Vishvamitter 7“ਭਾਜਪਾ ਅਤੇ ਸੰਘ ਪਰਿਵਾਰ ਨੇ ਹਿੰਦੂ ਰਾਸ਼ਟਰ ਦੀ ਸਥਾਪਨਾ ਲਈ ਨੇਪਾਲ ਨੂੰ ਇੱਕ ਪ੍ਰਯੋਗਸ਼ਾਲਾ ...”
(4 ਮਈ 2025)


ਨੇਪਾਲ ਵਿੱਚ ਹਿੰਦੂ ਰਾਸ਼ਟਰ ਦੀ ਮੰਗ ਕਰਦੇ ਹੋਏ ਰਾਜਸ਼ਾਹੀ ਪੱਖੀ ਪ੍ਰਦਰਸ਼ਨਾਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਨੇ ਪੂਰੇ ਦੱਖਣੀ ਏਸ਼ੀਆ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ
। 2008 ਵਿੱਚ ਧਰਮਨਿਰਪੱਖ ਗਣਤੰਤਰ ਬਣਨ ਨਾਲ ਰਾਜਸ਼ਾਹੀ ਅਤੇ ਹਿੰਦੂ ਰਾਸ਼ਟਰ ਦਾ ਅੰਤ ਹੋ ਗਿਆ ਸੀ। 20 ਸਤੰਬਰ 2015 ਨੂੰ ਲਾਗੂ ਹੋਏ ਸੰਵਿਧਾਨ ਨੂੰ ਅਜੇ ਦਸ ਸਾਲ ਵੀ ਨਹੀਂ ਹੋਏ ਕਿ 14 ਵਾਰ ਸਰਕਾਰਾਂ ਬਦਲ ਚੁੱਕੀਆਂ ਹਨ, ਮਤਲਬ ਕਿ ਕੋਈ ਵੀ ਚੁਣੀ ਹੋਈ ਸਰਕਾਰ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀ। ਦੇਸ਼ ਵਿੱਚ ਰਾਜਨੀਤਿਕ ਅਸਥਿਰਤਾ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਾਰਨ ਭ੍ਰਿਸ਼ਟਾਚਾਰ, ਸੁਸਤ ਆਰਥਿਕ ਵਿਕਾਸ ਅਤੇ ਉੱਚ ਬੇਰੁਜ਼ਗਾਰੀ ਵਧ ਰਹੀ ਹੈ, ਜੋ ਲੋਕਾਂ ਵਿੱਚ ਨਿਰਾਸ਼ਾ ਪੈਦਾ ਕਰ ਰਹੀ ਹੈ।

ਭਾਰਤ ਸਰਕਾਰ ਨੇ ਭਾਵੇਂ ਰਾਜਸ਼ਾਹੀ ਪੱਖੀ ਪ੍ਰਦਰਸ਼ਨਾਂ ਵਿੱਚ ਆਪਣੀ ਸ਼ਮੂਲੀਅਤ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਪਰ ਇੱਥੇ ਦੀ ਸਰਕਾਰ ਦਾ ਅਪ੍ਰਤੱਖ ਤੌਰ ’ਤੇ ਅਤੇ ਆਰ ਐੱਸ ਐੱਸ ਦਾ ਪ੍ਰਤੱਖ ਤੌਰ ’ਤੇ ਹਿੰਦੂ ਰਾਸ਼ਟਰ ਦੇ ਹੱਕ ਵਿੱਚ ਪ੍ਰਚਾਰ ਇਨ੍ਹਾਂ ਦੀ ਸ਼ਮੂਲੀਅਤ ਵੱਲ ਸਾਫ਼ ਇਸ਼ਾਰਾ ਕਰਦਾ ਹੈ। ਅਖ਼ਬਾਰ ਟੈਲੀਗ੍ਰਾਫ ਇੰਡੀਆ ਵਿੱਚ ਛਪੇ ਇੱਕ ਲੇਖ ਅਨੁਸਾਰ ਆਰ ਐੱਸ ਐੱਸ ਅਤੇ ਬਜਰੰਗ ਦਲ ਵਰਗੇ ਸੱਜੇ ਪੱਖੀ ਸੰਗਠਨ 2014 ਤੋਂ ਹੀ ਨੇਪਾਲ ਵਿੱਚ ਰਾਜਸ਼ਾਹੀ ਦੀ ਮੁੜ ਬਹਾਲੀ ਲਈ ਸਰਗਰਮ ਹਨ। 2006 ਵਿੱਚ ਗੱਦੀ ਤੋਂ ਉਤਾਰੇ ਗਏ ਨੇਪਾਲ ਨਰੇਸ਼ ਗਿਆਨੇਂਦਰ ਪਿਛਲੇ ਦਿਨੀਂ ਜਦੋਂ ਕਾਠਮੰਡੂ ਦੇ ਹਵਾਈ ਅੱਡੇ ’ਤੇ ਪਹੁੰਚੇ ਤਾਂ ਹਿੰਦੂ ਰਾਸ਼ਟਰ ਅਤੇ ਰਾਜਸ਼ਾਹੀ ਦੇ ਸਮਰਥਕਾਂ ਨੇ ਇੱਕ ਬਹੁਤ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਕਾਫ਼ੀ ਸਾਰੇ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਯੋਗੀ ਅਦਿੱਤਿਆ ਨਾਥ ਦੇ ਪੋਸਟਰ ਸਨ। ਨੇਪਾਲ ਦੀ ਸਿਵਲ ਸੋਸਾਇਟੀ ਦਾ ਕਹਿਣਾ ਹੈ ਕਿ ਨੇਪਾਲ ਵਿੱਚ ਰਾਜਸ਼ਾਹੀ ਦੇ ਮੁੜ ਆਉਣ ਨਾਲ ਸਾਡੇ ਪੁਰਖਾਂ ਦੀ ਲੋਕਤੰਤਰ ਲਈ ਕੀਤੀ ਮਿਹਨਤ ਵਿਅਰਥ ਜਾਵੇਗੀ, ਸਾਨੂੰ ਬਾਹਰੀ ਸ਼ਕਤੀਆਂ ਤੋਂ ਬਚਣਾ ਚਾਹੀਦਾ ਹੈ। ਨਵਭਾਰਤ ਅਖ਼ਬਾਰ ਅਨੁਸਾਰ ਨੇਪਾਲ ਦੀ ਸਿਵਲ ਸੋਸਾਇਟੀ ਦਾ ਮੰਨਣਾ ਹੈ ਕਿ ਭਾਰਤ ਦੇ ਕੁਝ ਧਾਰਮਿਕ ਕੱਟੜਪੰਥੀ ਗੁੱਟ ਰਾਜਸ਼ਾਹੀ ਦੀ ਵਾਪਸੀ ਦਾ ਸਮਰਥਨ ਕਰ ਰਹੇ ਹਨ।

ਆਰ ਐੱਸ ਐੱਸ ਅਤੇ ਇਸਦੇ ਵਿੰਗ ਬਜਰੰਗ ਦਲ ਵਰਗਿਆਂ ਨੇ ਨੇਪਾਲ ਵਿੱਚ ਆਪਣਾ ਨੈੱਟਵਰਕ ਸਥਾਪਿਤ ਕੀਤਾ ਹੋਇਆ ਹੈ ਅਤੇ ਉਹ ਜ਼ਮੀਨੀ ਪੱਧਰ ’ਤੇ ਹੀ ਧਾਰਮਿਕ ਪ੍ਰੋਗਰਾਮਾਂ ਅਤੇ ਸੋਸ਼ਲ ਮੀਡੀਆ ਰਾਹੀਂ ਰਾਜਸ਼ਾਹੀ ਅਤੇ ਹਿੰਦੂ ਰਾਸ਼ਟਰ ਲਈ ਕੰਮ ਕਰ ਰਹੇ ਹਨ। ਭਾਰਤ ਵਿੱਚ ਰਾਮਰਾਜ ਦੀ ਸਥਾਪਨਾ ਦਾ ਵਾਸਤਵਿਕ ਅਰਥ ਰਾਜਸ਼ਾਹੀ ਦੀ ਮੁੜ ਵਾਪਸੀ ਹੀ ਹੈ। ਆਰ ਐੱਸ ਐੱਸ ਦਾ ਰਾਜਸ਼ਾਹੀ ਅਤੇ ਖਾਸਕਰ ਹਿੰਦੂ ਰਾਜਿਆਂ ਦੀ ਸਥਾਪਤੀ ਲਈ ਕੋਸ਼ਿਸ਼ਾਂ ਸਾਵਰਕਰ ਦੇ ਵੇਲੇ ਤੋਂ ਹੀ ਸਾਫ਼ ਦਿਸਦੀਆਂ ਹਨ। ਜਦੋਂ ਅੰਗਰੇਜ਼ ਭਾਰਤ ਨੂੰ ਆਜ਼ਾਦ ਕਰਨ ਲੱਗੇ ਤਾਂ ਸਾਵਰਕਰ ਨੇ ਅੰਗਰੇਜ਼ੀ ਸਰਕਾਰ ਨੂੰ ਬੇਨਤੀ ਕੀਤੀ ਸੀ ਨੇਪਾਲ ਦੇ ਰਾਜੇ ਨੂੰ ਹੀ ਭਾਰਤ ਦਾ ਰਾਜਾ ਬਣਾ ਦਿੱਤਾ ਜਾਏ। ਇਸ ਤੋਂ ਇਲਾਵਾ ਇਸਨੇ ਟਰਾਵਨਕੋਰ ਦੇ ਨਵਾਬ ਨੂੰ ਵੀ ਹਿੰਦੂ ਹੋਣ ਦੇ ਨਾਤੇ ਕਿਹਾ ਸੀ ਕਿ ਧਰਮਨਿਰਪੱਖ ਭਾਰਤ ਵਿੱਚ ਮਿਲਣ ਦੀ ਬਜਾਏ ਆਪਣੀ ਰਿਆਸਤ ਅਜ਼ਾਦ ਰੱਖੇ।

ਭਾਜਪਾ ਦੀ ਹਾਲਤ ਇਸ ਵੇਲੇ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਰਗੀ ਹੈ, ਜਿਹੜੀ ਨਾ ਖਾਧੀ ਜਾ ਸਕਦੀ ਹੈ ਨਾ ਛੱਡੀ ਜਾ ਸਕਦੀ ਹੈ। ਜੇਕਰ ਭਾਜਪਾ ਨੇਪਾਲ ਵਿੱਚ ਹਿੰਦੂ ਰਾਜਾ ਦੀ ਮੁੜ ਬਹਾਲੀ ਨਹੀਂ ਕਰ ਸਕਦੀ ਤਾਂ ਆਰ ਐੱਸ ਐੱਸ ਦਾ ਪੂਰੇ ਦੱਖਣ ਏਸ਼ੀਆ ਨੂੰ ਇੱਕ ਅਖੰਡ ਹਿੰਦੂ ਰਾਸ਼ਟਰ ਬਣਾਉਣ ਦਾ ਸੁਪਨਾ ਪੂਰਾ ਨਹੀਂ ਹੁੰਦਾ ਅਤੇ ਜੇਕਰ ਨੇਪਾਲ ਨਰੇਸ਼ ਨੂੰ ਮੁੜ ਗੱਦੀ ’ਤੇ ਬਿਠਾਉਣ ਲਈ ਭਾਜਪਾ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ ਤਾਂ ਇਹ ਆਪਣੇ ਆਪ ਨੂੰ ਵੱਡੇ ਲੋਕਤੰਤਰ ਦੀ ਸਰਕਾਰ ਨਹੀਂ ਕਹਿ ਸਕਦੀ। ਜੇਕਰ ਇਹ ਖੁੱਲ੍ਹ ਕੇ ਰਾਜਸ਼ਾਹੀ ਦੇ ਹੱਕ ਵਿੱਚ ਨਹੀਂ ਆਉਂਦੀ ਤਾਂ ਰਾਜਸ਼ਾਹੀ ਲਿਆਉਣੀ ਕੋਈ ਸੌਖੀ ਗੱਲ ਨਹੀਂ ਕਿਉਂਕਿ ਨੇਪਾਲ ਦੇ ਖੱਬੇ ਪੱਖੀ ਮੋਰਚੇ ਨੇ ਇੱਕ ਜ਼ਬਰਦਸਤ ਰੈਲੀ ਕਰਕੇ ਸਾਬਕਾ ਰਾਜੇ ਗਿਆਨੇਂਦਰ ਨੂੰ ਚਿਤਾਵਣੀ ਦਿੱਤੀ ਹੈ ਕਿ ਤੇਰੀ ਮੁੜ ਗੱਦੀ ਉੱਤੇ ਬੈਠਣ ਦੀ ਲਾਲਸਾ ਤੈਨੂੰ ਬੜੀ ਮਹਿੰਗੀ ਪਵੇਗੀ। ਇਸ ਰੈਲੀ ਨੂੰ ਸਾਬਕਾ ਪ੍ਰਧਾਨ ਮੰਤਰੀਆਂ ਪੁਸ਼ਪ ਕਮਲ ਦਾਹਲ ਪ੍ਰਚੰਡ ਅਤੇ ਮਾਧਵ ਕੁਮਾਰ ਸਮੇਤ ਕਈ ਨੇਤਾਵਾਂ ਨੇ ਸੰਬੋਧਨ ਕੀਤਾ। ਖੱਬੇ ਪੱਖੀ ਮੋਰਚੇ ਨੇ ਰਾਜ ਸ਼ਾਹੀ ਨੂੰ ਫਿਰ ਤੋਂ ਉਭਾਰਨ ਲਈ ਕੇ ਪੀ ਸ਼ਰਮਾ ਓਲੀ ਦਾ ਘਟੀਆ ਰਾਜ ਪ੍ਰਬੰਧ ਜ਼ਿੰਮੇਵਾਰ ਦੱਸਿਆ ਹੈ। ਇਸ ਤੋਂ ਇਲਾਵਾ ਭਾਜਪਾ ਵੱਲੋਂ ਰਾਜਸ਼ਾਹੀ ਦੀ ਬਹਾਲੀ ਲਈ ਖੁੱਲ੍ਹ ਕੇ ਖੇਡਣ ਨਾਲ ਨੇਪਾਲ ਵਿੱਚ ਚੀਨ ਦੀ ਦਖ਼ਲਅੰਦਾਜ਼ੀ ਵਧ ਸਕਦੀ ਹੈ ਅਤੇ ਨੇਪਾਲ, ਜਿਹੜਾ ਪਹਿਲਾਂ ਹੀ ਚੀਨ ਵੱਲ ਖਿਸਕ ਰਿਹਾ ਹੈ, ਛੇਤੀ ਹੀ ਭਾਰਤ ਦੀ ਬਜਾਏ ਚੀਨ ਨੂੰ ਤਰਜੀਹ ਦੇਣ ਲੱਗ ਪਵੇਗਾ। ਜਿਹੜੇ ਲੋਕ ਇਤਿਹਾਸ ਤੋਂ ਸਬਕ ਲਏ ਬਿਨਾਂ ਉਸ ਨੂੰ ਦੁਹਰਾਉਂਦੇ ਹਨ, ਉਹ ਆਪਣਾ ਵੀ ਅਤੇ ਨਾਲ ਦਿਆਂ ਦਾ ਵੀ ਨੁਕਸਾਨ ਕਰਵਾ ਲੈਂਦੇ ਹਨ। 2015 ਵਿੱਚ ਜਦੋਂ ਨੇਪਾਲ ਨੇ ਲੋਕਤੰਤਰਿਕ ਸੰਵਿਧਾਨ ਲਾਗੂ ਕੀਤਾ ਅਤੇ ਨੇਪਾਲ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਭਾਰਤ ਨੇ ਉਸ ਨੂੰ ਸਜ਼ਾ ਦੇ ਕੇ ਹਿੰਦੂ ਰਾਸ਼ਟਰ ਵਾਲੇ ਪਾਸੇ ਲਿਆਉਣ ਲਈ ਨੇਪਾਲ ਜਾਣ ਵਾਲੀ ਹਰ ਪ੍ਰਕਾਰ ਦੀ ਸਮੱਗਰੀ ਰੋਕ ਦਿੱਤੀ। ਨੇਪਾਲ ਚੀਨ ਵੱਲ ਉਦੋਂ ਖਿਸਕਿਆ ਜਦੋਂ ਚੀਨ ਨੇ ਪਹਾੜ ਕੱਟ ਕੇ ਨੇਪਾਲ ਤਕ ਨਾ ਕੇਵਲ ਸੜਕ ਬਣਾ ਦਿੱਤੀ ਸਗੋਂ ਲੋੜੀਂਦੀ ਹਰ ਸਮੱਗਰੀ ਦੀ ਸਪਲਾਈ ਕਰ ਦਿੱਤੀ ਅਤੇ ਨੇਪਾਲ ਨੂੰ ਵਿਦੇਸ਼ਾਂ ਤਕ ਸਮੁੰਦਰੀ ਰਸਤੇ ਰਾਹੀਂ ਪਹੁੰਚਣ ਲਈ ਇੱਕ ਬੰਦਰਗਾਹ ਤਕ ਰਸਤਾ ਵੀ ਦੇ ਦਿੱਤਾ। ਹੁਣ ਜੇਕਰ ਭਾਰਤ ਖੁੱਲ੍ਹ ਕੇ ਉੱਥੋਂ ਦੇ ਲੋਕਤੰਤਰ ਵਿਰੁੱਧ ਹੋ ਜਾਂਦਾ ਹੈ ਤਾਂ ਲੋਕਤੰਤਰਿਕ ਸ਼ਕਤੀਆਂ ਚੀਨ ਨਾਲ ਹੋਰ ਪੱਕੇ ਸੰਬੰਧ ਬਣਾ ਲੈਣਗੀਆਂ। ਨੇਪਾਲ ਵਿੱਚ ਕਮਿਊਨਿਜ਼ਮ ਦਾ ਬੋਲਬਾਲਾ ਵੱਧ ਜਾਏਗਾ, ਜਿਸ ਨੂੰ ਆਰ ਐੱਸ ਐੱਸ ਆਪਣਾ ਕੱਟੜ ਦੁਸ਼ਮਣ ਮੰਨਦਾ ਹੈ।

ਇਸ ਵਕਤ ਨੇਪਾਲ ਵਿੱਚ ਇੱਕ ਪਾਸੇ ਆਰ ਐੱਸ ਐੱਸ, ਬਜਰੰਗ ਦਲ, ਇਨ੍ਹਾਂ ਦਾ ਇੱਕ ਸਾਥੀ ਸੰਗਠਨ ਰਾਸ਼ਟਰੀ ਪਰਜਾ ਤੰਤਰ ਪਾਰਟੀ ਨੇਪਾਲ ਆਦਿ ਰਾਜਸ਼ਾਹੀ ਲਿਆਉਣ ਲਈ ਜ਼ੋਰ ਲਾ ਰਹੇ ਹਨ, ਯੋਗੀ ਜੀ ਉੱਤਰ ਪ੍ਰਦੇਸ਼ ਤੋਂ ਹੀ ਨੇਪਾਲ ਵੱਲ ਭਗਵਾ ਗੋਲੇ ਛੱਡ ਰਹੇ ਹਨ ਅਤੇ ਦੂਜੇ ਪਾਸੇ ਕਮਿਊਨਿਸਟ ਮਹਾਜ਼, ਨੇਪਾਲ ਸਰਕਾਰ ਅਤੇ ਧਰਮ ਨਿਰਪੱਖ ਲੋਕਤੰਤਰਿਕ ਸ਼ਕਤੀਆਂ ਲੜ ਰਹੀਆਂ ਹਨ। ਨੇਪਾਲ ਵਿੱਚ ਰਾਜਸ਼ਾਹੀ ਪੱਖੀ ਅੰਦੋਲਨ ਬੜਾ ਖਤਰਨਾਕ ਰੂਪ ਲੈ ਚੁੱਕਿਆ ਹੈ। ਰਾਜਸ਼ਾਹੀ ਸਮਰਥਕ ਸੰਸਦ ਭਵਨ ਵੱਲ ਵਧਣ ਲੱਗੇ ਤਾਂ ਪੁਲਿਸ ਨੇ ਲਾਠੀ ਚਾਰਜ ਕੀਤਾ ਅਤੇ ਹੰਝੂ ਗੌਸ ਦੇ ਗੋਲੇ ਛੱਡੇ। ਇਸ ਨਾਲ ਹਾਲਾਤ ਹੋਰ ਵਿਗੜ ਗਏ ਹਨ। ਰਾਜਧਾਨੀ ਕਾਠਮੰਡੂ ਵਿੱਚ ਫੌਜ ਬੁਲਾ ਲਈ ਗਈ ਹੈ, ਕਈ ਥਾਂਵਾਂ ’ਤੇ ਕਰਫਿਊ ਨਾਫ਼ਜ਼ ਕਰ ਦਿੱਤਾ ਗਿਆ ਹੈ ਅਤੇ ਹਿੰਸਕ ਝੜਪਾਂ ਵਿੱਚ ਇੱਕ ਟੀ. ਵੀ ਕੈਮਰਾ ਮੈਨ ਤੋਂ ਇਲਾਵਾ ਦੋ ਹੋਰ ਲੋਕ ਮਾਰੇ ਜਾ ਚੁੱਕੇ ਹਨ ਅਤੇ ਲਗਭਗ ਇੱਕ ਦਰਜਨ ਲੋਕ ਜ਼ਖਮੀ ਹੋ ਗਏ ਹਨ। ਰਾਜਸ਼ਾਹੀ ਪ੍ਰਦਰਸ਼ਨ ਨੂੰ ਜਥੇਬੰਦ ਕਰਨ ਵਾਲਾ ਇੱਕ 87 ਸਾਲਾ ਵਿਅਕਤੀ ਨਵਰਾਜ ਸੁਬੇਦੀ ਸੀ, ਜਿਸ ਨਾਲ ਸਟੇਜ ਉੱਤੇ ਹੋਰ ਵੀ ਹਸਤੀਆਂ ਬੈਠੀਆਂ ਹੋਈਆਂ ਸਨ। ਜਦੋਂ ਹੰਝੂ ਗੈਸ ਦੇ ਇੱਕ ਗੋਲੇ ਨਾਲ ਨਵਰਾਜ ਸੁਬੇਦੀ ਜ਼ਖਮੀ ਹੋ ਗਿਆ ਤਾਂ ਉਸਦੇ ਸਾਰੇ ਸਮਰਥਕ ਦੌੜ ਗਏ।

ਭਾਜਪਾ ਅਤੇ ਸੰਘ ਪਰਿਵਾਰ ਨੇ ਹਿੰਦੂ ਰਾਸ਼ਟਰ ਦੀ ਸਥਾਪਨਾ ਲਈ ਨੇਪਾਲ ਨੂੰ ਇੱਕ ਪ੍ਰਯੋਗਸ਼ਾਲਾ ਬਣਾਇਆ ਹੋਇਆ ਹੈ। ਨੇਪਾਲ ਵਿੱਚ ਹਿੰਦੂ ਰਾਸ਼ਟਰ ਦੀ ਸਥਾਪਨਾ ਹੋਵੇ ਜਾਂ ਨਾ ਹੋਵੇ, ਗਲਤੀਆਂ ਅਤੇ ਪ੍ਰਾਪਤੀਆਂ ਤੋਂ ਸਬਕ ਲੈ ਕੇ ਭਾਰਤ ਵਿੱਚ ਹਿੰਦੂ ਰਾਸ਼ਟਰ ਦੀ ਸਥਾਪਨਾ ਲਈ ਸੰਘ ਪਰਿਵਾਰ ਯੁੱਧਨੀਤੀ ਬਣਾਵੇਗਾ। ਜਿਵੇਂ ਸਿਕੰਦਰ ਸੋਚਦਾ ਸੀ ਕਿ ਜੇਕਰ ਭਾਰਤ ਜਿੱਤ ਲਿਆ ਤਾਂ ਸਾਰੀ ਦੁਨੀਆਂ ਜਿੱਤ ਲਵਾਂਗਾ ਉਸੇ ਤਰ੍ਹਾਂ ਸੰਘ ਪਰਿਵਾਰ ਸੋਚਦਾ ਹੈ ਕਿ ਜੇਕਰ ਨੇਪਾਲ ਵਿੱਚ ਹਿੰਦੂ ਰਾਸ਼ਟਰ ਜਾਂ ਰਾਜਸ਼ਾਹੀ ਬਹਾਲ ਹੁੰਦੀ ਹੈ ਤਾਂ ਭਾਰਤ ਵਿੱਚ ਵੀ ਬਹਾਲ ਹੋ ਜਾਏਗੀ। ਸਿਕੰਦਰ ਦਾ ਇਤਿਹਾਸ ਤਾਂ ਤੁਸੀਂ ਜਾਣਦੇ ਹੀ ਹੋ।

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Vishva Mitter

Vishva Mitter

Jalandhar, Punjab, India.
Phone: (91 - 94176 - 32228)
Email: (bammijalandhar@gmail.com)

More articles from this author