BalrajSidhu7ਧਰਮ ਸਥਾਨਾਂ ਦੀ ਯਾਤਰਾ ਕਰਨਸੁੱਖਣਾ ਸੁੱਖਣ ਜਾਂ ਝੋਟਿਆਂ ਵਰਗੇ ਫਿੱਟੇ ਹੋਏ ਸਾਧਾਂ ਦੇ ਗੋਡੇ ਘੁੱਟ ਕੇ ...
(9 ਅਕਤੂਬਰ 2017)

 

BalrajSidhuLeonne1

 

ਦੋ ਕੁ ਹਫਤੇ ਪਹਿਲਾਂ ਬਾਲੀਵੁੱਡ ਕਲਾਕਾਰ ਸੰਨੀ ਲਿਉਨ ਕੇਰਲਾ ਦੇ ਸ਼ਹਿਰ ਕੋਚੀ ਕਿਸੇ ਫੰਕਸ਼ਨ ਲਈ ਗਈ ਸੀ। ਪਤਾ ਲੱਗਦੇ ਸਾਰ ਉਸ ਨੂੰ ਵੇਖਣ ਲਈ ਹਜ਼ਾਰਾਂ ਲੋਕ ਉਮੜ ਪਏ। ਸ਼ਹਿਰ ਦੀ ਮੁੱਖ ਸੜਕ ਕਈ ਘੰਟੇ ਜਾਮ ਰਹੀ। ਇਹ ਸਾਰੇ ਲੋਕ ਆਪਣੇ ਕੰਮ ਧੰਦੇ ਛੱਡ ਕੇ ਆਏ ਹੋਣੇ ਹਨ। ਭਾਰਤ ਵਿੱਚ ਲੋਕਾਂ ਦਾ ਵਿਹਲੜਪੁਣਾ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਦੇਸ਼ ਚੱਲੀ ਕਿਵੇਂ ਜਾ ਰਿਹਾ ਹੈ? ਕਿਸੇ ਵੀ ਗਲੀ ਮੋੜ ’ਤੇ ਬੱਸ-ਟਰੱਕ ਖੜ੍ਹਾ ਕਰ ਕੇ ਲਾਊਡ ਸਪੀਕਰ ਵਿੱਚ ਅਨਾਊਂਸਮੈਂਟ ਕਰ ਦਿਉ ਕਿ ਫਲਾਣੇ ਧਰਮ ਅਸਥਾਨ ਦੇ ਦਰਸ਼ਣਾਂ ਲਈ ਫਰੀ ਯਾਤਰਾ ਜਾ ਰਹੀ ਹੈ, ਲੋਕ ਮਿੰਟੋ ਮਿੰਟੀ ਸਾਰੇ ਕੰਮ ਛੱਡ ਕੇ ਸੀਟਾਂ ਮੱਲ ਲੈਣਗੇ।

ਪੰਜਾਬ ਦੇ ਪਿੰਡਾਂ ਵਿੱਚ ਸਿਆਲਾਂ ਨੂੰ ਕੋਈ ਬਹੁਤਾ ਕੰਮ ਨਹੀਂ ਹੁੰਦਾ। ਕਣਕ ਬੀਜ ਕੇ ਛੇ ਮਹੀਨੇ ਲੋਕ ਸਿਰਫ ਮੱਝਾਂ ਨੂੰ ਪੱਠੇ ਪਾਉਂਦੇ ਹਨ ਤੇ ਸੱਥ ਵਿੱਚ ਤਾਸ਼ ਕੁੱਟਦੇ ਹਨ। ਕੁਝ ਸਾਲ ਪਹਿਲਾਂ ਮੇਰਾ ਕੈਨੇਡਾ ਜੰਮਿਆਂ ਪਲਿਆ ਭਾਣਜਾ ਸਾਨੂੰ ਮਿਲਣ ਵਾਸਤੇ ਆਇਆ। ਦਸੰਬਰ ਦੇ ਦਿਨ ਸਨ ਤੇ ਸਾਰੇ ਲੋਕ ਵਿਹਲੇ ਹੀ ਸਨ। ਸਵੇਰੇ 8-9 ਵਜੇ ਉੱਠ ਕੇ ਮਚਕੇ ਮਚਕੇ ਜ਼ਰੂਰੀ ਘਰੇਲੂ ਕੰਮ ਨਿਬੇੜ ਕੇ ਸ਼ਾਮ ਨੂੰ ਟਾਈਮ ਨਾਲ ਹੀ ਦਾਰੂ ਪੀਣ ਬੈਠ ਜਾਣਾ। ਉਹ ਵੇਖ ਕੇ ਹੈਰਾਨ ਹੀ ਰਹਿ ਗਿਆ, “ਮਾਮਾ ਜੀ, ਅਸੀਂ ਤਾਂ ਉੱਥੇ ਸਾਰਾ ਦਿਨ ਕੰਮ ਕਰਦੇ ਹਾਂ, ਫਿਰ ਵੀ ਮਕਾਨਾਂ-ਕਾਰਾਂ ਦੀਆਂ ਕਿਸ਼ਤਾਂ ਨਹੀਂ ਭਰੀਆਂ ਜਾਂਦੀਆਂ। ਐਥੇ ਤਾਂ ਮੌਜ ਈ ਬਹੁਤ ਆ। ਕੋਈ ਕੰਮ ਈ ਨਹੀਂ ਕਰਦਾ। ਇਹ ਲੋਕ ਆਪਣੇ ਬਿੱਲ ਕਿਵੇਂ ਭਰਦੇ ਹਨ?” ਮੈਂ ਹੱਸ ਕੇ ਕਿਹਾ ਕਿ ਇੱਥੇ ਇਸੇ ਤਰ੍ਹਾਂ ਚਲਦਾ ਹੈ। ਕੁਝ ਸਾਲ ਪਹਿਲਾਂ ਮੈਂ ਇੱਕ ਭਰਤੀ ਬੋਰਡ ਦਾ ਮੈਂਬਰ ਸੀ। ਇੰਟਰਵਿਊ ਵਿੱਚ ਜਦੋਂ ਅਸੀਂ ਪੜ੍ਹਾਈ ਮੁਕੰਮਲ ਕਰ ਕੇ ਘਰ ਬੈਠੇ ਨੌਜਵਾਨਾਂ ਨੂੰ ਪੁੱਛਦੇ ਸੀ ਕਿ ਅੱਜ ਕਲ੍ਹ ਉਹ ਕੀ ਕਰਦੇ ਹਨ ਤਾਂ ਇੱਕ ਹੀ ਜਵਾਬ ਆਉਂਦਾ ਸੀ, “ਬੱਸ ਜੀ ਵਿਹਲੇ ਈ ਆਂ।” ਵਿਹਲੇ ਰਹਿਣਾ ਸਾਡੇ ਸਮਾਜ ਵਿੱਚ ਸ਼ਾਨ ਵਾਲੀ ਗੱਲ ਸਮਝੀ ਜਾਂਦੀ ਹੈ। ਸਾਡੇ ਲੀਡਰ ਅਤੇ ਹੋਰ ਕਈ ਲੋਕ ਬਹੁਤ ਸ਼ੌਕ ਨਾਲ ਕੜਕ ਸਫੈਦ ਕੱਪੜੇ ਪਹਿਨਦੇ ਹਨ। ਪਰ ਇਹਨਾਂ ਵਿੱਚੋਂ ਬਹੁਤਿਆਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਸਫੈਦ ਕੱਪੜੇ ਪਹਿਨਣੇ ਅਤੇ ਹੱਥਾਂ ਦੇ ਨਹੁੰ ਵਧਾਉਣੇ ਵਿਹਲੜਪੁਣੇ ਦੀ ਨਿਸ਼ਾਨੀ ਹੈ। ਇਸ ਦਾ ਮਤਲਬ ਹੈ ਕਿ ਇਹ ਵਿਅਕਤੀ ਕੋਈ ਕੰਮ ਨਹੀਂ ਕਰਦਾ, ਜਿਸ ਕਾਰਨ ਇਸ ਦੇ ਚਿੱਟੇ ਕੱਪੜੇ ਗੰਦੇ ਨਹੀਂ ਹੁੰਦੇ ਤੇ ਨਾ ਹੀ ਨਹੁੰ ਟੁੱਟਦੇ ਹਨ।

ਸਾਡੀ ਜਨਤਾ ਤਾਂ ਇੰਨੀ ਵਿਹਲੀ ਹੈ ਕਿ ਅਸਮਾਨ ਵਿੱਚ ਹੈਲੀਕਾਪਟਰ ਘੁੰਮਦਾ ਹੋਵੇ, ਕਿਸੇ ਦੀ ਜ਼ਮੀਨ ਵਿੱਚ ਜੇ.ਸੀ.ਬੀ. ਮਿੱਟੀ ਪੁੱਟਦੀ ਹੋਵੇ, ਜਾਂ ਬਿਜਲੀ ਵਾਲੇ ਟਰਾਂਸਫਰ ਚਾੜ੍ਹਦੇ ਹੋਣ, ਵੈਸੇ ਹੀ ਪੰਦਰਾਂ-ਵੀਹ ਤਮਾਸ਼ਬੀਨ ਇਕੱਠੇ ਹੋ ਜਾਣਗੇ। ਸੜਕ ’ਤੇ ਕੋਈ ਹਾਦਸਾ ਹੋਇਆ ਹੋਵੇ, ਗੱਡੀਆਂ ਰੋਕ ਕੇ ਉੱਲੂਆਂ ਵਾਂਗ ਧੌਣਾਂ ਘੁਮਾ ਘੁਮਾ ਕੇ ਵੇਖੀ ਜਾਣਗੇ। ਤੁਸੀਂ ਬਜ਼ਾਰ ਵਿੱਚ ਖੜ੍ਹ ਕੇ ਵੈਸੇ ਹੀ ਅਸਮਾਨ ਵੱਲ ਵੇਖਣਾ ਸ਼ੁਰੂ ਕਰ ਦਿਉ ਤੇ ਉੱਪਰ ਵੱਲ ਇਸ਼ਾਰੇ ਕਰਨ ਲੱਗ ਜਾਉ, ਵਿਹਲੜਾਂ ਦਾ ਮਜ਼ਮਾ ਲੱਗ ਜਾਵੇਗਾ। ਮੇਰਾ ਖਿਆਲ ਹੈ ਕਿ ਭਾਰਤ ਹੀ ਇੱਕ ਅਜਿਹਾ ਦੇਸ਼ ਹੋਵੇਗਾ ਜਿੱਥੇ ਵੀ.ਆਈ.ਪੀ. ਦੇ ਨਾਲ ਨਾਲ ਉਸ ਦੇ ਹੈਲੀਕਾਪਟਰ ਦੀ ਸੁਰੱਖਿਆ ਵਾਸਤੇ ਵੀ ਸੁਰੱਖਿਆ ਗਾਰਦ ਲਾਉਣੀ ਪੈਂਦੀ ਹੈ। ਜਿਸ ਪਿੰਡ ਪੰਜਾਬ ਦੇ ਮੁੱਖ ਮੰਤਰੀ ਦਾ ਹੈਲੀਕਾਪਟਰ ਉੱਤਰਦਾ ਹੈ, ਸਾਰਾ ਪਿੰਡ ਉਸ ਦੇ ਉੱਡ ਜਾਣ ਤੱਕ ਖੜ੍ਹਾ ਵੇਖਦਾ ਰਹਿੰਦਾ ਹੈ। ਇੱਕ ਵਾਰ ਲੰਬੀ ਪਿੰਡ ਦੇ ਨਜ਼ਦੀਕ ਇੱਕ ਸਕੂਲ ਵਿੱਚ ਬਣੇ ਹੈਲੀਪੈਡ ’ਤੇ ਵੀ.ਆਈ.ਪੀ ਦਾ ਹੈਲੀਕਾਪਟਰ ਖਰਾਬ ਹੋ ਗਿਆ ਤਾਂ ਉਹ ਸੜਕ ਰਾਹੀਂ ਅੱਗੇ ਚਲਾ ਗਿਆ। ਉਸ ਸਕੂਲ ਦੀ ਪੜ੍ਹੀ ਲਿਖੀ ਸਿਆਣੀ ਬਿਆਣੀ ਪ੍ਰਿੰਸੀਪਲ ਨੇ ਗਾਰਦ ਇੰਚਾਰਜ ਹਵਾਲਦਾਰ ਦੇ ਤਰਲੇ ਮਿੰਨਤਾਂ ਕਰ ਕੇ ਆਪ ਅਤੇ ਸਕੂਲ ਦੇ ਬੱਚਿਆਂ ਦੀਆਂ ਹੈਲੀਕਾਪਟਰ ਨਾਲ ਸੈਲਫੀਆਂ ਖਿੱਚ ਲਈਆਂ। ਜਦੋਂ ਫੁਕਰੀ ਮਾਰਨ ਲਈ ਸੈਲਫੀਆਂ ਫੇਸਬੁੱਕ ਅਤੇ ਸੋਸ਼ਲ ਮੀਡੀਆ ’ਤੇ ਪਾਈਆਂ ਗਈਆਂ ਤਾਂ ਥਾਣੇਦਾਰ ਦੀ ਸ਼ਾਮਤ ਆ ਗਈ। ਉਹ ਬਹੁਤ ਮੁਸ਼ਕਲ ਨਾਲ ਮੁਅੱਤਲ ਹੋਣ ਤੋਂ ਬਚਿਆ।

ਸਾਡੇ ਇਕੱਲੇ ਸਧਾਰਨ ਲੋਕ ਹੀ ਵਿਹਲੇ ਨਹੀਂ, ਸਰਕਾਰੀ ਕਰਮਚਾਰੀ ਵੀ ਬਹੁਤ ਵਿਹਲੜ ਹਨ। ਜ਼ਿਲ੍ਹਿਆਂ ਵਿੱਚ ਲੱਗੇ ਅਫਸਰਾਂ ਦੀ ਜੇ ਚੰਡੀਗੜ੍ਹ ਹੈੱਡਕਵਾਟਰ ਦੀ ਬਦਲੀ ਹੋ ਜਾਵੇ ਤਾਂ ਜਾਨ ਨਿਕਲ ਜਾਂਦੀ ਹੈ ਕਿਉਂਕਿ ਉੱਥੇ ਸੁਬਾਹ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਫਤਰ ਬੈਠਣਾ ਪੈਂਦਾ ਹੈ। ਸਰਕਾਰੀ ਸਕੂਲਾਂ ਦੇ ਟੀਚਰ ਸਾਰਾ ਦਿਨ ਵਿਹਲੇ ਚਾਹੇ ਬੈਠੇ ਰਹਿਣ, ਦੂਸਰੇ ਟੀਚਰ ਦੀ ਥਾਂ ’ਤੇ ਇੱਕ ਪੀਰੀਅਡ ਵੀ ਵਾਧੂ ਨਹੀਂ ਲਗਾਉਣਗੇ। ਪੜ੍ਹਾਉਣ ਵਾਸਤੇ ਟਾਈਮ ਨਹੀਂ, ਪਰ ਧਰਨੇ ਵਾਸਤੇ ਚਾਹੇ ਦਿੱਲੀ ਦੱਖਣ ਲੈ ਜਾਉ। ਸਰਕਾਰੀ ਦਫਤਰਾਂ ਵਿੱਚ ਇੱਕ ਤੋਂ ਡੇਢ ਵਜੇ ਤੱਕ ਮਿਲਣ ਵਾਲੀ ਅੱਧੇ ਘੰਟੇ ਦੀ ਲੰਚ ਬਰੇਕ ਡੇਢ ਘੰਟੇ ਤੱਕ ਵਧ ਗਈ ਹੈ। ਜੇ ਕਿਤੇ ਅਫਸਰ ਨਰਮ ਤਬੀਅਤ ਦਾ ਹੋਵੇ ਤਾਂ ਮਾਹਤਿਤ ਕਹਿਣਗੇ, “ਬਹੁਤ ਬਾਦਸ਼ਾਹ ਅਫਸਰ ਹੈ। ਪੁੱਛਦਾ ਈ ਨਹੀਂ। ਅਸੀਂ ਤਾਂ ਅਰਾਮ ਨਾਲ 10-11 ਵਜੇ ਆਈਦਾ ਹੈ ਤੇ 2-3 ਵਜੇ ਘਰ। ਮੌਜਾਂ ਹੀ ਮੌਜਾਂ ਹਨ।” ਦੂਸਰਾ ਕਰਮਚਾਰੀ ਜਿਸ ਦਾ ਅਧਿਕਾਰੀ ਸਹੀ ਟਾਈਮ ’ਤੇ ਆ ਕੇ ਸਹੀ ਟਾਈਮ ’ਤੇ ਜਾਂਦਾ ਹੈ ਤੇ ਠੋਕ ਕੇ ਕੰਮ ਲੈਂਦਾ ਹੈ, ਅੱਗੋਂ ਮੀਲ ਭਰ ਲੰਬਾ ਠੰਢਾ ਹਾਉਕਾ ਲੈ ਕੇ ਬੋਲੇਗਾ, “ਸਾਡੀ ਭਰਾ ਕਾਹਦੀ ਜ਼ਿੰਦਗੀ ਹੈ? ਸਾਡਾ ਤਾਂ ਅਫਸਰ ਈ ਬਹੁਤ ਮਾੜਾ। 9 ਵਜੇ ਤੋਂ ਪੰਜ ਮਿੰਟ ਲੇਟ ਹੋ ਜਾਈਏ ਤਾਂ ਗਲ ਪੈ ਜਾਂਦਾ। 5 ਵਜੇ ਤੋਂ ਪਹਿਲਾਂ ਛੱਡਦਾ ਨਹੀਂ।” ਮਤਲਬ ਜਿਹੜਾ ਕੰਮ ਕਰਨ ਦੀ ਤਨਖਾਹ ਮਿਲਦੀ ਹੈ, ਉਹ ਕੰਮ ਕਰਵਾਉਣ ਵਾਲਾ ਅਫਸਰ ਬੁਰਾ ਹੈ।

ਭਾਰਤ ਦੇ ਕਿਸੇ ਮੇਲੇ, ਤਿਉਹਾਰ ਜਾਂ ਰਾਜਨੀਤਕ ਸਮਾਗਮ ਵਿੱਚ ਫਿਰਦੇ ਵਿਹਲੜਾਂ ਦੇ ਵੱਗ ਵੇਖ ਲਉ। ਢੀਠਾਂ ਵਾਂਗ ਤਿੰਨ-ਤਿੰਨ ਚਾਰ-ਚਾਰ ਦਿਨ ਡੇਰਾ ਲਗਾ ਕੇ ਬੈਠੇ ਰਹਿੰਦੇ ਹਨ। ਕਦੇ ਕਿਸੇ ਧਰਮ ਸਥਾਨ ਵੱਲ ਵਹੀਰਾਂ ਘਤ ਲੈਂਦੇ ਹਨ ਤੇ ਕਦੇ ਕਿਸੇ ਵੱਲ। ਅਖਬਾਰਾਂ ਦੇ ਅੱਠ ਨੰਬਰ ਪੇਜ਼ ’ਤੇ ਟਟਪੂੰਜੀਏ ਲੀਡਰਾਂ ਵੱਲੋਂ ਕਦੇ ਪੈਦਲ, ਕਦੇ ਸਾਈਕਲ ਤੇ ਕਦੇ ਮੋਟਰ ਸਾਈਕਲ ਯਾਤਰਾਂ ਨੂੰ ਝੰਡੀ ਵਿਖਾ ਕੇ ਰਵਾਨਾ ਕਰਦਿਆਂ ਦੀਆਂ ਫੋਟੋਆਂ ਆਮ ਹੀ ਛਪਦੀਆਂ ਹਨ। ਮੋਟਰ ਸਾਈਕਲਾਂ ਅੱਗੇ ਝੰਡੀਆਂ ਬੰਨ੍ਹ ਕੇ ਵਿਹਲੜਾਂ ਦੀਆਂ ਧਾੜਾਂ ਹਿਮਾਚਲ ਪ੍ਰਦੇਸ਼ ਵੱਲ ਤੁਰੀਆਂ ਹੀ ਰਹਿੰਦੀਆਂ ਹਨ। ਸੜਕ ’ਤੇ ਨਾਕਾ ਲਗਾ ਕੇ ਨੌਜਵਾਨ ਕਾਰ-ਮੋਟਰ ਸਾਈਕਲ ਸਵਾਰ ਨੂੰ ਪੁੱਛੋ ਕਿ ਕਿਸ ਕੰਮ ਜਾ ਰਹੇ ਹੋ? 70% ਦਾ ਜਵਾਬ ਹੋਵੇਗਾ, “ਬੱਸ ਜੀ, ਐਵੇਂ ਈਂ ਗੇੜੀ ਮਾਰਨ!” ਇਹਨਾਂ ਵਿਹਲੜਾਂ ਦੀ ਸਿਹਤ ’ਤੇ ਡੀਜ਼ਲ ਪੈਟਰੋਲ ਦੀ ਸ਼ੈਤਾਨ ਦੀ ਆਂਦਰ ਵਾਂਗ ਵਧਦੀ ਜਾ ਰਹੀ ਕੀਮਤ ਦਾ ਕੋਈ ਅਸਰ ਨਹੀਂ ਹੁੰਦਾ।

ਆਮ ਲੋਕਾਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਦੁਕਾਨਦਾਰ ਹਰੇਕ ਸ਼ੈਅ ਵੇਚ ਕੇ ਮੋਟਾ ਮੁਨਾਫਾ ਕਮਾਉਂਦੇ ਹਨ ਤੇ ਪੈਦਾ ਕਰਨ ਵਾਲੇ ਭੁੱਖੇ ਮਰਦੇ ਹਨ। ਸਾਨੂੰ ਜ਼ਰਾ ਦੁਕਾਨਦਾਰਾਂ-ਵਪਾਰੀਆਂ ਦੀ ਮਿਹਨਤ ਵੱਲ ਵੀ ਵੇਖਣਾ ਚਾਹੀਦਾ ਹੈ। ਉਹ ਮੀਂਹ ਜਾਵੇ ਹਨੇਰੀ ਜਾਵੇ, ਸਵੇਰੇ 8-9 ਵਜੇ ਦੁਕਾਨ ’ਤੇ ਪਹੁੰਚ ਜਾਂਦੇ ਹਨ। ਕਿਸੇ ਤਿੱਥ ਤਿਉਹਾਰ ’ਤੇ ਦੁਕਾਨ ਬੰਦ ਨਹੀਂ ਕਰਦੇ। ਵਿਆਹ ਵੀ ਰਾਤ ਨੂੰ ਕਰਦੇ ਹਨ ਕਿ ਦੁਕਾਨ ਨਾ ਬੰਦ ਕਰਨੀ ਪਵੇ। ਲੋਹੜੀ-ਦੀਵਾਲੀ ਵਾਲੇ ਦਿਨ ਵੀ ਸੌਦਾ ਵਿਕਣ ਤੋਂ ਬਾਅਦ ਘਰ ਜਾਂਦੇ ਹਨ ਚਾਹੇ 10 ਵੱਜ ਜਾਣ। ਕੋਈ ਆਪਣੇ ਕਾਰੋਬਾਰ ਨੂੰ ਜਿੰਨਾ ਟਾਈਮ ਦੇਵੇਗਾ, ਉੰਨਾ ਹੀ ਮੁਨਾਫਾ ਖੱਟੇਗਾ। ਜਿਸ ਬੰਦੇ ਨੇ ਸਾਰਾ ਸਾਲ ਧਾਰਮਿਕ ਯਾਤਰਾਵਾਂ ਜਾਂ ਲੀਡਰਾਂ ਦੇ ਪਿੱਛੇ ਵਿਹਲੇ ਫਿਰ ਕੇ ਲੰਘਾਉਣਾ ਹੈ, ਉਸ ਨੇ ਤਾਂ ਫਿਰ ਭੁੱਖਾ ਹੀ ਮਰਨਾ ਹੈ। ਸਾਡੇ ਨੌਜਵਾਨਾਂ ਵਿੱਚ ਪਤਾ ਨਹੀਂ ਕੀ ਨੁਕਸ ਹੈ ਕਿ ਇਹ ਆਪਣੇ ਦੇਸ਼ ਵਿੱਚ ਤਾਂ ਵਿਹਲੇ ਫਿਰਦੇ ਹਨ, ਪਰ ਕੈਨੇਡਾ, ਅਮਰੀਕਾ, ਆਸਟਰੇਲੀਆ ਆਦਿ ਦੇਸ਼ਾਂ ਵਿੱਚ ਪਹੁੰਚਦੇ ਸਾਰ ਸਰਵਣ ਪੁੱਤਰ ਬਣ ਜਾਂਦੇ ਹਨ। ਜਿਹੜਾ ਬੰਦਾ ਇੱਥੇ ਸਿਵਾਏ ਆਪਣੇ ਪਿਉ ਦੀ ਛਾਤੀ ’ਤੇ ਮੂੰਗ ਦਲਣ ਦੇ ਕੋਈ ਕੰਮ ਨਹੀਂ ਕਰਦਾ, ਉੱਥੇ ਦੋ-ਦੋ ਨੌਕਰੀਆਂ ਕਰਦਾ ਹੈ। ਕਿਉਂਕਿ ਉੱਥੇ ਵਰਕ ਕਲਚਰ ਹੈ, ਕੋਈ ਵਿਹਲਾ ਨਹੀਂ। ਵੇਖਾ ਵੇਖੀ ਸਾਰੇ ਕੰਮ ਕਰਨ ਲੱਗ ਜਾਂਦੇ ਹਨ। ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਪਕੜਦਾ ਹੈ। ਸਾਡੇ ਇੱਥੇ ਵਿਹਲੜਾਂ ਵੱਲ ਵੇਖ ਕੇ ਬਾਕੀ ਵੀ ਹੱਡ ਹਰਾਮੀ ਬਣ ਜਾਂਦੇ ਹਨ। ਇੱਕ ਬੰਦਾ ਕਮਾਉਂਦਾ ਹੈ ਤੇ ਸਾਰਾ ਟੱਬਰ ਬੈਠ ਕੇ ਖਾਂਦਾ ਹੈ ਨਾਲੇ ਘੂਰਦਾ ਹੈ।

ਜੇ ਕਿਸੇ ਵੱਡੀ ਉਮਰ ਦੇ ਬੰਦੇ ਨੂੰ ਕੋਈ ਕੰਮ ਕਰਨ ਲਈ ਕਹਿ ਦੇਈਏ ਤਾਂ ਟੁੱਟ ਕੇ ਗਲ ਪੈ ਜਾਵੇਗਾ, “ਹੁਣ ਮੇਰੀ ਉਮਰ ਕੰਮ ਕਰਨ ਦੀ ਹੈ?” ਪਰ ਜੇ ਉਸ ਨੂੰ ਸ਼ਰਾਬ ਜਾਂ ਹੋਰ ਨਸ਼ੇ ਪੱਤੇ ਦੀ ਸੁਲਾਹ ਮਾਰੀ ਜਾਵੇ ਤਾਂ ਕਦੇ ਨਾਂਹ ਨਹੀਂ ਕਰੇਗਾ। ਕੰਮ ਕਰਨ, ਕਸਰਤ ਕਰਨ ਦਾ ਵਕਤ ਕਿਸੇ ਕੋਲ ਨਹੀਂ ਪਰ ਨਸ਼ਾ ਕਰਨ ਅਤੇ ਅਵਾਰਾਗਰਦੀ ਕਰਨ ਲਈ ਸਭ ਕੋਲ ਵਾਧੂ ਟਾਈਮ ਹੈ। ਜੇ ਅੱਗੇ ਵਧਣਾ ਹੈ ਤਾਂ ਸਾਨੂੰ ਇਹ ਬੁਰੀ ਆਦਤ ਛੱਡਣੀ ਪਵੇਗੀ। ਤੀਰਥਾਂ, ਮੇਲਿਆਂ ਅਤੇ ਸਮਾਗਮਾਂ ਆਦਿ ਵਿੱਚ ਟਾਈਮ ਬਰਬਾਦ ਕਰਨ ਦੀ ਬਜਾਏ ਜੇ ਘਰ ਵਿੱਚ ਦੋ ਚਾਰ ਦੁਧਾਰੂ ਡੰਗਰ ਹੀ ਰੱਖ ਲਏ ਜਾਣ ਤਾਂ ਗੁਜ਼ਾਰਾ ਵਧੀਆ ਚੱਲ ਸਕਦਾ ਹੈ। ਧਰਮ ਸਥਾਨਾਂ ਦੀ ਯਾਤਰਾ ਕਰਨ, ਸੁੱਖਣਾ ਸੁੱਖਣ ਜਾਂ ਝੋਟਿਆਂ ਵਰਗੇ ਫਿੱਟੇ ਹੋਏ ਸਾਧਾਂ ਦੇ ਗੋਡੇ ਘੁੱਟ ਕੇ ਵਕਤ ਬਰਬਾਦ ਕਰਨ ਨਾਲ ਕੁੱਝ ਨਹੀਂ ਸੌਰਨਾ। ਹਿੰਮਤ ਅੱਗੇ ਲੱਛਮੀ ਤੇ ਪੱਖੇ ਅੱਗੇ ਪੌਣ। ਸੁੱਖ ਭੋਗਣਾ ਹੈ ਤਾਂ ਮਿੱਟੀ ਨਾਲ ਮਿੱਟੀ ਹੋਣਾ ਹੀ ਪਵੇਗਾ। ਅਜੇ ਵੀ ਵਕਤ ਹੈ। ਹੱਥੀਂ ਕੰਮ ਕਰੋ, ਪਰਿਵਾਰ ਵਿੱਚ ਸਮਾਂ ਬਿਤਾਉ ਤੇ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਬਣ ਕੇ ਉਹਨਾਂ ਨੂੰ ਸੱਚੀ ਕਿਰਤ ਕਰਨ ਵਾਲੇ ਚੰਗੇ ਇਨਸਾਨ ਬਣਾਉ।

*****

(890)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author