“ਜਦੋਂ 3 ਸਤੰਬਰ 2020 ਨੂੰ ਚੀਨ ਨੇ ਜਾਪਾਨ ਉੱਤੇ ਜਿੱਤ ਦੀ ਵਰ੍ਹੇ ਗੰਢ ਮਨਾਈ ਤਾਂ ਚੀਨੀ ਰਾਸ਼ਟਰਪਤੀ ...”
(10 ਅਕਤੂਬਰ 2021)
ਡਾਕਟਰ ਦਵਾਰਕਾ ਨਾਥ ਸ਼ਾਂਤਾ ਰਾਮ ਕੋਟਨੀਸ ਜਿਸ ਨੂੰ ਚੀਨੀ ਲੋਕ ਦਿਹੁਆ ਦੇ ਨਾਮ ਨਾਲ ਯਾਦ ਕਰਦੇ ਹਨ, ਉਹਨਾਂ ਦਾ ਜਨਮ ਮਹਾਰਾਸ਼ਟਰ ਦੇ ਸ਼ੋਲਾਪੁਰ ਵਿਚ 10 ਅਕਤੂਬਰ 1910 ਵਾਲੇ ਦਿਨ ਹੋਇਆ ਸੀ। 1938 ਵਿਚ ਪਹਿਲੇ ਚੀਨ ਜਾਪਾਨ ਯੁੱਧ ਵੇਲੇ ਭਾਰਤ ਦੀ ਅੰਗਰੇਜ਼ ਸਰਕਾਰ ਨੇ ਪੰਜ ਡਾਕਟਰਾਂ ਦੀ ਟੋਲੀ ਵਿੱਚ ਉਸ ਨੂੰ ਚੀਨ ਦੀ ਮਦਦ ਕਰਨ ਲਈ ਭੇਜਿਆ ਸੀ। ਡਾਕਟਰ ਕੋਟਨੀਸ ਨੇ ਚੀਨੀ ਕ੍ਰਾਂਤੀ ਵੇਲੇ ਚੀਨੀਆਂ ਦੀ ਸਹਾਇਤਾ ਕੀਤੀ ਸੀ ਅਤੇ ਕ੍ਰਾਂਤੀ ਦੀ ਅਗਵਾਈ ਕਾਮਰੇਡ ਮਾਓ ਜ਼ੇ ਤੁੰਗ ਕਰ ਰਹੇ ਸਨ। ਭਾਵੇਂ ਕਿ ਚੀਨ ਅਤੇ ਭਾਰਤ ਦੇ ਸਬੰਧ 1962 ਤੋਂ ਬਾਅਦ ਕਦੇ ਵੀ ਸੁਖਾਵੇਂ ਨਹੀਂ ਰਹੇ ਪਰ ਡਾਕਟਰ ਕੋਟਨੀਸ ਨੂੰ ਅੱਜ ਵੀ ਚੀਨ-ਭਾਰਤ ਦੀ ਦੋਸਤੀ ਦੇ ਪ੍ਰਤੀਕ ਦੇ ਤੌਰ ’ਤੇ ਯਾਦ ਕੀਤਾ ਜਾਂਦਾ ਹੈ। ਹਰ ਸਾਲ ਚੀਨ ਦੇ ਸ਼ਹੀਦਾਂ ਦੀ ਯਾਦ ਵਿੱਚ ਕਿੰਗਮਿੰਗ ਫੈਸਟੀਵਲ ਮਨਾਇਆ ਜਾਂਦਾ ਹੈ ਜਿਸ ਵਿਚ ਦਿਹੁਆ ਨੂੰ ਖਾਸ ਤੌਰ ਤੇ ਯਾਦ ਕੀਤਾ ਜਾਂਦਾ ਹੈ।
ਇਸ ਫੈਸਟੀਵਲ ਵਿਚ ਕੈਨੇਡਾ ਦੇ ਡਾਕਟਰ ਨੋਰਮਾਨ ਬੇਥੂਨੇ ਦੇ ਨਾਲ ਹੀ ਡਾਕਟਰ ਕੋਟਨੀਸ ਨੂੰ ਸ਼ਰਧਾਂਜਲੀ ਦਿੱਤੀ ਗਈ। 1942 ਵਿਚ ਡਾਕਟਰ ਕੋਟਨੀਸ ਚੀਨ ਦੀ ਕਮਿਊਨਿਸਟ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ। ਚੀਨੀ ਕ੍ਰਾਂਤੀ ਦੇ ਮੁਸ਼ਕਿਲ ਸਮੇਂ ਚੀਨ ਦੀ ਸਹਾਇਤਾ ਕਰਨ ਕਾਰਣ ਮਾਓ ਜ਼ੇ ਤੁੰਗ ਨੇ ਉਸ ਦੀ ਤਾਰੀਫ਼ ਕੀਤੀ ਸੀ ਅਤੇ ਚੀਨ ਦੇ ਇੱਕ ਅਧਿਕਾਰੀ ਨੇ ਉਸ ਨੂੰ ਇੱਕ ਚੰਗਾ ਯੋਧਾ ਕਿਹਾ, ਜਿਹੜਾ ਕਿ ਇੱਕ ਹੀ ਅਵਾਜ਼ ਦੇ ’ਤੇ ਚੀਨ ਦੀ ਸਹਾਇਤਾ ’ਤੇ ਆ ਗਿਆ।
ਚੀਨ ਦੇ ਕਈ ਸਿਆਸਤਦਾਨਾਂ ਦਾ ਮੰਨਣਾ ਹੈ ਕਿ ਡਾਕਟਰ ਦਿਹੁਆ ਨੇ ਚੀਨ ਭਾਰਤ ਦੋਸਤੀ ਦਾ ਇੱਕ ਨਵਾਂ ਅਧਿਆਏ ਸ਼ੁਰੂ ਕੀਤਾ ਸੀ ਅਤੇ ਇਹ ਗੱਲ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਦੱਸਣੀ ਚਾਹੀਦੀ ਹੈ। ਗੁਓ ਨਾਮ ਦੀ ਇੱਕ ਔਰਤ ਚੀਨ ਵਿਚ ਇੱਕ ਨਰਸ ਸੀ ਅਤੇ ਗੁਓ ਨਾਲ ਡਾਕਟਰ ਕੋਟਨੀਸ ਦੀ ਮੁਲਾਕਾਤ ਇੱਕ ਫੰਕਸ਼ਨ ਵਿਚ ਹੋਈ। ਕੋਟਨੀਸ ਚੰਗੀ ਤਰ੍ਹਾਂ ਚੀਨੀ ਭਾਸ਼ਾ ਬੋਲ ਲੈਂਦੇ ਸਨ, ਇਸ ’ਤੇ ਗੁਓ ਇਸ ’ਤੇ ਬਹੁਤ ਪ੍ਰਭਾਵਿਤ ਹੋਈ। ਦੋਵਾਂ ਵਿਚ ਪਿਆਰ ਹੋ ਗਿਆ ਅਤੇ ਇਹ ਪਿਆਰ 1941 ਵਿਚ ਇੱਕ ਸ਼ਾਦੀ ਵਿਚ ਤਬਦੀਲ ਹੋ ਗਿਆ। ਉਹਨਾਂ ਦੇ ਘਰ ਇੱਕ ਬੇਟਾ ਹੋਇਆ ਜਿਸ ਦਾ ਨਾਮ ਉਹਨਾਂ ਨੇ ਯਿਨਹੁਆ ਰੱਖਿਆ। ਯਿਨ ਦਾ ਮਤਲਬ ਭਾਰਤ ਅਤੇ ਹੁਆ ਦਾ ਮਤਲਬ ਚੀਨ ਹੈ। 9 ਦਿਸੰਬਰ 1942 ਵਾਲੇ ਦਿਨ 32 ਸਾਲ ਦੀ ਉਮਰ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ। ਚੀਨ ਦੇ ਨਾਗਰਿਕ ਉਸ ਨੂੰ ਬੜੇ ਸਤਿਕਾਰ ਨਾਲ ਯਾਦ ਕਰਦੇ ਹਨ ਅਤੇ ਕਈ ਸ਼ਹਿਰਾਂ ਵਿੱਚ ਉਹਨਾਂ ਦੇ ਬੁੱਤ ਲੱਗੇ ਹੋਏ ਸਨ।
ਗੁਓ ਕਈ ਵਾਰ ਭਾਰਤ ਆਈ ਅਤੇ ਭਾਰਤ ਨਾਲ ਬਹੁਤ ਪਿਆਰ ਕਰਦੀ ਸੀ। ਗੁਓ ਨੇ ਡਾਕਟਰ ਕੋਟਨੀਸ ਦੀ ਯਾਦ ਵਿੱਚ ਇੱਕ ਕਿਤਾਬ ਲਿਖੀ, “ਮਾਈ ਲਾਈਫ ਵਿਦ ਡਾਕਟਰ ਕੋਟਨੀਸ”। ਕਿਤਾਬ ਵਿਚ ਗੁਓ ਲਿਖਦੀ ਹੈ ਕਿ ਭਾਰਤ ਅਤੇ ਭਾਰਤ ਦੇ ਲੋਕ ਬਹੁਤ ਪਿਆਰੇ ਹਨ ਅਤੇ ਇਹ ਉਹਨਾਂ ਦੀ ਸਭਿਅਤਾ ਅਤੇ ਸੰਸਕ੍ਰਿਤੀ ਦਾ ਪ੍ਰਤੀਕ ਹੈ। ਸ਼ਾਇਦ ਇਸੇ ਕਾਰਣ ਹੀ ਭਾਰਤ ਨੂੰ ਦੁਨੀਆਂ ਵਿੱਚ ਇੱਕ ਵਿਲੱਖਣ ਸਥਾਨ ਮਿਲਿਆ ਹੋਇਆ ਹੈ।
ਸਤੰਬਰ 2020 ਵਿਚ ਦਿਹੁਆ ਦੇ ਇੱਕ ਕਾਂਸੇ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਸ਼ਿਜਿਯਾਝੁੰਆਂਗ ਸ਼ਹਿਰ ਵਿਚ ਕੀਤੀ ਗਈ, ਜਿਹੜਾ ਕਿ ਹੇਬਈ ਪ੍ਰਾਂਤ ਦੀ ਰਾਜਧਾਨੀ ਹੈ। ਇੱਥੇ ਹੀ ਦਿਹੁਆ ਦੇ ਨਾਮ ’ਤੇ ਸ਼ਿਜਿਯਾਝੁੰਆਂਗ ਮੈਡੀਕਲ ਸਾਇੰਸ ਸੈਕੰਡਰੀ ਸਪੈਸ਼ਲਾਈਜ਼ਡ ਸਕੂਲ ਦਾ ਨਾਮ ਰੱਖਿਆ ਗਿਆ।
ਜਦੋਂ 3 ਸਤੰਬਰ 2020 ਨੂੰ ਚੀਨ ਨੇ ਜਾਪਾਨ ਉੱਤੇ ਜਿੱਤ ਦੀ ਵਰ੍ਹੇ ਗੰਢ ਮਨਾਈ ਤਾਂ ਚੀਨੀ ਰਾਸ਼ਟਰਪਤੀ ਸੀ ਜਿਨਪਿੰਗ ਨੇ ਡਾਕਟਰ ਕੋਟਨੀਸ ਨੂੰ ਯਾਦ ਕੀਤਾ। ਜਿਨਪਿੰਗ ਨੇ ਆਪਣੇ ਭਾਸ਼ਣ ਵਿਚ ਕਿਹਾ, “ਡਾਕਟਰ ਕੋਟਨੀਸ ਉਸ ਵੇਲੇ ਚੀਨ ਆਏ, ਜਿਸ ਵੇਲੇ ਸਾਨੂੰ ਉਹਨਾਂ ਦੀ ਬਹੁਤ ਲੋੜ ਸੀ ਅਤੇ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤੋਂ ਆ ਕੇ ਉਹਨਾਂ ਚੀਨੀ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦਾ ਨੇਕ ਕੰਮ ਕੀਤਾ। ਉਹਨਾਂ ਦੀਆਂ ਦਿਲ ਨੂੰ ਛੂਹ ਲੈਣ ਵਾਲੀਆਂ ਕਹਾਣੀਆਂ ਅਤੇ ਉਹਨਾਂ ਦਾ ਨੈਤਿਕ ਚਰਿੱਤਰ ਹਮੇਸ਼ਾ ਚੀਨ ਦੇ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਰਹੇਗਾ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4281)
(ਸਰੋਕਾਰ ਨਾਲ ਸੰਪਰਕ ਲਈ: (