“ਪਰ ਇਹ ਲੁਟੇਰੀ ਜਮਾਤ ਦੇ ਭਾਈਵਾਲਾਂ ਲਈ ਰਾਸ਼ਟਰੀ ਤਿਉਹਾਰ ਜ਼ਰੂਰ ਹੈ ਜੋ ਕਿ ਇਸ ਨੂੰ ...”
(19 ਮਈ 2019)
ਹਰ ਦੇਸ਼ ਵਿੱਚ ਰਾਸ਼ਟਰੀ ਅਤੇ ਗੈਰ ਰਾਸ਼ਟਰੀ ਜਾਂ ਖੇਤਰੀ ਤਿਉਹਾਰ ਹੁੰਦੇ ਹਨ ਅਤੇ ਉਨ੍ਹਾਂ ਤਿਉਹਾਰਾਂ ਵਿੱਚ ਲੋਕ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਾਂ। ਕਿਸੇ ਵੀ ਤਿਉਹਾਰ ਵਿੱਚ ਲੋਕਾਂ ਦੀ ਸ਼ਾਮੂਲੀਅਤ ਉਹਨਾਂ ਦੀ ਮਾਨਸਿਕਤਾ ਅਤੇ ਜੋਸ਼ ਉੱਤੇ ਨਿਰਭਰ ਕਰਦੀ ਹੈ. 1947 ਵਿੱਚ ਜਦੋਂ ਕ੍ਰਾਂਤੀਕਾਰੀਆਂ ਦੀਆਂ ਕੁਰਬਾਨੀਆਂ ਸਦਕਾ ਅਤੇ ਵਿਸ਼ਵ ਜੰਗਾਂ ਵਿੱਚ ਕਮਜ਼ੋਰ ਹੋਣ ਕਾਰਨ ਅੰਗ੍ਰੇਜ਼ ਭਾਰਤ ਛੱਡ ਗਏ ਤਾਂ ਭਾਰਤੀਆਂ ਨੇ ਸਮਝਿਆ ਕਿ ਹੁਣ ਅਸੀਂ ਆਜ਼ਾਦ ਹੋ ਗਏ ਹਾਂ, ਸਾਡੀ ਲੁੱਟ ਖਸੁੱਟ ਨਹੀਂ ਹੋਵੇਗੀ ਅਤੇ ਜੀਵਨ ਪੱਧਰ ਉੱਚਾ ਹੋਵੇਗਾ। ਜਦੋਂ 1950 ਵਿੱਚ ਸੰਵੀਧਾਨ ਤਿਆਰ ਹੋ ਕੇ ਲਾਗੂ ਹੋਇਆ ਤਾਂ ਹਰ ਭਾਰਤੀ ਨੇ ਸੋਚਿਆ ਕਿ ਹੁਣ ਅਨਿਆ ਨਹੀਂ ਹੋਵੇਗਾ, ਕਾਨੂੰਨ ਦਾ ਰਾਜ ਹੋਵੇਗਾ, ਜਾਤਪਾਤ ਖਤਮ ਹੋਵੇਗੀ, ਭਾਈਚਾਰਕ ਸਾਂਝ ਵਧੇਗੀ। ਪਰ ਅਜ਼ਾਦੀ ਅਤੇ ਸੰਵਿਧਾਨਿਕ ਲਾਭ ਸੁਪਨੇ ਹੀ ਬਣ ਕੇ ਰਹਿ ਗਏ। ਸਮਾਜਿਕ, ਆਰਥਿਕ ਅਤੇ ਕਾਨੂੰਨੀ ਹੱਕ ਕੇਵਲ ਸਰਮਾਏਦਾਰਾਂ ਜਾਂ ਉਹਨਾਂ ਦੇ ਪੱਖੀ ਗਿਣਤੀ ਦੇ ਲੋਕਾਂ ਲਈ ਹੀ ਰਹਿ ਗਏ ਅਤੇ ਆਮ ਲੋਕਾਂ ਦੀ ਕੋਈ ਸੁਣਵਾਈ ਨਾ ਰਹੀ।
