“ਸਰਵਉੱਚ ਸੰਵਿਧਾਨਿਕ ਸੰਸਥਾ ਦਾ ਉਦਘਾਟਨ ਦੇਸ਼ ਦੇ ਪਹਿਲੇ ਨਾਗਰਿਕ ਰਾਸ਼ਟਰਪਤੀ ਨੂੰ ਕਰਨਾ ...”
(2 ਜੂਨ 2023)
ਇਸ ਸਮੇਂ ਪਾਠਕ: 245.
28 ਮਈ ਐਤਵਾਰ ਵਾਲੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ। ਉਦਘਾਟਨ ਲਈ 28 ਮਈ ਹੀ ਕਿਉਂ ਚੁਣਿਆ, ਹੋਰ ਕੋਈ ਦਿਨ ਜਾਂ ਮਿਤੀ ਕਿਉਂ ਨਹੀਂ? ਇਸ ਪਿੱਛੇ ਮੁੱਖ ਕਾਰਣ ਸਾਵਰਕਰ ਦਾ ਜਨਮ ਦਿਨ ਹੈ, ਜਿਸ ਨੇ ਸਭ ਤੋਂ ਪਹਿਲਾਂ ਹਿੰਦੂ ਰਾਸ਼ਟਰ ਦੀ ਵਕਾਲਤ ਕੀਤੀ ਸੀ। ਕਿਉਂਕਿ ਆਰ ਐੱਸ ਐੱਸ ਭਾਰਤ ਦੇ ਲਿਖਤ ਅਤੇ ਅਲਿਖਤ ਇਤਿਹਾਸ ਵਿੱਚੋਂ ਨਹਿਰੂ, ਗਾਂਧੀ, ਦਾਦਾ ਭਾਈ ਨਾਰੋਜੀ, ਲਾਲਾ ਲਾਜਪਤ ਰਾਏ, ਐਨੀ ਬਸੰਤ, ਜਯੋਤੀਬਾ ਫੂਲੇ, ਚਿਤਰੰਜਨ ਦਾਸ, ਦੁਰਗਾ ਭਾਬੀ, ਮੌਲਾਨਾ ਆਜ਼ਾਦ, ਸੈਫ਼ੁਦਦੀਨ ਕਿਚਲੂ, ਖਾਨ ਅਬਦੁਲ ਗੁਬਾਰ ਖਾਂ (ਸਰਹੱਦੀ ਗਾਂਧੀ) ਆਦਿ ਨੂੰ ਖਤਮ ਕਰਨਾ ਚਾਹੁੰਦੀ ਹੈ, ਇਸ ਲਈ 28 ਮਈ ਦਾ ਦਿਨ ਚੁਣਿਆ। ਨਹੀਂ ਤਾਂ 14 ਨਵੰਬਰ ਨੂੰ ਵੀ ਉਦਘਾਟਨ ਕੀਤਾ ਜਾ ਸਕਦਾ ਸੀ ਜਿਸ ਦਿਨ ਜਵਾਹਰ ਲਾਲ ਨਹਿਰੂ ਦਾ ਜਨਮ ਹੋਇਆ ਸੀ, 2 ਅਕਤੂਬਰ ਨੂੰ ਵੀ ਕੀਤਾ ਜਾ ਸਕਦਾ ਸੀ ਜਿਸ ਦਿਨ ਮਹਾਤਮਾ ਗਾਂਧੀ ਦਾ ਜਨਮ ਹੋਇਆ, 27 ਸਤੰਬਰ ਨੂੰ ਕੀਤਾ ਜਾ ਸਕਦਾ ਸੀ ਜਿਸ ਦਿਨ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਹੋਇਆ, 31 ਅਕਤੂਬਰ ਨੂੰ ਵੀ ਕੀਤਾ ਜਾ ਸਕਦਾ ਸੀ ਜਿਸ ਦਿਨ ਸਰਦਾਰ ਪਟੇਲ ਦਾ ਜਨਮ ਹੋਇਆ ਅਤੇ ਜਿਸਦੀ ਮੂਰਤੀ ਮੋਦੀ ਜੀ ਨੇ ਲੋਕਾਂ ਦੇ ਟੈਕਸ ਤੋਂ ਪ੍ਰਾਪਤ ਧਨ ਨੂੰ ਖਰਚ ਕੇ 3 ਹਜ਼ਾਰ ਕਰੋੜ ਦੀ ਬਣਵਾ ਕੇ ਲਗਵਾਈ ਹੈ। ਜੇਕਰ ਜ਼ਿਆਦਾ ਹੀ ਕਾਹਲੇ ਸੀ ਤਾਂ 7 ਮਈ ਨੂੰ ਉਦਘਾਟਨ ਕੀਤਾ ਜਾ ਸਕਦਾ ਸੀ ਜਿਸ ਦਿਨ ਰਾਸ਼ਟਰ ਗਾਨ ‘ਜਨ ਗਣ ਮਨ ‘ਦੇ ਲੇਖਕ ਰਬਿੰਦਰ ਨਾਥ ਟੈਗੋਰ ਦਾ ਜਨਮ ਦਿਨ ਹੈ। ਪਰ ਨਰੇਂਦਰ ਮੋਦੀ ਜੀ ਤਾਂ ਆਰ ਐੱਸ ਐੱਸ ਦੀ ਇੱਛਾ ਅਨੁਸਾਰ ਵਿਨਾਇਕ ਦਮੋਦਰ ਸਾਵਰਕਰ ਨੂੰ ਹੀ ਮਹੱਤਤਾ ਦੇਣਾ ਚਾਹੁੰਦੇ ਹਨ ਜਿਸਦੇ ਦੇਸ਼ ਵਿਰੋਧੀ ਕਾਰਨਾਮਿਆਂ ਦਾ ਜ਼ਿਕਰ ਮੈਂ ਇੱਥੇ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਰੇ ਪਾਠਕ ਲਗਭਗ ਜਾਣਦੇ ਹੀ ਹਨ। ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਜਾਂ ਕਾਂਗਰਸ ਦੇ ਹੋਰ ਅਜ਼ਾਦੀ ਘੁਲਾਟੀਏ ਤਾਂ ਆਰ ਐੱਸ ਐੱਸ ਦੀਆਂ ਅੱਖਾਂ ਵਿੱਚ ਇਸ ਲਈ ਰੜਕਦੇ ਹਨ ਕਿਉਂਕਿ ਉਹ ਧਰਮ ਨਿਰਪੱਖਤਾ ਦੇ ਹਾਮੀ ਸਨ ਜਦੋਂ ਕਿ ਆਰ ਐੱਸ ਐੱਸ ਕੇਵਲ ਇੱਕ ਧਰਮ, ਹਿੰਦੂ ਧਰਮ ਵਾਲਾ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ।
ਨਵੇਂ ਸੰਸਦ ਭਵਨ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀਆਂ ਸੀਟਾਂ ਅਤੇ ਸਜਾਵਟਾਂ ਤੋਂ ਇਲਾਵਾ ਇੱਕ ਸੈਂਗੋਲ ਲੋਕਸਭਾ ਸਪੀਕਰ ਦੇ ਕੋਲ ਸਥਾਪਿਤ ਹੈ ਅਤੇ ਭੀਤੀ ਚਿੱਤਰ (ਕੰਧਾਂ ਉੱਤੇ ਉੱਕਰੇ ਚਿੱਤਰ) ਹਨ। ਇਹ ਭੀਤੀ ਚਿੱਤਰ ਹੀ ਸਾਡਾ ਧਿਆਨ ਮੰਗਦੇ ਹਨ। ਇੱਕ ਭੀਤੀ ਚਿੱਤਰ ਵਿੱਚ ਚਾਣਕਿਆ ਦਰਸਾਇਆ ਗਿਆ ਹੈ, ਜਿਸ ਨੂੰ ਕੌਟਲਿਆ ਵੀ ਕਹਿੰਦੇ ਹਨ ਅਤੇ ਜਿਸ ਨੇ ਅਰਥ ਸ਼ਾਸਤਰ ਗ੍ਰੰਥ ਲਿਖਿਆ ਸੀ। ਨਾਲ ਹੀ ਇੱਕ ਭੀਤੀ ਚਿੱਤਰ ਵਿੱਚ ਦੱਖਣ ਭਾਰਤ ਦੇ ਸਾਮਰਾਜ ਚੌਲ, ਪਾਂਡਿਆਂ, ਕੇਰਲ ਪੁੱਤਰ, ਦ੍ਰਾਵਿੜ ਤੋਂ ਇਲਾਵਾ ਇੱਕ ਪ੍ਰਚੀਨ ਧਾਰਮਿਕ ਗ੍ਰੰਥ ਦਰਸਾਇਆ ਗਿਆ ਹੈ।
ਭੀਤੀ ਚਿੱਤਰਾਂ ਵਿੱਚ ਇੱਕ ਸਥਾਨ ’ਤੇ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਅਤੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ. ਆਰ. ਅੰਬੇਡਕਰ ਜੀ ਦੇ ਚਿੱਤਰ ਲੱਗੇ ਹੋਏ ਹਨ ਪਰ ਕਾਂਗਰਸ ਦੇ ਹੋਰ ਕਿਸੇ ਅਜ਼ਾਦੀ ਘੁਲਾਟੀਏ ਦਾ ਕੋਈ ਚਿੱਤਰ ਨਹੀਂ ਹੈ ਅਤੇ ਨਾ ਹੀ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਭਾਗ ਲੈਣ ਵਾਲੇ ਕਿਸੇ ਅਕਾਲੀ, ਕੂਕੇ, ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ, ਗ਼ਦਰ ਪਾਰਟੀ ਦੇ ਸ਼ਹੀਦਾਂ ਵਿੱਚੋਂ ਕਿਸੇ ਦਾ ਭੀਤੀ ਚਿੱਤਰ ਹੈ। ਇੱਕ ਭੀਤੀ ਚਿੱਤਰ ਵਿੱਚ ਕੋਣਾਰਕ ਦਾ ਮੰਦਰ ਵਿਖਾਇਆ ਗਿਆ ਹੈ, ਜਿਸਦੀ ਸ਼ਕਲ ਇੱਕ ਰੱਥ ਵਰਗੀ ਹੈ, ਜਿਸਦੇ 12 ਪਹੀਏ ਹਨ ਅਤੇ ਸੱਤ ਘੋੜੇ ਇਸ ਨੂੰ ਖਿੱਚਦੇ ਹਨ। ਇਸ ਰੱਥ ਉੱਤੇ ਮਿਥਹਾਸ ਅਨੁਸਾਰ ਸੂਰਜ ਬੈਠ ਕੇ ਧਰਤੀ ਦੇ ਚੱਕਰ ਲਗਾਉਂਦਾ ਹੈ। ਇੱਥੇ ਹੀ ਇੱਕ ਕਲਾਕ੍ਰਿਤੀ ਦੇਵਤਿਆਂ ਅਤੇ ਰਾਕਸ਼ਾਂ ਵੱਲੋਂ ਸਮੁੰਦਰ ਮੰਥਨ ਦਾ ਭੀਤੀ ਚਿੱਤਰ ਲੱਗਾ ਹੋਇਆ ਹੈ, ਜਿਸ ਮੰਥਨ (ਰਿੜਕਣ) ਨਾਲ ਪਾਣੀ ਵਿੱਚੋਂ ਅੰਮ੍ਰਿਤ ਪ੍ਰਾਪਤ ਕੀਤਾ ਗਿਆ। ਮੰਥਨ ਲਈ ਰੱਸੇ ਦੇ ਤੌਰ ’ਤੇ ਸ਼ਿਵਜੀ ਦੇ ਗਲੇ ਵਿੱਚੋਂ ਨਾਗ ਲੈ ਕੇ ਵਰਤ ਲਿਆ ਗਿਆ।
ਨਵੇਂ ਸੰਸਦ ਭਵਨ ਵਿੱਚ ਕੇਵਲ ਹਿੰਦੂ ਦੇਵਤਿਆਂ, ਪ੍ਰਾਚੀਨ ਸੱਭਿਆਚਾਰ, ਸ਼ਖ਼ਸੀਅਤਾਂ, ਮੰਦਿਰਾਂ, ਆਦਿ ਦਾ ਜ਼ਿਕਰ ਹੈ ਪਰ ਕਿਸੇ ਮੁਸਲਮਾਨ ਜਾਂ ਇਸਾਈ ਦਾ ਜ਼ਿਕਰ ਬਿਲਕੁਲ ਨਹੀਂ ਹੈ, ਗੌਤਮ ਬੁੱਧ ਬਾਰੇ ਤਾਂ ਸੋਚਿਆ ਹੀ ਨਹੀਂ ਜਾ ਸਕਦਾ। ਟੀਪੂ ਸੁਲਤਾਨ ਵਾਲੇ ਰਾਕਟਾਂ ਦੇ ਚਿੱਤਰ ਅਮਰੀਕਾ ਦੀ ਨਾਸਾ ਲੈਬ ਵਿੱਚ ਤਾਂ ਲੱਗੇ ਹਨ ਪਰ ਉਹ ਸੰਸਦ ਦੇ ਕਿਸੇ ਭੀਤੀ ਚਿੱਤਰ ਵਿੱਚ ਨਹੀਂ ਹਨ। ਟੀਪੂ ਸੁਲਤਾਨ ਇੱਕ ਸੋਨੇ ਦੀ ਅੰਗੂਠੀ ਪਹਿਨਦਾ ਸੀ ਜਿਸ ਉੱਤੇ ‘ਰਾਮ’ ਉੱਕਰਿਆ ਹੋਇਆ ਸੀ ਪਰ ਇੱਥੇ ਰਾਮ ਦੀ ਮਹੱਤਤਾ ਵੀ ਆਰ ਐੱਸ ਐੱਸ ਵਾਸਤੇ ਨਹੀਂ ਰਹੀ ਕਿਉਂਕਿ ਉਹ ਮੁਸਲਮਾਨ ਬਾਦਸ਼ਾਹ ਦੀ ਅੰਗੂਠੀ ਉੱਤੇ ਉੱਕਰਿਆ ਹੋਇਆ ਸੀ। ਜੀਸਸ ਕਰਾਈਸਟ ਦੀ ਸਲੀਬ ਵੀ ਕਿਸੇ ਭੀਤੀ ਚਿੱਤਰ ਵਿੱਚ ਨਹੀਂ ਹੈ। ਮੁਗਲ ਇਤਿਹਾਸ ਨੂੰ ਤਾਂ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਵਿੱਚੋਂ ਪਹਿਲਾਂ ਹੀ ਖਾਰਿਜ ਕਰ ਚੁੱਕੇ ਹਨ। ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ’ ਦੇ ਲੇਖਕ ਮੁਹੰਮਦ ਇਕਬਾਲ ਦਾ ਪਾਠ ਵੀ ਸਕੂਲਾਂ, ਕਾਲਜਾਂ ਦੀਆਂ ਪਾਠ ਪੁਸਤਕਾਂ ਵਿੱਚੋਂ ਕੱਢ ਚੁੱਕੇ ਹਨ। ਪਤਾ ਨਹੀਂ ਅੱਗੋਂ ਤੋਂ ‘ਸਾਰੇ ਜਹਾਂ ਦੇ ਅੱਛਾ ਹਿੰਦੋਸਤਾਂ ਹਮਾਰਾ’ ਰਾਸ਼ਟਰੀ ਪਰਵਾਂ ਉੱਤੇ ਗਾਇਆ ਜਾਵੇਗਾ ਜਾਂ ਨਹੀਂ। ਮਹਾਰਾਜਾ ਰਣਜੀਤ ਸਿੰਘ ਜਾਂ ਹਰੀ ਸਿੰਘ ਨਲੂਆ ਵੀ ਕਿਤੇ ਨਹੀਂ। ਜੋ ਕੁਝ ਹੈ, ਕੇਵਲ ਹਿੰਦੂ ਇਤਿਹਾਸ ਜਾਂ ਮਿਥਹਾਸ ਬਾਰੇ ਹੈ ਅਤੇ ਉਹ ਵੀ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਦਾ ਹੈ।
ਸਭ ਤੋਂ ਅਹਿਮ ਸੰਵਿਧਾਨਿਕ ਸੰਸਥਾ ਦੇ ਉਦਘਾਟਨ ਵੇਲੇ ਕਾਨੂੰਨੀ ਮਾਹਰ ਜਾਂ ਸੰਸਾਰ ਵਿੱਚੋਂ ਚੋਣਵੇਂ ਸਾਂਸਦ ਬੁਲਾਏ ਜਾ ਸਕਦੇ ਸਨ, ਪਰ ਬੁਲਾ ਲਿਆ ਭਗਵਾ ਸਾਧਾਂ ਦਾ ਟੋਲਾ। ਮੋਦੀ ਜੀ ਨੇ ਸੇਂਗੋਲ ਦੇ ਸਾਹਮਣੇ ਦੰਡਵਤ ਪ੍ਰਣਾਮ ਕੀਤਾ। ਭਗਵਾ ਸਾਧਾਂ ਨੇ ਮੋਦੀ ਜੀ ਅਤੇ ਲੋਕ ਸਭਾ ਦੇ ਸਪੀਕਰ ਨੂੰ ਪਾਰਲੀਮੈਂਟ ਦੇ ਅੰਦਰ ਅਸ਼ੀਰਵਾਦ ਦਿੱਤਾ। ਕੀ ਇਸੇ ਨੂੰ ਮੋਦੀ ਜੀ ਡਿਜੀਟਲ ਇੰਡੀਆ ਕਹਿੰਦੇ ਹਨ? ਇਹ ਸਾਰਾ ਕੁਝ ਇਵੇਂ ਲੱਗ ਰਿਹਾ ਸੀ ਜਿਵੇਂ ਸੰਸਦ ਦਾ ਉਦਘਾਟਨ ਇੱਕ ਸੰਵਿਧਾਨਿਕ ਸੰਸਥਾ ਦੀ ਬਜਾਏ ਕਿਸੇ ਹਿੰਦੂ ਮੰਦਿਰ ਦਾ ਉਦਘਾਟਨ ਹੋ ਰਿਹਾ ਹੋਵੇ। ਇਹ ਨਵੇਂ ਸੰਸਦ ਭਵਨ ਦੇ ਉਦਘਾਟਨ ਦੀ ਬਜਾਏ ਹਿੰਦੂ ਰਾਸ਼ਟਰ ਦਾ ਟਰੇਲਰ ਨਜ਼ਰ ਆ ਰਿਹਾ ਸੀ।
ਅਜੇ ਤਕ ਤਾਂ ਭਗਵਾ ਭਗਤ ਜਾਂ ਗੋਦੀ ਮੀਡੀਆ ਬਾਰ ਬਾਰ ਕਹਿ ਰਹੇ ਹਨ ਕਿ ਭਾਰਤ ਦੀ ਹਾਲਤ ਪਾਕਿਸਤਾਨ ਦੀ ਹਾਲਤ ਤੋਂ ਕਈ ਗੁਣਾ ਬਿਹਤਰ ਹੈ। ਉੱਥੇ ਮਹਿੰਗਾਈ ਸਿਖਰਾਂ ’ਤੇ ਹੈ ਅਤੇ ਕਈ ਵਾਰ ਫੌਜ ਰਾਜ ਪਲਟੇ ਕਰ ਚੁੱਕੀ ਹੈ ਅਤੇ ਅੱਗੋਂ ਲਈ ਵੀ ਰਾਜ ਪਲਟੇ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਪਰ ਭਗਤ ਲੋਕ ਭੁੱਲ ਜਾਂਦੇ ਹਨ ਅਤੇ ਗੋਦੀ ਮੀਡੀਆ ਜਾਣ ਬੁੱਝ ਕੇ ਇਹ ਤੱਥ ਲੁਕੋ ਰਿਹਾ ਹੈ ਕਿ ਪਾਕਿਸਤਾਨ ਵਿੱਚ ਧਰਮ ਨਿਰਪੱਖਤਾ ਨਹੀਂ ਹੈ, ਉੱਥੇ ਅੱਲਾ ਨੂੰ ਨਾ ਮੰਨਣ ਵਾਲੇ ਦੇਸ਼ ਦੇ ਦੁਸ਼ਮਣ ਕਹੇ ਜਾਂਦੇ ਹਨ ਅਤੇ ਕੋਰਟ ਵੱਲੋਂ ਕੋਈ ਫੈਸਲਾ ਆਉਣ ਤੋਂ ਪਹਿਲਾਂ ਹੀ ਕੋਈ ਨਾ ਕੋਈ ਉਹਨਾਂ ਨੂੰ ਕਤਲ ਕਰ ਜਾਂਦਾ ਹੈ। ਇੱਕੋ ਧਰਮ ਦਾ ਰਾਜ ਹੋਣ ਕਾਰਣ ਇੱਕੋ ਧਰਮ ਦੇ ਫੌਜੀ ਜਰਨੈਲ ਹਨ ਜਿਹੜੇ ਮਿਲ ਕੇ ਕਿਸੇ ਵਕਤ ਵੀ ਰਾਜ ਪਲਟਾ ਕਰ ਸਕਦੇ ਹਨ, ਚੁਣੀ ਹੋਈ ਸਰਕਾਰ ਕੇਵਲ ਨਾਮ ਮਾਤਰ ਹੀ ਹੁੰਦੀ ਹੈ। ਭਾਰਤ ਵਿੱਚ ਅਜੇ ਤਕ ਕੁਝ ਨਾ ਕੁਝ ਧਰਮ ਨਿਰਪੱਖਤਾ ਬਚੀ ਹੋਈ ਹੈ, ਜਿਸ ਕਾਰਣ ਇੱਥੇ ਜੇਕਰ ਆਰਮੀ ਦਾ ਜਨਰਲ ਸਿੱਖ ਹੋਵੇ ਤਾਂ ਏਅਰ ਫੋਰਸ ਦਾ ਹਿੰਦੂ ਅਤੇ ਨੇਵੀ ਦਾ ਜਨਰਲ ਇਸਾਈ ਹੋ ਸਕਦਾ ਹੈ ਅਤੇ ਤਿੰਨਾਂ ਵੱਲੋਂ ਸਾਜ਼ਿਸ਼ ਕਰ ਕੇ ਰਾਜ ਪਲਟਾ ਕਰਨਾ ਮੁਸ਼ਕਿਲ ਹੁੰਦਾ ਹੈ। ਜੇਕਰ ਭਾਰਤ ਹਿੰਦੂ ਰਾਸ਼ਟਰ ਬਣਦਾ ਹੈ ਤਾਂ ਇੱਥੇ ਸਾਰੇ ਹੀ ਜਰਨੈਲ ਹਿੰਦੂ ਹੋਣਗੇ ਅਤੇ ਇੱਥੇ ਵੀ ਨਿੱਤ ਦਿਨ ਰਾਜ ਪਲਟੇ ਹੋ ਸਕਦੇ ਹਨ ਅਤੇ ਮਹਿੰਗਾਈ, ਬਦਹਾਲੀ ਪਾਕਿਸਤਾਨ ਵਰਗੀ ਹੋ ਸਕਦੀ ਹੈ।
ਸੈਂਟਰਲ ਵਿਸਟਾ ਪ੍ਰਾਜੈਕਟ ਅਧੀਨ ਇਹ ਨਵਾਂ ਸੰਸਦ ਭਵਨ ਬਣਿਆ ਹੈ ਅਤੇ ਸੈਂਟਰਲ ਵਿਸਟਾ ਪ੍ਰਾਜੈਕਟ ਉੱਤੇ ਵੀਹ ਹਜ਼ਾਰ ਕਰੋੜ ਰੁਪਏ ਖਰਚ ਆਇਆ ਹੈ। ਕੁਝ ਅਹਿਮ ਪ੍ਰਸ਼ਨ ਹਨ ਜਿਹਨਾਂ ਦਾ ਜਵਾਬ ਦੇਸ਼ਵਾਸੀ ਮੰਗਦੇ ਹਨ:
ਕੀ ਇਸ ਪ੍ਰਾਜੈਕਟ ਵਾਸਤੇ ਖਰਚੇ ਗਏ ਵੀਹ ਹਜ਼ਾਰ ਕਰੋੜ ਰੁਪਏ ਮੋਦੀ ਜੀ ਨੇ ਆਪਣੀ ਜੇਬ ਵਿੱਚੋਂ ਦਿੱਤੇ ਹਨ ਜਾਂ ਭਾਜਪਾ ਨੇ ਆਪਣੇ ਫੰਡ ਵਿੱਚੋਂ ਦਿੱਤੇ ਹਨ? ਨਹੀਂ, ਬਿਲਕੁਲ ਨਹੀਂ। ਇਹ ਲੋਕਾਂ ਦੇ ਟੈਕਸਾਂ ਰਾਹੀਂ ਪ੍ਰਾਪਤ ਰਾਸ਼ੀ ਵਿੱਚੋਂ ਖਰਚ ਹੋਏ ਹਨ ਅਤੇ ਇਹ ਟੈਕਸ ਕੇਵਲ ਹਿੰਦੂਆਂ ਨੇ ਨਹੀਂ ਦਿੱਤੇ ਬਲਕਿ ਹਿੰਦੂਆਂ ਸਮੇਤ ਮੁਸਲਮਾਨਾਂ, ਇਸਾਈਆਂ, ਸਿੱਖਾਂ ਅਤੇ ਬੋਧੀਆਂ ਆਦਿ ਨੇ ਦਿੱਤੇ ਹਨ ਜਿਸ ਵਿੱਚ ਤਨਖਾਹਦਾਰ ਕਰਮਚਾਰੀਆਂ, ਮਜ਼ਦੂਰਾਂ, ਅਫਸਰਾਂ ਅਤੇ ਵਪਾਰਿਕ ਘਰਾਣਿਆਂ ਦਾ ਆਮਦਨ ਟੈਕਸ ਹੈ ਅਤੇ ਜੀ.ਐੱਸ.ਟੀ. ਹੈ ਜਿਹੜਾ ਗਰੀਬ ਤੋਂ ਗਰੀਬ ਨੂੰ ਵੀ ਦੇਣਾ ਪੈਂਦਾ ਹੈ ਭਾਵੇਂ ਉਹ ਲੂਣ ਦਾ ਪੈਕਟ ਖਰੀਦੇ ਭਾਵੇਂ ਇੱਕ ਮੋਮਬੱਤੀ ਖਰੀਦੇ। ਇਸ ਹਾਲਤ ਵਿੱਚ ਕੇਵਲ ਹਿੰਦੂ ਇਤਿਹਾਸ, ਹਿੰਦੂ ਮਿਥਹਾਸ ਅਤੇ ਹਿੰਦੂ ਸ਼ਖ਼ਸੀਅਤਾਂ ਹੀ ਕਿਉਂ? ਆਦੀਵਾਸੀ ਰਾਸ਼ਟਰਪਤੀ ਦਰੌਪਦੀ ਮੁਰਮੂ ਦੇ ਹੁੰਦਿਆਂ ਹੋਇਆਂ ਮੋਦੀ ਜੀ ਨੇ ਉਦਘਾਟਨ ਕਿਉਂ ਕੀਤਾ?
ਇਸ ਵਿੱਚ ਧਰਮ ਨਿਰਪੱਖਤਾ ਕਿੱਥੇ ਹੈ ਜਦੋਂ ਕੇਵਲ ਹਿੰਦੂ ਪ੍ਰਾਚੀਨ ਇਤਿਹਾਸ, ਮਿਥਹਾਸ ਅਤੇ ਹਿੰਦੂ ਸ਼ਖ਼ਸੀਅਤਾਂ ਦੀ ਹੀ ਉਪਮਾ ਕਿਉਂ ਕੀਤੀ ਜਾ ਰਹੀ ਹੈ ਅਤੇ ਹੋਰ ਕਿਸੇ ਵੀ ਧਰਮ ਬਾਰੇ ਕੁਝ ਵੀ ਨਹੀਂ ਹੈ?
ਸਰਵਉੱਚ ਸੰਵਿਧਾਨਿਕ ਸੰਸਥਾ ਦਾ ਉਦਘਾਟਨ ਦੇਸ਼ ਦੇ ਪਹਿਲੇ ਨਾਗਰਿਕ ਰਾਸ਼ਟਰਪਤੀ ਨੂੰ ਕਰਨਾ ਚਾਹੀਦਾ ਹੈ, ਜੇਕਰ ਉਹ ਕਿਸੇ ਕਾਰਣ ਨਾ ਕਰ ਸਕੇ ਤਾਂ ਦੂਜੇ ਨਾਗਰਿਕ ਉਪ ਰਾਸ਼ਟਰਪਤੀ ਨੂੰ ਕਰਨਾ ਚਾਹੀਦਾ ਹੈ। ਪਹਿਲੇ ਅਤੇ ਦੂਜੇ ਨਾਗਰਿਕ ਦੇ ਹੁੰਦੇ ਹੋਏ ਤੀਜੇ ਨਾਗਰਿਕ ਪ੍ਰਧਾਨ ਮੰਤਰੀ ਨੇ ਕਿਉਂ ਕੀਤਾ?
ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਉੱਤੇ ਲਿੰਗਕ ਅਪਰਾਧ ਦੇ ਦੋਸ਼ ਲਗਾਉਣ ਵਾਲੀਆਂ ਕੌਮਾਂਤਰੀ ਪਹਿਲਵਾਨਾਂ ਦੀ ਮੰਗਾਂ ਅਤੇ ਧਰਨੇ ਵਲ ਤਿੰਨ ਮਹੀਨੇ ਤਕ ਜਾਂ ਉਸ ਤੋਂ ਬਾਅਦ ਸੁਣਵਾਈ ਨਹੀਂ ਹੋਈ। ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਸੰਸਦ ਉਦਘਾਟਨ ਸਮੇਂ ਤਕ ਕੁਸ਼ਤੀ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਉੱਤੇ ਕੋਈ ਐੱਫ ਆਈ ਆਰ ਦਰਜ ਨਹੀਂ ਹੋਈ ਅਤੇ ਉਦਘਾਟਨ ਵਾਲੇ ਦਿਨ ਉਹਨਾਂ ਨੂੰ ਪੁਲਿਸ ਨੇ ਕੁੱਟਿਆ ਅਤੇ ਘਸੀਟਿਆ। ਘਸੀਟਣ ਵੇਲੇ ਇਹ ਵੀ ਖਿਆਲ ਨਹੀਂ ਕੀਤਾ ਕਿ ਪਹਿਲਵਾਨਾਂ ਦੇ ਹੱਥਾਂ ਵਿੱਚੋਂ ਤਿਰੰਗਾ ਡਿਗ ਪਿਆ ਅਤੇ ਉਹਨਾਂ ਨੂੰ ਧੱਕੇ ਮਾਰ ਮਾਰ ਕੇ ਗ੍ਰਿਫਤਾਰ ਕਰਕੇ ਪੁਲਿਸ ਬੱਸਾਂ ਵਿੱਚ ਲੈ ਗੀ। ਕੀ ਉਹ ਆਤੰਕਵਾਦੀ ਸਨ? ਕੀ ਉਹਨਾਂ ਦੀ ਸੰਸਦ ਭਵਨ ਉੱਤੇ ਹਮਲਾ ਕਰਨ ਦੀ ਯੋਜਨਾ ਸੀ? ਕੀ ਇਹੀ ਨਾਰੀ ਸਨਮਾਨ ਹੈ? ਕੀ ਇਹੀ ਬੇਟੀ ਪੜ੍ਹਾਓ, ਬੇਟੀ ਬਚਾਓ ਅੰਦੋਲਨ ਦੀ ਕਾਮਯਾਬੀ ਹੈ?
ਕੀ ਵਿਰੋਧੀ ਪਾਰਟੀਆਂ ਦੀ ਇਹ ਮੰਗ ਜਾਇਜ਼ ਨਹੀਂ ਸੀ ਕਿ ਸਾਵਰਕਰ ਦੇ ਜਨਮ ਦਿਨ ਦੀ ਬਜਾਏ ਕਿਸੇ ਹੋਰ ਦਿਨ ਉਦਘਾਟਨ ਕੀਤਾ ਜਾਵੇ? ਕੀ ਸੰਸਦ ਵਿੱਚ ਵਿਰੋਧੀ ਧਿਰ ਦੀ ਅਣਹੋਂਦ ਨੂੰ ਲੋਕਤੰਤਰ ਕਿਹਾ ਜਾ ਸਕਦਾ ਹੈ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4007)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)