Vishvamitter 7“ਔਰਤਾਂ ਬਾਰੇ ਮਨੂਸਮਰਿਤੀ, ਜਿਸ ’ਤੇ ਸੰਘ ਜ਼ੋਰ ਦਿੰਦਾ ਹੈ ਅਤੇ ਮੁਸਲਮਾਨਾਂ ਦੇ ...”
(16 ਅਕਤੂਬਰ 2026)

 

ਜਿਵੇਂ ਤੇਜ਼ੀ ਨਾਲ ਹਾਲਾਤ ਬਦਲ ਰਹੇ ਹਨ, ਉਨ੍ਹਾਂ ਨੂੰ ਸੋਚਦੇ ਸਮਝਦੇ ਹੋਏ ਇਵੇਂ ਲਗਦਾ ਹੈ ਛੇਤੀ ਹੀ ਭਾਰਤ ਪਾਕਿਸਤਾਨ ਦੀ ਡੁਪਲੀਕੇਟ ਕਾਪੀ ਬਣ ਜਾਵੇਗਾ। ਕੁਝ ਤਾਂ ਪਹਿਲਾਂ ਹੀ ਬਣਿਆ ਹੋਇਆ ਹੈ ਅਤੇ ਬਾਕੀ ਵੀ ਬਣ ਜਾਵੇਗਾ। ਪਾਕਿਸਤਾਨ 23 ਮਾਰਚ 1956 ਵਿੱਚ ਇਸਲਾਮਿਕ ਰਿਪਬਲਿਕ ਬਣ ਗਿਆ ਸੀ ਅਤੇ ਇਸਲਾਮਿਕ ਰਿਪਬਲਿਕ ਬਣਨ ਵਿੱਚ ਇਸਨੂੰ ਕੋਈ ਦਿੱਕਤ ਨਹੀਂ ਆਈ ਕਿਉਂਕਿ ਉੱਥੇ ਮੁਸਲਮਾਨ 96.35 ਪ੍ਰਤੀਸ਼ਤ ਹਨ। 2014 ਵਿੱਚ ਮੋਦੀ ਦੀ ਅਗਵਾਈ ਵਿੱਚ ਆਰ ਐੱਸ ਐੱਸ ਸਮਰਥਿਤ ਭਾਜਪਾ ਸੱਤਾ ਵਿੱਚ ਜ਼ਬਰਦਸਤ ਬਹੁਮਤ ਵਿੱਚ ਆਉਣ ’ਤੇ ਆਰ ਐੱਸ ਐੱਸ (ਸੰਘ) ਦੇ ਪ੍ਰਮੁੱਖ ਮੋਹਨ ਭਗਵਤ ਨੇ ਕਿਹਾ ਸੀ ਕਿ ਹੁਣ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਦਿਓ; ਅਭੀ ਨਹੀਂ ਤੋਂ ਕਭੀ ਨਹੀਂ।

ਕਿਸੇ ਵੀ ਦੇਸ਼ ਵਿੱਚ ਉਸਦੀ ਆਧਾਰਭੂਤ ਤਬਦੀਲੀ ਲਈ ਕਾਫੀ ਸਮਾਂ ਲਗਦਾ ਹੈ ਅਤੇ ਇਸਨੂੰ ਸਿਆਸੀ ਲੋਕ ਚੰਗੀ ਤਰ੍ਹਾਂ ਸਮਝਦੇ ਹਨ। ਉਦਾਹਰਨ ਲਈ 1991 ਵਿੱਚ ਜਦੋਂ ਨਰਸਿਮ੍ਹਾ ਰਾਵ ਦੀ ਸਰਕਾਰ ਵੇਲੇ ਭਾਰਤ ਵਿੱਚ ਜ਼ਰੂਰੀ ਅਦਾਇਗੀਆਂ ਲਈ ਕੇਵਲ ਇੱਕ ਹਫਤੇ ਲਈ ਖਜ਼ਾਨਾ ਬਚਿਆ ਸੀ ਤਾਂ ਵਿਦੇਸ਼ੀ ਕਰਜ਼ਾ ਲੈਣ ਲਈ ਸੋਨਾ ਗਿਰਵੀ ਰੱਖਣਾ ਪਿਆ ਸੀ। ਉਦੋਂ ਭਾਰਤ ਨੂੰ ਮਜਬੂਰ ਕੀਤਾ ਗਿਆ ਗਿਆ ਕਿ ਉਦਾਰੀਕਰਨ ;ਨਿੱਜੀਕਰਨ ਅਤੇ ਵਿਸ਼ਵੀਕਰਨ ਕੀਤਾ ਜਾਵੇ। ਇਹ ਸਾਰਾ ਕੰਮ ਕੋਈ ਇੱਕ ਦਿਨ ਵਿੱਚ ਨਹੀਂ ਹੋ ਗਿਆ, ਕਾਫੀ ਦੇਰ ਅਤੇ ਬਹੁਤ ਸਾਰੀਆਂ ਤਿਆਰੀਆਂ ਤੋਂ ਬਾਅਦ ਨਿੱਜੀਕਰਨ, ਵਿਸ਼ਵੀਕਰਨ ਅਤੇ ਉਦਾਰੀਕਰਨ ਦਾ ਕੰਮ ਸ਼ੁਰੂ ਹੋਇਆ। ਕਾਂਗਰਸ ਦੀਆਂ ਸਰਕਾਰਾਂ ਵੇਲੇ ਕੁਝ ਅਦਾਰਿਆਂ ਦਾ ਨਿੱਜੀਕਰਨ ਹੋ ਗਿਆ ਅਤੇ ਰਹਿੰਦੇ ਅਦਾਰਿਆਂ ਦੇ ਨਿੱਜੀਕਰਨ ਵਿੱਚ ਤਾਂ ਮੋਦੀ ਨੇ ਹਨੇਰੀ ਲਿਆ ਦਿੱਤੀ ਹੈ। ਜਿਹੜੇ ਅਦਾਰੇ ਦੇਸ਼ ਦੀ ਸੁਰੱਖਿਆ ਲਈ ਅਤਿ ਜ਼ਰੂਰੀ ਸਨ, ਜਿਵੇਂ ਕਿ ਡੀ ਆਰ ਡੀ ਓ ਅਤੇ ਇਸਰੋ, ਇਨ੍ਹਾਂ ਦਾ ਵੀ ਨਿੱਜੀਕਰਨ ਹੋ ਚੁੱਕਿਆ ਹੈ। 2014 ਤੋਂ ਭਾਜਪਾ ਸਰਕਾਰ ਨੇ ਮੋਹਨ ਭਗਵਤ ਦਾ ਫਰਮਾਨ ਤੁਰੰਤ ਲਾਗੂ ਨਹੀਂ ਕੀਤਾ ਅਤੇ ਨਾ ਹੋ ਸਕਦਾ ਸੀ; ਇਸ ਨੂੰ ਵੀ ਸਮਾਂ ਚਾਹੀਦਾ ਸੀ। ਇਸ ਸਮੇਂ ਵਿੱਚ ਕੋਰਟਾਂ ਵਿੱਚ ਸੰਘ ਸਮਰਥਿਤ ਜੱਜ ਸਥਾਪਿਤ ਕਰਨੇ ਸ਼ੁਰੂ ਕਰ ਦਿੱਤੇ। ਜੇ ਕਿਤੇ ਜੱਜ ਦੀ ਨਿਯੁਕਤੀ ਸੰਘ ਅਨੁਸਾਰ ਭਰਤੀ ਨਹੀਂ ਹੋ ਸਕੀ ਤਾਂ ਉਨ੍ਹਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਚੰਗੇ ਅਹੁਦੇ ਦਾ ਲਾਲਚ ਦੇ ਕੇ ਉਨ੍ਹਾਂ ਕੋਲੋਂ ਹਿੰਦੂਤਵ ਅਨੁਸਾਰ ਫੈਸਲੇ ਕਰਵਾ ਲਏ। ਪੁਲਿਸ ਅਤੇ ਫੌਜ ਵਿੱਚ ਉੱਚੇ ਅਹੁਦਿਆਂ ਤੇ ਸੰਘ ਸਮਰਥਕ ਭਰਤੀ ਕੀਤੇ ਜਾ ਰਹੇ ਹਨ। ਚੋਣ ਕਮਿਸ਼ਨ ਤਾਂ ਬਿਲਕੁਲ ਹੀ ਮੋਦੀ ਸਰਕਰ ਦੇ ਅਧੀਨ ਹੈ। ਉਸ ਕੋਲੋਂ ਮੁਸਲਮਾਨਾਂ ਦੇ ਵੋਟ ਦੇਣ ਦੇ ਅਧਿਕਾਰ ਰੱਦ ਕਰਵਾਏ ਜਾ ਰਹੇ ਹਨ ਤਾਂ ਕਿ 2029 ਵਿੱਚ ਫਿਰ ਭਾਜਪਾ ਸਰਕਾਰ ਆ ਜਾਵੇ ਅਤੇ ਹਿੰਦੂ ਰਾਸ਼ਟਰ ਬਣਾਉਣ ਦਾ ਕੰਮ ਪੂਰਾ ਹੋ ਸਕੇ।

ਜਿਵੇਂ ਪਾਕਿਸਤਾਨ ਵਿੱਚ ਨਿਆਂ ਪਾਲਿਕਾ ਅਜ਼ਾਦ ਨਹੀਂ; ਉਵੇਂ ਹੀ ਭਾਰਤ ਵਿੱਚ ਵੀ ਨਿਆਂ ਪਾਲਿਕਾ ਲਗਭਗ ਅਜ਼ਾਦ ਨਹੀਂ ਰਹੀ ਅਤੇ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਅਜ਼ਾਦ ਨਹੀਂ ਰਹੇਗੀ। ਪਾਕਿਸਤਾਨ ਵਿੱਚ ਸਾਰੀ ਰਾਜਸੀ ਸ਼ਕਤੀ ਫੌਜ ਦੇ ਹੱਥ ਵਿੱਚ ਹੈ ਅਤੇ ਇੱਥੇ ਸਾਰੀ ਰਾਜਸੀ ਸ਼ਕਤੀ ਆਰ ਐੱਸ ਐੱਸ ਦੇ ਹੱਥ ਵਿੱਚ ਹੈ। ਆਰ ਐੱਸ ਐੱਸ ਬਿਲਕੁਲ ਫੌਜ ਵਾਂਗ ਅਨੁਸ਼ਾਸਿਤ ਅਤੇ ਹਥਿਆਰਬੰਦ ਹੈ। ਪ੍ਰਤੱਖ ਰੂਪ ਵਿੱਚ ਲਾਠੀਆਂ ਅਤੇ ਅਪ੍ਰਤੱਖ ਰੂਪ ਵਿੱਚ ਅਗਨੀ ਅਸਤ੍ਰ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਆਰ ਐੱਸ ਐੱਸ ਦੀ ਸਿਆਸੀ ਸ਼ਕਤੀ ਦਾ ਅੰਦਾਜ਼ਾ ਇਸ ਗਲ ਤੋਂ ਲਾਇਆ ਜਾ ਸਕਦਾ ਹੈ ਕਿ ਇੱਕ ਵਾਰ ਇੱਕ ਭਾਜਪਾ ਪ੍ਰਧਾਨ ਨੇ ਕਿਹਾ ਸੀ, “ਅਸੀਂ ਹੁਣ ਐਨਾ ਅੱਗੇ ਵਧ ਚੁੱਕੇ ਹਾਂ ਕਿ ਸਾਨੂੰ ਸੰਘ ਦੀ ਜ਼ਿਆਦਾ ਲੋੜ ਨਹੀਂ।” ਭਾਜਪਾ ਪ੍ਰਧਾਨ ਦੇ ਇਸ ਬਿਆਨ ਤੋਂ ਬਾਅਦ ਅਗਲੀਆਂ ਚੋਣਾਂ ਵਿੱਚ ਸੰਘ ਨੇ ਭਾਜਪਾ ਨੂੰ ਦਿਨੇ ਤਾਰੇ ਵਿਖਾ ਦਿੱਤੇ ਅਤੇ ਭਾਜਪਾ ਦੇ ਕੇਵਲ ਐਨੇ ਹੀ ਸਾਂਸਦ ਜਿੱਤਣ ਦਿੱਤੇ ਕਿ ਜਿਸ ਨਾਲ ਭਾਜਪਾ ਸਰਕਾਰ ਨੂੰ ਸਾਹ ਆਉਂਦਾ ਰਹੇ ਅਤੇ ਸਰਕਾਰ ਅਗਲੇ ਪੰਜ ਸਾਲ ਤਕ ਜੋੜ ਤੋੜ ਕਰਕੇ ਚਲਦੀ ਰਹੇ। ਅੱਗੋਂ ਤੋਂ ਸੰਘ ਦਾ ਸਾਥ ਲੈਣ ਲਈ ਮੋਦੀ ਨੂੰ ਕਈ ਵਾਰ ਨਾਗਪੁਰ ਜਾਣਾ ਪਿਆ।

ਸੰਘ ਸ਼ਕਤੀਸ਼ਾਲੀ ਹੋਣ ਦੇ ਨਾਲ ਨਾਲ ਹਿੰਦੂ ਰਾਸ਼ਟਰ ਦੀ ਪਨੀਰੀ ਵੀ ਤਿਆਰ ਕਰਦਾ ਹੈ। ਛੇਵੀਂ ਸੱਤਵੀਂ ਜਮਾਤ ਦੇ ਬੱਚੇ ਆਪਣੇ ਕਾਰਜਕਰਤਾਵਾਂ ਰਾਹੀਂ ਸੰਘ ਭਰਤੀ ਕਰ ਲੈਂਦਾ ਹੈ। ਇਸਦੇ ਨਾਲ ਜਵਾਨ ਵਿਅਕਤੀ ਵੀ ਭਾਰਤੀ ਕੀਤੇ ਜਾਂਦੇ ਹਨ। ਰੁਜ਼ਾਨਾ ਸ਼ਾਖਾ ਸਮਾਗਮ ਸ਼ੁਰੂ ਹੋਣ ’ਤੇ ਪਹਿਲਾਂ ਭਗਵਾ ਝੰਡਾ ਗੱਡਿਆ ਜਾਂਦਾ ਹੈ, ਉਸ ਨੂੰ ਸਲਾਮੀ ਦਿੱਤੀ ਜਾਂਦੀ ਹੈ ਅਤੇ ਨਾਲ ਹੀ “ਨਮਸਤੇ ਸਦਾ ਵਤਸਲੇ ਮਾਤਰ ਭੂਮੀ ...” ਪ੍ਰਾਰਥਨਾ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਾਅਦ ਪਰੇਡ ਹੁੰਦੀ ਹੈ ਜਿਸ ਵਿੱਚ ਸਾਰੇ ਆਦੇਸ਼ ਸੰਸਕ੍ਰਿਤ ਵਿੱਚ ਹੁੰਦੇ ਹਨ। ਸਰੀਰਕ ਬਲ ਲਈ ਖੇਡਾਂ, ਲਾਠੀ ਚਲਾਉਣੀ ਆਦਿ ਤੋਂ ਬਾਅਦ ਹਿੰਦੂ ਰਾਸ਼ਟਰ ਬਣਾਉਣ ਬਾਰੇ ਵਿਚਾਰ ਵਟਾਂਦਰਾ ਹੁੰਦਾ ਹੈ ਅਤੇ ਅੰਤ ਵਿੱਚ ਫਿਰ ਉਹੀ ਪ੍ਰਾਰਥਨਾ ਅਤੇ ਸ਼ਾਖਾ ਦਾ ਵਿਸਰਜਨ, ਮਤਲਬ ਸਮਾਪਤੀ ਹੋ ਜਾਂਦੀ ਹੈ। ਇਸਦੇ ਸਵੈ ਸੇਵਕ ਵੱਡੇ ਹੋਣ ’ਤੇ ਭਾਜਪਾ ਲਈ ਸੰਘ ਦੇ ਸਮਰਥਨ ਨਾਲ ਵਿਧਾਇਕ ਅਤੇ ਸਾਂਸਦ ਲਈ ਚੋਣਾਂ ਲੜਦੇ ਹਨ।

ਬਹੁਗਿਣਤੀ ਹਿੰਦੂ ਮਾਨਸਿਕਤਾ ਨੂੰ ਹਿੰਦੂਤਵ ਲਈ ਹੁਲਾਰਾ ਦੇਣ ਲਈ ਮਸਜਿਦਾਂ ਢਾਹ ਕੇ ਮੰਦਰ ਉਸਾਰੇ ਗਏ, ਰਮਾਇਣ ਸੀਰੀਅਲ ਪਹਿਲਾਂ ਹੀ ਦੂਰਦਰਸ਼ਨ ’ਤੇ ਚਾਲੂ ਹੈ ਅਤੇ ਮਹਾਂਭਾਰਤ ਦੁਬਾਰਾ ਕੁਝ ਚੈਨਲਾਂ ’ਤੇ ਸ਼ੁਰੂ ਹੋ ਰਹੀ ਹੈ।

ਪਾਕਿਸਤਾਨ ਵਿੱਚ ਜੇਕਰ ਕੋਈ ਕਹੇ ਕਿ ਮੈਂ ਅੱਲ੍ਹਾ ਨੂੰ ਨਹੀਂ ਮੰਨਦਾ ਤਾਂ ਉਸ ਨੂੰ ਮੌਕੇ ’ਤੇ ਹੀ ਕਤਲ ਕਰ ਦਿੱਤਾ ਜਾਂਦਾ ਹੈ ਜਾਂ ਕੋਰਟ ਵਿੱਚ ਕੇਸ ਦਰਜ਼ ਕਰਵਾਇਆ ਜਾਂਦਾ ਹੈ।  ਜੇਕਰ ਇਹ ਸਾਬਤ ਹੋ ਜਾਵੇ ਕਿ ਸੱਚਮੁੱਚ ਹੀ ਅਪਰਾਧੀ ਨੇ ਕਿਹਾ ਸੀ ਕਿ ਮੈਂ ਅੱਲ੍ਹਾ ਨੂੰ ਨਹੀਂ ਮੰਨਦਾ, ਤਾਂ ਫਾਂਸੀ ਤਕ ਦੀ ਸਜ਼ਾ ਹੋ ਸਕਦੀ ਹੈ। ਪਿੱਛੇ ਜਿਹੇ ਇੱਕ ਵਕੀਲ ਨੂੰ ਗੋਲੀ ਮਾਰ ਕੇ ਇਸ ਲਈ ਮਾਰ ਦਿੱਤਾ ਕਿ ਉਹ ਅਜਿਹੇ ਅਪਰਾਧੀ ਦਾ ਕੇਸ ਲੜ ਰਿਹਾ ਸੀ। ਭਾਰਤ ਵਿੱਚ ਮੁਸਲਮਾਨ, ਇਸਾਈ ਜਾਂ ਆਦਿਵਾਸੀ ਨੂੰ ਘੇਰ ਕੇ ਕਿਹਾ ਜਾਂਦਾ ਹੈ ਕਿ ਤੂੰ “ਜੈ ਸ਼੍ਰੀ ਰਾਮ ਕਹਿ।” ਜੇਕਰ ਉਹ ਆਪਣੇ ਧਰਮ ਅਨੁਸਾਰ ਜੈ ਸ਼੍ਰੀ ਰਾਮ ਨਹੀਂ ਕਹਿੰਦਾ ਤਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ। ਹੁਣ ਜਿਹੜਾ ਵਿਅਕਤੀ ਵੰਦੇ ਮਾਤਰਮ ਗੀਤ ਪੂਰਾ ਨਾ ਗਾ ਸਕੇ ਤਾਂ ਬੁਰਾ ਮਨਾਇਆ ਜਾਂਦਾ ਹੈ, ਆਉਣ ਵਾਲੇ ਸਮੇਂ ਵਿੱਚ ਅਜਿਹੇ ਵਿਅਕਤੀ ਦੀ ਵੀ ਕੁਟ-ਮਾਰ ਹੋ ਸਕਦੀ ਹੈ। ਇੱਥੇ ਕੁਝ ਖਾਸ ਤਿਉਹਾਰਾਂ ’ਤੇ ਮੀਟ ਮੱਛੀ ਖਾਣਾ ਅਧਰਮ ਮੰਨਿਆ ਜਾਂਦਾ ਹੈ। ਹਾਂ, ਜੇਕਰ ਖਾ ਰਿਹਾ ਵਿਅਕਤੀ ਭਾਜਪਾ ਦਾ ਹੈ ਤਾਂ ਅੱਖ ਬੰਦ ਕਰ ਕੇ ਮੂੰਹ ਦੂਜੇ ਪਾਸੇ ਕਰ ਲਿਆ ਜਾਂਦਾ ਹੈ।

ਭਾਜਪਾ ਨੇ ਮੁਸਲਿਮ ਨਾਮ ਵਾਲੇ ਸ਼ਹਿਰਾਂ, ਸੜਕਾਂ, ਰੇਲ ਸਟੇਸ਼ਨਾਂ ਦੇ ਨਾਮ ਬਦਲ ਕੇ ਹਿੰਦੂ ਨਾਮ ਰੱਖ ਦਿੱਤੇ ਗਏ ਹਨ। ਇਲਾਹਾਬਾਦ ਦਾ ਨਾਮ ਪ੍ਰਯਾਗਰਾਜ, ਫੈਜ਼ਾਬਾਦ ਦਾ ਨਾਮ ਅਯੁੱਧਿਆ, ਔਰੰਗਾਬਾਦ ਦਾ ਨਾਮ ਛਤਰਪਤੀ ਸੰਭਾਜੀ ਨਗਰ, ਉਸਮਾਨਾਬਾਦ ਦਾ ਨਾਮ ਧਾਰਾਸ਼ਿਵ, ਅਹਿਮਦਨਗਰ ਦਾ ਨਾਮ ਅਹਿਲਿਆ ਨਗਰ, ਹੋਸ਼ੰਗਾਬਾਦ ਦਾ ਨਾਮ ਨਰਮਦਾਪੁਰਮ, ਫਿਰੋਜ਼ਾਬਾਦ ਦਾ ਨਾਮ ਚੰਦਰਨਗਰ ਰੱਖਿਆ ਗਿਆ ਹੈ। ਮੁਸਲਿਮ ਨਾਮ ਦੀਆਂ ਸੜਕਾਂ ਜਾਂ ਕੁਝ ਬਿਲਡਿਗਾਂ ਦੇ ਨਾਮ ਵੀ ਬਦਲੇ ਗਏ। ਔਰੰਗਜ਼ੇਬ ਰੋਡ ਦਿੱਲੀ ਦਾ ਨਾਮ ਬਦਲ ਕੇ ਮੁਸਲਿਮ ਏ.ਪੀ.ਜੇ. ਅਬਦੁਲ ਕਲਾਮ ਰੋਡ ਪਤਾ ਨਹੀਂ ਕਿਹੜੀ ਮਜਬੂਰੀ ਕਾਰਨ ਰੱਖਿਆ ਗਿਆ ਹੈ। ਰਾਜਪਥ (ਨਵੀਂ ਦਿੱਲੀ) ਦਾ ਨਾਮ ਕਰਤਵਯ ਪਥ ਕੀਤਾ ਗਿਆ, ਮੁਗਲ ਗਾਰਡਨ (ਰਾਸ਼ਟਰਪਤੀ ਭਵਨ, ਦਿੱਲੀ) ਦਾ ਨਾਮ ਅੰਮ੍ਰਿਤ ਉਦਿਆਨ (Amrit Udyan) ਰੱਖ ਦਿੱਤਾ ਗਿਆ ਹੈ। ਮੁਗਲਸਰਾਏ ਜੰਕਸ਼ਨ ਦਾ ਨਾਮ ਬਦਲ ਕੇ ਪੰਡਿਤ ਦੀਨ ਦਿਆਲ ਉਪਾਧਿਆਏ ਜੰਕਸ਼ਨ ਰੱਖਿਆ ਗਿਆ ਹੈ। ਫੈਜ਼ਾਬਾਦ ਕੈਂਟ ਦਾ ਨਾਮ ਬਦਲ ਕੇ ਅਯੁੱਧਿਆ ਕੈਂਟ ਕੀਤਾ ਗਿਆ ਹੈ ਅਤੇ ਇਹ ਪ੍ਰਕਿਰਿਆ ਅਜੇ ਜਾਰੀ ਹੈ। ਹਾਲਾਂਕਿ ਪਾਕਿਸਤਾਨ ਇਸ ਗੱਲੋਂ ਐਨਾ ਕੱਟੜ ਨਹੀਂ ਰਿਹਾ। ਉਸਨੇ ਕਈ ਸੜਕਾਂ ਅਤੇ ਸਥਾਨਾਂ ਦੇ ਨਾਮ ਜਿਹੜੇ ਪਹਿਲਾਂ ਹਿੰਦੂ ਨਾਮਾਂ ਤੋਂ ਬਾਦਲ ਕੇ ਮੁਸਲਮਾਨਾਂ ਦੇ ਨਾਂਵਾਂ ’ਤੇ ਰੱਖ ਦਿੱਤੇ ਸਨ ਹੁਣ ਇਹ ਨਾਮ ਮੁੜ ਹਿੰਦੂ ਨਾਮਾਂ ਵਾਲੇ ਕਰ ਦਿੱਤੇ ਹਨ।

ਪਾਕਿਸਤਾਨ ਵਿੱਚ ਚੋਣਾਂ ਬਹੁਤੀ ਵਾਰ ਨਿਰਪੱਖ ਨਹੀਂ ਹੁੰਦੀਆਂ, ਭਾਰਤ ਵਿੱਚ ਵੀ ਇਸਦੀਆਂ ਸੰਭਾਵਨਾਵਾਂ ਅੱਗੇ ਤੋਂ ਘਟਦੀਆਂ ਜਾ ਰਹੀਆਂ ਹਨ। ਉੱਥੇ ਵੀ ਨਿਆਂਪਾਲਿਕਾ ਸਥਾਪਤੀ ਦੇ ਦਬਾਅ ਅਧੀਨ ਰਹਿੰਦੀ ਹੈ ਤੇ ਬਹੁਤੇ ਫੈਸਲੇ ਸਰਕਾਰ ਦੀ ਇੱਛਾ ਮੁਤਾਬਿਕ ਕਰਦੀ ਹੈ ਤੇ ਭਾਰਤ ਵਿੱਚ ਵੀ ਇਹ ਵਰਤਾਰਾ ਵਧਦਾ ਜਾ ਰਿਹਾ ਹੈ, ਜਿਵੇਂ ਕਿ ਪਹਿਲਾਂ ਹੀ ਜ਼ਿਕਰ ਕੀਤਾ ਜਾ ਚੁੱਕਿਆ ਹੈ। ਪਾਕਿਸਤਾਨ ਦੀ ਵਿਦੇਸ਼ ਨੀਤੀ ਵੱਡੀਆਂ ਵਿਦੇਸ਼ੀ ਤਾਕਤਾਂ, ਖਾਸਕਰ ਅਮਰੀਕਾ ਦੇ ਹਿਤਾਂ ਮੁਤਾਬਿਕ ਤੈਅ ਹੁੰਦੀ ਹੈ। ਭਾਰਤ ਦੀ ਵਿਦੇਸ਼ ਨੀਤੀ ਤਾਂ ਬਿਲਕੁਲ ਹੀ ਅਮਰੀਕਾ ਦੇ ਹਿਤਾਂ ਅਨੁਸਾਰ ਹੈ। ਅਮਰੀਕਾ ਨੇ ਭਾਰਤ ਨੂੰ ਕਿਹਾ ਕਿ ਰੂਸ ਤੋਂ ਤੇਲ ਨਹੀਂ ਖਰੀਦਣਾ ਤਾਂ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ। ਭਾਰਤ ਦੇ ਆਯਾਤ ਅਤੇ ਨਿਰਯਾਤ ਨੂੰ ਕਿੰਨਾ ਟੈਰਿਫ ਅਮਰੀਕਾ ਲਾਵੇ ਅਤੇ ਕਿੰਨਾ ਟੈਰਿਫ ਭਾਰਤ ਲਾਵੇ, ਇਹ ਵੀ ਅਮਰੀਕਾ ਤੈਅ ਕਰਦਾ ਹੈ। ਭਾਰਤ ਚਾਰ ਵਾਰ ਬ੍ਰਿਕਸ ਦੇਸ਼ਾਂ ਦਾ ਪ੍ਰਧਾਨ ਬਣ ਚੁੱਕਿਆ ਅਤੇ ਇਨ੍ਹਾਂ ਦੇਸ਼ਾਂ ਦੀ ਇਕੌਨਾਮੀ ਸੰਸਾਰ ਇਕੌਨਾਮੀ ਦਾ ਲਗਭਗ 44ਪ੍ਰਤੀਸ਼ਤ ਹੈ। ਹਰ ਵਾਰ ਆਪਸੀ ਵਿਓਪਾਰ ਕਰਨ ਲਈ ਆਪਣੀ ਆਪਣੀ ਕਰੰਸੀ ਜਾਂ ਡਾਲਰ ਨੂੰ ਛੱਡ ਕੇ ਬ੍ਰਿਕਸ ਦੇਸ਼ਾਂ ਦੀ ਸਾਂਝੀ ਕਰੰਸੀ ਵਿੱਚ ਵਿਓਪਾਰ ਕਰਨ ਦਾ ਮਤਾ ਪੇਸ਼ ਕੀਤਾ ਜਾਂਦਾ ਹੈ ਜਿਸ ’ਤੇ ਸਾਰੇ ਮੈਂਬਰ ਸਹਿਮਤ ਹੋ ਜਾਂਦੇ ਹਨ ਪਰ ਮੋਦੀ ਹਰ ਵਾਰ ਕਹਿੰਦਾ ਕਿ ਭਾਰਤ ਤਾਂ ਡਾਲਰਾਂ ਵਿੱਚ ਵਪਾਰ ਕਰੇਗਾ।

ਅਮਰੀਕਾ ਅਤੇ ਇਜ਼ਰਾਈਲ ਨੇ ਫਲਸਤੀਨ, ਇਰਾਨ ਅਤੇ ਇਰਾਨ ਸਮਰਥਿਤ ਦੇਸ਼ਾਂ ’ਤੇ ਕੇਵਲ ਆਪਣੀ ਧੌਂਸ ਜਮਾਉਣ ਅਤੇ ਉਨ੍ਹਾਂ ਨੂੰ ਕਮਜ਼ੋਰ ਕਰਕੇ ਤੇਲ ਦੇ ਖੂਹਾਂ ’ਤੇ ਕਬਜ਼ੇ ਕਰਨ ਦੇ ਇਰਾਦੇ ਨਾਲ ਹਵਾਈ ਹਮਲੇ ਸ਼ੁਰੂ ਕਰ ਦਿੱਤੇ। ਫਲਤੀਨ ਦੀ ਅਕੱਥ ਜਾਨੀ ਅਤੇ ਮਾਲੀ ਤਬਾਹੀ ਕੀਤੀ ਅਤੇ ਇਰਾਨ ਦੇ ਸਕੂਲ ਵਿੱਚ ਪੜ੍ਹਦੇ ਛੋਟੇ ਛੋਟੇ 120 ਵਿਦਿਆਰਥੀ ਮਾਰ ਦਿੱਤੇ ਅਤੇ ਅਜੇ ਤਕ ਵੀ ਅਮਰੀਕਾ ਇਜ਼ਰਾਈਲ ਦੇ ਹਮਲੇ ਜਾਰੀ ਹਨ। ਇਰਾਨ ਕੇਵਲ ਉਦੋਂ ਹੀ ਜਵਾਬੀ ਹਮਲਾ ਕਰਦਾ ਹੈ ਜਦੋਂ ਅਮਰੀਕਾ-ਇਜ਼ਰਾਈਲ ਪਹਿਲ ਕਰਦੇ ਹਨ ਅਤੇ ਇਹ ਸਿਲਸਲਾ ਜਾਰੀ ਹੈ। ਅਮਰੀਕਾ ਇਜ਼ਰਾਈਲ ਦੇ ਇਨ੍ਹਾਂ ਵਹਿਸ਼ੀ ਹਮਲਿਆਂ ਵਿਰੁੱਧ ਯੂ ਐਨ ਓ ਵਿੱਚ ਜਿੰਨੀ ਵਾਰ ਮਤਾ ਪੇਸ਼ ਕੀਤਾ ਗਿਆ, ਭਾਰਤ ਜਾਂ ਤਾਂ ਵੋਟ ਪਾਉਣ ਲਈ ਪੇਸ਼ ਮਤੇ ਦੇ ਵਿਰੋਧ ਵਿੱਚ ਭੁਗਤਿਆ ਜਾਂ ਜਾਣਬੁੱਝ ਕੇ ਗੈਰਹਾਜ਼ਰ ਰਿਹਾ। ਕੇਵਲ ਇੱਕ ਵਾਰ ਬ੍ਰਿਕਸ ਦੇਸ਼ਾਂ ਦੇ ਜ਼ੋਰ ਪਾਉਣ ’ਤੇ ਮਤੇ ਦੇ ਹੱਕ ਵਿੱਚ ਵੋਟ ਪਾਈ। ਬਿਲਕੁਲ ਸਪਸ਼ਟ ਹੋ ਚੁੱਕਿਆ ਹੈ ਕਿ ਅਮਰੀਕਾ ਹੀ ਭਾਰਤ ਦੀ ਨੀਤੀ ਨੂੰ ਤੈਅ ਕਰਦਾ ਹੈ।

ਪਾਕਿਸਤਾਨ ਫੌਜੀ ਤਾਕਤ ਨਾਲ ਪੂਰਬੀ ਪਾਕਿਸਤਾਨ ਨੂੰ ਦਬਾ ਕੇ ਰੱਖਦਾ ਰਿਹਾ ਅਤੇ ਇੱਥੋਂ ਤਕ ਕਿ ਜਦੋਂ ਵੋਟਾਂ ਵਿੱਚ ਮੁਜੀਬੁਰ ਰਹਿਮਾਨ ਦੀ ਪਾਰਟੀ ਵੱਲੋਂ ਬਹੁਮਤ ਪ੍ਰਾਪਤ ਕਰ ਲਿਆ, ਫਿਰ ਵੀ ਮੁਜੀਬੁਰ ਰਹਿਮਾਨ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਥਾਂ ਪੂਰਬੀ ਪਾਕਿਸਤਾਨ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਜਿਸ ਕਾਰਨ ਪੂਰਬੀ ਪਾਕਿਸਤਾਨ ਵਿੱਚ ਪੱਛਮੀ ਪਾਕਿਸਤਾਨ ਤੋਂ ਅਲੱਗ ਹੋਣ ਦੀਆਂ ਅਵਾਜ਼ਾਂ ਉੱਠੀਆਂ ਤਾਂ ਪਾਕਿਸਤਾਨ ਨੇ ਉੱਥੇ ਦਹਿਸ਼ਤ ਅਤੇ ਜਬਰ ਜ਼ੁਲਮ ਸ਼ੁਰੂ ਕਰ ਦਿੱਤਾ। ਪੂਰਬੀ ਪਾਕਿਸਤਾਨ ਤੋਂ ਸ਼ਰਨਾਰਥੀ ਭਾਰਤ ਆਉਣੇ ਸ਼ੁਰੂ ਹੋਏ ਤਾਂ ਤੰਗ ਆ ਕੇ ਇੰਦਰਾ ਗਾਂਧੀ ਨੇ ਪੂਰਬੀ ਬੰਗਾਲ ਨੂੰ ਆਜ਼ਾਦ ਕਰਵਾ ਕੇ ਬੰਗਲਾ ਦੇਸ਼ ਬਣਾ ਦਿੱਤਾ। ਪਾਕਿਸਤਾਨ ਨੇ ਬਲੋਚ ਖੇਤਰ ਦੇ ਆਰਥਿਕ ਸੰਸਾਧਨਾਂ ਵਿੱਚੋਂ ਬਲੋਚ ਖੇਤਰ ਨੂੰ ਕੁਝ ਵੀ ਨਾ ਦਿੱਤਾ, ਜੇਕਰ ਕਿਸੇ ਨੇ ਵਿਰੋਧ ਕੀਤਾ ਤਾਂ ਵਿਰੋਧ ਕੁਚਲ ਦਿੱਤਾ। ਇਸ ਸਭ ਤੋਂ ਤੰਗ ਆ ਕੇ ਬਲੋਚਾਂ ਨੇ ਆਪਣੇ ਲਈ ਅਜ਼ਾਦ ਦੇਸ਼ ਕਾਇਮ ਕਰਨ ਲਈ ਬਲੋਚ ਫੌਜ ਤਿਆਰ ਕਰ ਲਈ ਜਿਹੜੀ ਦਿਨੋਂ ਦਿਨ ਪਾਕਿਸਤਾਨ ’ਤੇ ਹਾਵੀ ਹੁੰਦੀ ਜਾ ਰਹੀ ਹੈ ਅਤੇ ਉਹ ਛੇਤੀ ਹੀ ਇੱਕ ਅਜ਼ਾਦ ਦੇਸ਼ ਬਲੋਚਿਸਤਾਨ ਬਣ ਰਿਹਾ ਹੈ। ਭਾਰਤ ਵੀ ਇਸੇ ਨਕਸ਼ੇ ਕਦਮ ਤੇ ਚੱਲ ਰਿਹਾ ਹੈ, ਘਟ ਗਿਣਤੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵੰਚਿਤ ਕਰ ਰਿਹਾ ਹੈ ਅਤੇ ਉਹ ਵੀ ਬਾਗੀ ਹੋ ਰਹੇ ਹਨ। ਪਾਕਿਸਤਾਨ ਤੋਂ ਕੁਝ ਇਲਾਕੇ ਅਲੱਗ ਹੋਏ ਹਨ। ਹੁਣ ਭਾਰਤ ਨੂੰ ਵੀ ਅਖੰਡ ਰੱਖਣ ਦੀਆਂ ਸੰਭਾਵਨਾਵਾਂ ਘਟਦੀਆਂ ਜਾ ਰਹੀਆਂ ਹਨ।

ਔਰਤਾਂ ਬਾਰੇ ਮਨੂਸਮਰਿਤੀ, ਜਿਸ ’ਤੇ ਸੰਘ ਜ਼ੋਰ ਦਿੰਦਾ ਹੈ ਅਤੇ ਮੁਸਲਮਾਨਾਂ ਦੇ ਸ਼ਰੀਆ ਕਾਨੂੰਨ ਵਿੱਚ ਔਰਤਾਂ ਬਾਰੇ ਸਭ ਕੁਝ ਇੱਕੋ ਜਿਹਾ ਹੀ ਹੈ। ਸ਼ਰੀਆ ਅਨੁਸਾਰ ਔਰਤ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਨਹੀਂ, ਔਰਤ ਘਰ ਤੋਂ ਬਾਹਰ ਨਹੀਂ ਜਾ ਸਕਦੀ, ਨੌਕਰੀ ਨਹੀਂ ਕਰ ਸਕਦੀ। ਮਨੂਸਮ੍ਰਿਤੀ ਅਨੁਸਾਰ ਔਰਤ ਪਿਤਾ, ਭਰਾ ਜਾਂ ਪਤੀ ਤੋਂ ਬਿਨਾਂ ਬਾਹਰ ਇਕੱਲੀ ਨਹੀਂ ਜਾ ਸਕਦੀ, ਵਿਆਹ ਤੋਂ ਬਾਅਦ ਉਹ ਆਪਣੇ ਪੁੱਤਰਾਂ ਦੇ ਅਧੀਨ ਹੋਵੇਗੀ ਅਤੇ ਉਨ੍ਹਾਂ ਨਾਲ ਹੀ ਘਰੋਂ ਬਾਹਰ ਜਾਏਗੀ। ਔਰਤ ਦਾ ਕੰਮ ਕੇਵਲ ਪਤੀ ਦੀ ਸੇਵਾ ਕਰਨਾ, ਚੁੱਲ੍ਹਾ ਚੌਂਕਾ ਸੰਭਾਲਣਾ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਹੈ। ਪਾਕਿਸਤਾਨ ਭਾਵੇਂ ਇਹ ਗੱਲਾਂ ਤਿਆਗ ਰਿਹਾ ਹੈ ਪਰ ਜਦੋਂ ਸੰਘ ਦਾ ਵੱਸ ਚਲਿਆ ਤਾਂ ਇਹ ਗੁਲਾਮੀ ਭਾਰਤ ਵਿੱਚ ਫਿਰ ਆ ਜਾਏਗੀ।

ਉਪਰੋਕਤ ਸਾਰੇ ਕੁਝ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਪਾਕਿਸਤਾਨ ਦੇ ਨਕਸ਼ੇ ਕਦਮ ’ਤੇ ਚੱਲ ਰਿਹਾ ਹੈ ਅਤੇ ਇਹ ਇੱਕ ਦਿਨ ਪਾਕਿਸਤਾਨ ਵਰਗਾ ਹੀ ਬਣ ਜਾਵੇਗਾ। ਫਰਕ ਕੇਵਲ ਇਹ ਰਹੇਗਾ ਕਿ ਪਾਕਿਸਤਾਨ ਦਾ ਝੰਡਾ ਹਰੇ ਰੰਗ ਦਾ ਹੈ ਜਿਸ ਵਿੱਚ ਚੰਨ ਤਾਰਾ ਹੈ ਭਾਰਤ ਦਾ ਝੰਡਾ ਭਗਵਾ ਹੋਵੇਗਾ, ਇਸ ਵਿੱਚੋਂ ਹਰਾ ਅਤੇ ਸਫੈਦ ਰੰਗ ਗਾਇਬ ਹੋ ਜਾਣਗੇ ਅਤੇ ਹੋ ਸਕਦਾ ਹੈ ਭਗਵੇਂ ਝੰਡੇ ਵਿੱਚ ਓਮ ਜਾਂ ਕੋਈ ਹੋਰ ਸਨਾਤਨ ਧਰਮ ਨਾਲ ਸੰਬੰਧਿਤ ਨਿਸ਼ਾਨ ਹੋਵੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

Vishva Mitter

Vishva Mitter

Jalandhar, Punjab, India.
Phone: (91 - 94176 - 32228)
Email: (bammijalandhar@gmail.com)

More articles from this author