“ਸ਼ਾਇਦ ਇਸੇ ਲਈ ਸਾਵਰਕਰ ਬ੍ਰਿਟਿਸ਼ ਸਰਕਾਰ ਲਈ ਵੀਰ ਸੀ ਅਤੇ ਉਸਦੀ ਮਾਸਿਕ ਪੈਨਸ਼ਨ ...”
(26 ਜੁਲਾਈ 2023)
ਵਿਸ਼ੇ ਦੀ ਸ਼ੁਰੂਆਤ ਇੱਥੋਂ ਕਰੀਏ ਕਿ ਸਾਵਰਕਰ ਦੇ ਨਾਮ ਨਾਲ ਵੀਰ ਕਦੋਂ ਜੁੜਿਆ ਅਤੇ ਕਿਸ ਨੇ ਜੋੜਿਆ। ਇਹ ਨਾਮ ਹੋਰ ਕਿਸੇ ਨੇ ਨਹੀਂ ਜੋੜਿਆ ਸਗੋਂ ਸਭ ਤੋਂ ਪਹਿਲਾਂ ਰਤਨਾਗਿਰੀ ਜੇਲ੍ਹ ਵਿੱਚ 1922 ਵਿੱਚ ਆਪਣੀ ਜੀਵਨ ਕਥਾ ਲਿਖਣ ਵੇਲੇ ਆਪ ਹੀ ਆਪਣੇ ਨਾਮ ਨਾਲ ਸ਼ਬਦ ਵੀਰ ਜੋੜ ਦਿੱਤਾ ਅਤੇ ਹੁਣ ਆਰ ਐੱਸ ਐੱਸ ਦਾ ਸਾਰਾ ਕੇਡਰ ਵਿਨਾਇਕ ਦਮੋਦਰ ਸਾਵਰਕਰ ਨੂੰ ਵੀਰ ਸਾਵਰਕਰ ਕਹਿ ਰਿਹਾ ਹੈ। ਹੁਣ ਗੱਲ ਨੂੰ ਅੱਗੇ ਤੋਰਦੇ ਹਾਂ ਕਿ ਇਹ ਕਿੰਨਾ ਕੁ ਵੀਰ ਸੀ? 1910-11 ਵਿੱਚ ਸਾਵਰਕਰ ਨੂੰ ਦੇਸ਼ ਧ੍ਰੋਹ ਅਤੇ ਭਾਰਤ ਦੇ ਇੱਕ ਡੀ. ਸੀ ਨੂੰ ਕਤਲ ਕਰਨ ਦੇ ਦੋਸ਼ ਵਿੱਚ 25-25 ਸਾਲ ਦੀਆਂ ਦੋ ਸਜ਼ਾਵਾਂ ਅੱਗੜ ਪਿੱਛੜ ਚੱਲਣ ਵਾਲੀਆਂ ਹੋਈਆਂ, ਮਤਲਬ 50 ਸਾਲ ਦੀ ਜੇਲ੍ਹ ਹੋਈ। ਜਦੋਂ ਉਸ ਨੂੰ ਜੇਲ੍ਹ ਵਿੱਚ ਬੰਦ ਕਰਨ ਲਈ ਭਾਰਤ ਲਿਆਇਆ ਜਾ ਰਿਹਾ ਸੀ ਤਾਂ ਉਸ ਨੇ ਸਮੁੰਦਰੀ ਜਹਾਜ਼ ਵਿੱਚੋਂ ਛਾਲ ਮਾਰ ਕੇ ਫਰਾਂਸ ਵਿੱਚ ਸ਼ਰਣ ਲੈਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਭਾਰਤ ਲਿਆ ਕੇ ਉਸ ਨੂੰ ਅੰਡੇਮਾਨ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ। ਅੰਡੇਮਾਨ ਦੀ ਜੇਲ੍ਹ ਵਿੱਚ ਹੋਰ ਵੀ ਕਈ ਭਾਰਤੀ ਕੈਦੀ ਸਨ। ਇਹਨਾਂ ਵਿੱਚੋਂ ਕੁਝ ਕੈਦੀ ਤਸੀਹੇ ਝੱਲ ਕੇ ਵੀ ਕੈਦ ਪੂਰੀ ਕਰਕੇ ਜੇਲ੍ਹ ਵਿੱਚੋਂ ਬਾਹਰ ਆ ਗਏ। ਕਈ ਤਸੀਹੇ ਨਾ ਝੱਲਦੇ ਹੋਏ ਜੇਲ੍ਹ ਵਿੱਚ ਸ਼ਹੀਦ ਹੋ ਗਏ। ਜੇਕਰ ਸਾਵਰਕਰ ਜੇਲ੍ਹ ਵਿੱਚ ਹੀ ਸ਼ਹੀਦ ਹੋ ਜਾਂਦਾ ਤਾਂ ਉਸ ਨੂੰ ਇਨਕਲਾਬੀ ਜਾਂ ਵੀਰ ਕਹਿਣਾ ਬਿਲਕੁਲ ਸਹੀ ਹੁੰਦਾ। ਪਰ ਜਿਹੜਾ ਜੇਲ੍ਹ ਵਿੱਚੋਂ ਸੱਤ ਵਾਰ ਮਾਫ਼ੀ ਮੰਗ ਕੇ ਛੁੱਟੇ, ਉਹ ਕਿਹੜੇ ਪਾਸਿਓਂ ਵੀਰ ਹੋਇਆ? ਮਾਫ਼ੀ ਮੰਗਣ ਵਾਲੇ ਦਾ ਨਾਮ ਸਾਵਰਕਰ ਸੀ।
ਕਈ ਆਰ ਐੱਸ ਐੱਸ ਦੇ ਸਵੈ ਸੇਵਕਾਂ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਜ਼ਿੰਦਗੀ ਗੁਜ਼ਾਰਨ ਜਾਂ ਮਰਨ ਦਾ ਕੋਈ ਲਾਭ ਨਹੀਂ ਹੁੰਦਾ। ਜੇਲ੍ਹ ਵਿੱਚੋਂ ਬਾਹਰ ਆ ਕੇ ਇਸ ਨੇ ਭਾਰਤੀ ਲੋਕਾਂ ਨੂੰ ਜਾਗ੍ਰਿਤ ਕਰਨਾ ਸੀ ਅਤੇ ਲੋਕਾਂ ਦੀ ਅਜ਼ਾਦੀ ਲਈ ਕੰਮ ਕਰਨਾ ਸੀ। ਪਰ ਇਸ ਨੇ ਬਾਹਰ ਆ ਕੇ ਲੋਕਾਂ ਦੀ ਬਜਾਏ ਅੰਗਰੇਜ਼ੀ ਹਕੂਮਤ ਦਾ ਹੀ ਖਿਆਲ ਰੱਖਿਆ। ਜਿਸ ਵਕਤ ਨੇਤਾ ਜੀ ਸੁਭਾਸ਼ ਚੰਦਰ ਬੋਸ ਅਜ਼ਾਦ ਹਿੰਦ ਫੌਜ ਬਣਾ ਰਹੇ ਸਨ, ਜਿਸ ਵਿੱਚ ਹਿੰਦੂ, ਮੁਸਲਿਮ ਅਤੇ ਸਿੱਖ ਭਰਤੀ ਕਰ ਰਹੇ ਸਨ, ਉਸ ਵਕਤ ਸਾਵਰਕਰ ਭਾਰਤ ਦੇ ਹਿੰਦੂਆਂ ਨੂੰ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਹੋਣ ਲਈ ਅਤੇ ਬੰਬ, ਬਾਰੂਦ, ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ ਭਾਰਤੀ ਹੋਣ ਲਈ ਕਹਿ ਰਹੇ ਸਨ। 15 ਅਗਸਤ 1943 ਵਾਲੇ ਦਿਨ ਉਹਨਾਂ ਨਾਗਪੁਰ ਵਿੱਚ ਕਿਹਾ ਸੀ ਕਿ ਮੇਰ ਜਿਨਾਹ ਦੇ ਨਾਲ ਦੋ ਰਾਸ਼ਟਰ ਸਿਧਾਂਤ ਦਾ ਕੋਈ ਝਗੜਾ ਨਹੀਂ ਹੈ। ਅਸੀਂ ਹਿੰਦੂ ਆਪਣੇ ਆਪ ਵਿੱਚ ਇੱਕ ਰਾਸ਼ਟਰ ਹਾਂ ਅਤੇ ਇਹ ਇੱਕ ਇਤਿਹਾਸਿਕ ਤੱਥ ਹੈ ਕਿ ਹਿੰਦੂ ਅਤੇ ਮੁਸਲਿਮ ਦੋ ਅਲੱਗ ਅੱਲਗ ਰਾਸ਼ਟਰ ਹਨ। ਇੱਥੋਂ ਹੀ ਭਾਰਤ ਦੀ ਵੰਡ ਦੀ ਨੀਂਹ ਧਰੀ ਗਈ। ਸਾਵਰਕਰ ਪੁਲਿਸ ਵਿੱਚ ਭਰਤੀ ਮੁਸਲਮਾਨਾਂ ਨੂੰ ਭਵਿੱਖੀ ਗੱਦਾਰਾਂ ਦੇ ਤੌਰ ’ਤੇ ਵੇਖਦਾ ਸੀ। ਜੇਕਰ ਮਾੜੀ ਜਿੰਨੀ ਇਮਾਨਦਾਰੀ ਵੀ ਹੁੰਦੀ ਤਾਂ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਸ਼ਹੀਦ ਹੋਏ ਮੁਸਲਮਾਨਾਂ ਦੀ 65% ਗਿਣਤੀ ਵੇਖ ਕੇ ਹੀ ਆਪਣੇ ਕਹੇ ’ਤੇ ਮਾਫ਼ੀ ਮੰਗ ਲੈਂਦਾ ਜਦਕਿ ਆਰ ਐੱਸ ਐੱਸ ਦੇ ਇੱਕ ਵੀ ਨੇਤਾ ਜਾਂ ਵਿਅਕਤੀ ਨੇ ਕੋਈ ਸ਼ਹੀਦੀ ਨਹੀਂ ਦਿੱਤੀ ਸੀ। (ਇਹ ਅੰਕੜੇ ਮੇਰੇ ਵੱਲੋਂ ਨਹੀਂ, ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਜੀ ਦੀ ਕਿਤਾਬ ਵਿੱਚੋਂ ਹਨ)। ਸ਼ਾਇਦ ਇਸੇ ਲਈ ਸਾਵਰਕਰ ਬ੍ਰਿਟਿਸ਼ ਸਰਕਾਰ ਲਈ ਵੀਰ ਸੀ ਅਤੇ ਉਸਦੀ ਮਾਸਿਕ ਪੈਨਸ਼ਨ 60 ਰੁਪਏ ਲਗਾ ਦਿੱਤੀ। ਬ੍ਰਿਟਿਸ਼ ਸਰਕਾਰ ਪੈਨਸ਼ਨ ਕਿਉਂ ਨਾ ਲਗਾਉਂਦੀ? ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਇਸ ਨੇ ਨਿੰਦਾ ਨਹੀਂ ਕੀਤੀ, ਅਸਹਿਯੋਗ ਅੰਦੋਲਨ ਜਿਸ ਵਿੱਚ ਸਾਰੇ ਹਿੰਦੂ, ਸਿੱਖ ਅਤੇ ਮੁਸਲਮਾਨ ਹਿੱਸਾ ਲੈ ਰਹੇ ਸਨ, ਉਸ ਨੂੰ ਖੁੰਢਾ ਕਰਨ ਲਈ ਇਹ ਹਿੰਦੂ ਰਾਸ਼ਟਰ ਦਾ ਸਿਧਾਂਤ ਦੇ ਰਿਹਾ ਸੀ।
ਆਰ ਐੱਸ ਐੱਸ ਜਾਂ ਭਾਜਪਾ ਵਾਸਤੇ ਫਾਸ਼ੀਵਾਦ ਦੀ ਨੀਤੀ ਕੋਈ ਨਵੀਂ ਨਹੀਂ ਹੈ, ਇਹ ਸਾਵਰਕਰ ਦੇ ਵੇਲੇ ਤੋਂ ਹੀ ਚੱਲ ਰਹੀ ਹੈ। 1 ਅਗਸਤ 1938 ਵਿੱਚ ਵੀਹ ਹਜ਼ਾਰ ਲੋਕਾਂ ਦੇ ਇਕੱਠ ਵਿੱਚ ਉਸ ਨੇ ਜਰਮਨੀ ਅਤੇ ਇਟਲੀ ਦੀਆਂ ਫਾਸ਼ੀਵਾਦੀ ਨੀਤੀਆਂ ਦਾ ਸਮਰਥਨ ਕਰਦੇ ਹੋਏ ਕਿਹਾ ਸੀ ਕਿ ਉਹ ਫਾਸ਼ੀਵਾਦ ਨਾਲ ਆਪਣਾ ਪੁਰਾਣਾ ਗੌਰਵ ਵਾਪਸ ਹਾਸਲ ਕਰ ਰਹੇ ਹਨ ਅਤੇ ਰਾਸ਼ਟਰੀ ਏਕਤਾ ਕਾਇਮ ਕਰ ਰਹੇ ਹਨ। ਉਸ ਨੇ ਨਹਿਰੂ ਦੀ ਇਸ ਗੱਲ ਤੋਂ ਨਿੰਦਾ ਕੀਤੀ ਕਿ ਉਹ ਜਰਮਨੀ ਅਤੇ ਇਟਲੀ ਦੇ ਵਿਰੁੱਧ ਹੈ। ਕਰੋੜਾਂ ਸੰਘਸਤਾਨੀਆਂ ਦੀ ਜਰਮਨੀ, ਇਟਲੀ ਅਤੇ ਜਾਪਾਨ ਦੇ ਪ੍ਰਤੀ ਕੋਈ ਮੰਦਭਾਵਨਾ ਨਹੀਂ ਹੈ ਅਤੇ ਮੈਂ ਜਰਮਨ, ਜਾਪਾਨ, ਇਟਲੀ ਦੀ ਪੂਰੀ ਹਿਮਾਇਤ ਕਰਦਾ ਹਾਂ। 14 ਅਗਸਤ ਵਾਲੇ ਦਿਨ ਇੱਕ ਭਾਸ਼ਣ ਵਿੱਚ ਕਿਹਾ ਕਿ ਜਿਸ ਤਰ੍ਹਾਂ ਹਿਟਲਰ ਨੇ ਯਹੂਦੀਆਂ ਨਾਲ ਨਜਿੱਠਿਆ ਹੈ, ਉਵੇਂ ਹੀ ਸਾਨੂੰ ਮੁਸਲਮਾਨਾਂ ਨਾਲ ਨਜਿੱਠਣਾ ਚਾਹੀਦਾ ਹੈ। ਉਸਨੇ ਜਰਮਨੀ ਵੱਲੋਂ ਚੈਕੋਸਲੋਵਾਕੀਆ ਉੱਤੇ ਕੀਤੇ ਹਮਲੇ ਦੀ ਵੀ ਹਿਮਾਇਤ ਕੀਤੀ। ਅਗਲੀ ਮਾਰਚ ਵਿੱਚ ਸਾਵਰਕਰ ਨੇ ਕਿਹਾ, “ਜਰਮਨੀ ਜਿਹੜਾ ਕਿ ਆਰੀਆ ਸੱਭਿਆਚਾਰ ਨੂੰ ਸੁਰਜੀਤ ਕਰ ਰਿਹਾ ਹੈ, ਸਵਾਸਤਿਕ ਦਾ ਮਾਣ ਵਧਾ ਰਿਹਾ ਹੈ ਅਤੇ ਆਰੀਆਂ ਦੇ ਦੁਸ਼ਮਣਾਂ ਵਿਰੁੱਧ ਜਿਹਾਦ ਛੇੜ ਰਿਹਾ ਹੈ, ਉਸ ਵਿੱਚ ਉਹ ਜ਼ਰੂਰ ਕਾਮਯਾਬ ਹੋਏਗਾ ਅਤੇ ਇਸਦੇ ਨਾਲ ਭਾਰਤ ਦੇ ਹਿੰਦੂਆਂ ਦਾ ਹੌਸਲਾ ਵਧੇਗਾ।
ਬ੍ਰਿਟਿਸ਼ ਸਰਕਾਰ ਵਿਰੁੱਧ ਚਲਾਏ ਗਏ ਅਸਹਿਯੋਗ ਅੰਦੋਲਨ ਵਿੱਚ ਹਿੰਦੂ ਮਹਾਸਭਾ ਨੇ ਭਾਗ ਨਹੀਂ ਲਿਆ। ਜਦੋਂ ਭਾਰਤ ਅਜ਼ਾਦ ਹੋ ਗਿਆ ਤਾਂ ਕਾਂਗਰਸ ਦੇ ਵੱਡੇ ਵੱਡੇ ਲੀਡਰ ਦੰਗੇ ਰੋਕਣ ਲੱਗ ਗਏ ਅਤੇ ਨਹਿਰੂ ਨੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੂੰ ਭਾਰਤ ਦੀਆਂ ਅਜ਼ਾਦ ਪ੍ਰਿੰਸਲੀ ਸਟੇਟਾਂ ਭਾਰਤ ਨਾਲ ਜੋੜਨਾ ਦਾ ਜ਼ਿੰਮਾ ਦਿੱਤਾ। ਇਸ ਕੰਮ ਵਿੱਚ ਸਰਦਾਰ ਪਟੇਲ ਨੂੰ ਕਈ ਅੜਚਨਾਂ ਆਈਆਂ ਜਿਹਨਾਂ ਨੂੰ ਪਟੇਲ ਨੇ ਸਰ ਕਰ ਲਿਆ ਪਰ ਜਿਨਾਹ ਵੱਲੋਂ ਧੋਖੇ ਨਾਲ ਪਾਕਿਸਤਾਨੀ ਫੌਜ ਦੀ ਸਹਾਇਤਾ ਨਾਲ ਕਬਾਇਲੀਆਂ ਨੂੰ ਹਮਲਾ ਕਰਕੇ ਕਸ਼ਮੀਰ ਉੱਤੇ ਕਬਜ਼ਾ ਕਰਨ ਲਈ ਭੇਜ ਦਿੱਤਾ ਗਿਆ। ਮਹਾਰਾਜਾ ਕਸ਼ਮੀਰ ਭਾਰਤ ਨਾਲ ਰਲੇ ਬਿਨਾ ਭਾਰਤ ਤੋਂ ਫੌਜੀ ਸਹਾਇਤਾ ਚਾਹੁੰਦਾ ਸੀ ਪਰ ਮਾਊਂਟ ਬੈਟਨ ਨੇ ਕਿਹਾ ਕਿ ਜਦੋਂ ਤਕ ਕਸ਼ਮੀਰ ਭਾਰਤ ਨਾਲ ਨਹੀਂ ਮਿਲਦਾ ਤਦ ਤਕ ਅਸੀਂ ਆਪਣੀ ਫੌਜ ਨਹੀਂ ਭੇਜ ਸਕਦੇ। ਮਹਾਰਾਜਾ ਵੱਲੋਂ ਭਾਰਤ ਨਾਲ ਕਸ਼ਮੀਰ ਦੇ ਮਿਲਣ ਦੇ ਫੈਸਲੇ ਦੀ ਦੇਰੀ ਕਾਰਣ ਕਬਾਇਲੀ ਅੱਧੇ ਕਸ਼ਮੀਰ ’ਤੇ ਕਬਜ਼ਾ ਕਰਨ ਵਿੱਚ ਕਾਮਯਾਬ ਰਹੇ। ਅਜਿਹੇ ਮੁਸ਼ਕਿਲ ਹਾਲਾਤ ਵਿੱਚ ਅਜ਼ਾਦ ਸਟੇਟਾਂ ਨੂੰ ਪਟੇਲ ਨੇ ਭਾਰਤ ਨਾਲ ਮਿਲਾਇਆ। ਪਰ ਦੂਜੇ ਪਾਸੇ ਸਰਵਰਕਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਕਿ ਰਾਜਿਆਂ ਦੀਆਂ ਜਾਂ ਪ੍ਰਿੰਸਲੀ ਸਟੇਟਾਂ ਭਾਰਤ ਤੋਂ ਅਲੱਗ ਹੀ ਰਹਿਣ। ਅੱਗੇ ਦਿੱਤੀ ਇੱਕ ਹੀ ਉਦਾਹਰਣ ਕਾਫੀ ਹੈ।
1946-47 ਵਿੱਚ ਟਰਾਵਾਨਕੋਰ ਦਾ ਰਾਜਾ ਅਤੇ ਉਸ ਦਾ ਦੀਵਾਨ ਸਰ ਸੀ.