“ਦੋ ਕਿਲੋਮੀਟਰ ਜਾ ਕੇ ਬੱਸ ਡਰਾਈਵਰ ਦੇ ਕੰਟਰੋਲ ਵਿੱਚ ਨਾ ਰਹੀ ਅਤੇ ਇੱਕ ...”
(11 ਸਤੰਬਰ 2021)
ਗੱਲ ਸਨ 1971 ਦੀ ਹੈ। ਮੈਂ ਉਦੋਂ ਹਰਿਆਣੇ ਦੇ ਇੱਕ ਪਿੰਡ ਵਿਖੇ ਹਾਈ ਸਕੂਲ ਵਿੱਚ ਪੜ੍ਹਾਉਂਦਾ ਸੀ। ਇੱਕ ਦਿਨ ਮੈਂਨੂੰ ਅਤੇ ਮੇਰੇ ਸਹਿਯੋਗੀ ਹਿੰਦੀ ਅਧਿਆਪਕ (ਸ਼ਾਸਤਰੀ ਜੀ) ਨੂੰ ਅੰਬਾਲਾ ਵਿੱਚ ਡਿਪਟੀ ਡੀ ਈ ਓ ਦੇ ਦਫਤਰ ਕੋਈ ਕੰਮ ਪੈ ਗਿਆ। ਮੈਂ ਆਪਣੇ ਘਰੋਂ ਆਲੂਆਂ ਵਾਲੇ ਪਰੌਂਠੇ ਅਤੇ ਕੁਝ ਅਚਾਰ ਨਾਲ ਲੈ ਲਿਆ ਜਿਸ ਨਾਲ ਦੁਪਹਿਰ ਬਾਅਦ ਅਸੀਂ ਤ੍ਰਿਪਤ ਹੋ ਜਾਈਏ। ਪੂਰੀ ਤਿਆਰੀ ਨਾਲ ਅਸੀਂ ਪਿੰਡ ਤੋਂ ਇੱਕ ਕਿਲੋਮੀਟਰ ਦੀ ਦੂਰੀ ’ਤੇ ਬੱਸ ਸਟਾਪ ’ਤੇ ਪਹੁੰਚ ਗਏ। ਇੱਕ ਬੱਸ ਪਿੱਛੋਂ ਹੀ ਭਰੀ ਹੋਈ ਆਈ ਅਤੇ ਬਿਨਾ ਰੁਕੇ ਲੰਘ ਗਈ। ਫੇਰ ਇੱਕ ਘੰਟੇ ਬਾਅਦ ਇੱਕ ਹੋਰ ਬੱਸ ਆਈ, ਉਹ ਵੀ ਪਹਿਲੀ ਵਾਂਗ ਹੀ ਚਲੀ ਗਈ। ਇੱਕ ਹੋਰ ਬੱਸ ਆਈ ਅਤੇ ਲਗਭਗ ਸੌ ਮੀਟਰ ਦੀ ਦੂਰੀ ’ਤੇ ਜਾ ਕੇ ਰੁਕੀ। ਜਦ ਤਕ ਅਸੀਂ ਦੌੜ ਕੇ ਬੱਸ ਤਕ ਪੁੱਜੇ ਤਦ ਤਕ ਬੱਸ ਵਿੱਚੋਂ ਕੁਝ ਸਵਾਰੀਆਂ ਉੱਤਰੀਆਂ ਅਤੇ ਸਾਨੂੰ ਚੜ੍ਹਾਏ ਬਗੈਰ ਹੀ ਬੱਸ ਚਲੀ ਗਈ। ਇੱਕ ਘੰਟਾ ਹੋਰ ਉਡੀਕਣ ਬਾਅਦ ਸਮਾਂ ਐਨਾ ਹੋ ਗਿਆ ਕਿ ਜੇਕਰ ਸਾਨੂੰ ਕੋਈ ਬੱਸ ਲੈ ਵੀ ਜਾਂਦੀ ਤਾਂ ਅਸੀਂ ਦਫਤਰ ਦੇ ਟਾਈਮ ’ਤੇ ਨਹੀਂ ਪਹੁੰਚ ਸਕਦੇ। ਇਸ ਲਈ ਵਾਪਸ ਘਰਾਂ ਨੂੰ ਆ ਗਏ।
ਅਗਲੇ ਦਿਨ ਫੇਰ ਅਸੀਂ ਬੱਸ ਸਟਾਪ ’ਤੇ ਪੁੱਜੇ। ਦੋ ਬੱਸਾਂ ਬਿਨਾ ਰੁਕੇ ਲੰਘ ਗਈਆਂ। ਤੀਜੀ ਆਈ ਅਤੇ ਸਟਾਪ ’ਤੇ ਆ ਕੇ ਰੁਕੀ। ਅਸੀਂ ਦੋਵੇਂ ਬੱਸ ਚੜ੍ਹ ਗਏ ਅਤੇ ਖੁਸ਼ ਸੀ ਕਿ ਅੱਜ ਕੰਮ ਕਰਵਾ ਕੇ ਹੀ ਮੁੜਾਂਗੇ। ਪਰ ਅੱਧਾ ਕਿਲੋਮੀਟਰ ਵੀ ਬੱਸ ਨਹੀਂ ਗਈ ਸੀ ਕਿ ਡਰਾਈਵਰ ਵਾਲੇ ਪਾਸੇ ਦਾ ਅਗਲਾ ਟਾਇਰ ਫਟ ਗਿਆ ਅਤੇ ਬੱਸ ਉਲਟਣੋਂ ਮਸਾਂ ਹੀ ਬਚੀ। ਪਿੱਛੋਂ ਤਿੰਨ ਬੱਸਾਂ ਬਿਨਾ ਰੁਕੇ ਲੰਘ ਗਈਆਂ। ਸਮਾਂ ਫਿਰ ਕਾਫੀ ਬੀਤ ਗਿਆ ਅਤੇ ਅਸੀਂ ਘਰ ਵਾਪਸ ਆ ਗਏ।
ਤੀਜੇ ਦਿਨ ਫੇਰ ਅਸੀਂ ਬੱਸ ਸਟੈਂਡ ਪੁੱਜੇ ਅਤੇ ਸ਼ਾਸਤਰੀ ਜੀ ਨੇ ਦੱਸਿਆ ਕਿ ਅੱਜ ਉਹ ਦੇਵੀ ਦੀ ਪੂਜਾ ਕਰਕੇ ਆਇਆ ਹੈ ਅਤੇ ਸਾਡੇ ਉੱਤੇ ਦੇਵੀ ਦੀ ਜ਼ਰੂਰ ਕਿਰਪਾ ਹੋਵੇਗੀ। ਕੇਵਲ ਡੇਢ ਘੰਟਾ ਉਡੀਕਣ ’ਤੇ ਹੀ ਸਾਨੂੰ ਬੱਸ ਮਿਲ ਗਈ ਅਤੇ ਅਸੀਂ ਖੁਸ਼ ਸੀ ਕਿ ਅੱਜ ਕੰਮ ਜ਼ਰੂਰ ਹੋ ਜਾਵੇਗਾ। ਦੋ ਕਿਲੋਮੀਟਰ ਜਾ ਕੇ ਬੱਸ ਡਰਾਈਵਰ ਦੇ ਕੰਟਰੋਲ ਵਿੱਚ ਨਾ ਰਹੀ ਅਤੇ ਇੱਕ ਕੱਦੂ ਕੀਤੇ ਖੇਤ ਵਿੱਚ ਜਾ ਕੇ ਖੁੱਭ ਗਈ। ਸਾਰੀਆਂ ਸਵਾਰੀਆਂ ਹੇਠਾਂ ਉੱਤਰ ਆਈਆਂ। ਸਾਡੇ ਬੂਟ ਅਤੇ ਲਗਭਗ ਗੋਡਿਆਂ ਤਕ ਸਾਡੀਆਂ ਪੈਂਟਾ ਚਿੱਕੜ ਨਾਲ ਲਿੱਬੜ ਗਈਆਂ। ਕੁਝ ਛਿੱਟਾਂ ਸਾਡੀਆਂ ਕਮੀਜ਼ਾਂ ਅੱਤੇ ਵੀ ਪੈ ਗਈਆਂ। ਅਸੀਂ ਫਿਰ ਵਾਪਸ ਘਰਾਂ ਨੂੰ ਚੱਲ ਪਏ। ਵਾਪਸ ਆਉਂਦਿਆਂ ਸ਼ਾਸਤਰੀ ਜੀ ਨੇ ਕਿਹਾ, “ਕੱਲ੍ਹ ਨੂੰ ਨਾ ਆਲੂਆਂ ਵਾਲੇ ਪਰੌਂਠੇ ਅਤੇ ਨਾ ਹੀ ਅਚਾਰ ਲਿਆਉਣਾ ਹੈ, ਇਹ ਬੜੇ ਨਹਿਸ ਲਗਦੇ ਹਨ।”
ਅਗਲੇ ਦਿਨ ਬੱਸ ਸਟਾਪ ’ਤੇ ਪਹੁੰਚਦੇ ਹੀ ਸਾਨੂੰ ਬੱਸ ਮਿਲ ਗਈ ਅਤੇ ਅਸੀਂ ਬੱਸ ਚੜ੍ਹ ਕੇ ਬਿਨਾ ਕਿਸੇ ਸਮੱਸਿਆ ਦੇ ਵਕਤ ਤੋਂ ਦਸ ਪੰਦਰਾਂ ਮਿੰਟ ਪਹਿਲਾਂ ਹੀ ਦਫਤਰ ਪਹੁੰਚ ਗਏ। ਅੱਗੋਂ ਜਾਂਦਿਆਂ ਅਫਸਰ ਵੀ ਖਿੜੇ ਮੱਥੇ ਮਿਲ ਗਿਆ ਅਤੇ ਸਾਡਾ ਕੰਮ ਹੋ ਗਿਆ। ਬਾਹਰ ਆ ਕੇ ਸ਼ਾਸਤਰੀ ਜੀ ਨੇ ਕਿਹਾ, “ਵਾਪਸੀ ’ਤੇ ਪਤਾ ਨਹੀਂ ਕਿਹੋ ਜਿਹੀ ਬੱਸ ਮਿਲੇਗੀ ਅਤੇ ਕਦੋਂ ਪਿੰਡ ਪੁੱਜੇਗੀ, ਇਸ ਲਈ ਰੋਟੀ ਹੁਣੇ ਹੀ ਖਾ ਲਈਏ। ਤੁਸੀਂ ਇੱਥੇ ਬੈਠੋ, ਮੈਂ ਰੋਟੀ ਨਾਲ ਖਾਣ ਲਈ ਛੋਲੇ ਲੈ ਆਵਾਂ।”
ਮੈਂ ਤੁਰੰਤ ਕਿਹਾ, “ਛੋਲਿਆਂ ਦੀ ਕੋਈ ਲੋੜ ਨਹੀਂ, ਆਲੂਆਂ ਵਾਲ਼ੀਆਂ ਰੋਟੀਆਂ ਦੇ ਨਾਲ ਅਚਾਰ ਹੈ।”
ਜਦ ਸ਼ਾਸਤਰੀ ਜੀ ਨੇ ਹੱਸਦੇ ਹੋਏ ਅੱਜ ਫੇਰ ਆਲੂਆਂ ਵਾਲੀਆਂ ਰੋਟੀਆਂ ਦੇ ਨਾਲ ਅਚਾਰ ਲੈ ਕੇ ਆਉਣ ਦਾ ਕਾਰਣ ਪੁੱਛਿਆ ਤਾਂ ਮੈਂ ਕਿਹਾ, “ਸ਼ਾਸਤਰੀ ਜੀ, ਮੈਂਨੂੰ ਤਾਂ ਪਹਿਲਾਂ ਹੀ ਯਕੀਨ ਸੀ ਕਿ ਆਲੂਆਂ ਵਾਲੀਆਂ ਰੋਟੀਆਂ ਅਤੇ ਅਚਾਰ ਦਾ ਬੱਸ ਦੇ ਮਿਲਣ ਜਾਂ ਨਾ ਮਿਲਣ ਨਾਲ ਕੋਈ ਸਬੰਧ ਨਹੀਂ, ਇਹ ਤੁਹਾਡਾ ਹੋਰ ਵਹਿਮਾਂ ਵਾਂਗ ਹੀ ਇੱਕ ਵਹਿਮ ਸੀ। ਜੇਕਰ ਮੈਂ ਅੱਜ ਆਲੂਆਂ ਵਾਲੀਆਂ ਰੋਟੀਆਂ ਅਤੇ ਅਚਾਰ ਤੋਂ ਬਿਨਾ ਸਾਦੀ ਰੋਟੀ ਲੈ ਆਉਂਦਾ ਅਤੇ ਸਾਡਾ ਕੰਮ ਹੋ ਜਾਂਦਾ ਤਾਂ ਤੁਹਾਡਾ ਵਹਿਮ ਪੱਕਾ ਹੋ ਜਾਣਾ ਸੀ ਕਿ ਸਫ਼ਰ ਵੇਲੇ ਆਲੂਆਂ ਵਾਲੀਆਂ ਰੋਟੀਆਂ ਅਤੇ ਅਚਾਰ ਨਹੀਂ ਲੈ ਕੇ ਜਾਣਾ ਚਾਹੀਦਾ ਕਿਉਂਕਿ ਇਹ ਨਹਿਸ ਹੁੰਦੇ ਹਨ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3002)
(ਸਰੋਕਾਰ ਨਾਲ ਸੰਪਰਕ ਲਈ: