“ਇਸ ਰਾਜ ਵਿੱਚ ਹਿੰਦੂ ਖਤਰੇ ਵਿੱਚ ਪੈ ਜਾਂਦਾ ਹੈ, ਗਊ ਮਾਤਾ ਖਤਰੇ ਵਿੱਚ ਪੈ ਜਾਂਦੀ ਹੈ। ਕੋਈ ਵਿਅਕਤੀ ...”
(30 ਮਾਰਚ 2021)
(ਸ਼ਬਦ: 1270)
ਜਦੋਂ ਕਿਸੇ ਦੇਸ਼ ਵਿੱਚ ਸੰਵਿਧਾਨ ਦਾ ਰਾਜ ਹੁੰਦਾ ਹੈ ਤਾਂ ਦੇਸ਼ ਦੀ ਪਾਰਲੀਮੈਂਟ, ਨਿਆਂ ਪਲਕਾ ਅਤੇ ਕਾਰਜ ਪਾਲਿਕਾ ਆਪਣੇ ਆਪਣੇ ਖੇਤਰ ਵਿੱਚ ਰਹਿ ਕੇ ਕੰਮ ਕਰਦੇ ਹਨ। ਪਾਰਲੀਮੈਂਟ ਕਦੇ ਨਿਆਂ ਪਾਲਿਕਾ ਦੇ ਖੇਤਰ ਵਿੱਚ ਦਖਲ ਨਹੀਂ ਦਿੰਦੀ ਅਤੇ ਨਾ ਹੀ ਕਾਰਜ ਪਾਲਿਕਾ ਜਾਂ ਨਿਆਂ ਪਾਲਿਕਾ ਨੂੰ ਕੋਈ ਕੰਮ ਕਰਨ ਲਈ ਮਜਬੂਰ ਕਰਦੀ ਹੈ। ਜਦੋਂ ਕੋਈ ਕਿਸੇ ਨਾਲ ਧੱਕਾ ਕਰਦਾ ਹੈ ਅਤੇ ਦੁਖੀ ਵਿਅਕਤੀ ਦੀ ਸੁਣਵਾਈ ਕਰਨ ਵਾਲਾ ਕੋਈ ਨਾ ਹੋਵੇ, ਉਸ ਦਾ ਸਾਥ ਦੇਣਾ ਚਾਹੁੰਦਿਆਂ ਵੀ ਕੋਈ ਡਰਦਿਆਂ ਸਾਥ ਨਾ ਦੇ ਸਕੇ ਤਾਂ ਉਸ ਨੂੰ ਘਰ ਦਾ ਰਾਜ ਕਹਿੰਦੇ ਹਨ। ਜਦੋਂ ਕੋਈ ਕਿਸੇ ਨਾਲ ਧੱਕਾ ਕਰਦਾ ਹੈ ਤਾਂ ਆਮ ਕਿਹਾ ਜਾਂਦਾ ਹੈ?” ਕੀ ਤੇਰਾ ਘਰ ਦਾ ਰਾਜ ਹੈ?” 2014 ਤੋਂ ਹੁਣ ਤਕ ਅਤੇ ਸ਼ਾਇਦ 2024 ਤਕ ਭਾਜਪਾ ਰਾਜ ਅਤੇ ਘਰ ਦਾ ਰਾਜ ਸਮਾਨਾਰਥੀ ਸ਼ਬਦ ਬਣ ਚੁੱਕੇ ਹਨ ਜਾਂ ਹੋਣਗੇ।
ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਅਤੇ ਕਾਂਗਰਸ ਬਹੁਮਤ ਵਿੱਚ ਆ ਗਈ। ਜਦੋਂ ਸਰਕਾਰ ਬਣਾਉਣ ਲਈ ਗਵਰਨਰ ਨੇ ਸਦਨ ਦੀ ਕਾਰਵਾਈ ਸ਼ੁਰੂ ਕਰਨੀ ਸੀ, ਉਦੋਂ ਕਾਰਵਾਈ ਸ਼ੁਰੂ ਕਰਵਾਉਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਕਰੋਨਾ ਵਾਇਰਸ ਕਾਰਣ ਸਦਨ ਵਿੱਚ ਵਿਧਾਇਕਾਂ ਦਾ ਇਕੱਠ ਨਹੀਂ ਕੀਤਾ ਜਾ ਸਕਦਾ। ਪਰ ਉਸ ਤੋਂ ਬਾਅਦ ਇੱਕੋ ਹੋਟਲ ਵਿੱਚ ਸਾਰੇ ਭਾਜਪਾ ਵਿਧਾਇਕ ਅਤੇ ਖਰੀਦੇ ਗਏ ਜਾਂ ਉਧਾਲੇ ਗਏ ਕਾਂਗਰਸ ਦੇ ਵਿਧਾਇਕ ਇਕੱਠੇ ਕਰਨ ਵੇਲੇ ਵਾਇਰਸ ਦਾ ਕੋਈ ਡਰ ਨਹੀਂ ਸੀ। ਜਦ ਤਕ ਘੋੜਿਆਂ ਵਾਂਗ ਵਿਧਾਇਕਾਂ ਦੀ ਖਰੀਦਦਾਰੀ ਪੂਰੀ ਨਹੀਂ ਹੋ ਗਈ, ਤਦ ਤਕ ਗਵਰਨਰ ਨੇ ਵਿਧਾਨ ਸਭਾ ਨਹੀਂ ਸੱਦੀ। ਪਰ ਖਰੀਦਦਾਰੀ ਪੂਰੀ ਹੁੰਦੇ ਹੀ ਗਵਰਨਰ ਨੇ ਭਾਜਪਾ ਦਾ ਮੁੱਖ ਮੰਤਰੀ ਵੀ ਬਣਾ ਦਿੱਤਾ ਅਤੇ ਬਾਅਦ ਵਿੱਚ ਬਾਕੀ ਮੰਤਰੀ ਵੀ ਬਣ ਗਏ। ਦਿੱਲੀ ਤੋਂ ਤਾਰ ਹਿੱਲਦੇ ਹੀ ਮੱਧ ਪ੍ਰਦੇਸ਼ ਗਵਰਨਰ ਰਾਤ ਦੇ ਇੱਕ ਵਜੇ ਹੀ ਹਰਕਤ ਵਿੱਚ ਆ ਗਿਆ ਅਤੇ ਸਵੇਰੇ ਛੇ ਵਜੇ ਹੀ ਸ਼ਿਵਰਾਜ ਸਿੰਘ ਚੌਹਾਨ ਨੂੰ ਮੁੱਖ ਮੰਤਰੀ ਦੇ ਪਦ ਅਤੇ ਅਹੁਦੇ ਦੀ ਸੌਂਹ ਖਵਾ ਦਿੱਤੀ। ਇਸ ਨੂੰ ਘਰ ਦਾ ਰਾਜ ਕਹੀਏ ਜਾਂ ਸੰਵਿਧਾਨ ਦਾ ਰਾਜ ਕਹੀਏ!
ਉੱਤਰਾਖੰਡ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਅਤੇ ਮੁੱਖ ਮੰਤਰੀ ਹਰੀਸ਼ ਰਾਵਤ ਬਣੇ। ਉਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਦੀ ਖਰੀਦਦਾਰੀ ’ਤੇ ਭਾਜਪਾ ਲੱਗ ਗਈ ਅਤੇ ਕਾਂਗਰਸ ਸਰਕਾਰ ਨੂੰ ਤੋੜਨ ਵਿੱਚ ਕਾਮਯਾਬ ਹੋ ਗਈ। ਭਾਜਪਾ ਵਿਧਾਇਕਾਂ ਦੀ ਸਲਾਹ ਬਿਨਾਂ ਹੀ ਤ੍ਰਿਵੇਂਦਰਾ ਰਾਵਤ ਨੂੰ ਮੁੱਖ ਮੰਤਰੀ ਥਾਪ ਦਿੱਤਾ। ਵਿਧਾਇਕ ਤਾਂ ਤਰੀਵੇਂਦਰਾ ਨੂੰ ਚਾਹੁੰਦੇ ਹੀ ਨਹੀਂ ਸਨ ਅਤੇ ਨਾਲ ਹੀ ਉਸਨੇ ਉੱਤਰਾਖੰਡ ਦੇ ਧਾਰਮਿਕ ਸਥਲਾਂ ਬਾਰੇ ਇੱਕ ਅਜਿਹਾ ਫੈਸਲਾ ਲਿਆ ਕਿ ਪੁਜਾਰੀ ਵਰਗ ਵੀ ਨਾਰਾਜ਼ ਹੋ ਗਿਆ। ਭਾਜਪਾ ਨੂੰ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਦਾ ਫ਼ਿਕਰ ਪੈ ਗਿਆ। ਵਿਧਾਇਕਾਂ ਦੀ ਨਾਰਾਜ਼ਗੀ ਵੱਲ ਭਾਵੇਂ ਧਿਆਨ ਨਾ ਦਿੰਦੀ ਪਰ ਭਾਜਪਾ ਹਾਈ ਕਮਾਂਡ ਨੇ ਧਾਰਮਿਕ ਪ੍ਰਵਿਰਤੀ ਦੀਆਂ ਵੋਟਾਂ ਜਾਂਦੀਆਂ ਦਿਸਣ ’ਤੇ ਇੱਕ ਦਮ ਤੀਰਥ ਸਿੰਘ ਰਾਵਤ ਨੂੰ ਮੁੱਖ ਮੰਤਰੀ ਬਣਾ ਦਿੱਤਾ। ਉੱਤਰਾਖੰਡ ਇੱਕ ਅਜਿਹੀ ਸਟੇਟ ਹੈ ਜਿੱਥੇ ਕਿ ਸਰਕਾਰਾਂ ਘੱਟ ਹੀ ਸਥਿਰ ਰਹਿੰਦੀਆਂ ਹਨ।
ਜੇਕਰ ਭਾਜਪਾ ਦੇ ਘਰ ਦਾ ਰਾਜ ਹੈ ਤਾਂ ਉਸਦੇ ਸਹਿਯੋਗੀ ਆਰ ਐੱਸ ਐੱਸ, ਬਜਰੰਗ ਦਲ, ਹਿੰਦੂ ਮਹਾਂ ਸਭਾ ਆਦਿ ਦਾ ਵੀ ਘਰ ਦਾ ਰਾਜ ਹੋਣਾ ਲਾਜ਼ਮੀ ਹੈ। 19 ਮਾਰਚ ਵਾਲੇ ਦਿਨ ਕੁਝ ਨੰਨਾਂ (ਇਸਾਈ ਮਿਸ਼ਨਰੀ ਔਰਤਾਂ) ਅਤੇ ਦੋ ਮਿਸ਼ਨਰੀ ਵਿਦਿਆਰਥਣਾਂ, ਦਿੱਲੀ ਵਿਖੇ ਸੇਕਰਡ ਹਾਰਟ ਕੰਗਰੇਗੇਸ਼ਨ ਵਿੱਚ ਹਾਜ਼ਰੀ ਭਰ ਕੇ ਵਾਪਸ ਆਪਣੇ ਘਰਾਂ ਨੂੰ ਰੂੜਕੇਲਾ (ਓਡੀਸ਼ਾ) ਜਾ ਰਹੀਆਂ ਸਨ ਕਿ ਰਸਤੇ ਵਿੱਚ ਬਜਰੰਗ ਦਲ ਕੇ ਕਾਰਜ ਕਰਤਾਵਾਂ ਨੇ ਉਹਨਾਂ ਨੂੰ ਰੇਲ ਗੱਡੀ ਤੋਂ ਹੇਠਾਂ ਉਤਾਰ ਲਿਆ ਅਤੇ ਧੱਕਾ ਮੁੱਕੀ ਕਰਨ ਲੱਗ ਪਏ। ਪੁਲਿਸ ਦੇ ਆਉਣ ’ਤੇ ਹਿੰਦੂ ਰਾਸ਼ਟਰ ਬਣਾਉਣ ਵਾਲੇ ਬਜ਼ਰੰਗ ਦਲੀਆਂ ਨੇ ਕਿਹਾ ਕਿ ਇਹ ਧਰਮ ਪਰਿਵਰਤਨ ਕਰ ਰਹੀਆਂ ਸਨ। ਰੇਲਵੇ ਪੁਲਿਸ ਉਹਨਾਂ ਨੂੰ ਫੜ ਕੇ ਲੈ ਗਈ ਅਤੇ ਪੰਜ ਘੰਟੇ ਪੁੱਛ ਗਿੱਛ ਕਰਨ ਬਾਅਦ ਰਾਤ ਦੇ 11 ਵਜੇ ਤਕ ਜਦੋਂ ਧਰਮ ਪਰਿਵਰਤਨ ਦਾ ਕੋਈ ਸਬੂਤ ਨਹੀਂ ਮਿਲਿਆ ਤਾਂ ਨੰਨਾਂ ਨੂੰ ਛੱਡਿਆ। ਅਮਿਤ ਸ਼ਾਹ ਨੇ ਕਿਹਾ ਹੈ ਕਿ ਉਹ ਉਹਨਾਂ ਵਿਰੁੱਧ ਕਾਰਵਾਈ ਕਰੇਗਾ। ਹੋ ਸਕਦਾ ਹੈ ਕਿ ਕਾਰਵਾਈ ਦਾ ਭਰੋਸਾ ਵੀ ਜੁਮਲਾ ਬਣ ਜਾਵੇ।
23 ਮਾਰਚ 2020 ਨੂੰ ਲਾਕ ਡਾਊਨ ਦਾ ਐਲਾਨ ਹੋਣ ਤੋਂ ਕੁਝ ਦਿਨ ਪਹਿਲਾਂ ਦਿੱਲੀ ਹਜ਼ਰਤ ਨਿਜ਼ਾਮੁਦੀਨ ਮਰਕਜ਼ ਵਿਖੇ ਭਾਰਤ ਅਤੇ ਬਾਕੀ ਦੇਸ਼ਾਂ ਤੋਂ ਲਗਭਗ 9000 ਹਜ਼ਾਰ ਤਬਲਿਕੀ ਜਮਾਤ ਦੇ ਮੈਂਬਰ ਇਕੱਠੇ ਹੋਏ। ਮੁਹੰਮਦ ਸਾਦ ਕੰਧਾਵਲੀ ਨੇ ਸਾਰਾ ਪ੍ਰਬੰਧ ਕੀਤਾ ਸੀ। ਲਾਕ ਡਾਊਨ ਹੋਣ ’ਤੇ ਉਹਨਾਂ ਜਦੋਂ ਵਾਪਸ ਆਪਣੀਆਂ ਬੱਸਾਂ ਵਿੱਚ ਜਾਣਾ ਚਾਹਿਆ ਤਾਂ ਕਈ ਰੁਕਾਵਟਾਂ ਖੜ੍ਹੀਆਂ ਕੀਤੀਆਂ ਗਈਆਂ। ਭਾਜਪਾ ਸਰਕਾਰ ਨੂੰ ਵੀ ਕਰੋਨਾ ਵਾਇਰਸ ਨੂੰ ਠੀਕ ਢੰਗ ਨਾਲ ਨਾ ਨਜਿੱਠਣ ਵਿੱਚ ਅਸਮਰਥ ਰਹਿਣ ’ਤੇ ਕੋਈ ਬਲੀ ਦਾ ਬਕਰਾ ਚਾਹੀਦਾ ਸੀ ਅਤੇ ਇਸ ਲਈ ਭਾਰਤ ਵਿੱਚ ਵਾਇਰਸ ਲੈ ਕੇ ਆਉਣ ਅਤੇ ਫੈਲਾਉਣ ਲਈ ਤਬਲੀਕੀ ਜਮਾਤ ਨੂੰ ਜਿੰਮੇਦਾਰ ਕਿਹਾ। ਗੋਦੀ ਮੀਡੀਆ ਨੂੰ ਵੀ ਮਸਾਲਾ ਮਿਲ ਗਿਆ ਅਤੇ ਦਿਨ ਰਾਤ ਤਬਲੀਗੀ ਜਮਾਤ ਨੂੰ ਕਰੋਨਾ ਦਾ ਕਾਰਕ ਦੱਸਣ ’ਤੇ ਜ਼ੋਰ ਲਗਾ ਦਿੱਤਾ ਅਤੇ ਤਬਲੀਗੀ ਜਮਾਤ ਦਾ ਨਾਮ ਹੀ ਕਰੋਨਾ ਜਮਾਤ ਪਾ ਦਿੱਤਾ। 23 ਮਾਰਚ ਵਾਲੇ ਦਿਨ ਹੀ ਲਾਕਡਾਊਨ ਪਿੱਛੇ ਕਾਰਣ ਇਹ ਸੀ ਕਿ ਲੋਕ ਸ਼ਹੀਦੀ ਦਿਹਾੜਾ ਨਾ ਮਨਾ ਸਕਣ। ਪੰਜਾਬ ਵਿੱਚ ਕਈ ਥਾਂਵਾਂ ’ਤੇ ਲੋਕਾਂ ਨੇ ਗੁੱਜਰਾਂ ਤੋਂ ਦੁੱਧ ਖਰੀਦਣਾ ਇਸ ਲਈ ਬੰਦ ਕਰ ਦਿੱਤਾ ਕਿ ਇਹ ਵਾਇਰਸ ਜਮਾਤ ਹੈ। ਉੱਚ ਅਦਾਲਤ ਨੇ ਵੀ ਕਿਹਾ ਸੀ ਕਿ ਤਬਲੀਗੀ ਜਮਾਤ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ।
ਇਸ ਰਾਜ ਵਿੱਚ ਹਿੰਦੂ ਖਤਰੇ ਵਿੱਚ ਪੈ ਜਾਂਦਾ ਹੈ, ਗਊ ਮਾਤਾ ਖਤਰੇ ਵਿੱਚ ਪੈ ਜਾਂਦੀ ਹੈ। ਕੋਈ ਵਿਅਕਤੀ ਭਾਵੇਂ ਬੱਕਰੇ ਦਾ ਮੀਟ ਲਿਜਾ ਰਿਹਾ ਹੋਵੇ, ਘਰ ਦੇ ਰਾਜ ਵੇਲੇ ਉਸ ਨੂੰ ਬੀਫ ਦੇ ਬਹਾਨੇ ਬਿਨਾ ਪੁਣਛਾਣ ਕੀਤੇ ਬੇਤਹਾਸ਼ਾ ਕੁੱਟ ਸਕਦੇ ਹਨ ਜਾਂ ਜਾਨੋਂ ਮਾਰ ਸਕਦੇ ਹਨ। ਇਵੇਂ ਜਾਨੋਂ ਮਾਰਨ ਵਾਲੇ ਨੂੰ ਭਾਜਪਾ ਸਿਆਸਤਦਾਨ ਸਨਮਾਨਿਤ ਵੀ ਕਰਦੇ ਹਨ। ਪਸ਼ੂਆਂ ਦਾ ਕੋਈ ਵਪਾਰੀ ਜੇਕਰ ਕਿਸੇ ਗੱਡੀ ਵਿੱਚ ਭਾਵੇਂ ਦੁੱਧ ਦੇਣ ਵਾਲੀ ਸੱਜਰ ਸੂਈਆਂ ਗਊਆਂ ਲੈ ਕੇ ਜਾ ਰਿਹਾ ਹੋਵੇ ਤਾਂ ਬਕਲਮ ਖੁਦ ਬਣੇ ਗਊ ਰੱਖਿਅਕ ਗਊਆਂ ਛੁਡਾ ਕੇ ਘਰ ਲੈ ਜਾਂਦੇ ਹਨ, ਦੁੱਧ ਆਪ ਪੀਂਦੇ ਜਾਂ ਵੇਚਦੇ ਹਨ ਪਰ ਡਰਾਈਵਰ ਅਤੇ ਵਪਾਰੀ ਦੀ ਦੁਰਗਤ ਕਰਦੇ ਹਨ। ਇਸ ਰਾਜ ਵਿੱਚ ਅਨਪੜ੍ਹ ਯੂਨੀਵਰਸਿਟੀ ਤੋਂ ਪੜ੍ਹੇ ਵਿਧਾਇਕਾਂ ਅਤੇ ਸਾਂਸਦਾਂ ਨੇ ਗੱਦਾਰੀ, ਅਤੇ ਦੇਸ਼ ਧ੍ਰੋਹੀ ਦੇ ਸਰਟੀਫਿਕੇਟ ਬਹੁਤ ਵੰਡੇ ਹਨ। ਜੇਕਰ ਕੋਈ ਧਰਮ ਨਿਰਪਖਤਾ ਦੀ ਗੱਲ ਕਰੇ ਤਾਂ ਉਸ ਨੂੰ ਗੱਦਾਰ ਕਹਿ ਦਿੱਤਾ ਜਾਂਦਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਤਾਂ ਇਹ ਵੀ ਕਿਹਾ ਹੈ ਕਿ ਭਾਰਤ ਨੂੰ ਸਭ ਤੋਂ ਵੱਧ ਖਤਰਾ ਧਰਮ ਨਿਰਪੱਖਤਾ ਤੋਂ ਹੈ।
