“ਇਹ ਵੀ ਵੇਖਿਆ ਗਿਆ ਹੈ ਕਿ ਚਤਰ ਲੁਟੇਰੇ, ਅਪਰਾਧੀ, ਜਿਨ੍ਹਾਂ ਨੂੰ ਅਧਿਆਤਮਵਾਦ ਪਾਪੀ ਕਹਿੰਦਾ ਹੈ ...”
(23 ਅਗਸਤ 2023)
ਸੇਬ ਦਰਖ਼ਤ ਤੋਂ ਟੁੱਟ ਕੇ ਹੇਠਾਂ ਧਰਤੀ ’ਤੇ ਡਿੱਗਿਆ। ਨਿਊਟਨ ਨੇ ਵੇਖਿਆ ਅਤੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਇਹ ਸੇਬ ਟੁੱਟ ਕੇ ਹੇਠਾਂ ਹੀ ਕਿਉਂ ਡਿੱਗਿਆ, ਹਵਾ ਵਿੱਚ ਕਿਉਂ ਨਹੀਂ ਲਟਕਦਾ ਰਹਿ ਗਿਆ? ਉੱਪਰ ਅਸਮਾਨ ਵੱਲ ਕਿਉਂ ਨਹੀਂ ਗਿਆ? ਅਤੇ ਅੱਗੇ ਵਧਦੇ ਵਧਦੇ ਉਸਨੇ ਗੁਰੂਤਾ ਦੇ ਨਿਯਮਾਂ ਦੀ ਖੋਜ ਕਰ ਲਈ। ਪਰ ਉਸ ਨੇ ਇਹ ਕਿਉਂ ਨਹੀਂ ਸੋਚਿਆ ਕਿ ਹੇਠਾਂ ਡਿਗਣ ਵਾਲਾ ਸੇਬ ਹੇਠਲੇ ਤਬਕੇ ਦੇ ਲੋਕਾਂ ਕੋਲ ਕਿਉਂ ਨਹੀਂ ਪਹੁੰਚਦਾ? ਹੇਠਾਂ ਡਿਗੇ ਸੇਬ ਨੂੰ ਜੇਕਰ ਕੋਈ ਗਰੀਬ ਬੱਚਾ ਚੁੱਕ ਲਵੇ ਤਾਂ ਉਸ ਨੂੰ ਬਗੀਚੇ ਦਾ ਮਾਲਿਕ ਕੁੱਟਦਾ ਕਿਉਂ ਹੈ? ਇਹ ਉਸਨੇ ਨਹੀਂ ਸੋਚਿਆ ਕਿਉਂਕਿ ਇਹ ਵਿਗਿਆਨ ਦਾ ਵਿਸ਼ਾ ਨਹੀਂ ਹੈ।
ਵਿਗਿਆਨੀਆਂ ਨੇ ਪਾਗਲ ਕੁੱਤੇ ਦੇ ਕੱਟੇ ਜਾਣ ’ਤੇ ਲੱਗਣ ਵਾਲੇ ਟੀਕੇ ਬਣਾ ਲਏ ਅਤੇ ਹੁਣ ਕਿਸੇ ਨੂੰ ਪਾਗਲ ਕੁੱਤੇ ਦੇ ਕੱਟਣ ਤੇ ਜੇਕਰ ਉਹ ਇਸਦੇ ਟੀਕੇ ਲਵਾ ਲਵੇ ਤਾਂ ਉਹ ਬਿਲਕੁਲ ਠੀਕ ਰਹਿੰਦਾ ਹੈ ਅਤੇ ਉਸਦਾ ਪਰਿਵਾਰ ਜਾਂ ਉਸਦੇ ਜਾਣਕਾਰ ਉਸ ਨੂੰ ਬੇਝਿਜਕ ਮਿਲ ਸਕਦੇ ਹਨ। ਵਿਗਿਆਨਕਾਂ ਨੇ ਪੈਨਸਲੀਨ ਦੀ ਖੋਜ ਕਰ ਲਈ, ਜਿਸ ਨਾਲ ਹਰ ਪ੍ਰਕਾਰ ਦਾ ਜ਼ਖ਼ਮ ਛੇਤੀ ਭਰ ਜਾਂਦਾ ਹੈ। ਨਹੀਂ ਤਾਂ ਪਹਿਲੇ ਜ਼ਮਾਨੇ ਵਿੱਚ ਜਿਸ ਕਿਸੇ ਨੂੰ ਜ਼ਖ਼ਮ ਹੋ ਜਾਂਦਾ, ਬਾਅਦ ਵਿੱਚ ਸੈਪਟਿਕ ਹੋ ਜਾਂਦਾ ਤਾਂ ਜ਼ਖਮੀ ਅੰਗ ਨੂੰ ਕਈ ਵਾਰ ਕਟਵਾ ਕੇ ਮਾਰਦਾ। ਲਗਭਗ ਹਰ ਬੀਮਾਰੀ ਦੇ ਇਲਾਜ ਦੀ ਖੋਜ ਹੋ ਚੁੱਕੀ ਹੈ ਅਤੇ ਅਪਰੇਸ਼ਨ ਵੀ ਬਿਨਾ ਦਰਦ ਦੇ ਹੁੰਦੇ ਹਨ। ਜੇਕਰ ਦਿਲ ਨੇ ਠੀਕ ਢੰਗ ਨਾਲ ਕੰਮ ਕਰਨਾ ਬੰਦ ਕਰ ਦਿੱਤਾ ਹੈ ਤਾਂ ਉਸ ਲਈ ਵਿਗਿਆਨ ਨੇ ਪੇਸ ਸੈਟਰ ਦੀ ਖੋਜ ਕਰ ਲਈ। ਜੇਕਰ ਗੁਰਦੇ ਠੀਕ ਕੰਮ ਨਹੀਂ ਕਰਦੇ ਤਾਂ ਉਹਨਾਂ ਲਈ ਡਾਇਲਸਿਸ ਦੀ ਇਜਾਦ ਹੋ ਚੁੱਕੀ ਹੈ। ਪਰ ਸਿਹਤ ਵਿਗਿਆਨੀ ਇਹ ਕਿਉਂ ਨਹੀਂ ਦੱਸ ਸਕਦੇ ਕਿ ਪਾਗਲ ਕੁੱਤੇ ਦੇ ਕੱਟੇ ਜਾਣ ’ਤੇ ਗਰੀਬ ਆਦਮੀ ਜ਼ਖਮਾਂ ਉੱਤੇ ਤੇਲ ਅਤੇ ਪੀਸੀਆਂ ਹੋਈਆਂ ਲਾਲ ਮਿਰਚਾਂ ਲਗਾਉਣ ਲਈ ਮਜਬੂਰ ਕਿਉਂ ਹੁੰਦਾ ਹੈ? ਇਹ ਵੀ ਨਹੀਂ ਦੱਸ ਸਕਦੇ ਕਿ ਗਰੀਬ ਆਦਮੀ ਮਰਦਾ ਮਰ ਜਾਂਦਾ ਹੈ ਪਰ ਉਹ ਪੇਸ ਸੈੱਟਰ ਕਿਉਂ ਨਹੀਂ ਪਵਾ ਸਕਦਾ, ਡਾਇਲਸਿਸ ਕਿਉਂ ਨਹੀਂ ਕਰਵਾ ਸਕਦਾ? ਪੇਸ਼ਾਬ ਆਉਣਾ ਬੰਦ ਹੋ ਜਾਵੇ ਤਾਂ ਗਰੀਬ ਆਦਮੀ ਚੀਕਾਂ ਮਾਰਦਾ ਮਾਰਦਾ ਮਰ ਜਾਂਦਾ ਹੈ ਪਰ ਪ੍ਰੌਸਟੇਟ ਦਾ ਇਲਾਜ ਕਿਉਂ ਨਹੀਂ ਕਰਵਾ ਸਕਦਾ? ਇਹ ਸਿਹਤ ਵਿਗਿਆਨੀ ਨਹੀਂ ਦੱਸ ਸਕਦੇ ਕਿਉਂਕਿ ਇਹ ਵਿਗਿਆਨ ਦਾ ਵਿਸ਼ਾ ਨਹੀਂ ਹੈ।
ਅੱਜ ਤੋਂ ਲਗਭਗ ਅੱਸੀ ਸਾਲ ਪਹਿਲਾਂ ਭਾਰਤ ਵਿੱਚ ਇਹੋ ਸਮਝਿਆ ਜਾਂਦਾ ਸੀ ਕਿ ਜੇਕਰ ਕਿਸੇ ਦੇਵਤੇ ਦੀ ਕਿਰਪਾ ਹੋ ਜਾਵੇ ਤਾਂ ਵਰਖਾ ਸਮੇਂ ਸਿਰ ਹੋ ਜਾਂਦੀ ਹੈ ਅਤੇ ਜੇਕਰ ਕਰੋਪੀ ਹੋਵੇ ਤਾਂ ਵਰਖਾ ਬੇਵਕਤ ਹੁੰਦੀ ਹੈ, ਸੋਕਾ ਪੈ ਜਾਂਦਾ ਹੈ, ਜਾਂ ਹੜ੍ਹ ਆ ਜਾਂਦੇ ਹਨ। ਪਰ ਹੁਣ ਭਾਵੇਂ ਕੁਝ ਹੜ੍ਹ ਹਰੇ ਭਰੇ ਖੇਤਾਂ ਦਾ ਨੁਕਸਾਨ ਕਰ ਸਕਦੇ ਹਨ ਪਰ ਪਹਾੜਾਂ ਉੱਤੇ ਜ਼ਿਆਦਾ ਬਾਰਿਸ਼ ਨਾਲ ਆਏ ਪਾਣੀ ਨੂੰ ਰੋਕਣ ਲਈ ਡੈਮ ਬਣ ਗਏ ਹਨ ਜਿਹੜੇ ਹੜ੍ਹਾਂ ਨੂੰ ਰੋਕਦੇ ਹਨ ਅਤੇ ਸਾਰਾ ਸਾਲ ਨਹਿਰਾਂ ਰਾਹੀਂ ਖੇਤਾਂ ਨੂੰ ਪਾਣੀ ਦੇ ਸਕਦੇ ਹਨ ਅਤੇ ਹੁਣ ਅਸੀਂ ਵਰਖਾ ਵਾਲੇ ਦੇਵਤਾ ਦੀ ਕਿਰਪਾ ਜਾਂ ਕਰੋਪੀ ’ਤੇ ਨਿਰਭਰ ਨਹੀਂ। ਡੈਮਾਂ ਤੋਂ ਪੈਦਾ ਕੀਤੀ ਬਿਜਲੀ ਜਿੱਥੇ ਘਰਾਂ ਨੂੰ ਰੁਸ਼ਨਾਉਂਦੀ ਹੈ, ਉੱਥੇ ਧਰਤੀ ਹੇਠੋਂ ਪਾਣੀ ਕੱਢਣ ਲਈ ਟਿਊਬਵੈਲਾਂ ਨੂੰ ਵੀ ਬਿਜਲੀ ਮਿਲਦੀ ਹੈ। ਹੁਣ ਅਸੀਂ ਉਸ ਦੇਵਤਾ ਉੱਤੇ ਨਿਰਭਰ ਵੀ ਨਹੀਂ ਜਿਸਦੀ ਕਰੋਪੀ ਨਾਲ ਕੀੜੇ ਸਾਡੀਆਂ ਫ਼ਸਲਾਂ ਤਬਾਹ ਕਰ ਦਿੰਦੇ ਸਨ ਅਤੇ ਕਿਰਪਾ ਨਾਲ ਫ਼ਸਲਾਂ ਬਚ ਜਾਂਦੀਆਂ ਸਨ। ਹਰ ਪ੍ਰਕਾਰ ਦੇ ਫ਼ਸਲ ਰੋਗ ਤੋਂ ਬਚਾ ਲਈ ਕੀੜੇ ਮਾਰ ਦਵਾਈਆਂ ਹਨ ਅਤੇ ਜੇਕਰ ਖੇਤੀ ਵਿਗਿਆਨੀਆਂ ਵੱਲੋਂ ਦੱਸੀ ਮਿਕਦਾਰ ਵਿੱਚ ਵੇਲੇ ਸਿਰ ਖੇਤਾਂ ਵਿੱਚ ਪਾ ਦਿੱਤੀਆਂ ਜਾਣ ਤਾਂ ਫ਼ਸਲਾਂ ਸੁਰੱਖਿਅਤ ਰਹਿੰਦੀਆਂ ਹਨ। ਹਰ ਪ੍ਰਕਾਰ ਦੀ ਫ਼ਸਲ ਲਈ ਲੋੜੀਂਦੇ ਤੱਤਾਂ ਲਈ ਖਾਦਾਂ ਦੀ ਖੋਜ ਵੀ ਖੇਤੀ ਵਿਗਿਆਨੀ ਕਰ ਚੁੱਕੇ ਹਨ। ਖੇਤੀ ਵਿਗਿਆਨੀਆਂ ਅਤੇ ਕਿਸਾਨਾਂ-ਮਜ਼ਦੂਰਾਂ ਦੀ ਮਿਹਨਤ ਸਦਕਾ ਅਸੀਂ ਐਨਾ ਅਨਾਜ ਪੈਦਾ ਕਰਨ ਦੇ ਯੋਗ ਹੋ ਗਏ ਹਾਂ ਕਿ ਸਾਰੇ ਭਾਰਤ ਵਾਸੀਆਂ ਦਾ ਢਿੱਡ ਭਰਨ ਤੋਂ ਬਾਅਦ ਨਿਰਯਾਤ ਵੀ ਕਰ ਸਕਦੇ ਹਾਂ। ਪਰ ਐਨਾ ਕੁਝ ਹੋਣ ਦੇ ਬਾਵਜੂਦ ਭਾਰਤ ਦੇ ਕਰੋੜਾਂ ਲੋਕ ਰਾਤ ਨੂੰ ਭੁੱਖੇ ਢਿੱਡ ਸੌਣ ਨੂੰ ਕਿਉਂ ਮਜਬੂਰ ਹਨ? ਬੱਚੇ ਕੁਪੋਸ਼ਣ ਨਾਲ ਕਿਉਂ ਮਰ ਰਹੇ ਹਨ? ਕਿਸਾਨ ਜਾਂ ਮਜ਼ਦੂਰ ਆਤਮ ਹੱਤਿਆ ਕਰਨ ਨੂੰ ਕਿਉਂ ਮਜਬੂਰ ਹੁੰਦੇ ਹਨ? ਪੰਜਾਬ ਵਿਚਲਾ ਪਾਣੀ ਰਿਪੇਰੀਅਨ ਸਟੇਟ ਪੰਜਾਬ ਨੂੰ ਕਿਉਂ ਨਹੀਂ ਮਿਲਦਾ? ਇਸ ਪ੍ਰਸ਼ਨ ਦਾ ਉੱਤਰ ਖੇਤੀ ਵਿਗਿਆਨੀ ਨਹੀਂ ਦੇ ਸਕਦੇ ਕਿਉਂਕਿ ਇਹ ਵਿਗਿਆਨ ਦਾ ਵਿਸ਼ਾ ਨਹੀਂ ਹੈ।
ਅੱਜ ਤੋਂ ਅੱਸੀ ਸਾਲ ਪਹਿਲਾਂ ਭਾਰਤ ਇੰਡਸਟਰੀ ਵਿੱਚ ਬਹੁਤ ਪਛੜਿਆ ਹੋਇਆ ਸੀ। ਪਰ ਇੰਡਸਟਰੀਅਲ ਵਿਗਿਆਨ ਸਦਕਾ ਹੁਣ ਇੱਥੇ ਸੂਈ ਤੋਂ ਹਵਾਈ ਜਹਾਜ਼ ਤਕ ਅਤੇ ਮੌਸਮ ਵਿਗਿਆਨ ਦੀ ਜਾਣਕਾਰੀ ਦੇਣ ਵਾਲੇ ਰਾਕੇਟ ਅਤੇ ਚੰਦ੍ਰਯਾਨ ਤਕ ਬਣ ਗਏ ਹਨ। ਸਾਈਕਲ, ਬਾਈਕ, ਕਾਰਾਂ, ਟਰੱਕ, ਰੇਲ ਗੱਡੀਆਂ, ਹਵਾਈ ਜਹਾਜ਼ ਆਦਿ ਬਣ ਗਏ ਹਨ ਪਰ ਅਜੇ ਤਕ ਕਈ ਵਿਅਕਤੀਆਂ ਕੋਲ ਸਾਈਕਲ ਵੀ ਨਹੀਂ ਹੈ, ਕਿਉਂ? ਅਰਥ ਵਿਗਿਆਨ ਸਦਕਾ ਆਰਥਿਕਤਾ ਬਹੁਰ ਵਧੀ ਹੈ, ਕਈ ਬੈਂਕ ਖੁੱਲ੍ਹ ਗਏ ਹਨ। 1947 ਦੇ ਵੇਲੇ ਨਾਲੋਂ ਹੁਣ ਕਰੰਸੀ ਨੋਟਾਂ ਦੀ ਮਿਕਦਾਰ ਘੱਟੋ ਘੱਟ ਹਜ਼ਾਰ ਗੁਣਾ ਵਧੀ ਹੈ ਅਤੇ ਸੌ ਦੇ ਨੋਟਾਂ ਤੋਂ ਉੱਤੇ ਪੰਜ ਸੌ ਦੇ ਨੋਟ ਚੱਲ ਰਹੇ ਹਨ ਅਤੇ ਹਜ਼ਾਰ ਦੇ ਨੋਟ ਵੀ ਚੱਲ ਪਏ ਸਨ, ਦੋ ਹਜ਼ਾਰ ਦੇ ਨੋਟ ਵੀ ਚਲੇ ਸੀ ਭਾਵੇਂ ਕਿ ਜਿਹੜੇ ਮਕਸਦਾਂ ਲਈ ਬੰਦ ਕੀਤੇ ਸਨ ਉਹਨਾਂ ਵਿੱਚੋਂ ਕੋਈ ਵੀ ਪੂਰਾ ਨਹੀਂ ਹੋਇਆ। ਇਸ ਤੋਂ ਇਲਾਵਾ ਅਮੀਰੀ ਗਰੀਬੀ ਦਾ ਪਾੜਾ ਵਧ ਗਿਆ ਹੈ। ਅਮਰੀਕਾ ਦੀ ਇੱਕ ਬਹੁਤ ਪੁਰਾਣੀ ਮਿਸਾਲ ਹੈ, ਜਿਹੜੀ ਭਾਰਤ ਉੱਤੇ ਵੀ ਅੱਜ ਦੇ ਹਾਲਾਤ ਅਨੁਸਾਰ ਢੁਕਦੀ ਹੈ। 1969 ਵਿੱਚ ਇੰਗਲੈਂਡ ਦੇ ਇੱਕ ਮੈਗਜ਼ੀਨ ਕ੍ਰਿਸਚਿਅਨ ਸਾਇੰਸ ਨੇ ਟਾਈਟਲ ਸਫ਼ੇ ’ਤੇ ਇੱਕ ਫੋਟੋ ਛਾਪੀ ਕਿ ਅਮਰੀਕੀ ਪੁਲਾੜ ਯਾਤਰੀ ਅਪੋਲੋ-11 ਰਾਕੇਟ ਰਾਹੀਂ ਚੰਨ ’ਤੇ ਜਾਣ ਲਈ ਰਾਕੇਟ ਦੀਆਂ ਪੌੜੀਆਂ ਚੜ੍ਹ ਰਹੇ ਹਨ ਅਤੇ ਹੇਠਾਂ ਇੱਕ ਭਿਖਾਰੀ ਹੱਥ ਵਿੱਚ ਠੂਠਾ ਫੜ ਕੇ ਭੀਖ ਮੰਗ ਰਿਹਾ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਐਨਾ ਕੁਝ ਹੋਣ ਦੇ ਬਾਵਜੂਦ ਭਾਰਤ ਵਿੱਚ ਬੇਰੁਜ਼ਗਾਰੀ ਕਿਉਂ ਵਧ ਗਈ ਹੈ? ਇੱਕ ਮੈਟ੍ਰਿਕ ਪਾਸ ਸੇਵਾਦਾਰ ਦੀ ਅਸਾਮੀ ਲਈ ਬੀ. ਏ, ਐੱਮ. ਏ ਪਾਸ, ਇੰਜਨੀਅਰਾਂ ਦੇ ਹਜ਼ਾਰਾਂ ਪ੍ਰਾਰਥਨਾ ਪੱਤਰ ਕਿਉਂ ਆ ਜਾਂਦੇ ਹਨ। ਬੈਂਕਾਂ ਦੇ ਕਰੋੜਾਂ ਅਰਬਾਂ ਰੁਪਏ ਫਰਾਡੀਏ ਕਿਵੇਂ ਭਾਰਤ ਵਿੱਚੋਂ ਬਾਹਰ ਲਿਜਾਣ ਲਈ ਕਮਯਾਬ ਹੋ ਜਾਂਦੇ ਹਨ। ਭਾਰਤ ਵਿੱਚ ਭਿਖਾਰੀ ਕਿਉਂ ਵਧ ਰਹੇ ਹਨ, ਭਾਰਤ ਵਿੱਚੋਂ ਨੌਜਵਾਨ ਕਾਨੂੰਨੀ ਅਤੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵੱਲ ਕਿਉਂ ਜਾ ਰਹੇ ਹਨ, ਜਵਾਨੀ ਨਸ਼ਿਆਂ ਨਾਲ ਕਿਉਂ ਤਬਾਹ ਹੋ ਰਹੀ ਹੈ? ਵੈਸ਼ਯਾਵ੍ਰਿਤੀ ਅਜੇ ਵੀ ਭਾਰਤ ਵਿੱਚ ਕਿਉਂ ਹੈ? ਕੋਈ ਉੱਤਰ ਨਹੀਂ, ਕਿਉਂਕਿ ਇਹ ਇੰਡਸਟਰੀ ਵਿਗਿਆਨ ਜਾਂ ਅਰਥ ਵਿਗਿਆਨ ਦਾ ਵਿਸ਼ਾ ਨਹੀਂ।
ਜੁਰਮ ਵਿਗਿਆਨ ਨੇ ਵੀ ਬਹੁਤ ਤਰੱਕੀ ਕਰ ਲਈ ਹੈ। ਹੁਣ ਕਤਲ ਜਾਂ ਚੋਰੀ ਦੀ ਵਾਰਦਾਤ ਕਰਨ ਵਾਲੇ ਦੀ ਪਛਾਣ ਕੇਵਲ ਉਂਗਲੀਆਂ ਦੇ ਨਿਸ਼ਾਨਾ ਤੋਂ ਨਹੀਂ ਕੀਤੀ ਜਾਂਦੀ ਬਲਕਿ ਅੱਖਾਂ ਦੀਆਂ ਪੁਤਲੀਆਂ ਤੋਂ ਵੀ ਕੀਤੀ ਜਾਂਦੀ ਹੈ। ਕੋਈ ਅਪਰਾਧੀ ਭਾਵੇਂ ਪਲਾਸਟਿਕ ਸਰਜਰੀ ਕਰਵਾ ਕੇ ਚਿਹਰਾ ਬਦਲ ਲਵੇ ਤਾਂ ਵੀ ਪਕੜਿਆ ਜਾ ਸਕਦਾ ਹੈ। ਕਿਸੇ ਨੂੰ ਮਾਰ ਕੇ ਦੱਬ ਦੇਣ ਜਾਂ ਸਾੜ ਦੇਣ ਤੋਂ ਬਾਅਦ ਵੀ ਲਾਸ਼ ਅਣਪਛਾਣੀ ਨਹੀਂ ਰਹਿ ਸਕਦੀ, ਹੁਣ ਡੀ.ਐੱਨ.ਏ. ਟੈਸਟ ਨਾਲ ਸਭ ਕੁਝ ਪਤਾ ਲੱਗ ਜਾਂਦਾ ਹੈ। ਇਹ ਵੀ ਦੱਸਿਆ ਜਾ ਸਕਦਾ ਹੈ ਕਿ ਮ੍ਰਿਤਕ ਨੂੰ ਮਰੇ ਹੋਏ ਕਿੰਨਾ ਸਮਾਂ ਹੋ ਚੁੱਕਿਆ ਹੈ ਅਤੇ ਮੌਤ ਦਾ ਕਾਰਣ ਕੀ ਸੀ। ਬਲਾਤਕਾਰੀ ਅਤੇ ਬਲਾਤਕਾਰ ਪੀੜਿਤਾਂ ਦੇ ਡੀ.ਐੱਨ.ਏ. ਟੈਸਟ ਨਾਲ ਬਿਲਕੁਲ ਸਹੀ ਪਤਾ ਲੱਗ ਸਕਦਾ ਹੈ ਕਿ ਦੋਸ਼ੀ ਵਿਅਕਤੀ ਬਲਾਤਕਾਰੀ ਹੈ ਜਾਂ ਨਹੀਂ। ਪਰ ਫੇਰ ਵੀ ਹਰ ਪ੍ਰਕਾਰ ਦੇ ਕਰੀਮ ਵਧ ਰਹੇ ਹਨ। ਇੱਥੋਂ ਤਕ ਕਿ ਪੁਲਿਸ ਥਾਣੇ ਜਾਂ ਮਾਲ ਘਰ ਵਿੱਚ ਚੋਰੀ ਹੋ ਜਾਂਦੀ ਹੈ ਪਰ ਚੋਰ ਪਕੜੇ ਨਹੀਂ ਜਾਂਦੇ। ਬਲਾਤਕਾਰੀ ਵਧ ਰਹੇ ਹਨ ਅਤੇ ਉਹ ਸ਼ਰੇਆਮ ਘੁੰਮ ਰਹੇ ਹਨ। ਬਲਾਤਕਾਰੀ ਸਨਮਾਨਿਤ ਹੋ ਰਹੇ ਹਨ। ਔਰਤਾਂ, ਬੱਚੇ ਅਗਵਾ ਹੋ ਰਹੇ ਹਨ ਪਰ ਅਗਵਾਕਾਰ ਪਕੜੇ ਨਹੀਂ ਜਾਂਦੇ। ਚਾਰ ਵਿਅਕਤੀਆਂ ਦੇ ਸਾਹਮਣੇ ਰਿਸ਼ਵਤਖੋਰ ਰਿਸ਼ਵਤ ਲੈਂਦਾ ਪਕੜਿਆ ਜਾਂਦਾ ਹੈ, ਗਵਾਹ ਵੀ ਹੁੰਦੇ ਹਨ, ਪਰ ਉਹ ਬਚ ਜਾਂਦਾ ਹੈ। ਕੀ ਕ੍ਰਾਈਮ ਵਿਗਿਆਨੀ ਦੱਸ ਸਕਦੇ ਹਨ ਕਿ ਇਸ ਸਭ ਕੁਝ ਦਾ ਕੀ ਕਾਰਣ ਹੈ? ਜੀ ਨਹੀਂ, ਕਿਉਂਕਿ ਇਹ ਕ੍ਰਾਈਮ ਵਿਗਿਆਨ ਦਾ ਵਿਸ਼ਾ ਨਹੀਂ।
ਵਿਗਿਆਨ ਨੇ ਮਨੁੱਖ ਦੀ ਜ਼ਿੰਦਗੀ ਹਰ ਖੇਤਰ ਵਿੱਚ ਸੁਖਾਲੀ ਬਣਾਈ ਹੈ ਅਤੇ ਹੋਰ ਵੀ ਸੁਖਾਲੀ ਬਣਾ ਰਹੀ ਹੈ। ਕੁਦਰਤ ਦੇ ਕਈ ਅਣਸੁਲਝੇ ਭੇਦਾਂ ਨੂੰ ਸੁਲਝਾਇਆ ਹੈ। ਕੁਦਰਤ ਨਾਲ ਸਬੰਧਿਤ ਹਰ ਪ੍ਰਸ਼ਨ ਦਾ ਉੱਤਰ ਦਿੱਤਾ ਹੈ। ਸਮਾਜ ਵੀ ਤਾਂ ਕੁਦਰਤ ਦਾ ਇੱਕ ਅਨਿੱਖੜਵਾਂ ਹਿੱਸਾ ਹੈ। ਸਮਾਜ ਨਾਲ ਸਬੰਧਿਤ ਉਪਰੋਕਤ ਸਾਰੇ ਪ੍ਰਸ਼ਨਾਂ ਦੇ ਉੱਤਰ ਜੇਕਰ ਵਿਗਿਆਨ ਦਾ ਵਿਸ਼ਾ ਨਹੀਂ ਤਾਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਕਿਸ ਕੋਲ ਹਨ? ਇਹਨਾਂ ਪ੍ਰਸ਼ਨਾਂ ਦੇ ਉੱਤਰ ਕੇਵਲ ਫਲਸਫੇ ਕੋਲ ਹਨ ਪਰ ਹਰ ਪ੍ਰਕਾਰ ਦੇ ਫਲਸਫੇ ਕੋਲ ਨਹੀਂ ਹਨ। ਇੱਕ ਅਧਿਆਤਮਵਾਦੀ ਫ਼ਲਸਫ਼ਾ ਹੈ ਜਿਹੜਾ ਸਾਡੀ ਦੁਰਦਸ਼ਾ ਅਤੇ ਹੋਰ ਸਾਰੀਆਂ ਮੁਸੀਬਤਾਂ ਦਾ ਕਾਰਣ ਪਿਛਲੇ ਜਨਮਾਂ ਦੇ ਕਰਮ ਦੱਸਦਾ ਹੈ। ਉਹ ਅਗਲਾ ਜਨਮ ਸੁਧਾਰਨ ਲਈ ਚੰਗੇ ਕਰਮ ਕਰਨ, ਸੱਚੇ ਮਾਰਗ ਤੇ ਚੱਲਣ, ਦਾਨ, ਪੂਜਾ ਪਾਠ ਕਰਨ ਅਤੇ ਹਰ ਵੇਲੇ ਰੱਬ ਦਾ ਸਿਮਰਨ ਕਰਨ ਦਾ ਉਪਦੇਸ਼ ਦਿੰਦਾ ਹੈ। ਅਸੀਂ ਵੇਖਦੇ ਹਾਂ ਕਿ ਹਜ਼ਾਰਾਂ ਸਾਲਾਂ ਤੋਂ ਪੀਰ, ਪੈਗੰਬਰ, ਔਲੀਆ, ਗੁਰੂ ਆਦਿ ਉਪਦੇਸ਼ ਦਿੰਦੇ ਰਹੇ ਅਤੇ ਲੋਕ ਉਹਨਾਂ ਉਪਦੇਸ਼ਾਂ ਅਨੁਸਾਰ ਚਲਦੇ ਰਹੇ ਪਰ ਲੁੱਟ-ਖਸੁੱਟ, ਹਰ ਪ੍ਰਕਾਰ ਦਾ ਅਪਰਾਧੀਕਰਨ ਹਰ ਸਮੇਂ ਵਧਦਾ ਹੀ ਜਾ ਰਿਹਾ ਹੈ। ਇਹ ਵੀ ਵੇਖਿਆ ਗਿਆ ਹੈ ਕਿ ਚਤਰ ਲੁਟੇਰੇ, ਅਪਰਾਧੀ, ਜਿਨ੍ਹਾਂ ਨੂੰ ਅਧਿਆਤਮਵਾਦ ਪਾਪੀ ਕਹਿੰਦਾ ਹੈ, ਉਹ ਜ਼ਿੰਦਗੀ ਦੇ ਸਾਰੇ ਸੁੱਖ ਭੋਗ ਰਹੇ ਹਨ ਅਤੇ ਲੰਬੀ ਉਮਰ ਜੀ ਰਹੇ ਹਨ ਅਤੇ ਸੱਚੇ ਮਾਰਗ ’ਤੇ ਚੱਲਣ ਵਾਲੇ, ਜਿਨ੍ਹਾਂ ਨੂੰ ਧਰਮੀ ਕਿਹਾ ਜਾਂਦਾ ਹੈ, ਉਹ ਹਰ ਪ੍ਰਕਾਰ ਦਾ ਦੁੱਖ ਝੇਲ ਰਹੇ ਹਨ ਅਤੇ ਉਹਨਾਂ ਦੀ ਔਸਤ ਉਮਰ ਵੀ ਕਾਫ਼ੀ ਘੱਟ ਹੈ। ਦੂਜੇ ਪਾਸੇ ਪਦਾਰਥਵਾਦੀ ਫ਼ਲਸਫ਼ਾ ਹੈ ਜਿਸ ਨੂੰ ਮਾਰਕਸਵਾਦੀ ਫ਼ਲਸਫ਼ਾ ਵੀ ਕਹਿੰਦੇ ਹਨ। ਉਸ ਅਨੁਸਾਰ ਸਾਰਾ ਸੰਸਾਰ ਦੋ ਧੜਿਆਂ ਵਿੱਚ ਵੰਡਿਆ ਹੋਇਆ ਹੈ, ਇੱਕ ਲੋਕਾਂ ਦਾ ਇੱਕ ਜੋਕਾਂ ਦਾ ਹੈ। ਇੱਕ ਲੁੱਟੇ ਜਾਣ ਵਾਲੇ ਹਨ ਅਤੇ ਦੂਜੇ ਲੁਟੇਰੇ ਹਨ। ਲੁੱਟੇ ਜਾਣ ਵਾਲੇ ਲੋਕ ਪੈਦਾਵਾਰ ਦੇ ਸਾਧਨਾਂ ਦੇ ਮਾਲਿਕ ਨਹੀਂ ਹੁੰਦੇ ਅਤੇ ਲੁਟੇਰੇ ਸਾਰੇ ਪੈਦਾਵਾਰ ਦੇ ਸਾਧਨਾਂ ਦੇ ਮਾਲਿਕ ਹਨ। ਪੈਦਾਵਾਰ ਦੇ ਸਾਧਨ ਕੀ ਹਨ? ਇਹ ਵੱਡੀਆਂ ਜਗੀਰਾਂ ਹਨ, ਫੈਕਟਰੀਆਂ ਹਨ, ਖਦਾਨਾਂ (ਮਈਨਜ਼) ਹਨ, ਜਿੱਥੋਂ ਕੱਚੀਆਂ ਧਾਤਾਂ ਪ੍ਰਾਪਤ ਹੁੰਦੀਆਂ ਹਨ। ਪੈਟਰੋਲ ਦੇ ਜ਼ਮੀਨ ਹੇਠ ਜਾਂ ਸਮੁੰਦਰ ਹੇਠ ਭੰਡਾਰ, ਕੋਲੇ ਦੀਆਂ ਖਦਾਨਾਂ, ਡੈਮ, ਥਰਮਲ ਪਲਾਂਟ ਆਦਿ ਹਨ। ਜਿਹੜੇ ਕਿਸਾਨ ਜ਼ਮੀਨਾਂ ਦੇ ਮਾਲਿਕ ਦਿਸਦੇ ਹਨ ਉਹ ਰਸਾਇਣਿਕ ਖਾਦਾਂ ਦੀਆਂ ਫੈਕਟਰੀਆਂ ਦੇ ਮਾਲਿਕ ਨਹੀਂ, ਉਹ ਕੀੜੇ ਮਾਰ ਦਵਾਈਆਂ ਪੈਦਾ ਕਰਨ ਵਾਲੀਆਂ ਫੈਕਟਰੀਆਂ ਦੇ ਮਾਲਿਕ ਨਹੀਂ, ਉਹ ਤੇਲ ਦੇ ਖੂਹਾਂ ਜਾਂ ਰਿਫਾਇਨਰੀਆਂ ਦੇ ਮਾਲਿਕ ਨਹੀਂ ਅਤੇ ਫੈਕਟਰੀਆਂ, ਖਦਾਨਾਂ, ਖੂਹਾਂ ਜਾਂ ਰਿਫਾਇਨਰੀਆਂ ਦੇ ਮਲਿਕ ਭਾਵੇਂ ਨਿੱਜੀ ਹੋਣ ਜਾਂ ਸਰਕਾਰ ਹੋਵੇ, ਉਹੀ ਕਿਸਾਨਾਂ ਨੂੰ ਲੁੱਟਦੇ ਹਨ। ਫੈਕਟਰੀ ਦਾ ਮਾਲਿਕ ਹੀ ਆਪਣੇ ਮਜ਼ਦੂਰਾਂ ਦੇ ਕੰਮ ਕਰਨ ਦੇ ਘੰਟੇ ਅਤੇ ਉਹਨਾਂ ਦੀ ਉਜਰਤ ਦੇਣਾ ਤੈਅ ਕਰਦਾ ਹੈ ਅਤੇ ਲੁੱਟ ਕਰਦਾ ਹੈ। ਜੇਕਰ ਕਿਸੇ ਕੋਲ ਆਪਣਾ ਮਕਾਨ ਹੈ, ਸਾਈਕਲ ਹੈ ਜਾਂ ਕਾਰ ਹੈ ਤਾਂ ਇਹ ਉਸਦਾ ਪੈਦਾਵਾਰੀ ਦਾ ਸਾਧਨ ਨਹੀਂ ਅਤੇ ਨਾ ਹੀ ਉਹ ਇਸ ਨਾਲ ਕਿਸੇ ਦੀ ਲੁੱਟ ਕਰ ਸਕਦਾ ਹੈ।
ਉਪਰੋਕਤ ਸਾਰੀਆਂ ਸਮੱਸਿਆਵਾਂ ਦਾ ਹੱਲ ਕੇਵਲ ਅਤੇ ਕੇਵਲ ਆਮ ਲੋਕਾਂ ਨੂੰ ਪੈਦਾਵਾਰੀ ਦੇ ਸਾਧਨਾਂ ਦੇ ਮਾਲਿਕ ਬਣਾ ਕੇ ਹੀ ਹੱਲ ਹੋ ਸਕਦਾ ਹੈ। ਕੀ ਪੈਦਾਵਾਰ ਦੇ ਸਾਰੇ ਸਾਧਨਾਂ ਦੇ ਮਾਲਿਕ ਵਿਨੋਬਾ ਭਾਵੇ ਦੇ ਨਾਅਰੇ ‘ਧਨ ਔਰ ਧਰਤੀ ਬਟ ਕੇ ਰਹੇਗੀ’ ਨਾਲ ਆਮ ਲੋਕ ਮਾਲਕ ਬਣ ਗਏ ਜਾਂ ਬਣ ਸਕਦੇ ਹਨ? ਕੀ ਪੈਦਾਵਾਰ ਦੇ ਸਾਧਨਾਂ ਦੇ ਮਾਲਿਕ ਆਮ ਲੋਕ ਫਿਲਮਾਂ ਵਿੱਚ ਵਿਖਾਏ ਗਏ ਸੀਨ ਵਾਂਗ ਬਣ ਸਕਦੇ ਹਨ ਜਿਸ ਵਿੱਚ ਵਿਖਾਇਆ ਜਾਂਦਾ ਹੈ ਕਿ ਗਰੀਬ ਮਜ਼ਦੂਰ ਨਾਲ ਅਮੀਰ ਫੈਕਟਰੀ ਮਾਲਕ ਦੀ ਬੇਟੀ ਦਾ ਪਿਆਰ ਹੋ ਜਾਣ ਕਾਰਣ ਮਜ਼ਦੂਰ ਨੂੰ ਫੈਕਟਰੀ ਦਾ ਮਾਲਿਕ ਬਣਾ ਦਿੱਤਾ ਜਾਂਦਾ ਹੈ ਜਾਂ ਮਜ਼ਦੂਰਾਂ ਦੀ ਤਰਸਯੋਗ ਹਾਲਤ ਵੇਖ ਕੇ ਫੈਕਟਰੀ ਮਾਲਿਕ ਦਾ ਮਨ ਪਸੀਜ ਜਾਂਦਾ ਹੈ ਅਤੇ ਮਜ਼ਦੂਰਾਂ ਨੂੰ ਫੈਕਟਰੀ ਦਾ ਭਾਈਵਾਲ ਬਣਾ ਦਿੰਦਾ ਹੈ? ਇਹ ਸਾਰੀਆਂ ਪਰੀ ਕਥਾਵਾਂ ਫਿਲਮਾਂ ਵਿੱਚਵਿਖਾਈਆਂ ਜਾਂਦੀਆਂ ਹਨ। ਸਾਰੇ ਪੈਦਾਵਾਰੀ ਸਾਧਨਾਂ ਦੇ ਮਾਲਿਕ ਆਮ ਲੋਕਾਂ ਨੂੰ ਬਣਾਉਣ ਲਈ ਸਮਾਜਵਾਦੀ ਇਨਕਲਾਬ ਦੀ ਲੋੜ ਹੈ। ਇਹ ਕਿਵੇਂ ਹੋਵੇਗਾ, ਕੀ ਇਹ ਸ਼ਾਂਤੀ ਪੂਰਵਕ ਹੋਵੇਗਾ ਜਾਂ ਕਿਸੇ ਯੁੱਧ ਨਾਲ ਹੋਵੇਗਾ, ਇਸ ਲਈ ਅਲੱਗ ਲੇਖ ਹੋ ਸਕਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4170)
(ਸਰੋਕਾਰ ਨਾਲ ਸੰਪਰਕ ਲਈ: (