ਪੀ. ਰਾਮਾਸਵਾਮੀ ਅੱਯਰ ਪੂਰਾ ਜ਼ੋਰ ਲਗਾ ਰਹੇ ਸਨ ਕਿ ਟਰਾਵਾਨਕੋਰ ਇੱਕ ਅਲੱਗ ਅਤੇ ਅਜ਼ਾਦ ਸਟੇਟ ਰਹੇ। ਇਸ ਮੰਤਵ ਲਈ ਉਹਨਾਂ ਨੇ ਟਰਾਵਾਨਕੋਰ ਵਿੱਚ ਮਿਲਣ ਵਾਲੇ ਰੇਡੀਓ ਐਕਟਿਵ ਥੋਰੀਅਮ ਇੰਗਲੈਂਡ ਅਤੇ ਅਮਰੀਕਾ ਨੂੰ ਦੇਣ ਦੀ ਪੇਸ਼ਕਸ਼ ਕੀਤੀ ਪਰ ਉਹਨਾਂ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ। ਇਸਦੇ ਬਾਵਜੂਦ ਸਾਵਰਕਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਕਿ ਟਰਾਵਾਨਕੋਰ ਇੱਕ ਅਲੱਗ ਅਤੇ ਅਜ਼ਾਦ ਰਾਜਸੀ ਸਟੇਟ ਰਹੇ। ਇਸ ਘਟਨਾ ਦੇ ਬਾਰੇ ਵਿਸਥਾਰ ਮਦਨ ਪਾਟਿਲ ਨੇ ਆਪਣੀ ਮਰਾਠੀ ਭਾਸ਼ਾ ਵਿੱਚ ਲਿਖੀ ਪੁਸਤਕ “ਅਕਥਿਤ ਸਾਵਰਕਰ” ਵਿੱਚ ਵਰਣਨ ਕੀਤਾ ਹੈ। ਵਿਕਰਮ ਸੰਪਤ ਜਿਹੜਾ ਕਿ ਸਾਵਰਕਰ ਦਾ ਹਿਤੈਸ਼ੀ ਸੀ, ਉਸ ਨੇ ਵੀ ਇਸਦੀ ਜੀਵਨੀ ਵਿੱਚ ਲਿਖਿਆ ਹੈ ਸਾਵਰਕਰ ਨੇ ਟਰਾਵਾਨਕੋਰ ਦੇ ਦੀਵਾਨ ਨੂੰ ਗਲਤ ਸਲਾਹ ਦਿੱਤੀ ਕਿ ਤੁਹਾਡੀ ਸਟੇਟ ਅਜ਼ਾਦ ਰਹਿਣੀ ਚਾਹੀਦੀ ਹੈ। ਵਿਕਰਮ ਅਨੁਸਾਰ ਇੱਕ ਛੋਟੀ ਜਿਹੀ ਸਟੇਟ ਲਈ ਤਿੰਨ ਪਾਸਿਓਂ ਭਾਰਤ ਨਾਲ ਘਿਰੇ ਹੋਣ ਕਾਰਣ ਇਹ ਸੁਝਾਓ ਬਹੁਤ ਘਾਤਕ ਹੋਣਾ ਸੀ। ਸਾਵਰਕਰ ਦੀ ਪੂਰੀ ਕੋਸ਼ਿਸ਼ ਸੀ ਧਰਮ ਨਿਰਪੱਖ ਕਾਂਗਰਸ ਭਾਰਤ ਨੂੰ ਇੱਕ ਮੁੱਠ ਨਾ ਕਰ ਸਕੇ ਅਤੇ ਭਾਰਤ ਬਲਕਾਨ ਸਟੇਟਾਂ ਵਾਂਗ ਵੰਡਿਆ ਰਹੇ। ਹੁਣ ਭਾਵੇਂ ਭਾਜਪਾ ਅਤੇ ਆਰ ਐੱਸ ਐੱਸ ਅਖੰਡ ਭਾਰਤ ਦੀ ਗੱਲ ਕਰ ਰਹੀ ਹੈ ਪਰ ਸਾਵਰਕਰ ਦਾ ਪੂਰਾ ਟਿੱਲ ਲੱਗਿਆ ਹੋਇਆ ਸੀ ਕਿ ਭਾਰਤ ਖੰਡਿਤ ਰਹੇ।
ਕਾਂਗਰਸ ਦੀਆਂ ਅਤੇ ਖਾਸਕਰ ਮਹਾਤਮਾ ਗਾਂਧੀ ਦੀਆਂ ਧਰਮ ਨਿਰਪੱਖਤਾ ਦੀਆਂ ਨੀਤੀਆਂ ਤੋਂ ਸਾਵਰਕਰ ਨੂੰ ਬਹੁਤ ਖਿਝ ਸੀ। ਇਸ ਲਈ ਗਾਂਧੀ ਨੂੰ ਪਾਕਿਸਤਾਨ ਦਾ ਹਿਤੈਸ਼ੀ ਕਹਿ ਕੇ ਉਸ ਦੀ ਹੱਤਿਆ ਕਰਨ ਦੀ ਯੋਜਨਾ ਬਣਾ ਲਈ। ਗਾਂਧੀ ਦੀ ਹੱਤਿਆ ਲਈ ਸਾਵਰਕਰ ਨੇ ਨੱਥੂਰਾਮ ਗੌਡਸੇ, ਨਰਾਇਣ ਆਪਟੇ ਅਤੇ ਹੋਰ ਛੇ ਵਿਅਕਤੀਆਂ ਜਿਹਨਾਂ ਵਿੱਚ ਗੋਡਸੇ ਦਾ ਭਰਾ ਵੀ ਸ਼ਾਮਿਲ ਸੀ, ਦੀ ਟੀਮ ਬਣਾ ਦਿੱਤੀ। ਗਾਂਧੀ ਦੀ ਹੱਤਿਆ ਲਈ ਪਹਿਲਾਂ ਪੰਜ ਵਾਰ ਅਸਫਲ ਕੋਸ਼ਿਸ਼ ਕੀਤੀ ਗਈ ਪਰ ਅੰਤ 30 ਜਨਵਰੀ 1948 ਵਾਲੇ ਦਿਨ ਗੌਡਸੇ ਨੇ ਆਟੋਮੈਟਿਕ ਰੀਵਰਵਰ ਨਾਲ ਗਾਂਧੀ ਜੀ ਦੀ ਬਿਰਲਾ ਹਾਊਸ ਵਿੱਚ ਪ੍ਰਾਰਥਨਾ ਕਰਦੇ ਹੋਏ ਹੱਤਿਆ ਕਰ ਦਿੱਤੀ। ਅਜਿਹੇ ਸਾਵਰਕਰ ਨੂੰ ਭਾਜਪਾ ਅਤੇ ਆਰ ਐੱਸ ਐੱਸ ਵੀਰ ਕਹਿ ਰਹੀ ਹੈ, ਉਸ ਦੀ ਫੋਟੋ ਨਵੀਂ ਪਾਰਲੀਮੈਂਟ ਵਿੱਚ ਲਗਾ ਦਿੱਤੀ ਹੈ ਅਤੇ ਭਾਜਪਾਈ ਐੱਮ ਪੀ ਪਾਰਲੀਮੈਂਟ ਵਿੱਚ ਜਾਣ ’ਤੇ ਉਸ ’ਤੇ ਫੁੱਲ ਚੜ੍ਹਾਉਂਦੇ ਹਨ। ਹੁਣ ਭਾਜਪਾਈ ਉਸ ਦੀ ਪ੍ਰਸ਼ੰਸਾ ਵਿੱਚ ਉੱਥੇ ਤਕ ਚਲੇ ਜਾਂਦੇ ਹਨ, ਜਿੱਥੇ ਉਹਨਾਂ ਦੀ ਜੱਗ ਹਸਾਈ ਹੋ ਜਾਵੇ। ਅੱਠਵੀਂ ਜਮਾਤ ਦੀ ਕੰਨੜ ਭਾਸ਼ਾ ਦੀ ਇੱਕ ਪੁਸਤਕ ਵਿੱਚ ਲੇਖ ਛਾਪ ਦਿੱਤਾ, ਜਿਸ ਵਿੱਚ ਲਿਖਿਆ ਸੀ ਕਿ ਵੀਰ ਸਾਵਰਕਰ ਬੁਲਬੁਲ ਦੇ ਪਰਾਂ ’ਤੇ ਬੈਠ ਕੇ ਜੇਲ੍ਹ ਵਿੱਚੋਂ ਬਾਹਰ ਆ ਜਾਂਦੇ ਸਨ। ਪਾਠਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅੰਡੇਮਾਨ ਦੀ ਜੇਲ੍ਹ ਵਿੱਚ ਕੋਈ ਰੌਸ਼ਨਦਾਨ ਜਾਂ ਛੇਕ ਨਹੀਂ ਸੀ, ਜਿੱਥੋਂ ਕਿ ਕੋਈ ਛੋਟੀ ਜਿਹੀ ਚਿੜੀ ਵੀ ਆ ਸਕਦੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4111)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)