“ਉਹੀ ਪੁਰਾਣੇ ਵਾਕ ਬੋਲੇ ਜਾਂਦੇ ਹਨ ਜਿਵੇਂ ਕਿ ਬੰਦਾ ਜਿੰਨੇ ਸਾਹ ਲਿਖਵਾ ਕੇ ਲਿਆਇਆ, ਜਦੋਂ ਪੂਰੇ ਹੋ ਗਏ ਤਾਂ ...”
(17 ਸਤੰਬਰ 2023)
ਜੇਕਰ ਮੈਂ ਕਹਾਂ ਕਿ ਵਿਅਕਤੀ ਦੀ ਜ਼ਿੰਦਗੀ ਦਾ ਅੰਤ ਉਸ ਦੇ ਜਨਮ ਲੈਂਦੇ ਸਾਰ ਹੀ ਸ਼ੁਰੂ ਹੋ ਜਾਂਦਾ ਹੈ ਤਾਂ ਕੁਝ ਲੋਕ ਮੰਨਣ ਨੂੰ ਤਿਆਰ ਹੀ ਨਹੀਂ ਹੋਣਗੇ ਅਤੇ ਕੁਝ ਬਹੁਤ ਹੈਰਾਨ ਹੋਣਗੇ। ਪਰ ਹੈ ਇਹ ਬਿਲਕੁਲ ਸੱਚ। ਜਿਵੇਂ ਕਿਸੇ ਮਕਾਨ ਦਾ ਛੋਟੇ ਤੋਂ ਛੋਟਾ ਭਾਗ ਇੱਕ ਇੱਟ ਹੁੰਦਾ ਹੈ, ਇਵੇਂ ਹੀ ਸਾਡੇ ਸਰੀਰ ਦੇ ਛੋਟੇ ਤੋਂ ਛੋਟੇ ਭਾਗ ਨੂੰ ਸੈੱਲ ਕਹਿੰਦੇ ਹਨ ਅਤੇ ਕਈ ਕਰੋੜਾਂ ਸੈੱਲ ਮਿਲ ਕੇ ਸਾਡਾ ਸਰੀਰ ਬਣਦਾ ਹੈ। ਨਵੇਂ ਸੈੱਲਾਂ ਦਾ ਬਣਨਾ ਜ਼ਿੰਦਗੀ ਹੈ ਅਤੇ ਪੁਰਾਣੇ ਸੈੱਲਾਂ ਦਾ ਟੁੱਟਣਾ ਜਾਂ ਮਰਨਾ ਮੌਤ ਹੈ। ਹਰ ਪਲ ਵਿਅਕਤੀ ਵਿੱਚ ਕੁਝ ਨਵੇਂ ਸੈੱਲ ਬਣ ਰਹੇ ਹੁੰਦੇ ਹਨ ਅਤੇ ਪੁਰਾਣੇ ਸੈੱਲ ਮਰ ਰਹੇ ਹੁੰਦੇ ਹਨ। ਭਾਵ ਵਿਅਕਤੀ ਦਾ ਸਰੀਰ ਇੱਕੋ ਸਮੇਂ ਜ਼ਿੰਦਗੀ ਵੱਲ ਵੀ ਜਾ ਰਿਹਾ ਹੈ ਅਤੇ ਮੌਤ ਵੱਲ ਵੀ ਜਾ ਰਿਹਾ ਹੈ। ਬਚਪਨ ਵਿੱਚ ਨਵੇਂ ਸੈੱਲ ਤੇਜ਼ੀ ਨਾਲ ਬਣ ਰਹੇ ਹੁੰਦੇ ਹਨ ਅਤੇ ਪੁਰਾਣੇ ਸੈੱਲ ਬਹੁਤ ਘਟ ਰਫ਼ਤਾਰ ਨਾਲ ਮਰਦੇ ਹਨ। ਸਰੀਰ ਦਾ ਭਾਰ ਵਧ ਰਿਹਾ ਹੁੰਦਾ ਹੈ ਅਤੇ ਕੱਦ ਵੀ ਵਧ ਰਿਹਾ ਹੁੰਦਾ ਹੈ। ਜੇਕਰ ਖੁਰਾਕ ਪੌਸ਼ਟਿਕ ਹੋਵੇ ਅਤੇ ਵਿਗਿਆਨਿਕ ਤੌਰ ’ਤੇ ਮਿਥੀ ਮਾਤਰਾ ਵਿੱਚ ਲਈ ਜਾਵੇ ਤਾਂ ਭਾਰ ਕੱਦ ਦੇ ਅਨੁਸਾਰ ਹੀ ਹੁੰਦਾ ਹੈ ਅਤੇ ਰੋਗ ਦੀ ਰੋਕ ਵੀ ਬਣੀ ਰਹਿੰਦੀ ਹੈ। ਜੇਕਰ ਖੁਰਾਕ ਲੋੜ ਤੋਂ ਜ਼ਿਆਦਾ ਲਈ ਜਾਵੇ ਤਾਂ ਭਾਰ ਲੋੜ ਤੋਂ ਜ਼ਿਆਦਾ ਵਧ ਜਾਂਦਾ ਹੈ ਅਤੇ ਦਿਲ ’ਤੇ ਬੁਰਾ ਅਸਰ ਹੁੰਦਾ ਹੈ ਜਿਸ ਨਾਲ ਮੌਤ ਛੇਤੀ ਹੋ ਸਕਦੀ ਹੈ। ਵੈਸੇ ਵੀ ਜੇਕਰ ਕਿਸੇ ਦੀ ਪਿੱਠ ਨਾਲ 20 ਕਿਲੋਗ੍ਰਾਮ ਦਾ ਭਾਰ ਬੰਨ੍ਹ ਦਿੱਤਾ ਜਾਵੇ ਅਤੇ ਕਿਹਾ ਜਾਵੇ ਕਿ ਹੁਣ ਤੂੰ ਸਾਰੀ ਉਮਰ ਇਸਦੇ ਨਾਲ ਹੀ ਚੱਲਣਾ ਹੈ ਤਾਂ ਅੰਦਾਜ਼ਾ ਲਗਾਓ ਕਿ ਉਸ ਦਾ ਕੀ ਹਾਲ ਜਾਵੇਗਾ। ਠੀਕ ਇਹੋ ਹਾਲਤ ਉਸ ਵਿਅਕਤੀ ਦੀ ਹੁੰਦੀ ਹੈ ਜਿਸਦਾ ਆਪਣਾ ਭਾਰ ਕਦੋਂ ਅਨੁਸਾਰ ਮਿੱਥੇ ਭਾਰ ਨਾਲੋਂ 20 ਕਿਲੋਗ੍ਰਾਮ ਜ਼ਿਆਦਾ ਹੁੰਦਾ ਹੈ।
ਸਰੀਰ ਦੇ ਸੈੱਲ ਬਣਦੇ ਟੁੱਟਦੇ ਰਹਿੰਦੇ ਹਨ। ਜਵਾਨ ਹੋਣ ’ਤੇ ਵਿਅਕਤੀ ਦਾ ਕੱਦ ਵਧ ਕੇ ਪੂਰਾ ਹੋ ਜਾਂਦਾ ਹੈ ਪਰ ਭਾਰ ਹੌਲੀ ਹੌਲੀ ਵਧਦਾ ਰਹਿੰਦਾ ਹੈ। ਫੇਰ ਇੱਕ ਅਜਿਹੀ ਅਵਸਥਾ ਆਉਂਦੀ ਹੈ ਕਿ ਹਰ ਪਲ ਜਿੰਨੇ ਸੈਲ ਬਣ ਰਹੇ ਹੁੰਦੇ ਹਨ ਉੰਨੇ ਹੀ ਟੁੱਟ ਕੇ ਮਰ ਰਹੇ ਹੁੰਦੇ ਹਨ। ਇਸ ਅਵਸਥਾ ਵਿੱਚ ਭਾਰ ਸਥਿਰ ਹੋ ਜਾਂਦਾ ਹੈ ਅਤੇ ਕਾਫ਼ੀ ਸਾਲ ਇਵੇਂ ਹੀ ਰਹਿੰਦਾ ਹੈ। ਮਤਲਬ ਕਿ ਜ਼ਿੰਦਗੀ ਦੇਣ ਵਾਲੀਆਂ ਸ਼ਕਤੀਆਂ ਅਤੇ ਮੌਤ ਲਿਆਉਣ ਵਾਲਿਆਂ ਸ਼ਕਤੀਆਂ ਬਰਾਬਰ ਰਹਿੰਦੀਆਂ ਹਨ। ਇਸ ਅਵਸਥਾ ਦੀ ਤੁਲਨਾ ਤੁਸੀਂ ਰੱਸਾਕਸ਼ੀ ਦੀਆਂ ਦੋ ਟੀਮਾਂ ਨਾਲ ਕਰ ਸਕਦੇ ਹੋ ਕਿ ਜਦੋਂ ਦੋਵੇਂ ਟੀਮਾਂ ਬਰਾਬਰ ਦੀਆਂ ਹੋਣ ਅਤੇ ਕਾਫ਼ੀ ਸਮਾਂ ਦੋਵਾਂ ਪਾਸਿਓਂ ਤੋਂ ਬਰਾਬਰ ਜ਼ੋਰ ਲੱਗਣ ਨਾਲ ਰੱਸਾ ਕਿਸੇ ਟੀਮ ਵੱਲ ਵੀ ਨਹੀਂ ਜਾਂਦਾ।
ਇਸ ਤੋਂ ਬਾਅਦ ਜੋ ਮਰਜ਼ੀ ਕਰ ਲਓ, ਬਦਾਮ ਖਾ ਲਓ ਜਾਂ ਤਾਕਤ ਦੇ ਟੀਕੇ ਲਗਵਾ ਲਓ ਮੌਤ ਵੱਲ ਲਿਜਾਣ ਲਈ ਸਰੀਰ ਦੇ ਸੈੱਲ ਟੁੱਟ ਕੇ ਮਰਦੇ ਵੱਧ ਹਨ ਅਤੇ ਜ਼ਿੰਦਗੀ ਕਾਇਮ ਰੱਖਣ ਲਈ ਸੈੱਲ ਬਣਦੇ ਘੱਟ ਹਨ। ਭਾਰ ਅਤੇ ਤਾਕਤ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਸਿਲਸਿਲਾ ਵੀ 20, 30 ਸਾਲ ਤੋਂ ਵੱਧ ਜਾਂ ਘੱਟ ਤਕ ਚਲਦਾ ਰਹਿੰਦਾ ਹੈ। ਪਿੰਡਾਂ ਦੇ ਅਖਾਣ, “ਮਾੜਾ ਢੱਗਾ ਛੱਤੀ ਰੋਗ” ਅਨੁਸਾਰ ਕਮਜ਼ੋਰ ਬੰਦੇ ਨੂੰ ਬਿਮਾਰੀਆਂ ਵੀ ਆ ਘੇਰਦੀਆਂ ਹਨ। ਕੁਝ ਲੋਕ ਬਚ ਵੀ ਜਾਂਦੇ ਹਨ ਪਰ ਸੈੱਲ ਲਗਾਤਾਰ ਬਣਨ ਨਾਲੋਂ ਜ਼ਿਆਦਾ ਟੁੱਟਦੇ ਰਹਿੰਦੇ ਹਨ, ਮਤਲਬ ਜ਼ਿੰਦਗੀ ਦੇ ਅੰਤ ਵੱਲ ਲਿਜਾਣ ਵਾਲੀ ਕਿਰਿਆ ਤੇਜ਼ ਹੋ ਜਾਂਦੀ ਹੈ ਅਤੇ ਅੰਤ ਵਿੱਚ ਵਿਅਕਤੀ ਦੀ ਮੌਤ ਹੋ ਜਾਂਦੀ ਹੈ।
ਕਈ ਵਾਰ ਕਿਸੇ ਬੀਮਾਰੀ ਕਾਰਣ, ਕਿਸੇ ਜ਼ਹਿਰੀਲੇ ਜਾਨਵਰ ਦੇ ਕੱਟਣ ਨਾਲ ਜਾਂ ਕਿਸੇ ਦੁਰਘਟਨਾ ਦੇ ਕਾਰਣ ਮੌਤ ਬੁਢਾਪਾ ਅਵਸਥਾ ਆਉਣ ਤੋਂ ਪਹਿਲਾਂ ਵੀ ਹੋ ਜਾਂਦੀ ਹੈ। ਜਦੋਂ ਵਿਅਕਤੀ ਮਰਨ ਵਾਲਾ ਹੁੰਦਾ ਹੈ, ਡਾਕਟਰ ਬੁਲਾ ਲਿਆ ਜਾਂਦਾ ਹੈ। ਡਾਕਟਰ ਦਵਾਈ ਦਿੰਦਾ ਹੈ ਅਤੇ ਕਈ ਵਾਰ ਮੌਤ ਕੁਝ ਦਿਨ ਜਾਂ ਕੁਝ ਪਲ ਅੱਗੇ ਪੈ ਜਾਂਦੀ ਹਨ ਪਰ ਇੱਕ ਟਾਈਮ ਉਹ ਵੀ ਆਉਂਦਾ ਹੈ ਜਦੋਂ ਡਾਕਟਰ ਵੇਖਦਾ ਹੈ ਕਿ ਵਿਅਕਤੀ ਨੇ ਸਾਹ ਲੈਣਾ ਬੰਦ ਕਰ ਦਿੱਤਾ ਹੈ, ਰੌਸ਼ਨੀ ਦੇਣ ’ਤੇ ਵੀ ਅੱਖਾਂ ਨਹੀਂ ਝਪਕਦੀਆਂ, ਦਿਲ ਦੀ ਧੜਕਨ ਰੁਕ ਚੁੱਕੀ ਹੁੰਦੀ ਹੈ ਅਤੇ ਡਾਕਟਰ ਕਹਿ ਦਿੰਦਾ ਹੈ ਕਿ ਅਫਸੋਸ, ਵਿਅਕਤੀ ਮਰ ਚੁੱਕਿਆ ਹੈ। ਇਸ ਮੌਤ ਨੂੰ ਡਾਕਟਰੀ ਮੌਤ ਜਾਂ ਕਲੀਨੀਕਲ ਮੌਤ ਕਹਿੰਦੇ ਹਨ। ਦਿਲ ਦੀ ਧੜਕਣ ਬੰਦ ਹੋਣ ਨਾਲ ਸਰੀਰ ਦੇ ਹਿੱਸਿਆਂ ਨੂੰ ਖੂਨ ਨਹੀਂ ਪਹੁੰਚਦਾ। ਦਿਮਾਗ, ਜਿਸ ਨੂੰ ਸਭ ਤੋਂ ਜ਼ਿਆਦਾ ਖੂਨ ਚਾਹੀਦਾ ਹੁੰਦਾ ਹੈ ਉਸ ਨੂੰ ਵੀ ਖੂਨ ਨਹੀਂ ਮਿਲਦਾ। ਜਦੋਂ ਦਿਮਾਗ ਨੂੰ ਖੂਨ ਨਹੀਂ ਪਹੁੰਚਦਾ ਤਾਂ ਖੁਰਾਕ ਅਤੇ ਆਕਸੀਜਨ ਦੀ ਘਾਟ ਕਾਰਣ ਦਿਮਾਗ ਦੇ ਸੈੱਲ ਜਿਹੜੇ ਕਿ ਅਜੇ ਬਚੇ ਹੋਏ ਸਨ ਉਹ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਦਿਮਾਗ ਦੇ ਸੈੱਲ ਅੱਧੇ ਤੋਂ ਜ਼ਿਆਦਾ ਟੁੱਟ ਜਾਣ ਤਾਂ ਉਸ ਤੋਂ ਬਾਅਦ ਜ਼ਿੰਦਗੀ ਵਾਪਸ ਨਹੀਂ ਲਿਆਂਦੀ ਜਾ ਸਕਦੀ। ਇਸ ਅਵਸਥਾ ਨੂੰ ਵਾਪਸ ਨਾ ਮੁੜਨ ਵਾਲਾ ਬਿੰਦੂ (ਪੁਆਇੰਟ) ਕਹਿੰਦੇ ਹਨ। ਇਸ ਅਵਸਥਾ ਨੂੰ ਬਾਇਓਲੌਜੀਕਲ ਮੌਤ ਕਹਿੰਦੇ ਹਨ। ਇਸ ਤੋਂ ਬਾਅਦ ਟੀਕਿਆਂ ਦਾ, ਕਿਸੇ ਦੇ ਸਾਹਾਂ ਦਾ, ਛਾਤੀ ਨੂੰ ਦਬਾਉਣ ਅਤੇ ਢਿੱਲਾ ਛੱਡਣ ਦਾ ਕੋਈ ਲਾਭ ਨਹੀਂ ਹੁੰਦਾ। ਮੁੜ ਜ਼ਿੰਦਗੀ ਵਾਪਸ ਲਿਆਉਣ ਦੀ ਅਵਸਥਾ ਗਰਮ ਦੇਸ਼ਾਂ ਵਿੱਚ ਕਲੀਨੀਕਲ ਮੌਤ ਤੋਂ ਕੇਵਲ ਦੋ ਮਿੰਟ ਬਾਅਦ ਤਕ ਹੀ ਰਹਿੰਦੀ ਹੈ। ਠੰਢੇ ਦੇਸ਼ਾਂ ਵਿੱਚ 5 ਮਿੰਟ ਤਕ ਵੀ ਬੰਦਾ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਠੰਢੇ ਦੇਸ਼ ਵਿੱਚ ਵਿਅਕਤੀ ਬਰਫ ਹੇਠ ਆ ਕੇ ਮਰ ਗਿਆ ਤਾਂ ਅਜਿਹੇ ਕਲੀਨੀਕਲ ਮ੍ਰਿਤਕ ਨੂੰ ਸੁਰਜੀਤ ਕੀਤਾ ਗਿਆ ਸੀ।
ਜਦੋਂ ਮੌਤ ਹੋ ਜਾਂਦੀ ਹੈ ਤਾਂ ਫੇਰ ਵਿਅਕਤੀ ਨੂੰ ਦਫ਼ਨਾਉਣ ਜਾਂ ਦਾਹ ਸੰਸਕਾਰ ਤੋਂ ਬਾਅਦ ਅੰਤਿਮ ਰਸਮਾਂ ਹੁੰਦੀਆਂ ਜਿਨ੍ਹਾਂ ਵਿੱਚ ਧਾਰਮਿਕ ਆਗੂ ਆ ਕੇ ਆਪਣੇ ਪਰਵਚਨ ਸੁਣਾਉਂਦੇ ਹਨ ਅਤੇ ਫਿਰ ਸਿਆਣੇ ਵਿਅਕਤੀ ਆਪਣੇ ਵਿਚਾਰ ਦੇਣੇ ਸ਼ੁਰੂ ਕਰ ਦਿੰਦੇ ਹਨ। ਤੁਸੀਂ ਆਪ ਵੀ ਅਜਿਹੇ ਕਈ ਮੌਕਿਆਂ ’ਤੇ ਆਖ਼ਰੀ ਰਸਮਾਂ ਵਿੱਚ ਹਾਜ਼ਰੀ ਭਰੀ ਹੋਣੀ ਹੈ। ਉਹੀ ਪੁਰਾਣੇ ਵਾਕ ਬੋਲੇ ਜਾਂਦੇ ਹਨ ਜਿਵੇਂ ਕਿ ਬੰਦਾ ਜਿੰਨੇ ਸਾਹ ਲਿਖਵਾ ਕੇ ਲਿਆਇਆ, ਜਦੋਂ ਪੂਰੇ ਹੋ ਗਏ ਤਾਂ ਬੰਦਾ ਸੰਸਾਰ ਛੱਡ ਗਿਆ … … ਮੌਤ ਬੰਦੇ ਕੋਲ ਨਹੀਂ ਆਉਂਦੀ, ਬੰਦਾ ਹੀ ਜਿਸ ਥਾਂ ਅਤੇ ਵਕਤ ’ਤੇ ਮੌਤ ਹੋਣੀ ਹੁੰਦੀ ਹੈ ਉੱਥੇ ਸਮੇਂ ਸਿਰ ਪਹੁੰਚ ਜਾਂਦਾ ਹੈ … … ਲਿਖਣ ਵਾਲੇ ਦੇ ਲੇਖ ਨਹੀਂ ਮਿਟਾਏ ਜਾ ਸਕਦੇ … … ਜਨਮ ਤੋਂ ਪਹਿਲਾਂ ਹੀ ਬੰਦੇ ਦੀ ਮੌਤ ਦਾ ਸਮਾਂ ਪ੍ਰਮਾਤਮਾ ਨਿਸ਼ਚਿਤ ਕਰ ਦਿੰਦਾ ਹੈ … … ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜ੍ਹੀ … … ਬੰਦੇ ਨੇ ਇੱਥੋਂ ਖਾਲੀ ਹੱਥ ਹੀ ਜਾਣਾ ਹੁੰਦਾ ਹੈ, ਨਾਲ ਤਾਂ ਕੇਵਲ ਰਾਮ ਨਾਮ ਹੀ ਜਾਣਾ ਹੈ, ਇਸ ਲਈ ਉੱਠਦੇ ਬੈਠਦੇ ਰਾਮ ਰਾਮ ਜਪੋ ਜਾਂ ਵਹਿਗੁਰੂ ਵਾਹਿਗੁਰੂ ਕਹੋ, ਦਾਨ ਪੁੰਨ ਕਰੋ। ਬੰਦਾ ਲੰਬੀ ਉਮਰ ਭੋਗ ਕੇ ਮਰਿਆ ਤਾਂ ਵੀ ਇਹੋ ਸ਼ਬਦ, ਕਿਸੇ ਬੀਮਾਰੀ ਦਾ ਇਲਾਜ ਨਾ ਕਰਵਾ ਸਕਣ ਕਾਰਣ ਮਾਰਿਆ ਤਾਂ ਵੀ ਇਹੋ ਸ਼ਬਦ, ਕਿਸੇ ਦੁਰਘਟਨਾ ਕਾਰਣ ਮਰਿਆ ਤਾਂ ਵੀ ਇਹੋ ਸ਼ਬਦ ਬੋਲੇ ਜਾਂਦੇ ਹਨ। ਸੋਚਣ ਵਾਲੀ ਗੱਲ ਹੈ ਸਾਡੇ ਦੇਸ਼ ਵਿੱਚ ਕਿੰਨੇ ਹੀ ਮੰਦਿਰ, ਗੁਰਦਵਾਰੇ, ਮਸਜਿਦਾਂ ਅਤੇ ਚਰਚ ਹਨ ਅਤੇ ਇਹ ਸਾਰੀ ਦੁਨੀਆਂ ਦੇ ਕੁੱਲ ਧਾਰਮਿਕ ਸਥਾਨਾਂ ਤੋਂ ਵੀ ਜ਼ਿਆਦਾ ਹਨ। ਇੱਥੇ ਕਿੰਨੀਆਂ ਹੀ ਸ਼ੋਭਾ ਯਾਤਰਾਵਾਂ ਨਿਕਲਦੀਆਂ ਹਨ, ਕਿੰਨੇ ਹੀ ਜਗਰਾਤੇ ਹੁੰਦੇ ਹਨ, ਕਿੰਨੇ ਕਰੋੜ ਰੁਪਏ ਅਤੇ ਕਿੰਨੇ ਕੁਇੰਟਲ ਸੋਨਾ ਧਾਰਮਿਕ ਸਥਾਨਾਂ ’ਤੇ ਦਾਨ ਹੁੰਦਾ ਹੈ। ਪਰ ਫੇਰ ਵੀ ਸਾਡੀ ਔਸਤ ਉਮਰ ਪੱਛਮੀ ਦੇਸ਼ਾਂ ਨਾਲੋਂ ਘੱਟ ਕਿਉਂ ਹੈ? ਸਾਡੇ ਦੇਸ਼ ਵਿੱਚ ਇਲਾਜ ਨਾ ਕਰਵਾ ਸਕਣ ਕਾਰਣ ਮੌਤਾਂ ਕਿਉਂ ਹੁੰਦੀਆਂ ਹਨ? ਕਿਉਂਕਿ ਸਰਕਾਰ ਨੂੰ ਕੋਈ ਪਰਵਾਹ ਨਹੀਂ, ਜਦਕਿ ਪੱਛਮੀ ਦੇਸ਼ਾਂ ਵਿੱਚ ਇੱਕ ਵੀ ਗੈਰ ਕੁਦਰਤੀ ਮੌਤ ਹੋਣ ’ਤੇ ਸਰਕਾਰ ਨੂੰ ਜਵਾਬ ਦੇਣਾ ਪੈਂਦਾ ਹੈ। ਇੱਥੇ ਲੱਖਾਂ ਲੋਕਾਂ ਨੂੰ ਕੇਵਲ ਇੱਕ ਸਮੇਂ ਦਾ ਖਾਣਾ ਨਸੀਬ ਹੁੰਦਾ ਹੈ, ਹਾਲਾਂਕਿ ਲੰਗਰ ਵੀ ਕਾਫੀ ਲਗਾਏ ਜਾਂਦੇ ਹਨ। ਲੱਖਾਂ ਬੱਚੇ ਰਾਤ ਨੂੰ ਭੁੱਖੇ ਸੌਂਦੇ ਹਨ। ਪਰ ਅਜਿਹੀ ਕੋਈ ਗੱਲ ਪੱਛਮੀ ਦੇਸ਼ਾਂ ਵਿੱਚ ਨਹੀਂ ਵਾਪਰਦੀ।
ਕਿਸੇ ਦੀ ਕਿਸੇ ਵੀ ਤਰ੍ਹਾਂ ਦੀ ਗੈਰ ਕੁਦਰਤੀ ਮੌਤ ਦਾ ਕਾਰਣ ਜਦੋਂ ਅਸੀਂ ਰੱਬ ਵੱਲੋਂ ਲਿਖੀ ਉਮਰ ਜਾਂ ਪਿਛਲੇ ਜਨਮ ਦੇ ਪਾਪਾਂ ਦਾ ਫਲ ਦੱਸਦੇ ਹਾਂ ਤਾਂ ਅਸੀਂ ਸੁਚੇਤ ਜਾਂ ਅਚੇਤ ਰੂਪ ਵਿੱਚ ਇਸ ਘਟੀਆ ਰਾਜ ਪ੍ਰਬੰਧ ਚਲਾਉਣ ਵਾਲਿਆਂ ਦਾ ਬਚਾਓ ਕਰ ਜਾਂਦੇ ਹਾਂ। ਕੀ ਅਰਬਾਂ ਰੁਪਏ ਦੇ ਸਿੱਧੇ ਅਤੇ ਅਸਿੱਧੇ ਟੈਕਸ ਪ੍ਰਾਪਤ ਕਰਨ ਵਾਲੇ ਰਾਜ ਪ੍ਰਬੰਧ ਚਲਾਉਣ ਵਾਲਿਆਂ ਦਾ ਫਰਜ਼ ਨਹੀਂ ਬਣਦਾ ਕਿ ਹਰ ਇਨਸਾਨ ਲਈ ਪੂਰੇ ਅਤੇ ਪੌਸ਼ਟਿਕ ਖਾਣੇ ਦਾ ਪ੍ਰਬੰਧ ਕਰਨ? ਕੀ ਰਾਜ ਪ੍ਰਬੰਧਕਾਂ ਦਾ ਫਰਜ਼ ਨਹੀਂ ਬਣਦਾ ਕਿ ਹਸਪਤਾਲਾਂ ਵਿੱਚ ਪੂਰੇ ਡਾਕਟਰਾਂ ਦਾ ਅਤੇ ਸਾਰੀਆਂ ਦਵਾਈਆਂ ਮੁਫ਼ਤ ਦੇਣ ਦਾ ਪ੍ਰਬੰਧ ਕਰਨ? ਜੇਕਰ ਸਰਕਾਰਾਂ ਮਿਆਰੀ ਸਿਹਤ ਸਹੂਲਤਾਂ ਅਤੇ ਵਿੱਦਿਅਕ ਸਹੂਲਤਾਂ ਦਾ ਪ੍ਰਬੰਧ ਕਰ ਦੇਣ ਤਾਂ ਕੀ ਪ੍ਰਾਈਵੇਟ ਹਸਪਤਾਲ ਅਤੇ ਸਕੂਲ ਟਿਕ ਸਕਣਗੇ? ਕੀ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਕਿ ਹਰ ਪੱਖੋਂ ਠੀਕ ਸੜਕਾਂ ਬਣਾਉਣ ਅਤੇ ਟਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ ਤਾਂਕਿ ਕੋਈ ਦੁਰਘਟਨਾ ਹੋ ਹੀ ਨਾ ਸਕੇ? ਜੇਕਰ ਕੋਈ ਵੀ ਵਿਧਾਇਕ ਜਾਂ ਸਾਂਸਦ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਅਤੇ ਟਰੈਫਿਕ ਪੁਲਿਸ ਮੁਲਾਜ਼ਮ ਉਸ ਦਾ ਚਲਾਨ ਕੱਟਦਾ ਹੈ ਤਾਂ ਉਸ ਦੀ ਬਦਲੀ ਜਾਂ ਮੁਅੱਤਲੀ ਦੀ ਧੌਂਸ ਨਾ ਦੇ ਸਕੇ ਅਤੇ ਨਾ ਹੀ ਬਦਲੀ ਜਾਂ ਮੁਅੱਤਲੀ ਹੋ ਸਕੇ। ਜੇਕਰ ਰਾਜ ਪ੍ਰਬੰਧ ਵਧੀਆ ਹੋਵੇ ਤਾਂ ਸਾਡੀ ਔਸਤ ਉਮਰ ਵੀ ਵਧ ਸਕਦੀ ਹੈ ਅਤੇ ਗੈਰ ਕੁਦਰਤੀ ਮੌਤਾਂ ਵੀ ਨਾਂਹ ਦੇ ਬਰਾਬਰ ਹੋਣਗੀਆਂ। ਜਿਹੜੀਆਂ ਸਰਕਾਰਾਂ ਵਧੀਆ ਪ੍ਰਬੰਧ ਨਹੀਂ ਚਲਾ ਸਕਦੀਆਂ, ਉਹਨਾਂ ਨੂੰ ਰਹਿਣ ਦਾ ਕੋਈ ਅਧਿਕਾਰ ਨਹੀਂ। ਜਿਹੜਾ ਪ੍ਰਬੰਧ ਠੀਕ ਨਹੀਂ ਚੱਲ ਸਕਦਾ ਉਸ ਪ੍ਰਬੰਧ ਨੂੰ ਜੜ੍ਹੋਂ ਪੁੱਟ ਦੇਣਾ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4227)
(ਸਰੋਕਾਰ ਨਾਲ ਸੰਪਰਕ ਲਈ: (