਦੇ ਵਿਚਾਰਾਂ ਦੇ ਵਿਰੋਧੀਆਂ ਨੂੰ ਪਿਛਲੇ ਸਮੇਂ ਵਿੱਚ ਕਤਲ ਵੀ ਕੀਤਾ ਗਿਆ ਹੈ। ਤਰਕਸ਼ੀਲ ਡਾਬੋਲਕਰ, ਗੋਬਿੰਦ ਪੰਸਾਰੇ ਅਤੇ ਕਲਬੁਰਗੀ ਇਸਦੀਆਂ ਕੁਝ ਅਹਿਮ ਉਦਾਹਰਣਾਂ ਹਨ। ਹੋਰ ਤਾਂ ਹੋਰ ਗੂਗਲ, ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ’ਤੇ ਵੀ ਸ਼ਿਕੰਜਾ ਕੱਸ ਦਿੱਤਾ ਹੈ ਤਾਂ ਕਿ ਕੋਈ ਵੀ ਲਿਖਤ ਗੁਪਤ ਨਾ ਰਹੇ ਅਤੇ ਸਰਕਾਰ ਕਿਸੇ ਵੀ ਉਸਦੀ ਸੁਰ ਨਾਲ ਸੁਰ ਨਾ ਮਿਲਾਉਣ ਵਾਲੇ ਲੇਖਕ ਨੂੰ ਕੋਰਟ ਵਿੱਚ ਧੂਹ ਸਕੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2832)
(ਸਰੋਕਾਰ ਨਾਲ ਸੰਪਰਕ ਲਈ: