“ਮੋਦੀ ਜੀ ਦੀ ਮਜਬੂਰੀ ਹੈ ਕਿ ਉਹ ਆਰ ਐੱਸ ਐੱਸ ਦੇ ਵਿਰੁੱਧ ਵੀ ਨਹੀਂ ਜਾ ਸਕਦੇ ਅਤੇ ਇਹ ਵੀ ਨਹੀਂ ਕਹਿ ਸਕਦੇ ਕਿ ...”
(1 ਅਕਤੂਬਰ 2023)
ਸੜਕ ਹਾਦਸਿਆਂ ਨੂੰ ਅਵਾਜ਼ਾਂ ਮਾਰਦੇ ਭਾਰਤ ਦੇ ਲੋਕ
***
19 ਸਤੰਬਰ ਵਾਲੇ ਦਿਨ ਜਦੋਂ ਸਾਂਸਦ ਨਵੀਂ ਪਾਰਲੀਮੈਂਟ ਬਿਲਡਿੰਗ ਵਿੱਚ ਗਏ ਤਾਂ ਉਹਨਾਂ ਨੂੰ ਸੰਵਿਧਾਨ ਦੀ ਇੱਕ ਇੱਕ ਪ੍ਰਤੀ ਦਿੱਤੀ ਗਈ। ਇਹਨਾਂ ਸੰਵਿਧਾਨ ਦੀਆਂ ਪ੍ਰਤੀਆਂ ਵਿੱਚ 1976 ਵਿੱਚ ਕੀਤੀ ਗਈ 42ਵੀਂ ਸੋਧ ਅਨੁਸਾਰ ਪ੍ਰਸਤਾਵਨਾ ਵਿੱਚ ਦਰਜ ਕੀਤੇ ਗਏ ਸ਼ਬਦ ਧਰਮ ਨਿਰਪੇਖ ਅਤੇ ਸਮਾਜਵਾਦੀ ਨਹੀਂ ਸਨ। ਭਾਜਪਾ ਇਹ ਐਲਾਨੀਆਂ ਨਹੀਂ ਕਹਿ ਸਕਦੀ ਕਿ ਅਸੀਂ ਨਾ ਤਾਂ ਭਾਰਤ ਨੂੰ ਸਮਾਜਵਾਦੀ ਬਣਾਉਣਾ ਚਾਹੁੰਦੇ ਹਾਂ ਅਤੇ ਨਾ ਹੀ ਧਰਮ ਨਿਰਪੱਖ ਬਣਾਉਣਾ ਚਾਹੁੰਦੇ ਹਾਂ। ਫਿਰ ਇਹ ਕਿਹੜੀ ਮਜਬੂਰੀ ਸੀ ਜਿਸ ਕਾਰਣ ਸੰਵਿਧਾਨ ਦੀ 42ਵੀਂ ਸੋਧ ਤੋਂ ਪਹਿਲਾਂ ਵਾਲਾ ਸੰਵਿਧਾਨ ਸਾਂਸਦਾਂ ਵਿੱਚ ਵੰਡਿਆ ਗਿਆ? ਭਾਜਪਾ ਦੀ ਮਜਬੂਰੀ ਆਰ ਐੱਸ ਐੱਸ ਹੈ, ਜਿਸ ’ਤੇ ਇਸਦੀ ਟੇਕ ਹੈ ਅਤੇ ਜਿਸਦਾ ਕੇਡਰ ਇਸਦਾ ਵੱਡਾ ਵੋਟ ਬੈਂਕ ਹੈ। ਭਾਜਪਾ ਦੇ ਲਗਭਗ ਸਾਰੇ ਹੀ ਸਿਆਸਤਦਾਨ ਆਰ ਐੱਸ ਐੱਸ ਦੇ ਮੈਂਬਰ ਜਾਂ ਅਹੁਦੇਦਾਰ ਰਹੇ ਹਨ ਅਤੇ ਸ਼ਾਖਾਵਾਂ ਵਿੱਚ ਜਾਂਦੇ ਹਨ। ਜਿਹੜਾ ਵੀ ਆਰ ਐੱਸ ਐੱਸ ਦਾ ਮੁਖੀ ਹੋਵੇ, ਉਹ ਭਾਜਪਾ ਦਾ ਕਿੰਗ ਮੇਕਰ ਹੁੰਦਾ ਹੈ। ਭਾਵ ਉਹ ਜਿਸ ਨੂੰ ਚਾਹੇ ਪ੍ਰਧਾਨ ਮੰਤਰੀ ਬਣਾ ਸਕਦਾ ਹੈ ਅਤੇ ਜਿਸ ਨੂੰ ਨਾ ਚਾਹੇ ਉਸ ਦੀ ਥਾਂ ਕਿਸੇ ਹੋਰ ਨੂੰ ਪ੍ਰਧਾਨ ਮੰਤਰੀ ਬਣਾ ਸਕਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਚੁਣਨ ਵਾਲੇ ਭਾਜਪਾਈ ਸਾਂਸਦ ਆਰ ਐੱਸ ਐੱਸ ਮੁਖੀ ਦੇ ਕਹਿਣੇ ਦੇ ਬਾਹਰ ਨਹੀਂ ਜਾ ਸਕਦੇ। ਹੁਣ ਭਾਵੇਂ ਅੰਦਰੋਂ ਅੰਦਰ ਕਾਫ਼ੀ ਸਾਰੇ ਭਾਜਪਾ ਸਾਂਸਦ ਮੋਦੀ ਦੀਆਂ ਨੀਤੀਆਂ ਨੂੰ ਪਸੰਦ ਨਹੀਂ ਕਰਦੇ ਪਰ ਮੋਦੀ ਨੂੰ ਗੱਦੀ ਤੋਂ ਉਤਾਰਨ ਦਾ ਇਸ਼ਾਰਾ ਜਦੋਂ ਤਕ ਸੰਘ ਮੁਖੀ ਵੱਲੋਂ ਨਹੀਂ ਹੁੰਦਾ, ਤਦ ਤਕ ਇਹ ਸਾਂਸਦ ਕੋਈ ਹਿਲਜੁਲ ਨਹੀਂ ਕਰ ਸਕਦੇ। ਆਰ ਐੱਸ ਐੱਸ ਵਿੱਚ ਕਿਉਂਕਿ ਮਨੂੰਵਾਦੀ ਬ੍ਰਾਹਮਣਾਂ ਦਾ ਬੋਲਬਾਲਾ ਹੈ, ਉਹ ਧਰਮ ਨਿਰਪਖਤਾ ਨੂੰ ਪਸੰਦ ਨਹੀਂ ਕਰਦੇ। ਉਹ ਮੁਸਲਮਾਨਾਂ, ਇਸਾਈਆਂ ਅਤੇ ਆਦਿਵਾਸੀਆਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਬਣਾਉਣਾ ਚਾਹੁੰਦੇ ਹਨ। ਉਹ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਅਤੇ ਦਲਿਤਾਂ ਨੂੰ ਸਵਰਨ ਜਾਤਾਂ ਦੇ ਬਰਾਬਰ ਦੇ ਮੌਕੇ ਵੀ ਨਹੀਂ ਦੇਣਾ ਚਾਹੁੰਦੇ। ਹਿੰਦੂ ਰਾਸ਼ਟਰ ਦੀ ਰੂਪ ਰੇਖਾ ਵੀ ਇਹੋ ਹੈ।
1925 ਵਿੱਚ ਹੋਂਦ ਵਿੱਚ ਆਈ ਆਰ ਐੱਸ ਐੱਸ ਦਾ ਹੁਣ ਸੁਪਨਾ ਬਣ ਚੁੱਕਿਆ ਹੈ ਕਿ ਆਪਣੀ ਸਥਾਪਨਾ ਦੀ ਸੌਵੀਂ ਵਰੇਗੰਢ 2025 ਤਕ ਜਾਂ ਉਸ ਤੋਂ ਪਹਿਲਾਂ ਭਾਰਤ ਹਿੰਦੂ ਰਾਸ਼ਟਰ ਬਣ ਜਾਵੇ। ਜਦੋਂ ਵੀ ਦੇਸ਼ ਵਿੱਚ ਸਭ ਨੂੰ ਬਰਾਬਰੀ ਦੇ ਅਧਿਕਾਰ ਅਤੇ ਆਪਣੇ ਆਪਣੇ ਧਰਮ ਉੱਤੇ ਚੱਲਣ ਦੇ ਅਧਿਕਾਰ ਦੀ ਗੱਲ ਚਲਦੀ ਹੈ ਤਾਂ ਆਰ ਐੱਸ ਐੱਸ ਦੇ ਅਹੁਦੇਦਾਰਾਂ ਦੇ ਦਿਲ ਵਿੱਚ ਹੌਲ ਪੈਣਾ ਸ਼ੁਰੂ ਹੋ ਜਾਂਦਾ ਹੈ ਕਿ ਹਾਲਾਤ ਹਿੰਦੂ ਰਾਸ਼ਟਰ ਵਲ ਵਧਣ ਦੀ ਬਜਾਏ ਦੂਜੇ ਪਾਸੇ ਜਾ ਰਹੇ ਹਨ। ਜਦੋਂ 1976 ਵਿੱਚ ਸੰਵਿਧਾਨ ਦੀ 42ਵੀਂ ਸੋਧ ਰਾਹੀਂ ਪ੍ਰਸਤਾਵਨਾ ਵਿੱਚ ਸ਼ਬਦ ਸਮਾਜਵਾਦੀ ਅਤੇ ਧਰਮਨਿਰਪੱਖ ਜੋੜੇ ਗਏ, ਆਰ ਐੱਸ ਐੱਸ ਨੇ ਉਦੋਂ ਵੀ ਬੁਰਾ ਮਨਾਇਆ ਸੀ ਪਰ ਉਦੋਂ ਇਹਨਾਂ ਦਾ ਕੋਈ ਵੱਸ ਨਹੀਂ ਚੱਲਿਆ ਸੀ। 2014 ਵਿੱਚ ਜਦੋਂ ਭਾਜਪਾ ਸੱਤਾ ਵਿੱਚ ਆਈ ਤਾਂ ਉਦੋਂ ਹੀ ਆਰ ਐੱਸ ਐੱਸ ਨੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਭਾਜਪਾ ਨੂੰ ਕਿਹਾ ਅਤੇ ਨਾਲ ਹੀ ਇਹ ਵੀ ਕਿਹਾ, “ਅਭੀ ਨਹੀਂ ਤੋਂ ਕਭੀ ਨਹੀਂ” ਮਤਲਬ ਜੇਕਰ ਹੁਣ ਹਿੰਦੂ ਰਾਸ਼ਟਰ ਨਹੀਂ ਬਣਾ ਸਕਦੇ ਤਾਂ ਫੇਰ ਕਦੇ ਬਣਨਾ ਹੀ ਨਹੀਂ।
ਮੋਦੀ ਜੀ ਨੇ ਪਹਿਲਾਂ ਤਜਰਬੇ ਦੇ ਤੌਰ ’ਤੇ ਨੇਪਾਲ ਦੇ ਨੇਤਾਵਾਂ ਨੂੰ ਕਿਹਾ, ਕਿਉਂਕਿ ਨੇਪਾਲ ਵਿੱਚ 80% ਤੋਂ ਵੱਧ ਹਿੰਦੂ ਹਨ, ਇਸ ਲਈ ਨੇਪਾਲ ਨੂੰ ਹਿੰਦੂ ਰਾਸ਼ਟਰ ਐਲਾਨ ਸਕਦੇ ਹੋ, ਇਸ ਨੂੰ ਹਿੰਦੂ ਰਾਸ਼ਟਰ ਐਲਾਨ ਦੇਵੋ। ਪਰ ਨੇਪਾਲ ਮੰਨਿਆ ਨਹੀਂ। ਇਸ ਤੋਂ ਬਾਅਦ ਮਾਧੇਸੀਆਂ ਨੂੰ ਨੇਪਾਲ ਸਰਕਾਰ ਦੇ ਵਿਰੁੱਧ ਉਕਸਾਇਆ ਗਿਆ ਅਤੇ ਨੇਪਾਲ ਦਾ ਸ਼ਿਕੰਜਾ ਕੱਸਣ ਲਈ ਉਸ ਨੂੰ ਪੈਟਰੋਲ ਅਤੇ ਦਵਾਈਆਂ ਦੀ ਸਪਲਾਈ ਬੰਦ ਕਰ ਦਿੱਤੀ। ਚੀਨ ਨੇ ਇਸ ਮੌਕੇ ਦਾ ਫਾਇਦਾ ਉਠਾਇਆ, ਨੇਪਾਲ ਤਕ ਪਹਾੜ ਕੱਟ ਕੇ ਇੱਕ ਸੜਕ ਬਣਾ ਦਿੱਤੀ, ਜਿਸ ਨਾਲ ਨੇਪਾਲ ਨੂੰ ਨਾ ਕੇਵਲ ਪੈਟਰੋਲ ਅਤੇ ਦਵਾਈਆਂ ਦੀ ਸਪਲਾਈ ਕੀਤੀ ਸਗੋਂ ਉਸਦੀ ਆਪਣੀ ਇੱਕ ਬੰਦਰਗਾਹ ਤਕ ਪਹੁੰਚ ਬਣਾ ਦਿੱਤੀ। ਸਾਡਾ ਸਦੀਆਂ ਤੋਂ ਮਿੱਤਰ ਦੇਸ਼ ਨੇਪਾਲ ਚੀਨ ਦੀ ਝੋਲੀ ਵਿੱਚ ਜਾ ਡਿੱਗਾ, ਹਾਲਾਂਕਿ ਬਾਅਦ ਵਿੱਚ ਕੁਝ ਹਾਲਾਤ ਸੁਧਰੇ।
ਨੇਪਾਲ ਵਿੱਚ ਹਿੰਦੂ ਰਾਸ਼ਟਰ ਵਾਲਾ ਤਜਰਬਾ ਬੁਰੀ ਤਰ੍ਹਾਂ ਫੇਲ ਹੋਣ ਤੋਂ ਬਾਅਦ ਭਾਰਤ ਵਿੱਚ ਤਾਂ ਹਿੰਦੂ ਰਾਸ਼ਟਰ ਦੀ ਕੋਈ ਆਸ ਨਾ ਰਹੀ। ਪਰ ਆਰ ਐੱਸ ਐੱਸ ਦੇ ਕੇਡਰ ਨੂੰ ਦੱਸਣ ਲਈ ਕਿ ਹਿੰਦੂ ਰਾਸ਼ਟਰ ਵਾਸਤੇ ਕੁਝ ਕਰ ਰਹੇ ਹਾਂ, ਪਹਿਲਾਂ 2015 ਵਿੱਚ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਇੱਕ ਵਿਗਿਆਪਨ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਵਿੱਚੋਂ ਧਰਮਨਿਰਪੱਖ ਅਤੇ ਸਮਾਜਵਾਦੀ ਸ਼ਬਦ ਉਡਾ ਦਿੱਤੇ। ਇਸਦਾ ਕੁਝ ਦਿਨ ਰੌਲਾ ਪਿਆ। ਜਦੋਂ ਵੇਖਿਆ ਜ਼ਿਆਦਾ ਰੌਲਾ ਨਹੀਂ ਤਾਂ ਸਾਂਸਦਾਂ ਨੂੰ ਦਿੱਤੇ ਗਏ ਸੰਵਿਧਾਨ ਦੀ ਪ੍ਰਸਤਾਵਨਾ ਵਿੱਚੋਂ ਵੀ ਧਰਮਨਿਰਪੱਖਤਾ ਅਤੇ ਸਮਾਜਵਾਦੀ ਸ਼ਬਦ ਗਾਇਬ ਕਰ ਦਿੱਤੇ। ਜਦੋਂ ਪੁੱਛਿਆ ਗਿਆ ਕਿ ਅਜਿਹਾ ਕਿਉਂ ਕੀਤਾ ਹੈ ਤਾਂ ਜਵਾਬ ਸੀ ਇਹ ਮੂਲ (ਅਸਲੀ) ਸੰਵਿਧਾਨ ਹੈ। ਸੰਵਿਧਾਨ ਵਿੱਚ ਕੇਵਲ 42ਵੀਂ ਸੋਧ ਖਤਮ ਕਰਨ ਨਾਲ ਇਹ 1949 ਵਾਲਾ ਅਸਲੀ ਨਹੀਂ ਰਹਿੰਦਾ, ਕਿਉਂਕਿ ਇਸ ਵਿੱਚ 100 ਤੋਂ ਵੱਧ ਸੋਧਾਂ ਹਨ, ਜਿਹੜੀਆਂ ਅਜੇ ਤਕ ਕਾਇਮ ਹਨ। ਸੱਤ ਸੋਧਾਂ ਤਾਂ ਭਾਜਪਾ ਰਾਜ ਵੇਲੇ ਦੀਆਂ ਸੋਧ ਨੰਬਰ 99 ਤੋਂ 105 ਵਾਲੀਆਂ ਹਨ।
ਬਾਬਾ ਸਾਹਿਬ ਅੰਬੇਦਕਰ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਧਰਮਨਿਰਪੱਖ ਅਤੇ ਸਮਾਜਵਾਦੀ ਸ਼ਬਦ ਜੋੜਨ ਦੇ ਵਿਰੁੱਧ ਨਹੀਂ ਸਨ ਪਰ ਅੰਬੇਡਕਰ ਜੀ ਨੇ ਕਿਹਾ, “ਰਾਜ ਦੀ ਨੀਤੀ ਕੀ ਹੋਣੀ ਚਾਹੀਦੀ ਹੈ, ਸਮਾਜ ਨੂੰ ਇਸਦੇ ਸਮਾਜਿਕ ਅਤੇ ਆਰਥਿਕ ਪੱਖ ਵਿੱਚ ਕਿਵੇਂ ਸੰਗਠਿਤ ਕੀਤਾ ਜਾਣਾ ਚਾਹੀਦਾ ਹੈ, ਇਹ ਅਜਿਹੇ ਮਾਮਲੇ ਹਨ ਜੋ ਸਮੇਂ ਅਤੇ ਹਾਲਾਤ ਦੇ ਅਨੁਸਾਰ ਲੋਕਾਂ ਦੁਆਰਾ ਖੁਦ ਤੈਅ ਕੀਤੇ ਜਾਣੇ ਚਾਹੀਦੇ ਹਨ। ਇਸ ਨੂੰ ਸੰਵਿਧਾਨ ਵਿੱਚ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਇਹ ਲੋਕਤੰਤਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਰਿਹਾ ਹੈ।” ਉਹਨਾਂ ਦਾ ਕਹਿਣ ਸੀ ਕਿ ਸੰਵਿਧਾਨ ਵਿੱਚ ਕੁਝ ਨਿਰਦੇਸ਼ਕ ਸਿਧਾਂਤ ਸਮਾਜਵਾਦੀ ਦਿਸ਼ਾ ਵਿੱਚ ਹਨ। ਹਰ ਕੰਮ ਨੂੰ ਕਰਨ ਦਾ ਸਮਾਂ ਹੁੰਦਾ ਹੈ। ਤੁਸੀਂ ਅਪਰੈਲ ਮਈ ਵਿੱਚ ਕਣਕ ਨਹੀਂ ਬੀਜ ਸਕਦੇ, ਇਸ ਲਈ ਤੁਹਾਨੂੰ ਅਕਤੂਬਰ ਦੇ ਮਹੀਨੇ ਤਕ ਉਡੀਕਣਾ ਪਵੇਗਾ। ਪਰ ਦਸੰਬਰ ਦਾ ਮਹੀਨਾ ਲੰਘਾ ਦੇਣਾ ਵੀ ਠੀਕ ਨਹੀਂ ਹੁੰਦਾ। ਇਸੇ ਤਰ੍ਹਾਂ 1947 ਵਿੱਚ ਹੋਏ ਖੂਨ ਖਰਾਬੇ ਤੋਂ ਇੱਕ ਦੋ ਸਾਲ ਬਾਅਦ ਬਾਅਦ ਹੀ ਪ੍ਰਸਤਾਵਨਾ ਵਿੱਚ ਸ਼ਬਦ ਸਮਾਜਵਾਦੀ ਅਤੇ ਧਰਮਨਿਰਪੱਖ ਜੋੜਨ ਨਾਲ ਕੁਝ ਲੋਕ ਇਸਦੀ ਗਲਤ ਵਿਆਖਿਆ ਕਰ ਸਕਦੇ ਸਨ, ਇਸ ਮਸਲੇ ’ਤੇ ਵੀ ਦੇਸ਼ ਦੇ ਹਾਲਾਤ ਵਿਗੜ ਸਕਦੇ ਸਨ, ਖੂਨ ਖ਼ਰਾਬਾ ਹੋ ਸਕਦਾ ਸੀ ਕਿਉਂਕਿ ਆਰ ਐੱਸ ਐੱਸ ਅਤੇ ਇਸ ਨਾਲ ਸਬੰਧਤ ਸੰਸਥਾਵਾਂ ਸਮਾਜਵਾਦ ਦੇ ਵਿਰੁੱਧ ਹਨ ਅਤੇ ਸਭ ਨੂੰ ਬਰਾਬਰੀ ਦੇ ਅਧਿਕਾਰ ਜਾਂ ਮੌਕੇ ਨਹੀਂ ਦੇਣਾ ਚਾਹੁੰਦੀਆਂ। ਇਹ ਧਰਮਨਿਰਪੱਖਤਾ ਦੇ ਵੀ ਵਿਰੁੱਧ ਹਨ ਕਿਉਂਕਿ ਇਹ ਭਾਰਤ ਵਿੱਚ ਸਭ ਪਾਸੇ ਹਿੰਦੂ ਹੀ ਹਿੰਦੂ ਵੇਖਣਾ ਚਾਹੁੰਦੀ ਹੈ। ਆਰ ਐੱਸ ਐੱਸ ਅਨੁਸਾਰ ਜਾਂ ਤਾਂ ਭਾਰਤ ਵਿੱਚੋਂ ਸਾਰੇ ਮੁਸਲਮਾਨ ਅਤੇ ਇਸਾਈ ਚਲੇ ਜਾਣ ਜਾਂ ਉਹ ਹਿੰਦੂ ਧਰਮ ਸਵੀਕਾਰ ਕਰ ਲੈਣ। ਇਸ ਲਈ ਹੋਰ ਖੂਨ ਖਰਾਬੇ ਤੋਂ ਬਚਣ ਲਈ 1949 ਵੇਲੇ ਪ੍ਰਸਤਾਵਨਾ ਵਿੱਚ ਸ਼ਬਦ ਧਰਮਨਿਰਪੱਖ ਅਤੇ ਸਮਾਜਵਾਦ ਨਹੀਂ ਜੋੜੇ ਗਏ।
ਪਰ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਤਕ ਕੱਟੜ ਹਿੰਦੂ ਮਾਨਸਿਕਤਾ ਵਾਲਿਆਂ ਦੇ ਮੁਕਾਬਲੇ ’ਤੇ ਸਭ ਧਰਮਾਂ ਦਾ ਸਤਿਕਾਰ ਕਰਨ ਵਾਲੇ ਅਤੇ ਸਭ ਨੂੰ ਬਰਾਬਰੀ ਦੇ ਮੌਕੇ ਦੇਣ ਦੀ ਸਮਝ ਵਾਲੇ ਵੀ ਕਾਫੀ ਹੋ ਗਏ। ਇਸ ਲਈ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਪ੍ਰਭੂਸੱਤਾ ਸੰਪੰਨ ਅਤੇ ਲੋਕਤਾਂਤਰਿਕ ਗਣਰਾਜ ਦੇ ਨਾਲ ਦੋ ਸ਼ਬਦ ਧਰਮ ਨਿਰਪੱਖ ਅਤੇ ਸਮਾਜਵਾਦੀ ਜੋੜ ਦਿੱਤੇ ਗਏ। ਵੈਸੇ ਕੱਟੜਪੰਥੀਆਂ ਦਾ ਤੜਫਣਾ ਬੇਕਾਰ ਹੈ ਕਿਉਂਕਿ 1949 ਵਾਲੀ ਪ੍ਰਸਤਾਵਨਾ ਵਿੱਚ ਪ੍ਰਭੂਸੱਤਾ ਸੰਪੰਨ ਅਤੇ ਲੋਕਤਾਂਤਰਿਕ ਗਣਰਾਜ ਦੇ ਨਾਲ ਇਹ ਵੀ ਲਿਖਿਆ ਕਿ ਅਸੀਂ ਗੰਭੀਰਤਾ ਨਾਲ ਹੱਲ ਕੀਤਾ ਹੈ ਕਿ ਸਾਰੇ ਨਾਗਰਿਕਾਂ ਨੂੰ:
1. ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਅਜ਼ਾਦੀ ਮਿਲੇ।
2. ਵਿਚਾਰ ਪ੍ਰਗਟ ਕਰਨ ਦੀ, ਕੋਈ ਵੀ ਧਰਮ ਅਪਣਾਉਣ ਦੀ ਜਾਂ ਪੂਜਾ ਕਰਨ ਦੀ ਖੁੱਲ੍ਹ ਹੋਵੇ।
3. ਸਟੇਟਸ ਅਤੇ ਮੌਕਿਆਂ ਦੀ ਸਮਾਨਤਾ ਮਿਲੇ।
4. ਅਤੇ ਸਭ ਵਿੱਚ ਭਾਈਚਾਰਕ ਸਾਂਝ ਬਣੇ।
ਇਹ ਜਿਹੜਾ ਕੁਝ ਨੰਬਰ ਇੱਕ ਤੋਂ ਚਾਰ ਤਕ 1949 ਵਾਲੀ ਪ੍ਰਸਤਾਵਨਾ ਵਿੱਚ ਹੈ ਇਹਨਾਂ ਦਾ ਅਰਥ ਵੀ ਸਮਾਜਵਾਦ ਅਤੇ ਧਰਮਨਿਰਪੱਖਤਾ ਹੀ ਬਣਦਾ ਹੈ। ਸਾਰੇ ਸਾਂਸਦਾਂ ਨੂੰ ਸੰਵਿਧਾਨ ਦੀ ਨਵੀਂ ਪ੍ਰਤੀ ਦੇਣ ਵਾਲੇ ਕੀ ਖੁੱਲ੍ਹ ਕੇ ਬਿਆਨ ਦੇ ਸਕਦੇ ਹਨ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਨਹੀਂ ਚਾਹੁੰਦੇ, ਸਾਰੇ ਫਿਰਕਿਆਂ ਨਾਲ ਭਾਈਚਾਰਕ ਸਾਂਝ ਨਹੀਂ ਚਾਹੁੰਦੇ ਅਤੇ ਨਾ ਹੀ ਅਸੀਂ ਸਭ ਲਈ ਬਰਾਬਰੀ ਅਤੇ ਅੱਗੇ ਵਧਣ ਦੇ ਮੌਕੇ ਚਾਹੁੰਦੇ ਹਾਂ? ਬਿਲਕੁਲ ਨਹੀਂ। ਇਹੋ ਭਾਜਪਾ ਅਤੇ ਖਾਸਕਰ ਮੋਦੀ ਜੀ ਦੀ ਮਜਬੂਰੀ ਹੈ ਕਿ ਉਹ ਆਰ ਐੱਸ ਐੱਸ ਦੇ ਵਿਰੁੱਧ ਵੀ ਨਹੀਂ ਜਾ ਸਕਦੇ ਅਤੇ ਇਹ ਵੀ ਨਹੀਂ ਕਹਿ ਸਕਦੇ ਕਿ ਸਾਡੇ ਲਈ ਸਾਰੇ ਧਰਮ ਇੱਕ ਸਮਾਨ ਹਨ ਅਤੇ ਸਾਰੇ ਲੋਕਾਂ ਲਈ ਹਰ ਖੇਤਰ ਵਿੱਚ ਵਧਣ ਦੇ ਇੱਕ ਸਮਾਨ ਮੌਕੇ ਹੋਣੇ ਚਾਹੀਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4260)
(ਸਰੋਕਾਰ ਨਾਲ ਸੰਪਰਕ ਲਈ: (