“ਹੁਣ ਜਦੋਂ ਤੋਂ ਭਾਜਪਾ ਦਾ ਰਾਜ ਆਇਆ ਹੈ ਕਿਸੇ ਵੀ ਵਿਰੋਧੀ ਵਿਚਾਰਾਂ ਵਾਲੇ ਨੂੰ ...”
(4 ਜਨਵਰੀ 2020)
ਸੰਸਾਰ ਵਿੱਚ ਬਹੁਗਿਣਤੀ ਉਹਨਾਂ ਲੋਕਾਂ ਦੀ ਹੀ ਰਹੀ ਹੈ ਅਤੇ ਹੁਣ ਵੀ ਹੈ ਜਿਹੜੇ ਕੇਵਲ ਆਪਣੇ ਜਾਂ ਆਪਣੇ ਹੀ ਪਰਿਵਾਰ ਜਾਂ ਆਪਣੇ ਰੁਜ਼ਗਾਰ ਬਾਰੇ ਸੋਚਦੇ ਹਨ। ਕਿਸੇ ਦਾ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਹੋ ਜਾਵੇ, ਉਹਨਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ ਹੁੰਦਾ। ਅਖਬਾਰ ਪੜ੍ਹਦੇ ਪੜ੍ਹਦੇ ਜੇ ਕੋਈ ਦਰਦਨਾਕ ਸੜਕੀ ਦੁਰਘਟਨਾ ਦੀ ਤਸਵੀਰ ਆ ਜਾਵੇ ਤਾਂ ਖਬਰ ਪੜ੍ਹਨ ਦੀ ਬਜਾਏ ਸਫ਼ਾ ਪਰਤਾ ਦੇਂਦੇ ਹਨ ਅਤੇ ਨਾਲ ਹੀ ਕਹਿੰਦੇ ਹਨ, “ਇਹ ਤਾਂ ਰੋਜ਼ ਰੋਜ਼ ਦਾ ਵਰਤਾਰਾ ਹੈ, ਲੋਕ ਧਿਆਨ ਨਾਲ ਨਹੀਂ ਚਲਦੇ।” ਪਰ ਜੇ ਕਿਤੇ ਆਪਣੇ ਕਿਸੇ ਰਿਸ਼ਤੇਦਾਰ ਦੀ ਸੜਕ ਦੁਰਘਟਨਾ ਹੋ ਜਾਵੇ ਤਾਂ ਅਖਬਾਰ ਵਿੱਚ ਆਈ ਤਸਵੀਰ ਵਾਲਾ ਸਫ਼ਾ ਬੜਾ ਸੰਭਾਲ ਕੇ ਰੱਖਦੇ ਹਨ ਅਤੇ ਹਰ ਮਿਲਣ ਵਾਲੇ ਨੂੰ ਵਿਖਾਉਂਦੇ ਹਨ।
ਸਾਡੀ ਪੁਲਸ ਵਿੱਚ ਵੀ ਬਹੁਗਿਣਤੀ ਅਜਿਹੇ ਲੋਕਾਂ ਦੀ ਹੈ ਜੋ ਕਿਸੇ ਨਾਲ ਹੁੰਦੀ ਨਾਜਾਇਜ਼ ਉੱਤੇ ਜਾਂ ਤਾਂ ਸੋਚਦੇ ਹਨ ‘ਸਾਨੂੰ ਕੀ’ ਜਾਂ ਇੱਕ ਤਮਾਸ਼ੇ ਦੀ ਤਰ੍ਹਾਂ ਵੇਖ ਕੇ ਆਪਣਾ ਮਨੋਰੰਜਨ ਕਰਦੇ ਹਨ। ਹਾਂ, ਜੇ ਉੱਪਰੋਂ ਸਖ਼ਤ ਹਿਦਾਇਤਾਂ ਹੋਣ ਤਾਂ ਹਰਕਤ ਵਿੱਚ ਆ ਜਾਂਦੇ ਹਨ। ਭਾਰਤ ਵਿੱਚ ਕਈ ਅਜਿਹੀਆਂ ਘਟਨਾਵਾਂ ਹੋਈਆਂ ਹਨ ਜਿੱਥੇ ਪੁਲਸ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਸੀ ਪਰ ਇਸ ਨੇ ਵੇਖ ਕੇ ਵੀ ਅਣਵੇਖਿਆ ਕੀਤਾ।
ਲਗਭਗ ਸੱਤ ਸਾਲ ਪੁਰਾਣੀ ਘਟਨਾ ਹੈ। ਵ੍ਰਿੰਦਾਵਨ ਉੱਤਰ ਪ੍ਰਦੇਸ਼ ਵਿੱਚ ਇੱਕ ਬਾਲੇਂਦੂ ਸੁਆਮੀ ਨਾਮ ਦਾ ਵਿਅਕਤੀ ਹੈ ਜਿਸਦਾ ਆਪਣਾ ਆਸ਼ਰਮ ਹੈ। ਉੱਥੇ ਯੋਗ ਵਿੱਦਿਆ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਸਕੂਲੀ ਸਿੱਖਿਆ ਮਿਲਦੀ ਹੈ ਜੋ ਕਿ ਕਿਸੇ ਵੀ ਪ੍ਰਾਈਵੇਟ ਸਕੂਲ ਤੋਂ ਵਧੀਆ ਹੁੰਦੀ ਹੈ। ਬੱਚਿਆਂ ਨੂੰ ਪਹਿਨਣ ਲਈ ਕੱਪੜਾ, ਖਾਣਾ ਅਤੇ ਰਿਹਾਇਸ਼ ਵੀ ਮੁਫਤ ਮਿਲਦੀ ਹੈ। ਸੁਆਮੀ ਪਹਿਲਾਂ ਆਸਤਿਕ ਸੀ। ਵੇਦਾਂ, ਸਨਾਤਨ ਧਰਮ, ਆਰੀਆ ਸਮਾਜ, ਸ਼ਿਵ ਅਤੇ ਸਾਰੇ ਦੇਵੀ ਦੇਵਤਿਆਂ ਦਾ ਅਧਿਐਨ ਕਰਦਾ ਅਤੇ ਧਾਰਮਿਕ ਅਨੁਯਾਈਆਂ ਨੂੰ ਹਰ ਤਰ੍ਹਾਂ ਦੀ ਧਾਰਮਿਕ ਸਿੱਖਿਆ ਦਿੰਦਾ ਸੀ। ਉਸ ਦੇ ਸ਼ਰਧਾਲੂ ਕਈ ਪੱਛਮੀ ਦੇਸ਼ਾਂ ਵਿੱਚ ਵੀ ਬਣ ਗਏ। ਪਰ ਉਹ ਜਿੰਨਾ ਜ਼ਿਆਦਾ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਦਾ ਉਸ ਨੂੰ ਉੰਨਾ ਜ਼ਿਆਦਾ ਮਹਿਸੂਸ ਹੁੰਦਾ ਕਿ ਇਹ ਸਭ ਕੁਝ ਪਖੰਡ ਹੈ ਅਤੇ ਮੈਂ ਆਪਣੇ ਭਗਤਾਂ ਨੂੰ ਵੀ ਪਖੰਡ ਪਰੋਸ ਰਿਹਾ ਹਾਂ। ਅੰਤ ਵਿੱਚ ਉਹ ਨਾਸਤਿਕ ਬਣ ਗਿਆ ਅਤੇ ਧਾਰਮਿਕ ਕਰਮਕਾਡਾਂ ਦੇ ਨਾਮ ਉੱਤੇ ਹੁੰਦੀ ਲੁੱਟ ਖਸੁੱਟ ਦਾ ਵਿਰੋਧੀ ਬਣ ਗਿਆ। ਉਸ ਨੇ ਸਾਲ ਦੋ ਸਾਲ ਬਾਅਦ ਭਾਰਤ ਦੇ ਨਾਸਤਕ, ਵਿਚਾਰ ਵਟਾਂਦਰੇ ਲਈ ਇਕੱਠੇ ਕਰਨੇ, ਨਾਸਤਿਕਾਂ ਦਾ ਇੱਕ ਦੋ ਦਿਨ ਦਾ ਰਹਿਣ ਦਾ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਆਪਣੀ ਜੇਬ ਵਿੱਚੋਂ ਕਰਨਾ। ਪਰ ਇਸ ਵਾਰ ਉਸ ਨੇ ਭਾਰਤੀ ਨਾਸਤਿਕਾਂ ਦੇ ਨਾਲ ਨਾਲ ਵਿਦੇਸ਼ੀ ਨਾਸਤਿਕਾਂ ਨੂੰ ਵੀ ਸੱਦਾ ਦੇ ਦਿੱਤਾ ਅਤੇ ਪੁਲਸ ਕਮਿਸ਼ਨਰ ਤੋਂ ਸੰਮੇਲਨ ਕਰਨ ਦੀ ਲਿਖਤੀ ਆਗਿਆ ਵੀ ਲੈ ਲਈ। ਇਸ ਨੂੰ ਪੁਜਾਰੀ ਵਰਗ ਨੇ ਨਾਕਾਬਲੇ ਬਰਦਾਸ਼ਤ ਸਮਝਿਆ। ਕਈ ਮੰਦਿਰਾਂ ਦੇ ਪੁਜਾਰੀ ਇਕੱਠੇ ਹੋ ਕੇ, ਆਪਣੇ ਨਾਲ ਕਾਫ਼ੀ ਸਾਰੇ ਗੁੰਡੇ ਲੈ ਕੇ. ਤਲਵਾਰਾਂ, ਬਰਛਿਆਂ, ਮਸ਼ਾਲਾਂ ਨਾਲ ਲੈਸ ਹੋ ਕੇ ਆ ਗਏ ਅਤੇ ਨਾਹਰੇ ਲੱਗਾਉਣ ਲੱਗੇ, “ਧਰਮ ਕੀ ਨਗਰੀ ਮੇਂ ਨਾਸਤਿਕ ਸੰਮੇਲਨ ਨਹੀਂ ਹੋਨੇ ਦੇਂਗੇ।” ਤੇ ਬਿਨਾ ਕਿਸੇ ਵਾਰਨਿੰਗ ਹਮਲਾ ਕਰ ਦਿੱਤਾ। ਆਸ਼ਰਮ ਦੀ ਵਾੜ ਨੂੰ ਅੱਗ ਲੱਗਾ ਦਿੱਤੀ, ਫਰਨੀਚਰ ਭੰਨ ਦਿੱਤਾ ਅਤੇ ਨਾਸਤਿਕਾਂ ਨੂੰ ਜਾਨ ਬਚਾ ਕੇ ਭੱਜਣ ਲਈ ਮਜਬੂਰ ਕਰ ਦਿੱਤਾ।
ਸੁਆਮੀ ਨੇ ਮੌਕੇ ਉੱਤੇ ਖੜ੍ਹੀ ਪੁਲਸ ਨੂੰ ਕਮਿਸ਼ਨਰ ਦੀ ਆਗਿਆ ਵਿਖਾਈ ਪਰ ਪੁਲਸ ਅਫਸਰਾਂ ਦਾ ਜਵਾਬ ਸੀ ਕਿ ਅਸੀਂ ਹਜੂਮ ਅੱਗੇ ਕੁਝ ਨਹੀਂ ਕਰ ਸਕਦੇ। ਹੋਰ ਤਾਂ ਹੋਰ ਲੇਟ ਆਉਣ ਵਾਲੇ ਨਾਸਤਿਕ ਜਦੋਂ ਕਿਸੇ ਸਿਪਾਹੀ ਨੂੰ ਪੁੱਛਦੇ ਕਿ ਬਾਲੇਂਦੂ ਸੁਆਮੀ ਦਾ ਆਸ਼ਰਮ ਕਿੱਥੇ ਹੈ, ਤਾਂ ਪੁਲਸ ਦਾ ਜਵਾਬ ਹੁੰਦਾ, “ਜਾਨ ਦੀ ਖੈਰੀਅਤ ਚਾਹੁੰਦੇ ਹੋ ਤਾਂ ਇੱਥੋਂ ਦੌੜ ਜਾਉ।”
ਖੈਰ, ਜਦੋਂ ਪੁਜਾਰੀ ਆਪਣਾ ਕੰਮ ਕਰਕੇ ਚਲੇ ਗਏ ਤਾਂ ਬਚੇ ਖੁਚੇ ਨਾਸਤਿਕ ਫੇਰ ਇਕੱਠੇ ਹੋ ਗਏ ਅਤੇ ਸੈਮੀਨਾਰ ਕੀਤਾ।
ਹੁਣ ਜਦੋਂ ਤੋਂ ਭਾਜਪਾ ਦਾ ਰਾਜ ਆਇਆ ਹੈ ਕਿਸੇ ਵੀ ਵਿਰੋਧੀ ਵਿਚਾਰਾਂ ਵਾਲੇ ਨੂੰ ਜਾਂ ਮੁਲਸਲਮਾਨ, ਇਸਾਈ, ਦਲਿਤ ਨੂੰ ਭੀੜ ਵੱਲੋਂ ਕੁੱਟ ਕੁੱਟ ਕੇ ਮਾਰ ਦੇਣਾ ਆਮ ਗੱਲ ਹੋ ਗਈ ਹੈ। ਜਦੋਂ ਕਿਸੇ ਮੁਸਲਮਾਨ ਜਾਂ ਕਿਸੇ ਦਲਿਤ ਨੂੰ ਗਊ ਹੱਤਿਆ ਜਾਂ ਬੀਫ ਰੱਖਣ ਦੇ ਸ਼ੱਕ ਵਿੱਚ ਹੀ ਕੁੱਟ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਤਾਂ ਪੁਲਸ ਨੇ ਬਜਾਏ ਦੋਸ਼ੀਆਂ ਵਿਰੁੱਧ ਐਕਸ਼ਨ ਲੈਣ ਦੇ, ਉਲਟਾ ਜਿਹੜਾ ਮਾਰਿਆ ਗਿਆ ਉਸ ਦੇ ਪਰਿਵਾਰ ਦੇ ਮੈਂਬਰਾਂ ਵਿਰੁੱਧ ਹੀ ਕੋਰਟ ਵਿੱਚ ਚਲਾਨ ਪੇਸ਼ ਕਰ ਦਿੱਤਾ ਜਾਂ ਦੋਸ਼ੀਆਂ ਵਿਰੁੱਧ ਐਸੀ ਬੇਸਿਰ ਪੈਰ ਐੱਫ ਆਈ ਆਰ ਦਰਜ ਕੀਤੀ ਕਿ ਦੋਸ਼ੀ ਸਾਫ ਬਰੀ ਹੋ ਕੇ ਨਿਕਲ ਗਏ।
ਜਵਾਹਰ ਲਾਲ ਨਹਿਰੂ ਯੂਨੀਵਰਸਟੀ ਵਿਦਿਆਰਥੀ ਯੂਨੀਅਨ ਦੇ ਆਗੂ ਕਨਈਆ ਕੁਮਾਰ ਵਿਰੁੱਧ ਇੱਕ ਝੂਠਾ ਹੀ ਕੇਸ ਪਾ ਦਿੱਤਾ ਕਿ ਉਸ ਨੇ ਭਾਰਤ ਵਿਰੋਧੀ ਨਾਹਰੇ ਲਗਾਏ ਹਨ। ਉਸ ਅਤੇ ਉਸ ਦੇ ਸਾਥੀਆਂ ਦੀ ਵੀਡੀਓ ਨਾਲ ਛੇੜਛਾੜ ਕਰਕੇ ਅਸਲ ਆਵਾਜ਼ ਦੀ ਥਾਂ ਨਕਲੀ ਆਵਾਜ਼ਾਂ ਭਰ ਕੇ ਉਸ ਉੱਤੇ ਦੇਸ਼ ਧ੍ਰੋਹ ਦਾ ਕੇਸ ਪਾ ਦਿੱਤਾ। ਜਦੋਂ ਉਸ ਨੂੰ ਫੜ ਕੇ ਕੋਰਟ ਲਿਜਾ ਰਹੇ ਸਨ ਤਾਂ ਵਕੀਲਾਂ ਨੇ ਪੁਲਸ ਦੀ ਮੌਜੂਦਗੀ ਵਿੱਚ ਹੀ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਵੀਡੀਓ ਲੱਖਾਂ ਲੋਕਾਂ ਨੇ ਵੇਖੀ ਹੈ, ਜਿਸ ਵਿੱਚ ਵਕੀਲ ਤਾਂ ਕਨਈਆ ਕੁਮਾਰ ਨੂੰ ਲਗਾਤਾਰ ਕੁੱਟ ਰਹੇ ਸਨ ਪਰ ਕਨਈਆ ਕੁਮਾਰ ਨੂੰ ਪੁਲਸ ਨੇ ਇਵੇਂ ਚੁੱਕਿਆ ਹੋਇਆ ਸੀ ਕਿ ਉਹ ਆਪਣੇ ਬਚਾਉ ਲਈ ਆਪਣੇ ਹੱਥ ਪੈਰ ਵੀ ਨਾ ਹਿਲਾ ਸਕੇ। ਹੋਰ ਵੀ ਕਈ ਘਟਨਾਵਾਂ ਹਨ ਜਿਨ੍ਹਾਂ ਵਿੱਚ ਪੁਲਸ ਨੇ ਜਾਂ ਤਾਂ ਅਣਗਹਿਲੀ ਵਿਖਾਈ ਜਾਂ ਦੰਗਾਕਾਰੀਆਂ ਦਾ ਸਾਥ ਦਿੱਤਾ।
ਜਦੋਂ ਕਾਰ ਪਾਰਕਿੰਗ ਜਾਂ ਕਾਰ ਦੀ ਟੱਕਰ ਮਾਰਨ ਦੇ ਮਸਲੇ ਨਾਲ ਵਕੀਲਾਂ ਅਤੇ ਪੁਲਸ ਵਿਚਕਾਰ ਗੱਲ ਤੂੰ ਤੂੰ, ਮੈਂ ਮੈਂ ਤੋਂ ਅੱਗੇ ਵਧ ਗਈ ਤਾਂ ਵਕੀਲਾਂ ਨੇ ਕਾਨੂੰਨ ਹੱਥ ਵਿੱਚ ਲੈ ਕੇ ਪੁਲਸ ਕਰਮਚਾਰੀਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਬਾਅਦ ਵਿੱਚ ਆ ਰਹੀਆਂ ਵੀਡੀਓ ਤੋਂ ਪਤਾ ਲੱਗਿਆ ਸੀ ਕਿ ਕੇਵਲ ਪੁਲਸ ਸਿਪਾਹੀ ਹੀ ਹਿੰਸਾ ਦਾ ਸ਼ਿਕਾਰ ਨਹੀਂ ਹੋਏ ਬਲਕਿ ਪੁਲਸ ਅਫਸਰ ਵੀ ਹਿੰਸਾ ਦੇ ਸ਼ਿਕਾਰ ਹੋਏ ਸਨ ਅਤੇ ਇਹਨਾਂ ਵਿੱਚ ਇੱਕ ਲੇਡੀ ਵੀ ਪੁਲਸ ਦੀ ਆਹਲਾ ਅਫਸਰ ਸੀ। ਪੁਲਸ ਨੇ ਧਰਨਾ ਦਿੱਤਾ, ਨਾਹਰੇਬਾਜ਼ੀ ਕੀਤੀ ਅਤੇ ਕਾਫ਼ੀ ਦੇਰ ਪ੍ਰੋਟੈਸਟ ਕਰਨ ਲਈ ਡਿਉਟੀਆਂ ਤੋਂ ਗੈਰ ਹਾਜ਼ਰ ਰਹੇ। ਹੁਣ ਉਹ ਹਰ ਪ੍ਰਕਾਰ ਦੀ ਹਿੰਸਾ ਦੇ ਵਿਰੁੱਧ ਕਹਿ ਰਹੇ ਸਨ ਅਤੇ ਦੋਸ਼ੀ ਵਕੀਲਾਂ ਉੱਤੇ ਸਖ਼ਤ ਕਾਰਵਾਈ ਲਈ ਕਹਿ ਰਹੇ ਹਨ। ਵਕੀਲਾਂ ਨੇ ਵੀ ਹੜਤਾਲ ਕਰ ਦਿੱਤੀ।
ਪਹਿਲਾਂ ਕਈ ਸਾਲ ਹਿੰਸਾ ਦੇਖ ਕੇ ਵੀ ਪੁਲਸ ਕਰਮਚਾਰੀ ਅਣਦੇਖੀ ਕਰਦੇ ਰਹੇ, ਹਿੰਸਾ ਦੇ ਦੋਸ਼ੀਆਂ ਨੂੰ ਢਿੱਲੀ ਜਿਹੀ ਐੱਫ ਆਈ ਆਰ ਨਾਲ ਬਚਾਉਂਦੇ ਰਹੇ। ਜੇ ਕੋਈ ਦੋਸ਼ੀ ਸਜ਼ਾ ਪਾ ਗਿਆ ਤਾਂ ਇਸ ਲਈ ਨਹੀਂ ਕਿ ਪੁਲਸ ਨੇ ਪੂਰੀ ਮੁਸਤੈਦੀ ਨਾਲ ਦੋਸ਼ੀ ਨੂੰ ਸਜ਼ਾ ਦਵਾ ਕੇ ਹਿੰਸਾ ਦੇ ਸ਼ਿਕਾਰ ਵਿਅਕਤੀ ਨੂੰ ਇਨਸਾਫ ਦਿਵਾਇਆ ਹੋਵੇ ਬਲਕਿ ਦੋਸ਼ੀਆਂ ਨੂੰ ਸਜ਼ਾਵਾਂ ਖੱਬੇ ਪੱਖੀ, ਲੋਕ ਪੱਖੀ ਜਥੇਬੰਦੀਆਂ ਦੇ ਦਬਾਅ ਪਾਉਣ ਕਾਰਣ ਹੋਈਆਂ। ਸਵਾਲ ਪੈਦਾ ਹੁੰਦਾ ਹੈ ਕਿ ਹੁਣ ਹੀ ਕਿਉਂ ਪੁਲਸ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ ਇਨਸਾਫ ਦੀ ਮੰਗ ਕਰ ਰਹੀ ਹੈ। ਕਾਰਣ ਤਾਂ ਸਪਸ਼ਟ ਹੈ ਕਿ ਜਬੈ ਬਾਣ ਲਾਗਯੋ, ਤਬੈ ਰੋਸ ਜਾਗਯੋ।
ਦੋਸ਼ੀ ਕੋਈ ਵੀ ਹੋਵੇ ਉਸ ਨੂੰ ਦੋਸ਼ ਅਨੁਸਾਰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਭਾਵੇਂ ਕੋਈ ਬਲਾਤਕਾਰੀ ਹੋਵੇ, ਚੋਰ ਹੋਵੇ, ਕਾਤਲ ਹੋਵੇ, ਡਾਕਟਰ ਹੋਵੇ, ਪੁਲਸ ਕਰਮਚਾਰੀ ਹੋਵੇ, ਝੂਠਾ ਮੁਕਾਬਲਾ ਕਰਨ ਵਾਲੀ ਪੁਲਸ ਹੋਵੇ, ਜੱਜ ਹੋਵੇ, ਵਕੀਲ ਹੋਵੇ, ਉੱਚ ਅਧਿਕਾਰੀ ਹੋਵੇ ਜਾਂ ਸਿਆਸਤਦਾਨ ਹੋਵੇ। ਵਿਰੋਧੀ ਪੱਖ ਦਾ ਕੋਈ ਵੀ ਸਿਆਸਤਦਾਨ, ਜਿਸ ਉੱਤੇ ਕਈ ਦੋਸ਼ ਲੱਗੇ ਹੋਣ, ਸੱਤਾ ਪੱਖ ਵਿੱਚ ਜਾਣ ਨਾਲ ਉਹ ਦੁੱਧ ਧੋਤਾ ਨਹੀਂ ਹੋ ਜਾਣਾ ਚਾਹੀਦਾ। ਮੁਕੱਦਮੇਂ ਕੇਵਲ ਵਿਰੋਧੀਆਂ ਉੱਤੇ ਹੀ ਕਿਉਂ, ਸੱਤਾ ਪੱਖ ਦੇ ਦੋਸ਼ੀਆਂ ਉੱਤੇ ਵੀ ਹੋਣੇ ਚਾਹੀਦੇ ਹਨ ਅਤੇ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਦੇਸ਼ ਦੀ ਬਿਹਤਰੀ ਲਈ ਪੁਲਸ ਅਤੇ ਨਿਆਂ ਵਿਵਸਥਾ ਅਜਿਹੀਆਂ ਹੋਣ ਕਿ ਇਹਨਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਬਣੇ ਨਾ ਕਿ ਲੋਕ ਇਹਨਾਂ ਤੋਂ ਦੂਰ ਰਹਿਣ ਵਿੱਚ ਆਪਣੀ ਭਲਾਈ ਸਮਝਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1873)
(ਸਰੋਕਾਰ ਨਾਲ ਸੰਪਰਕ ਲਈ: