“ਇੱਕ ਪਖੰਡੀ ਠੱਗਾਂ ਦਾ ਟੋਲਾ ਬੱਚਿਆਂ ਦੇ ਮਾਪਿਆਂ ਕੋਲੋਂ ਵੀਹ ਹਜ਼ਾਰ ਰੁਪਏ ...”
(3 ਨਵੰਬਰ 2026)
ਤਰਕਸ਼ੀਲਤਾ ਦਾ ਸਫਰ ਗੌਤਮ ਬੁੱਧ ਤੋਂ ਚੱਲ ਕੇ ਸ਼੍ਰੀ ਲੰਕਾ ਦੇ ਡਾਕਟਰ ਅਬਰਾਹਿਮ ਕਾਵੂਰ, ਪੰਡਿਤ ਨਹਿਰੂ, ਮਹਾਰਾਸ਼ਟਰ ਦੇ ਡਾਕਟਰ ਦਾਭੋਲਕਰ ਤੋਂ ਹੁੰਦਾ ਹੋਇਆ ਪੰਜਾਬ ਦੀ ਤਰਕਸ਼ੀਲ ਸੁਸਾਇਟੀ ਕੋਲ ਪਹੁੰਚਿਆ।
ਗੌਤਮ ਬੁੱਧ ਅਨੁਸਾਰ ਕਿਸੇ ਵੀ ਕਥਨ ਨੂੰ ਇਸ ਲਈ ਸਵੀਕਾਰ ਨਾ ਕਰੋ ਕਿ ਤੁਸੀਂ ਇਹ ਕਿਸੇ ਤੋਂ ਸੁਣਿਆ ਹੈ ਜਾਂ ਬਹੁਤ ਸਾਰੇ ਲੋਕ ਇਹੋ ਕਹਿੰਦੇ ਹਨ ਜਾਂ ਤੁਹਾਡੀ ਧਾਰਮਿਕ ਪੁਸਤਕ ਵਿੱਚ ਲਿਖਿਆ ਹੈ; ਕਿਸੇ ਵੀ ਗੱਲ ਨੂੰ ਇਸ ਕਰਕੇ ਨਾ ਮੰਨੋ ਕਿ ਤੁਹਾਡੇ ਉਸਤਾਦਾਂ ਨੇ ਕਿਹਾ ਹੈ। ਕਿਸੇ ਵੀ ਉਸ ਗੱਲ ਨੂੰ ਸਵੀਕਾਰ ਨਾ ਕਰੋ ਕਿ ਇਹ ਪਿਛਲੀਆਂ ਕਈ ਪੀੜ੍ਹੀਆਂ ਤੋਂ ਚਲਦੀ ਆ ਰਹੀ ਹੈ। ਕੇਵਲ ਅੱਖੀਂ ਘੋਖਣ ਅਤੇ ਵਿਸ਼ਲੇਸ਼ਣ ਤੋਂ ਬਾਅਦ ਜੇਕਰ ਤੁਸੀਂ ਸਹਿਮਤ ਹੋਵੋਂ ਕਿ ਇਹ ਮਾਨਵਤਾ ਦੀ ਭਲਾਈ ਲਈ ਹੈ, ਤਾਂ ਮੰਨੋ। ਗੌਤਮ ਬੁੱਧ ਮਰਨ ਤੋਂ ਬਾਅਦ ਕਿਸੇ ਸਵਰਗ, ਨਰਕ ਜਾਂ ਪੁਨਰਜਨਮ ਵਿੱਚ ਵਿਸ਼ਵਾਸ ਨਹੀਂ ਕਰਦੇ ਸਨ ਅਤੇ ਉਹ ਆਤਮਾ ਜਾਂ ਮਹਾਤਮਾ ਵਿੱਚ ਵੀ ਵਿਸ਼ਵਾਸ ਨਹੀਂ ਰੱਖਦੇ ਸਨ ਅਤੇ ਮੂਰਤੀ ਪੂਜਾ ਦੇ ਵਿਰੁੱਧ ਸਨ।
ਪੰਡਿਤ ਜਵਾਹਰ ਲਾਲ ਨਹਿਰੂ ਦੇ ਵਿਚਾਰ ਵਿਗਿਆਨ ਪੜ੍ਹਨ ਕਾਰਨ ਅਤੇ ਤੀਖਣ ਬੁੱਧੀ ਦੇ ਕਾਰਨ ਵਿਗਿਆਨਿਕ ਸਨ। ਉਨ੍ਹਾਂ ਨੇ ਵਿਗਿਆਨਿਕ ਦ੍ਰਿਸ਼ਟੀਕੋਣ ਅਪਣਾਉਣ ਲਈ ਕਿਹਾ। ਇਸੇ ਲਈ ਉਹ ਕਦੇ ਵੀ ਕਿਸੇ ਮੰਦਰ, ਮਸਜਿਦ ਜਾਂ ਚਰਚ ਵਿੱਚ ਨਹੀਂ ਗਏ ਅਤੇ ਨਾ ਹੀ ਵੋਟਾਂ ਖਾਤਰ ਕਿਸੇ ਧਰਮ ਦਾ ਆਸਰਾ ਲਿਆ। ਸਾਡੇ ਭਾਰਤੀ ਸੰਵਿਧਾਨ ਦੇ ਉਪਛੇਦ 51 ਏ (ਐੱਚ) ਵਿੱਚ ਵੀ ਦਰਜ ਹੈ ਕਿ ਹਰ ਭਾਰਤੀ ਵਿਗਿਆਨਿਕ ਦ੍ਰਿਸ਼ਟੀਕੋਣ ਅਪਣਾਵੇ ਅਤੇ ਇਸਦਾ ਪ੍ਰਚਾਰ ਪ੍ਰਸਾਰ ਕਰੇ ਅਤੇ ਭਰਾਤਰੀ ਭਾਈਚਾਰਾ ਵੀ ਕਾਇਮ ਰੱਖੇ।
ਡਾਕਟਰ ਅਬਰਾਹਿਮ ਕਾਵੂਰ ਸ਼੍ਰੀ ਲੰਕਾ ਉਪਮਹਾਂਦੀਪ ਦੇ ਇੱਕ ਮਹਾਨ ਤਰਕਸ਼ੀਲ, ਵਿਗਿਆਨੀ ਅਤੇ ਪ੍ਰੋਫੈਸਰ ਸਨ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਲੋਕਾਂ ਨੂੰ ਅੰਧ-ਵਿਸ਼ਵਾਸਾਂ ਦੇ ਹਨੇਰੇ ਵਿੱਚੋਂ ਕੱਢ ਕੇ ਵਿਗਿਆਨਕ ਸੋਚ ਅਪਣਾਉਣ ਲਈ ਪ੍ਰੇਰਿਤ ਕਰਨ ਵਿੱਚ ਲਾ ਦਿੱਤੀ। ਉਨ੍ਹਾਂ ਸੱਤਿਆ ਸਾਈਂ ਬਾਬਾ ਦੇ ਕੀਤੇ ਹੋਏ ਟ੍ਰਿਕ ਜਿਵੇਂ ਕਿ ਹੱਥ ਵਿੱਚੋਂ ਵਿਭੂਤੀ ਕੱਢ ਕੇ ਵਿਖਾਉਣੀ ਅਤੇ ਹਵਾ ਵਿੱਚੋਂ ਜੋ ਕੁਝ ਸੱਤਿਆ ਸਾਈਂ ਪੈਦਾ ਕਰਕੇ ਵਿਖਾਉਂਦਾ ਸੀ, ਉਹ ਕਾਵੂਰ ਜੀ ਨੇ ਆਪ ਕੱਢ ਕੇ ਵਿਖਾਏ ਅਤੇ ਲੋਕਾਂ ਨੂੰ ਇਹ ਟਰਿੱਕ ਕਿਵੇਂ ਸਾਹਮਣੇ ਆਉਂਦੇ ਹਨ, ਸਮਝਾਇਆ। ਉਨ੍ਹਾਂ ਨੇ ਸੱਤਿਆ ਸਾਈਂ ਨੂੰ ਕੋਈ ਵੀ ਚਮਤਕਾਰ ਡਾ. ਨਰਿੰਦਰ ਦਾਭੋਲਕਰ ਹਾਜ਼ਰੀ ਵਿੱਚ ਲੋਕਾਂ ਲੋਕਾਂ ਸਾਹਮਣੇ ਕਰ ਕੇ ਵਿਖਾਉਣ ਲਈ ਚੈਲਿੰਜ ਕੀਤਾ। ਪਰ ਸੱਤਿਆ ਸਾਈਂ ਬਾਬਾ ਮੁੜ ਕੇ ਨਾ ਆਇਆ। ਡਾ. ਕਾਵੂਰ ਨੇ ਆਪਣੀ ਹਾਜ਼ਰੀ ਵਿੱਚ ਲੋਕਾਂ ਦੇ ਸਾਹਮਣੇ ਸਾਧੂ ਸੰਤਾ ਯੋਗੀਆਂ ਜੋਤਸ਼ੀਆਂ ਨੂੰ 23 ਕਰਤਬਾਂ ਵਿੱਚੋਂ ਕੋਈ ਇੱਕ ਕਰਕੇ ਵਿਖਾਉਣ ਲਈ ਚੈਲਿੰਜ ਕੀਤਾ ਅਤੇ ਜੇਤੂ ਨੂੰ ਇੱਕ ਲੱਖ ਲੰਕਨ ਰੁਪਏ ਦੇਣ ਦਾ ਇਨਾਮ ਵੀ ਰੱਖਿਆ ਅਤੇ ਕੋਈ ਵੀ ਇਹ ਇਨਾਮ ਪ੍ਰਾਪਤ ਕਰਨ ਵਿੱਚ ਸਫਲ ਨਹੀਂ ਹੋਇਆ। ਆਪਣੇ ਤਜਰਬੇ ਦੇ ਅਧਾਰ ’ਤੇ ਡਾ. ਕਵੂਰ ਨੇ ਇੱਕ ਪੁਸਤਕ ‘ਬਿਗੌਨ ਗੌਡਮੈੱਨ’ ਲਿਖੀ ਜਿਸ ਵਿੱਚ ਅੰਧਵਿਸ਼ਵਾਸਾਂ, ਭੂਤਾਂ-ਪਰੇਤਾਂ ਅਤੇ ਜਾਦੂ-ਟੂਣਿਆਂ ਦਾ ਪਰਦਾ ਫਾਸ਼ ਕੀਤਾ ਅਤੇ 23 ਕਰਤਬ ਜਾਂ ਸ਼ਰਤਾਂ ਵੀ ਛਾਪੀਆਂ।
18 ਸਤੰਬਰ 1978 ਨੂੰ ਕੈਂਸਰ ਕਾਰਨ ਉਨ੍ਹਾਂ ਦੀ ਮੌਤ ਹੋ ਜਾਣ ਤੋਂ ਪਹਿਲਾਂ ਉਨ੍ਹਾਂ ਆਪਣੀ ਵਸੀਅਤ ਵਿੱਚ ਜੋ ਲਿਖਿਆ ਉਸ ਅਨੁਸਾਰ ਆਪਣੇ ਵਿਗਿਆਨਕ ਵਿਚਾਰਾਂ ਮੁਤਾਬਿਕ ਉਨ੍ਹਾਂ ਨੇ ਕੋਈ ਧਾਰਮਿਕ ਰਸਮ ਨਹੀਂ ਕਰਵਾਈ। ਆਪਣੀ ਅੱਖਾਂ ਦ੍ਰਿਸ਼ਟੀਹੀਣਾਂ ਨੂੰ ਦਾਨ ਕਰ ਦਿੱਤੀਆਂ ਅਤੇ ਆਪਣਾ ਸਰੀਰ ਮੈਡੀਕਲ ਦੇ ਵਿਦਿਆਰਥੀਆਂ ਦੀ ਖੋਜ ਲਈ ਹਸਪਤਾਲ ਨੂੰ ਸੌਂਪ ਦਿੱਤਾ। ਉਨ੍ਹਾਂ ਦਾ ਪਿੰਜਰ ਅੱਜ ਵੀ ਵਿਗਿਆਨ ਦੀ ਪੜ੍ਹਾਈ ਲਈ ਕਾਲਜ ਵਿੱਚ ਸੁਰੱਖਿਅਤ ਹੈ।
ਡਾ. ਨਰਿੰਦਰ ਦਾਭੋਲਕਰ ਮਹਾਰਾਸ਼ਟਰ ਦੇ ਇੱਕ ਪ੍ਰਸਿੱਧ ਡਾਕਟਰ, ਤਰਕਸ਼ੀਲ ਅਤੇ ਸਮਾਜਿਕ ਕਾਰਕੁਨ ਸਨ। ਡਾ. ਦਾਭੋਲਕਰ ਨੇ ਮਿਰਾਜ ਦੇ ਮੈਡੀਕਲ ਕਾਲਜ ਤੋਂ ਡਾਕਟਰੀ ਦੀ ਡਿਗਰੀ ਹਾਸਲ ਕੀਤੀ ਪਰ ਡਾਕਟਰੀ ਦੀ ਨੌਕਰੀ ਕਰਦਿਆਂ ਉਨ੍ਹਾਂ ਨੇ ਗੰਭੀਰਤਾ ਨਾਲ ਇਹ ਮਹਿਸੂਸ ਕੀਤਾ ਕਿ ਸਮੁੱਚੇ ਮਹਾਰਾਸ਼ਟਰ ਵਿੱਚ ਧਾਰਮਿਕ ਆਸਥਾ ਦੀ ਆੜ ਹੇਠ ਅੰਧ-ਵਿਸ਼ਵਾਸ ਅਤੇ ਕਰਮਕਾਂਡ ਫੈਲਾਅ ਕੇ ਪਖੰਡੀ ਬਾਬਿਆਂ, ਤਾਂਤਰਿਕਾਂ ਅਤੇ ਕਥਿਤ ਕਾਲੇ ਇਲਮ ਦੇ ਢੌਂਗੀਆਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਲੁੱਟਿਆ ਜਾ ਰਿਹਾ ਹੈ, ਜਿਸ ਉੱਤੇ ਰੋਕਥਾਮ ਲਈ ਆਮ ਲੋਕਾਂ ਵਿੱਚ ਸੰਸਥਾਗਤ ਪੱਧਰ ’ਤੇ ਵਿਗਿਆਨਕ ਚੇਤਨਾ ਵਿਕਸਿਤ ਕਰਨ ਦੀ ਲੋੜ ਹੈ। ਇਸੇ ਲਈ ਡਾ. ਦਾਭੋਲਕਰ ਨੇ ਸੰਨ 1983 ਵਿੱਚ ਲੋਕਾਂ ਨੂੰ ਲੁੱਟਣ ਵਾਲੇ ਪਖੰਡੀ ਬਾਬਿਆਂ ਖਿਲਾਫ ਆਪਣਾ ਸੰਘਰਸ਼ ਸ਼ੁਰੂ ਕੀਤਾ।
ਸੰਨ 1989 ਵਿੱਚ ਡਾ. ਨਰਿੰਦਰ ਦਾਭੋਲਕਰ ਨੇ ਅੰਧ ਸ਼ਰਧਾ ਨਿਰਮੂਲਨ ਸਮਿਤੀ ਨਾਂ ਦੀ ਪ੍ਰਗਤੀਸ਼ੀਲ ਸੰਸਥਾ ਦੀ ਸਥਾਪਨਾ ਕਰਕੇ ਅੰਧ ਵਿਸ਼ਵਾਸਾਂ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਜਥੇਬੰਦਕ ਵਿਗਿਆਨਕ ਚੇਤਨਾ ਲਹਿਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਪੂਰੇ ਮਹਾਰਾਸ਼ਟਰ ਵਿੱਚ ਇਸ ਤਰਕਸ਼ੀਲ ਸੰਸਥਾ ਦੀਆਂ 200 ਤੋਂ ਵੱਧ ਇਕਾਈਆਂ ਬਣਾਈਆਂ। ਡਾ. ਦਾਭੋਲਕਰ ਨੇ ਲਗਾਤਾਰ 40 ਸਾਲ ਮਹਾਰਾਸ਼ਟਰ ਵਿੱਚ ਕਥਿਤ ਕਾਲੇ ਜਾਦੂ-ਟੂਣੇ, ਚਮਤਕਾਰ, ਜੋਤਿਸ਼, ਰਾਸ਼ੀਫਲ ਅਤੇ ਕਥਿਤ ਦੈਵੀ ਸ਼ਕਤੀਆਂ ਦੇ ਝੂਠੇ ਦਾਅਵੇਦਾਰ ਪਾਖੰਡੀਆਂ ਦਾ ਪਰਦਾ ਫਾਸ਼ ਕਰਨ ਦੇ ਨਾਲ-ਨਾਲ ਰੂੜ੍ਹੀਵਾਦੀ ਰਵਾਇਤਾਂ, ਧਾਰਮਿਕ ਅਸਹਿਣਸ਼ੀਲਤਾ, ਜਾਤ-ਪਾਤ, ਨਾਬਰਾਬਰੀ, ਦਾਜ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਖਿਲਾਫ ਵੀ ਜਾਗਰੂਕਤਾ ਮੁਹਿੰਮ ਚਲਾਈ। ਇਸੇ ਮੁਹਿੰਮ ਤਹਿਤ ਉਨ੍ਹਾਂ ਨੇ ‘ਵਿਗਿਆਨ ਬੋਧ ਵਾਹਿਨੀ’ ਨਾਂ ਦੀ ਇੱਕ ਚਲਦੀ ਫਿਰਦੀ ਪ੍ਰਯੋਗਸ਼ਾਲਾ ਮਹਾਰਾਸ਼ਟਰ ਦੇ ਪਿੰਡਾਂ ਵਿੱਚ ਚਲਾਈ ਅਤੇ ਲੋਕਾਂ ਨੂੰ ਕਥਿਤ ਚਮਤਕਾਰਾਂ ਪਿੱਛੇ ਕੰਮ ਕਰਦੇ ਵਿਗਿਆਨਕ ਕਾਰਨਾਂ ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ ਅਗਿਆਨਤਾ ਅਤੇ ਅੰਧ ਵਿਸ਼ਵਾਸਾਂ ਖਿਲਾਫ ਕੀਤੇ ਸੰਘਰਸ਼ ਦੌਰਾਨ ਉਨ੍ਹਾਂ ਨੇ ਵਿਗਿਆਨਕ ਵਿਸ਼ਿਆਂ ਉੱਤੇ 12 ਕਿਤਾਬਾਂ ਵੀ ਲਿਖੀਆਂ ਅਤੇ ਉਹ ਪ੍ਰਗਤੀਸ਼ੀਲ ਰਸਾਲੇ ‘ਸਾਧਨਾ’ ਦੇ ਸੰਪਾਦਕ ਵੀ ਰਹੇ।
ਸਮਾਜਿਕ ਬਰਾਬਰੀ ਯਕੀਨੀ ਬਣਾਉਣ ਲਈ ਡਾ. ਨਰਿੰਦਰ ਦਾਭੋਲਕਰ ਨੇ ਜਿੱਥੇ ‘ਇੱਕ ਪਿੰਡ-ਇੱਕ ਖੂਹ’ ਦੇ ਅੰਦੋਲਨ ਵਿੱਚ ਸਰਗਰਮ ਸ਼ਮੂਲੀਅਤ ਕੀਤੀ, ਉੱਥੇ ਹੀ ਸਮਾਜ ਵਿੱਚੋਂ ਭੇਦ-ਭਾਵ ਖਤਮ ਕਰਨ ਲਈ ਉੱਠੇ ਕਈ ਸਮਾਜਿਕ ਅੰਦੋਲਨਾਂ ਦੀ ਅਗਵਾਈ ਵੀ ਕੀਤੀ। ਡਾ. ਦਾਭੋਲਕਰ ਨੇ ਸਮੁੰਦਰ, ਨਦੀਆਂ-ਨਾਲਿਆਂ ਵਿੱਚ ਰਸਾਇਣਕ ਰੰਗਾਂ ਵਾਲੀਆਂ ਮੂਰਤੀਆਂ ਦੇ ਵਿਸਰਜਨ ਦਾ ਡਟਵਾਂ ਵਿਰੋਧ ਕੀਤਾ ਤਾਂ ਕਿ ਸਮੁੰਦਰੀ ਜੀਵ-ਜੰਤੂਆਂ ਅਤੇ ਮਨੁੱਖੀ ਜਾਨਾਂ ਨੂੰ ਪ੍ਰਦੂਸ਼ਿਤ ਪਾਣੀ ਤੋਂ ਬਚਾਇਆ ਜਾ ਸਕੇ। ਇਸ ਕਾਰਜ ਲਈ ਉਨ੍ਹਾਂ ਨੂੰ ਧਾਰਮਿਕ ਕੱਟੜਵਾਦੀਆਂ ਦੇ ਵਿਰੋਧ ਦਾ ਕਈ ਵਾਰ ਸਾਹਮਣਾ ਵੀ ਕਰਨਾ ਪਿਆ।
ਡਾ. ਦਾਭੋਲਕਰ ਵੱਲੋਂ ਸੰਨ 1995 ਵਿੱਚ ਅੰਧ-ਵਿਸ਼ਵਾਸ ਵਿਰੋਧੀ ਬਿੱਲ ਦਾ ਇੱਕ ਖਰੜਾ ਤਿਆਰ ਕਰਕੇ ਮਹਾਰਾਸ਼ਟਰ ਸਰਕਾਰ ਨੂੰ ਭੇਜਿਆ ਗਿਆ ਪਰ ਵਿਧਾਨ ਸਭਾ ਵਿੱਚ ਇਸ ਬਿੱਲ ਦੇ ਪੇਸ਼ ਹੋਣ ਮੌਕੇ ਕੁਝ ਸਿਆਸੀ ਅਤੇ ਕੱਟੜ ਧਾਰਮਿਕ ਸੰਗਠਨਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ। ਇਸ ਬਿੱਲ ਨੂੰ ਪਾਸ ਕਰਵਾਉਣ ਦੇ ਗੰਭੀਰ ਯਤਨਾਂ ਵਜੋਂ ਡਾ. ਦਾਭੋਲਕਰ ਨੂੰ ਕੁਝ ਧਾਰਮਿਕ ਸੰਗਠਨਾਂ ਅਤੇ ਅਖੌਤੀ ਧਰਮ ਗੁਰੂਆਂ ਵੱਲੋਂ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਦੀਆਂ ਰਹੀਆਂ ਪਰ ਉਨ੍ਹਾਂ ਨੇ ਇਸਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਯਤਨ ਜਾਰੀ ਰੱਖੇ। ਆਖਰਕਾਰ ਇਹ ਬਿੱਲ ਸੰਨ 2005 ਵਿੱਚ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਪਾਸ ਹੋ ਗਿਆ ਪਰ ਕੁਝ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਸਾਜ਼ਿਸ਼ੀ ਵਿਰੋਧ ਕਾਰਨ ਇਹ ਵਿਧਾਨ ਪਰਿਸ਼ਦ ਵਿੱਚ ਪਾਸ ਨਹੀਂ ਹੋ ਸਕਿਆ।
ਡਾ. ਨਰਿੰਦਰ ਦਾਭੋਲਕਰ ਦੀ ਕੁਝ ਫਿਰਕੂ ਅਤੇ ਗੈਰ ਸਮਾਜੀ ਅਨਸਰਾਂ ਵੱਲੋਂ 20 ਅਗਸਤ, 2013 ਨੂੰ ਪੁਣੇ (ਮਹਾਰਾਸ਼ਟਰ) ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੁਪਰੀਮ ਕੋਰਟ ਵੱਲੋਂ ਬੇਸ਼ਕ ਦਸ ਸਾਲ ਬਾਅਦ ਦੋ ਕਾਤਲਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਪਰ ਹਕੂਮਤੀ ਦਬਾਅ ਅਤੇ ਕੇਂਦਰੀ ਜਾਂਚ ਏਜੰਸੀਆਂ ਦੀ ਨਾਕਾਮੀ ਕਰਕੇ ਇਸ ਕਤਲ ਕਾਂਡ ਵਿੱਚ ਪੁਲੀਸ ਵੱਲੋਂ ਨਾਮਜ਼ਦ ਕੀਤੇ ਮੁੱਖ ਮੁਲਜ਼ਿਮ ਅਤੇ ਸਾਜ਼ਿਸ਼ ਘਾੜੇ ਡਾ. ਵਰਿੰਦਰ ਤਾਵੜੇ ਸਮੇਤ ਮੁਲਜ਼ਮਾਂ ਸੰਜੀਵ ਪੁਨਾਲੇਕਰ ਅਤੇ ਵਿਕਰਮ ਨੂੰ ਬਰੀ ਕਰ ਦਿੱਤਾ ਗਿਆ। ਉਨ੍ਹਾਂ ਦੀ ਸ਼ਹਾਦਤ ਤੋਂ ਚਾਰ ਦਿਨ ਬਾਅਦ ਮਹਾਰਾਸ਼ਟਰ ਵਿੱਚ ‘ਅੰਧ-ਵਿਸ਼ਵਾਸ ਅਤੇ ਕਾਲਾ ਜਾਦੂ ਵਿਰੋਧੀ ਆਰਡੀਨੈਂਸ (ਬਿੱਲ) ਪਾਸ ਕੀਤਾ ਗਿਆ। ਉਨ੍ਹਾਂ ਦੀ ਯਾਦ ਵਿੱਚ 20 ਅਗਸਤ ਨੂੰ ‘ਰਾਸ਼ਟਰੀ ਵਿਗਿਆਨਕ ਚੇਤਨਾ ਦਿਵਸ’ ਵਜੋਂ ਮਨਾਇਆ ਜਾਂਦਾ ਹੈ।
ਤਰਕਸ਼ੀਲ ਸੁਸਾਇਟੀ ਪੰਜਾਬ ਨੇ ਆਪਣਾ ਸਫਰ 1984 ਵਿੱਚ ਡਾ. ਕਵੂਰ ਦੀ ਲਿਖੀ ਪੁਸਤਕ ਬਿਗੋਨ ਗੌਡਮੈੱਨ ਦਾ ਪੰਜਾਬੀ ਵਿੱਚ ਉਲਥਾ ‘ਤੇ ਦੇਵ ਪੁਰਸ਼ ਹਾਰ ਗਏ’ ਤੋਂ ਸ਼ੁਰੂ ਕੀਤਾ। ਕੁਝ ਲੋਕ ਸਮਝਦੇ ਹਨ ਕਿ ਤਰਕਸ਼ੀਲ ਸੁਸਾਇਟੀ ਕੇਵਲ ਬਾਬਿਆਂ ਦਾ ਹੀ ਵਿਰੋਧ ਕਰਦੀ ਹੈ ਪਰ ਇਸਦਾ ਕਾਰਜ ਖੇਤਰ ਬਹੁਪੱਖੀ ਅਤੇ ਬਹੁਤ ਵਿਸ਼ਾਲ ਹੈ। ਇਸਦਾ ਮਕਸਦ ਸਮਾਜ ਵਿੱਚੋਂ ਅੰਧਵਿਸ਼ਵਾਸ, ਪਖੰਡ, ਜਾਦੂ-ਟੂਣੇ, ਭੂਤਾਂ-ਪ੍ਰੇਤਾਂ ਦੇ ਭਰਮ ਅਤੇ ਪੁਰਾਣੀਆਂ ਗੈਰ ਵਿਗਿਆਨਿਕ ਕੂੜ ਰੀਤਾਂ ਨੂੰ ਦੂਰ ਕਰਕੇ ਵਿਗਿਆਨਕ ਅਤੇ ਤਰਕਸ਼ੀਲ ਸੋਚ ਪੈਦਾ ਕਰਨਾ ਹੈ।
ਸੁਸਾਇਟੀ ਵੱਲੋਂ ‘ਤਰਕਸ਼ੀਲ’ ਨਾਮਕ ਮੈਗਜ਼ੀਨ ਅਤੇ ਵੱਖ-ਵੱਖ ਵਿਗਿਆਨਕ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ। ਤਰਕਸ਼ੀਲ ਮੈਗਜ਼ੀਨ ਵਿੱਚ ਡਾ. ਕਵੂਰ ਦੀਆਂ 23 ਸ਼ਰਤਾਂ ਛਾਪੀਆਂ ਗਈਆਂ ਹਨ। ਸੁਸਾਇਟੀ ਵੱਲੋਂ ਕਿਸੇ ਵੀ ਵਿਅਕਤੀ ਨੂੰ ਅਲੌਕਿਕ ਜਾਂ ਚਮਤਕਾਰੀ ਸ਼ਕਤੀਆਂ ਸਾਬਤ ਕਰਨ ’ਤੇ 5 ਲੱਖ ਰੁਪਏ ਦਾ ਇਨਾਮ ਦੇਣ ਦੀ ਚੁਣੌਤੀ ਦਿੱਤੀ ਜਾਂਦੀ ਹੈ। ਪਰ ਅਜੇ ਤਕ ਕੋਈ ਵੀ ਅਲੌਕਿਕ ਜਾਂ ਚਮਤਕਾਰੀ ਸ਼ਕਤੀਆਂ ਵਾਲਾ ਹਾਜ਼ਰ ਨਹੀਂ ਹੋਇਆ।
ਇਸ ਤੋਂ ਇਲਾਵਾ ਪੰਜਾਬ ਵਿੱਚ ਇੱਕ ਪਖੰਡੀ ਠੱਗਾਂ ਦਾ ਟੋਲਾ ਬੱਚਿਆਂ ਦੇ ਮਾਪਿਆਂ ਕੋਲੋਂ ਵੀਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਇਹ ਕਹਿ ਕੇ ਠਗਦੇ ਸਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਅੱਖਾਂ ਬੰਦ ਕਰਕੇ ਨੱਕ ਨਾਲ ਪੜ੍ਹਨਾ ਸਿਖਾਵਾਂਗੇ। ਸੁਸਾਇਟੀ ਨੇ ਉਨ੍ਹਾਂ ਨੂੰ ਚੈਲਿੰਜ ਕੀਤਾ ਕਿ ਦਸ ਹਜ਼ਾਰ ਰੁਪਏ ਸਕਿਓਰਟੀ ਜਮ੍ਹਾਂ ਕਰਵਾਕੇ ਆਪਣੇ ਪੜ੍ਹਾਏ ਬੱਚਿਆਂ ਦਾ ਲੋਕਾਂ ਵਿੱਚ ਪ੍ਰਦਰਸ਼ਨ ਕਰੋ। ਜੇਕਰ ਬੱਚੇ ਬੰਦ ਅੱਖਾਂ ਨਾਲ ਪੜ੍ਹਨ ਵਿੱਚ ਸਫਲ ਹੋਏ ਤਾਂ ਤੁਸੀਂ ਆਪਣੀ ਸਕਿਓਰਟੀ ਸਮੇਤ ਇੱਕ ਲੱਖ ਰੁਪਏ ਦਾ ਇਨਾਮ ਪ੍ਰਾਪਤ ਕਰੋ, ਨਹੀਂ ਤਾਂ ਸਕਿਓਰਟੀ ਵੀ ਜ਼ਬਤ ਹੋ ਜਾਵੇਗੀ। ਪਰ ਉਹ ਸਫਲ ਨਾ ਹੋ ਸਕੇ ਅਤੇ ਸਕਿਓਰਟੀ ਵੀ ਜ਼ਬਤ ਕਰਵਾ ਬੈਠੇ।
ਬੱਚਿਆਂ ਅਤੇ ਨੌਜਵਾਨਾਂ ਵਿੱਚ ਤਰਕਸ਼ੀਲ ਸੋਚ ਵਿਕਸਿਤ ਕਰਨ ਲਈ ਸਕੂਲਾਂ ਵਿੱਚ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਜਾਂਦੀ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਨਾਟਕਾਂ, ਭਾਸ਼ਣਾਂ ਅਤੇ ਜਾਦੂ ਦੇ ਅਸਲੀ ਟਰਿੱਕਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਸੁਸਾਇਟੀ ਨੇ ਪਿਛਲੇ ਜਨਮ ਦਾ ਹਾਲ ਦੱਸਣ ਵਾਲੇ ਕਈ ਬੱਚਿਆਂ ਕੋਲੋਂ ਮਾਪਿਆਂ ਵੱਲੋਂ ਕਰਵਾਏ ਜਾ ਰਹੇ ਪਖੰਡ ਦਾ ਪਰਦਾ ਫਾਸ਼ ਕੀਤਾ। ਘਰਾਂ ਵਿੱਚ ਵੱਟੇ ਡਿਗਣ, ਖੂਨ ਦੇ ਛਿੱਟੇ ਪੈਣ, ਬੰਦ ਟਰੰਕਾਂ ਵਿੱਚ ਕੱਪੜਿਆਂ ਨੂੰ ਅੱਗ ਲੱਗਣ ਦੇ ਕਈ ਕੇਸ ਹੱਲ ਕੀਤੇ। ਜਿਹੜੇ ਜੋਤਸ਼ੀਆਂ ਜਾਂ ਤਾਂਤ੍ਰਿਕਾਂ ਨੇ ਲੋਕਾਂ ਕੋਲੋਂ ਪੈਸੇ ਠੱਗੇ, ਸ਼ਿਕਾਇਤ ਮਿਲਣ ’ਤੇ ਉਹ ਪੈਸੇ ਵਾਪਸ ਕਰਵਾਏ ਗਏ ਅਤੇ ਠੱਗਾਂ ਨੂੰ ਸ਼ਰੇਆਮ ਨੰਗਾ ਕੀਤਾ ਗਿਆ। ਸੁਸਾਇਟੀ ਦੇ ਕੰਮਾਂ ਬਾਰੇ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਾਲੇ ਲੋਕ ਜਾਣਦੇ ਹਨ ਅਤੇ ਲੋੜ ਪੈਣ ’ਤੇ ਤਰਕਸ਼ੀਲਾਂ ਨੂੰ ਬੁਲਾਉਂਦੇ ਹਨ। ਤਰਕਸ਼ੀਲ ਸੁਸਾਇਟੀ ਸਾਰੇ ਪੰਜਾਬ ਵਿੱਚ ਫੈਲ ਚੁੱਕੀ ਹੈ ਅਤੇ ਇਸੇ ਤਰ੍ਹਾਂ ਸਾਰੇ ਭਾਰਤ ਵਿੱਚ ਕੰਮ ਕਰ ਰਹੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