1950-55 ਤਕ ਤਾਂ ਲੋਕ 15 ਅਗਸਤ ਅਤੇ 26 ਜਨਵਰੀ ਨੂੰ ਤਿਉਹਾਰਾਂ ਦੀ ਤਰ੍ਹਾਂ ਹੀ ਮਨਾਉਂਦੇ ਰਹੇ ਅਤੇ ਇੱਕ ਦੂਜੇ ਨੂੰ ਵਧਾਈਆਂ ਦੇਂਦੇ ਰਹੇ। ਪਰ ਜਿਉਂ ਜਿਉਂ ਰਾਜਨੀਤੀ ਸਰਮਾਏਦਾਰਾਂ ਦੀ ਵੱਧ ਤੋਂ ਵੱਧ ਗੁਲਾਮੀ ਸਹਿਣ ਨੂੰ ਤਿਆਰ ਹੋ ਕੇ ਵੱਧ ਤੋਂ ਵੱਧ ਲੁੱਟ ਕਰਵਾਉਣ ਅਤੇ ਹਿੱਸਾ ਲੈਣ ਲਈ ਤਿਆਰ ਹੋਈ, ਤਿਉਂ ਤਿਉਂ ਲੋਕਾਂ ਦੀ ਹਾਲਤ ਵਿਗੜਦੀ ਗਈ। ਰਾਜ ਸੰਵਿਧਾਨ ਦਾ ਨਾ ਰਹਿ ਕੇ ਪੁਲਿਸ ਦਾ ਹੋ ਗਿਆ ਅਤੇ ਰਾਜਨੀਤੀ ਲਈ ਲਾਹੇਵੰਦ ਫਿਰਕਾਪ੍ਰਸਤੀ ਅਤੇ ਫਿਰਕੂ ਤਣਾਅ ਵਧਦੇ ਗਏ। ਸਮਾਂ ਬੀਤਣ ਉੱਤੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, “ਕਾਹਦੀ ਅਜਾਦੀ, ਕਿਹੜਾ ਸੰਵਿਧਾਨ?” ਅਤੇ ਅਜਾਦੀ ਜਾਂ ਗਣਤੰਤਰ ਦਿਵਸ ਆਮ ਲੋਕਾਂ ਲਈ ਰਾਸ਼ਟਰੀ ਤਿਉਹਾਰ ਨਾ ਰਹੇ। ਲੁਟੇਰੀਆਂ ਜਮਾਤਾਂ ਲਈ ਰਾਸ਼ਟਰੀ ਤਿਉਹਾਰ ਜ਼ਰੂਰ ਹਨ ਅਤੇ ਉਹ ਇਸ ਨੂੰ ਵਧ ਚੜ੍ਹ ਕੇ ਮਨਾਉਂਦੇ ਹਨ। ਭਾਵੇਂ ਇਹ ‘ਤਿਉਹਾਰ’ ਐਤਵਾਰ ਵਾਲੇ ਦਿਨ ਨਾ ਵੀ ਹੋਣ ਤਾਂ ਵੀ ਸਰਕਾਰੀ ਤੌਰ ’ਤੇ ਸਾਰੇ ਸਰਕਾਰੀ ਗੈਰ ਸਰਕਾਰੀ ਅਦਾਰਿਆਂ ਵਿੱਚ ਲਾਜ਼ਮੀ ਛੁੱਟੀ ਹੁੰਦੀ ਪਰ ਲੋਕ ਘੱਟ ਹੀ ਸ਼ਿਰਕਤ ਕਰਦੇ ਹਨ ਕਿਉਂਕਿ ਉਹ ਇਹਨਾਂ ਨੂੰ ਆਪਣਾ ਤਿਉਹਾਰ ਨਹੀਂ ਸਮਝਦੇ।
ਇਹਨਾਂ ਕਥਿਤ ਰਾਸ਼ਟਰੀ ਤਿਉਹਾਰਾਂ ਦੀ ਬਜਾਏ ਲੋਕ ਆਪਣੀ ਮਾਨਸਿਕਤਾ, ਜੋਸ਼ ਜਾਂ ਅਕੀਦੇ ਅਨੁਸਾਰ ਦਿਵਾਲੀ, ਦੁਸਹਿਰਾ, ਈਦ, ਦੇਵੀ ਦੇਵਤਿਆਂ ਦੇ ਤਿਉਹਾਰ, ਗੁਰੂਆਂ ਦੇ ਤਿਉਹਾਰ ਅਜੇ ਬੜੀ ਤਾਂਘ ਅਤੇ ਚਾਅ ਨਾਲ ਮਨਾ ਰਹੇ ਹਨ ਭਾਵੇਂ ਕਿ ਰਾਜਨੀਤੀ ਇਹਨਾਂ ਨੂੰ ਗੰਧਲਾ ਕਰੀ ਜਾ ਰਹੀ ਹੈ ਅਤੇ ਲੋਕਾਂ ਦਾ ਉਤਸ਼ਾਹ ਵੀ ਘਟਦਾ ਜਾ ਰਿਹਾ ਹੈ।
ਵੋਟਾਂ ਪੈਣ ਦਾ ਦਿਨ ਵੀ ਵੀ ਬੜੇ ਜ਼ੋਰ ਸ਼ੋਰ ਨਾਲ ਅਖਬਾਰਾਂ, ਰੇਡੀਉ, ਟੈਲੀਵਿਜ਼ਨ ਅਤੇ ਹੋਰ ਪ੍ਰਚਾਰ ਮਾਧਿਅਮਾਂ ਰਾਹੀਂ ਪ੍ਰਚਾਰਿਆ ਜਾਂਦਾ ਹੈ ਕਿ ਇਹ ਰਾਸ਼ਟਰੀ ਤਿਉਹਾਰ ਹੈ, ਸਾਨੂੰ ਬੜੀਆਂ ਕੁਰਬਾਨੀਆਂ ਕਰ ਕੇ ਵੋਟ ਦਾ ਅਧਿਕਾਰ ਮਿਲਿਆ ਹੈ, ਇਸਦੀ ਵਰਤੋਂ ਜਰੂਰ ਕਰੋ। ਪਰ ਹੁਣ ਦੇ ਹਾਲਾਤ ਨੇ ਆਮ ਲੋਕਾਂ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਹੈ, “ਵੋਟ ਕਿਉਂ ਪਾਉਣ ਜਾਈਏ, ਜੇਤੂ ਬੰਦਾ ਤਾਂ ਅੱਜਕਲ ਕਦੇ ਸਾਡਾ ਹਾਲ ਪੁੱਛਣ ਨਹੀਂ ਆਇਆ। ਜੇ ਜ਼ਰੂਰੀ ਕੰਮ ਲਈ ਉਸ ਦੀ ਕੋਠੀ ਜਾਈਏ ਤਾਂ ਬਾਹਰੋਂ ਹੀ ਸੰਤਰੀ ਕਹਿ ਦੇਂਦਾ ਹੈ ਕਿ ਸਾਹਬ ਘਰ ਨਹੀਂ ਜਾਂ ਮੀਟਿੰਗ ਚੱਲ ਰਹੀ ਹੈ, ਫੇਰ ਕਿਸੇ ਦਿਨ ਆਇਉ।” ਵੋਟ ਦਿਵਸ ਵੀ ਆਮ ਲੋਕਾਂ ਦਾ ਰਾਸ਼ਟਰੀ ਤਿਉਹਾਰ ਨਹੀਂ ਰਿਹਾ। ਇਸ ਤੋਂ ਇਲਾਵਾ ਇਹ ਰਾਸ਼ਟਰੀ ਤਿਉਹਾਰ ਵੀ ਕੀ ਰਹਿ ਗਿਆ ਜਿੱਥੇ ਕਿ ਨੋਟਾ ਮਤਲਬ ਕਿਸੇ ਨੂੰ ਵੀ ਵੋਟ ਨਾ ਪਾਉਣ ਦਾ ਅਧਿਕਾਰ ਹੈ। ਪਰ ਇਹ ਲੁਟੇਰੀ ਜਮਾਤ ਦੇ ਭਾਈਵਾਲਾਂ ਲਈ ਰਾਸ਼ਟਰੀ ਤਿਉਹਾਰ ਜ਼ਰੂਰ ਹੈ ਜੋ ਕਿ ਇਸ ਨੂੰ ਜੂਏ ਦੀ ਖੇਡ ਵਾਂਗ ਚੋਣ ਜਿੱਤਣ ਲਈ 5-10 ਕਰੋੜ ਖਰਚਦੇ ਹਨ ਅਤੇ 100-200 ਕਰੋੜ ਕਮਾਉਂਦੇ ਹਨ। ਵੈਸੇ ਵੀ ਸਰਕਾਰਾਂ ਨੂੰ ਪਤਾ ਹੈ ਕਿ ਵੋਟ ਦਿਵਸ ਲੋਕਾਂ ਲਈ ਸਰਕਾਰੀ ਤਿਉਹਾਰ ਨਹੀਂ ਰਿਹਾ, ਇਸੇ ਲਈ ਵੋਟਾਂ ਆਮ ਤੌਰ ’ਤੇ ਐਤਵਾਰ ਵਾਲੇ ਦਿਨ ਪਵਾਈਆਂ ਜਾਂਦੀਆਂ ਹਨ ਤਾਂ ਕਿ ਦਿਵਾਲੀ, ਦੁਸਹਿਰਾ, ਗੁਰਪੁਰਬ ਜਾਂ ਈਦ ਆਦਿ ਦੀ ਤਰ੍ਹਾਂ ਗੈਰ ਐਤਵਾਰ ਵਾਲੇ ਦਿਨ ਛੁੱਟੀ ਨਾ ਕਰਨੀ ਪਵੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1594)
(ਸਰੋਕਾਰ ਨਾਲ ਸੰਪਰਕ ਲਈ: