“ਰੁਜ਼ਗਾਰ ਦੀ ਥਾਂ ਵੱਡੇ ਵੱਡੇ ਮੰਦਿਰ ਮਿਲਦੇ ਹਨ, ਮੂਰਤੀਆਂ ਮਿਲਦੀਆਂ ਹਨ। ਗੰਗਾ ਦੀ ਸਫਾਈ ...”
(1 ਫਰਵਰੀ 2022)
ਪੰਜ ਸਾਲ ਲੋਕ ਰੁਜ਼ਗਾਰ ਮੰਗਦੇ ਰਹਿੰਦੇ ਹਨ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣਾ ਚਾਹੁੰਦੇ ਹਨ। ਬਲਾਤਕਾਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਕਾਨੂੰਨੀ ਅਤੇ ਸਮਾਜਿਕ ਉਪਾਅ ਚਾਹੁੰਦੇ ਹਨ। ਬਲਾਤਕਾਰ ਦੇ ਕੇਸਾਂ ਦਾ ਕੋਰਟਾਂ ਵਿੱਚ ਛੇਤੀ ਨਿਪਟਾਰਾ ਹੋਣ ਦੀ ਮੰਗ ਕਰਦੇ ਹਨ। ਲੋਕ ਸ਼ਾਂਤਮਈ ਅਤੇ ਭਾਈਚਾਰੇ ਵਾਲਾ ਸਮਾਜ ਚਾਹੁੰਦੇ ਹਨ ਜਿਸ ਵਿੱਚ ਹਰ ਧਰਮ, ਹਰ ਮਜ਼ਹਬ ਦੇ ਲੋਕ ਮਿਲਜੁਲ ਕੇ ਪਿਆਰ ਨਾਲ ਰਹਿ ਸਕਣ। ਲੋਕ ਨੇਤਾਵਾਂ ਦੇ ਝੂਠੇ ਲਾਰਿਆਂ ਤੋਂ ਐਨਾ ਤੰਗ ਆ ਚੁੱਕੇ ਹਨ ਕਿ ਜੇਕਰ ਕੋਈ ਨੇਤਾ ਸੱਚੇ ਦਿਲੋਂ ਵੀ ਕੋਈ ਵਾਇਦਾ ਕਰੇ ਤਾਂ ਲੋਕ ਇਹੋ ਸਮਝਣਗੇ ਕਿ ਇਹ ਵੀ ਕੋਈ ਜੁਮਲਾ ਹੀ ਹੈ। ਕੋਰਟਾਂ ਵਿੱਚ ਲੋਕ ਛੇਤੀ ਨਿਆਂ ਚਾਹੁੰਦੇ ਹਨ। ਇਹ ਬਰਦਾਸ਼ਤ ਤੋਂ ਬਾਹਰ ਹੈ ਕਿ ਨਿਆਂ ਲਈ ਕਿਸੇ ਨੂੰ 40 ਸਾਲ ਜਾਂ ਇਸ ਤੋਂ ਵੱਧ ਉਡੀਕਣਾ ਪਾਵੇ। “ਨਿਆਂ ਵਿੱਚ ਦੇਰੀ ਨਿਆਂ ਤੋਂ ਇਨਕਾਰੀ ਹੈ” ਕੇਵਲ ਕਿਤਾਬਾਂ ਵਿੱਚ ਲਿਖਿਆ ਜਾਂ ਵਕੀਲਾਂ ਦੇ ਮੂੰਹ ਵਿੱਚੋਂ ਹੀ ਨਿਕਲਦਾ ਹੈ ਪਰ ਵਾਸਤਵਿਕਤਾ ਇਸ ਤੋਂ ਕੋਹਾਂ ਦੂਰ ਹੈ। ਸੰਵਿਧਾਨ ਅਨੁਸਾਰ ਭਾਰਤ ਵਿੱਚ ਸਾਰੇ ਬਰਾਬਰ ਹਨ। ਪਰ ਗਰੀਬੀ ਅਮੀਰੀ ਦੇ ਪਾੜੇ ਦੇ ਹੁੰਦਿਆਂ ਨਾ ਤਾਂ ਗਰੀਬ ਨੂੰ ਨਿਆਂ ਮਿਲ ਸਕਦਾ ਹੈ, ਨਾ ਚੰਗੀਆਂ ਸਿਹਤ ਸਹੂਲਤਾਂ ਅਤੇ ਨਾ ਹੀ ਗਰੀਬ ਦੇ ਬੱਚੇ ਨੂੰ ਚੰਗੀ ਵਿੱਦਿਆ ਮਿਲ ਸਕਦੀ ਹੈ। ਗਰੀਬੀ, ਅਨਪੜ੍ਹਤਾ ਅਤੇ ਭੈੜੀਆਂ ਸਿਹਤ ਸਹੂਲਤਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤ ਵਿੱਚ ਹਰ ਸਾਲ ਤਿੰਨ ਲੱਖ ਨੌ ਹਜ਼ਾਰ ਬੱਚੇ ਜਨਮ ਸਮੇਂ ਹੀ ਮਰ ਜਾਂਦੇ ਹਨ ਅਤੇ ਜਿਹੜੇ ਬਚ ਜਾਂਦੇ ਹਨ ਉਹਨਾਂ ਵਿੱਚੋਂ ਇੱਕ ਹਜ਼ਾਰ ਪਿੱਛੇ 95 ਬੱਚੇ ਆਪਣੇ ਪੰਜਵੇਂ ਜਨਮ ਦਿਨ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਇਸ ਲਈ ਲੋਕ ਅਤੇ ਖਾਸ ਕਰ ਗਰੀਬ ਲੋਕ ਗਰੀਬੀ ਅਤੇ ਅਮੀਰੀ ਦੇ ਪਾੜੇ ਨੂੰ ਘੱਟ ਤੋਂ ਘੱਟ ਕਰਨ ਦੀਆਂ ਬੇਨਤੀਆਂ ਪਿਛਲੇ 70 ਸਾਲਾਂ ਤੋਂ ਹੀ ਕਰ ਰਹੇ ਹਨ। ਕਿਸਾਨ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਐੱਮ ਐੱਸ ਪੀ ਅਤੇ ਫ਼ਸਲ ਬੀਮੇ ਦੀ ਮੰਗ ਕਰ ਰਹੇ ਹਨ।
ਨੌਜਵਾਨਾਂ ਦੀ ਮੰਗ ਜਿੱਥੇ ਯੋਗਤਾ ਅਨੁਸਾਰ ਰੁਜ਼ਗਾਰ ਪ੍ਰਾਪਤ ਕਰਨ ਦੀ ਹੈ, ਉੱਥੇ ਇਹ ਵੀ ਹੈ ਕਿ ਵੋਟ ਪਾਉਣ ਦੀ ਉਮਰ ਦੇ ਹੋਣ ’ਤੇ ਜੇਕਰ ਉਹਨਾਂ ਨੂੰ ਆਪਣਾ ਨੇਤਾ ਚੁਣਨ ਦਾ ਅਧਿਕਾਰ ਹੈ ਤਾਂ ਉਹਨਾਂ ਨੂੰ ਮਨਮਰਜ਼ੀ ਦਾ ਖਾਣਾ ਖਾਣ ਅਤੇ ਪਹਿਰਾਵਾ ਪਹਿਨਣ ਦਾ ਅਧਿਕਾਰ ਵੀ ਚਾਹੀਦਾ ਹੈ। ਇਸ ਤੋਂ ਅੱਗੇ ਜਦੋਂ ਉਹ ਕਾਨੂੰਨੀ ਤੌਰ ’ਤੇ ਵਿਆਹ ਕਰਵਾਉਣ ਦੇ ਹੱਕਦਾਰ ਹੋਣ ਤਾਂ ਉਹਨਾਂ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਜਿਸ ਮਰਜ਼ੀ ਜਾਤ ਜਾਂ ਜਿਸ ਮਰਜ਼ੀ ਧਰਮ ਦੇ ਜੀਵਨ ਸਾਥੀ ਜਾਂ ਸਾਥਣ ਨੂੰ ਚੁਣਨ।
ਪਰ ਹੋ ਇਹਨਾਂ ਸਭਨਾਂ ਤੋਂ ਉਲਟ ਹੋ ਰਿਹਾ ਹੈ। ਰੁਜ਼ਗਾਰ ਦੇ ਮੌਕੇ ਵਧਾਉਣ ਦੀ ਬਜਾਏ ਘਟਾਈ ਜਾ ਰਹੇ ਹਨ। ਸਰਕਾਰੀ ਅਦਾਰੇ ਜਾਂ ਤਾਂ ਘਟਾ ਦਿੱਤੇ ਗਏ ਹਨ ਜਾਂ ਉਹਨਾਂ ਦੀਆਂ ਸੇਵਾਵਾਂ ਹਾਲਤਾਂ ਨਿੱਜੀ ਅਦਾਰਿਆਂ ਦੀ ਤਰ੍ਹਾਂ ਭੈੜੀਆਂ ਬਣਾ ਦਿੱਤੀਆਂ ਗਈਆਂ ਹਨ। ਨਿੱਜੀ ਅਦਾਰੇ ਵਧਣ ਦਾ ਮਤਲਬ ਹੀ ਬੇਰੁਜ਼ਗਾਰੀ ਦਾ ਛੜੱਪੇ ਮਾਰ ਕੇ ਅੱਗੇ ਵਧਣਾ ਹੈ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਬੇਰੁਜ਼ਗਾਰਾਂ ਦੀ ਫੌਜ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਉੱਥੇ ਲੋੜ ਤੋਂ ਵੱਧ ਮਸ਼ੀਨੀਕਰਨ ਮੇਰੀ ਸਮਝ ਤੋਂ ਬਾਹਰ ਹੈ ਕਿ ਬੇਰੁਜ਼ਗਾਰੀ ਕਿਵੇਂ ਘਟਾਏਗਾ। ਮਹਿੰਗਾਈ ਅਤੇ ਭ੍ਰਿਸ਼ਟਾਚਾਰ ਲਗਾਤਾਰ ਵਧ ਰਿਹਾ ਹੈ। ਕਈ ਅਜਿਹੇ ਦੇਸ਼ ਹਨ ਜਿੱਥੇ ਰਿਸ਼ਵਤ ਦੇਣੀ ਜਾਇਜ਼ ਹੈ ਅਤੇ ਬਕਾਇਦਾ ਰਜਿਸਟਰ ਹੁੰਦੀ ਹੈ, ਉਸ ਨੂੰ ਨਾਮ ਕੋਈ ਵੀ ਦਿੱਤਾ ਜਾ ਸਕਦਾ ਹੈ। ਇਸ ਨੂੰ ਰਿਸ਼ਵਤ ਨਹੀਂ ਕਹਿਣਾ ਤਾਂ ਮਿਡਲ ਮੈਨ ਨੂੰ ਅਦਾਇਗੀ ਕਿਹਾ ਜਾ ਸਕਦਾ ਹੈ। ਨੇਤਾ ਲੋਕ ਆਮ ਤੌਰ ’ਤੇ ਸੌਦੇ ਉੱਥੇ ਹੀ ਕਰਦੇ ਹਨ। ਨੇਤਾ ਭ੍ਰਿਸ਼ਟਾਚਾਰੀ ਹੋਣ ਤਾਂ ਹੇਠਲੇ ਅਫਸਰਾਂ ਤੋਂ ਕੀ ਆਸ ਰੱਖੋਗੇ ਕਿ ਉਹ ਇਮਾਨਦਾਰ ਹੋਣ?
ਵਿਦੇਸ਼ਾਂ ਦੇ ਸੌਦੇ ਦੀ ਗੱਲ ਇੱਕ ਪਾਸੇ ਰੱਖ ਕੇ ਇੱਥੇ ਦਾ ਸਿਆਸੀ ਦ੍ਰਿਸ਼ ਵੇਖ ਲਓ। ਜਿਸਦੀ ਕੁਲ ਜਾਇਦਾਦ ਅੱਜ ਕੇਵਲ ਇੱਕ ਜਾਂ ਦੋ ਲੱਖ ਹੈ ਜਦੋਂ ਉਹ ਨੇਤਾ ਚੁਣਿਆ ਜਾਂਦਾ ਹੈ ਤਾਂ ਛੇਤੀ ਹੀ ਉਹ ਵੀਹ, ਤੀਹ ਕਰੋੜ ਜਾਂ ਉਸ ਤੋਂ ਵੱਧ ਦਾ ਮਾਲਕ ਬਣ ਜਾਂਦਾ ਹੈ। ਕਾਰਵਾਂ ਅਨੁਸਾਰ ਅਮਿਤ ਸ਼ਾਹ ਦੇ ਬੇਟੇ ਦੀ ਜਾਇਦਾਦ 2014 ਤੋਂ 2019 ਤਕ 15000% ਵਧ ਗਈ। ਮਣਿਕ ਸਰਕਾਰ 20 ਸਾਲ ਤ੍ਰਿਪੁਰਾ ਦਾ ਮੁੱਖ ਮੰਤਰੀ ਰਿਹਾ ਅਤੇ ਉਸ ਦੇ ਬੈਂਕ ਖਾਤੇ ਵਿੱਚ ਕੁਲ 2410 ਰੁਪਏ ਸਨ। ਉਸ ਦੇ ਕੋਲ ਆਪਣੀ ਕੋਈ ਕਾਰ ਨਹੀਂ ਸੀ। ਨੇਤਾ ਲੋਕ ਜਿਹੜੇ ਸਿਆਸਤ ਨੂੰ ਸਭ ਤੋਂ ਜ਼ਿਆਦਾ ਮੁਨਾਫੇ ਵਾਲਾ ਵਿਓਪਾਰ ਸਮਝਦੇ ਹਨ ਉਸ ਮਾਣਿਕ ਸਰਕਾਰ ਦੇ ਕਦਮਾਂ ’ਤੇ ਚੱਲਣਾ ਮਹਾਂ ਮੂਰਖਤਾ ਸਮਝਦੇ ਹਨ।
ਬਲਾਤਕਾਰਾਂ ਵਿੱਚ ਵਾਧਾ ਹੋ ਰਿਹਾ ਹੈ। ਕਦੇ ਕਦੇ ਕੋਈ ਨੇਤਾ ਵੀ ਬਲਾਤਕਾਰ ਦੇ ਕੇਸ ਵਿੱਚ ਖਬਰਾਂ ਵਿੱਚ ਆ ਜਾਂਦਾ ਹੈ ਪਰ ਕੇਸ ਚਲਦਾ ਹੀ ਰਹਿੰਦਾ ਹੈ। ਜੇਕਰ ਮੰਦਿਰ ਦਾ ਪੁਜਾਰੀ ਬਲਾਤਕਾਰ ਕਰ ਦੇਵੇ ਤਾਂ ਨਿਆਂ ਦਿਵਾਉਣ ਵਾਲਿਆਂ ਵਿਰੁੱਧ ਸਿਆਸੀ ਲੋਕ ਜਲੂਸ ਕਢਦੇ ਹਨ। ਨਿਆਂ ਛੇਤੀ ਨਹੀਂ ਮਿਲਦਾ। ਅਜੇ ਤਕ 1984 ਵਿੱਚ ਸਿੱਖਾਂ ਦੀ ਨਸਲ ਕੁਸ਼ੀ ਦੇ ਕੇਸਾਂ ਦੇ ਫੈਸਲੇ ਨਹੀਂ ਹੋਏ। ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਤਰ੍ਹਾਂ ਕਾਂਗਰਸ ਦਾ ਕੇਵਲ ਇੱਕ ਲੀਡਰ ਸੱਜਣ ਕੁਮਾਰ 37 ਸਾਲ ਬਾਅਦ ਸਜ਼ਾ ਯਾਫਤਾ ਹੋਇਆ ਹੈ। ਅਜੇ ਕਾਂਗਰਸ ਦੇ ਹੋਰ ਲੀਡਰ ਵੀ ਹਨ, ਪਤਾ ਨਹੀਂ ਕਦੋਂ ਵਾਰੀ ਆਏਗੀ ਜਾਂ ਨਹੀਂ ਆਏਗੀ ਅਤੇ ਜਿਹੜੇ ਕਾਂਗਰਸ ਦੇ ਮੋਢੇ ’ਤੇ ਬੰਦੂਕ ਰੱਖ ਕੇ ਪਿੱਛੋਂ ਚਲਾਉਣ ਵਾਲੇ ਭਾਜਪਾਈ ਸਨ ਉਹਨਾਂ ਤੋਂ ਨਿਆਂ ਦੀ ਤਾਂ ਕੋਈ ਉਮੀਦ ਹੀ ਨਹੀਂ। ਲੋਕਾਂ ਨੂੰ ਪਿਆਰ ਅਤੇ ਮੁਹੱਬਤ ਨਾਲ ਰਹਿਣ ਹੀ ਨਹੀਂ ਦਿੱਤਾ ਜਾਂਦਾ। ਵੋਟਾਂ ਖਾਤਰ ਦੰਗੇ ਫ਼ਸਾਦ ਕਰਵਾਏ ਜਾ ਰਹੇ ਹਨ। ਕੋਈ ਮੁਸਲਮਾਨ ਵਿਉਪਾਰੀ ਜੇਕਰ ਸੱਜਰ ਸੂਈ ਗਾਂ ਲਿਜਾ ਰਿਹਾ ਹੋਵੇ ਤਾਂ ਉਸ ’ਤੇ ਬਕਲਮ ਖੁਦ ਬਣੇ ਗਊ ਰੱਖਿਅਕ ਹਮਲਾ ਕਰ ਦਿੰਦੇ ਹਨ, ਮਾਰ ਕੁੱਟ ਕੇ ਗਊ ਖੋਹ ਲੈਂਦੇ ਹਨ ਜਾਂ ਵਿਉਪਾਰੀ ਨੂੰ ਜਾਨੋਂ ਮਾਰ ਦਿੰਦੇ ਹਨ। ਕਿਸੇ ਮੁਸਲਮਾਨ ਦੇ ਘਰ ਫਰਿੱਜ ਵਿੱਚ ਭਾਵੇਂ ਬੱਕਰੇ ਦਾ ਮੀਟ ਪਿਆ ਹੋਵੇ, ਬੱਸ ਇੱਕ ਮੰਦਿਰ ਵੱਲੋਂ ਐਲਾਨ ਹੋਣ ਦੀ ਦੇਰ ਹੈ ਕਿ ਮੁਸਲਮਾਨ ਦੇ ਘਰ ਗਊ ਦਾ ਮੀਟ ਹੈ। ਖ਼ਲਕਤ ਇੱਕ ਦਮ ਹਮਲਾ ਕਰਕੇ ਘਰ ਨੂੰ ਅੱਗ ਲਗਾ ਦੇਵੇਗੀ ਜਾ ਘਰ ਦੇ ਕੁਝ ਜੀਅ ਮਾਰ ਦੇਵੇਗੀ। ਕਿਸੇ ਮੁਸਲਮਾਨ ਜਾਂ ਇਸਾਈ ਇਕੱਲੇ ਜਾਂਦੇ ਨੂੰ ਘੇਰ ਕੇ ਮਜਬੂਰ ਕੀਤਾ ਜਾਂਦਾ ਹੈ ਕਿ ਉਹ “ਜੈ ਸ੍ਰੀ ਰਾਮ” ਕਹੇ। ਨਾ ਕਹਿਣ ’ਤੇ ਕੁੱਟਿਆ ਜਾਂਦਾ ਹੈ, ਲੱਤਾਂ ਬਾਹਾਂ ਤੋੜ ਦਿੱਤੀਆਂ ਜਾਂਦੀਆਂ ਹਨ ਹੈ। ਸ਼ਾਇਦ ਹਿੰਦੂ ਰਾਸ਼ਟਰ ਬਣਾਉਣ ਦਾ ਗੁਪਤ ਅਜੰਡਾ ਹੈ ਕਿ ਘਟ ਗਿਣਤੀਆਂ ਨੂੰ ਕੁੱਟ ਮਾਰ ਕੇ, ਡਰਾ ਕੇ ਭਜਾ ਦਿਓ ਜਾਂ ਉਸ ਤੋਂ ਪਹਿਲਾਂ ਘਰ ਵਾਪਸੀ ਦੇ ਨਾਮ ’ਤੇ ਪਤਿਆ ਕੇ ਹਿੰਦੂ ਬਣਾ ਦਿਓ। ਨਾਲ ਹੀ ਮੁਸਲਮਾਨਾਂ ਅਤੇ ਈਸਾਈਆਂ ਬਾਰੇ ਰੌਲਾ ਪਈ ਜਾਓ ਕਿ ਉਹ ਧਰਮ ਪਰਿਵਰਤਨ ਕਰ ਰਹੇ ਹਨ। ਮੰਤਰੀਆਂ ਅਤੇ ਖਾਸ ਤੌਰ ’ਤੇ ਭਗਵਾ ਭੇਸ ਵਿੱਚ ਮੰਤਰੀਆਂ ਵੱਲੋਂ ਭੜਕਾਊ ਬਿਆਨ ਮੁਸਲਮਾਨਾਂ ਅਤੇ ਈਸਾਈਆਂ ਬਾਰੇ ਆ ਜਾਂਦੇ ਹਨ। ਖਾਣ ਪੀਣ, ਪਹਿਨਣ ਜਾਂ ਜੀਵਨ ਸਾਥੀ ਚੁਣਨ ਦਾ ਅਧਿਕਾਰ ਵੀ ਕਈ ਵਾਰ ਮੁਸੀਬਤ ਬਣ ਜਾਂਦਾ ਹੈ।
ਅਸੀਂ ਮੰਗਦੇ ਕੁਝ ਹੋਰ ਹਾਂ, ਉਸ ਤੋਂ ਉਲਟ ਮਿਲਦਾ ਕੁਝ ਹੋਰ ਹੈ, ਜਿਹੜਾ ਬੇਲੋੜਾ ਹੁੰਦਾ ਹੈ ਜਾਂ ਕੇਵਲ ਲਾਰੇ, ਜੁਮਲੇ ਮਿਲਦੇ ਹਨ। ਰੁਜ਼ਗਾਰ ਦੀ ਥਾਂ ਵੱਡੇ ਵੱਡੇ ਮੰਦਿਰ ਮਿਲਦੇ ਹਨ, ਮੂਰਤੀਆਂ ਮਿਲਦੀਆਂ ਹਨ। ਗੰਗਾ ਦੀ ਸਫਾਈ ਦੇ ਵਾਇਦੇ ਮਿਲਦੇ ਹਨ। 2024 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਇਦਾ ਮਿਲ਼ਦਾ ਹੈ ਪਰ ਖੇਤੀ ਕਾਨੂੰਨ ਅਜਿਹੇ ਬਣਾਏ ਜਿਨ੍ਹਾਂ ਨਾਲ ਕਿਸਾਨ ਅਖੀਰ ਵਿੱਚ ਮਜਬੂਰ ਹੋ ਕੇ ਆਪਣੀ ਜ਼ਮੀਨ ਤੋਂ ਹੀ ਵਾਂਝੇ ਰਹਿ ਜਾਣ। ਸਵਿਟਜ਼ਰ ਲੈਂਡ ਤੋਂ ਹਰ ਭਾਰਤੀ ਲਈ ਪੰਦਰਾਂ ਲੱਖ ਦਾ ਜੁਮਲਾ ਛੱਡਿਆ ਜਾਂਦਾ ਹੈ। ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ 80% ਪੋਸਟਾਂ ਖਾਲੀ ਛੱਡ ਕੇ ਭਾਰਤ ਨੂੰ ਵਿੱਦਿਆ ਦੇ ਖੇਤਰ ਵਿੱਚ ਵਿਸ਼ਵ ਗੁਰੂ ਬਣਾਉਣ ਦਾ ਵਾਇਦਾ ਕੀਤਾ ਜਾਂਦਾ ਹੈ। ਨਿੱਜੀਕਰਨ ਦੇ ਗੁਣ ਗਾਏ ਜਾ ਰਹੇ ਹਨ, ਅਖੇ ਇਸ ਨਾਲ ਕਾਰਜ ਕੁਸ਼ਲਤਾ ਵਧੇਗੀ। ਵਧੀ ਹੋਈ ਕਾਰਜ ਕੁਸ਼ਲਤਾ ਤਾਂ ਲੋਕਾਂ ਨੇ ਕਰੋਨਾ ਕਾਲ ਵਿੱਚ ਹੀ ਵੇਖ ਲਈ ਜਦੋਂ ਨਿੱਜੀ ਹਸਪਤਾਲਾਂ ਨੇ ਕਰੋਨਾ ਦੇ ਮਰੀਜ਼ ਹੀ ਲੈਣੇ ਬੰਦ ਕਰ ਦਿੱਤੇ ਅਤੇ ਬਾਅਦ ਵਿੱਚ ਜੇਕਰ ਮਰੀਜ਼ ਦਾਖਲ ਵੀ ਕੀਤੇ ਤਾਂ ਲੱਖਾਂ ਰੁਪਏ ਦੇ ਬਿੱਲ ਬਣਾ ਦਿੱਤੇ। ਸਰਕਾਰ ਵੱਲੋਂ ਹੀ ਕਰੋਨਾ ਤੋਂ ਬਚਾ ਲਈ ਦਿੱਤੇ ਗਏ ਟੀਕੇ ਨਿੱਜੀ ਹਸਪਤਾਲਾਂ 250 ਤੋਂ ਲੈ ਕੇ 450 ਰੁਪਏ ਵਿੱਚ ਲਗਾਏ। ਜਾਂ ਤਾਂ ਨਿੱਜੀ ਹਸਪਤਾਲ ਬੇਈਮਾਨੀ ਕਰ ਰਹੇ ਸਨ ਕਿ ਮੁਫ਼ਤ ਵਿੱਚ ਮਿਲੇ ਟੀਕੇ ਮੁੱਲ ਲਗਾ ਰਹੇ ਸਨ ਜਾਂ ਸਰਕਾਰ ਨੇ ਝੂਠ ਬੋਲਿਆ ਹੈ ਕਿ ਅਸੀਂ ਭਾਰਤੀਆਂ ਨੂੰ ਫ੍ਰੀ ਟੀਕੇ ਲਗਾਏ ਹਨ।
ਤੁਸੀਂ ਕਿਸੇ ਦੁਕਾਨਦਾਰ ਕੋਲ ਜਾ ਕੇ ਜੇਕਰ ਟਾਇਲਟ ਪੇਪਰ ਮੰਗੋ ਅਤੇ ਦੁਕਾਨਦਾਰ ਤੁਹਾਨੂੰ ਸੈਂਡ ਪੇਪਰ (ਰੇਗ ਮਾਰ) ਪਕੜਾ ਦੇਵੇ ਤਾਂ ਕੀ ਤੁਸੀਂ ਉਸ ਨੂੰ ਮਾਫ਼ ਕਰ ਦਿਉਗੇ? ਲੋਕਾਂ ਸਾਹਮਣੇ ਉਸ ਦੀ ਬੇਇੱਜ਼ਤੀ ਨਹੀਂ ਕਰੋਗੇ? ਹੋ ਸਕਦਾ ਹੈ ਗੁੱਸੇ ਵਿੱਚ ਆ ਕੇ ਘਟੀਆ ਸ਼ਬਦ ਵੀ ਤੁਹਾਡੇ ਮੂੰਹ ਵਿੱਚੋਂ ਨਿਕਲ ਜਾਣ। ਪਰ ਇਹ ਸਿਆਸਤਦਾਨ ਅਜਿਹੇ ਵਪਾਰੀ ਹਨ ਕਿ ਅਸੀਂ ਮੰਗਦੇ ਕੁਝ ਹੋਰ ਹਾਂ ਅਤੇ ਦਿੰਦਾ ਕੁਝ ਹੋਰ ਹੈ ਅਤੇ ਨਾ ਲੈਣ ਵਾਲੇ ਨੂੰ ਡਾਂਗ ਫੇਰਨ ਵਾਲਾ ਹੈ। ਡਾਂਗ ਆਪ ਫੇਰੇ ਜਾਂ ਇਸਦੇ ਛੱਡੇ ਹੋਏ ਬਦਮਾਸ਼ ਫੇਰਨ, ਗੱਲ ਇੱਕੋ ਹੈ। ਤੁਸੀਂ ਕਹੋ ਸ਼੍ਰੀ ਮਾਨ ਹੀ ਅਸੀਂ ਤੁਹਾਨੂੰ ਵੋਟਾਂ ਰੁਜ਼ਗਾਰ ਲਈ ਪਾਈਆਂ ਸਨ, ਮਹਿੰਗਾਈ ਕਾਬੂ ਕਰਨ ਲਈ ਪਾਈਆਂ ਸਨ, ਚੰਗੀ ਵਿੱਦਿਆ ਅਤੇ ਸਿਹਤ ਸਹੂਲਤਾਂ ਲਈ ਪਾਈਆਂ ਸਨ, ਆਪਣੀ ਨਿੱਜਤਾ ਦੀ ਰਾਖੀ ਲਈ ਪਾਈਆਂ ਸਨ ਪਰ ਤੁਸੀਂ ਸਾਨੂੰ ਕੇਵਲ ਮੰਦਿਰ ਅਤੇ ਮੂਰਤੀਆਂ ਦੇ ਦਿੱਤੀਆਂ ਅਤੇ ਤੁਸੀਂ ਪੈਗਾਸੱਸ ਐਪ ਰਾਹੀਂ ਸਾਡੀ ਨਿੱਜਤਾ ਉੱਤੇ ਹਮਲੇ ਕਰ ਰਹੇ ਹੋ। ਅੱਗੋਂ ਯੂ. ਏ. ਪੀ. ਏ ਦੀ ਡਾਂਗ ਹੈ, ਐਨਫੋਰਸਮੈਂਟ ਜਾਂ ਸੀ. ਬੀ. ਆਈ ਦੀ ਡਾਂਗ ਹੈ ਜਾਂ ਭਗਤ ਲੋਕਾਂ ਵੱਲੋਂ ਤੁਹਾਡੇ ਗਲ ਵਿੱਚ ਗੱਦਾਰ, ਦੇਸ਼ ਧ੍ਰੋਹੀ ਹੋਣ ਦੇ ਸਰਟੀਫਿਕੇਟ ਲਟਕਾਏ ਜਾਣਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3324)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)