ਭਾਰਤ ਦੀਆਂ ਸਿਖਰ ਦੀਆਂ ਯੂਨੀਵਰਸਿਟੀਆਂ ਬਾਰੇ ਘਰ ਦੇ ਰਾਜ ਵਿੱਚ “ਨਕਸਲਵਾਦੀ ਜਾਂ ਗੱਦਾਰ” ਪੈਦਾ ਹੋਣ ਦਾ ਪ੍ਰਚਾਰ ਵੀ ਸਿਖਰਾਂ ’ਤੇ ਹੈ। ਇਸ ਰਾਜ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ ਦੇ ਵਿਦਿਆਰਥੀ ਕੁਝ ਗੁੰਡਿਆਂ ਸਮੇਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਅਲੀਗੜ੍ਹ ਯੂਨੀਵਰਸਿਟੀ ਵਿੱਚ ਪੁਲਿਸ ਦੀ ਦੇਖ ਰੇਖ ਵਿੱਚ ਅੰਦਰ ਜਾ ਕੇ ਲਾਇਬ੍ਰੇਰੀ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਬਿਨਾ ਕਾਰਣ ਕੁੱਟ ਸਕਦੇ ਹਨ, ਵਿਦਿਆਰਥੀਆਂ ਦੇ ਗੁੱਟ ਜਾਂ ਲੱਤਾਂ ਭੰਨ ਸਕਦੇ ਹਨ ਅਤੇ ਵਿਦਿਆਰਥਣਾਂ ਨਾਲ ਅਭੱਦਰ ਵਿਵਹਾਰ ਕਰ ਸਕਦੇ ਹਨ। ਪੁਲਿਸ ਵੀ ਮਜ਼ਲੂਮ ਵਿਰੁੱਧ ਹੀ ਕੇਸ ਦਰਜ ਕਰਦੀ ਹੈ।
ਸੋਨੀਪੱਤ ਵਿਖੇ ਅਸ਼ੋਕਾ ਯੂਨੀਵਰਸਿਟੀ ਜੋ ਕਿ ਸੰਸਾਰ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ, ਉਸ ਨੂੰ ਵੀ ਭਾਜਪਾ ਰਾਜ ਦੀ ਮਨਹੂਸ ਨਜ਼ਰ ਲੱਗ ਚੁੱਕੀ ਹੈ। ਉੱਥੇ ਦੇ ਪ੍ਰੋਫੈਸਰ ਭਾਨੂ ਪਰਤਾਪ ਮਹਿਤਾ ਦੇ ਸੰਵਿਧਾਨ ਦੀ ਪਾਲਨਾ ਬਾਰੇ ਅਤੇ ਮਨੁੱਖੀ ਅਧਿਕਾਰਾਂ ਦੇ ਬਾਰੇ ਲੇਖ ਲਿਖਣ ’ਤੇ ਯੂਨੀਵਰਸਿਟੀ ਅਧਿਕਾਰੀ ਦੁਖੀ ਹੋ ਉੱਠੇ ਅਤੇ ਕਹਿ ਦਿੱਤਾ ਕਿ ਮਹਿਤਾ ਪ੍ਰੋਫੈਸਰ ਯੂਨੀਵਰਸਿਟੀ ’ਤੇ ਬੋਝ ਹਨ। ਯੂਨੀਵਰਸਿਟੀ ’ਤੇ “ਬੋਝ” ਨਾ ਬਣੇ ਰਹਿਣ ਲਈ ਉਨ੍ਹਾਂ ਨੇ ਇਸਤੀਫ਼ਾ ਲਿਖ ਦਿੱਤਾ। ਉਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪ੍ਰੋਫੈਸਰ ਮਹਿਤਾ ਨੂੰ ਵਾਪਸ ਸੱਦਣ ਲਈ ਹੜਤਾਲ ਕਰ ਦਿੱਤੀ ਅਤੇ ਅਰਥ ਸ਼ਸਤਰ ਦੇ ਚੋਟੀ ਦੇ ਪ੍ਰੋਫੈਸਰ ਅਰਵਿੰਦ ਸੁਬਰਾਮਨੀਅਮ ਨੇ ਵੀ ਮਹਿਤਾ ਜੀ ਦੇ ਅਸਤੀਫੇ ਤੋਂ ਬਾਅਦ ਇਹ ਕਹਿ ਕੇ ਇਸਤੀਫ਼ਾ ਦੇ ਦਿੱਤਾ ਹੈ?” ਇਸ ਯੂਨੀਵਰਸਿਟੀ ਨੂੰ ਭਾਵੇਂ ਬਾਹਰੋਂ ਬੜੀ ਪ੍ਰਾਈਵੇਟ ਆਰਥਿਕ ਸਹਾਇਤਾ ਮਿਲ ਰਹੀ ਹੈ ਪਰ ਇੱਥੇ ਯੋਗਤਾ ਅਤੇ ਆਜ਼ਾਦ ਵਿਚਾਰਾਂ ਦੇ ਪ੍ਰਗਟਾਵੇ ਲਈ ਜਗ੍ਹਾ ਨਹੀਂ ਹੈ।ਯਾਦ ਰਹੇ ਕਿ ਅਰਵਿੰਦ ਸੁਬਰਾਮਨੀਅਮ ਜੀ ਕੇਂਦਰ ਸਰਕਾਰ ਦੇ ਆਰਥਿਕ ਸਲਾਹਕਾਰ ਵੀ ਰਹੇ ਹਨ।
ਨੋਟ ਕਰਨ ਵਾਲੀ ਗੱਲ ਹੈ ਕਿ ਇਹ ਇੱਕ ਐਸਾ ਅਦੁਤੀ ਰਾਜ ਹੈ ਜਿੱਥੇ ਰੋਟੀ, ਕੱਪੜਾ ਅਤੇ ਮਕਾਨ ਵਰਗੀਆਂ ਮੂਲ ਲੋੜਾਂ ਛੱਡ ਕੇ ਮੰਦਿਰ ਬਣਾਉਣ ਜਾਂ ਸ਼ਹਿਰਾਂ, ਰੇਲਵੇ ਸਟੇਸ਼ਨਾਂ ਅਤੇ ਸੜਕਾਂ ਦੇ ਨਾਮ ਬਦਲੇ ਜਾ ਰਹੇ ਹਨ। ਪ੍ਰਧਾਨ ਮੰਤਰੀ ਪਾਰਲੀਮੈਂਟ ਵਿੱਚ ਹਾਜ਼ਰ ਰਹਿਣ ਦੀ ਬਜਾਏ ਆਪਣੇ ਵਿਧਾਇਕਾਂ ਨੂੰ ਜਿਤਾਉਣ ਲਈ ਪ੍ਰਚਾਰ ਵਿੱਚ ਰੁੱਝਾ ਰਹਿੰਦਾ ਹੈ ਅਤੇ ਵੇਲੇ ਦੇ ਸਾਂਸਦਾਂ ਨੂੰ ਵਿਧਾਇਕ ਦੇ ਤੌਰ ’ਤੇ ਉਮੀਦਵਾਰ ਖੜ੍ਹਾ ਕਰ ਦਿੰਦਾ ਹੈ,ਲੋਕਾਂ ਦੇ ਮਨਾਂ ਦੀ ਗੱਲ ਸੁਣਨ ਦੀ ਬਜਾਏ ਮੀਡੀਆ ’ਤੇ ਆਪਣੇ ਹੀ ਮੰਨ ਦੀ ਗੱਲ ਕਰਦਾ ਰਹਿੰਦਾ ਹੈ। ਹੁਣ ਤਕ ਪ੍ਰਧਾਨ ਮੰਤਰੀ ਦੀ ਦੇਸ਼ ਨੂੰ ਦੇਣ ਕੇਵਲ ਜੁਮਲੇ ਹੀ ਹੈ। ਅਜੇ ਹੋਰ ਪਤਾ ਨਹੀਂ ਕੀ ਕੀ ਘਰ ਦੇ ਰਾਜ ਵਿੱਚ ਵੇਖਣਾ ਪੈਣਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2677)
(ਸਰੋਕਾਰ ਨਾਲ ਸੰਪਰਕ ਲਈ: