“ਜਦੋਂ ਕੋਈ ਨੇਤਾ ਕਹਿ ਦੇਵੇ ਕਿ ਫਲਾਣੇ ਲੋਕਾਂ ਨੇ ਸਾਡੀ ਆਸਥਾ ’ਤੇ ਸੱਟ ਮਾਰੀ ਹੈ ਤਾਂ ...”
(9 ਮਾਰਚ 2025)
ਡਾਕਟਰ ਅਬਰਾਹਮ ਟੀ. ਕਾਵੂਰ ਦੀ ਲਿਖੀ ਹੋਈ ਪੁਸਤਕ ‘ਦੇਵ, ਦੈਂਤ ਤੇ ਰੂਹਾਂ” ਮੈਂ ਵੀਹ ਸਾਲ ਪਹਿਲਾਂ ਪੜ੍ਹੀ ਸੀ। ਮਹਾਕੁੰਭ 2025 ਦੇ ਭੀੜ ਭੜੱਕੇ, ਮੌਤਾਂ ਅਤੇ ਮਨੁੱਖੀ ਮਲ ਤੋਂ ਪੈਦਾ ਹੋਏ ਜਰਾਸੀਮਾਂ ਵਿੱਚ ਨਹਾਉਂਦੇ ਲੋਕਾਂ ਦੀਆਂ ਖਬਰਾਂ ਪੜ੍ਹਕੇ ਮੈਨੂੰ ਯਾਦ ਆਇਆ ਕਿ ਡਾਕਟਰ ਅਬਰਾਹਮ ਟੀ. ਕਾਵੂਰ ਨੇ ਵੀ ਕੁੰਭ ਇਸ਼ਨਾਨ ਬਾਰੇ ਕੁਝ ਆਪਣੀ ਪੁਸਤਕ ‘ਦੇਵ ਦੈਂਤ ਤੇ ਰੂਹਾਂ’ ਵਿੱਚ ਲਿਖਿਆ ਸੀ। ਇਸ ਲਈ ਪੁਸਤਕ ਇੱਕ ਵਾਰ ਫਿਰ ਪੜ੍ਹਨੀ ਸ਼ੁਰੂ ਕੀਤੀ, ਪੜ੍ਹਨ ’ਤੇ ਮੈਨੂੰ ਜੋ ਕੁਝ ਇੱਕ ਪਹਿਰੇ ਵਿੱਚ ਮਿਲਿਆ, ਉਹ ਮੈਂ ਹੇਠਲੇ ਪਹਿਰੇ ਵਿੱਚ ਬਿਨਾਂ ਕਿਸੇ ਤਬਦੀਲੀ ਦੇ ਦੇ ਰਿਹਾ ਹਾਂ।
ਮਾਰਚ 1953 ਵਿੱਚ ਮੈਨੂੰ ਇੱਕ ਅਮਰੀਕਨ ਜੋੜੇ ਨਾਲ ਕੋਲੰਬੋ ਦੇ ਹੋਟਲ ਵਿੱਚ ਗੱਲਬਾਤ ਕਰਨ ਦਾ ਮੌਕਾ ਮਿਲਿਆ, ਜਿਹੜਾ ਭਾਰਤ ਦੀ ਇੱਕ ਮਹੀਨੇ ਦੀ ਯਾਤਰਾ ਮਗਰੋਂ ਸ਼੍ਰੀ ਲੰਕਾ ਆਇਆ ਸੀ। ਜਦੋਂ ਮੈਂ ਉਹਨਾਂ ਤੋਂ ਭਾਰਤ ਬਾਰੇ ਉਹਨਾਂ ਦੇ ਪ੍ਰਭਾਵ ਪੁੱਛੇ ਤਾਂ ਔਰਤ ਨੇ ਕਿਹਾ ਦੇਸ਼ ਚੰਗਾ ਹੈ ਪਰ ਲੋਕ ਹੱਦੋਂ ਵੱਧ ਵਹਿਮੀ ਹਨ। ਉਸ ਨੇ ਮੈਨੂੰ ਉਸ ਸਾਲ ਕੁੰਭ ਦੇ ਮੇਲੇ ਦੌਰਾਨ ਅਲਾਹਾਬਾਦ ਵਿੱਚ ਪਰਾਗ (ਪ੍ਰਯਾਗ ਰਾਜ) ਵਿਖੇ ਭਿਆਨਕ ਦ੍ਰਿਸ਼ ਦਾ ਵਰਣਨ ਕੀਤਾ। ਸੱਠ ਲੱਖ ਲੋਕ ਗੰਗਾ, ਜਮਨਾ ਅਤੇ ਸਰਸਵਤੀ ਦਰਿਆਵਾਂ ਦੇ ਸੰਗਮ ਵਾਲੀ ਥਾਂ ’ਤੇ ਇਕੱਠੇ ਹੋ ਗਏ। ਉਹ ਇਸ ਨੂੰ ਆਕਾਸ਼ ਤੋਂ ਆਇਆ ਹੋਇਆ ਅਦਿੱਖ ਦਰਿਆ ਮੰਨਦੇ ਹਨ। ਉਹ ਕੁੰਭ ਦੇ ਮੇਲੇ ਦੇ ਸ਼ੁਭ ਮੌਕੇ ’ਤੇ ਸੰਗਮ ਵਾਲੀ ਥਾਂ ਦੇ ਪਵਿੱਤਰ ਪਾਣੀ ਵਿੱਚ ਆਪਣੇ ਸਰੀਰ ਨੂੰ ਡੁੱਬੋ ਕੇ ਆਪਣੇ ਸਾਰੇ ਪਾਪ ਧੋਣ ਆਏ ਸਨ। ਸ਼ੁਭ ਮੌਕੇ ਦੀ ਸੂਚਨਾ ਮੰਦਰ ਵਿੱਚ ਘੰਟੀਆਂ ਅਤੇ ਸੰਖ ਵਜਾਹ ਕੇ ਦਿੱਤੀ ਗਈ। ਕਰੋੜਾਂ ਹੀ ਇਸਤਰੀਆਂ ਅਤੇ ਆਦਮੀ ਸ਼ੁਭ ਮੌਕੇ ਤੋਂ ਖੁੰਝਣ ਦੀ ਚਿੰਤਾ ਕਾਰਨ ਇੱਕ ਮਿੰਟ ਵੀ ਗੁਆਏ ਬਿਨਾਂ ਦਰਿਆ ਵੱਲ ਦੌੜੇ। ਭਾਰੀ ਤਿਲਕਣ ਵਾਲੇ ਗਾਰੇ ਵਿੱਚ ਜਿਹੜਾ ਤਿਲਕ ਕੇ ਡਿਗ ਗਿਆ, ਉਸ ਨੂੰ ਕਿਸੇ ਨੇ ਚੁੱਕਿਆ ਨਹੀਂ ਸੀ। ਪਵਿੱਤਰ ਇਸ਼ਨਾਨ ਮਗਰੋਂ ਗਾਰੇ ਨਾਲ ਲਿਬੜੀਆਂ ਹਜ਼ਾਰਾਂ ਲਾਸ਼ਾਂ ਦਰਿਆ ਦੇ ਕਿਨਾਰਿਆਂ ਤੋਂ ਇਕੱਠੀਆਂ ਕੀਤੀਆਂ ਗਈਆਂ। ਇਸ ਕਿਸਮ ਦੀ ਮਨੁੱਖਤਾ ਦੀਆਂ ਬਹੁਤ ਸਾਰੀਆਂ ਮੌਤਾਂ ਦੀ ਕਿਸੇ ਨੂੰ ਚਿੰਤਾ ਨਹੀਂ। ਆਮ ਜਨਤਾ ਲਈ ਇਹੋ ਜਿਹੀ ਮੌਤ ਬੜੀ ਸ਼ੁਭ ਗਿਣੀ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਸੁਰਗਾਂ ਵਿੱਚ ਜਾਣ ਦਾ ਪੱਕਾ ਯਕੀਨ ਹੁੰਦਾ ਹੈ, ਪਰ ਅਮਰੀਕਨਾਂ ਲਈ ਇਹ ਸਭ ਤੋਂ ਵੱਡਾ ਦ੍ਰਿਸ਼ ਸੀ। ਭਾਰਤ ਦੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ ਦੀ ਬੇਹੂਦਗੀ ਵਲ ਇਸ਼ਾਰਾ ਕਰਦੇ ਹੋਏ ਜਿਹੜਾ ਆਪ ਲਾਈਲੱਗਾਂ ਅਨੁਸਾਰ ਪਰਾਗ ਵਿਖੇ ਆਪਣੇ ਪਾਪਾਂ ਨੂੰ ਧੋਣ ਆਇਆ ਸੀ। ਮਿਸਿਜ਼ ਰੋਬਰਟ ਨੇ ਮੈਨੂੰ ਪੁੱਛਿਆ, ਕੀ ਤੁਸੀਂ ਆਪਣੇ ਲੋਕਾਂ ਵਿੱਚ ਐਨੇ ਵਹਿਮਾਂ ਭਰਮਾਂ ਬਾਰੇ ਸੋਚਿਆ ਹੈ? ਮੈਂ ਕਿਹਾ, “ਆਪਣੇ ਲੋਕਾਂ ਦੇ ਵਹਿਮਾਂ ਭਰਮਾਂ ਬਾਰੇ ਮੈਂ ਬਹੁਤ ਸੋਚਿਆ ਹੈ। “ਕੀ ਤੁਸੀਂ ਸੋਚਦੇ ਹੋ ਕਿ ਸਾਡੇ ਲੋਕ ਵੀ ਵਹਿਮੀ ਹਨ। ਹਾਂ, ਸਾਡੇ ਵੇਦ ਅਤੇ ਸਾਡੇ ਪੁਜਾਰੀ ਸਾਨੂੰ ਦੱਸਦੇ ਹਨ ਕਿ ਗੰਗਾ ਦੇ ਪਵਿੱਤਰ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਸਾਡੇ ਸਾਰੇ ਪਾਪ ਧੋਤੇ ਜਾਂਦੇ ਹਨ। ਲੋਕ ਅੰਨ੍ਹੇਵਾਹ ਇਸ ’ਤੇ ਯਕੀਨ ਕਰਦੇ ਹਨ ਅਤੇ ਇਸ ਤਰ੍ਹਾਂ ਹੀ ਕਰਦੇ ਹਨ। ਤੁਹਾਡੇ ਧਾਰਮਿਕ ਗ੍ਰੰਥ ਅਤੇ ਪਾਦਰੀ ਤੁਹਾਨੂੰ ਦੱਸਦੇ ਹਨ ਕਿ ਤੁਹਾਡੇ ਪਾਪ ਬਪਤਿਸਮਾ ਨਾਲ ਜਾਂ ਅੰਦਰੂਨੀ ਧੋਣ ਨਾਲ, ਜਿਸ ਨੂੰ ਤੁਸੀਂ ਹੋਲੀ ਕਮਯੁਨੀਅਮ ਕਹਿੰਦੇ ਹੋ, ਨਾਲ ਮੁਆਫ਼ ਹੋ ਜਾਂਦੇ ਹਨ ਤੇ ਤੁਸੀਂ ਇਸ ’ਤੇ ਅੰਨ੍ਹੇਵਾਹ ਯਕੀਨ ਕਰਦੇ ਹੋ। ਚੰਗੇ ਭਾਗਾਂ ਨੂੰ ਤੁਹਾਡੇ ਲਈ ਬਾਹਰੀ ਇਸ਼ਨਾਨ ਕਰਨ ਦਾ ਕੋਈ ਖਾਸ ਸ਼ੁਭ ਮੌਕਾ ਨਹੀਂ। ਇਸੇ ਕਰਕੇ ਭੀੜ ਕਾਰਨ ਮੌਤਾਂ ਨਹੀਂ ਹੁੰਦੀਆਂ।:
ਮਿਸਟਰ ਰੋਬਰਟ, ਜਿਹੜਾ ਸਾਰਾ ਸਮਾਂ ਸਾਡੀ ਗੱਲਬਾਤ ਸੁਣ ਰਿਹਾ ਸੀ, ਨੇ ਕਿਹਾ, “ਸ਼੍ਰੀਮਾਨ ਜੀ, ਤੁਸੀਂ ਸਾਨੂੰ ਦੋਹਾਂ ਨੂੰ ਵਿਚਾਰਨ ਲਈ ਬਹੁਤ ਸਾਰੀ ਸਮੱਗਰੀ ਦੇ ਦਿੱਤੀ ਹੈ।”
ਮਿਸਿਜ਼ ਅਤੇ ਮਿਸਟਰ ਰੋਬਰਟ ਦੀ ਡਾਕਟਰ ਕਾਵੂਰ ਨਾਲ ਹੋਈ ਵਾਰਤਾ ਅਤੇ ਮਹਾਕੁੰਭ 2025 ਵਿੱਚ ਹੋਈਆਂ ਮੌਤਾਂ ਅਤੇ ਲੋਕਾਂ ਦਾ ਆਪਣੇ ਸਾਰੇ ਪਾਪ ਸੰਗਮ ਵਿੱਚ ਡੁਬਕੀ ਲਗਾ ਕੇ ਧੋ ਲੈਣ ਦੇ ਵਿਸ਼ਵਾਸ ਤੋਂ ਪਤਾ ਲਗਦਾ ਹੈ ਕਿ ਭਾਰਤ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੀ ਕਾਫੀ ਤਰੱਕੀ ਹੋਣ ਦੇ ਬਾਵਜੂਦ ਆਮ ਭਾਰਤੀ ਦਾ ਨਜ਼ਰੀਆ ਅਜੇ ਤਕ 1953 ਵਾਲਾ ਹੀ ਅੰਧਵਿਸ਼ਵਾਸੀ ਹੈ ਜਾਂ ਪਹਿਲਾਂ ਤੋਂ ਵੀ ਜ਼ਿਆਦਾ ਅੰਧਵਿਸ਼ਵਾਸੀ ਹੋ ਗਿਆ ਹੈ। ਇਸ ਹਨੇਰੀ ਸੁਰੰਗ ਵਿੱਚੋਂ ਬਾਹਰ ਕੱਢਣ ਦੀ ਬਜਾਏ ਹੋਰ ਅੱਗੇ ਕਿਸ ਨੇ ਧੱਕਿਆ, ਇਸ ਬਾਰੇ ਅੱਗੇ ਵਿਚਾਰ ਦਿੱਤੇ ਗਏ ਹਨ।
1953 ਵਿੱਚ ਭਾਰਤ ਦੀ ਅਬਾਦੀ ਲਗਭਗ 38 ਕਰੋੜ ਸੀ ਅਤੇ ਕੁੰਭ ਮੇਲੇ ਵਿੱਚ ਸਰਕਾਰ ਵੱਲੋਂ ਲੋਕਾਂ ਨੂੰ ਕੋਈ ਸੱਦਾ ਨਾ ਦੇਣ ਦੇ ਬਾਵਜੂਦ 60 ਲੱਖ ਲੋਕ ਗੰਗਾ ਵਿੱਚ ਡੁਬਕੀ ਲਗਾਉਣ ਲਈ ਆਏ, ਹਜ਼ਾਰਾਂ ਲੋਕ ਮਾਰੇ ਗਏ। ਹੁਣ ਜਦੋਂ ਅਬਾਦੀ 145 ਕਰੋੜ ਤੋਂ ਵੀ ਵੱਧ ਹੋ ਗਈ ਹੈ ਅਤੇ ਸਰਕਾਰ ਵੱਲੋਂ ਬਾਰ ਬਾਰ ਲੋਕਾਂ ਨੂੰ ਮਹਾਕੁੰਭ ਮੇਲੇ ’ਤੇ ਆਉਣ ਦਾ ਸੱਦਾ ਦੇਣ ਕਾਰਨ ਰੋਜ਼ਾਨਾ ਕਰੋੜਾਂ ਦੀ ਗਿਣਤੀ ਵਿੱਚ ਲੋਕਾਂ ਦੇ ਆਉਣ ਕਾਰਨ ਭਗਦੜ ਕਾਰਨ, ਬਿਮਾਰ ਹੋਣ ਕਾਰਨ ਜਾਂ ਕਿਸੇ ਹੋਰ ਕਾਰਨ ਮੌਤਾਂ ਦੀ ਗਿਣਤੀ ਹਜ਼ਾਰਾਂ ਵਿੱਚ ਨਹੀਂ ਤਾਂ ਸੈਂਕੜਾ ਜ਼ਰੂਰ ਪਾਰ ਸਕਦੀ ਹੈ ਭਾਵੇਂ ਕਿ ਸਰਕਾਰ ਵੱਲੋਂ ਲੋਕਾਂ ਦੀਆਂ ਮੌਤਾਂ ਦੀ ਗਿਣਤੀ ਕੇਵਲ 30 ਅਤੇ ਜ਼ਖਮੀਆਂ ਦੀ ਗਿਣਤੀ 60 ਦੱਸੀ ਗਈ ਹੈ। ਲੋਕ ਕੇਵਲ ਮਹਾ ਕੁੰਭ ਭਗਦੜ ਵਿੱਚ ਹੀ ਨਹੀਂ ਮਾਰੇ ਗਏ, ਕੁੰਭ ਤਕ ਪਹੁੰਚਣ ਲਈ ਦਿੱਲੀ ਰੇਲਵੇ ਸਟੇਸ਼ਨ ’ਤੇ ਵੀ ਭਗਦੜ ਨਾਲ ਮਾਰੇ ਗਏ। ਲੋਕਾਂ ਦੀ ਆਸਥਾ ਦਾ ਫਾਇਦਾ ਲੈ ਕੇ ਅਤੇ ਸਵਰਗ ਜਾਣ ਲਈ ਰਾਹ ਪੱਕਾ ਕਰਨ ਦਾ ਭਰਮ ਫੈਲਾ ਕੇ ਸਰਕਾਰ ਨੇ ਨਾ ਕੇਵਲ ਵੋਟ ਬੈਂਕ ਵਿੱਚ ਹੀ ਵਾਧਾ ਕੀਤਾ ਹੈ ਬਲਕਿ ਉੱਤਰ ਪ੍ਰਦੇਸ਼ ਸਰਕਾਰ ਨੂੰ ਕਰੋੜਾਂ ਰੁਪਏ ਦੀ ਆਮਦਨ ਵੀ ਹੋਈ ਹੈ।
ਲੋਕ ਕੇਵਲ ਆਸਥਾ ਕਾਰਨ ਧਾਰਮਿਕ ਮੇਲਿਆਂ ਵਿੱਚ ਜਾਂਦੇ ਹਨ ਪਰ ਲੁਟੇਰਿਆਂ ਲਈ ਇਹ ਲੁੱਟ ਦਾ ਸਭ ਤੋਂ ਵਧੀਆ ਮੌਕਾ ਹੁੰਦਾ ਹੈ। ਸਟੈਂਡਰਡ ਹੋਟਲ ਦਾ ਇੱਕ ਦਿਨ ਦਾ ਕਿਰਾਇਆ ਆਮ ਤੌਰ ’ਤੇ ₹ 2500 ਤੋਂ 3000 ਤਕ ਹੁੰਦਾ ਸੀ, ਜਿਹੜਾ ਕਿ ਮੇਲੇ ਦੇ ਦਿਨਾਂ ਵਿੱਚ 6000 ਰੁਪਏ ਤੋਂ 7000 ਰੁਪਏ ਹੋ ਗਿਆ ਅਤੇ ਮਾਉਣੀ ਅਮਾਵਸਿਆ, ਬਸੰਤ ਪੰਚਮੀ ਇਸ਼ਨਾਨ ਅਤੇ ਮਾਘੀ ਪੂਰਨਿਮਾ ਇਸ਼ਨਾਨ ਦੇ ਮੌਕੇ ਇਹ 22 ਹਜ਼ਾਰ ਰੁਪਏ ਹੋ ਗਿਆ। ਪ੍ਰਾਈਵੇਟ ਟੈਂਟ ਦਾ ਇੱਕ ਰਾਤ ਦਾ ਕਿਰਾਇਆ 15 ਹਜ਼ਾਰ ਤੋਂ ਵਧ ਕੇ 45 ਹਜ਼ਾਰ ਰੁਪਏ ਹੋ ਗਿਆ। ਬੇੜੀ ਦੀ ਸਵਾਰੀ ਦਾ ਕਿਰਾਇਆ ਵੀ ਆਮ ਦਿਨਾਂ ਨਾਲੋਂ ਤਿੰਨ ਗੁਣਾ ਵੱਧ ਵਸੂਲ ਕੀਤਾ ਗਿਆ। ਹਵਾਈ ਕੰਪਨੀਆਂ ਨੇ ਯਾਤਰਾ ਟਿਕਟਾਂ ਦੇ ਰੇਟ ਬਹੁਤ ਵਧਾ ਦਿੱਤੇ। ਸੰਗਮ ਵਾਲਾ ਜਰਾਸੀਮਾਂ ਵਾਲਾ ਪਾਣੀ, ਜਿਸ ਨੂੰ ਵਿਗਿਆਨਿਕ ਪੀਣ ਤੋਂ ਮਨ੍ਹਾ ਕਰਦੇ ਹਨ, ਉਸਦੀ ਇੱਕ ਲਿਟਰ ਦੀ ਬੋਤਲ ਸ਼ਰਧਾਲੂਆਂ ਨੂੰ 100 ਰੁਪਏ ਵਿੱਚ ਵੇਚੀ ਜਾ ਰਹੀ ਹੈ ਜਦਕਿ ਸ਼ੁੱਧ ਪਾਣੀ ਵਾਲੀ ਲਿਟਰ ਦੀ ਬਿਸਲੇਰੀ ਦੀ ਬੋਤਲ 20 ਰੁਪਏ ਵਿੱਚ ਮਿਲਦੀ ਹੈ। ਸੰਗਮ ਮੇਲੇ ਤੋਂ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਦੋ ਲੱਖ ਕਰੋੜ ਰੁਪਏ ਕਮਾ ਲਏ।
ਸੰਗਮ ਦੇ ਪਾਣੀਆਂ ਵਿੱਚ ਲੋਕਾਂ ਅਤੇ ਪਸ਼ੂਆਂ ਦੇ ਮਲ ਮੂਤਰ ਤੋਂ ਪੈਦਾ ਹੋਏ ਖਤਰਨਾਕ ਜਰਾਸੀਮ ਨਿਰਧਾਰਿਤ ਸੀਮਾ ਤੋਂ ਕਾਫੀ ਜ਼ਿਆਦਾ ਹੋ ਗਏ ਹਨ, ਜਿਸ ਬਾਰੇ ਸੈਂਟਰਲ ਪਲੂਸ਼ਨ ਕੰਟਰੋਲ ਬੋਰਡ ਵੱਲੋਂ ਬਾਰ ਬਾਰ ਚਿਤਾਵਣੀ ਆਉਣ ਦੇ ਬਾਵਜੂਦ ਸਰਕਾਰ ਨੇ ਨਾ ਤਾਂ ਪਾਣੀਆਂ ਦੀ ਸਫ਼ਾਈ ਦੇ ਪ੍ਰਬੰਧ ਕੀਤੇ ਹਨ ਅਤੇ ਨਾ ਹੀ ਹੋਰ ਲੋਕਾਂ ਨੂੰ ਆਉਣ ਤੋਂ ਰੋਕਿਆ ਹੈ। ਬੋਰਡ ਅਨੁਸਾਰ ਗੰਗਾ ਦਾ ਪਾਣੀ ਪੀਣ ਦੀ ਗੱਲ ਤਾਂ ਛੱਡੋ ਨਹਾਉਣ ਦੇ ਯੋਗ ਵੀ ਨਹੀਂ ਸੀ ਪਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯ ਨਾਥ ਨੇ ਨਾ ਕੇਵਲ ਬੋਰਡ ਦੀ ਸੂਚਨਾ ਨੂੰ ਦਬਾਅ ਕੇ ਰੱਖਿਆ ਬਲਕਿ ਲੋਕਾਂ ਨੂੰ ਗੰਗਾ ਦਾ ਪਾਣੀ ਪੀਣ ਲਈ ਵੀ ਪ੍ਰੇਰਿਤ ਕੀਤਾ, ਜਦਕਿ ਇਸ ਪਾਣੀ ਨਾਲ ਚਮੜੀ ਰੋਗ ਅਤੇ ਅੰਤੜੀਆਂ ਵਿੱਚ ਇਨਫੈਕਸ਼ਨ ਹੋ ਸਕਦੀ ਹੈ ਅਤੇ ਸਰੀਰ ਵਿੱਚ ਆਕਸੀਜਨ ਦੀ ਕਮੀ ਵੀ ਹੋ ਸਕਦੀ ਹੈ। ਸੰਗਮ ਤੋਂ ਡੁਬਕੀ ਲਗਾ ਕੇ ਵਾਪਸ ਮੁੜੇ ਕਈ ਲੋਕਾਂ ਵਿੱਚ ਇਹ ਰੋਗੀ ਪਾਏ ਗਏ। ਕੇਵਲ ਆਸਥਾ ਦੇ ਸਹਾਰੇ ਭਵਿੱਖੀ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਾਂ ਲੈਣ ਲਈ ਸਿਆਸੀ ਆਗੂ ਲਗਾਤਾਰ ਲੋਕਾਂ ਨੂੰ ਮਹਾਕੁੰਭ ਵਿੱਚ ਆਉਣ ਦੇ ਸੱਦੇ ਦਿੰਦੇ ਰਹੇ ਅਤੇ ਹੋਣ ਵਾਲੀਆਂ ਮੌਤਾਂ ਦੀ ਪਰਵਾਹ ਨਹੀਂ ਕੀਤੀ। ਉਲਟਾ ਸਰਕਾਰ ਵੱਲੋਂ ਪ੍ਰਯੋਜਿਤ ਧਾਰਮਿਕ ਆਗੂ ਕਹਿੰਦੇ ਰਹੇ ਕਿ ਪ੍ਰਯਾਗ ਰਾਜ ਵਿੱਚ ਮਰਨ ਵਾਲੇ ਸਿੱਧੇ ਸਵਰਗ ਵਿੱਚ ਜਾਂਦੇ ਹਨ। ਇਸੇ ਲਈ ਮਮਤਾ ਬੈਨਰਜੀ ਨੇ 2025 ਦੇ ਮਹਾਕੁੰਭ ਨੂੰ ਮੌਤ ਦਾ ਕੁੰਭ ਕਿਹਾ ਹੈ। ਮਹਾਕੁੰਭ ਦਾ ਆਖਰੀ ਦਿਨ ਆਉਣ ’ਤੇ ਮੱਧ ਪ੍ਰਦੇਸ਼ ਦੇ ਕਟਣੀ ਅਤੇ ਮੈਹਰ ਸ਼ਹਿਰਾਂ ਵਿੱਚ 300 ਕਿਲੋਮੀਟਰ ਲੰਬਾ ਟਰੈਫਿਕ ਜਾਮ ਲੱਗ ਗਿਆ ਅਤੇ ਕਈ ਲੋਕ 11 ਘੰਟੇ ਤਕ ਜਾਮ ਵਿੱਚ ਹੀ ਫਸੇ ਰਹੇ।
1947 ਤੋਂ ਲੈ ਕੇ ਹੁਣ ਤਕ ਵਿਗਿਆਨ ਤਰੱਕੀ ਕਰ ਕੇ ਕਿੱਥੇ ਦੀ ਕਿੱਥੇ ਪਹੁੰਚ ਗਈ ਹੈ। ਸੰਸਾਰ ਭਰ ਦੇ ਵੱਧ ਤੋਂ ਵੱਧ ਲੋਕਾਂ ਦਾ ਨਜ਼ਰੀਆ ਵਿਗਿਆਨਿਕ ਬਣ ਰਿਹਾ ਹੈ। ਅੰਧਵਿਸ਼ਵਾਸਾਂ ਵਿੱਚੋਂ ਨਿਕਲ ਕੇ ਲੋਕ ਨਾਸਤਿਕਤਾ ਵੱਲ ਵਧ ਰਹੇ ਹਨ। ਕੁਝ ਦੇਸ਼ਾਂ ਵਿੱਚ ਸਕੂਲਾਂ ਦੀ ਸਵੇਰ ਦੀ ਪ੍ਰਾਰਥਨਾ ਬੰਦ ਕਰ ਦਿੱਤੀ ਗਈ ਹੈ, ਪਰ ਇੱਕ ਅਸੀਂ ਭਾਰਤੀ ਹਾਂ ਜਿਹੜੇ ਕਿ ਥੋੜ੍ਹੇ ਜਿਹੇ ਹੀ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਅਜੇ ਅੰਧਵਿਸ਼ਵਾਸਾਂ ਦੀ ਦਲਦਲ ਵਿੱਚ ਫਸੇ ਬੈਠੇ ਹਾਂ। ਇਸ ਵਿੱਚ ਲੋਕਾਂ ਦਾ ਕਸੂਰ ਨਹੀਂ, ਕਸੂਰ ਹੈ ਤਾਂ ਉਹਨਾਂ ਅਖ਼ਬਾਰਾਂ, ਰੇਡੀਓ ਅਤੇ ਟੀ ਵੀ ਚੈਨਲਾਂ ਦਾ, ਸਾਡੇ ਨੇਤਾਵਾਂ ਦਾ, ਜਿਹੜੇ ਲਗਾਤਾਰ ਲੋਕਾਂ ਨੂੰ ਅੰਧ ਵਿਸ਼ਵਾਸ ਪਰੋਸ ਰਹੇ ਹਨ। ਸਾਡੀਆਂ ਸਿਆਸੀ ਪਾਰਟੀਆਂ ਵੀ, ਜਿਹੜੀਆਂ ਕਿਸੇ ਨਾ ਕਿਸੇ ਧਰਮ ’ਤੇ ਅਧਾਰਿਤ ਹਨ, ਇਸ ਅੰਧ ਵਿਸ਼ਵਾਸ ਵਿੱਚ ਲਥਪਥ ਹਨ। ਜਿੱਥੇ ਧਰਮ ਹੁੰਦਾ ਹੈ, ਉੱਥੇ ਅੰਧਵਿਸ਼ਵਾਸ ਜ਼ਰੂਰ ਜ਼ਰੂਰ ਹੁੰਦਾ ਹੈ। ਤੁਸੀਂ ਟੈਲੀਵਿਜ਼ਨ, ਅਖ਼ਬਾਰਾਂ ਜਾਂ ਕੰਧਾਂ ’ਤੇ ਲੱਗੇ ਇਸ਼ਤਿਹਾਰ ਤਾਂ ਆਮ ਵੇਖੇ ਹੋਣਗੇ ਕਿ ਅੱਜ ਫਲਾਣੇ ਸ਼੍ਰੀ ਸ਼੍ਰੀ 1008 ਮਹਾਤਮਾ ਦਾ ਪ੍ਰਵਚਨ, ਜਾਂ ਫਲਾਣੇ ਮਹੰਤ ਦੇ ਵਿਚਾਰ ਜਾਂ ਫਲਾਣੇ ਗੁਰੂ ਜੀ ਅੰਮ੍ਰਿਤ ਵਰਸ਼ਾ ਕਰਨ ਤੁਹਾਡੇ ਸ਼ਹਿਰ ਆ ਰਹੇ ਹਨ ਪਰ ਅਜਿਹਾ ਇਸ਼ਤਿਹਾਰ ਕਦੇ ਨਹੀਂ ਵੇਖਿਆ ਹੋਵੇਗਾ ਕਿ ਤੁਹਾਡੇ ਸ਼ਹਿਰ ਵਿੱਚ ਫਲਾਣਾ ਮਹਾਨ ਵਿਗਿਆਨੀ, ਤੁਹਾਡੇ ਸ਼ਹਿਰ ਵਿੱਚ ਵਿਗਿਆਨਿਕ ਨਜ਼ਰੀਏ ’ਤੇ ਵਿਚਾਰ ਦੇਣ ਆ ਰਿਹਾ ਹੈ। ਸਾਡੇ ਤਾਂ ਕਈ ਵਿਗਿਆਨਿਕ ਨਜ਼ਰੀਏ ਤੋਂ ਸੱਖਣੇ ਵਿਗਿਆਨੀ ਵੀ ਅੰਧਵਿਸ਼ਵਾਸ ਫੈਲਾਅ ਰਹੇ ਹਨ। ਇਸ ਹਾਲਤ ਵਿੱਚ ਲੋਕ ਕੁੰਭ ਇਸ਼ਨਾਨ ਕਰਕੇ ਆਪਣੇ ਆਪ ਨੂੰ ਵਡਭਾਗੀ ਮੰਨਦੇ ਹਨ, ਸੂਰਜ ਜਾਂ ਚੰਨ ਗ੍ਰਹਿਣ ਲੱਗਣ ’ਤੇ ਮੰਦਿਰਾਂ ਵਿੱਚ ਪੂਜਾ ਕਰਨ ਜਾਂਦੇ ਹਨ, ਦੇਵੀ ਦੇਵਤਿਆਂ ਦੇ ਮੇਲਿਆਂ ਵਿੱਚ ਭੀੜ ਦਾ ਹਿੱਸਾ ਬਣਦੇ ਹਨ ਅਤੇ ਕੁਚਲੇ ਜਾਂਦੇ ਹਨ; ਸ਼ੋਭਾ ਯਾਤਰਾਵਾਂ ਕੱਢਦੇ ਹਨ, ਜਿਨ੍ਹਾਂ ਨਾਲ ਸੜਕਾਂ ਜਾਮ ਹੋ ਜਾਂਦੀਆਂ ਹਨ ਅਤੇ ਸੜਕਾਂ ’ਤੇ ਗੰਦ ਖਿਲਰਦਾ ਹੈ;ਜਗਰਾਤੇ ਕਰਦੇ ਹਨ, ਆਪਣੇ ਬੱਚੇ ਭੁੱਖੇ ਰੱਖ ਕੇ ਵੀ ਧਾਰਮਿਕ ਸਥਾਨਾਂ ’ਤੇ ਦਾਨ ਕਰਨ ਜਾਂਦੇ ਹਨ ਅਤੇ ਕਈ ਸੰਗਮਰਮਰ ਦੇ ਬਣੇ ਬੈਲ ਨੂੰ ਦੁੱਧ ਪਿਆਉਣ ਲਈ ਭੀੜ ਦਾ ਹਿੱਸਾ ਬਣਦੇ ਹਨ, ਦੁੱਧ ਡੋਲ੍ਹਦੇ ਹਨ ਅਤੇ ਪਿਸ਼ਾਬ ਪੀਂਦੇ ਹਨ। ਲੋਕ ਆਪਣੇ ਖੋਏ ਹੋਏ ਹੱਕਾਂ ਦੀ ਪ੍ਰਾਪਤੀ ਲਈ ਡਾਂਗ ਜਾਂ ਤਲਵਾਰ ਨਹੀਂ ਚੁੱਕਦੇ ਪਰ ਜਦੋਂ ਕੋਈ ਨੇਤਾ ਕਹਿ ਦੇਵੇ ਕਿ ਫਲਾਣੇ ਲੋਕਾਂ ਨੇ ਸਾਡੀ ਆਸਥਾ ’ਤੇ ਸੱਟ ਮਾਰੀ ਹੈ ਤਾਂ ਲੋਕ ਡਾਂਗਾਂ ਜਾਂ ਤਲਵਾਰਾਂ ਚੁੱਕ ਕੇ ਮਰਨ ਮਾਰਨ ਨੂੰ ਤਿਆਰ ਹੋ ਜਾਂਦੇ ਹਨ।
ਲੱਦਾਖ ਨਿਵਾਸੀ ਸੋਨਮ ਵਾਂਗਚੁਕ ਇੱਕ ਇੰਜਨੀਅਰ, ਸਮਾਜ ਸੁਧਾਰਕ ਅਤੇ ਪਰਿਆਵਰਣ ਚਿੰਤਕ ਹੈ। ਉਸ ਦਾ ਕਹਿਣਾ ਹੈ ਸਰਕਾਰਾਂ ਨੂੰ ਕੁੰਭ, ਮਹਾ ਕੁੰਭ ਵੱਲ ਧਿਆਨ ਦੇਣ ਤੋਂ ਜ਼ਿਆਦਾ ਧਿਆਨ ਨਦੀਆਂ, ਦਰਿਆਵਾਂ ਦੀ ਹੋਂਦ ਸੁਰੱਖਿਅਤ ਕਰਨ ਵਲ ਧਿਆਨ ਦੇਣਾ ਚਾਹੀਦਾ ਹੈ। ਵਾਤਾਵਰਣ ਸੰਤੁਲਿਤ ਰੱਖਣ ਵਾਲੇ ਜੰਗਲ ਘਟਦੇ ਜਾ ਰਹੇ ਹਨ। ਹਾਈਡਰੋਕਾਰਬਨ ਜ਼ਿਆਦਾ ਤੋਂ ਜ਼ਿਆਦਾ ਬਾਲੇ ਜਾ ਰਹੇ ਹਨ, ਜਿਸ ਨਾਲ ਧਰਤੀ ਦਾ ਤਾਪਮਾਨ ਵਧ ਰਿਹਾ ਹੈ ਅਤੇ ਗਲੇਸ਼ੀਅਰ ਪਿਘਲ ਕੇ ਘਟ ਰਹੇ ਹਨ। ਇੱਕ ਅਜਿਹੀ ਅਵਸਥਾ ਵੀ ਆ ਸਕਦੀ ਹੈ, ਜਦੋਂ ਗਲੇਸ਼ੀਅਰ ਨਦੀਆਂ ਨੂੰ ਸਾਰਾ ਸਾਲ ਪਾਣੀ ਨਾ ਦੇ ਸਕਣਗੇ ਅਤੇ ਪਹਾੜਾਂ ਤੇ ਬਰਫ ਦੀ ਬਜਾਏ ਕੇਵਲ ਮੀਂਹ ਪੈਣ ਨਾਲ ਹੜ੍ਹ ਆਇਆ ਕਰਨਗੇ। ਇਸ ਹਾਲਤ ਵਿੱਚ ਹੜ੍ਹਾਂ ਤੋਂ ਬਾਅਦ ਦਰਿਆਵਾਂ ਵਿੱਚ ਕੇਵਲ ਰੇਤ ਹੀ ਰਿਹਾ ਕਰੇਗੀ। ਜੇਕਰ ਇਸ ਵਰਤਾਰੇ ਨੂੰ ਨਾ ਰੋਕਿਆ ਗਿਆ ਤਾਂ ਅਗਲਾ ਮਹਾਕੁੰਭ ਮੇਲਾ ਰੇਤ ਵਿੱਚ ਲੱਗੇਗਾ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)